ਦਰਦ ਪੰਜਾਬੀ ਬੋਲੀ ਦਾ
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।
ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।
ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।
ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।
ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।
ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ ।
ਮੈਂ ਭਲੀਮਾਣਸ ਭੋਲੀ, ਚਲਦਾ ਹੁਕਮ ਜਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਫਿਰ ਨੁਕਸਾਨ ਉਠਾਇਆ, ਉਰਦੂ ਘਰ-ਜੰਮ ਵੈਰੀ ਤੋਂ ।
ਟੁੱਟ ਪੈਣੇ ਨੇ ਕੱਢ 'ਤੀ, ਬਾਹੋਂ ਪਕੜ ਕਚਹਿਰੀ 'ਚੋਂ ।
ਅਣ-ਪੁੱਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਤੇ ਇੰਗਲੈਂਡ ਘੁੰਡ ਲਾਹ, ਆ ਅੰਗਰੇਜ਼ੀ ਨਚਲੀ ਜ੍ਹੀ ।
ਰੰਗ ਗੋਰਾ, ਅੱਖ ਕਹਿਰੀ, ਸਖ਼ਤ ਬੁਲਾਰਾ, ਘਚਲੀ ਜ੍ਹੀ ।
ਹੱਥ ਲਗਿਆਂ ਪਤਾ ਲੱਗਿਆ, ਕਰੜ ਲਫੇੜਾ ਪੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਅਬ ਹਿੰਦੀ ਦੀ ਪੁਗਦੀ, ਬਾਤ ਮਜਾਜਣ ਸੌਂਕਣ ਦੀ ।
ਮੈਂ ਚੁੱਪ ਕੀਤੀ ਫਿਰਦੀ, ਇਸਦੀ ਆਦਤ ਭੌਂਕਣ ਦੀ ।
ਬੁਰੜ੍ਹੀ, ਪਏ ਦੰਦ ਨਿਕਲੇ, ਇਹ ਨਾ ਵਕਤ ਘੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਤਕੜੇ ਰਹੋ ਪੰਜਾਬੀਉ, ਕਿਹੜਾ ਛਡਦਾ ਨਿਵਿਆਂ ਤੋਂ ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲੀ ਸਿਵਿਆਂ ਤੋਂ ।
ਅੱਠ ਨੌਂ ਸੂਬੇ ਨਿਗਲ੍ਹੇ, ਢਿੱਡ ਨਾ ਭਰੇ ਭੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।
ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲ੍ਹੀਣਿਉਂ ਗੋਕਲ ਜੀ ।
'ਬਾਬੂ' ਰਣੀਉਂ ਇੰਦਰ ਤੇ ਸੰਤੋਖ ਡਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।