A Literary Voyage Through Time

1

ਰੱਬ ਬਿਅੰਤ ਅਪਾਰ ਦਾ, ਕਿਸੇ ਅੰਤ ਨ ਪਾਇਆ
ਤੇ ਕਹਿ ਕੇ ਲਫ਼ਜ਼ ਉਸ 'ਕੁਨ' ਦਾ, ਸਭ ਜਗਤ ਬਣਾਇਆ
ਆਦਮ ਹੱਵਾ ਸਿਰਜ ਕੇ, ਉਸ ਆਪ ਲਖਾਇਆ
ਕੱਢ ਉਨ੍ਹਾਂ ਨੂੰ ਜੰਨਤੋਂ ਵਿਛੋੜਾ ਪਾਇਆ
ਘੱਤ ਤੂਫ਼ਾਨ ਉਸ ਨੂਹ ਨੂੰ, ਚਾ ਗ਼ਰਕ ਕਰਾਇਆ
ਇਬਰਾਹੀਮ ਖ਼ਲੀਲ ਨੂੰ, ਚਾ ਚਿਖਾ ਚੜ੍ਹਾਇਆ
ਇਸਮਾਈਲ ਉਸ ਬਾਪ ਥੀਂ, ਸੀ ਆਪ ਕੁਹਾਇਆ
ਰੱਖ ਆਰਾ ਸਿਰ ਜ਼ਕਰੀਏ, ਉਸ ਚੀਰ ਵਢਾਇਆ
ਸਿਰ ਯਹੀਏ ਦਾ ਕੱਟ ਕੇ, ਵਿਚ ਥਾਲ ਟਿਕਾਇਆ
ਯੂਨਸ ਨੂੰ ਮੂੰਹ ਮੱਛ ਦੇ, ਉਸ ਨੂੰ ਨਿਗਲਾਇਆ
ਕੀੜੇ ਪਾ ਅਯੂਬ ਨੂੰ, ਉਸ ਤਰਸ ਨ ਆਇਆ
ਤਖ਼ਤੋਂ ਸੁੱਟ ਸੁਲੇਮਾਨ ਨੂੰ, ਉਸ ਭੱਠ ਝੁਕਾਇਆ
ਚਾਲੀ ਸਾਲ ਯਾਕੂਬ ਨੇ, ਰੋ ਹਾਲ ਵੰਞਾਇਆ
ਯੂਸਫ਼ ਜੇਹੇ ਚੰਨ ਨੂੰ, ਚਾ ਖੂਹ ਸੁਟਾਇਆ
ਉਸ ਨੂੰ ਖੂਹੋਂ ਕੱਢ ਕੇ, ਫਿਰ ਕੈਦ ਰਖਾਇਆ
ਤੇ ਈਸੇ ਹੱਥ ਨਸਾਰ ਥੀਂ, ਅਸਮਾਨ ਚੜ੍ਹਾਇਆ
ਮੂਸੇ ਨੂੰ ਕੋਹਤੂਰ ਨੇ, ਮੂੰਹ ਭਾਰ ਸੁਟਾਇਆ
ਦੰਦ ਰਸੂਲ ਕਰੀਮ ਦਾ, ਚ ਭੰਨ ਗਵਾਇਆ
ਹਸਨ ਹੁਸੈਨ ਸ਼ਜਾਦਿਆਂ, ਕਰਬਲਾ ਖਪਾਇਆ
ਪੀਰ ਮੁਹੰਮਦ ਆਖਦਾ, ਵਾਹ ਬਾਰਿ ਖੁਦਾਇਆ
ਕੀਤੀ ਤੇਰੀ ਖੇਲ ਦਾ, ਕਿਸੇ ਅੰਤ ਨਾ ਪਾਇਆ ।1।

2

ਰੱਬ ਸਿਰਜਿਆ ਨਬੀ ਨੂੰ, ਦੇ ਤਾਜ ਸ਼ਹਾਨਾ
ਸਭੇ ਯਾਰ ਰਸੂਲ ਦੇ, ਸਭ ਸਿਰ ਸੁਲਤਾਨਾ
ਅੱਵਲਿ ਯਾਰ ਸਦੀਕ ਹੈ ਜੈਂਦਾ ਸਿਦਕ ਤਵਾਨਾ
ਪਾਇਆ ਫ਼ਰਕ ਫਾਰੂਕ ਨੇ, ਵਿਚ ਮੁਸਲਮਾਨਾ
ਦਿਤਾ ਰੱਬ ਉਸਮਾਨ ਨੂੰ, ਸਭ ਮਾਲ ਖਜ਼ਾਨਾ
ਅਲੀ ਸੀ ਸ਼ੇਰ ਖੁਦਾਇ ਦਾ, ਵਾਹ ਸ਼ੇਰ ਜਵਾਨਾ
ਮਾਰੇ ਘੇਰ ਉਹ ਕਾਫ਼ਰਾਂ, ਲਾ ਖ਼ੂਬ ਨਿਸ਼ਾਨਾ
ਗਏ ਜਹਾਨੋਂ ਸਫ਼ਰ ਕਰ, ਦੇਖਿ ਰਾਹ ਹਕਾਨਾ
ਦੁਨੀਆਂ ਝੂਠੋ ਝੂਠ ਹੈ, ਸਭ ਕੂੜ ਬਹਾਨਾ
ਪੜ੍ਹਿਆ ਲਫ਼ਜ਼ ਇਹ ਮੌਤ ਦਾ, ਅਸਾਂ ਵਿਚ ਕੁਰਾਨਾ ।2।

3

ਖਲਕਤਿ ਰੰਗਾ ਰੰਗ ਦੀ, ਸਭ ਰੱਬ ਉਪਾਈ
ਵਾਰੀ ਆਪੋ ਆਪਣੀ, ਸਭ ਮੌਤ ਲੰਘਾਈ
ਲਿਖੀ ਆਹੀ ਤੋੜ ਦੀ, ਸਭ ਹੋਂਦੀ ਆਈ
ਇਕ ਪੀਰ ਮੁਹੰਮਦ ਨਾਮ ਸੀ, ਧੰਨ ਜੈਂਦੀ ਮਾਈ
ਰਸੂਲ ਨਗਰ ਦਾ ਚੌਧਰੀ, ਭਉ ਦੁਸ਼ਮਨ ਖਾਈ
ਤੇ ਖੇਸ਼ ਕਬੀਲਾ ਆਪਣਾ, ਸਭ ਭੈਣਾਂ ਭਾਈ
ਉਸ ਦੀ ਵਿਚ ਪੰਜਾਬ ਦੇ, ਸੀ ਫਿਰੀ ਦੁਹਾਈ
ਬੰਦਾ ਉਹ ਇਸਲਾਮ ਸੀ, ਵਿਚ ਸਿਦਕ ਸਫ਼ਾਈ
ਮੋਇਆ ਮੂਲ ਨ ਆਖੀਏ, ਨਾਂ ਰਹਿਆ ਜਾਈ
ਪਰ ਅਕਸਰ ਇਸ ਜਹਾਨ ਥੀਂ, ਸਭ ਮੋਏ ਭਾਈ ।3।

4

ਚੜ੍ਹਕੇ ਅਹਿਮਦ ਸ਼ਾਹ ਵੀ, ਕੰਧਾਰੋਂ ਆਇਆ
ਅਟਕੋਂ ਲੰਘ ਉਰਾਰ ਉਸ, ਸਭ ਦੇਸ ਕੰਬਾਇਆ
ਸੁਲਤਾਨ ਮੁਕੱਰਬ ਬਾਦਸ਼ਾਹ, ਗੁਜਰਾਤ ਬਿਠਾਇਆ
ਤੇ ਆਪੂੰ ਮੁੜ ਕੇ ਚੱਲਿਆ, ਜਿਸ ਰਾਹ ਸੀ ਆਇਆ
ਜ਼ਾਲਮ ਸਿਰ ਪਰ ਮਾਰੀਏ, ਜਿਸ ਜ਼ੁਲਮ ਉਠਾਇਆ ।4।

5

ਸਿੰਘ ਨੂੰ ਲਿਖ ਕਰ ਘਲਿਆ, ਖ਼ਤ ਰਹਿਮਤ ਖ਼ਾਂ ਨੇ
ਜ਼ੁਲਮ ਉਠਾਇਆ ਏਸ ਨੇ, ਹੁਣ ਵਿਚ ਜਹਾਨੇ
ਆਓ, ਇਸ ਨੂੰ ਮਾਰੀਏ, ਕਿਸੇ ਨਾਲ ਬਹਾਨੇ
ਲੁਟੀਏ ਮਾਲ ਮਤਾਹ ਤੇ, ਸਭ ਹੋਰ ਖਜ਼ਾਨੇ
ਕੀਤਾ ਕੌਲ-ਕਰਾਰ ਇਹ, ਮੈਂ ਨਾਲ ਜ਼ਬਾਨੇ
ਮੂਲੇ ਸ਼ੱਕ ਨ ਪਾਵਸਾਂ, ਮੈਂ ਵਿਚ ਈਮਾਨੇ
ਜੇ ਦਗ਼ਾ ਹੋਵੇ ਏਸ ਵਿਚ, ਤਾਂ ਕਸਮ ਕੁਰਾਨੇ ।5।

6

ਚੜ੍ਹ ਕੇ ਗੁੱਜਰ ਸਿੰਘ ਜੀ, ਤਦ ਪਾਰੋਂ ਧਾਏ
ਚੌਧਰ ਧਰ ਮਹਾਰਾਜ ਨੇ, ਉਰਾਰ ਲੰਘਾਏ
ਰਹਿਮਤ ਖਾਨ ਅਚਾਨਚੱਕ, ਆ ਅਟਕ ਬਹਾਏ
ਸੁਲਤਾਨ ਮੁਕੱਰਬ ਮਾਰਿਆ, ਸਭ ਮਾਲ ਲੁਟਾਏ
ਫਿਰੀ ਦੁਹਾਈ ਖਾਲਸਾ, ਸਭ ਰਾਜ ਵਧਾਏ
ਹੱਦੀਂ ਆਪੋ ਆਪਣੀ, ਸਭ ਮੁਲਕ ਦਬਾਏ
ਚੰਗੇ ਚੰਗੇ ਆਦਮੀ, ਸਭ ਮਾਰ ਖਪਾਏ
ਕਲਮ ਵੁੜੀ ਤਕਦੀਰ ਦੀ, ਉਸ ਕੌਣ ਮਿਟਾਏ 6।

7

ਉਤੇ ਪੀਰ ਮੁਹੰਮਦੇ, ਸਿੰਘ ਧਰਿਆ ਟਕਾ
ਅੱਗੇ ਪਿੱਛੇ ਓਸ ਦੇ, ਉਹ ਚੜ੍ਹ ਚੜ੍ਹ ਥੱਕਾ
ਜੋ ਮੁਲਕ ਆਹਾ ਇਹ ਖਾਲਸਾ, ਤਦ ਕੀਤਾ ਮੱਕਾ
ਚੜ੍ਹਤ ਸਿੰਘ ਸੀ ਸੂਰਮਾ, ਉਹ ਡਾਢਾ ਪੱਕਾ
ਪਰ ਡਰਦਾ ਮੂਲ ਨ ਉਭਰੈ, ਮਤ ਰਹੈ ਨ ਫ਼ੱਕਾ
ਕਿ ਜੱਟ ਭਲੇਰਾ ਰੱਜਿਆ, ਮਤ ਕਰੇ ਪਿਛੱਕਾ
ਉਹ ਮੋਇਆ ਏਸੇ ਆਰਜ਼ੂ, ਨ ਹੋਇਆ ਸੱਕਾ ।7।

8

ਚੜ੍ਹਤ ਸਿੰਘ ਦੀ ਜਾਨ ਸੀ, ਜਦ ਉਡ ਉਡਾਨੀ
ਰਹਿਆ ਮਹਾਂ ਸਿੰਘ ਸੀ, ਤਦ ਬੁੱਧ ਇਆਨੀ
ਰਾਜ ਕਰਨ ਦੀ ਆਸ ਤੇ, ਦੇਖ ਫਿਰਦਾ ਪਾਣੀ
ਸੋਚੀਂ ਪਏ ਸੀ ਸਿੰਘ ਦੇ, ਜੋ ਨਿਮਕ ਖ਼ਵਾਨੀ ।8।

9

ਦੇਸਾਂ ਦੇਸ ਸਿਪਾਹ ਦੀ, ਗੱਲ ਮੰਨੀ ਪਾਲੀ
ਲਸ਼ਕਰ ਫੌਜ਼ਾਂ ਓਸ ਥੀਂ, ਸਭ ਹੋਏ ਸੁਖਾਲੀ
ਰਾਜ ਕਮਾਇਆ ਓਸ ਨੇ, ਹੋ ਮੁਲਕੇ ਵਾਲੀ
ਏਹਾ ਦਿਖਾਇਆ ਹੌਂਸਲਾ, ਝਾਲ ਕਿਨੈ ਨ ਝਾਲੀ ।9।

10

ਜੁਆਨ ਹੋਇ ਮਹਾਂ ਸਿੰਘ ਨੇ, ਜਦ ਸੁਰਤਿ ਪਛਾਨੀ
ਸਾੜੀ ਮਾਂ ਉਸ ਮਾਰ ਕੇ, ਗੱਲ ਕਰੀ ਇਆਨੀ
ਫਿਰੀ ਦੁਹਾਈ ਓਸ ਦੀ, ਸਭ ਕੁੰਟੀਂ ਥਾਨੀ
ਵੈਰ ਉਠਾਇਆ ਮੁਲਕ ਦਾ, ਉਸ ਨਾਲ ਬਰਾਨੀਂ
ਟਕੇ ਲਏ ਉਸ ਜੰਮੂਉਂ, ਤਾ ਲੂਣ ਮਿਆਨੀ
ਪਰ ਦੇਣੇ ਵਾਲਾ ਰੱਬ ਸੀ, ਉਸ ਐਵੇਂ ਠਾਨੀ ।10।

11

ਗੱਜਣ ਮਹਾਂ ਸਿੰਘ ਦੇ, ਮੈਦਾਨੀਂ ਘੋੜੇ
ਲਸ਼ਕਰ ਫੌਜਾਂ ਓਸ ਨੇ, ਸੰਜੋਆਂ ਜੋੜੇ
ਆਕੀ ਕੋਈ ਨ ਛੱਡਿਆ, ਉਸ ਸਭੇ ਤੋੜੇ
ਫਤਹ ਹੋਵੇ ਅਜ਼ਗੈਬ ਦੀ, ਉਹ ਜਿਤ ਵਲ ਦੌੜੇ
ਜੇਹਾ ਕੋਈ ਨ ਜੰਮਿਆਂ, ਮੂੰਹ ਉਸ ਦਾ ਮੋੜੇ
ਪਰ ਧੰਨ ਚੱਠਾ ਜੰਮਣਹਾਰੀਏ, ਮਾਂ ਜੰਮੇ ਥੋੜੇ
ਉਸ ਦੇ ਜੇਹੇ ਆਦਮੀ, ਘਟ ਲਭਸਨ ਲੋੜੇ ।11।

12

ਪੀਰ ਮੁਹੰਮਦ ਚੱਲਿਆ, ਕਰ ਸਫ਼ਰ ਤਿਆਰੀ
ਰੁਸਤਮ ਮਾਊਂ ਜੰਮਿਆਂ, ਜਿਨ ਦੂਜੀ ਵਾਰੀ
ਦੌਲਤ ਦੁਨੀਆਂ ਦੀਨ ਦੀ, ਉਹ ਆਹੀ ਸਾਰੀ
ਦੁਨੀਆਂ ਨਾਲ ਨ ਵੰਞਣਾ, ਦੀਨ ਆਵੈ ਕਾਰੀ
ਤੇ ਦੁਨੀਆਂ ਆਖ਼ਰ ਛੱਡਣੀ, ਪਰ ਨਾਲ ਖੁਆਰੀ
ਦੁਨੀਆਂ ਬਣੇ ਨ ਕਿਸੇ ਦੀ, ਨਾ ਰਖਦੀ ਯਾਰੀ ।12।

13

ਜੇ ਸਾਨੀ ਹੋਵੇ ਜ਼ੋਰ ਦਾ, ਤਾਂ ਜ਼ੋਰ ਅਜ਼ਮਾਈਏ
ਜੇ ਕੁੱਵਤ ਹੋਵੇ ਭਾਰ ਦੀ, ਤਾਂ ਸਿਰ ਪਰ ਚਾਈਏ
ਜਦ ਆਪੂੰ ਕੰਮ ਵਿਗਾੜੀਏ, ਨਾ ਪਛੋਤਾਈਏ
ਦੇਖ ਫੂਸ ਦੀ ਛਪਰੀ, ਨਾ ਆਤਸ਼ ਲਾਈਏ
ਜੇ ਵੈਰੀ ਸਿਰ ਪਰ ਉੱਭਰੇ, ਤਾਂ ਜਾਨ ਬਚਾਈਏ
ਘਰ ਮੌਤੇ ਦੇ ਚਲਕੇ, ਨ ਆਪੇ ਜਾਈਏ
ਜੀਵਣ ਥੋੜਾ ਢੂੰਡੀਏ, ਤਾਂ ਮਹੁਰਾ ਖਾਈਏ ।13।

14

ਹੋਇਆ ਪੀਰ ਮੁਹੰਮਦੇ, ਗੁਲਾਮ ਅਗੇਰੇ
ਉਸ ਦੀ ਕੀਤੀ ਗੱਲ ਨੂੰ, ਕੋਈ ਮੂਲ ਨ ਫੇਰੇ
ਬਾਦਸ਼ਾਹੀ ਦੇ ਸਿਲਸਿਲੇ, ਸਭ ਉਸ ਦੇ ਡੇਰੇ
ਕਹਿੰਦਾ ਸੀ ਉਹ ਰਾਜਿਆ, ਹੋ ਬਹੋ ਪਰੇਰੇ
ਜੇਹਾ ਕੋਈ ਨ ਜਮਮਿਆ, ਜੋ ਉਸ ਨੂੰ ਛੇੜੇ
ਤੇ ਪਿਆ ਮਹਾਂ ਸਿੰਘ ਸੀ, ਇਕ ਉਸ ਦੇ ਝੇੜੇ
ਦਿਹੀਂ ਰਾਤੀਂ ਓਸ ਨੂੰ, ਉਹ ਲੱਗਾ ਹੇਰੇ ।14।

15

ਦੌਲਤ ਦੁਨੀਆਂ ਮਾਨ ਧਨ, ਉਸ ਆਹਾ ਵਾਫਰ
ਤੇ ਦੌਲਤ ਦੁਨੀਆਂ ਦੇਖਕੇ, ਸੋ ਆਹੇ ਚਾਕਰ
ਮੁਲਕ ਦਬਾਇਆ ਓਸ ਨੇ, ਲਾ ਜਿਹਲਮ ਤਾਕਰ
ਦੌਲਤ ਵਾਲਾ ਦੌਲਤੋਂ, ਨਾ ਹੁੰਦਾ ਸ਼ਾਕਰ
ਅਕਸਰ ਬਹੁਤੇ ਏਸ ਥੀਂ, ਹੋ ਮਰਦੇ ਕਾਫ਼ਰ
ਪਰ ਚੰਗਾ ਜਿਹਦਾ ਖ਼ਮੀਰ ਹੈ, ਉਹ ਚੰਗਾ ਆਖ਼ਰ ।15।

16

ਜਦ ਡਿੱਠਾ ਮਹਾਂ ਸਿੰਘ ਨੇ, ਉਸ ਰਾਜ ਵਧੰਦਾ
ਕਾਵੜ ਖਾਧੀ ਓਸ ਨੇ, ਕਰ ਦੀਦਾ ਮੰਦਾ
ਮਤ ਇਹ ਅੰਦਰ ਮੁਲਕ ਦੇ, ਚਾ ਲਾਏ ਡੰਗਾ
ਇਹ ਵੀ ਇਕ ਨਵਾਬ ਹੈ, ਇਸ ਮੁਲਕੇ ਸੰਦਾ
ਸਿਰ ਦਾ ਦਰਦ ਪਛਾਣਕੇ, ਕੁਝ ਕਰੀਏ ਧੰਦਾ
ਨਹੀਂ ਤਾਂ ਮਗਜ਼ ਦਿਮਾਗ਼ ਦਾ, ਸਭ ਹੋਸੀ ਗੰਦਾ ।16।

17

ਹੀਲਾ ਕਰੀਏ ਤਦੋਂ, ਜਦੋਂ ਕੁਝ ਜਾਏ ਕੀਤਾ
ਮਤ ਪਾੜ ਅਵੱਲਾ ਪਾੜੀਏ, ਨਾ ਜਾਏ ਸੀਤਾ
ਕਿਉਂ ਆਕਲ ਕੰਮ ਵਿਗਾੜਦਾ, ਹੋ ਚੁਪ-ਚੁਪੀਤਾ
ਤੇ ਮਤ ਇਹ ਦੌੜੇ ਜੰਗ, ਲੈ ਹਥਿਆਰ ਪਲੀਤਾ
ਜੇ ਮੁਲਕ ਵੰਞਾਈਏ ਹੱਥ ਥੀਂ, ਨਾ ਜਾਏ ਲੀਤਾ
ਜੰਗ ਪਿਆਲਾ ਜ਼ਹਿਰ ਦਾ, ਮਤ ਚਾਹੀਏ ਪੀਤਾ ।17।

18

ਘੱਲੇ ਮਹਾਂ ਸਿੰਘ ਨੇ, ਕੁਝ ਨੌਕਰ ਖਾਸੇ
ਜਾਓ ਤੁਸੀਂ ਸ਼ਿਤਾਬ ਹੀ, ਗੁਲਾਮੇ ਪਾਸੇ
ਮੰਗੋ ਟਕੇ ਸਭ ਓਸ ਥੀਂ, ਕਿਸੇ ਨਾਲ ਕਿਆਸੇ
ਜਾਂ ਬੰਨ੍ਹ ਲਿਆਓ ਓਸ ਨੂੰ, ਕਿਸੇ ਨਾਲ ਦਿਲਾਸੇ
ਜੱਟ ਫੱਟ ਬਿਨ ਬੱਧਿਆਂ ਨਾ ਆਵੇ ਰਾਸੇ
ਰਾਜੇ ਰਾਜਿਆਂ ਲਹੂ ਦੇ ਨਿਤ ਰਹਿਣ ਪਿਆਸੇ
ਖੂਨ ਕਰੇਂਦੇ ਸਕਿਆਂ ਕਰ ਜਾਣਨ ਹਾਸੇ ।18।

19

ਰਾਜ ਪਿਆਰੇ ਰਾਜਿਆਂ, ਵੀਰ ਦੁਪਰਿਆਰੇ
ਪੀਂਦੇ ਰੱਤ ਉਹ ਜਾਨੀਆਂ, ਹੋ ਘੂਰੇ ਘਾਰੇ
ਰਾਜੇ ਅਕਸਰ ਰਾਜਿਆਂ ਨੂੰ, ਮਾਰਨਹਾਰੇ
ਖੁਸਰੋ ਕੁੱਠਾ ਪੁਤਰੇ, ਗੱਲ ਆਲਮ ਸਾਰੇ
ਮਾਰਿਆ ਆਲਮਗੀਰ ਨੇ, ਉਸ ਭਾਈਚਾਰੇ
ਡਾਢੇ ਨਾਲ ਮੁਕਾਬਲਾ, ਨ ਆਵੇ ਵਾਰੇ
ਤੂੰ ਆਖ ਹਕੀਕਤ ਅਗਲੀ, ਹੋਰ ਛਡ ਪਸਾਰੇ ।19।

20

ਚਾਕਰ ਮਹਾਂ ਸਿੰਘ ਦੇ, ਜਾ ਮੀਏਂ ਅੱਗੇ
ਕੁਲ ਹਕੀਕਤ ਸਿੰਘ ਦੀ ਸਭ ਦੱਸਣ ਲੱਗੇ
ਦੇਹੋ ਹਾਸਲ ਮੁਲਕ ਦਾ, ਜੇ ਚਾਹੋ ਪੱਗੇ
ਨਹੀਂ ਤੇ ਲੜਦਾ ਸਿੰਘ ਹੈ, ਗੱਲ ਹੋਸੀ ਜਗੇ
ਬੋਲਿਆ-'ਕਰਸਾਂ ਜੰਗ ਵੀ, ਨਾ ਦੇਸਾਂ ਟੱਗੇ'
ਸੁਣ ਕੇ ਸੁਖਨ ਗੁਲਾਮ ਦਾ ਦਾ, ਮੂੰਹ ਹੋਏ ਬੱਗੇ
ਤੇ ਆਹਾ ਤਦੋਂ ਗੁਲਾਮ ਵੀ, ਉਸ ਸਾਵੇਂ ਸੱਗੇ
ਪਰ ਦੱਸੇ ਪੀਰ ਮੁਹੰਮਦਾ, ਹੁਣ ਕਿੱਚਰਕੁ ਤੱਗੇ ।20।

21

ਲਿਖ ਜਵਾਬ ਗੁਲਾਮ ਵੀ, ਖਤ ਉਹਨਾਂ ਘੱਲੇ
'ਮੈਂਥੇ ਆਓ ਸਿੰਘ ਜੀ, ਜੇ ਹੋਰ ਨ ਝੱਲੇ
ਗਿਣਕੇ ਦਮ ਮਹਿਸੂਲ ਦੇ, ਮੈਂ ਪਾਸਾਂ ਪੱਲੇ
ਢਿੱਲ ਨ ਕਰਨੀ ਜੰਗ ਦੀ, ਜਾਂ ਜ਼ੋਰਾਂ ਚੱਲੇ'
ਕਹਿਆ ਮਹਾਂ ਸਿੰਘ ਨੇ, ਆ ਲਸ਼ਕਰ ਹੱਲੇ
ਮਾਰੇ ਹੱਥ ਉਨ੍ਹਾਂ ਨੇ, ਹੋ ਖੜੇ ਅਵੱਲੇ ।21।

22

ਲਸ਼ਕਰ ਮਹਾਂ ਸਿੰਘ ਦਾ, ਦਰਿਆਈ ਕਾਂਗਾਂ
ਸੈਦ ਨਗਰ ਨੂੰ ਵੱਗਿਆ, ਕਰ ਕੂਕਾਂ ਚਾਂਗਾਂ
ਕਾਨੇ ਜਿਉਂ ਕਰ ਬੇਲਿਆਂ, ਤਿਉਂ ਗੱਤਕੇ ਸਾਂਗਾਂ
ਕਹੀਆਂ ਹੋਰ ਕੁਹਾੜੀਆਂ, ਹੱਥ ਸੋਟੇ ਡਾਂਗਾਂ
ਲੱਥੇ ਤੰਬੂ ਤਾਣਕੇ, ਸਭ ਟਾਂਗ ਬਟਾਂਗਾਂ
ਬਾਹਰ ਗੁਰੂ ਚਿਤਾਰਦੇ, ਤੇ ਅੰਦਰ ਬਾਂਗਾਂ
ਪਰ ਖੂਨ ਨ ਕਰੀਏ ਕਿਸੇ ਦਾ, ਭਠ ਜੰਗ ਦੀਆਂ ਤਾਂਘਾਂ ।22।

23

ਲੱਗੀ ਸੱਟ ਨਗਾਰਿਆਂ, ਪਏ ਮਾਰੂ ਵੱਜਣ
ਤੋਪਾਂ ਹੋਰ ਜੰਬੂਰਚੇ, ਜਿਉਂ ਬੱਦਲ ਗੱਜਣ
ਘੋੜੇ ਕਰਨ ਸ਼ਿਤਾਬੀਆਂ, ਉਠ ਕਟਕੋਂ ਭੱਜਣ
ਤੇਗ਼ਾਂ ਬਹੁਤ ਪਿਆਸੀਆਂ, ਨਾ ਰੱਤੋਂ ਰੱਜਣ
ਸੁਲਹ ਕਰੇਂਦੇ ਮੌਤ ਦੀ, ਨਾ ਮਿਲਦੇ ਸੱਜਣ
ਪਰ ਦੁਸ਼ਮਨ ਦੁਸ਼ਮਨ ਵੇਖ ਕੇ, ਨਾ ਪਰਦੇ ਕੱਜਣ ।23।

24

ਕਹਿ ਤੂੰ ਪੀਰ ਮੁਹੰਮਦਾ, ਇਕ ਗੱਲ ਗਿਆਨਾ
ਘੋੜੇ ਰੱਖੇ ਥੰਮ੍ਹ ਕੇ, ਕਰ ਜ਼ੋਰ ਜਵਾਨਾਂ
ਤੇਗ਼ਾਂ ਵਾਂਗੂੰ ਸਵਾਲੀਆਂ, ਦੱਰਾਜ਼ ਜ਼ਬਾਨਾਂ
ਲੋਕਾਂ ਮਿਲਣ ਵਿਸਾਹਿਆ, ਵਿਚ ਘੱਤ ਮਿਆਨਾਂ
ਤੇ ਤੀਰ ਕਰੇਂਦੇ ਆਜਜ਼ੀ, ਅਸੀਂ ਪਹਿਲੇ ਜਾਨਾ
ਤੇ ਸਾਂਗਾਂ ਕੰਬਣ ਕਹਿਰ ਥੀਂ, ਵਿਚ ਹੱਥ ਜਵਾਨਾਂ
ਸਬਰ ਗਵਾਇਆ ਤੁਪਕਾਂ, ਤਦ ਖੋਲ੍ਹ ਦਹਾਨਾਂ
ਪਰ ਹੱਥ ਨਾ ਪਹੁੰਚੇ ਕਿਸੇ ਦਾ, ਸੀ ਕੋਟ ਸਮਿਆਨਾ ।24।

25

ਦੌੜਨ ਸਿੱਧੇ ਜੰਗ ਨੂੰ, ਹੱਥ ਨੱਪ ਹਥਿਆਰਾਂ
ਕਹਿ ਤੂੰ ਪੀਰ ਮੁਹੰਮਦਾ, ਕੀ ਹਾਲ ਸਵਾਰਾਂ
ਜਿਉਂ ਪਉਂਦੀ ਵੱਟ ਅਚਾਨਚੱਕ, ਜਾ ਵਿਚ ਉਡਾਰਾਂ
ਤੇ ਚਮਕੇ ਜਿਉਂ ਕਰ ਬਿੱਜਲੀ, ਸੋ ਗੱਲ ਤਲਵਾਰਾਂ
ਵੱਸਣ ਤੁਪਕਾਂ ਗੋਲੀਆਂ, ਜਿਉਂ ਅਬਰ ਬਹਾਰਾਂ
ਪਰ ਮਾਰਨ ਹਿਕ ਦੂੰ ਮੋਰਚੇ, ਵਿਚ ਲੇਲ ਨਿਹਾਰਾਂ ।25।

26

ਲਿਖਿਆ ਖ਼ਤ ਗੁਲਾਮ ਨੇ, ਕਰ ਧਿਕ ਤਕਦੀਰਾਂ
ਘੱਲਿਆ ਮਹਾਂ ਸਿੰਘ ਨੂੰ, ਦੇ ਤਾਅਨੇ ਧੀਰਾਂ
'ਜੋ ਕੀਤਾ ਤੁਧ ਇਹ ਸਿੰਘ ਜੀ, ਨਾ ਕੰਮ ਅਮੀਰਾਂ
ਜੇ ਕਰਨਾ ਜੰਗ ਮੁਕਾਬਲਾ, ਇਹ ਲਾਲ ਫ਼ਕੀਰਾਂ
ਤੇ ਮੈਂਥੇ ਆਓ ਸਿੰਘ ਜੀ, ਜੋ ਜੰਗ ਤਦਬੀਰਾਂ
ਜੇ ਜ਼ਹਿਰ ਖਵਾਈਏ ਜ਼ਹਿਰ ਤੇ, ਨਾ ਖੰਡੂੰ ਖੀਰਾਂ' ।26।

27

ਹੋਇਆ ਸਾਲ ਇਸ ਜੰਗ ਵਿਚ, ਕਰ ਥੱਕੇ ਜੰਗਾਂ
ਜਾਤਾ ਮਹਾਂ ਸਿੰਘ ਨੇ, ਹੁਣ ਕਦੀ ਨ ਸੰਗਾਂ
ਖੁੱਥਾ ਮੂਲ ਨ ਕੋਟ ਦਾ, ਕੁਝ ਤੀਰ ਤੁਫ਼ੰਗਾਂ
ਤੇ ਸੱਦ ਕਿਰਾੜਾਂ ਇਫ਼ਤਰੇ, ਕਰ ਰੰਗ ਬਿਰੰਗਾਂ
ਵੜਨਾ ਕੀਤਾ ਕੋਟ ਵਿਚ, ਕਰ ਗੱਲਾਂ ਢੰਗਾਂ
ਅਕਸਰ ਓਹ ਥਾਂ ਮਾਰੀਏ, ਨਿਤ ਜਿੱਥੇ ਕੰਗਾਂ
ਪਰ ਰੱਬ ਥੀਂ ਏਸ ਨਿਫ਼ਾਕ ਦੀ, ਬਜ਼ਾਰੀ ਮੰਗਾਂ ।27।

28

ਓੜਕ ਭੱਲੇ ਖੱਤਰੀ, ਜਾ ਸੁਰੰਗ ਲਵਾਈ
ਰਾਤੋ-ਰਾਤ ਅਚਾਨਚੱਕ, ਚਾ ਪਈ ਲੁਕਾਈ
ਘਰ ਭੇਤੀ ਨਗਰੇ ਸਾੜਿਆ, ਕਰ ਦਈ ਤਬਾਹੀ
ਘਰ ਭੇਤੀ ਦਹਿਸਿਰ ਮਾਰਿਆ, ਉਸ ਲੰਕ ਸੜਾਈ
ਘਰ ਭੇਤੀ ਬਾਜ਼ੀ ਹਾਰ ਸਨ, ਸੁਣ ਅਕਸਰ ਭਾਈ
ਪਰ ਕਹੋ ਹਕੀਕਤ ਅਗਲੀ, ਜਿਉਂ ਗੱਲ ਵਧਾਈ ।28।

29

ਜਾਂ ਫ਼ਤਹ ਕਰਾਈ ਰੱਬ ਨੇ, ਉਸ ਕੋਟੇ ਸੰਦੀ
ਤੇ ਲੁੱਟੇ ਮਾਲ ਮਤਾਹ ਵੀ, ਹੋਰ ਦੌਲਤ ਚੰਦੀ
ਲਾਈ ਅੱਗ ਚੁਪੀਤਿਆਂ, ਦੇ ਢਾਹ ਬੁਲੰਦੀ
ਤੇ ਪਾਈ ਦੱਸ ਗੁਲਾਮ ਦੇ, ਕਿਸੇ ਬੇਟੇ ਸੰਦੀ
ਪਰ ਵਸਤੀ ਅੰਦਰ ਸ਼ਹਿਰ ਦੇ, ਸੀ ਚੰਗੀ ਮੰਦੀ
ਤੇ ਪੁਤ੍ਰ ਇਕ ਗੁਲਾਮ ਦਾ, ਫੜ ਖੜਿਆ ਬੰਦੀ ।29।

30

ਪਰ ਗੁੱਜਰ ਸਿੰਘ ਗੁਲਾਮ ਦਾ, ਉਹ ਪੁੱਤਰ ਫੜਿਆ
ਕਰਕੇ ਕੈਦ ਇਸਲਾਮ ਗੜ੍ਹ, ਜਾ ਜ਼ੋਰੀਂ ਵੜਿਆ
ਪਿੱਛੇ ਮਹਾਂ ਸਿੰਘ ਵੀ, ਲੈ ਲਸ਼ਕਰ ਚੜ੍ਹਿਆ
ਗੁੱਜਰ ਸਿੰਘ ਸੀ ਸੂਰਮਾ, ਨਾ ਦਿੱਤੁਸੁ ਲੜਿਆ
ਮਹਾਂ ਸਿੰਘ ਲੈ ਡੋਗਰੇ, ਮੁੜ ਓਥੇ ਅੜਿਆ
ਜੋ ਹੱਥ ਆਇਆ ਓਸ ਨੂੰ, ਫੜ ਓਥੋਂ ਖੜਿਆ ।30।

31

ਤੇ ਕਰ ਕੇ ਡੇਰੇ ਕੂਚ, ਫਿਰ ਹੋਏ ਰਵਾਨਾ
ਜਾਂ ਇਕ ਵਰ੍ਹਾ ਜਾਂ ਘਟ ਵਧ, ਕੁਝ ਗਿਆ ਜ਼ਮਾਨਾ
ਘੱਲਿਆ ਮਹਾਂ ਸਿੰਘ ਨੇ, ਇਕ ਲਿਖ ਪਰਵਾਨਾ
'ਜੇ ਚਾਹੇਂ ਪੁਤਰ ਜੀਵਿਆ, ਤਾਂ ਦੇਹੁ ਕਜ਼ਾਨਾ
ਨਹੀਂ ਤੇ ਉਸਨੂੰ ਮਾਰਸਾਂ, ਮੈਂ ਰਖ ਨਿਸ਼ਾਨਾ
ਜਿਗਰ ਖਰਾਸੇਂ ਆਪਣਾ, ਹੁਣ ਛਡ ਬਹਾਨਾ
ਰਹਿ ਤਾਬਿਆ ਦਿਨ ਕਟ ਤੂੰ, ਓ ਆਕਲ ਖ਼ਾਨਾ' ।31।

32

ਪੜ੍ਹ ਕੇ ਖ਼ਤ ਜਵਾਬ ਵੀ, ਲਿਖ ਘੱਲੇ ਮੀਆਂ
'ਜੇ ਪੈਸਾ ਹਿਕ ਨ ਦਾਗਸਾਂ, ਮੈਂ ਡਾਢਾ ਹੀਆਂ
ਜੇ ਦੇਵੇਂ ਕਾਸਾ ਜ਼ਹਿਰ ਦਾ, ਮੈਂ ਕਿਚਰਕੁ ਪੀਆਂ
ਤੁਧ ਪਾੜ ਅਵੱਲਾ ਪਾੜਿਆ, ਮੈਂ ਕੀਕੁਰ ਸੀਆਂ
ਉਸ ਨੂੰ ਭਾਵੇਂ ਮਾਰ ਕੇ, ਵਿਚ ਦੇਹੋ ਨੀਹਾਂ
ਮਾਪੇ ਰਹਿਣ ਸਲਾਮਤੀ, ਸੈ ਪੁੱਤ੍ਰ ਧੀਆਂ' ।32।

33

ਜਾਤਾ ਮਹਾਂ ਸਿੰਘ ਨੇ, ਇਹ ਰਾਸ ਬਿਰਾਸਾ
ਜੇ ਰਹਿਆ ਪੁੱਤਰ ਬਧਿਆ, ਇਹ ਫੇਰ ਮਵਾਸਾ
ਡਰਨ ਡਰਾਵਨ ਖੌਫ਼ ਨੂੰ, ਨ ਜਾਣੇ ਮਾਸਾ
ਤੇ ਦੇ ਕੇ ਜੋੜੀ ਕੰਗਣਾਂ, ਇਕ ਘੋੜਾ ਖਾਸਾ
ਪੁੱਤਰ ਉਸਦਾ ਛਡਿਆ, ਕਰ ਗ਼ੌਰ ਦਿਲਾਸਾ
ਪਰ ਦੇਖ ਦਿਲਾਸਾ ਦੁਸ਼ਮਨਾਂ, ਨਾ ਜਾਣੀਂ ਹਾਸਾ
ਦੁਸ਼ਮਨ ਗ਼ੌਰ ਦਿਲਾਸਿਓਂ, ਚਾ ਕਰਨ ਬਿਨਾਸਾ
ਮਾਰਨ ਮੁੜ ਕੇ ਓਸ ਨੂੰ, ਕਰ ਜਾਵਣ ਹਾਸਾ ।33।

34

ਜੇ ਮਰਦਾ ਸ਼ਰਬਤ ਪੀਤਿਆਂ, ਨਾ ਮੌਹਰਾ ਦੇਈਏ
ਦੇਖ ਦਿਲਾਸਾ ਦੁਸ਼ਮਨਾਂ, ਨਾ ਗਾਫ਼ਿਲ ਥੀਈਏ
ਜੋ ਦਬਕਣ ਗੌਰ ਦਿਲਾਸਿਓਂ, ਚਾ ਪਾਵਣ ਕਈਏ
ਦਗਾ ਨਾ ਖਾਈਏ ਦੁਸ਼ਮਨਾਂ, ਜਦ ਤਕ ਜਗ ਜੀਏਏ
ਦੁਸ਼ਮਨ ਓੜਕ ਮਾਰਦੇ, ਕਰ ਡਾਢੇ ਹੀਏ ।34।

35

ਓੜਕ ਚੱਠੇ, ਸਿੰਘ ਨੇ, ਚਾ ਲਾਵੇ ਲਾਏ
ਤੇ ਕਰਕੇ ਦਗਾ ਨਿਫ਼ਾਕ ਵੀ, ਉਸ ਸੱਦ ਬੁਲਾਏ
ਮੀਆਂ ਖਾਨ ਗੁਲਾਮ ਵੀ, ਚੜ੍ਹ ਡੇਰੇ ਆਏ
ਦੇ ਧਰਵਾਸ ਵਿਸਾਹ ਵੀ, ਉਸ ਕੋਲ ਬਹਾਏ
ਕਰਕੇ ਗੱਲਾਂ ਚੰਗੀਆਂ, ਹਥਿਆਰ ਖੁਲ੍ਹਾਏ
ਤੇ ਫੜ ਕੇ ਦੋਵੇਂ ਸੂਰਮੇਂ, ਚਾ ਕੈਦ ਕਰਾਏ
ਜੇ ਡਾਢੇ ਹੋਵਣ ਲਾਲਚੀ, ਕਰ ਲੈਣ ਸਵਾਏ ।35।

36

ਜੋ ਫੁਰਮਾਇਆ ਸਿੰਘ ਨੇ, ਨਾ ਓਨ੍ਹਾਂ ਭਾਇਆ
ਤੇ ਬੇਫ਼ਰਮਾਨੀ ਦੇਖ ਕੇ, ਉਹ ਕਾਵੜ ਆਇਆ
ਮੀਆਂ ਖਾਨ ਧਰ ਤੋਪ ਦੇ, ਮੂੰਹ ਮਾਰ ਉਡਾਇਆ
ਦਹਿਸ਼ਤ ਖ਼ੌਫ਼ ਗੁਲਾਮ ਦੇ, ਉਸ ਦਿਲ ਵਿਚ ਪਾਇਆ
ਤੇ ਫ਼ਾਕਾ ਫ਼ਿਕਰ ਗੁਲਾਮ ਨੂੰ, ਵਿਚ ਕੈਦ ਦਿਵਾਇਆ
ਰਸੂਲ ਨਗਰ ਕਰ ਦੇਵਣਾ, ਛੁਟ ਕੈਦੋਂ ਆਇਆ ।36।

37

ਤੇ ਮਾਲ ਮਤਾਹੀਂ ਚੱਠਿਆਂ, ਢੋ ਮੰਚਰ ਸੱਟੇ
ਨਗਰੇ ਡੇਰਾ ਸਿੰਘ ਦਾ, ਤੇ ਮੰਚਰ ਚੱਠੇ
ਨਗਰ ਖੜਾਇਆ ਚੱਠਿਆਂ, ਸਰ ਕਰਦੇ ਨੱਠੇ
ਤੇ ਮਿਲ ਪਏ ਮਹਾਂ ਸਿੰਘ ਨੂੰ, ਉਹ ਨਹੀਓਂ ਨੱਠੇ
ਤੇ ਚੜ੍ਹਦੀ ਕੰਨੀਂ ਦੇਖਕੇ, ਸਭ ਹੋਏ ਇਕੱਠੇ ।37।

38

ਚੜ੍ਹਦੇ ਛੇ ਸੱਤ ਸੂਰਮੇ, ਨਪ ਸਾਂਗਾਂ ਭੱਲੇ
ਤੇ ਮਿਲਕੇ ਮਾਰਣ ਪਾਸਣੇ, ਕਰ ਜ਼ੋਰ ਅਵੱਲੇ
ਰਾਹੀ ਹਿਕ ਦੂ ਆਦਮੀ, ਨਾ ਟੁਰਨ ਇਕੱਲੇ
ਤੇ ਟੋਲੀ ਮੋਹੀਆਂ ਕੱਪੜੇ, ਲੈ ਵੜੇ ਨਾ ਟਲੇ
ਤੇ ਦੇਸੀਂ ਮਹਾਂ ਸਿੰਘ ਦੇ, ਉਸ ਘੋੜੇ ਘੱਲੇ ।38।

39

ਪਾਇਆ ਸ਼ੋਰ ਜਹਾਨ ਵਿਚ, ਉਸ ਧੁੰਮਾਂ ਪਾਈਆਂ
ਲੋਕਾਂ ਅੱਗੇ ਸਿੰਘ ਦੇ, ਫਰਿਆਦਾਂ ਲਾਈਆਂ
'ਛੋੜ ਗੁਲਾਮ ਮੁਹੰਮਦੇ, ਤੁਧ ਲੀਕਾਂ ਲਾਈਆਂ
ਭੱਠ ਅਸਾਡਾ ਜੀਵਣਾ, ਭੱਠ ਪਈਆਂ ਜਾਈਆਂ
ਪਿਉ ਦਾਦੇ ਦੀਆਂ ਖੱਟੀਆਂ, ਅਸਾਂ ਆਣ ਗਵਾਈਆਂ
ਤੇ ਵਾਂਗੂੰ ਦੁੱਲੇ ਭੱਟੀ ਦੇ, ਉਸ ਬੁਰੀਆਂ ਚਾਈਆਂ
ਪਰ ਕਿੱਥੇ ਅਕਬਰ ਬਾਦਸ਼ਾਹ, ਜਿਸ ਫੇਰ ਮੁੜਾਈਆਂ' ।39।

40

ਕਾਵੜ ਖਾਧੀ ਸਿੰਘ ਨੇ, ਸੱਦ ਫ਼ੌਜਾਂ ਥਾਣੇ
ਤੇ ਲੈ ਕੇ ਲਸ਼ਕਰ ਅੱਗਲੇ, ਮੁੜ ਮੰਚਰ ਧਾਣੇ
ਗਿਰਦੋ ਗਿਰਦੀ ਮੰਚਰੇ, ਆ ਤੰਬੂ ਤਾਣੇ
ਲਥੇ ਲਸ਼ਕਰ ਸਿੰਘ ਦੇ, ਕਰ ਖੂਬ ਟਿਕਾਣੇ
ਲਾ ਕੇ ਸਿੰਘਾਂ ਮੋਰਚੇ, ਧੂਹ ਨੇੜੇ ਆਣੇ
ਦਾਰੂ ਸਿੱਕਾ ਮੰਚਰੇ, ਤੇ ਕੋਠੀਂ ਦਾਣੇ
ਤੇ ਖ਼ੌਫ਼ ਨ ਕੁਝ ਗੁਲਾਮ ਨੂੰ, ਉਹ ਮੌਜਾਂ ਮਾਣੇ ।40।

41

ਪਾਈ ਤੋਪਾਂ ਤੁਪਕਾਂ, ਜਾਂ ਧੂੰਆਂਧਾਰੀ
ਗੱਜਣ ਹੋਰ ਜੰਬੂਰਚੇ, ਜਾਂ ਆਹੀ ਵਾਰੀ
ਤੇ ਕੜਕਨ ਡੇਰੇ ਰਹਿਲਕੇ, ਭਉ ਪਾਵਣ ਭਾਰੀ
ਤੇ ਪਾਈ ਡੰਡ ਨਗਾਰਿਆਂ, ਕਰ ਮਾਰੋ ਮਾਰੀ
ਫ਼ਰਸ਼ ਉਠਾਇਆ ਘੋੜਿਆਂ, ਪੁਟ ਧਰਤੀ ਸਾਰੀ
ਰੰਗ ਵਟਾਇਆ ਦਿਹੁੰ ਨੇ, ਵਿਚ ਗਰਦ ਗੁਬਾਰੀ
ਪਿਆ ਤੂਫ਼ਾਨ ਇਕ ਮੌਤ ਦਾ, ਘਤ ਕਹਿਰ ਕਹਾਰੀ
ਪਰ ਚੱਠਾ ਨਿਕਲਿਆ ਮੰਚਰੋਂ, ਤਲਵਾਰਾਂ ਮਾਰੀ
ਤੇ ਵਾਰ ਨ ਅਜਰਾਈਲ ਨੂੰ, 'ਲਾਹੌਲ' ਪੁਕਾਰੀ ।41।

42

ਸਾਂਗਾਂ ਸੱਲੇ ਧੜਾੜਾਕ, ਵਿਚ ਮੁਲਕੀਂ ਗੱਲਾਂ
ਤੇ ਗੋਲੇ ਰੋੜ੍ਹਨ ਜੰਬੂਰਿਆਂ, ਜਿਉਂ ਨਿਸਬਤ ਬੱਲਾਂ
ਤੀਰ ਮਰੇਂਦੇ ਝਪਟ ਵੀ, ਜਿਉਂ ਮਾਰਨ ਇੱਲ੍ਹਾਂ
ਤੇ ਤੇਗ਼ਾਂ ਆਖਣ ਭੁੱਖ ਥੀਂ, ਹਾਇ ! ਗੋਸ਼ਤ ਦਿੱਲਾਂ
ਫੜ ਫੜ ਕੋਹਣ ਆਦਮੀ, ਜਿਉਂ ਕੁੱਠੇ ਪਹਿਲਾਂ
ਗਿਰਦੇ ਮੰਚਰ ਰੱਤ ਦੀਆਂ, ਹੋ ਗਈਆਂ ਗਹਲਾਂ
ਮੋਇਆ ਦੀਵਾਨ ਹਿਕ ਸਿੰਘ ਦਾ, ਪੈ ਗਈਆਂ ਦਹਲਾਂ ।42।

43

ਕਰਕੇ ਡੇਰੇ ਕੂਚ ਤਦ, ਤੁਰ ਪਈ ਲੁਕਾਈ
ਗਏ ਮਕਾਨੀਂ ਆਪਣੀ, ਸਭ ਥਾਂਈਂ ਥਾਂਈਂ
ਅੱਗੇ ਵਾਂਗੂੰ ਚੱਠਿਆਂ, ਫਿਰ ਧੁੰਮ ਧੁਮਾਈ
ਤੇ ਨਿੱਤ ਹਮੇਸ਼ਾ ਪਾਂਸਣੇ, ਕਰ ਮਾਰਨ ਧਾਈ
ਦੂਜੀ ਵਾਰੀ ਓਸ ਦੀ, ਮੁੜ ਫਿਰੀ ਦੁਹਾਈ
ਖਲਕਤ ਉਸਦੇ ਖ਼ੌਫ਼ ਥੀਂ, ਸਭ ਆਜਜ਼ ਆਈ
ਕੰਬੇ ਖ਼ਲਕਤ ਖ਼ੌਫ਼ ਥੀਂ, ਕੀ ਆਖ ਸੁਣਾਈ ।43।

44

ਕੀਤੀ ਫ਼ਤਹ ਅਜ਼ੀਮ ਵੀ, ਉਸ ਬਹੁਤੀ ਥਾਈਂ
ਦੇ ਕੇ ਕੰਡ ਉਹ ਜੰਗ ਥੀਂ, ਨਾ ਮੁੜੇ ਕਦਾਈਂ
ਤੇ ਦੋਹੀਂ ਰਾਤੀਂ ਸਿੰਘ ਵੀ, ਨਿਤ ਕਰੇ ਦੁਆਈਂ
'ਰੱਬਾ, ਮੈਨੂੰ ਚੱਠਿਆਂ, ਕਿਸੇ ਢੰਗ ਮਿਲਾਈਂ
ਦੇਖਾਂ ਜੰਗ ਬਹਾਦੁਰਾਂ, ਲਾ ਮੰਚਰ ਤਾਈਂ' ।44।

45

ਸੁਣੀ ਦੁਆ ਰੱਬ ਸਿੰਘ ਦੀ, ਚੜ੍ਹ ਚੱਠੇ ਧਾਏ
ਤੇ ਕੁਲਿਆਂ ਵਾਲੇ ਕੋਟ ਥੀਂ, ਚਾ ਮਾਲ ਦਬਾਏ
ਕਹਿਆ ਮਹਾਂ ਸਿੰਘ ਨੇ, ਅੱਜ ਰੱਬ ਮਿਲਾਏ
ਤੇ ਚੜ੍ਹਕੇ ਸਿੰਘਾਂ ਹਥ ਵੀ, ਉਠ ਭਾਗੀਂ ਪਾਏ
ਮਿਲਿਆ ਲਸ਼ਕਰ ਸਿੰਘ ਦਾ, ਕਰ ਹਾਏ ਹਾਏ
ਤੀਰਾਂ ਤੁਪਕਾਂ ਨੇਜ਼ਿਆਂ, ਤਦ ਮੀਂਹ ਵਰਸਾਏ
ਪਰ ਦੇ ਕੇ ਚਾਲਾ ਚੱਠਿਆਂ, ਆ ਫੇਰ ਹਟਾਏ ।45।

46

ਖਾ ਗੁੱਸਾ ਸ਼ੇਰ ਉਹ ਪੈ ਗਿਆ, ਕੱਢ ਤੇਗ਼ ਮਿਆਨੋਂ
ਤੇ ਗਿਆ ਮਹਾਂ ਸਿੰਘ ਤੇ, ਜਿਉਂ ਤੀਰ ਕਮਾਨੋਂ
ਮਾਰੀ ਫੱਟ ਉਸ ਸਾਮ੍ਹਣੇ, ਹੱਥ ਧੋ ਕੇ ਜਾਨੋਂ
ਛਡਿਆ ਆਸਣ ਸਿੰਘ ਨੇ, ਚੁਕ ਗਿਆ ਧਿਆਨੋਂ
ਮਾਰੇ ਘੋੜੇ ਸਿੰਘ ਦੇ, ਤੁਰੇ ਓਸ ਮੈਦਾਨੋਂ
ਲਸ਼ਕਰ ਨੱਠਾ ਸਿੰਘ ਦਾ, ਉਹ ਏਸ ਬਹਾਨੋਂ
ਚਿੜੀਆਂ ਵਾਂਗੂੰ ਉਡ ਗਏ, ਉਸ ਸ਼ੇਰ ਜਵਾਨੋਂ
ਰਹਿਆ ਨਾਮ ਬਹਾਦੁਰਾਂ, ਟੁਰ ਗਏ ਜਹਾਨੋਂ ।46।

47

ਨੱਠਾ ਲਸ਼ਕਰ ਸਿੰਘ ਦਾ, ਕੁਝ ਪੇਸ਼ ਨ ਜਾਏ
ਆਂਦੇ ਮਾਲ ਸਲਾਮਤੀ, ਵਿਚ ਜੇਹੀ ਤਵਾਏ
ਪਰ ਹਰਗਿਜ਼ ਸਮਝ ਗੁਲਾਮ ਨੂੰ, ਇਹ ਮੂਲ ਨਾ ਆਏ
ਜੇ ਜਾਂਦਾ ਉਹ ਦਰ ਕਿਆਮਤੇ, ਹਥ ਸੰਭਲ ਪਾਏ
ਹੋ ਕੇ ਚੁਪ ਚੁਪਾਤਿਆਂ, ਕੋਈ ਰੋਜ਼ ਲੰਘਾਏ
ਰਾਜ ਵਿਰਾਸਤ ਓਸਦੀ, ਜਿਸ ਰੱਬ ਵੀ ਭਾਏ
ਪਰ ਹੁੰਦੀ ਕੁੱਵਤ ਕੌਣ ਹੈ, ਜੇ ਜ਼ੋਰ ਨ ਲਾਏ ।47।

48

ਪਰ ਜਦ ਲਾਈਏ ਜ਼ੋਰ ਵੀ, ਤਦ ਸੰਭਲ ਲਾਈਏ
ਅੱਵਲ ਘਰੋਂ ਸੰਭਾਲ ਕੇ, ਮੁੜ ਬਾਹਰ ਜਾਈਏ
ਘਰ ਦਾ ਫ਼ੋਟਕ ਮਾਰਦਾ, ਭਉ ਜਾਨਉਂ ਖਾਈਏ
ਪਾਟਾ ਰਾਸ ਨ ਆਂਵਦਾ, ਸੌ ਰਫ਼ੂ ਕਰਾਈਏ
ਔਰਤ ਚੰਗੀ ਦੇਖਕੇ, ਨ ਬਹੁਤ ਸਲਾਹੀਏ
ਚੜ੍ਹਦੇ ਚੰਦ ਹੀ ਦੇਖ ਕੇ, ਨਾ ਸਾਨ ਚੜ੍ਹਾਈਏ
ਥੋੜੀ ਹਿਆਤੀ ਸਮਝਕੇ, ਨਾ ਮਹੁਰਾ ਖਾਈਏ ।48।

49

ਸੁਣ ਰੰਨਾਂ ਦੀ ਗੱਲ ਤੂੰ, ਨਾ ਮੁੜਨੋਂ ਹਿਚੋਂ
ਤੇ ਔਰਤ ਮੰਦੀ ਘਟ ਵੀ, ਨਾ ਹੋਂਦੀ ਰਿੱਛੋਂ
ਇਹ ਦੋਵੇਂ ਚੀਜ਼ਾਂ ਬਾਜ਼ ਵੀ, ਨ ਆਵਣ ਜਿਚੋਂ
ਖਾਸਾ ਹਰਮ ਗੁਲਾਮ ਦਾ, ਸਭ ਹਰਮਾਂ ਵਿਚੋਂ
ਤੇ ਲੈ ਕੇ ਪੁਤਰ ਸਿੰਘ ਨੂੰ, ਜਾ ਮਿਲਿਆ ਪਿਛੋਂ
ਪਰ ਪਉਂਦੇ ਜੰਗ ਮੁਕਾਬਲੇ, ਇਹ ਓੜਕ ਕਿਛੋਂ ।49।

50

ਕਹਿਆ ਮਹਾਂ ਸਿੰਘ ਨੂੰ, ਉਸ ਬਹੁਤੀ ਵਾਰੇ
ਜੇ ਚੱਠਾ ਮਾਂਦਾ ਅੱਜ ਹੈ, ਨਾ ਆਵੇ ਦਾਰੇ
ਸੱਦ ਨਜੂਮੀ ਪੰਡਿਤਾਂ, ਸਿੰਘ ਪੁਛੇ ਸਾਰੇ
ਕਹਿਆ ਦੇਖ ਨਜੂਮੀਆਂ, ਹੁਣ ਚੱਠੇ ਮਾਰੇ
ਕਰਕੇ ਡੇਰਾ ਕੂਚ ਵੀ, ਚੜ੍ਹ ਚਲੇ ਪਾਰੇ
ਹੋ ਕੇ ਪਾਰੋਂ ਮਾਰਿਓ, ਕਰ ਲਸ਼ਕਰ ਭਾਰੇ
ਕਰਕੇ ਡੇਰੇ ਗਾਖੜੇ, ਕੁਝ ਰੋਜ਼ ਗੁਜ਼ਾਰੇ ।50।

51

ਘੱਲੇ ਗੁੱਜਰ ਸਿੰਘ ਜੀ, ਲਿਖ ਚਿੱਠੀ ਚੀਰੀ
ਜੇ ਮੈਨੂੰ ਚੱਠਾ ਸਿੰਘ ਜੀ ਹੁਣ ਦੇਂਦਾ ਧੀਰੀ
ਜ਼ੋਰ ਕਰੇਂਦਾ ਹਿੱਕ ਦਾ, ਹੋਰ ਨਾਹੀਂ ਪੀਰੀ
ਮੈਨੂੰ ਹਰਦਮ ਓਸ ਦੀ, ਹੈ ਬਹੁਤ ਜ਼ਹੀਰੀ
ਖਾਵਣ ਪੀਵਣ ਖ਼ਵਾਬ ਦੀ, ਨਾ ਲੱਜ਼ਤ ਸ਼ੀਰੀਂ
ਪਰ ਜ਼ਹਿਰ ਰਲਾਇਆ ਓਸ ਨੇ, ਵਿਚ ਖੰਡੋਂ ਖੀਰੀ ।51।

52

ਜੇ ਹੁਣ ਨਿਕਲ ਮੰਚਰੋਂ, ਉਸ ਕੀਤਾ ਖੰਨਾ
ਤੇ ਲੜਨ ਲੜਾਈ ਖਹਿਣ ਦੀ, ਮੈਂ ਮੂਲ ਨ ਮੰਨਾਂ
ਉਹ ਖੜ ਮਾਰੇਸੀ ਬਹੁਤਿਆਂ, ਕਰ ਸਾਂਝਾ ਬੰਨਾ
ਮੈਂ ਫਿਰਸਾਂ ਵਿਚ ਜਹਾਨ ਦੇ, ਕਰ ਅੰਨਾ ਅੰਨਾ
ਉਹ ਸਾਨੂੰ ਮਾਰ ਵੰਞਾਵਸਨ, ਫਿਰ ਹਥੀਂ ਰੰਨਾਂ
ਹੋ ਇਕੱਠੇ ਮੰਚਰੇ, ਕਰ ਲਈਏ ਥੰਨਾ ।52।

53

ਗੁੱਜਰ ਸਿੰਘ ਦੇ ਪੁੱਤਰੇ, ਤਦ ਆਹੀ ਲੜਾਈ
ਘੱਲ ਪਰਵਾਨਾ ਸਿੰਘ ਨੇ, ਚਾ ਸੁਲਹ ਕਰਾਈ
ਮੇਰੀ ਗੱਲ ਨਿਬੇੜ ਕੇ, ਮੁੜ ਕਰਿਓ ਕਾਈ
ਪਿਉ ਪੁੱਤਰ ਨੇ ਫ਼ੌਜ ਵੀ ਸਰਪੱਟ ਮਿਲਾਈ
ਥਾਣੇ ਛੇੜਾਂ ਸੱਦਕੇ, ਕਰ ਬਹੁਤ ਲੁਕਾਈ
ਲੱਗੀ ਸੱਟ ਨਗਾਰਿਆਂ, ਚੜ੍ਹ ਕੀਤੀ ਧਾਈ ।53।

54

ਲਸ਼ਕਰ ਮਹਾਂ ਸਿੰਘ ਦਾ, ਜਿਉਂ ਸਾਵਣ ਹਾਠਾਂ
ਟੁਰੀਆਂ ਫ਼ੌਜਾਂ ਜੋੜ ਕੇ, ਦਰਿਆਵੀਂ ਠਾਠਾਂ
ਰਾਹ ਛੁਪਾਇਆ ਗਰਦ ਨੇ, ਨ ਦਿੱਸਣ ਵਾਟਾਂ
ਲਸ਼ਕਰ ਪਾਰ ਚੜ੍ਹੇਂਦੀਆਂ, ਨਾ ਵਾਰੀ ਘਾਟਾਂ
ਨੇਜੇ ਸੂਰਜ ਸਾਹਮਣੇ, ਵਿਚ ਮਾਰਨ ਲਾਟਾਂ
ਹੋਇਆ ਜੰਗ ਮੁਕਾਬਲਾ, ਵਿਚ ਸਿੰਘਾਂ ਰਾਠਾਂ ।54।

55

ਤੋਪਾਂ ਹੋਰ ਜੰਬੂਰਿਆਂ, ਚਾ ਪਾਈਆਂ ਭੰਡਾਂ
ਤੁਪਕਾਂ ਵੱਸਣ ਗੋਲੀਆਂ, ਜਿਉਂ ਸਾਵਣ ਫੰਡਾਂ
ਪਿਆ ਤੂਫ਼ਾਨ ਇਕ ਮੌਤ ਦਾ, ਸੈ ਹੋਈਆਂ ਰੰਡਾਂ
ਹਿੰਦੂ ਜਰਮ ਨਾ ਸਾੜਦੇ, ਚਾ ਫੂਕਣ ਝੰਡਾਂ
ਮੁਸਲਮ ਹੋਇਆ ਨਾ ਦੱਬੀਏ, ਤਦ ਵਿਚ ਘੁਮੰਡਾਂ
ਮਰਨ ਬਹਾਦਰ ਜੰਗ ਥੀਂ, ਨਾ ਫੇਰਨ ਕੰਡਾਂ ।55।

56

ਜਿਉਂ ਫ਼ਰਵਾਹਾਂ ਝੱਖੜੋਂ, ਤਿਉਂ ਤੀਰ ਸ਼ੂਕਾਵਣ
ਤੇ ਚਾਮਲ ਚਾਇਆ ਘੋੜਿਆਂ, ਉਹ ਗਰਦ ਉਡਾਵਣ
ਬੱਦਲ ਹੋਇਆ ਧੂੜ ਦਾ, ਚੜ੍ਹ ਹਾਠਾਂ ਆਵਣ
ਵਰ੍ਹਿਆ ਮੀਂਹ ਤਦ ਰੱਤ ਦਾ, ਜਿਉਂ ਲੱਗਾ ਸਾਵਣ
ਤੇਗ਼ਾਂ ਤੈਸ਼ ਮਰੇਂਦੀਆਂ, ਵਿਚ ਰੱਤੂ ਨ੍ਹਾਵਣ
ਸਾਂਗਾਂ ਵਾਂਗੁ ਪਰਿੰਦਿਆਂ, ਭਰ ਚਿੰਜੂ ਜਾਵਣ
ਗਾਜ਼ੀ ਮਰਨ ਕਬੂਲ ਕਰ, ਨਾ ਪੈਰ ਹਟਾਵਣ ।56।

57

ਘੋੜਾ ਅੰਦਰ ਸ਼ਾਮ ਦੇ, ਚਾ ਸੂਰਜ ਫੇਰੇ
ਲੱਗਾ ਮੁਲਕ ਮੁਖਾਲਫਾਂ, ਆ ਪਿਛੋਂ ਹੇਰੇ
ਜ਼ੁਲਮ ਉਠਾਇਆ ਰਾਤ ਨੇ, ਪੈ ਗਏ ਹਨੇਰੇ
ਥਾਣੇ ਲਸ਼ਕਰ ਚੰਨ ਦੇ, ਆ ਬਹੁਤ ਘਨੇਰੇ
ਵੱਖੋ ਵੱਖੀ ਫ਼ਲਕ ਨੂੰ, ਚਾ ਪਾਵਣ ਘੇਰੇ
ਲਸ਼ਕਰ ਮਹਾਂ ਸਿੰਘ ਦੇ, ਆ ਕੀਤੇ ਡੇਰੇ ।57।

58

ਚੰਦ ਵਿਲਾਇਤ ਦਿਹੁੰ ਦਾ, ਪਾ ਬੈਠਾ ਥੰਨਾ
ਸੂਰਜ ਵੇਖ ਅਚਾਣਚਕ, ਧਰੂਹ ਚੜ੍ਹਿਆ ਖੰਨਾ
ਕੁੱਠਾ ਲਸ਼ਕਰ ਚੰਨ ਦਾ, ਉਸ ਪਾਇਆ ਬੰਨਾ
ਦਹਿਸ਼ਤ ਪਾਈ ਚੰਨ ਦੀ, ਉਠ ਲਹਿੰਦੇ ਭੰਨਾ
ਸ਼ੋਰ ਕਰਾਰਾ ਲਸ਼ਕਰਾਂ, ਵਿਚ ਆਇਆ ਕੰਨਾ
ਚੜ੍ਹਿਆ ਮਹਾਂ ਸਿੰਘ ਸੀ, ਉਹ ਹੌਲੀ ਵੰਨਾ ।58।

59

ਸ਼ਹਿਰੋਂ ਬਾਹਰ ਬੂਰਜ ਸੀ, ਇਕ ਤੀਰ ਉਡਾਰੀ
ਤੇ ਬੁਰਜੇ ਅੰਦਰ ਆਦਮੀ ਕੁਝ ਆਹੇ ਕਾਰੀ
ਪੂੰਜੀ ਇਕ ਗੁਲਾਮ ਦੀ, ਇਹ ਆਹੀ ਭਾਰੀ
ਕੀਤਾ ਹੀਲਾ ਲਸ਼ਕਰਾਂ, ਚੜ੍ਹ ਪਈ ਸਵਾਰੀ
ਸਾਂਗਾਂ ਤੀਰਾਂ ਨੇਜ਼ਿਆਂ, ਨਾ ਆਵੈ ਵਾਰੀ
ਬੁਰਜ ਛੁਪਾਇਆ ਤੁਪਕਾਂ ਵਿਚ ਧੂੰਆਂਧਾਰੀ
ਛਾਣੀ ਕੰਧ ਜੰਬੂਰਿਆਂ ਕਰ ਪੂਰੀ ਸਾਰੀ
ਗਰਦ ਉਠਾਈ ਲਸ਼ਕਰਾਂ, ਪੈ ਗਈ ਗੁਬਾਰੀ ।59।

60

ਜਦ ਨੇੜੇ ਢੁਕੇ ਬੁਰਜ ਦੇ, ਸਭ ਝੀਰਾਂ ਹੰਨੇ
ਵੇਖ ਜਵਾਨਾਂ ਅੰਦਰੋਂ, ਧਰੂਹ ਕੱਢੇ ਖੰਨੇ
ਕਰ ਕੇ ਬਹੁਤ ਦਲੇਰੀਆਂ, ਉਠ ਬਾਹਰ ਭੰਨੇ
ਪੁਰਜ਼ੇ ਕਰਦਾ ਸਾਰ ਵੀ, ਤਾਂ ਪਾਂਦਾ ਬੰਨੇ
ਸਚਮੁਚ ਮੌਤ ਸੁਜਾਖਿਆਂ, ਚਾ ਕਰਦੀ ਅੰਨ੍ਹੇ ।60।

61

ਫ਼ੱਟ ਨ ਹੋਵੇ ਕਤਰਾ, ਉਹ ਕਰ ਕਰ ਹੱਟੇ
ਜ਼ੋਰ ਕੀ ਕਰਨੈ ਤਾਲਿਆ, ਜਾਂ ਪਏ ਅਪੁੱਠੇ
ਕਿੜੀਆਂ ਵਾਂਗੁ ਅਸਵਾਰ ਵੀ, ਚੌਗਿਰਦੇ ਨੱਠੇ
ਦੋਸ਼ ਨ ਕੁਝ ਬਹਾਦਰਾਂ, ਹਥਿਆਰਾਂ ਮੱਠੇ ।61।

62

ਤੁਪਕਾਂ ਹੋਰ ਜ਼ੰਜਾਇਲਾਂ, ਸੇ ਸ਼ਹਿਰੋਂ ਦੱਗਣ
ਫੱਟ ਨ ਹੋਵੇ ਮੂਲ ਵੀ, ਜਿਉਂ ਢੀਮਾਂ ਲੱਗਣ
ਤੇਗ਼ਾਂ ਹੋਈਆਂ ਖੁੰਢੀਆਂ, ਉਹ ਵਾਲ ਨ ਵੱਡਣ
ਦਾਣਾ ਉਮਰ ਨਿਖੁਟਿਆ, ਤਾਂ ਕਿਚਰਕੁ ਤੱਗਣ ।62।

63

ਮਾਰ ਸਿਪਾਹ ਉਸ ਬੁਰਜ ਵਿਚ, ਮੁੜ ਕੁੱਠੇ ਸਾਰੇ
ਜੰਗ ਲੜਾਈ ਕਰਦਿਆਂ, ਕੁਝ ਦਿਹੁੰ ਗੁਜ਼ਾਰੇ
ਆਹਾ ਬੁਰਜ ਇਕ ਹੋਰ ਵੀ, ਉਸ ਸ਼ਹਿਰ ਕਿਨਾਰੇ
ਲੱਥਾ ਲਸ਼ਕਰ ਓਸਦੇ, ਮੱਲ ਪਾਸੇ ਚਾਰੇ
ਕੀਤੇ ਅਹਿਮਦ ਖ਼ਾਨ ਨੇ, ਕੁਝ ਓਥੇ ਕਾਰੇ
ਕਈ ਸੂਰਮੇ ਮੌਤ ਦੇ, ਉਸ ਘਾਟ ਉਤਾਰੇ ।63।

64

ਚੱਠੇ ਇਲਮ ਕਮਾਲ ਥੀਂ, ਸਭ ਆਹੋ ਖਾਂਦੇ
ਨੇਕੀ ਕਰਦੇ ਦਿਲੇ ਦੀ, ਉਹ ਢਿਲ ਨ ਲਾਂਦੇ
ਖਾਲੀ ਮੂਲ ਨ ਮੋੜਦੇ, ਜੋ ਮੰਗਣ ਜਾਂਦੇ
ਪਰ ਸੁਣੋ ਹਕੀਕਤ ਅਗਲੀ, ਜੋ ਲੋਕ ਸੁਣਾਂਦੇ
ਜਾਂ ਸਿੰਘਾਂ ਗਿਰਦੇ ਬੁਰਜ ਦੇ, ਚਾ ਮਾਰੇ ਫਾਂਦੇ
ਅਹਿਮਦ ਖਾਂ ਵਿਚ ਬੰਦਗੀ, ਸੀ ਬਾਹਰ ਬਾਂਦੇ ।64।

65

ਗਿਰਦੋ ਗਿਰਦੀ ਮੰਚਰੇ ਲਹਿ ਪਈ ਲੁਕਾਈ
ਦਿਹੁੰ ਤੇ ਰਾਤੀਂ ਅੱਤ ਦੀ, ਨਿਤ ਪਵੇ ਲੜਾਈ
ਹੁੰਦਾ ਜੰਗ ਮੁਕਾਬਲਾ, ਕੁਝ ਪੇਸ਼ ਨ ਜਾਈ
ਮਹਾਂ ਸਿੰਘ ਗੁਲਾਮ ਨਾਲ, ਨਾ ਪਾਰ ਵਸਾਈ
ਜੇ ਮਿਲੇ ਗੁਲਾਮ ਨ ਮਾਰਸਾਂ, ਸਿਰ ਪੋਥੀ ਚਾਈ
ਤੇ ਕਹਿਆ ਫੇਰ ਗੁਲਾਮ ਨੇ, ਮਤ ਹੋਇ ਖ਼ਤਾਈ
ਘੱਲਿਆ ਕੁਤਬੁੱਦੀਨ ਨੂੰ, ਜਾ ਮਿਲ ਤੂੰ ਭਾਈ
ਜਾ ਕਰ ਡੇਰੇ ਸਿੰਘ ਦੇ, ਉਸ ਫ਼ਤਹ ਬੁਲਾਈ
ਤੇ ਮਹਾਂ ਸਿੰਘ ਵੀ ਓਸ ਨੂੰ, ਚਾ ਕੋਲ ਬਹਾਈ ।65।

66

ਗੌਰ ਦਿਲਾਸਾ ਅਗਲਾ, ਧਰਵਾਸ ਦਿਵਾਇਆ
ਕਹਿਆ ਆਪ ਗੁਲਾਮ ਵੀ,-ਕਿਉਂ ਮਿਲਣ ਨ ਆਇਆ
ਤੇ ਮਹਾਂ ਸਿੰਘ ਗ੍ਰੰਥ ਨੂੰ, ਲੈ ਸਿਰ ਤੇ ਚਾਇਆ
ਦਗਾ ਨ ਮੂਲੇ ਏਸ ਵਿਚ, ਹੈ ਕਸਮ ਖੁਦਾਇਆ
ਪੁਤਰ ਮਹਾਂ ਸਿੰਘ ਨੇ, ਉਸ ਨਾਲ ਚਲਾਇਆ
ਜਾ ਕੇ ਕਹੀਂ ਗੁਲਾਮ ਨੂੰ, ਤੁਧ ਬਾਪ ਬੁਲਾਇਆ ।66।

67

ਲੜਕੇ ਦੋਵੇਂ ਲਸ਼ਕਰੋਂ, ਵਿਚ ਮੰਚਰ ਆਵਣ
ਤੇ ਕੁਲ ਹਕੀਕਤ ਸਿੰਘ ਦੀ, ਸਭ ਆਖ ਸੁਣਾਵਣ
ਗੌਰ ਦਿਲਾਸਾ ਅਗਲਾ, ਧਰਵਾਸ ਦਿਵਾਵਣ
ਕਸਮਾਂ ਖਾ ਕੇ ਗ੍ਰੰਥ ਨੂੰ, ਲੈ ਸਿਰ ਤੇ ਚਾਵਣ
ਜਾਤਾ ਸਮਝ ਗੁਲਾਮ ਨੇ, ਹੁਣ ਬਣਿਆ ਜਾਵਣ
ਤੇ ਜੋੜੀ ਕੰਗਣ ਸਿੰਘ ਦੀ, ਚਾ ਹੱਥੀਂ ਪਾਵਣ
ਪਰ ਆਪੇ ਜਾਣ ਪਛਾਣ ਕੇ, ਛਲ ਲੱਗਾ ਖਾਵਣ ।67।

68

ਆਕਲ ਮਰਨ ਕਬੂਲ ਕੇ, ਕਿਉਂ ਓਥੇ ਜਾਂਦਾ
ਰਾਜਾ ਹੋ ਕੇ ਮੁਲਕ ਦਾ, ਸਿਰ ਇਫ਼ਤਰ ਚਾਂਦਾ
ਕਰ ਕੇ ਕੌਲ ਕਰਾਰ ਵੀ, ਪਰ ਜਾਇ ਫਿਰਾਂਦਾ
ਸੋਨਾ ਪਿੱਤਲ ਕੁੱਟ ਜਦ, ਇਕ ਭਾਉ ਵਿਕਾਂਦਾ
ਤੇ ਅੰਬਾਂ ਵਿਚ ਧਿਰਕੋਣਿਆਂ, ਕੁਝ ਫ਼ਰਕ ਨ ਪਾਂਦਾ
ਪਰ ਦੋਸ਼ ਨ ਕੁਝ ਗੁਲਾਮ ਨੂੰ, ਰੱਬ ਆਪ ਕਰਾਂਦਾ ।68।

69

ਮੀਆਂ ਵਾਂਗੁ ਫ਼ਕੀਰ ਵੀ, ਚਾ ਵੇਸ ਵਟਾਵੇ
ਤੇ ਕਰ ਕੇ ਗੇਰੀ ਕੱਪੜੇ, ਗਲ ਸੇਹਲੀ ਪਾਵੇ
ਫੜ ਕੇ ਹੱਥ ਕਮਾਨ ਵੀ, ਵਿਚ ਡੇਰੇ ਆਵੇ
ਮੱਥੇ ਤੇ ਧਰ ਤੀਰ ਉਹ, ਜਾ ਫ਼ਤਹ ਬੁਲਾਵੇ
ਤੇ ਗ਼ੈਰਤ ਅਜੇ ਜੁਆਨ ਨੂੰ, ਨਾ ਦਿਲ ਥੀਂ ਜਾਵੇ
ਫੜ ਕੇ ਮਹਾਂ ਸਿੰਘ ਵੀ, ਉਹਨੂੰ ਕੋਲ ਬਹਾਵੇ ।69।

70

ਜਦੋਂ ਮੀਆਂ ਖਾਂ ਮੰਚਰੋਂ, ਵਿਚ ਲਸ਼ਕਰ ਆਇਆ
ਗਿਰਦੋ ਗਿਰਦੀ ਲਸ਼ਕਰੇ, ਆ ਝੁਰਮਟ ਪਾਇਆ
ਮਰਨ ਕਬੂਲੇ ਲੋਕ ਵੀ ਨਾ ਮੁੜਨ ਹਟਾਇਆ
ਯੂਸਫ਼ ਵਿਚ ਬਜ਼ਾਰ ਦੇ, ਚੰਨ ਅੱਜ ਵਿਕਾਇਆ
ਪਰ ਹੱਥ ਪੜੱਥੀ ਲੋਕ ਲੈ, ਕਰ ਜ਼ੋਰ ਲਗਾਇਆ ।70।

71

ਆਖ ਹਕੀਕਤ ਸੱਚ ਦੀ, ਛਡ ਹੋਰ ਕੁਸ਼ਾਲਾ
ਕਹਿਆ ਸਿੰਘ ਗੁਲਾਮ ਨੂੰ, 'ਜੇ ਲੈ ਤੂੰ ਕਾਹਲਾ'
ਕਹਿਆ ਫੇਰ ਗੁਲਾਮ ਨੇ, 'ਰੱਬ ਰੱਖਣ ਵਾਲਾ
ਪਰ ਦਿਤਾ ਸਾਨੂੰ ਸਿੰਘ ਜੀ, ਤੁਧ ਦੇਸ ਨਿਕਾਲਾ
ਕਸਮ ਸੁਗੰਧਾਂ ਘੱਤ ਕੇ, ਇਹ ਕੀਤੋ ਈ ਚਾਲਾ
ਤੇ ਮੈਂ ਹੁਣ ਜਾਣਾ ਮੰਚਰੋਂ, ਤੂੰ ਬੈਠਿ ਸੁਖਾਲਾ ।71।

72

ਤੇ ਦਿਓ ਚਾਲੀ ਊਠ ਹੁਣ, ਮੈਂ ਮੱਕੇ ਜਾਣਾ
ਤੇ ਕਰਕੇ ਤੋਸਾ ਸਫ਼ਰ ਦਾ, ਲਦ ਖਾਣਾ ਦਾਣਾ'
ਕਹਿਆ ਮਹਾਂ ਸਿੰਘ ਨੇ, 'ਮੈਂ ਇੰਜ ਪਛਾਣਾਂ-
ਚਲਿਆ ਹੈਂ ਫਰਿਆਦ ਨੂੰ, ਤੂੰ ਕੋਲ ਪਠਾਣਾਂ'
'ਤੇ ਮੈਂ ਹੀ ਆਹੋ ਆਖਿਆ, ਜੇ ਅੱਲ੍ਹਾ ਭਾਣਾ',
ਕੀਤਾ ਸੁਖਨ ਗੁਲਾਮ ਨੇ, ਇਹ ਵਾਂਗੁ ਇਆਣਾ
ਦਿਲ ਦਾ ਭੇਤ ਨ ਦੱਸੀਏ, ਇਹ ਖ਼ੂਬ ਪਛਾਣਾ ।72।

73

ਕਾਲਾ ਛੱਡ ਗੁਲਾਮ ਵੀ, ਕਿਉਂ ਓਥੋਂ ਭੁਲੇ
ਘਿਉ ਡੁਲ੍ਹਾ ਨਾ ਆਖੀਏ, ਵਿਚ ਥਾਲੀ ਡੁਲ੍ਹੇ
ਸੈ ਫ਼ਿਕਰਾਂ ਨੇ ਘੇਰਿਆ, ਸਿਰ ਝੱਖੜ ਝੁੱਲੇ
ਤੇ ਸਾਬਤ ਰਖੇ ਕਦਮ ਉਸ, ਸਹਿ ਦਾਉ ਅਵੱਲੇ ।73।

74

ਚਾਲੀ ਊਠ ਦੋ ਛੱਕੜੇ, ਲੈ ਮੰਚਰ ਆਇਆ
ਜਿੱਥੇ ਸਨ ਜ਼ਿਆਰਤਾਂ, ਉਹ ਤਾਕ ਖੁਲ੍ਹਾਇਆ
ਉਹ ਰਹੀਆਂ ਮੂਲ ਨ ਅੱਧੀਆਂ, ਰੋ ਹਾਲ ਵੰਞਾਇਆ
ਸਾਨੂੰ ਏਸ ਜਹਾਨ ਥੀਂ, ਹੁਣ ਸਫ਼ਰ ਚਲਾਇਆ
ਭਾਰ ਸਲੀਤੇ ਕਢਕੇ, ਸਭ ਸਾਥ ਲਦਾਇਆ
ਤੇ ਕਰਕੇ ਤਿਆਰੀ ਚੱਲੀਏ, ਜਿਉਂ ਅੱਲ੍ਹਾ ਭਾਇਆ ।74।

75

ਟੁਰ ਪਈ ਨਾਲ ਗੁਲਾਮ ਦੇ, ਸਭ ਚੰਗੀ ਮੰਦੀ
ਖੇਸ਼ ਕਬੀਲਾ ਆਪਣਾ, ਹੋਰ ਸਾਥੀ ਸੰਗੀ
ਤੇ ਸਾਥ ਲਦਾਇਆ ਹਾਜੀਆਂ, ਕਰ ਰੰਗ ਬਿਰੰਗੀ
ਗਾਫਲ ਮੂਲ ਨ ਜਾਣਦੇ, ਮਤ ਪਉਣ ਫਿਰੰਗੀ
ਤੇ ਮੌਤ ਨਾ ਦੇਂਦੀ ਦੰਮ ਵੀ, ਇਕ ਫੁਰਸਤ ਮੰਗੀ
ਓੜਕ ਕੱਢੇ ਮੰਚਰੋਂ, ਇਸ ਭੈੜੀ ਕੰਘੀ ।75।

76

ਸ਼ਹਿਰੋਂ ਬਾਹਰ ਨਿੱਕਲੇ, ਲੱਦ ਮਾਲ ਮਤਾਹੀਂ
ਤੇ ਲਸ਼ਕਰ ਵਿਚੋਂ ਆਦਮੀ, ਇਕ ਗਿਆ ਤਦਾਹੀਂ
ਕਹਿਆ ਖਾਨ ਮੁਹੰਮਦੇ, ਉਸ ਵੇਖ ਕਦਾਹੀਂ
ਡੇਰੇ ਮਹਾਂ ਸਿੰਘ ਦੇ, ਹੁਣ ਕਰਨ ਸਲਾਹੀਂ
ਚੱਠੇ ਮਾਰੋ ਘੇਰ ਕੇ, ਹੁਣ ਜਾਵਣ ਨਾਹੀਂ
ਪਰ ਅਪਣਾ ਆਪ ਸੰਭਾਲ ਕੇ, ਤੁਸੀਂ ਟੁਰਿਓ ਰਾਹੀਂ ।76।

77

ਸੁਣ ਕੇ ਖਾਨ ਮੁਹੰਮਦੇ, ਦਿਲ ਧੋਖਾ ਖਾਇਆ
ਤੇ ਗਿਆ ਡੇਰੇ ਸਿੰਘ ਦੇ, ਨ ਕਿਸੇ ਲਖਾਇਆ
ਕਿਹਾ ਮਹਾਂ ਸਿੰਘ ਨੇ, 'ਕਿਉਂ ਖਾਨੂ ! ਆਇਆ'
ਅੱਗੋਂ ਖਾਨ ਮੁਹੰਮਦੇ, ਇਹ ਸੁਖਨ ਅਲਾਇਆ:
'ਮਾਂ ਪਿਉ ਮੇਰੇ ਸਿੰਘ ਜੀ, ਤੁਧ ਸਫ਼ਰ ਘਲਾਇਆ
ਮੈਂ ਹੁਣ ਰਹਿਆ ਤੁਧ ਕੋਲ, ਕੁਝ ਉਨ੍ਹਾਂ ਗਵਾਇਆ' ।77।

78

ਕਹਿਆ ਮਹਾਂ ਸਿੰਘ ਨੇ, 'ਹੁਣ ਕੀਕੁਣ ਜਾਓ' ?
ਕਹਿਆ ਖਾਨ ਮੁਹੰਮਦੇ, 'ਹੁਣ ਜਾਸਾਂ ਆਹੋ',
ਕਹਿਆ ਮਹਾਂ ਸਿੰਘ ਨੇ, 'ਚਾ ਘੇਰਾ ਪਾਓ
ਤੇ ਮਾਰ ਦੁਗਾੜਾ ਓਸਨੂੰ, ਚਾ ਥਾਓਂ ਲਾਹੋ
ਜਿੰਦਾ ਕੋਈ ਨ ਛੱਡਿਓ, ਚਾ ਜਿੰਦ ਮੁਕਾਓ
ਜੋ ਅੱਗੇ ਚੜ੍ਹ ਕੇ ਗਏ ਹਨ, ਸਭ ਮਾਰ ਖਪਾਓ' ।78।

79

ਅਜਲ ਪਿਆਲਾ ਮੌਤ ਦਾ, ਉਸ ਓਥੇ ਪੀਤਾ
ਖਬਰ ਨ ਕੁਝ ਗੁਲਾਮ ਨੂੰ, ਰਹਿ ਗਿਆ ਚੁਪੀਤਾ
ਉਸ ਨੂੰ ਕਾਸੇ ਮੌਤ ਦੇ, ਚਾ ਖੀਵਾ ਕੀਤਾ
ਤੇ ਮੌਤ ਜੋ ਪਾੜਨ ਪਾੜਦੀ, ਨ ਵੰਜੇ ਸੀਤਾ ।79।

80

ਪਿਛੇ ਆਣ ਗੁਲਾਮ ਦੇ, ਇਕ ਲਾਲ ਰਵਾਈ
ਮੁੜ ਕੇ ਮੀਆਂ ਓਸ ਨਾਲ, ਇਹ ਸੁਖਨ ਅਲਾਈ
ਠਾਕ ਪਿਛਾਹਾਂ ਲਸ਼ਕਰਾਂ, ਹਥ ਕੋਇ ਨਾ ਪਾਈ
ਕਹਿਆ ਅੱਗੋਂ ਓਸ ਨੇ, ਕਰ ਖਤਰ ਨ ਕਾਈ
ਹੋ ਕੇ ਪਿਛੋਂ ਓਸ ਨੇ, ਚਾ ਕਲਾ ਦਬਾਈ
ਤੇ ਅਗੋਂ ਹਿੱਕੋ ਨਿਕਲੀ, ਚਾ ਮੂੰਹ ਦੇ ਖਾਈ
ਜ਼ੋਰ ਨ ਜਾਂਦਾ ਪੇਸ਼ ਵੀ, ਕੁਝ ਨਾਲ ਕਜ਼ਾਈ ।80।

81

ਕੁਝ ਤਲਵਾਰਾਂ ਵੰਡੀਆਂ, ਕਰ ਬੇਰਾ ਬੇਰਾ
ਤੇ ਰਹਿੰਦੀ ਬਾਬਤ ਓਸਦੀ, ਨੂੰ ਪਾਇਆ ਘੇਰਾ
ਨੱਠਾ ਕੁਤਬੁੱਦੀਨ ਵੀ, ਤਾਂ ਵੇਖ ਚੁਫੇਰਾ
ਗਇਆ ਡੇਰੇ ਸਿੰਘ ਦੇ, ਕਰ ਜ਼ੋਰ ਵਧੇਰਾ
ਤੇ ਲੂੰ ਨਾ ਦੇਸਾਂ ਪੱਟਕੇ, ਮੈਂ ਮੂਲੇ ਤੇਰਾ ।81।

82

ਸਹਿਮ ਪਿਆਂ ਨੂੰ ਭੰਨ ਕੇ, ਨਾ ਦਹਿਨ ਵਡੇਰੇ
ਪਰ ਡਾਢੇ ਲੇਵਣ ਡਾਢ ਥੀਂ, ਕਰ ਜ਼ੋਰ ਵਧੇਰੇ
ਕੀਤੇ ਗੁੱਜਰ ਸਿੰਘ ਨੇ, ਤਦ ਜਤਨ ਘਨੇਰੇ
ਘੱਲੇ ਮਹਾਂ ਸਿੰਘ ਦੇ, ਆ ਪਹੁਤੇ ਨੇੜੇ
ਕਹੇ ਜ਼ਬਾਨੀ ਓਸ ਨੂੰ, ਤੁਸੀਂ ਸੱਜਣ ਮੇਰੇ
ਬੰਦਾ ਮੂਲ ਨਾ ਛੋਡਸਾਂ, ਕਰ ਦੁਸ਼ਮਨ ਜੇਰੇ
ਜੇ ਨਾ ਦੇਸੋਂ ਏਸਨੂੰ, ਤਾਂ ਪਉਸਾਂ ਖੇੜੇ ।82।

83

ਸੁਣਕੇ ਗੁੱਜਰ ਸਿੰਘ ਨੇ, ਇਹ ਰਾਖ ਬਰਾਖਾ
ਕੱਢ ਫੜਾਇਆ ਓਸ ਨੂੰ, ਹੋ ਲੋਹਾ ਲਾਖਾ
ਕਹਿਆ ਮਹਾਂ ਸਿੰਘ ਨੂੰ, ਭੁਖ ਪਾਇਓ ਸਾਖਾ
ਹੱਥ ਨ ਮੂਲੇ ਅੱਪੜੇ, ਥੂਹ ਕੌੜੀ ਦਾਖਾ
ਪਰ ਜਦ ਮਾਰੇ ਰੱਬ ਵੀ, ਕੌਣ ਹੋਂਦਾ ਰਾਖਾ ।83।

84

ਟੁਰਿਆ ਕੁਤੁਬੁੱਦੀਨ ਵੀ, ਜਾ ਓਥੇ ਕਹਿਆ
ਮੈਨੂੰ ਦਿਓ ਹਥਿਆਰ ਝਬ, ਮੈਂ ਮੂਲ ਨ ਢਹਿਆ
ਰੱਬ ਦਾ ਦਿੱਤਾ ਕੌਣ ਹੈ, ਜਿਸ ਮੂਲ ਨ ਸਹਿਆ
ਕੱਖ ਨ ਉਸ ਥੀਂ ਸੌਰਿਆ, ਜਿਸ ਮਾਣਾ ਗਹਿਆ ।84।

85

ਵੇਖ ਪੈਗੰਬਰ ਜ਼ਿਕਰੀਆ, ਟੁਕ ਖ਼ੌਫ਼ੋਂ ਡਰਿਆ
ਲੈ ਪਨਾਹ ਉਹ ਰੁੱਖ ਦੀ, ਭਜ ਓਥੇ ਵੜਿਆ
ਗ਼ੈਰਤ ਵੇਖੋ ਰੱਬ ਦੀ, ਸਿਰ ਆਰਾ ਧਰਿਆ
ਸਿਰ ਤੇ ਪੈਰ ਚਿਰਾਇਆ, ਏਸ ਸੁਖਨ ਨ ਕਰਿਆ
ਰੱਬ ਦਾ ਦਿੱਤਾ ਸਿਰੇ ਤੇ, ਦੁਖ ਹੱਡੀਂ ਜਰਿਆ
ਬਾਝੁ ਪਨਾਹੇ ਰੱਬ ਦੀ, ਕੋਈ ਮੂਲ ਨ ਤਰਿਆ ।85।

86

ਓੜਕ ਗ਼ੈਰਤ ਰੱਬ ਦੀ, ਇਹ ਹਾਲ ਕਰਾਇਆ
ਜੋ ਮੈਨੂੰ ਮਨੋਂ ਵਿਸਾਰਕੇ, ਕਿਉਂ ਗੈਰੀਂ ਧਾਇਆ
ਤਰਫ਼ੇ ਮਹਾਂ ਸਿੰਘ ਦੀ, ਉਹ ਪਕੜਿ ਚਲਾਇਆ
ਜਾਤਾ ਕੁਤਬੁੱਦੀਨ ਨੇ, ਹੁਣ ਮਰਨਾ ਆਇਆ
ਕਰਕੇ ਹਮਲਾ ਓਸ ਨੂੰ, ਹੱਥ ਕੇਸੀਂ ਪਾਇਆ
ਫੜ ਫੜ ਮਾਰੇ ਸੂਰਮੇ, ਭਉ ਮਰਨੋਂ ਚਾਇਆ ।86।

87

ਪਰ ਇਕ ਅਕੇਲਾ ਕੀ ਕਰੇ, ਸੌ ਮਾਰੇ ਝੁੱਟਾਂ
ਬੱਦਲ ਚੜ੍ਹਿਆ ਮੌਤ ਦਾ, ਮੀਂਹ ਤੇਗ਼ਾਂ ਲੱਥਾ
ਮਾਰਿਆ ਕੁਤਬੁੱਦੀਨ ਵੀ, ਹੋਰ ਜੰਗ ਨਿਖੁੱਟਾ
ਤੇ ਇੰਜ ਢੱਠਾ ਚੱਠਿਆਂ ਦਾ, ਪਾਸਾ ਪੁੱਠਾ
ਜਿਉਂ ਕਰ ਜ਼ੋਰ ਯਜ਼ੀਦੀਆਂ, ਅਮਾਮਾਂ ਕੁੱਠਾ
ਸਾਥ ਤਮਾਮੀ ਲਸ਼ਕਰਾਂ, ਕਰ ਘੇਰਾ ਮੁੱਠਾ
ਮੌਤੇ ਕੋਲੋਂ ਨੱਸ ਕੇ, ਕੋਈ ਮੂਲ ਨ ਛੁਟਾ ।87।

88

ਏਸੇ ਜ਼ਾਲਮ ਮੌਤ ਨੇ, ਸਭ ਮੁਲਕ ਖਪਾਇਆ
ਕੁੱਠਾ ਉਹ ਫ਼ਰਊਨ ਵੀ, ਜਿਸ ਰੱਬ ਕਹਾਇਆ
ਕੁੱਠਾ ਉਹ ਸ਼ੱਦਾਦ ਵੀ, ਜਿਸ ਭਿਸਤ ਬਣਾਇਆ
ਕੁੱਠਾ ਉਹ ਕਾਰੂੰ ਵੀ, ਜਿਸ ਮਾਲ ਵਧਾਇਆ
ਕੁੱਠਾ ਉਹ ਸੁਲੇਮਾਨ ਵੀ, ਜਿਸ ਤਖ਼ਤ ਉਡਾਇਆ
ਕਿਥੇ ਸਕੰਦਰ ਬਾਦਸ਼ਾਹ, ਜਿਸ ਮੁਲਕ ਨਿਵਾਇਆ
ਕੀ ਕੀ ਕਰੀਏ ਗੇਣਤੀ, ਕਿਸੇ ਅੰਤ ਨਾ ਪਾਇਆ ।88।

89

ਬਹੁਤ ਲੁਟਿਆ ਕਪੜਾ, ਸਭ ਰੰਗ ਬਿਰੰਗਾ
ਦੌਲਤ ਲੁਟੀ ਹੋਰ ਵੀ, ਕਰ ਦੇਗੀਂ ਦੰਗਾ
ਬਹੁਤ ਖਪਾਏ ਆਦਮੀ, ਇਸ ਭੈੜੀ ਕੰਗਾ
ਬੂਟਾ ਸਿੰਘ ਗੁਲਾਮ ਦਾ, ਇਕ ਨੌਕਰ ਚੰਗਾ
ਫੜ ਕੇ ਤਰਫ਼ੇ ਸਿੰਘ ਦੇ, ਕਰ ਖੜਿਆ ਦੰਗਾ
ਜਿਉਂ ਹੋਇਆ ਤਿਉਂ ਮੌਤ ਦਾ, ਉਸ ਭੱਦਾ ਅੰਗਾ ।89।

90

ਦੁਨੀਆਂ ਖ਼ਾਬ ਖ਼ਿਆਲ ਹੈ, ਇਸ ਈਹੋ ਭਾਵੇ
ਜਾਂ ਇਹ ਮਕਰ ਫ਼ਰੇਬ ਹੈ, ਜਗ ਮਕਰ ਫੈਲਾਵੇ
ਹਾਰ ਸ਼ਿੰਗਾਰਾਂ ਲਾਇਕੇ, ਇਹ ਆਪ ਵਿਖਾਵੇ
ਰੰਨਾਂ ਵਾਂਗੂੰ ਏਸ ਦੀ, ਹੈ ਟੋਰ ਸੁਹਾਵੇ
ਲਾਡ ਦਿਖਾ ਕੇ ਛੇਕੜੇ, ਚਾ ਜ਼ਹਿਰ ਖਵਾਵੇ ।90।

91

ਜੇ ਰੱਬ ਦੇਵੇ ਹੋਸ਼ ਤਾਂ, ਇਸ ਕੋਲ ਨ ਬਹੀਏ
ਘੱਤ ਤਲਾਕਾਂ ਏਸ ਨੂੰ, ਹੋ ਕੰਨੀਂ ਬਹੀਏ
ਮੰਦਾ ਕਿਸੇ ਨ ਆਖੀਏ, ਸਭ ਚੰਗਾ ਕਹੀਏ
ਅਜਰ ਦਹਿੰਦਾ ਰੱਬ ਹੈ, ਸਭ ਉਸ ਥੀਂ ਲਹੀਏ
ਫ਼ਿਕਰ ਜ਼ਹੀਰੀ ਆਰਜ਼ੀ, ਸਭ ਸਿਰ ਤੇ ਸਹੀਏ ।91।

92

ਕਿੱਥੇ ਹਨ ਉਹ ਆਦਮੀ, ਜੋ ਕਦਰ ਪਛਾਣਨ
ਤੇ ਹੁਣ ਦੇ ਹੱਥੋਂ ਦੇਖ ਕੇ, ਸੌ ਹੁਜਤ ਆਣਨ

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.