A Literary Voyage Through Time

ਉਸ ਪਿੰਡ, ਜਿੱਥੇ ਹੁਣ ਸਕੂਲ ਬਣਿਆ ਹੋਇਆ ਹੈ, ਕਦੇ ਉੱਥੇ ਮੁਸਲਮਾਨਾਂ ਦੇ ਘਰ ਹੁੰਦੇ ਸਨ। ਕੱਚੇ ਘਰ, ਪੱਕੇ ਘਰ। ਦੇਸ਼ ਆਜ਼ਾਦ ਹੋਣ ਤੋਂ ਪਿੱਛੋਂ ਜਦ ਪੰਜਾਬ ਦੇ ਲੋਕਾਂ ਨੂੰ ਮਜ਼੍ਹਬੀ ਕੁੜੱਤਣ ਚੜ੍ਹ ਗਈ ਤਾਂ ਉਹ ਸਾਰੇ ਘਰ ਢਹਿ ਗਏ। ਹੁਣ ਪਤਾ ਵੀ ਨਹੀਂ ਲੱਗਦਾ ਕਿ ਉੱਥੇ ਕਦੇ ਕੋਈ ਘਰ ਵੀ ਕਿਸੇ ਦਾ ਹੁੰਦਾ ਹੋਵੇਗਾ। 

⁠ਸਕੂਲ ਦੇ ਨਾਲ ਲਹਿੰਦੇ ਪਾਸੇ ਹੁਣ ਬਸ ਇੱਕ ਘਰ ਬਚਿਆ ਰਹਿੰਦਾ ਹੈ। ਉਸ ਘਰ ਵਿੱਚ ਅਜੇ ਵੀ 'ਮਨੁੱਖ’ ਵੱਸਦੇ ਹਨ। ਉਹ ਘਰ 'ਖ਼ੁਸਰਿਆਂ ਦਾ ਡੇਰਾ' ਕਰਕੇ ਪਿੰਡ ਵਿੱਚ ਜਾਣਿਆ ਜਾਂਦਾ ਹੈ।

⁠ਅੱਜ ਦੀ ਪੀੜ੍ਹੀ ਦੀ ਸੁਰਤ ਤੋਂ ਪਹਿਲਾਂ ਦਾ ਹੀ ਕਿਤੇ ਉਹ ਡੇਰਾ ਬਣਿਆ ਹੋਵੇਗਾ। ਉਸ ਡੇਰੇ ਵਿੱਚ ਹਮੇਸ਼ਾ ਪੰਜ ਚਾਰ ਖ਼ੁਸਰੇ ਰਹਿੰਦੇ ਹਨ। ਮੋਟੇ ਢਿੱਡਲ ਖ਼ੁਸਰੇ, ਪਤਲੇ ਛੀਂਟਕੇ ਸਰੀਰ ਵਾਲੇ ਖ਼ੁਸਰੇ, ਕਾਲ਼ੇ ਮਰਿਆੜ ਖ਼ੁਸਰੇ, ਗੋਰੇ ਨਿਛੋਹ ਖ਼ੁਸਰੇ, ਬੁੱਢੇ ਖ਼ੁਸਰੇ ਤੇ ਜਵਾਨ ਖ਼ੁਸਰੇ। ਹੱਕੀ ਖ਼ੁਸਰਾ ਉਸ ਡੇਰੇ ਦਾ ਮਹੰਤ ਬਣ ਕੇ ਰਹਿੰਦਾ ਹੈ ਤੇ ਹਮੇਸ਼ਾ ਉੱਥੇ ਹੀ ਰਹਿੰਦਾ ਹੈ।

⁠ਕੁਝ ਮਹੀਨਿਆਂ ਦੀ ਗੱਲ ਹੈ, ਖ਼ੁਸਰਿਆਂ ਦੇ ਉਸ ਡੇਰੇ ਇੱਕ ਖ਼ੁਸਰਾ ਆਇਆ। ਲੰਮਾ ਸੋਹਣਾ ਸਰੀਰ, ਰੰਗ ਮੁਸ਼ਕੀ ਤੇ ਚਿਹਰੇ ਦੀ ਬਨਾਵਟ, ਬਸ ਜਿਵੇਂ ਤੀਵੀਂ ਹੋਵੇ। ਕੱਪੜੇ ਪਾਉਂਦਾ, ਪਿੰਡੇ ਨਾਲ ਸੂਤਵੇਂ, ਜਿਵੇਂ ਕਾਲਜ ਦੀ ਕੋਈ ਕੁੜੀ ਹੋਵੇ। ਗਾਉਂਦਾ ਬਹੁਤ ਵਧੀਆ ਸੀ। ਨਵੇਂ ਤੋਂ ਨਵੇਂ ਫ਼ਿਲਮੀ ਗੀਤ ਗਾਉਂਦਾ। ਆਵਾਜ਼ ਉਹਦੀ ਮੁਹੰਮਦ ਰਫ਼ੀ ਵਾਂਗ ਉਤਾਂਹ ਚੜ੍ਹ ਜਾਂਦੀ ਤੇ ਉਹ ਫਿਰ ਵੀ ਸੁਰ ਵਿੱਚ ਰਹਿੰਦਾ।

⁠ਉਸ ਡੇਰੇ ਕੋਲ ਆਲੇ-ਦੁਆਲੇ ਦੇ ਪੰਦਰਾਂ ਵੀਹ ਪਿੰਡਾਂ ਦੀ ਵਧਾਈ ਹੈ। ਕਿਸੇ ਦੇ ਵੀ ਮੁੰਡਾ ਹੋਵੇ, ਮੁੰਡੇ ਦੀ ਵਧਾਈ ਉਸ ਡੇਰੇ ਦੇ ਖ਼ੁਸਰੇ ਲੈਣ ਜਾਂਦੇ ਹਨ। ਕਾਲਜ ਦੀ ਕੁੜੀ ਵਰਗਾ ਉਹ ਖ਼ੁਸਰਾ ਜਦ ਕਿਸੇ ਪਿੰਡ ਜਾਂਦਾ ਤੇ ਅਗਲੇ ਦੇ ਵਿਹੜੇ ਵਿੱਚ ਨੱਚ ਕੇ ਪੰਜਾਬੀ ਗੀਤ ਛੇੜਦਾ ਤਾਂ ਘਰ ਵਾਲੇ ਤੇ ਗਵਾਂਢੀ ਤਾਂ ਕੀ ਅਗਵਾੜ ਦਾ ਅਗਵਾੜ ਲੱਟੂ ਹੋ ਜਾਂਦਾ।

⁠ਉਸ ਪਿੰਡ ਹਰ ਛੀ ਮਹੀਨਿਆਂ ਪਿੱਛੋਂ ਜਦ ਦੇਵੀ ਦਾ ਮੇਲਾ ਲੱਗਦਾ ਹੈ ਤਾਂ ਖ਼ੁਸਰੇ ਉਸ ਦਿਨ ਮੇਲੇ ਵਿੱਚ ਜਾ ਕੇ ਹਰ ਦੁਕਾਨ ਅੱਗੇ ਗਾਉਂਦੇ ਹਨ, ਨੱਚਦੇ ਹਨ ਤੇ ਦੁਕਾਨਦਾਰ ਤੋਂ ਰੁਪਈਆ ਲੈਂਦੇ ਹਨ।

⁠ਐਤਕੀਂ ਜਦ ਮੇਲਾ ਭਰਿਆ, ਸਾਰਾ ਮੇਲਾ ਓਸ ਕਾਲਜ ਦੀ ਕੁੜੀ ਵਰਗੇ ਖ਼ੁਸਰੇ ਮਗਰ ਤੁਰਿਆ ਫਿਰਦਾ ਸੀ। ਲੱਖਮੀ ਸਾਬਣ ਵੇਚਣ ਵਾਲਾ ਬਹੁਤ ਹੀ ਮਗਰ ਮਗਰ ਉਹਦੇ ਫਿਰਦਾ ਰਿਹਾ। ⁠ਲੱਖਮੀ ਬਰਨਾਲੇ ਰਹਿੰਦਾ ਹੈ। ਬਰਨਾਲੇ ਕੱਪੜੇ ਧੋਣ ਵਾਲੀ ਸਾਬਣ ਦੀ ਇੱਕ ਬਹੁਤ ਮਸ਼ਹੂਰ ਦੁਕਾਨ ਹੈ। ਉਸ ਦੁਕਾਨ ਤੋਂ ਉਹ ਸਾਬਣ ਸਸਤੇ ਭਾਅ ਲੈਂਦਾ ਹੈ ਤੇ ਸਾਇਕਲ ਉੱਤੇ ਜਾ ਕੇ ਪਿੰਡ ਪਿੰਡ, ਕੁਝ ਨਫ਼ਾ ਕੱਢ ਕੇ ਉਸ ਨੂੰ ਵੇਚਦਾ ਹੈ।

⁠ਮਧਰਾ ਕੱਦ, ਗੋਰਾ ਰੰਗ, ਮੋਟੀ ਚਮਕਦੀ ਅੱਖ ਤੇ ਖੱਬੇ ਹੱਥ ਵਿੱਚ ਚਾਂਦੀ ਦੀਆਂ ਬਣੀਆਂ ਦੋ ਕੰਗਣੀਆਂ। ਉਹ ਗੱਲਾਂ ਕਰਦਾ ਤਾਂ ਢਾਕਾਂ ਉੱਤੇ ਹੱਥ ਰੱਖ ਤੀਵੀਆਂ ਵਾਂਗ ਏਧਰ ਓਧਰ ਝਾਕ ਕੇ ਅੱਖਾਂ ਝਮਕ ਕੇ ਤੇ ਹੱਥਾਂ ਦੇ ਨ੍ਰਿਤ ਨਾਲ ਸੁਝਾਉਣੀਆਂ ਦੇ ਦੇ ਮੁੜ ਢਾਕਾਂ ਉੱਤੇ ਹੱਥ ਰੱਖ ਲੈਂਦਾ ਹੈ। ਖੜ੍ਹਾ-ਖੜ੍ਹਾ ਗੱਲਾਂ ਕਰਦਾ-ਕਰਦਾ ਕਦੇ-ਕਦੇ ਆਪਣੇ ਪਜਾਮੇ ਦੀ ਇੱਕ ਮੂਹਰੀ ਖੁੱਚ ਤੀਕ ਚੁੱਕ ਕੇ ਲੈ ਜਾਂਦਾ ਹੈ, ਜਿਵੇਂ ਆਪਣੀ ਗੋਲ ਪਿੰਜਣੀ ਦਾ ਦਿਖਾਵਾ ਕਰਨਾ ਹੋਵੇ।

⁠ਉਸ ਦਿਨ ਮੇਲੇ ਵਿੱਚ ਉਹ ਉਸ ਖ਼ੁਸਰੇ ਉੱਤੇ ਐਸਾ ਮੋਹਿਤ ਹੋਇਆ ਕਿ ਉਸ ਰਾਤ ਉਹ ਉਹਦੇ ਕੋਲ ਡੇਰੇ ਵਿੱਚ ਹੀ ਰਹਿ ਪਿਆ। ਓਥੇ ਹੀ ਰੋਟੀ ਖਾਧੀ ਤੇ ਉਥੇ ਹੀ ਰਾਤ ਕੱਟੀ।

⁠ਫਿਰ ਇੱਕ ਦਿਨ ਪਤਾ ਲੱਗਿਆ ਕਿ ਉਹ ਕਾਲਜ ਦੀ ਕੁੜੀ ਵਰਗਾ ਖ਼ੁਸਰਾ ਪਤਾ ਨਹੀਂ ਕਿੱਧਰ ਚਲਿਆ ਗਿਆ। ਲੱਖਮੀ ਵੀ ਹੁਣ ਇੱਕ ਮਹੀਨਾ ਹੋ ਗਿਆ ਸੀ, ਨਹੀਂ ਸੀ ਆਇਆ। ਲੋਕ ਕਹਿੰਦੇ ਸਨ ਕਿ ਖ਼ੁਸਰੇ ਨੂੰ ਲੱਖਮੀ ਕਿਧਰੇ ਲੈ ਗਿਆ, ਪਰ ਇੱਕ ਮਹੀਨੇ ਪਿੱਛੋਂ ਲੱਖਮੀ ਕਿੱਧਰੋਂ ਆ ਹੀ ਗਿਆ। ਓਵੇਂ ਜਿਵੇਂ ਸਾਇਕਲ ਉੱਤੇ ਕੱਪੜੇ ਧੋਣ ਵਾਲਾ ਸਾਬਣ ਵੇਚਣ। ਲੋਕ ਹੈਰਾਨ ਸਨ ਕਿ ਖ਼ੁਸਰਾ ਸਾਲ਼ਾ ਕਿੱਧਰ ਛਿਪਣ ਹੋ ਗਿਆ। ਖ਼ੁਸਰੇ ਦੀ ਗੱਲ ਸੀ, ਕਿਹੜਾ ਕਿਸੇ ਤੀਵੀਂ ਦੀ ਗੱਲ ਸੀ। ਕੋਈ ਬਹੁਤਾ ਗੌਗਾ ਨਾ ਉੱੱਡਿਆ।

⁠ਫਿਰ ਇੱਕ ਦਿਨ ਉਸੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਲੁਧਿਆਣੇ ਤੋਂ ਬੱਸ ਵਿੱਚ ਆਉਂਦਿਆਂ ਸਧਾਰ ਦੇ ਪੁਲਾਂ ਉੱਤੇ ਚਾਹ ਦੀ ਦੁਕਾਨ ਕਰਦਾ ਇੱਕ ਛੀਂਂਟਕਾ ਜਿਹਾ ਨੌਜਵਾਨ ਉਸ ਨੇ ਦੇਖਿਆ ਸੀ- 'ਮੁਸ਼ਕੀ ਰੰਗ, ਇਕਹਿਰੇ ਅੰਗ ਦਾ ਸਰੀਰ, ਮੂੰਹ ਗੋਲ਼ ਤੇ ਅੱਖਾਂ ਬਿਲਕੁਲ ਓਸ ਕਾਲਜ ਦੀ ਕੁੜੀ ਵਰਗੇ ਖ਼ੁਸਰੇ ਵਰਗੀਆਂ।'

⁠ਇੱਕ ਦਿਨ ਪਟਿਆਲੇ ਤੋਂ ਇੱਕ ਹੋਰ ਬੰਦਾ ਓਸੇ ਪਿੰਡ ਆਇਆ ਤੇ ਕਹਿੰਦਾ "ਆਹ ਸਾਬਣ ਵੇਚਦਾ ਫਿਰਦੈ ਆਦਮੀ, ਜਮਈਂ ਇਹਾ ਜਾ ਇੱਕ ਖ਼ੁਸਰਾ ਕਈ ਸਾਲ ਹੋ 'ਗੇ ਪਟਿਆਲੇ ਹੁੰਦਾ ਸੀ। ਇਹ ਜਾ ਈ ਮਧਰਾ ਕੱਦ, ਇਹੀ ਰੰਗ, ਇਹੀ ਮੂੰਹ ਤੇ ਇਹੀ ਅੱਖਾਂ!"

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.