ਉਹ ਮਿੱਟੀ ਦੇ ਕੋਠੇ ਪਨਾਲੇ ਨੇ ਵਿੰਗੇ,
ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ,
ਕਿੱਥੋਂ ਮੈ ਢੂੰਡਾਂ ਨੀ ਸਮਿਆਂ ਤੋਂ ਜਿੰਦੇ
ਉਹ ਤੇਲੀ ਦਾ ਤਾੜਾ ਤੇ ਨਰਮੇ ਨੂੰ ਪਿੰਜੇ
ਉਹ ਸਾਜਰ ਦਾ ਵੇਲੇ ਸੀ ਤੁਰਨਾਂ ਬਠਿੰਡੇ
ਉਹ ਤੱਤੀਆਂ ਦੁਪੈਹਰਾਂ ਤੇ ਕਾਲੇ ਜਿਹੇ ਪਿੰਡੇ
ਉਹ ਚੌਦਰ ਨਾ ਚਾਕਰ ਨਾ ਮੁਨਸੀ ਕਰਿੰਦੇ
ਉਹ ਮੁੜਕੇ ਨਾ ਮੁੱਘਾਂ ਚ ਬੈਠੇ ਪਰਿੰਦੇ
ਕੇਹੜੇ ਉਹ ਭੋਰੇ ਚ ਪੈ ਗਏ ਨੇ ਛਿੰਦੇ
ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ
ਕਿੱਥੋਂ ਸਿੰਗਾਰਾਂ ਮੈ ਜੂਹਾਂ ਦੇ ਘੱਟੇ
ਉਹ ਬਾਰਾਂ ਝੰਡੋਰੇ ਉਹ ਤੀਰਾਂ ਭੱਥੇ
ਉਹ ਛਵੀਆਂ ਗੰਡਾਸੇ ਤੇ ਅਣਖਾਂ ਦੇ ਰੱਟੇ
ਉਹ ਝੰਗਾਂ ਝਨਾਂ ਜਿੱਥੇ ਬੇਲੇ ਨੇ ਵੱਸੇ
ਕਿੱਥੇ ਨੇ ਹੀਰਾਂ ਦੇ ਸਿਰ ਤੇ ਉਹ ਭੱਤੇ
ਉਹ ਝੱਲਾਂ ਉਹ ਮੱਝੀਆਂ ਉਹ ਕੱਟੀਆਂ ਤੇ ਕੱਟੇ
ਉਹ ਝਾੜੀ ਉਹ ਖੋਬੇ ਕਰੁੰਡਾਂ ਦੇ ਪੱਤੇ
ਉਹ ਚੱਕੀ ਮਧਾਣੀ ਤੇ ਚਰਖੇ ਨੇ ਡੱਠੇ
ਉਹ ਦੇਸੀ ਖੁਰਾਕਾਂ ਸਰੀਰਾਂ ਚ ਥਿੰਦੇ,
ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ,
ਸਮਿਆਂ ਦੇ ਅੱਗੇ ਵੀ ਪੈਗੇ ਨੇ ਮੱਠੇ
ਉਹ ਬੁੱਧੂ ਦੇ ਆਵੇ ਤੇ ਹਰਜੀ ਦੇ ਭੱਠੇ
ਉਹ ਝੇਡਾਂ ਉਹ ਹੁਜਤਾਂ ਉਹ ਹਾਸੇ ਤੇ ਠੱਠੇ
ਉਹ ਤਖਤੇ ਸਵਖਤੇ ਵੀ ਮੂਧੇ ਨੇ ਢੱਠੇ
ਉਹ ਰੇਸਮ ਦੀ ਤਾਣੀ ਤੇ ਮਲ ਮਲ ਦੇ ਲੱਠੇ
ਉਹ ਮਹਿੰਗੀ ਨਕਾਸੀ ਤੇ ਆੰਨੇ ਵੀ ਅੱਠੇ
ਹੁਨਰਾਂ ਨੂੰ ਲੈਗੇ ਉਸਤਾਦਾਂ ਦੇ ਪੱਠੇ
ਹੋਣੀ ਨਾ ਛੱਡੇ ਏਹ ਠਾਰੇ ਤੇ ਸੱਠੇ
ਉਹ ਜੁਰਤਾਂ ਨਾ ਰਹੀਆਂ ਉਹ ਠਾਣੇ ਘਰਿੰਡੇ,
ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ,
ਉਹ ਸੁੱਚੀਆਂ ਸੀ ਪੱਗਾਂ ਉਹ ਸ਼ਰਮਾਂ ਦੇ ਉਹਲੇ
ਉਹ ਕੱਜੇ ਸੀ ਜੂੜੇ ਤੇ ਤੁਰਦੀਆਂ ਪੋਹਲੇ
ਉਹ ਤੋਕ ਪਟਾਰੀ ਚੰਗੇਰਾਂ ਭੜੋਲੇ
ਉਹ ਲਾਗੀ ਉਹ ਨਾਈ ਤੇ ਮੈਹਰੇ ਵਿਚੋਲੇ
ਉਹ ਟੱਪੇ ਉਹ ਬਾਲੋ ਉਹ ਮਾਈਏ ਤੇ ਢੋਲੇ
ਉਹ ਮੱਡਲ ਉਹ ਕੰਙਣ ਜਵਾਰੀ ਤੇ ਛੋਲੇ
ਉਹ ਕੁੱਕੜ ਉਹ ਕਊਏ ਕਬੂਤਰ ਨੇ ਗੋਲੇ
ਉਹ ਬਚਪਨ ਜਵਾਨੀ ਬੁੱਢਾਪੇ ਦੇ ਡੋਲੇ
ਚਰਨ ਲਿਖਾਰੀ ਏਹ ਜੀਣ ਨਹੀ ਦਿੰਦੇ,
ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ…