A Literary Voyage Through Time

ਦੋਹਰੇ

ਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।
ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।

ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।
ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।

ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।
ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।

ਡੂਢਾ ਛੰਦ-੧

ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।
ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।
ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

ਜ਼ਾਲਮ ਜਹਾਨ ਖਾਂ ਉਲ੍ਹਾਮਾ ਖਟ ਲਿਆ, ਲਿਆ ਸ਼ਰੀਕਾਂ ਵੈਰੀ ਪਾ ।
ਗੁਰੂ ਰਾਮਦਾਸ ਦਾ ਤਲਾਬ ਅੱਟ ਲਿਆ, ਮੰਦਰ ਸੁਨਹਿਰੀ ਢਾਹ ।
ਬੜੀ ਮਿੱਟੀ ਚੜ੍ਹੀ 'ਵੀ ਕੰਧਾਰੀ ਸਾਨ੍ਹ ਤੇ, ਮੋਢਿਆਂ ਤੋਂ ਥੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

ਲਹਿ ਪਈਆਂ ਪਹਾੜ ਤੋਂ ਚੁੜੇਲਾਂ ਪਾਪਣਾਂ, ਕਿਤੋਂ ਰਕਤ ਪੀਣੀਆਂ ।
ਗਿਆ ਮਾਝਾ ਸ਼ੇਰਾਂ ਦਾ ਉਜਾੜਿਆ ਆਪਣਾ, ਪਈਆਂ ਡਰਨ ਸ਼ੀਂਹਣੀਆਂ ।
ਚੜ੍ਹੋ ਕੋਈ ਜੁਆਨ ਆਕੜੇ ਜਵਾਨ ਤੇ, ਫੱਟਾਂ ਤੇ ਲੂਣ ਭੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

ਜਿੱਥੇ ਪੜ੍ਹੋਂ ਪੋਥੀਆਂ ਖੰਡਾਈ ਲਿੱਦ ਪਈ, ਕਿਤੇ ਗਰੰਥ ਗੋਥ 'ਤੇ ।
ਹਨਸਾਂ ਨੂੰ ਸਰਾਂ ਤੋਂ ਦਵੱਲੇ ਗਿੱਧ ਪਈ, ਝੜ੍ਹਾਤੀ ਲੋਥ ਲੋਥ 'ਤੇ ।
ਸਾਡੇ ਭਾਅ ਦੇ ਜਮ ਕਿਧਰੋਂ ਲਿਆਣ ਤੇ, ਸਰੀਰੋਂ ਚੰਮ ਸੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

ਕਰਦੇ ਬੜਾ ਪਛਤਾਵਾ ਦਿਲ ਮਾਂ, ਹੈ ਸਫ਼ਰ ਕੈ ਕੋਹ ਪਏ ।
ਘੜੀ-ਘੜੀ ਮਗਰੋਂ ਮੁਧੌਂਦੇ ਚਿਲਮਾਂ, ਬੋਰਿਆਂ 'ਚ ਟੋਬੈਕੋ ਪਏ ।
ਖ਼ਾਨ ਦਾ ਦਿਮਾਗ ਚੜ੍ਹਿਆ 'ਵਿਆ ਸਮਾਨ ਤੇ, ਬੁੜ੍ਹਕੌਂਦਾ ਹੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

ਮੜ੍ਹਿਆਂ ਨੂੰ ਤੋੜਦੇ ਹੱਟਾਂ ਤੇ ਟੁੱਟ ਪਏ, ਪਈਆਂ ਕੰਬਣ ਲਾਲੀਆਂ ।
ਬਾਣੀਆਂ ਡਰਾਕਲਾਂ ਤੇ ਰੋਜ਼ ਕੁੱਟ ਪਏ, ਉੱਤੋਂ ਕੱਢਣ ਗਾਲੀਆਂ ।
ਪੁੱਠੇ ਅਲਫ਼ਾਜ਼ ਚੜ੍ਹੇ 'ਵੇ ਜ਼ਬਾਨ ਤੇ, ਤੇ ਘਸੁੰਨ ਠੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

'ਬਾਬੂ' ਛੈਣੀ ਚਾਹੀਏ ਲੋਹੇ ਦੇ ਕੱਟਣ ਨੂੰ, ਬਣੀ 'ਵੀ ਫੌਲਾਦ ਦੀ ।
ਹੋਣੀ ਨੂੰ ਬੁਲਾ ਲੋ ਲਹੂ ਦੇ ਚੱਟਣ ਨੂੰ, ਨੈਂ ਚਲਾ ਦਿਓ ਰਾਧ ਦੀ ।
ਟਿੱਡੀ ਦਲ ਲੱਥਾ ਮੰਦਿਰ-ਮਕਾਨ ਤੇ, ਨਾ ਮੁਕਾਇਆਂ ਮੁੱਕੇ ਪਿਆ ।
ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ ।

ਰਘਬੀਰ ਛੰਦ-੨

ਗੱਲ ਏਲਚੀ ਨੇ ਕੀਤੀ, ਅਬਦਾਲੀ ਦੀ ਪਲੀਤੀ,
ਰੋ ਪਿਆ ਅੱਖੀਂ ਦੇ ਘਸੁੰਨ, ਖੜ੍ਹ ਜਾਂਦਾ ਹੋ ਕੇ ਸੁੰਨ, ਜੀ ਪੱਥਰ ਦਾ ਜਿਉਂ ਥਮ੍ਹਲਾ ।
ਲਗੀ ਕਾਲਜੇ ਨੂੰ ਅੱਗ, ਜਾਵੇ ਮੂੰਹ ਦੇ ਵਿੱਚੋਂ ਝੱਗ,
ਨੈਣੋਂ ਝੜਨ ਚੰਗਿਆੜੇ, ਭਰਮੇ ਮੁਛਹਿਰੇ ਤਾੜੇ, ਤੇ ਗੁੱਸੇ 'ਚ ਹੋ ਗਿਆ ਕਮਲਾ ।
ਤਾਲ ਪੂਰੇ ਦਾ ਦਰੇਗ, ਕਦੇ ਧੂਲੇ ਮਿਆਨੋਂ ਤੇਗ਼,
ਜ਼ਹਿਰ ਘੋਲੇ ਸੱਪ ਜ਼ਹਿਰੀ, ਗੇਰਿਆ ਮੰਦਰ ਸੁਨਹਿਰੀ, ਜਿਉਂ ਫੁੱਲਾਂ ਦਾ ਸੋਹੇ ਗਮਲਾ ।
'ਬਾਬੂ' ਰੱਖਣੀ ਉਡੀਕ, ਤੁਸੀਂ ਦੋ ਕੁ ਵੀਕ ਤੀਕ,
ਛੇੜ ਦੇਵਾਂਗਾ ਫ਼ਸਾਦ, ਟੁਐਂਟੀ ਟੂ ਦਿਨਾਂ ਦੇ ਬਾਦ, ਜੀ ਕਰਾਂਗੇ ਆ ਕੇ ਹਮਲਾ ।

ਰਘਬੀਰ ਛੰਦ-੩

ਬਾਬਾ ਦੀਪ ਸਿੰਘ ਸੋਚੇ, ਦਿਲ ਲੜਨੇ ਨੂੰ ਲੋਚੇ,
ਜਪੇ ਨਾਮ ਲਾ ਸਮਾਧੀ, ਓਦੋਂ ਰੋਟੀ ਵੀ ਨਾ ਖਾਧੀ, ਸੀ ਬਿਰਧ ਲੈਂਦਾ ਤਰਲੇ ।
ਕੰਮ ਪੈ ਗਿਆ ਜ਼ਰੂਰੀ, ਉੱਠੀ ਕਾਲਜੇ 'ਚੋਂ ਲੂਹਰੀ,
ਸ੍ਹੀਗਾ ਤੜਕਾ ਪਹਿਰ, ਲਿੱਸਾ ਜਿਆ ਤਰੰਗ ਗਹਿਰ, 'ਤੇ ਜਿੰਦ ਧਰਲੇ ।
ਪਿੰਡਾ ਫ਼ਿਕਰਾਂ ਨੇ ਬਿੱਧਾ, ਹੋ ਗਿਆ ਮਾਲਵੇ ਨੂੰ ਸਿੱਧਾ,
ਜਿਹੜਾ ਜਾਵੇ ਸਿੰਘ ਮਿਲ, ਕਹੇ ਲਾਵਣੀ ਨਾ ਢਿਲ, ਜੀ ਅੱਖਾਂ 'ਚ ਜਲ ਭਰ ਲੇ ।
ਭੁੱਖ ਲੱਗੇ ਬੁਲ੍ਹ ਚੱਬੇ, ਪਾਣੀ ਛੱਪੜਾਂ ਦਾ ਲੱਭੇ,
ਮੌਤ ਤੋਂ ਬਨ੍ਹਾ ਲੇ ਗਾਨੇ, ਸੜਨੇ ਨੂੰ ਪਰਵਾਨੇ, ਛੀ ਹਜ਼ਾਰ 'ਕੱਠੇ ਕਰ ਲੇ ।

ਦੋਹਿਰਾ

ਨੇਕ ਪੁਰਸ਼ ਤਾਂ ਧਰਮ ਨੂੰ ਲੱਗਣ ਦੇਣ ਨਾ ਲੀਕ ।
ਉਨ ਕਾ ਨਾਂ ਜੱਗ ਵਿੱਚ ਰਹੇ, ਰਹਿੰਦੀ ਦੁਨੀਆਂ ਤੀਕ ।

ਪਹੁੰਚ ਮਾਲਵੇ ਬਿਰਧ ਨੇ, ਪਲਟਣ ਕਰੀ ਤਿਆਰ ।
ਗਿਣਤੀ ਸਿਕਸ ਹਜ਼ਾਰ ਦੀ, ਪੈਦਲ ਤੇ ਅਸਵਾਰ ।

ਦੋ ਭਾਗ ਛੰਦ-੪

ਜਾਵਣਾ ਮੁਕਾਬਲਾ ਕਰਨ ਖ਼ਾਨਾ ਦਾ,
ਜੱਥਾ ਤਿਆਰ ਹੋ ਗਿਆ ਛੀ ਹਜ਼ਾਰ ਜੁਆਨਾ ਦਾ ।

ਬਾਕੀ ਸਾਰੇ ਪੈਦਲ ਸਵਾਰ ਚਾਰ ਸੌ,
ਪੱਟੀਆਂ ਬੰਨ੍ਹਣ ਨੂੰ ਜਨਾਨੀ ਤਿਆਰ ਸੌ ।

ਵੇਖੋ ਕਿੱਡੇ ਦਸਮੇਂ ਗੁਰੂ ਦੇ ਦਰਦੀ,
ਪੈਸਿਆਂ ਦਾ ਤੋੜ, ਨਾ ਸਮਾਈ ਵਰਦੀ ।

ਟੁੱਟੇ ਪੈੜੇ ਤਾਰੂ ਕਾਠੀਆਂ ਦੇ ਫਿੱਸੇ 'ਜ੍ਹੇ,
ਕੰਡਿਆਲੇ ਚਬਦੇ ਅਰਾਕੀ ਲਿਸੇ 'ਜ੍ਹੇ ।

ਦਾਤੀ ਜੈਸੇ ਦੰਦ ਤਲਵਾਰਾਂ ਤੀਰਾਂ ਦੇ,
ਮੁੱਠਾਂ ਉਤੇ ਦਿੱਤੇ 'ਵੇ ਵਲਾਵੇਂ ਲੀਰਾਂ ਦੇ ।

ਚਾਹੜ ਲੈਂਦੇ ਚਿੱਲੇ ਵਿੰਗੀਆਂ ਕਮਾਣਾਂ ਦੇ,
ਕੋਲੇ ਭੱਥੇ ਭਰੇ 'ਵੇ ਜ਼ਹਿਰੀਲੀਆਂ ਬਾਣਾਂ ਦੇ ।

ਪਾਟੇ ਦਸਤਾਰੇ ਤੇ ਕਮੀਜ਼ਾਂ ਮੈਲੀਆਂ,
ਰਾਤੀਂ ਕੂਚ ਕਰਨ ਮਿੱਧਣ ਪੈਲੀਆਂ ।

ਦਾਣਿਆਂ ਦੀ ਲੱਪ ਮਿਲਦੀ ਹਰਿਕ ਨੂੰ,
ਬੰਨ੍ਹੇ 'ਵੇ ਸਬਰ ਦੇ ਪੱਥਰ ਹਿੱਕ ਨੂੰ ।

ਚਣੇ ਭਠੋਂ ਭੁੰਨ ਕੇ ਭਰਾਲੇ ਬੋਰਿਆਂ 'ਚੈ,
ਸ਼ੇਰ ਲੁਕ ਕਟਦੇ ਦੋਪਹਿਰਾ ਘੋਰਿਆਂ 'ਚੈ ।

ਕੇਸ ਵਾਹੁਣ ਕੰਘੇ ਸ਼ਾਰਟ ਸਕੇਲ ਤੋਂ,
ਅਸ਼ਨਾਨ ਕਰਦੇ ਬਗ਼ੈਰਾਂ ਤੇਲ ਤੋਂ ।

ਤਿੱਖੇ ਨੇਜੇ ਜਾਂਵਦੇ ਹੱਥਾਂ 'ਚ ਉਛਲੀ,
ਜਿਨ੍ਹਾਂ ਨੇ ਪਠਾਣਾਂ ਨੂੰ ਬਣੌਣਾ ਗੁੱਛਲੀ ।

ਲੰਘਗੀ ਤਾਰੀਖ਼ ਮੁਕਲਾਵਿਆਂ-ਵਿਆਹਾਂ ਦੀ,
ਪਰਵਾਹ ਨਾ ਰੱਤ ਜਰਲੌਂਦੀ ਬਾਹਾਂ ਦੀ ।

ਮਾਵਾਂ ਦੀਆਂ ਪੱਕੀਆਂ ਭੁਲਾਗੇ ਸਾਲ ਦੇ,
ਚਾਰੇ ਪਾਸਿਓਂ ਹੋਕਰੇ ਵੱਜਣ ਕਾਲ ਦੇ ।

ਜਦੋਂ ਟੈਮ ਮਿਲਦਾ ਪੜ੍ਹਨ ਗੁਟਕੇ,
ਹਰ ਸਿੱਖ ਨਾਮ ਦੇ ਨਸ਼ੇ 'ਚ ਲੁੱਟਕੇ ।

ਜੰਗ ਤੋਂ ਬਗੈਰਾਂ ਸੂਰਮਿਆਂ ਨੂੰ ਰੀਝ ਕੀ,
ਔਣ ਦਿਓ ਬਿਸ਼ੱਕ ਮੌਤ ਹੁੰਦੀ ਚੀਜ਼ ਕੀ ?

'ਰਜਬਲੀ ਖ਼ਾਨ' ਨਾ ਕਿਸੇ ਨੂੰ ਹੋਰ ਚਾਅ,
ਅੰਮ੍ਰਿਤਸਰ ਦਾ ਛੁਡਾ ਲਉ ਮੋਰਚਾ ।

ਦੋਹਿਰਾ

ਤੁਰੇ ਬਹਾਦਰ ਮਾਲਵਿਓਂ, ਵਕਤ ਗੁਜ਼ਰਦੇ ਜਾਣ ।
ਤਰਨ ਤਾਰਨ ਦੇ ਤਾਲ ਤੇ, ਆ ਕਰਦੇ ਅਸ਼ਨਾਨ ।

ਤਰਜ਼ ਦੋਤਾਰਾ-੫

(੧)

ਨ੍ਹਾ ਕੇ ਤਾਲ ਪਵਿੱਤਰ 'ਚੋਂ, ਸੂਰਮੇ ਬਦਨ ਪਵਿੱਤਰ ਕਰਗੇ ।
ਮਾਰੇ ਸੇਕ ਸਰੀਰਾਂ 'ਚੋਂ, ਚੜ੍ਹ ਗਏ ਜੋਸ਼ ਹਰਖ਼ ਨਾਲ ਭਰਗੇ ।
ਖਾਰੇ ਚੜ੍ਹ ਗਏ ਸ਼ਗਨਾਂ ਦੇ, ਹੱਥਾਂ ਵਿੱਚ ਬੰਨ੍ਹ ਲਿਆ ਮੌਤ ਦਾ ਗਾਨਾ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

(੨)

ਸ਼ੇਰਾਂ ਵਾਂਗ ਝਾਕਣੀ ਜੀ, ਗਰਦਨਾਂ ਲੰਮੀਆਂ ਜੁਆਨ ਅਲਬੇਲੇ ।
ਪਹੁੰਚ ਅਗਲੀ ਦੁਨੀਆਂ ਮੇਂ, ਵੇਖਣੇ ਸ਼ਹਿਰ ਸੁਰਗ ਦੇ ਮੇਲੇ ।
ਭਰੇ ਤਰਕਸ਼ ਤੀਰਾਂ ਦੇ, ਸਿਰੀ ਸਾਬ੍ਹ ਧੂਲੇ ਤੋੜਕੇ ਮਿਆਨਾਂ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

(੩)

ਲਹੂ ਮੂੰਹ ਨੂੰ ਲੱਗਿਆ ਨਾ, ਕਈ ਦਿਨ ਖਰਵਿਓ ਬਘਿਆੜੋ ਗੁਜ਼ਰੇ ।
ਰਹੇ ਖੇਲ ਭਲੱਥਿਆਂ ਨੂੰ, ਹੱਥਾਂ ਵਿੱਚ ਕਰਨ ਕਟਾਰਾਂ ਮੁਜਰੇ ।
ਹਿੱਕ ਥਾਪੜ-ਥਾਪੜਕੇ, ਬਾਹਰ ਕੱਢ ਰੱਖੀਆਂ ਤਲੀ ਤੇ ਜਾਨਾਂ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

(੪)

ਬਾਬੇ ਬਿਰਧ ਦੀਪ ਸਿੰਘ ਨੇ, ਮਾਲਵਿਉਂ ਗੱਭਰੂ ਲਿਆਂਦੇ ਚੁਣਕੇ ।
ਜਿਵੇਂ ਸਰਪ ਬੀਨ ਤੇ ਜੀ, ਮੇਲ੍ਹਦੇ ਸ਼ਬਦ ਚੌਂਕੀਆਂ ਸੁਣਕੇ ।
ਨਾ ਡਰਦਾ ਮਰਨੇ ਤੋਂ, ਸੂਰਮਾ ਦਾਦਾ ਬਹਾਦਰ ਨਾਨਾ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

(੫)

ਖੜ੍ਹੇ ਕਿਰਚਣ ਦੰਦੀਆਂ ਨੂੰ, ਆਕੜੇ ਗਾਟੇ ਫਰਕਦੇ ਬਾਜ਼ੂ ।
ਬਾਣ ਮੀਂਹ ਵਾਂਗੂੰ ਬਰਸਣਗੇ, ਢੱਕਣ ਅਸਥਾਨ ਅੰਧੇਰੀ ਆਜੂ ।
ਢਾਹਤਾ ਗੋਲਡਨ ਟੈਂਪਲ ਜੀ, ਬੜਾ ਕਰਿਆ ਕਹਿਰ ਦੁਰਾਨੀ ਖ਼ਾਨਾਂ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

(੬)

ਕੌਮਾਂ ਅਣਖ ਵਾਲੀਆਂ ਜੀ, ਕਦੇ ਨਾ ਡਰ ਕੇ ਮੌਤ ਤੋਂ ਲੁਕੀਆਂ ।
ਜਿੱਥੇ ਪੜ੍ਹਨ ਪੋਥੀਆਂ ਜੀ, ਕਾਬਲੀ ਉਤਰੇ ਬੁੜ੍ਹਕਦੀਆਂ ਹੁਕੀਆਂ ।
ਸ਼ਸ਼ਪਾਲ ਖੜੋਤਾ ਜੀ, ਸੀਸ ਨੂੰ ਕਟਦੇ ਚੱਕਰ ਮਾਰ ਕਾਹਨਾ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

(੭)

ਸਿੰਘ ਬਾਜਾਂ ਵਾਲੇ ਦੇ, ਸੀਸ ਪਰ ਕੇਸ ਮੁਛਹਿਰੇ ਭਰਮੇਂ ।
ਨਹੀਂ ਅਮਨ ਨਸੀਬਾਂ ਮੇਂ, 'ਬਾਬੂ' ਨਿੱਤ ਖੁਭੀਆਂ ਕੱਢਣ ਨੂੰ ਜਰਮੇ ।
ਧੁੰਮ ਪਾਦਿਓ ਦੁਨੀਆਂ ਮੈਂ, ਮੇਰੇ ਜਗਮੇਲ ਬਸੰਤ ਜਵਾਨਾਂ ।
ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ ।

ਦੋਹਿਰਾ

ਦੀਪ ਸਿੰਘ ਫ਼ਰਮਾਂਵਦਾ, ਫੇਰ ਦੁਖੀ ਦਿਲ ਵਿਰਨ ।
ਅੰਮ੍ਰਿਤਸਰ ਦੇ ਤਾਲ 'ਤੇ, ਕਟੇ ਸੀਸ ਧੜ ਗਿਰਨ ।

ਤਰਜ਼ ਅਮੋਲਕ-੬

(੧)

ਕਰਦਾ ਦੀਪ ਸਿੰਘ ਤਕਰੀਰਾਂ, ਭਾਰੀਆਂ ਖੁਸਦੀਆਂ ਜਾਣ ਜਗੀਰਾਂ ।
ਛੱਡਿਆ ਇੱਕ ਨਾ ਰਾਜਾ ਆਦੀ, ਆ ਕੇ ਖੋਹਣ ਪਠਾਣ ਆਜ਼ਾਦੀ ।
ਪਕੜ ਉਤਾਰਨ ਸ਼ਰਮਾਂ ਨੂੰ ।
ਸਮਝੀ ਫਿਰਨ ਜਲੇਬੀ ਹਿੰਦ ਦਿਆਂ ਹਿੰਦੂਆਂ ਨਰਮਾਂ ਨੂੰ ।

(੨)

ਮੇਰੇ ਭਾਂਬੜ ਬਲਦੇ ਅੰਦਰ, ਜ਼ਾਲਮ ਢੌਣ ਸੁਨਹਿਰੀ ਮੰਦਰ ।
ਸੁਣਿਐਂ ਅੱਟਤਾ ਤਾਲ ਪਵਿੱਤਰ, ਜਾਉ ਕੋਈ ਬਾਬੇ ਕਿਆਂ 'ਚੋਂ ਨਿਤਰ ।
ਚੜ੍ਹੋ ਪਠਾਣਾਂ ਘਮਿਆਂ ਤੇ ।
ਦੁਸ਼ਮਣ ਰੋਕਣਗੇ ਨਾ ਰੁਕਣਾ, ਗਿਰਨਾ ਚੱਲ ਪਰਕੱਮਿਆਂ ਤੇ ।

(੩)

ਪਾਲੋ ਜੀਨ, ਸ਼ੰਗਾਰੋ ਅਸਤਰ, ਉੱਠ ਪੁਤ ਜਲਦੀ ਲਾ ਲੋ ਸ਼ਸਤਰ ।
ਓਹ ਕੰਮ ਕਰਲੋ ਜਿਸ ਕੰਮ ਆਏ, ਕਰਨ ਉਡੀਕਾਂ ਰੱਤ ਦੇ ਧਿਆਏ ।
ਹੋਵੇ ਗੁੜ-ਗੁੜ ਹੁੱਕਿਆਂ ਦੀ ।
ਰੁਲਨ ਗਰੰਥੀ ਵਰਕੇ, ਕਰਨ ਬੇਅਦਬੀ ਰੁੱਕਿਆਂ ਦੀ ।

(੪)

ਪਲ ਗੇ ਸ਼ੀਹਣੀ ਦੇ ਦੁੱਧ ਚੁੰਘਕੇ, ਡਿੱਗਣਾ ਦਸ-ਦਸ ਦੇ ਸਿਰ ਡੁੰਗ ਕੇ ।
ਤਿੰਨ-ਤਿੰਨ ਡੱਕਰੇ ਕਰ ਦਿਉ ਲੱਤ ਦੇ, ਡੂੰਘੇ ਰਿਵਰ ਚਲਾ ਦਿਉ ਰੱਤ ਦੇ ।
ਛੀੜਾਂ ਕਰ ਦਿਉ ਗਮਿਆਂ ਤੇ ।
ਦੁਸ਼ਮਣ ਰੋਕਣਗੇ ਨਾ ਰੁਕਣਾ, ਗਿਰਨਾ ਚੱਲ ਪਰਕੱਮਿਆਂ ਤੇ ।

(੫)

ਪੀਣਾ ਜ਼ਹਿਰ ਅਗਨ ਵਿੱਚ ਖੜ੍ਹਨਾ, ਸੱਪ ਨੂੰ ਫੜਨਾ ਸ਼ੀਂਹ ਨਾਲ ਲੜਨਾ ।
ਮੁਸ਼ਕਲ ਬਹੁਤ ਚਲੌਣਾ ਚੱਕਰ, ਲੌਣੀ ਨਾਲ ਪਠਾਣਾਂ ਟੱਕਰ ।
ਛੀ ਕੰਮ ਔਖੇ ਬਾਹਲੇ ਐ; ਤੇ ਜਿੰਨ ਚਿੰਬੜਿਆ ਮੁਸ਼ਕਲ ਕੱਢਣਾ ।
ਲਿਖਣ ਗਰੰਥਾਂ ਵਾਲੇ ਐ ।

(੬)

ਅੰਬ ਨਾ ਲੱਗਣ ਅੱਕ ਦੀ ਟਾਹਣੀ, ਲੁਕੇ ਨਾ ਕਾਣ ਲਕੋਵੇ ਕਾਣੀ ।
ਆਕੇ ਅੰਮ੍ਰਿਤਸਰ ਵਿੱਚ ਵੇਹਰਨ, ਪਾਣੀ ਸਿਉਨੇ 'ਜ੍ਹੇ ਦਾ ਫੇਰਨ ।
ਝੂਠਿਆਂ ਜਿਊਰ ਮੁਲੱਮ੍ਹਿਆਂ ਤੇ ।
ਦੁਸ਼ਮਣ ਰੋਕਣਗੇ ਨਾ ਰੁਕਣਾ, ਗਿਰਨਾ ਚੱਲ ਪਰਕੱਮਿਆਂ ਤੇ ।

(੭)

ਆ ਹਿੰਦ ਮੁਗਲ ਪਠਾਣਾਂ ਵੰਡਲੀ, ਤੇ ਲੱਜ ਛੱਜ ਵਿਚ ਪਾ ਕੇ ਛੰਡਲੀ ।
ਲੱਕ ਦੇ ਤੀਕ ਝੜਾ ਦਿਓ ਲੋਥਾਂ, ਰੱਤ ਵਿਚ ਬੱਗੜਾਂ ਜਿਹਾ ਨੂੰ ਗੋਥਾਂ ।
ਝਗੜੇ ਝਗੜ ਨਬੇੜ ਲੀਏ ।
ਚੋਗੇ ਤੇ ਸਲਵਾਰਾਂ, ਮੈਲੇ ਨਾਲ ਲਬੇੜ ਲੀਏ ।

(੮)

ਹੈ ਧਿਰਕਾਰ ਹਮਾਰਾ ਜੀਣਾ, ਸ਼ਹਿਰ ਛੁਡਾ ਕੇ ਪਾਣੀ ਪੀਣਾ ।
ਵਸਣੇ ਅੰਮ੍ਰਿਤਸਰ ਦੇ ਖੇੜੇ, ਦਸਮੇਂ ਗੁਰੂ ਗੋਬਿੰਦ ਸਿੰਘ ਜਿਹੜੇ ।
ਸਖ਼ਤ ਨਰਾਜ਼ ਨਕੰਮਿਆਂ ਤੇ ।
ਦੁਸ਼ਮਣ ਰੋਕਣਗੇ ਨਾ ਰੁਕਣਾ, ਗਿਰਨਾ ਚੱਲ ਪਰਕੱਮਿਆਂ ਤੇ ।

(੯)

ਜੱਗ ਵਿਚ ਜੋਗੀ ਵਾਲੀ ਫੇਰੀ, ਜਿਹੜਾ ਮਿਲ ਜੇ ਕਰ ਦਿਉ ਢੇਰੀ ।
ਆਹ ਪੁੱਤ ਮੁੜਕੇ ਦਿਨ ਨਾ ਚੜ੍ਹਨਾ, ਸੋਹਣੇ ਅੰਮ੍ਰਿਤਸਰ ਵਿਚ ਵੜਨਾ ।
ਪਾ ਦਿਓ ਸ਼ੋਰ ਨਵਾਬਾਂ ਮੇਂ ।
ਅੱਜ ਦਾ ਮੈਚ ਬਹਾਦਰ, ਜਿਤਗੇ ਛਪ ਜੂ ਨਾਮ ਕਿਤਾਬਾਂ ਮੇਂ ।

(੧੦)

ਲਾ ਕੇ ਰਾਠ ਦੁੱਲੇ ਦੀਆਂ 'ਵਾਜਾਂ, ਪਾ ਦਿਓ ਸ਼ੇਰ ਬਹਾਦਰ ਭਾਜਾਂ ।
ਮਾਰੋ ਹਰਿਮੰਦਰ ਵਿਚ ਧਰਨਾ, ਬਾਣਾਂ ਤੇਗ਼ਾਂ ਦਾ ਮੀਂਹ ਵਰ੍ਹਨਾ ।
ਉਰੇ ਤਾਲਾਬੋਂ ਥੰਮ੍ਹਿਆਂ ਤੇ ।
ਦੁਸ਼ਮਣ ਰੋਕਣਗੇ ਨਾ ਰੁਕਣਾ, ਗਿਰਨਾ ਚੱਲ ਪਰਕੱਮਿਆਂ ਤੇ ।

(੧੧)

ਜਗ 'ਚੋਂ ਹੰਸੋ ਚੋਗਾਂ ਮੁੱਕੀਆਂ, ਸਾੜੋ ਗੁਥਲੀਆਂ, ਭੰਨ ਦਿਓ ਹੁੱਕੀਆਂ ।
ਰੁਲਦੇ ਫਿਰਨ ਨੜੀ ਤੇ ਨੇਚੇ, ਵੇਚੀ ਜਾਨ, ਧਰਮ ਨਾ ਵੇਚੇ ।
ਵੀਰਨ ਅਣਖੀ ਕੌਮਾਂ ਦੇ ।
ਕਰ ਲਿਆ ਪਾਸ ਐਗਜ਼ਾਮੀਨੇਸ਼ਨ, ਆ ਕੇ ਗੁਰ ਡਿਪਲੋਮਾਂ ਦੇ ।

(੧੨)

ਚੱਕ ਦਿਓ ਡਾਰਕ ਕਰ ਦਿਓ ਚਾਨਣ, ਵੈਰੀ ਹੱਥ ਲੱਗਿਆਂ ਤੋਂ ਜਾਨਣ ।
ਜਿਨੇ ਸ਼ਾਇਰ ਸਣੇ ਪਰਚਾਰਕ, ਭੇਜੇ 'ਰਜਬਲੀ ਖ਼ਾਨ' ਮੁਬਾਰਕ ।
ਸਿੰਘ ਸਰਦਾਰਾਂ ਜੰਮਿਆਂ ਤੇ ।
ਦੁਸ਼ਮਣ ਰੋਕਣਗੇ ਨਾ ਰੁਕਣਾ, ਗਿਰਨਾ ਚੱਲ ਪਰਕੱਮਿਆਂ ਤੇ ।

ਦੋਹਿਰਾ

ਆਫ਼-ਐਨ ਆਵਰ ਦੁਆਨ ਮੇਂ, ਕੰਟੀਨੀਊ ਤਕਰੀਰ ।
ਘੇਰੋ ਫ਼ੌਜ ਕੰਧਾਰ ਦੀ, ਦਿਹੋ ਵਿਚਾਲਿਓਂ ਚੀਰ ।

ਬਹੱਤਰ ਕਲਾ-੭

(੧)

ਕਹੇ ਬਾਬਾ ਦੀਪ ਸਿੰਘ ਜੀ, ਗੁਰੂ ਦੀ ਸੈਨਾ, ਹੁਕਮ ਮੰਨ ਲੈਣਾ,
ਲੜਾਕੀ ਨਸਲੇ, ਪਰਖਣੇ ਅਸਲੇ,
ਅਣਖ ਦਿਓ ਭਰਿਓ, ਕਟਾਰਾਂ ਚੱਕ ਲੋ ।
ਫਿਰੇ ਡਾਰ ਹਰਨੀਆਂ ਦੀ,
ਬਾਘ ਵਿਚ ਖੀਰੇ, ਹਰਨ ਵਿਚ ਹੀਰੇ, ਬਘਿਆੜੋ ਹੱਕ ਲੋ ।
ਵਾਜੇ ਵਜਦੇ ਮੌਤ ਦੇ ਜੀ, ਕਾਹਦੀਆਂ ਦੇਰਾਂ, ਕਢਾ ਦਿਓ ਲੇਰਾਂ,
ਜੰਗਾਂ ਵਿਚ ਨਿਤਰਿਓ, ਮਾਂ ਦਿਓ ਚਿਤਰਿਓ,
ਮਾਸ ਦਿਓ ਭੁਖਿਓ, ਸੁਤੇ ਪੱਟ ਅੱਖ ਲਿਓ ।
ਆ ਗਿਆ ਵਕਤ ਸ਼ਹੀਦੀ ਦਾ,
ਕਈਆਂ ਨੂੰ ਵੱਢ ਕੇ, ਜਾਨ ਨੂੰ ਕੱਢ ਕੇ, ਤਲੀ ਤੇ ਰੱਖ ਲਿਓ ।

(੨)

ਕਰੋ ਠੀਕ ਪੋਜੀਸ਼ਨ ਨੂੰ, ਮੇਹਰਬਾਨ ਬਾਹਲਾ, ਚਿਟੇ ਬਾਜਾਂ ਵਾਲਾ,
ਲਹੂ ਦੇ ਧਿਆਓ, ਖੱਪਰ ਭਰ ਲਿਆਓ ।
ਮਾਰਦੀ ਵਾਜਾਂ, ਛਕੇ ਰੱਜ ਹੋਣੀ,
ਫੜ ਤੇਗ਼ ਘਕੌਂਦਾ ਸੀ ।
ਸ਼ੇਰ ਵਾਂਗੂੰ ਝਾਕੇ, ਵੇਖ ਲਿਓ ਜਾ ਕੇ, ਕਰੂੰ ਮੈਂ ਬੋਹਣੀ ।
ਖ਼ਾਨ ਤੋਤੇ-ਚਸ਼ਮੇ ਜੀ, ਦਿਲਾਂ ਦੇ ਖੋਟੇ, ਦੁੰਬਿਆਂ ਤੋਂ ਮੋਟੇ,
ਪਠੋਰੇ ਲੁਬ ਜ੍ਹੇ, ਛੁਰੀ ਚੰਮ ਖੁਭ ਜੇ,
ਮਰੋੜੋ ਧੌਣਾਂ ਮਾਸ ਨੂੰ ਚੱਖ ਲਿਓ ।
ਆ ਗਿਆ ਵਕਤ ਸ਼ਹੀਦੀ ਦਾ,
ਕਈਆਂ ਨੂੰ ਵੱਢ ਕੇ, ਜਾਨ ਨੂੰ ਕੱਢ ਕੇ, ਤਲੀ ਤੇ ਰੱਖ ਲਿਓ ।

(੩)

ਵੇਖਾਂ ਗਰਦਾਂ ਉਡਦੀਆਂ ਮੈਂ, ਅੱਗੋਂ ਭੱਜ ਪੈਜੋ, ਕਟਾਰੀਂ ਡਹਿ ਜੋ,
ਕਿੱਕਰ ਜਿਉਂ ਛਾਂਗੇ, ਬਣਾ ਦਿਓ ਲਾਂਗੇ,
ਵਖਾ ਦਿਓ ਡਿਗਦੇ, ਪਿਛਾਂਹ ਨੂੰ ਮੋੜੋ ।
ਦਰਯੋਧਨ ਟੱਕਰੇ ਜੇ, ਮੇਰਿਆ ਭੀਮਾ, ਗੁਰਜ ਮਾਰ ਨੀਮਾ,
ਪਟਾਂ ਨੂੰ ਤੋੜੋ, ਡੇਕ ਚਲ ਜੇ ਖ਼ੂਨ ਦੀ ਜੀ ।
ਭਾਵੇਂ ਪੁੱਤ ਥੋੜ੍ਹੇ, ਓਡਾ ਦਿਓ ਗੋਹੜੇ,
ਥਾਪੜੋ ਹਿੱਕ ਜੀ, ਜੁਆਨ ਇੱਕ ਇੱਕ ਜੀ ।
ਪਾ ਦਿਓ ਰੇਗਾਂ ਡੇਗ ਸਵਾ ਲੱਖ ਦਿਓ ।
ਆ ਗਿਆ ਵਕਤ ਸ਼ਹੀਦੀ ਦਾ,
ਕਈਆਂ ਨੂੰ ਵੱਢ ਕੇ, ਜਾਨ ਨੂੰ ਕੱਢ ਕੇ, ਤਲੀ ਤੇ ਰੱਖ ਲਿਓ ।

(੪)

ਆਈਆਂ ਉਤਰ ਪਹਾੜੋਂ ਜੀ, ਹਲਕੀਆਂ ਡੈਣਾਂ ਡਰਦੀਆਂ ਮੈਨਾਂ,
ਵਿਲਕਦੀਆਂ ਕੁੜੀਆਂ, ਖੰਡ ਦੀਆਂ ਪੁੜੀਆਂ,
ਤੁਸਾਂ ਦੇ ਹੁੰਦਿਆਂ, ਲੌਣ ਨਾ ਗਾਛੇ ।
ਰਹੀਆਂ ਤੜਫ ਬਰਛੀਆਂ ਜੀ,
ਮੇਰਿਓ ਸੂਰਿਓ, ਬਦਲ ਤੇ ਭੂਰਿਓ, ਜਾਣ ਨਾ ਰਾਛੇ ।
ਢਾਤਾ ਮੰਦਰ ਗੁਰਾਂ ਦਾ ਜੀ, ਤਾਲ ਨੂੰ ਅੱਟਤਾ, ਜਹਾਨੋਂ ਪਟਤਾ,
ਲਾਜ ਨਾ ਰਹਿੰਦੀ, ਖੀਰ ਤੇ ਬਹਿੰਦੀ,
ਉਡਾ ਪਰ੍ਹੇ ਮੱਖ ਲਿਓ ।
ਆ ਗਿਆ ਵਕਤ ਸ਼ਹੀਦੀ ਦਾ,
ਕਈਆਂ ਨੂੰ ਵੱਢ ਕੇ, ਜਾਨ ਨੂੰ ਕੱਢ ਕੇ, ਤਲੀ ਤੇ ਰੱਖ ਲਿਓ ।

(੫)

ਬਹੁਤਾ ਡਰਨ ਮਹਾਜਨ ਜੀ, ਖੁਔਣ ਮਠਿਆਈਆਂ, ਸ਼ਰਬਤਾਂ ਪਿਆਈਆਂ ।
ਸੇਠ ਧਨ ਵਾਲੇ ਹੌਂਕਦੇ ਲਾਲੇ ਕੱਢਣ ਪਏ ਹਾੜੇ, ਡੇਗਦੇ ਲਾਲਾਂ ।
ਪਾਜੀ ਸ਼ਰਮ ਉਤਾਰਨ ਜੀ,
ਕਸਰ ਨਾ ਛਡਦੇ, ਸਗੋਂ ਅਗੋਂ ਕੱਢਦੇ, ਉਲਟੀਆਂ ਗਾਲ੍ਹਾਂ ।
ਬੈਰੀ ਮਿਲ ਗਿਆ ਤਰਸਦਿਆਂ ਨੂੰ,
ਸਹਨਸਰ ਬਾਹੂ, ਲਾਹ ਦਿਓ ਆਹੂ,
ਹਿੱਕਾਂ ਤੇ ਬੁਰਜੇ ਉਡਾ ਦਿਓ ਪੁਰਜੇ,
'ਬਾਬੂ' ਦੇ ਵਤਨੀ ਗੁਰਾਂ ਦੀ ਪੱਖ ਲਿਓ ।
ਆ ਗਿਆ ਵਕਤ ਸ਼ਹੀਦੀ ਦਾ,
ਕਈਆਂ ਨੂੰ ਵੱਢ ਕੇ, ਜਾਨ ਨੂੰ ਕੱਢ ਕੇ, ਤਲੀ ਤੇ ਰੱਖ ਲਿਓ ।

ਦੋਹਿਰਾ

ਲਗ ਗੀ ਖ਼ਬਰ ਦੁਰਾਨੀਆਂ, ਔਂਦੇ ਚੜ੍ਹੇ ਪਠਾਣ ।
ਜੋਰ ਲਗੌਂਦੇ ਆਪਣਾ, ਰੁਕਣਾ ਨਹੀਂ ਤੂਫ਼ਾਨ ।
ਵਧਦਾ ਗਿਆ ਦਿਆਲ ਸਿਓਂ, ਲੈ ਕੇ ਪੰਜ ਸੌ ਜੁਆਨ ।
ਹਾਥੀ ਉਪਰੋਂ ਗੇਰ ਲਿਆ, ਲੜਦਾ ਖ਼ਾਨ ਜਹਾਨ ।

ਦੋ ਟੇਕਾ ਭਵਾਨੀ ਛੰਦ-੮

ਸੁਣੋ ਬੈਠ ਕੇ ਮਹੈਣਾਂ, ਚੜ੍ਹੀ ਕਾਬਲ ਦੀ ਸੈਣਾ,
ਤੁਰੇ ਆਉਂਦੇ ਬੰਨ੍ਹੀਂ ਲੈਣਾ, ਉਪਰ ਤੁਰੰਗਾਂ ਦੇ ।
ਸਾਥ ਤੋਪ ਤੋਪਚੀ ਸਮਾਨ ਜੰਗਾਂ ਦੇ ।
ਨਾਮ ਸੀ ਜਹਾਨ ਖ਼ਾਨ, ਕਰੇ ਫ਼ੌਜ ਦੀ ਕਮਾਨ,
ਵੱਜੇ ਸੂਰਜ ਸਮਾਨ, ਚਮਕਾਰਾ ਤਾਜ ਦਾ ।
ਕਾਬਲੀ ਨਵਾਬ ਹਾਥੀ ਤੇ ਬਰਾਜਦਾ ।

ਸਾਹਨ ਵਾਂਗੂੰ ਰਿੰਗ ਰਿੰਗ, ਚੜ੍ਹੇ ਨ੍ਹੇਰੀ ਵਾਂਗੂੰ ਸਿੰਘ,
ਮੁੜ ਲਾ ਦਿਆਂਗੇ ਹਿੰਗ, ਵੇਚਣ ਗੜੂਸਾਂ ਨੂੰ ।
ਪਾੜ ਪਿੰਡੇ ਬੱਗੜ ਉਡਾ ਦਿਓ ਤੂਸਾਂ ਨੂੰ ।
ਗੁਰੂ ਦਸਮੇਂ ਦਾ ਸ਼ੇਰ, ਲੈ ਕੇ ਪੰਜ ਸੌ ਦਲੇਰ,
ਲੰਘ ਜਾਂਦੇ ਪਾ ਕੇ ਫੇਰ, ਨਾ ਜ਼ਿਆਦਾ ਵਲ ਪਿਆ ।
ਦਿਆਲ ਸਿੰਘ ਡੇਗਦਾ ਦਲਾਂ ਦੇ ਦਲ ਪਿਆ ।

ਆਟੇ ਵਿਚ ਲੂਣ ਦਿਸੇ, ਖ਼ਾਨ ਭਾਰੇ ਸਿੰਘ ਲਿੱਸੇ,
ਤੇਗ਼ੋਂ ਤਰਬੂਜ਼ ਫਿੱਸੇ, ਜੀ ਜ਼ਬਰਦਸਤੋ ।
ਘੇਰਾ ਪਾ ਕੇ ਮਾਰਦੇ ਪਠਾਣ ਪਸ਼ਤੋ ।
ਹਨੂੰਮਾਨ ਜੈਸਾ ਕੱਛਾ, ਮਾਰੇ ਵਹਿੜਕੇ ਨੂੰ ਵੱਛਾ,
ਪੰਜ ਗੁਣੇ ਦੂਜਾ ਨਸ਼ਾ, ਸੀ ਚੜ੍ਹਿਆ ਵਿਆ ਰਾਜ ਦਾ ।
ਕਾਬਲੀ ਨਵਾਬ ਹਾਥੀ ਤੇ ਬਰਾਜਦਾ ।

ਵੱਜੇ ਤੌੜੇ ਤੇ ਹਥੌੜੇ, ਸੀ ਬਣਾਤੇ ਖ਼ਾਨ ਚੌੜੇ,
ਪੁੱਤ ਕੌੜੀ ਮਾਂ ਦੇ ਕੌੜੇ, ਕੌੜੇ ਦੁੱਧ ਚੁੰਘ ਕੇ ।
ਢੇਰ ਲਾਤੇ ਜੁਆਨਾਂ ਨੇ, ਦੁੰਬਾਂ ਨੂੰ ਡੁੰਗ ਕੇ ।
ਖ਼ਾਲੀ ਕੀਤਾ ਸਾਰਾ ਭੱਥਾ, ਗੜਾ ਹਾਥੀ ਕੋਲੇ ਲੱਥਾ ।
ਪਿਛੋਂ ਆਕੇ ਨਵਾਂ ਜੱਥਾ, ਸੀ ਸਿੰਘਾਂ ਦਾ ਰਲ ਪਿਆ ।
ਦਿਆਲ ਸਿੰਘ ਡੇਗਦਾ ਦਲਾਂ ਦੇ ਦਲ ਪਿਆ ।

ਜੁਆਨ ਮਾਲਵੇ ਦੇ ਕੱਬੇ, ਰਾਸ਼ੇ ਭਾਲ ਦਿਆਂ ਨੂੰ ਲੱਭੇ,
ਮਾਰੇ ਪੰਦਰਾਂ ਨੇ ਨੱਬੇ, ਵੀਹ ਸੌ ਅੱਠ ਵੀਹਾਂ ਨੇ ।
ਰਿੱਛ ਕੋਹ ਹਿਮਾਲੀਆ ਦੇ, ਮਾਰੇ ਸ਼ੀਹਾਂ ਨੇ ।
ਅੰਮ੍ਰਿਤ ਛਕੇ ਵਾਲੇ, ਮਾੜੇ ਇਹਨਾਂ ਨੇ ਤਕਾਲੇ,
ਚੌੜੀ ਸੁੰਡ ਦੇ ਵਿਚਾਲੇ, ਪੰਜਾ ਵਜਿਆ ਬਾਜ਼ ਦਾ ।
ਕਾਬਲੀ ਨਵਾਬ ਹਾਥੀ ਤੇ ਬਰਾਜਦਾ ।

ਹੈ ਤਾਰੀਖ਼ ਵਾਲੇ ਆਹਦੇ, ਮਾਰੇ ਨੌ ਹਜ਼ਾਰੋਂ ਜ਼ਿਆਦੇ,
ਫੇਰ ਕਰਲੇ ਇਰਾਦੇ, ਮਾਰਾਂ ਹਾਥੀ ਵਾਲੇ ਨੂੰ ।
ਗੇੜ੍ਹਾ ਦੇਵੇ ਤੋਲ-ਤੋਲ ਕੇ ਗੰਧਾਲੇ ਨੂੰ ।
ਨਾਲ-ਨਾਲ ਦਿਆਂ ਦਾ ਪੱਖ, ਹੌਲੀ ਜੀ ਬਚਾ ਕੇ ਅੱਖ,
ਦੇਂਦਾ ਉਤੇ ਪੈਰ ਰੱਖ, ਕੇ ਟਲੇ ਨਾ ਗਲ ਪਿਆ ।
ਦਿਆਲ ਸਿੰਘ ਡੇਗਦਾ ਦਲਾਂ ਦੇ ਦਲ ਪਿਆ ।

ਖਾਧੇ ਸੂਰਮੇ ਨੇ ਗੇੜੇ, ਕਰੇ ਘੜੀ 'ਚ ਨਬੇੜੇ,
ਖੰਡਾ ਮਾਰਿਆ ਹੋ ਕੇ ਨੇੜੇ, ਸੀ ਮਹੌਤ ਚੀਰਤਾ ।
ਸਿੰਘ ਸਰਦਾਰ ਨੇ ਵਖਾਤੀ ਬੀਰਤਾ ।
ਕੀਤਾ ਖ਼ਾਨ ਉਤੇ ਵਰ੍ਹ, ਹੌਦਾ ਲਹੂ ਨਾਲ ਭਰ,
ਰੰਗ ਲਾਲ ਸੂਹਾ ਕਰ 'ਤਾ, ਸੁਨਹਿਰੀ ਸਾਜ਼ ਦਾ ।
ਕਾਬਲੀ ਨਵਾਬ ਹਾਥੀ ਤੇ ਬਰਾਜਦਾ ।

ਸੀਸ ਲਾਹਿਆ ਉਤਾਂਹ ਚੜ੍ਹ, ਗਿਰੀ ਹੌਦੇ ਵਿਚ ਧੜ,
ਹਾਥੀ ਫ਼ੌਜ ਵਿਚ ਵੜ ਗਿਆ, ਚੁਕਾਈਆਂ ਚੁੰਘੀਆਂ ।
ਉਡ ਦੀਆਂ ਫਿਰਨ ਪਸ਼ੌਰੀ ਲੁੰਗੀਆਂ ।
ਮਾਰਤਾ ਜਹਾਨ ਖ਼ਾਨ, ਕਰੀ ਹਾਲਤ ਵਰਾਨ,
'ਬਾਬੂ, ਮਿਲ ਗਿਆ ਪਠਾਣ, ਨੂੰ ਕਰੀ ਦਾ ਫਲ ਪਿਆ ।
ਦਿਆਲ ਸਿੰਘ ਡੇਗਦਾ ਦਲਾਂ ਦੇ ਦਲ ਪਿਆ ।

ਦੋਹਿਰਾ

ਕਰਦੇ ਮਦਦ ਨਵਾਬ ਦੀ, ਚੜ੍ਹੇ ਬਹਾਦਰ ਹੋਰ ।
ਰੁਸਤਮ ਖ਼ਾਨ ਜਮਾਲ ਸ਼ਾਹ, ਜ਼ਬਰਦਸਤ ਸ਼ਾਹ ਜ਼ੋਰ ।

ਡੂਢਾ ਛੰਦ-੯

ਮੋਰਚਾ ਛੁਡੌਣਾ ਮੰਦਿਰ ਸੁਨਹਿਰੀ ਦਾ, ਮਾਰਲੀ ਸਰਹੰਦ ਜਿਉਂ ।
ਦਲ ਅਗਾਂਹ ਰੋਕ ਕੇ ਖੜੋ ਗਿਆ ਵੈਰੀ ਦਾ, ਪੱਥਰਾਂ ਦੀ ਕੰਧ ਜਿਉਂ ।
ਰਚ ਕੇ ਚੱਕਰਵਿਊ ਕਰਨ ਗਸ਼ਤ ਖ਼ਾਂ, ਖੇਲਦੇ ਭਲੱਥੇ ਨੂੰ ।
ਰੁਸਤਮ ਜਮਾਲ ਸ਼ਾਹ ਜ਼ਬਰਦਸਤ ਖ਼ਾਂ, ਆ ਵੰਗਾਰਿਆ ਜੱਥੇ ਨੂੰ ।

ਆ ਕੇ ਨਾਹਰੇ ਮਾਰਦੇ ਦੁਰਾਨੀ ਕਾਬਲੋਂ, ਜੀ ਲੜਾਕਾ ਅਨਸਾਂ ਦੇ ।
ਪਾਂਡੋ ਵਾਂਗੂੰ ਤੀਰ ਵਗਨ ਮੁਕਾਬਲੋਂ, ਚਿੱਲੇ ਝੜਾਲੇ ਧਨਸਾਂ ਦੇ ।
ਬਾਣਾਂ ਦਾ ਵਸਾਤਾ ਮੀਂਹ ਹੁੰਦੇ ਨਾ ਪਸਤ ਖ਼ਾਂ, ਲਿਆ ਭਰੇ-ਵੇ ਭੱਥੇ ਨੂੰ ।
ਰੁਸਤਮ ਜਮਾਲ ਸ਼ਾਹ ਜ਼ਬਰਦਸਤ ਖ਼ਾਂ, ਆ ਵੰਗਾਰਿਆ ਜੱਥੇ ਨੂੰ ।

ਭਜ ਪਹੁੰਚਿਆ ਜਾਣਾ ਨਾ ਅਟਕ ਤਕ ਵੀ, ਕਿਵੇਂ ਵੜਨ ਗ਼ਜ਼ਨੀ ।
ਮਾਰਿਆ ਮੀਰ ਹਮਜ਼ ਲਧੌਰ ਚੱਕ ਵੀ, ਫੜੇ ਗੁਰਜ ਵਜ਼ਨੀ ।
ਪਲੇ ਹੋਏ ਖਾ ਕੇ ਤੇ ਲਹੌਰ ਰਸਤ ਖ਼ਾਂ, ਜੋੜ ਲੈਂਦੇ ਮੱਥੇ ਨੂੰ ।
ਰੁਸਤਮ ਜਮਾਲ ਸ਼ਾਹ ਜ਼ਬਰਦਸਤ ਖ਼ਾਂ, ਆ ਵੰਗਾਰਿਆ ਜੱਥੇ ਨੂੰ ।

ਅਲੀ ਵਾਂਗੂੰ ਉੱਤਰੇ ਵਚਾਲੇ ਰਣਦੇ, ਜਿਉਂ ਘਟਾ ਪੁਰੇ ਤੋਂ ਚੜ੍ਹੀ ।
ਸ਼ੇਰ ਤੜ੍ਹਾਂ ਮਾਰਦੇ ਖੜ੍ਹੋਤੇ ਰਣ ਮੇਂ, ਨਜ਼ਮ ਜੰਗ ਦੀ ਪੜ੍ਹੀ ।
ਤੇਗ਼ਾਂ ਵਹੌਂਦੇ ਪੱਚਰੇ ਉਡੌਂਦੇ ਮਸਤ ਖ਼ਾਂ, ਲੈ ਸੁਨਹਿਰੀ ਹੱਥੇ ਨੂੰ ।
ਰੁਸਤਮ ਜਮਾਲ ਸ਼ਾਹ ਜ਼ਬਰਦਸਤ ਖ਼ਾਂ, ਆ ਵੰਗਾਰਿਆ ਜੱਥੇ ਨੂੰ ।

ਅਭੀ ਫ਼ੌਜਾਂ ਆ ਗੀਆਂ ਕੰਧਾਰੋਂ ਗਿੱਬੀਆਂ, ਰੱਤੇ ਮੂੰਹ ਨੱਕ ਥੋਬੇ 'ਜ੍ਹੇ ।
ਲੋਥਾਂ ਦੀਆਂ ਦਿੱਤੀਆਂ ਉਸਾਰ ਟਿੱਬੀਆਂ, ਬਣੇ ਲਹੂ ਦੇ ਟੋਭੇ 'ਜ੍ਹੇ ।
ਲਗ ਗੇ ਵੱਢਣ ਖਾਂਦੇ ਨਾ ਸ਼ਕਸਤ ਖ਼ਾਂ, ਜਿਉਂ ਸੀਜ਼ਰ ਸਨੱਥੇ ਨੂੰ ।
ਰੁਸਤਮ ਜਮਾਲ ਸ਼ਾਹ ਜ਼ਬਰਦਸਤ ਖ਼ਾਂ, ਆ ਵੰਗਾਰਿਆ ਜੱਥੇ ਨੂੰ ।

ਦੀਪ ਸਿੰਘ ਮਾਲਕ ਕਿਸੇ ਨੂੰ ਜੇਤ ਦੇ, ਥਾਪੜਲੀ ਹਿੱਕ ਮੈਂ ।
ਆਖਦਾ ਜਮਾਲ ਵਿੱਚ ਆਜਾ ਖੇਤ ਦੇ, ਇੱਕ ਤੂੰ ਤੇ ਇੱਕ ਮੈਂ ।
ਦੇਣਾ ਨਾ ਵੜਨ ਇੰਦਰ ਪ੍ਰਸਤ ਖ਼ਾਂ, ਜੀ ਤੂਫ਼ਾਨ ਲੱਥੇ ਨੂੰ ।
ਰੁਸਤਮ ਜਮਾਲ ਸ਼ਾਹ ਜ਼ਬਰਦਸਤ ਖ਼ਾਂ, ਆ ਵੰਗਾਰਿਆ ਜੱਥੇ ਨੂੰ ।

ਦੋਹਿਰਾ

ਬੜਾ ਦਲੇਰ ਜਮਾਲ ਸ਼ਾਹ, ਔਂਦਾ ਨਹੀਂ ਸ਼ੁਮਾਰ ।
ਦੀਪ ਸਿੰਘ ਸਰਦਾਰ ਨੂੰ, ਰਣ ਵਿੱਚ ਰਿਹਾ ਵੰਗਾਰ ।

ਤਰਜ ਗੱਡੀ-੧੦

ਦੀਪ ਸਿੰਘ, ਸ਼ਾਹ ਜਮਾਲ ਲੜਾਕੇ, ਉੱਤਰੇ ਵਿਚਾਲੇ ਰਣ ਦੇ ।
ਸ਼ਾਹ ਜਮਾਲ ਦੀ ਜਵਾਨੀ ਭਰਮੀ, ਦੀਪ ਸਿਉਂ ਪਚਾਸੀ ਸਾਲ ਦਾ ।
ਆਕੇ ਖੜ੍ਹੀਆਂ ਪਲਟਣਾਂ ਲੌਣੇ, ਵੇਖਦੇ ਤਮਾਸ਼ੇ ਯੁੱਧ ਦੇ ।
ਇੱਕ ਤਰਫ਼ ਸਿੰਘਾਂ ਦੀਆਂ ਪੁਰੀਆਂ, ਦੂਜੇ ਦਾ ਪਠਾਣ ਕਾਬਲੀ ।
ਸਿੰਘ ਸੂਰਮਾ ਬੜਾ ਫੁਰਤੀਲਾ, ਫਿਰਦਾ ਵਖੌਂਦਾ ਪੈਂਤਰੇ ।
ਜ਼ਹਿਰ ਘੋਲਦਾ ਦੋਧਾਰਾ ਬਰਛਾ, ਲੜ ਜੂ ਉਡਾਰੀ ਮਾਰ ਕੇ ।
ਗੇੜੇ ਕੱਢਦਾ ਦੁਰਾਨੀ ਭਾਰਾ, ਨਾਗ ਦੇ ਸਮਾਨ ਛੂਕਰੇ ।
ਹੀਰੇ ਜੜੇ 'ਵੇ ਸੁਨਹਿਰੀ ਮੁਠਤੇ, ਬਿਜਲੀ ਸਮਾਨ ਲਸ਼ਕੇ ।
ਸਰਦਾਰ ਜੀ ਖੰਡੇ ਨੂੰ ਤੋਲੇ, ਮੁੱਖ 'ਚੋਂ ਜੈਕਾਰੇ ਬੋਲਕੇ ।
ਅੱਖਾਂ ਕੌੜੀਆਂ ਮੁਛਹਿਰੇ ਫਰਕੇ, ਧੌਣਾਂ ਦੀ ਖੜੋਗੀ ਝੰਡ ਜੀ ।
ਚੱਕ ਫਿਰਦਾ ਫਿਰਦਾ ਹੱਥਾਂ ਤੇ ਵੱਢਦਾ, ਗੱਭਰੂ ਮੁਕਾਬਲੇ ਦਾ ।
ਗੋਰੇ ਹੱਥ 'ਚ ਭਵਾਨੀ ਫਬਦੀ, ਚਕਦਾ ਪਠਾਣ ਚੁੰਗੀਆਂ ।
ਦੀਪ ਸਿੰਘ ਨੇ ਬਣਾਤੇ ਟੋਟੇ, ਬਰਛਾ ਖਬੋਦੇ ਖੱਪਦੇ ।
ਖੰਡਾ ਧੂਹ ਲਿਆ ਲਹੂ ਦਾ ਲਿਬੜਿਆ, ਹਿੱਕ 'ਚ ਬਣਾਈਆਂ ਮੋਰੀਆਂ ।
ਖ਼ਾਨ ਮਾਸ ਦੇ ਬਣਾਤੇ ਗਤਲੇ, ਤਿਰਛੀ ਕਟਾਰੀ ਮਾਰਕੇ ।
ਜਾਣੀ ਫੁੱਟ ਪੇ ਜਿਸਮ 'ਚੋਂ ਸੋਮੇ, ਵਗਦੇ ਘਰਾਲ ਰੱਤ ਦੇ ।
ਜੁਆਨ ਘੁਕਦੇ ਬਰੋਲਿਆਂ ਵਾਂਗੂੰ, ਰੱਬ ਨੇ ਕਰਾਤੇ ਟਾਕਰੇ ।
ਦੀਪ ਸਿੰਘ ਦੇ ਚੁਸਤ ਹੱਥ ਚਲਦੇ, ਰੋਕ ਕੇ ਚਲੌਂਦਾ ਬਰਛਾ ।
ਭੁਜਾਂ ਥੱਕੀਆਂ ਥਿਬਕਦਾ ਫਿਰਦਾ, ਗੱਭਰੂ ਕੰਧਾਰ ਵਲ ਦਾ ।
ਦੋਵੇਂ ਡਿੱਗੀਆਂ ਜ਼ਿਮੀਂ ਤੇ ਕਿਰਚਾਂ, ਧੌਣਾਂ ਦੇ ਵਚਾਲੇ ਵੱਜਕੇ ।
ਸਲਵਾਰ 'ਚੋਂ ਨੁਚੜਦਾ ਮੈਲਾ, ਲਿਬੜਿਆ ਕਛਹਿਰਾ ਸਿੰਘ ਦਾ ।
ਵਾਰ ਚੱਲਗੇ ਦੋਹਾਂ ਦੇ ਸਾਂਝੇ, ਧੜਾਂ ਤੋਂ ਉਤਾਰੇ ਸੀਸ ਗਏ ।
ਵਜੇ ਦਮ ਦੇ-ਦਮਦੇ, 'ਬਾਬੂ ਜੀ' ਦਲੇਰ ਸੂਰਮੇ, ਨਾ ਨਿਤ ਜਮਦੇ ।

ਦੋਹਿਰਾ

ਕਹਿਣ ਬਿਰਧ ਦੇ ਨਾਲ ਦੇ, ਗਿਆ ਜ਼ਬਾਨੋਂ ਹਾਰ ।
ਗੂਹੜੀ ਨੀਂਦਰ ਸੌਂ ਗਿਆ, ਕਰਕੇ ਕੌਲ-ਕਰਾਰ ।

ਤਰਜ ਦੋਤਾਰਾ-੧੧

ਸਿੰਘ ਤਾਹਨੇ ਮਾਰਦੇ ਸੀ, ਰਹਿ ਗਿਆ ਰਾਹੇ ਸੂਰਮਾ ਬਾਬਾ ।
ਮੁਰਝਾ ਗਿਆ ਖਿੜ੍ਹਕੇ ਤੇ, ਮਾਰਕੇ ਮਹਿਕ ਫੁੱਲਾਂ ਦਾ ਛਾਬਾ ।
ਇੱਕ ਮਾਰ ਹਬਕਲੀ ਤੂੰ, ਅਜੇ ਨਾ ਖੋਹਲ ਸੌਣ ਨੂੰ ਤਣੀਆਂ ।
ਲਾਦੇ ਪੱਤਣ ਡੁਬਦਿਆਂ ਨੂੰ, ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆਂ ।

ਸਾਨੂੰ ਕਰੇਂ ਤਾਕੀਦਾਂ ਤੂੰ, ਉਰੇ ਨਾ ਗਿਰਨਾ ਤਾਲ ਪਰ ਸੌਣਾ ।
ਕਰ ਕੌਲ ਜ਼ਬਾਨੋਂ ਤੂੰ, ਲੇਟ ਗਿਆ ਰਾਹੇ ਕਟਾਕੇ ਧੌਣਾਂ ।
ਗਿਆ ਡੋਬ ਵਚਾਲੇ ਤੂੰ, ਹੌਂਸਲੇ ਢਹਿਗੇ ਛਾਤੀਆਂ ਛਣੀਆਂ ।
ਲਾਦੇ ਪੱਤਣ ਡੁਬਦਿਆਂ ਨੂੰ, ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆਂ ।

ਤੇਰੀ ਮੰਜ਼ਲ ਦੁਰੇਡੀ ਐ, ਅਜੇ ਇੱਕ ਕੋਹ ਦਾ ਫ਼ਾਸਲਾ ਰਹਿੰਦਾ ।
ਬਾਬਾ ਪਹੁੰਚ ਟਕਾਣੇ ਤੇ, ਬੋਲ ਕਰ ਪੂਰਾ ਬਿਨਾ ਸ਼ੱਕ ਢਹਿੰਦਾ ।
ਉੱਠ ਮਾਰ ਥਬੂਕਾ ਤੂੰ, ਸੁੱਤੇ ਨੂੰ ਦੇਰਾਂ ਹੋਗੀਆਂ ਘਣੀਆਂ ।
ਲਾਦੇ ਪੱਤਣ ਡੁਬਦਿਆਂ ਨੂੰ, ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆਂ ।

ਖੜਾ ਹੋ ਜਾ ਮਲਕ ਦੇ ਤੂੰ, ਜ਼ਰਾ ਭਾਰ ਦੇ ਕੇ ਸਹਾਰੇ ਲੱਤ ਕੇ ।
ਬਾਬਾ ਬਦਲ ਪੈਂਤੜਾ ਤੂੰ, ਅਗਾਂਹ ਨੂੰ ਵਧਜਾ ਖੇਲ੍ਹਦਾ ਗੱਤਕੇ ।
ਲਾਦੇ ਢੇਰ ਪਠਾਣਾਂ ਦੇ, ਜਿਸਮ 'ਚੋਂ ਗਿਰਨ ਲਹੂ ਦੀਆਂ ਕਣੀਆਂ ।
ਲਾਦੇ ਪੱਤਣ ਡੁਬਦਿਆਂ ਨੂੰ, ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆਂ ।

ਕੁਝ ਨਜ਼ਰ ਆਂਵਦਾ ਨਾ, ਸਾਹਮਣਿਓਂ ਚੜ੍ਹਗੀ ਜ਼ੁਲਮ ਦੀ ਨ੍ਹੇਰੀ ।
ਹਰਿਮੰਦਰ ਛੁਡੌਣਾ ਸੀ, ਪਿਤਾ ਜੀ ਬੜੀ ਜ਼ਰੂਰਤ ਤੇਰੀ ।
ਸਾਰਾ ਬਣਿਆ ਸਿਊਨੇ ਦਾ, ਛੱਤਾਂ ਹੇਠ ਲਟਕੇ ਲਾਲ ਤੇ ਮਣੀਆਂ ।
ਲਾਦੇ ਪੱਤਣ ਡੁਬਦਿਆਂ ਨੂੰ, ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆਂ ।

ਮਾਰ-ਮਾਰ ਪਠਾਣਾਂ ਨੂੰ, ਪਹੁੰਚ ਜਾ ਅੰਮ੍ਰਿਤਸਰ ਵਿਚ ਕੁੱਦ ਦਾ ।
ਜਗਮੇਲ, ਬਸੰਤ ਸਿਆਂ, ਜਾਂਵਦਾ ਟੈਮ ਗੁਜ਼ਰਦਾ ਜੁੱਧ ਦਾ ।
ਬੜਾ ਜੋਸ਼ ਝੜਾਵਣ ਜੀ, ਸ਼ੈਰੀਆਂ ਓਵਰ ਸੀਅਰ ਦੀਆਂ ਬਣੀਆਂ ।
ਲਾਦੇ ਪੱਤਣ ਡੁਬਦਿਆਂ ਨੂੰ, ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆਂ ।

ਦੋਹਿਰਾ

ਖੜ੍ਹਾ ਹੋ ਗਿਆ ਸੂਰਮਾ, ਨਾ ਝਲ ਸਕਦਾ ਤਾਨ ।
ਸੀਸ ਕੱਟੇ ਜੰਗ ਕਰ ਰਿਹਾ, ਦੀਪ ਸਿੰਘ ਬਲਵਾਨ ।

ਔੜਾ-੧੨

(੧)

ਸਾਥ ਦਿਆਂ ਬੋਲੀ ਮਾਰੀ, ਖੁੱਬਗੀ ਜਿਉਂ ਤੇਜ ਕਟਾਰੀ ।
ਜੋਸ਼ ਨਾਲ ਭਰ ਗਿਆ ਜੁੱਸਾ, ਬਿਰਧ ਨੂੰ ਆ ਗਿਆ ਗੁੱਸਾ ।
ਦੋਵੇਂ ਬਾਜ਼ੂ ਫ਼ਰਕ ਰਹੇ ਜੀ ਉਹਨੇ,
ਗੋਡਣੇ ਜ਼ਮੀਨ ਉਤੇ ਧਰਕੇ, ਹਰਖ ਨਾਲ ।
ਉਠਿਆ ਬਾਹਾਂ ਦਾ ਜ਼ੋਰ ਕਰਕੇ ਹਰਖ ਨਾਲ ।
ਦੀਪ ਸਿੰਘ ਬਾਬਾ ਧਰਮੀ, ਪਿੰਡੇ ਨੂੰ ਆਗੀ ਗਰਮੀ ।
ਲੱਗਿਆ ਸੀ ਲੌਣ ਸਮਾਧੀ, ਇੱਕ ਵਾਰੀ ਜੁੰਬਸ਼ ਖਾਧੀ ।
ਸੀਸ ਕੱਟਿਆ ਹੱਥ ਤੇ ਧਰੇ ਜੀ ਬਾਬਾ,
ਮਲਕ-ਮਲਕ ਉੱਠ ਖੜਦਾ, ਮੰਦਰ ਤੱਕ ।
ਸੀਸ ਕੱਟਿਆ ਗਿਆ ਧੜ ਲੜਦਾ, ਮੰਦਰ ਤੱਕ ।

(੨)

ਖਾਕੇ ਤਿੰਨ ਵਾਰੀ ਡੋਲੇ, ਹੱਥ ਦੇ ਵਿਚ ਖੰਡਾ ਤੋਲੇ,
ਬਾਹਾਂ ਨੂੰ ਦੇਕੇ ਝੱਟਕੇ, ਪੈਰਾਂ ਨਾਲ ਧਰਤੀ ਪੱਟਕੇ ।
ਅੱਗੋਂ ਸੀ ਸ਼ਕਾਰ ਨਿਕਲਿਆ ਤੇ ਵੇਖ,
ਰੋਹ ਜੇ ਚੜ੍ਹਗੇ, ਬਘਿਆੜ ਵਾਂਗੂੰ ।
ਉਹਦੇ ਰੋਮ ਜੇ ਗਿੱਚੀ ਦੇ ਸਾਰੇ ਖੜਗੇ, ਬਘਿਆੜ ਵਾਂਗੂੰ ।
ਸੰਭਲ ਕੇ ਵਧਦਾ ਅਗਾਹਾਂ, ਲੋਹੇ ਦੀਆਂ ਬਣੀਆਂ ਬਾਹਾਂ,
ਲੱਗਗੇ ਅੰਗ ਫਰਕਣ ਸਾਰੇ, ਸੱਪ ਦੇ ਵਾਂਗ ਮਾਰ ਫੁੰਕਾਰੇ ।
ਰਣਾਂ ਵਿਚ ਘੁਕਦਾ ਫਿਰੇ ਜੀ,
ਸਿਰੀ ਸਾਹਿਬ ਜਚਾਕੇ ਹੱਥ ਫੜਦਾ, ਮੰਦਰ ਤੱਕ ।
ਸੀਸ ਕੱਟਿਆ ਗਿਆ ਧੜ ਲੜਦਾ, ਮੰਦਰ ਤੱਕ ।

(੩)

ਕਾਬਲੀ ਪੌਣ ਕਕਾਰਾ, ਸੂਰਮਾ ਸਿਰ ਤੋਂ ਬਾਹਰਾ,
ਕੋਈ ਨਾ ਖੜ੍ਹਦਾ ਅੱਗੇ, ਅਹੇ 'ਜ੍ਹੇ ਸ਼ੇਰ ਬੱਗੇ,
ਔਣ ਨਾ ਨਜ਼ਰ ਜੱਗ ਤੇ ਜੀ,
ਕਿਤੇ ਜੰਮਣ ਵਿਰਲੀਆਂ ਮਾਂਵਾਂ, ਜਹਾਨ ਵਿੱਚ ।
ਜਿੱਥੇ ਖੜ੍ਹਨ ਸੋਂਹਦੀਆਂ ਥਾਵਾਂ, ਜਹਾਨ ਵਿੱਚ ।
ਬਾਬੇ ਨੇ ਕਰਤੇ ਹਮਲੇ, ਡੇਗ ਤੇ ਉਸਰੇ ਥਮ੍ਹਲੇ,
ਰਣ ਦੇ ਵਿੱਚ ਛੀੜਾਂ ਕਰੀਆਂ, ਸਿਟੀ ਗਿਆ ਵੱਢ-ਵੱਢ ਭਰੀਆਂ ।
ਲਹੂ ਨਾਲ ਲਿਬੜ ਗਿਆ ਸੀ,
ਖੰਡਾ ਜਾਵੇ ਰਬੜ ਵਾਂਗੂੰ ਵਢਦਾ, ਮੰਦਰ ਤੱਕ ।
ਸੀਸ ਕੱਟਿਆ ਗਿਆ ਧੜ ਲੜਦਾ, ਮੰਦਰ ਤੱਕ ।

(੪)

ਰੱਤ ਦੇ ਵਗੇ ਵਾਟਰ ਕੋਰਸ, ਲੜਦਾ ਜਿਉਂ ਰਾਜਾ ਪੋਰਸ,
ਖਾ ਗਿਆ ਖ਼ੌਫ਼ ਸਕੰਦਰ, ਦਿਸਦਾ ਨਾ ਨੇੜੇ ਮੰਦਰ,
ਮਾਲਵੇ ਲੜਾਕੇ ਦੇਸ਼ ਦੇ ਜੀ ਸਾਰੇ ਜੁਆਨ
ਖਾਂਵਦੇ ਖਵ੍ਹੀਆਂ, ਚਿਤਰਿਆਂ ਨੂੰ,
ਥਿਆਗੇ ਹਰਨ ਹਰਨੀਆਂ ਲਵੀਆਂ, ਚਿਤਰਿਆਂ ਨੂੰ ।
ਬੇਰੀਆਂ ਵਾਂਗੂੰ ਝੰਬਣ, ਕਾਬਲੀ ਥਰ-ਥਰ ਕੰਬਣ,
ਨੱਕ ਦੇ ਨਾਲ ਕੱਢਦੇ ਲੀਕਾਂ, ਅੰਮ੍ਰਿਤਸਰ ਸੁਣਦੀਆਂ ਚੀਕਾਂ,
ਫਿਰਦੇ ਪਠਾਣ ਘਾਬਰੇ ਜੀ ।
ਚੱਲੇ ਰਿਵਰ ਲਹੂ ਦੇ ਹੜ੍ਹਦਾ, ਮੰਦਰ ਤੱਕ ।
ਸੀਸ ਕੱਟਿਆ ਗਿਆ ਧੜ ਲੜਦਾ, ਮੰਦਰ ਤੱਕ ।

(੫)

ਖਹਿਕੇ ਜ਼ੋਰ ਲਾ ਲਿਆ ਬਾਂਸਾਂ, ਲਤੜਦੇ ਜਾਂਦੇ ਲਾਸ਼ਾਂ,
ਛੱਪੜ ਬਲੱਡ ਨਾ ਝਲਦੇ, ਜਾਣ ਪਰਛਾਵੇਂ ਢਲਦੇ,
ਥਿਰੀ ਬਟੇ ਫੋਰ ਮਾਰ ਤੇ ਸੀ ।
ਬਾਕੀ ਵੈਰੀ ਘੇਰ ਕੇ ਲਿਆਂਦੇ, ਲਾਹੌਰ ਵੱਲ ।
ਰਾਸ਼ੇ ਪਸ਼ਤੋ ਮਾਰਦੇ ਜਾਂਦੇ, ਲਾਹੌਰ ਵੱਲ ।
ਲਾਜ ਰੱਖੀ ਮਾਂ ਦੇ ਦੁੱਧ ਦੀ, ਪੱਟ ਲੀ ਝੰਡੀ ਜੁੱਧ ਦੀ ।
ਜਾਕੇ ਪਰਕਮਿਆਂ ਕੋਲੇ, ਬਾਬੇ ਨੇ ਛਡਤੇ ਚੋਲੇ,
ਅੰਦਰ ਵਗਾਤਾ ਸੀਸ ਨੂੰ ਜੀ ।
'ਬਾਬੂ' ਰੱਖ ਲਿਆ ਸੱਚੇ ਨੇ ਪੜਦਾ, ਮੰਦਰ ਤੱਕ ।
ਸੀਸ ਕੱਟਿਆ ਗਿਆ ਧੜ ਲੜਦਾ, ਮੰਦਰ ਤੱਕ ।

ਬੈਂਤ-੧੩

ਜੰਗ ਜਿੱਤ ਲਿਆ ਸਿੰਘ ਬਹਾਦਰਾਂ ਨੇ,
ਲਏ ਸਾਂਭ ਅਸਬਾਬ ਸ਼ਤਾਬ ਦੇ ਜੀ ।

ਸੱਭੇ ਉੱਤਰੇ ਆਣਕੇ ਸ਼ਹਿਰ ਲੌਣੇ,
ਤੰਬੂ ਲੱਗ ਗੇ ਪਾਸ ਤਲਾਬ ਦੇ ਜੀ ।

ਪੌਂਦੇ ਜੱਫੀਆਂ ਜੁਆਨ ਇਕ ਦੂਸਰੇ ਨੂੰ,
ਮੁੱਖ ਟਹਿਕਦੇ ਵਾਂਗ ਗੁਲਾਬ ਦੇ ਜੀ ।

ਮਿਲਣ ਕੁੱਲ ਦੁਕਾਨਦਾਰ ਡਾਲੀਆਂ ਲੈ,
ਖ਼ੁਸ਼ੀ ਔਂਦੀ ਨਾ ਬੀਚ ਹਸਾਬ ਦੇ ਜੀ ।

ਦੇਣ ਰਾਤ ਨੂੰ ਬਾਲ ਚਰਾਗ਼ ਘਿਉ ਦੇ,
ਹੋਵੇ ਰੌਸ਼ਨੀ ਵਾਂਗ ਮਤ੍ਹਾਬ ਦੇ ਜੀ ।

ਖ਼ਬਰ ਜੇਤ ਦੀ ਪਹੁੰਚਗੀ ਦੇਸ਼ ਅੰਦਰ,
ਲੋਕ ਖ਼ੁਸ਼ੀ ਮਨੌਣ ਪੰਜਾਬ ਦੇ ਜੀ ।

ਗੁਰ ਧਾਮ ਅਜ਼ਾਦ ਕਰਾ ਲਿਆ ਸੀ,
ਮੁੱਖ ਮੋੜਤੇ ਖ਼ਾਨ ਖ਼ਰਾਬ ਦੇ ਜੀ ।

ਸਾਰੇ ਤਰਫ਼ ਲਾਹੌਰ ਦੀ ਕੂਚ ਕਰਗੇ,
ਜੁਆਨ ਖ਼ਾਨ ਜਹਾਨ ਨਵਾਬ ਦੇ ਜੀ ।

ਕਹਿੰਦੇ ਫੇਰ ਨੀ ਔਣ ਦਾ ਨਾਮ ਲੈਂਦੇ,
ਗਏ ਕੁੱਲ ਪਠਾਣ ਜਵਾਬਦੇ ਜੀ ।

ਗੱਲ ਜਾਦ ਕਰਕੇ ਜਿਹੜੇ ਸੂਰਮਿਆਂ ਦੀ,
ਡਰਦੇ ਹੋਣਗੇ ਵੀਚ ਖੁਆਬ ਦੇ ਜੀ ।

ਮਿਲੀ ਜੰਗ ਮੇਂ ਹਾਰ ਦੁਰਾਨੀਆਂ ਨੂੰ,
ਜਿਤੇ ਸ਼ੇਰ ਦਸਮੇਸ਼ ਜਨਾਬ ਦੇ ਜੀ ।

'ਰਜਬਲੀ' ਕਸੂਰ ਮੁਆਫ਼ ਕਰਨਾ,
ਰਹਿ ਗਿਆ ਫਰਕ ਜੇ ਵਿੱਚ ਕਿਤਾਬ ਦੇ ਜੀ ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.