ਦੋਹਿਰਾ॥
ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।
ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?
॥ਡੂਢਾ ਛੰਦ॥
ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।
ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ ‘ਤੀ ਨਾ ਮੈਲੀ ਐ ।
ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ ।
ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ?
ਕਿਹਰ ਦੋ ਸੱਜਣ ਵਿੱਚ ਇੱਕ ਝੱਲ ਦੇ, ਭਰੇ ਅਭਿਮਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
ਵੇਖੀਂ ਰਾਉਣਾਂ ਲੋਭ ਦੀ ਨਦੀ ‘ਚ ਰੁੜ੍ਹ ਜੇਂ, ਪਛਤਾਉਣਾਂ ਨਾ ਪਵੇ ।
ਵੀਰਨ ਭਬੀਛਣ ਬਗ਼ੈਰਾਂ ਬੁੜ ਜੇਂ, ਸ਼ਰਨ ਰਾਮ ਦੀ ਲਵੇ ।
ਗੈਸ ਚੰਦ ਸੂਰਜ ਇੱਕੋ ‘ਜ੍ਹੇ ਜਲਦੇ, ਟਹਿਕਦੇ ‘ਸਮਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
ਸੁਣੋਂ ਕੈਰੋ ਪਾਂਡੋ ਉੱਤਮ ਬੰਸ ਦਿਉ ! ਤੁਸਾਂ ਦਾ ਰਾਜ ਸਾਂਝਾ ਜੀ ।
ਦੂਈ ਦੇ ਵਿਛੇ ‘ਵੇ ਜਾਲ ‘ਚ ਫੰਸ ਦਿਉ, ਫੇਰ ਦਿਉ ਨਾ ਮਾਂਜਾ ਜੀ ।
ਹੋ ਕੇ ਤੇ ਨਰਾਜ਼ ਭਾਈ ਭਾਈ ਰਲਦੇ, ਬਹਿ ਮੰਦਰ-ਮਕਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
‘ਕੱਠੇ ਬਹਿਕੇ ਰਾਗ ਸੱਚੇ ਦਾ ਅਲਾਪਿਉ, ਮਾਲਾ ਫੇਰੋ ਗੁਰ ਦੀ ।
ਨਵੀਆਂ ਹਕੂਮਤਾਂ ਥਿਆਈਆਂ ਮਾਪਿਉ, ਗੱਲ ਕਰੋ ਸੁਰ ਦੀ ।
ਭਰ ਦਿਉ ਗਿਆਨ ਵਿੱਚ ਗੱਲ ਗੱਲ ਦੇ, ਮਿੱਠਤ ਜ਼ਬਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
ਖਿੜਕੇ ਹੀ ਦੇਣ ਖ਼ੁਸ਼ਬੋਈ ਡੋਡੀਆਂ, ਸਦਾ ਗੁਲਾਬ ਦੇ ਫੁੱਲੋ ।
ਮਹਿਮਾਂ ਗਾਉਣ ਪਾਕਿਅਸਤਾਨੀਂ ਥੋਡੀਆਂ, ਵਾਂਗ ਅਮੀਂ ਦੇ ਡੁੱਲ੍ਹੋ ।
ਕੀਹਨੇ ਵੇਖੇ ਦੂਈ ਦੇ ਬਿਰਛ ਫਲਦੇ, ਸੜ ਜਾਂਵਦੇ ਜਹਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
ਵੇਖੋ ਬੀਬਾ ਪਿਛਲੀ ਤਾਰੀਖ਼ ਪੜ੍ਹਕੇ, ਉਲਟਾਉਣਾ ਪੰਨਿਆਂ ਨੂੰ ।
ਆਪ ਵਿੱਚ ਮਰਗੇ ਪਿਤਾ ਜੀ ਲੜ ਕੇ, ਨਾ ਛਡਾਉਣਾ ਬੰਨ੍ਹਿਆਂ ਨੂੰ ।
ਰੋਣ ਡਹਿ ਜੋ ਵਾਕੇ ਜੇ ਸੁਣਾਦਿਆਂ ਕੱਲ੍ਹ ਦੇ, ਕਹਾਣੀ ਪਾ ਦਿਆਂ ਕਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।
ਜਾਣੇ ‘ਜਥੇਦਾਰ ਜਗਮੇਲ’ ਲੱਛਨਾ, ਬਾਬੂ ਜੀ ਦੀ ਸ਼ਾਇਰੀ ਦੇ ।
ਸਾਹੋ ਕਾ ‘ਬਸੰਤ ਸਿਉਂ’ ਲਗਾਦੂ ਰਚਨਾ, ਅੰਦਰ ਕਚਹਿਰੀ ਦੇ ।
ਮਾਨਸਰਾਂ ਵਾਂਗ ਮੋਤੀਆਂ ਦੀ ਛੱਲ ਦੇ, ਭਰੇ ‘ਵੇ ਦੀਵਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।