A Literary Voyage Through Time

ਗੰਗਾ ਸਿੰਘ ਦੇ ਚਾਰ ਕੁੜੀਆਂ ਹੋਈਆਂ ਤੇ ਪੰਜਵਾਂ ਬਿੱਲੂ।

⁠ਕੁੜੀਆਂ ਜਿਉਂ-ਜਿਉਂ ਜੁਆਨ ਹੁੰਦੀਆਂ ਗਈਆਂ, ਗੰਗਾ ਸਿੰਘ ਉਹਨਾਂ ਨੂੰ ਇੱਕ-ਇੱਕ ਕਰਕੇ ਵਿਆਹੁੰਦਾ ਰਿਹਾ। ਸਭ ਆਪਣੇ-ਆਪਣੇ ਘਰ ਸੁੱਖ-ਸਾਂਦ ਨਾਲ ਵੱਸਦੀਆਂ ਸਨ।

⁠ਗੰਗਾ ਸਿੰਘ ਕੋਲ ਚਾਲੀ ਘੁਮਾਂ ਜ਼ਮੀਨ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕੋ-ਇੱਕ ਸੱਧਰ ਸੀ, ਜਿਹੜੀ ਸਾਰੀ ਉਮਰ ਪੂਰੀ ਨਾ ਹੋ ਸਕੀ। ਆਖ਼ਰ ਉਹ ਸੱਠ ਸਾਲਾਂ ਦੀ ਉਮਰ ਭੋਗ ਕੇ ਮਰ ਗਿਆ। ਹੁਣ ਘਰ ਵਿੱਚ ਬਿੱਲੂ ਸੀ ਤੇ ਉਸ ਦੀ ਬਿਰਧ ਮਾਂ। ਗੰਗਾ ਸਿੰਘ ਜਦ ਮਰਿਆ, ਬਿੱਲੂ ਦੀ ਉਮਰ ਉਸ ਵੇਲੇ ਵੀਹ ਸਾਲਾਂ ਦੀ ਸੀ, ਪੂਰੀ ਜੁਆਨ ਉਮਰ।

⁠ਸਰਕਾਰੇ ਦਰਬਾਰੇ ਸਾਰੀ ਜ਼ਮੀਨ ਤੇ ਹੋਰ ਜਾਇਦਾਦ ਬਿੱਲੂ ਦੇ ਨਾਉਂ ਚੜ੍ਹ ਗਈ।

⁠ਬਿੱਲੂ ਜ਼ਮੀਨ ਨੂੰ ਆਪਣੇ ਪਿਓ ਵਾਂਗ ਹੀ ਹਿੱਸੇ ਠੇਕੇ ਉੱਤੇ ਦਿੰਦਾ ਰਿਹਾ। ਦੋ ਕੁ ਸਾਲ ਜਦ ਲੰਘੇ ਤਾਂ ਉਸ ਨੇ ਏਧਰੋਂ ਓਧਰੋਂ ਪੈਸੇ ਕਰਕੇ ਇੱਕ ਟਰੱਕ ਲੈ ਲਿਆ। ਇੱਕ ਡਰਾਈਵਰ ਤੇ ਇੱਕ ਨੌਕਰ ਰੱਖ ਕੇ ਭਾੜਾ ਲਵਾਉਣਾ ਸ਼ੁਰੂ ਕਰ ਦਿੱਤਾ।

⁠ਇੱਕ ਤਾਂ ਚੜ੍ਹਾਈ ਅਵਸਥਾ ਸੀ, ਪਰ ਬਿੱਲੂ ਸੋਹਣਾ ਵੀ ਬੜਾ ਸੀ। ਗੋਰਾ ਰੰਗ, ਗੋਲ ਮੂੰਹ ਤੇ ਚਮਕਦਾਰ ਅੱਖਾਂ। ਬਹੁਤਾ ਕਰਕੇ ਤੇੜ ਉਹ ਕਛਹਿਰਾ ਪਾ ਕੇ ਰੱਖਦਾ। ਕਦੇ-ਕਦੇ ਪਜਾਮਾ ਵੀ ਪਾ ਲੈਂਦਾ। ਟੌਰਾ ਛੱਡਵੀਂ ਚਿੱਟੀ ਪੱਗ ਬੰਨ੍ਹਦਾ। ਆਪਣੇ ਸੱਜੇ ਮੋਢੇ ਉੱਤੇ ਹਮੇਸ਼ਾ ਇੱਕ ਦੁਪੱਟਾ ਰੱਖਦਾ ਜਿਹੜਾ ਉਸਦੀ ਹਿੱਕ ਨੂੰ ਸੱਜੇ ਪਾਸੇ ਨੂੰ ਢਕੀ ਰੱਖਦਾ ਸੀ। ਆਪਣੇ ਕੁੜਤੇ ਦੀ ਜੇਬ ਵਿੱਚ ਹਮੇਸ਼ਾ ਬਟੂਆ ਪਾ ਕੇ ਰੱਖਦਾ ਜਾਂ ਕੋਈ ਡਾਇਰੀ ਆਦਿ। ਜੇਬ ਵੀ ਉਸ ਦੀ ਵੱਡੀ ਸਾਰੀ ਹੁੰਦੀ। ਪਤਾ ਨਹੀਂ ਕੀ ਗੱਲ, ਉਸ ਦੀ ਹਿੱਕ ਦੇ ਉਭਾਰ ਇਸ ਤਰ੍ਹਾਂ ਹੁੰਦੇ, ਜਿਵੇਂ ਕਿਸੇ ਭਰ ਜਵਾਨ ਕੁੜੀ ਦੇ ਹੋਣ। ਉਸ ਦੀ ਡੀਲ ਡੌਲ ਬਿਲਕੁਲ ਹੀ ਕੁੜੀਆਂ ਵਰਗੀ ਸੀ। ਨਾ ਮੁੱਛ, ਨਾ ਦਾੜ੍ਹੀ ਤੇ ਨਾ ਉਸ ਦੀਆਂ ਲੱਤਾਂ ਉੱਤੇ ਵਾਲ਼ ਸਨ। ਗੋਡੇ ਗਿੱਟੇ ਜਮਈਂ ਤੀਵੀਆਂ ਵਰਗੇ।

⁠ਉਹ ਸੀ ਵੀ ਕੁੜੀਆਂ ਵਰਗਾ। ਸੱਥ ਵਿੱਚ ਜਦ ਕਦੇ ਉਹ ਬੈਠਾ ਹੁੰਦਾ ਤੇ ਜੇ ਮੁੰਡੇ-ਖੁੰਡੇ ਲੁੱਚੀਆਂ ਗੱਲਾਂ ਛੇੜ ਲੈਂਦੇ ਤਾਂ ਉਹ ਉੱਠ ਕੇ ਤੁਰ ਜਾਂਦਾ। ਆਮ ਕਰਕੇ ਉਹ ਵੱਡੀ ਉਮਰ ਦੇ ਬੰਦਿਆਂ ਵਿੱਚ ਬਹਿ ਕੇ ਤੇ ਗੱਲ ਕਰ ਕੇ ਰਾਜ਼ੀ ਹੁੰਦਾ। ਅਗਵਾੜ ਦੀਆਂ ਤੀਵੀਆਂ ਉਸ ਨੂੰ ਬੁਲਾਉਂਦੀਆਂ ਤਾਂ ਉਹ ਹੱਸ ਕੇ ਉਹਨਾਂ ਨਾਲ ਗੱਲ ਕਰਦਾ। ਨੌਜਵਾਨ ਮੁੰਡਿਆਂ ਨਾਲ ਹਮੇਸ਼ਾ ਉਹ ਨੀਵੀਂ ਪਾ ਕੇ ਗੱਲ ਕਰਦਾ। ⁠ਹਿੱਸੇ ਉੱਤੇ ਦਿੱਤੀ ਜ਼ਮੀਨ ਦਾ ਦਾਣਾ ਫੱਕਾ ਚੰਗਾ ਆਉਂਦਾ ਸੀ। ਟਰੱਕ ਦੀ ਕਮਾਈ ਵਧੀਆ ਸੀ। ਉਸ ਦਾ ਡਰਾਇਵਰ ਵੀ ਈਮਾਨਦਾਰ ਬੜਾ ਸੀ।

⁠ਬਿੱਲੂ ਹੁਣ ਤੀਹ ਸਾਲਾਂ ਨੂੰ ਟੱਪ ਚੱਲਿਆ ਸੀ। ਦਾੜ੍ਹੀ ਮੁੱਛ ਉਸ ਦੇ ਅਜੇ ਵੀ ਨਹੀਂ ਸੀ ਆਈ। ਰੱਬ ਜਾਣੇ ਉਸ ਨੂੰ ਇਹ ਕੀ ਹੋ ਗਿਆ ਸੀ। ਨੌਜਵਾਨ ਮੁੰਡੇ ਤੇ ਕੁੜੀਆਂ ਵੀ ਉਸ ਨੂੰ ਕਦੇ-ਕਦੇ ‘ਬੂੜ੍ਹੀ-ਮੂੰਹਾ’ ਕਹਿ ਦਿੰਦੇ ਤੇ ਉਹ ਹੱਸ ਛੱਡਦਾ।

⁠ਉਸ ਦੀ ਬਿਰਧ ਮਾਤਾ ਉਸ ਨਾਲ ਚੋਰੀਓਂ ਗੱਲ ਕਰਦੀ- 'ਬਿੱਲੂ ਤੇਰਾ ਵਿਆਹ ਕਰ ਦੀਏ।’ ਬਿੱਲੂ ਚੁੱਪ ਰਹਿੰਦਾ।

⁠ਬਿੱਲੂ ਇਕੱਲੇ ਜੀਅ ਨੂੰ ਉਮਰ ਕੱਢਣੀ ਬੜੀ ਔਖੀ ਐ? ਬਿਲੂ ਦੀ ਮਾਂ ਨੇੜੇ ਹੋ ਕੇ ਉਸ ਨੂੰ ਪੁੱਛਦੀ, ਪਰ ਬਿੱਲੂ ਸਿਰ ਮਾਰ ਦਿੰਦਾ। ਏਸੇ ਤਰ੍ਹਾਂ ਚੁੱਪ-ਚਪੀਤੇ ਹੀ ਹੋਰ ਸਾਲ ਲੰਘ ਗਏ। ਹੁਣ ਉਹ ਪੈਂਤੀ ਸਾਲਾਂ ਨੂੰ ਢੁੱਕ ਚੱਲਿਆ ਸੀ।

⁠ਨੌਜਵਾਨ ਵਿਆਹੇ ਮੁੰਡਿਆਂ ਨੂੰ ਜਦ ਉਹ ਪੂਰੀ ਨਿਗਾਅ ਭਰ ਕੇ ਦੇਖਦਾ ਤਾਂ ਉਸ ਦੇ ਮਨ ਵਿੱਚੋਂ ਲੂਹਰੀਆਂ ਉੱਠਦੀਆਂ। ਨੌਜਵਾਨ ਵਹੁਟੀਆਂ ਨੂੰ ਜਦ ਉਹ ਦੇਖਦਾ, ਉਹਨਾਂ ਦੇ ਗਹਿਣੇ ਤੇ ਉਹਨਾਂ ਦੇ ਨਵੀਂ-ਨਵੀਂ ਭਾਂਤ ਦੇ ਕੱਪੜੇ ਪਾਏ ਦੇਖਦਾ ਤਾਂ ਉਸ ਦਾ ਹਉਂਕਾ ਨਿੱਕਲ ਜਾਂਦਾ। ਅਗਵਾੜ ਵਿੱਚ ਜਦ ਕਿਸੇ ਮੁੰਡੇ ਜਾਂ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਉਹ ਰੱਜ ਕੇ ਉਸ ਨੂੰ ਦੇਖ ਨਹੀਂ ਸੀ ਸਕਦਾ।

⁠ਰਾਤ ਨੂੰ ਸੁੱਤੇ ਪਏ ਨੂੰ ਉਸ ਨੂੰ ਸੁਪਨੇ ਆਉਂਦੇ, ਜਿਵੇਂ ਉਸ ਦਾ ਵਿਆਹ ਹੋ ਗਿਆ ਹੈ। ਜਿਵੇਂ ਉਹ ਤੀਵੀਂ ਮਨੁੱਖ ਬੱਸ ਵਿੱਚ ਇੱਕੋ ਸੀਟ ਉੱਤੇ ਬੈਠੇ ਕਿਤੇ ਜਾ ਰਹੇ ਸਨ। ਕਦੇ-ਕਦੇ ਉਸ ਨੂੰ ਸੁਪਨਾ ਆਉਂਦਾ, ਜਿਵੇਂ ਉਹ ਪਾਗ਼ਲ ਹੋ ਗਿਆ ਤੇ ਥਮਲੇ ਨਾਲ ਉਸ ਨੂੰ ਸੰਗਲ ਲਾਇਆ ਹੋਇਆ ਹੈ। ਇੱਕ ਡਾਕਟਰ ਉਸ ਨੂੰ ਦੇਖਣ ਆਇਆ ਤੇ ਉਸ ਦੀ ਮਾਂ ਨੂੰ ਦੱਸਦਾ ਹੈ- "ਇਸ ਦਾ ਵਿਆਹ ਕਰ ਦਿਓ ਨਹੀਂ ਤਾਂ ਇਹ ਏਵੇਂ ਜਿਵੇਂ ਰਹੁ ਜਾਂ ਕਦੇ ਕੋਈ ਖੂਹ ਟੋਭਾ ਗੰਦਾ ਕਰੂ।"

⁠ਉਸ ਦਾ ਡਰਾਈਵਰ ਵੀ ਉਹਦੇ ਵਰਗਾ ਹੀ ਭਰਵੀਂ ਉਮਰ ਦਾ ਜਵਾਨ ਮਨੁੱਖ ਸੀ। ਉਮਰ ਤੀਹ ਸਾਲ ਦੀ ਹੋਵੇਗੀ। ਬਿੱਲੂ ਵਾਂਗ ਸੋਹਣਾ ਉਹ ਵੀ ਬੜਾ ਸੀ। ਕਦੇ-ਕਦੇ ਉਹ ਬਹਿ ਕੇ ਰੁਕ ਦੀਆਂ ਗੱਲਾਂ ਕਰਦੇ। ਵਿਆਹ ਡਰਾਈਵਰ ਦਾ ਵੀ ਨਹੀਂ ਸੀ ਹੋਇਆ ਅਜੇ। ਡਰਾਈਵਰ ਹੱਸਦਾ ਕਦੇ-ਕਦੇ ਕਹਿ ਦਿੰਦਾ- "ਬਿੱਲੂ, ਗੱਲ੍ਹਾਂ ਤੇਰੀਆਂ ਅਜੇ ਵੀ ਕਚਰੇ ਅਰਗੀਆਂ ਪਈਆਂ ਨੇ। ਮਰ ਜਾ 'ਗਾਂ, ਪੱਟ ਲਿਆ ਕੋਈ ਪਵੀਸੀ ਅਰਗੀ।" ਤੇ ਬਿੱਲੂ ਮੁਸਕਰਾ ਕੇ ਚੁੱਪ ਹੋ ਜਾਂਦਾ।

⁠ਬਿੱਲੂ ਦੀਆਂ ਮਾਨਸਿਕ ਪ੍ਰਵਿਰਤੀਆਂ ਹੁਣ ਬਿਲਕੁਲ ਹੀ ਹਿੱਲ ਚੁੱਕੀਆਂ ਸਨ। ਉਸ ਦੀ ਉਮਰ ਅਜਾਈਂ ਜਾ ਰਹੀ ਸੀ। ਕਦੇ-ਕਦੇ ਉਸ ਦੇ ਡੋਬ ਜਿਹਾ ਪੈ ਜਾਂਦਾ, ਪਰ ਉਹ ਚੁੱਪ-ਚੁੱਪ ਰਹਿੰਦਾ। ਕਿਸੇ ਕੋਲ ਉਭਾਸਰਦਾ ਨਾ। ਕੀ ਪਤਾ ਸੀ ਕਿਸੇ ਨੂੰ, ਉਸ ਨੂੰ ਕੀ ਰੋਗ ਹੈ?

⁠ਉਸ ਦਾ ਡਰਾਈਵਰ ਹੁਣ ਉਸ ਦੇ ਕੋਲ ਹੀ ਚੁਬਾਰੇ ਵਿੱਚ ਰਾਤ ਨੂੰ ਸੌਂਦਾ ਸੀ। ਇੱਕ ਰਾਤ ਉਹ ਅੱਧੀ ਰਾਤ ਤੀਕ ਤੀਵੀਆਂ ਦੀਆਂ ਗੱਲਾਂ ਕਰਦੇ ਰਹੇ। ਅਖ਼ੀਰ ਉਹ ਅੰਦਰੋਂ ਕੁੰਡਾ ਲਾ ਕੇ ਸੌਂ ਗਏ ਸਨ। ਦਿਨ ਚੜ੍ਹਨ ਵਿੱਚ ਅਜੇ ਕਾਫ਼ੀ ਸਮਾਂ ਰਹਿੰਦਾ ਸੀ। ਇੱਕ ਤੀਵੀਂ ਨੰਗ-ਧੜੰਗੀ ਪਤਾ ਨਹੀਂ ਕਿੱਥੋਂ ਦੀ ਆਈ। ਮਹੀਨਾ ਵੀ ਸਿਆਲ ਦਾ ਸੀ। ਆਉਣ ਸਾਰ ਬਿੱਲੂ ਦੇ ਡਰਾਈਵਰ ਨਾਲ ਉਸ ਦੀ ਰਜ਼ਾਈ ਵਿੱਚ ਵੜੀ। ਡਰਾਈਵਰ ਹੈਰਾਨ ਪਰੇਸ਼ਾਨ। ਬਿੱਲੂ ਦੇ ਗਵਾਂਢ ਵਿੱਚ ਇੱਕ ਤੀਵੀਂ ਉੱਤੇ ਡਰਾਈਵਰ ਅੱਖ ਰੱਖਦਾ ਹੁੰਦਾ ਸੀ। ਇੱਕ ਦੋ ਵਾਰੀ ਉਸ ਨਾਲ ਗੱਲ ਵੀ ਹੋਈ ਸੀ, ਪਰ ਉਹ ਕਦੇ ਇਕੱਲੀ ਨਹੀਂ ਸੀ ਟੱਕਰੀ। ਡਰਾਈਵਰ ਨੇ ਸਮਝਿਆ ਕਿ ਲਵੇਰੀ ਆਪੇ ਹੀ ਖੁਰਲੀ ਉੱਤੇ ਆ ਖੜ੍ਹੀ ਹੈ ਤੇ ਪਸਮ ਪਈ ਹੈ। ਬਿੱਲੂ ਜਿਵੇਂ ਉਹਦੇ ਕੋਲ ਮੰਜੀ ਉੱਤੇ ਘੂਕ ਸੁੱਤਾ ਪਿਆ ਸੀ।

⁠ਅਗਲੀ ਸਵੇਰ ਡਰਾਈਵਰ ਨੇ ਸਾਰੀ ਗੱਲ ਬਿਲੂ ਨੂੰ ਦੱਸੀ। ਡਰਾਈਵਰ ਨਾਲ ਇਹ ਸਿਲਸਿਲਾ ਹੋਰ ਵੀ ਕਈ ਰਾਤਾਂ ਹੁੰਦਾ ਰਿਹਾ। ਤੀਵੀਂ ਉਹ ਆਵੇ, ਨਾ ਬੋਲੇ ਨਾ ਚੱਲੇ, ਆ ਕੇ ਇਸ ਤਰ੍ਹਾਂ ਹੀ ਚਲੀ ਜਾਇਆ ਕਰੇ। ਅਖ਼ੀਰ ਇੱਕ ਰਾਤ ਭੇਤ ਖੁੱਲ੍ਹ ਗਿਆ। ਪੰਦਰਾਂ ਵੀਹ ਦਿਨਾਂ ਬਾਅਦ ਹੀ ਬਿੱਲੂ ਤੇ ਬਿੱਲੂ ਦਾ ਡਰਾਈਵਰ ਦਿੱਲੀ ਚਲੇ ਗਏ। ਟਰੱਕ ਵੀ ਨਾਲ ਲੈ ਗਏ। ਉੱਥੇ ਜਾ ਕੇ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਇੱਕ ਛੋਟਾ ਜਿਹਾ ਪਿਆ-ਪਵਾਇਆ ਮਕਾਨ ਲੈ ਕੇ ਪੱਕੀ ਰਿਹਾਇਸ਼ ਕਰ ਲਈ। ਉੱਥੋਂ ਹੀ ਚਿੱਠੀ ਪੱਤਰ ਰਾਹੀਂ ਬਿੱਲੂ ਜ਼ਮੀਨ ਦਾ ਭੰਨ ਘੜ ਹਿੱਸੇ ਠੇਕੇ ਉੱਤੇ ਕਰ ਦਿੰਦਾ। ਉਸ ਦੀ ਬੁੱਢੀ ਮਾਂ ਨੂੰ ਵੀ ਇੱਕ ਦਿਨ ਡਰਾਈਵਰ ਆ ਕੇ ਦਿੱਲੀ ਲੈ ਗਿਆ।

⁠ਗੰਗਾ ਸਿੰਘ ਦੇ ਚਾਰ ਕੁੜੀਆਂ ਤੋਂ ਬਾਅਦ ਬਿੱਲੂ ਵੀ ਇੱਕ ਕੁੜੀ ਸੀ। ਜਨਮ ਤੋਂ ਹੀ ਉਸ ਨੂੰ ਮੁੰਡਿਆਂ ਵਾਂਗ ਪਾਲ਼ਿਆ ਗਿਆ ਤੇ ਮੁੰਡਿਆਂ ਵਾਂਗ ਹੀ ਉਸ ਨੇ ਸਾਰੀ ਉਮਰ ਕੱਪੜੇ ਪਾਏ। ਅਗਵਾੜ ਦੇ ਕਈ ਬੁੜ੍ਹੇ-ਬੁੜ੍ਹੀਆਂ ਇਸ ਭੇਤ ਨੂੰ ਜਾਣਦੇ ਸਨ, ਪਰ ਕਦੇ ਕੋਈ ਮੂੰਹੋਂ ਨਹੀਂ ਸੀ ਕੁਸਕਿਆ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.