A Literary Voyage Through Time

ਇਹ ਜੋ ਮੁੰਨੇ ਸਿਰ ਵਾਲੀ ਬੁਢੀ ਔਰਤ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵੱਟ ਰਹੀ ਹੈ, ਸ੍ਹਾਬੋ ਹੈ-ਸਾਹਿਬ ਕੌਰ। ਬੈਠੀ ਦੇਖੋ, ਜਿਵੇਂ ਕੋਈ ਦੇਵੀ ਹੋਵੇ। ਜੁਆਨੀ ਦੀ ਉਮਰ ਵਿੱਚ ਕਿੰਨੀ ਚੜ੍ਹਤ ਸੀ ਸ੍ਹਾਬੋ ਦੀ। ਰੰਗ ਸਾਂਵਲਾ, ਤਿੱਖਾ ਨੱਕ, ਅੱਖਾਂ ਆਂਡੇ ਵਰਗੀਆਂ, ਕੱਦ ਲੰਮਾ ਤੇ ਭਰਵਾਂ। ਜਿੱਥੋਂ ਦੀ ਲੰਘਦੀ, ਕੰਧਾਂ ਕੰਬਦੀਆਂ ਤੇ ਧਰਤੀ ਨਿਉਂ-ਨਿਉਂ ਜਾਂਦੀ। ਕਮਜ਼ੋਰ ਦਿਲ ਬੰਦਾ ਸ੍ਹਾਬੋ ਦੇ ਸੇਕ ਤੋਂ ਡਰਦਾ ਉਹਦੇ ਨੇੜੇ ਨਹੀਂ ਢੁੱਕ ਸਕਦਾ ਸੀ, ਗੱਲ ਕਰਨ ਲੱਗੇ ਦੀ ਜੀਭ ਠਾਕੀ ਜਾਂਦੀ।

⁠ਠਾਣਾ ਸਿੰਘ ਦੇ ਗੇੜ ਵਿੱਚ ਉਹ ਪਤਾ ਨਹੀਂ ਕਿਵੇਂ ਆ ਗਈ ਤੇ ਫਿਰ ਠਾਣਾ ਸਿੰਘ ਦੀ ਹੋ ਕੇ ਹੀ ਰਹਿ ਗਈ। ਆਪਣੇ ਪਤੀ ਪਾਲਾ ਸਿੰਘ ਦਾ ਘਰ-ਬਾਰ ਛੱਡਿਆ ਤੇ ਠਾਣਾ ਸਿੰਘ ਦੀ ਹਵੇਲੀ ਆ ਬੈਠੀ। ਦੋ ਜੁਆਕ ਵੀ ਛੱਡ ਆਈ, ਇੱਕ ਕੁੜੀ, ਇੱਕ ਮੁੰਡਾ। ਨਿੱਕੇ-ਨਿੱਕੇ ਸਨ। ਮੁੰਡਾ ਸੱਤ-ਅੱਠ ਸਾਲ ਦਾ ਤੇ ਕੁੜੀ ਚਾਰ-ਪੰਜ ਵਰ੍ਹਿਆਂ ਦੀ। ਮੁਕੱਦਮਾ ਚੱਲਿਆ, ਜੱਜ ਨੇ ਫ਼ੈਸਲਾ ਦਿੱਤਾ ਕਿ ਸਾਹਿਬ ਕੌਰ ਰਹੇਗੀ ਤਾਂ ਠਾਣਾ ਸਿੰਘ ਦੇ ਘਰ ਹੀ, ਪਰ ਉਹ ਸਾਰੀ ਉਮਰ ਪਿੰਡ ਦੀ ਜੂਹ ਤੋਂ ਬਾਹਰ ਰਹਿਣਗੇ।

⁠ਜਦੋਂ ਠਾਣਾ ਸਿੰਘ ਸ੍ਹਾਬੋ ਨੂੰ ਬਾਹਰ ਅੰਦਰ ਕਿਧਰੇ ਹਨੇਰੇ ਵਿੱਚ ਮਿਲਦਾ ਸੀ ਤਾਂ ਪਿੰਡ ਵਿੱਚ ਚਰਚਾ ਤਾਂ ਹੈਗੀ ਹੀ ਸੀ, ਉਹਦੀ ਆਪਣੀ ਤੀਵੀਂ ਵੀ ਉਹਦੇ ਨਾਲ ਕਲੇਸ਼ ਰੱਖਦੀ। ਉਹਨੂੰ ਉਹ ਮਾਰਦਾ ਕੁੱਟਦਾ। ਉਹਦਾ ਕੋਈ ਨਹੀਂ ਸੀ, ਨਾ ਮਾਂ-ਬਾਪ ਤੇ ਨਾ ਕੋਈ ਭੈਣ-ਭਰਾ। ਨਾਨਕਿਆਂ ਨੇ ਪਾਲ਼ੀ ਸੀ, ਨਾਨਕਿਆਂ ਨੇ ਹੀ ਵਿਆਹ ਕੀਤਾ। ਵਿਆਹ ਵੀ ਕੀ ਕੀਤਾ, ਇੱਕ ਤਰ੍ਹਾਂ ਨਾਲ ਬਸ ਸਿਰ ਗੁੰਦ ਦਿੱਤਾ। ਠਾਣਾ ਸਿੰਘ ਦੇ ਦਿਮਾਗ਼ ਨੂੰ ਸ੍ਹਾਬੋ ਪੋਸਤ ਦੇ ਨਸ਼ੇ ਵਾਂਗ ਚੜ੍ਹੀ ਰਹਿੰਦੀ। ਉਹਨੇ ਆਪਣੀ ਤੀਵੀਂ ਵੇਚ ਦਿੱਤੀ। ਗੋਦੀ ਮੁੰਡਾ ਸੀ, ਉਹ ਵੀ ਨਾਲ ਹੀ ਤੋਰ ਦਿੱਤਾ।

⁠ਸਾਰਾ ਪਿੰਡ ਮੂੰਹ ਵਿੱਚ ਉਂਗਲਾਂ ਪਾਉਂਦਾ। ਲੋਕ ਦੋਵਾਂ ਨੂੰ ਫਿਟ ਲਾਹਣਤਾਂ ਦਿੰਦੇ-'ਊਂ' ਖੇਹ ਖਾਂਦੇ ਰਹਿੰਦੇ, ਘਰ ਨ੍ਹੀਂ ਸੀ ਤਿਆਗ਼ਣੇ ਪੱਟੇ ਵਿਆਂ ਨੇ। ਇਹਨਾਂ ਦਾ ਕਿਤੇ ਭਲਾ ਨ੍ਹੀਂ ਹੋਊਂ।"

⁠ਸ੍ਹਾਬੋ ਨੂੰ ਆਖਦੇ-"ਪਾਲਾ ਸੂੰ ਦੇਵਤਾ ਬੰਦਾ ਸੀ, ਕਬੂਤਰੀਆਂ ਵਰਗੇ ਮੁੰਡਾ ਕੁੜੀ, ਕੁੱਤੀ ਜ਼ਾਤ ਔਹ ਗਈ ਸਾਰਾ ਛੱਡ ਕੇ।"

⁠ਠਾਣਾ ਸਿੰਘ ਦੀ ਅਕਲ 'ਤੇ ਸਭ ਹੈਰਾਨ- ‘ਆਵਦੀ ਤੀਮੀਂ ਵੀ ਜਾਰ ਵੇਚੀ ਐ ਕਿਸੇ ਨੇ ਧਰਤੀ ਦੀ ਕੰਡ 'ਤੇ, ਪਿਓ ਦਾਦੇ ਦੀ ਸਹੇੜ, ਇਹ ਠਾਣਾ ਸਾਲ਼ਾ ਬੰਦਾ ਐ ਜਾਂ ਕਸਾਈ?" ⁠ਪੰਜ-ਸੱਤ ਸਾਲ ਉਹ ਦੂਰ ਦੇ ਇੱਕ ਪਿੰਡ ਵਿੱਚ ਰਹੇ। ਠਾਣਾ ਸਿੰਘ ਨੇ ਉੱਥੇ ਸ਼ਰਾਬ ਦਾ ਠੇਕਾ ਲੈ ਰੱਖਿਆ ਸੀ। ਹਰ ਸਾਲ ਉਸ ਪਿੰਡ ਦਾ ਠੇਕਾ ਕਿਸੇ ਦੇ ਵੀ ਨਾਉਂ ਟੁੱਟਦਾ, ਉਹ ਵਿੱਚ ਦੁਆਨੀ ਪੱਤੀ ਪਾ ਕੇ ਠੇਕੇ ਉੱਤੇ ਆ ਬੈਠਦਾ। ਕੰਮ ਦਾ ਪੂਰਾ ਕਰਿੰਦਾ ਸੀ ਤੇ ਈਮਾਨਦਾਰ ਵੀ। ਹਿੱਸੇਦਾਰਾਂ ਨੂੰ ਪਾਈ-ਪਾਈ ਦਾ ਹਿਸਾਬ ਦਿੰਦਾ। ਸ੍ਹਾਬੋ ਦੇ ਕੋਈ ਹੋਰ ਜੁਆਕ ਨਹੀਂ ਹੋਇਆ ਸੀ। ਠਾਣਾ ਸਿੰਘ ਕੋਈ ਔਲਾਦ ਚਾਹੁੰਦਾ ਵੀ ਨਹੀਂ ਸੀ। ਉਹਦੇ ਲਈ ਤਾਂ ਮੌਜ-ਮੇਲਾ ਹੀ ਸਭ ਕੁਝ ਸੀ। ਉੱਥੇ ਜਾ ਕੇ ਉਹਨੇ ਸ੍ਹਾਬੋ ਨੂੰ ਵੀ ਦਾਰੂ ਪੀਣ ਲਾ ਲਿਆ। ਆਥਣ ਵੇਲੇ ਉਹ ਰੋਟੀ ਪਕਾ ਰਹੀ ਹੁੰਦੀ, ਠਾਣਾ ਦੋ-ਤਿੰਨ ਪੈੱਗ ਮਾਰ ਕੇ ਜਦੋਂ ਪੂਰੇ ਲੋਰ ਵਿੱਚ ਆ ਜਾਂਦਾ ਤਾਂ ਇੱਕ ਛੋਟਾ ਪੈੱਗ ਬਣਾ ਕੇ ਸ੍ਹਾਬੋ ਨੂੰ ਵੀ ਦੇ ਦਿੰਦਾ। ਆਖਦਾ- "ਲੈ, ਐਨੀ ਕੁ ਦਾ ਤਾਂ ਕੋਈ ਡਰ ਨ੍ਹੀਂ।' ਤੇਰਾ ਪਾਲ਼ਾ ਉਤਰਜੂਗਾ। ਐਵੇਂ ਧੁੜਧੁੜੀਆਂ ਜੀਆਂ ਲਈ ਜਾਨੀ ਐਂ।"

⁠ਫਿਰ ਉਹ ਆਪਣੇ ਪਿੰਡ ਦੇ ਨੇੜੇ ਹੀ ਇਕ ਪਿੰਡ ਆ ਕੇ ਰਹਿਣ ਲੱਗੇ। ਇਸ ਪਿੰਡ ਉਹਨੇ ਇੱਟਾਂ ਦੇ ਭੱਠੇ ਵਿੱਚ ਆਪਣਾ ਹਿੱਸਾ ਪਾ ਲਿਆ ਸੀ। ਇਹ ਪਿੰਡ ਉਹਦੇ ਪਿੰਡ ਤੋਂ ਤਿੰਨ ਕੁ ਮੀਲ ਹੀ ਪੈਂਦਾ ਸੀ। ਉਹ ਤੀਜੇ ਚੌਥੇ ਦਿਨ ਹੀ ਆਪਣੇ ਪਿੰਡ ਗੇੜਾ ਮਾਰ ਜਾਂਦਾ। ਆਪਣੇ ਅਗਵਾੜ ਦੇ ਬੰਦਿਆਂ ਨਾਲ ਗੱਲਾਂ ਕਰਦਾ। ਇੱਕ ਦਿਨ ਸ੍ਹਾਬੋ ਵੀ ਆਈ ਤੇ ਫਿਰ ਉਹ ਪੰਦਰਵੇਂ-ਵੀਹਵੀਂ ਦਿਨ ਹੀ ਆਉਣ ਲੱਗੀ। ਕਦੇ ਰੂੰ ਪਿੰਜਵਾ ਕੇ ਲਿਜਾ ਰਹੀ ਹੈ। ਕਦੇ ਕੋਈ ਸੌਦਾ-ਪੱਤਾ, ਅਖੇ-ਇਹ ਉੱਥੇ ਕਿਸੇ ਦੀ ਹੱਟ 'ਤੇ ਹੈ ਨ੍ਹੀਂ ਸੀ। ਜਦੋਂ ਉਹ ਆਉਂਦੀ, ਅਗਵਾੜ ਦੀਆਂ ਤੀਵੀਆਂ ਉਹਦੇ ਨੇੜੇ ਢੁੱਕ-ਢੁੱਕ ਬੈਠਦੀਆਂ। ਗੱਲੀਂ-ਗੱਲੀਂ ਉਹਦਾ ਸਾਰਾ ਭੇਤ-ਛੇਤ ਲੈਂਦੀਆਂ। ਸ੍ਹਾਬੋ ਵੀ ਪਿੰਡ ਦਾ ਭੇਤ ਲੈਣ ਹੀ ਆਉਂਦੀ ਹੁੰਦੀ। ਤੀਵੀਆਂ ਓਦੂੰ ਚਾਲਾਕ ਸ੍ਹਾਬੋ ਓਦੂੰ ਚਾਲਾਕ।

⁠ਇਸ ਨੇੜੇ ਦੇ ਪਿੰਡ ਉਹ ਦੋ ਸਾਲ ਹੀ ਰਹੇ ਤੇ ਫਿਰ ਆਪਣੇ ਪਿੰਡ ਸ੍ਹਾਬੋ ਨੂੰ ਲਿਆ ਕੇ ਠਾਣਾ ਸਿੰਘ ਆਪਣੀ ਹਵੇਲੀ ਵਿੱਚ ਬੇਧੜਕ ਰਹਿਣ ਲੱਗਿਆ। ਓਦੋਂ ਤੱਕ ਦੇਸ਼ ਆਜ਼ਾਦ ਹੋ ਚੁੱਕਿਆ ਸੀ। ਰਾਜਿਆਂ ਵੇਲੇ ਦੇ ਕਾਨੂੰਨਾਂ ਨੂੰ ਹੁਣ ਕੌਣ ਗੌਲ਼ਦਾ ਸੀ ਤੇ ਨਾਲੇ ਉਹਨਾਂ ਗੱਲਾਂ ਨੂੰ ਨੌਂ-ਦਸ ਸਾਲ ਬੀਤ ਚੁੱਕੇ ਸਨ। ਦਸ ਸਾਲ ਤਾਂ ਬਹੁਤ ਹੁੰਦੇ ਹਨ। ਦਸਾਂ ਸਾਲਾਂ ਵਿੱਚ ਤਾਂ ਬਹੁਤ ਕੁਝ ਬਦਲ ਜਾਂਦਾ ਹੈ।

⁠ਠਾਣਾ ਸਿੰਘ ਜਿੰਨੇ ਵਰ੍ਹੇ ਪਿੰਡੋਂ ਬਾਹਰ ਰਿਹਾ, ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਤੀਜਿਆਂ ਨੂੰ ਸੰਭਾਲ ਰੱਖੀ। ਉਹਦੇ ਦੋ ਭਤੀਜੇ ਸਨ। ਉਹਦਾ ਵੱਡਾ ਭਾਈ ਮਰ ਚੁੱਕਿਆ ਸੀ। ਭਤੀਜੇ ਆਪ ਉਹਦੇ ਕੋਲ ਜਾ ਕੇ ਉਹਦੀ ਜ਼ਮੀਨ ਦਾ ਠੇਕਾ ਦੇ ਆਉਂਦੇ ਤੇ ਹੁਣ ਜਦੋਂ ਉਹ ਪਿੰਡ ਆ ਬੈਠਾ ਸੀ, ਉਹਨੇ ਭਤੀਜਿਆਂ ਨੂੰ ਆਖਿਆ ਕਿ ਉਹ ਉਹਨੂੰ ਫ਼ਸਲ ਦਾ ਹਿੱਸਾ ਦਿਆ ਕਰਨ। ਠੇਕੇ ਦੇ ਰੁਪਈਆਂ ਨਾਲ ਉਹਦਾ, ਗੁਜ਼ਾਰਾ ਨਹੀਂ ਹੁੰਦਾ। ਇਸ ਬਹਾਨੇ ਖੇਤ ਜਾ ਕੇ ਉਹ ਆਪਣੀ ਫ਼ਸਲ ਵੀ ਦੇਖ ਆਉਂਦਾ। ਖੇਤੋਂ ਕੋਈ ਸਾਗ ਭਾਜੀ ਲੈ ਆਉਂਦਾ। ਖੇਤ ਗੇੜਾ ਮਾਰਨ ਨਾਲ ਹੱਡ ਮੋਕਲੇ ਰਹਿੰਦੇ। ਦਾਲ-ਸਬਜ਼ੀ ਨੂੰ ਖੂਬ ਤੜਕਾ ਲਾ ਕੇ ਤੇ ਵਿੱਚ ਖ਼ੁਸ਼ਬੂਦਾਰ ਮਸਾਲੇ ਪਾ ਕੇ ਬਣਾਉਣ ਦਾ ਪੂਰਾ ਸ਼ੌਕ ਸੀ, ਸ੍ਹਾਬੋ ਨੂੰ। ਕਦੇ-ਕਦੇ ਮੀਟ ਵੀ ਬਣਦਾ। ਦਾਰੂ ਨਿੱਤ ਸ੍ਹਾਬੋ ਵੀ ਪੀਂਦੀ। ਅੰਦਰ ਖਾਤੇ ਠਾਣਾ ਸਿੰਘ ਚੋਰੀ ਫ਼ੀਮ ਵੇਚਣ ਦਾ ਧੰਦਾ ਕਰਦਾ।

⁠ਪਾਲਾ ਸਿੰਘ ਆਪਣੀ ਵਿਧਵਾ ਤੇ ਬੇਔਲਾਦ ਭੈਣ ਨੂੰ ਆਪਣੇ ਕੋਲ ਲੈ ਆਇਆ ਸੀ। ਉਹ ਧਾਰਮਿਕ ਬਿਰਤੀ ਦਾ ਆਦਮੀ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ। ਸਾਹਿਬ ਕੌਰ ਗਈ ਤੋਂ ਉਹਨੇ ਹੋਰ ਵਿਆਹ ਨਹੀਂ ਕਰਾਇਆ ਸੀ। ਉਹਦੀ ਭੈਣ ਰੋਟੀ-ਟੁੱਕ ਦਾ ਕੰਮ ਕਰਦੀ ਤੇ ਦੋਵੇਂ ਜੁਆਕਾਂ ਨੂੰ ਸੰਭਾਲਦੀ। ਮੱਝ ਰੱਖੀ ਹੋਈ ਸੀ। ਜੁਆਕ ਦਿਨੋਂ-ਦਿਨ ਉਡਾਰ ਹੁੰਦੇ ਜਾ ਰਹੇ ਸਨ ਤੇ ਹੁਣ ਜਦੋਂ ਸ਼੍ਹਾਬੋ ਪਿੰਡ ਵਿੱਚ ਹੀ ਆ ਵਸੀ, ਪਾਲਾ ਸਿੰਘ ਨੇ ਆਪਣੇ ਦੋਵੇਂ ਜੁਆਕ ਵਿਆਹ ਲਏ। ਛੋਟੀ ਉਮਰ ਵਿੱਚ ਹੀ ਸਨ-ਮੁੰਡਾ ਨਿਰਵੈਰ ਸਿੰਘ ਸਤਾਰਾਂ-ਅਠਾਰਾਂ ਤੇ ਕੁੜੀ ਸਤਿਨਾਮ ਕੌਰ ਪੰਦਰਾਂ-ਸੋਲ੍ਹਾਂ ਸਾਲ ਦੀ। ਕੁੜੀ ਦਾ ਤਾਂ ਉਹਨੇ ਭਾਰ ਹੀ ਲਾਹਿਆ। ਮੁੰਡਾ ਵਿਆਹ ਕੇ ਨੂੰਹ ਘਰ ਆ ਗਈ। ਵਿਧਵਾ ਭੈਣ ਉਮਰ ਵਿੱਚ ਉਹਦੇ ਨਾਲੋਂ ਵੱਡੀ ਸੀ, ਕਦੋਂ ਤੱਕ ਬੈਠੀ ਰਹਿੰਦੀ। ਕੁਕੜੀ ਦੇ ਚੂਚਿਆਂ ਵਾਗੂੰ ਪਾਲਾ ਸਿੰਘ ਨੇ ਮੁੰਡੇ-ਕੁੜੀ ਨੂੰ ਆਪਣੇ ਖੰਭਾਂ ਹੇਠ ਰੱਖਿਆ। ਉਹ ਉਹਨਾਂ ਨੂੰ ਸਾਹਿਬ ਕੌਰ ਦੇ ਪਰਛਾਵੇਂ ਤੋਂ ਵੀ ਦੂਰ ਰੱਖਦਾ।

⁠ਠਾਣਾ ਸਿੰਘ ਸ਼੍ਹਾਬੋ ਤੋਂ ਪੰਦਰਾਂ ਵਰ੍ਹੇ ਵੱਡਾ ਸੀ। ਜਦੋਂ ਉਹਦੇ ਗੋਡੇ ਖੜ੍ਹ ਗਏ ਤੇ ਉਹ ਸੋਟੀ ਲੈ ਕੇ ਤੁਰਨ ਲੱਗਿਆ ਤਾਂ ਇੱਕ ਦਿਨ ਸ਼੍ਹਾਬੋ ਉਹਨੂੰ ਕਹਿੰਦੀ-"ਠਾਣਿਆ, ਸਾਸਾਂ-ਗਰਾਸਾਂ ਦਾ ਕੋਈ ਪਤਾ ਨ੍ਹੀਂ ਹੁੰਦਾ, ਤੇਰੇ ਪਿੱਛੋਂ ਮੇਰਾ ਕੀ ਬਣੂੰ?"

⁠"ਇਹ ਕੀ ਪਤੈ, ਤੂੰ ਪਹਿਲਾਂ ਮਰ ਜੇਂ। ਜੇ ਮੈਂ ਮਰ ਗਿਆ ਤਾਂ ਮੇਰੇ ਭਤੀਜੇ ਤੈਨੂੰ ਟੁੱਕ ਦੇਣਗੇ।"

⁠"ਭਤੀਜਿਆਂ ਦੀ ਮੈਂ ਕੀ ਲੱਗਦੀ ਆਂ? ਪੰਜਾਹ ਮਾਰਨਗੇ ਜੁੱਤੀਆਂ ਮੈਨੂੰ ਘਰੋਂ ਕੱਢ ਦੇਣਗੇ।"

⁠"ਨਹੀਂ, ਐਂ ਨ੍ਹੀਂ ਕਰਦੇ ਏਹੇ।"

⁠"ਐਂ ਈ ਕਰਨਗੇ, ਮੈਨੂੰ ਪਹਿਲਾਂ ਦੀਂਹਦੈ।"

⁠"ਹੋਰ ਫੇਰ ਤੂੰ ਚਾਹੁੰਦੀ ਕੀਹ ਐਂ?"

⁠"ਮੇਰੇ ਨਾਉਂ ਚਾਰ ਵਿਘੇ ਜ਼ਮੀਨ ਕਰਾ ਦੇ। ਜ਼ਮੀਨ ਦੇਊ ਮੈਨੂੰ ਰੋਟੀ। ਜਿਹੜਾ ਉਹਨੂੰ ਵਾਹੁ-ਬੀਜੂ, ਉਹੀ ਮੈਨੂੰ ਰੋਟੀ ਟੁੱਕ ਦੇਊ।"

⁠"ਨਹੀਂ, ਰੋਟੀ ਤੈਨੂੰ ਮੇਰੇ ਭਤੀਜੇ ਦੇਣਗੇ। ਚੰਗੇ ਨੇ ਦੋਵੇਂ ਮੁੰਡੇ, ਮਾੜੇ ਨ੍ਹੀਂ।"

⁠"ਤਾਂ ਫਿਰ, ਤੇਰੀ ਨੀਤ ਮਾੜੀ ਐ। ਮੈਨੂੰ ਪੱਟਣਾ ਸੀ, ਪੱਟ ਤਾ। ਜਹਾਨੋਂ ਖੋ ਤਾ ਮੈਨੂੰ। ਤੇਰੀ ਖ਼ਾਤਰ ਮੈਂ ਆਵਦਾ ਘਰ ਬਾਰ ਛੱਡਿਆ, ਢਿੱਡੋਂ ਕੱਢੇ ਜੁਆਕ ਤਿਆਗ 'ਤੇ ਛੋਟੇ-ਛੋਟੇ ਬਲੂਰ। ਹੁਣ ਤੂੰ ਮੈਨੂੰ ਦੋ ਡਲੇ ਮਿੱਟੀ ਦੇ ਵੀ ਦੇ ਕੇ ਰਾਜ਼ੀ ਨ੍ਹੀਂ। ਤੇਰਾ ਭਲਾ ਕਿਹੜੇ ਜੁੱਗ ਹੋਊ ਪਾਪੀਆ?" ਸ਼੍ਹਾਬੋ ਦੀ ਦੇਹ ਕੰਬਣ ਲੱਗੀ।

⁠"ਓਏ ਠੀਕ ਐ, ਐਵੇਂ ਟੱਪੀ ਜਾਨੀ ਐਂ। ਜਾਹ, ਨਹੀਂ ਦਿੰਦਾ ਮੈਂ ਤੈਨੂੰ ਜ਼ਮੀਨ। ਜ਼ਮੀਨ ਭਾਲਦੀ ਐਂ। ਜ਼ਮੀਨ ਸਾਡੀ ਕੁਲ ਦੀ ਐ, ਕੁਲ ਵਿੱਚ ਰਹੂਗੀ। ਤੈਨੂੰ ਕਿਵੇਂ ਦੇ ਦੂੰ ਮੈਂ ਖ਼ਾਨਦਾਨ ਦੀ ਚੀਜ਼? ਜ਼ਮੀਨ ਮੇਰੇ ਭਤੀਜਿਆਂ ਦੀ। ਤੂੰ ਜਾਹ ਜਿੱਥੇ ਜਾਣੈ। ਕਰਦੀ ਕੀਹ ਐ, ਕੋੜ੍ਹ ਕਿਰਲੀ।"

⁠"ਹੁਣ ਮੈਂ ਕਿੱਧਰ ਜਾਵਾਂ ਵੇ, ਪੱਟੀ ਠੱਡੀ?"

⁠"ਫਿਰ ਬੈਠੀ ਰਹਿ, ਜਿੱਥੇ ਬੈਠੀ ਐਂ। ਜ਼ਮੀਨ ਨ੍ਹੀਂ ਮਿਲਦੀ ਤੈਨੂੰ। ਰੋਟੀ ਕੱਪੜਾ ਮਿਲੀ ਜਾਊ, ਹੋਰ ਕੀ ਲੈਣੈਂ ਤੈਂ? ਮੇਰੇ ਭਤੀਜੇ ਸਭ ਕਰਨਗੇ ਤੇਰਾ। ਐਵੇਂ ਨਾਂ ਮਗ਼ਜ਼ ਮਾਰ, ਵਾਧੂ ਦਾ।"

⁠ਸ਼੍ਹਾਬੋ ਫਿਰ ਨਹੀਂ ਬੋਲੀ। ਅੱਖਾਂ ਦਾ ਪਾਣੀ ਮੁਕਾਇਆ ਤੇ ਚੁੱਪ ਹੋ ਗਈ। ਉਹ ਠਾਣਾ ਸਿੰਘ ਦੇ ਮੂੰਹ ਵੱਲ ਓਪਰੀ-ਓਪਰੀ ਨਿਗਾਹ ਨਾਲ ਝਾਕ ਰਹੀ ਸੀ। ⁠ਉਹ ਦਿਨ ਸੋ ਉਹ ਦਿਨ, ਉਹ ਠਾਣਾ ਸਿੰਘ ਦੀ ਹਵੇਲੀ ਵਿੱਚ ਕੈਦੀਆਂ ਵਾਂਗ ਰਹਿਣ ਲੱਗੀ। ਉਹ ਉੱਖੜੀ-ਉੱਖੜੀ ਰਹਿੰਦੀ। ਸ਼ਰਾਬ ਨੂੰ ਕਦੇ ਮੂੰਹ ਨਾ ਲਾਉਂਦੀ। ਦਾਲ-ਸਬਜ਼ੀ ਅਣਸਰਦੇ ਨੂੰ ਚੁੱਲ੍ਹੇ ਧਰਦੀ। ਅਚਾਰ ਨਾਲ ਜਾਂ ਗੰਢਿਆਂ ਦੀ ਚਟਣੀ ਰਗੜ ਕੇ ਟੁੱਕ ਦੀਆਂ ਦੋ ਬੁਰਕੀਆਂ ਸੰਘੋਂ ਥੱਲੇ ਉਤਾਰ ਲੈਂਦੀ। ਉਹ ਉਸ ਨੂੰ ਕਿਸੇ ਗੱਲ ਤੋਂ ਟੋਕਦਾ ਵਰਜਦਾ ਤਾਂ ਉਹ ਰੁੱਖਾ ਬੋਲਦੀ। ਸ਼੍ਹਾਬੋ ਦੇ ਅੰਦਰਲੇ ਸੰਤਾਪ ਦਾ ਠਾਣਾ ਸਿੰਘ ਉੱਤੇ ਕੋਈ ਅਸਰ ਨਹੀਂ ਦਿਸਦਾ ਸੀ। ਇੱਕ ਵਾਰ ਉਹ ਸਖ਼ਤ ਬੀਮਾਰ ਹੋ ਗਿਆ। ਸ਼੍ਹਾਬੋ ਨੇ ਉਹਦੀ ਕੋਈ ਖ਼ਾਸ ਟਹਿਲ ਸੇਵਾ ਨਹੀਂ ਕੀਤੀ। ਪਹਿਲਾਂ ਕਦੇ ਅਜਿਹਾ ਹੁੰਦਾ ਸੀ ਤਾਂ ਉਹ ਸਾਰੀ-ਸਾਰੀ ਰਾਤ ਬਹਿ ਕੇ ਹੀ ਕੱਟ ਲੈਂਦੀ।

⁠ਸੱਤਰ ਸਾਲ ਦੀ ਉਮਰ ਵਿੱਚ ਠਾਣਾ ਸਿੰਘ ਸੰਸਾਰ ਛੱਡ ਗਿਆ। ਉਹਦੇ ਭਤੀਜੇ ਸ਼੍ਹਾਬੋ ਨੂੰ ਦੋ ਵੇਲੇ ਅੰਨ-ਪਾਣੀ ਇਸ ਤਰ੍ਹਾਂ ਦੇਂਦੇ, ਜਿਵੇਂ ਟੁੱਟੀ ਪਿੱਠ ਵਾਲਾ ਉਹ ਕੋਈ ਕੁੱਤਾ-ਬਿੱਲੀ ਹੋਵੇ। ਸਵੇਰ ਦੀ ਚਾਹ ਤਾਂ ਨਿੱਤ ਦਿੰਦੇ, ਪਿਛਲੇ ਪਹਿਰ ਦੀ ਚਾਹ ਕਦੇ ਕਦੇ ਭੁੱਲ ਹੀ ਜਾਂਦੇ। ਉਹਨੂੰ ਕਦੇ ਖੰਘ ਹੈ ਜਾਂ ਤਾਪ ਚੜ੍ਹ ਗਿਆ, ਭਤੀਜਿਆਂ ਦੇ ਟੱਬਰ ਨੂੰ ਉਹਦੀ ਕੋਈ ਪਰਵਾਹ ਨਹੀਂ ਸੀ। ਇੱਕ ਵਾਰ ਉਹਦੀ ਪੁੜਪੁੜੀ ਉੱਠ ਖੜ੍ਹੀ ਤੇ ਉੱਪਰ ਛਲਾਂ ਲੱਗ ਗਈਆਂ। ਘਰ ਦੇ ਜੁਆਕ ਪਾਣੀ ਦਾ ਗਿਲਾਸ ਉਹਦੇ ਮੰਜੇ ਸਿਰਹਾਣੇ ਧਰਦੇ ਤੇ ਤੁਰ ਜਾਂਦੇ। ਤਿੰਨ ਦਿਨ ਅੰਨ ਦਾ ਭੋਰਾ ਉਹਦੇ ਅੰਦਰ ਨਹੀਂ ਗਿਆ। ਉਹਨੂੰ ਕੌਣ ਦਵਾਈਆਂ ਲਿਆ ਕੇ ਦਿੰਦਾ? ਕੌਣ ਸੀ ਉਹਦਾ? ਮੰਜੇ ਵਿੱਚ ਪਈ ਹਾਏ-ਹਾਏ ਕਰੀ ਜਾਂਦੀ ਜਾਂ ਸੌਂ ਜਾਂਦੀ।

⁠ਉਹ ਮਹੀਨਾ ਮਹੀਨਾ ਸਿਰ ਨਾ ਨ੍ਹਾਉਂਦੀ। ਉਹਦੇ ਵਾਲ਼ਾਂ ਵਿੱਚ ਬੇਸ਼ਮਾਰ ਜੂੰਆਂ ਸਨ। ਹੱਥਾਂ ਦੇ ਨਹੁੰਆਂ ਨਾਲ ਖੁਰਪੇ ਵਾਂਗ ਸਿਰ ਨੂੰ ਵੱਢੀ ਜਾਂਦੀ। ਲਹੂ ਚਲਾ ਲੈਂਦੀ ਉਹਦੇ ਹੱਥਾਂ ਵਿੱਚੋਂ ਵੀ ਗੰਦਾ ਮੁਸ਼ਕ ਮਾਰਦਾ। ਜੁਆਕ ਉਹਦੇ ਨੇੜੇ ਨਾ ਜਾਂਦੇ। ਅੰਬੋ-ਅੰਬੋ ਕਹਿ ਕੇ ਦੂਰੋਂ ਹੀ ਉਹਨੂੰ ਟਿੱਚਰਾਂ ਕਰਦੇ। ਉਹਦੇ ਕੱਪੜੇ ਚੰਮ ਬਣ ਜਾਂਦੇ। ਤਰਸ ਖਾ ਕੇ ਛੋਟੀ ਬਹੂ ਕਦੇ-ਕਦੇ ਉਹਦੇ ਕੱਪੜੇ ਧੋ ਦਿੰਦੀ ਤੇ ਉਹਨੂੰ ਸਿਰ ਵੀ ਨਹਾ ਦਿੰਦੀ। ਪਰ ਬਾਅਦ ਵਿੱਚ ਬਹੂ ਨੂੰ ਆਪ ਵੀ ਨ੍ਹਾਉਣਾ ਪੈਂਦਾ ਤੇ ਆਪਣੇ ਕੱਪੜੇ ਵੀ ਬਦਲਣੇ ਪੈਂਦੇ।

⁠ਵੱਡੀ ਬਹੂ ਖਿਝਦੀ-"ਕਿਥੋਂ ਬੇਧ ਲੱਗੀ ਐ। ਪਤਾ ਨ੍ਹੀਂ ਕਦੇ ਸਿਆਪਾ ਮੁੱਕੂ ਇਹਦਾ, ਕਦੋਂ ਮਰੂਗੀ। ਐਹੀ ਜ੍ਹੀ ਦੇ ਕੀੜੇ ਚੱਲਦੇ ਨੇ, ਸੁੰਡ।"

⁠ਛੋਟੀ ਆਖਦੀ-"ਕੀੜਿਆਂ ਦੀ ਕੀ ਕਸਰ ਰਹਿ 'ਗੀ ਹੋਰ। ਆਹ ਸਿਰ ਦੀਆਂ ਜੂੰਆਂ ਕੀੜੇ ਈ ਨੇ।"

⁠"ਕੁੜੇ, ਲਿਆਂ ਕੈਂਚੀ। ਇਹਦਾ ਤਾਂ ਵੱਢਾਂ ਜੂੜ।" ਸ੍ਹਾਬੋ ਅੱਖਾਂ ਮੀਚੀ ਊਂਧੀ ਜਿਹੀ ਬਣੀ ਬੈਠੀ ਸੀ। ਵੱਡੀ ਬਹੂ ਨੇ ਉਹਦਾ ਸਿਰ ਮੁੰਨ ਦਿੱਤਾ। ਧਰਤੀ 'ਤੇ ਡਿੱਗੇ ਪਏ ਵਾਲ਼ਾਂ ਵਿੱਚ ਜੂੰਆਂ ਦਾ ਵੱਗ ਸੁਰਲ-ਸੁਰਲ ਕਰਦਾ ਫਿਰਦਾ ਸੀ।

⁠ਨਿਰਵੈਰ ਸਿੰਘ ਤੇ ਸਤਿਨਾਮ ਕੌਰ ਧੀਆਂ-ਪੁੱਤਾਂ ਵਾਲੇ ਹੋ ਚੁੱਕੇ ਸਨ। ਇੱਕ ਦਿਨ ਸਤਿਨਾਮ ਸਹੁਰਿਆਂ ਤੋਂ ਆਈ ਹੋਈ ਸੀ। ਨਿਰਵੈਰ ਕਹਿੰਦਾ-"ਕਿਉਂ ਸੱਤੋ, ਬੁੜ੍ਹੀ ਨੂੰ ਆਵਦੇ ਘਰ ਨਾ ਲੈ ਆਵਾਂ ਮੈਂ? ਆਖ਼ਰ ਜਨਮ ਦਿੱਤਾ ਸੀ ਇਹਨੇ ਆਪਾਂ ਨੂੰ। ਜਾਂਦੀ ਵਾਰ ਦੀ ਸੇਵਾ ਕਰ ਲੈਨੇ ਆਂ। ਮਾਂ ਐ ਆਪਣੀ ਫਿਰ ਵੀ।"

⁠ਸਤਿਨਾਮ ਬੋਲੀ-"ਜਦੋਂ ਵੀਰਾ, ਆਪਾਂ ਨੂੰ ਨਿੱਕਿਆਂ-ਨਿੱਕਿਆਂ ਨੂੰ ਛੱਡ ਕੇ ਤੁਰ 'ਗੀ ਸੀ, ਓਦੋਂ ਇਹਨੇ ਨਾ ਸੋਚਿਆ ਕੁਛ। ਹੁਣ ਇਹ ਕੀ ਲੱਗਦੀ ਐ, ਮਰੇ ਪਰ੍ਹੇ।"

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.