13.2 C
Los Angeles
Wednesday, January 22, 2025

ਧਰਮਾਤਮਾ

ਗੂੜ੍ਹੇ ਸਿਆਲ ਦੀ ਇਕ ਸਵੇਰ। ਉਹ ਸਾਰਾ ਟੱਬਰ ਚੁਲ੍ਹੇ ਮੂਹਰੇ ਬੈਠਾ ਚਾਹ ਪੀ ਰਿਹਾ ਸੀ। ਮੱਕੀ ਦੇ ਗੁੱਲਾਂ ਦਾ ਰੁੱਗ ਸੁੱਟਦੇ ਤੇ ਜਦੋਂ ਅੱਗ ਦੀ ਲਾਟ ਨਿਕਲਦੀ, ਉਹ ਪੈਰਾਂ ਦੀਆਂ ਅੱਡੀਆਂ ਪਿਛਾਂਹ ਨੂੰ ਖਿਸਕਾਉਂਦੇ। ਲੱਤਾਂ ਤੱਕ ਪਹੁੰਚੇ ਸੇਕ ਨੂੰ ਘੱਟ ਕਰਨ ਲਈ ਸੁਕੜੰਜਾਂ ਪਲੋਸਣ ਲੱਗਦੇ। ਠੱਕ-ਠੱਕ ਦੀ ਮੱਧਮ ਆਵਾਜ਼ ਸੁਣ ਕੇ ਸਭ ਦਾ ਧਿਆਨ ਵਿਹੜੇ ਵੱਲ ਹੋ ਗਿਆ। ਮਾਂ ਨੇ ਮੁੰਡੇ ਨੂੰ ਕਿਹਾ- ‘ਰਾਜੂ, ਦੇਖ ਵੇ ਕੌਣ ਐ?’
ਮੁੰਡਾ ਸਣੇ ਗਲਾਸ ਵਿਹੜੇ ਵਿਚ ਆਇਆ ਤੇ ਫਿਰ ਹੌਲੀ ਦੇ ਕੇ ਬੋਲਿਆ-‘ਬੱਗੂ ਬੁੜ੍ਹਾ ਐ।’
ਐਨੇ ਨੂੰ ਉਹ ਦਰਵਾਜ਼ੇ ਦੀ ਦਿਹਲੀਜ਼ ਟੱਪ ਆਇਆ ਸੀ। ਵਿਹੜੇ ਵਿੱਚ ਪੈਰ ਰਖਦੇ ਹੀ ਬੋਲਿਆ-‘ਦੇਵਤਿਆ……’
ਨਰੈਣੇ ਨੇ ਮੂੰਹ ਵਿਚਲੀ ਘੁੱਟ ਸੰਘੋਂ ਥੱਲੇ ਕਰਕੇ ਬਾਕੀ ਬਚਦੀ ਚਾਹ ਦਾ ਗਲਾਸ ਚੁੱਲ੍ਹੇ ਦੇ ਓਟੇ ਕੋਲ ਰੱਖ ਦਿੱਤਾ। ਤੇ ਬੋਲਿਆ, ‘ਆ ਜਾ ਬੱਗਾ ਸਿਆਂ, ਗਾਹਾਂ ਈ ਲੰਘਇਆ। ਆ ਜਾ ਸੇਕ ਲੈ।’
‘ਹਾਂ ਬਈ ਠੰਢ ਤਾਂ ਅੱਜ ਕੜਾਕੇ ਕੱਢੀ ਜਾਂਦੀ ਐ।’ ਬੱਗੂ ਦੀ ਸੋਟੀ-ਵਿਹੜੇ ਦੀ ਪੱਕੀ ਮਿੱਟੀ ਉੱਤੇ ਖੜਕ ਰਹੀ ਸੀ।
ਝਲਾਨੀ ਵਿੱਚੋਂ ਮੁੰਡਾ, ਮੁੰਡੇ ਦੀ ਮਾਂ ਤੇ ਕੁੜੀ ਉੱਠ ਕੇ ਵਰਾਂਡੇ ਵਿਚ ਜਾ ਬੈਠੇ। ਤੇ ਫੇਰ ਮੁੰਡੇ ਨੇ ਖੇਸੀ ਦੀ ਬੁੱਕਲ ਮਾਰੀ ਤੇ ਬਾਹਰ ਨੂੰ ਤੁਰ ਪਿਆ। ਕੁੜੀ ਨੇ ਬਹੁਕਰ ਚੁੱਕ ਲਈ। ਮਾਂ ਰਿੜਕਣੇ ਦੀ ਰੱਸੀ ਖੋਲ੍ਹਣ ਲੱਗੀ।
ਬੱਗੂ ‘ਹਰੇ ਰਾਮ, ਹਰੇ ਰਾਮ’ ਕਰਦਾ ਚੁੱਲ੍ਹੇ ਅੱਗੇ ਪੀੜ੍ਹੀ ਉੱਤੇ ਜਾ ਬੈਠਾ। ਹੱਥ ਸੇਕਣ ਲੱਗਿਆ। ਨਰੈਣੇ ਨੇ ਗੁੱਲਾਂ ਦਾ ਰੁੱਗ ਚੁੱਲ੍ਹੇ ਵਿਚ ਸੁੱਟ ਕੇ ਥੱਲੇ ਪਏ ਪਤੀਲੇ ਦਾ ਢੱਕਣ ਚੁੱਕਿਆ, ਵਿਚ ਚਾਹ ਹੈਗੀ ਸੀ। ਪਤੀਲਾ ਉਹਨੇ ਚੁੱਲ੍ਹੇ ਉੱਤੇ ਧਰ ਦਿੱਤਾ। ਕਹਿੰਦਾ ‘ਚਾਹ ਦਿੰਨਾਂ ਤੈਨੂੰ। ਠਾਰੀ ਤਾਂ ਕੰਜਰ ਦੀ ……..।’
‘ਨਾ ਬਈ, ਇਹ ਗੱਲ ਨ੍ਹੀਂ। ਚਾਹ ਜਮਾਂ ਛਕ ਕੇ ਘਰੋਂ ਤੁਰਿਆ ਸੀ ਮੈਂ ਤਾਂ।’
‘ਨਹੀਂ, ਤੱਤੀ ਹੋ ਲੈਣ ਦੇ । ਨਾਲੇ ਮੈਂ ਵੀ ਪੀ ਲੂੰ।’
‘ਤੂੰ ਪੀ ਜੀਅ ਸਦਕੇ। ਮੈਂ ਭਲਾ ਦੇਵਤਿਆ ਥੋਡੇ ਘਰ ਦਾ ਖਾ ਕੇ ਭਾਰ ਚੜ੍ਹੌਣੈਂ ਆਵਦੇ ਸਿਰ। ਥੋਨੂੰ ਤਾਂ ਦਿੱਤਾ ਬਣਦੈ। ਰਾਮ ਰਾਮ ! ਤੂੰ ਪੀ।’ ਬੱਗੂ ਮਿੱਠਾ ਬੋਲਦਾ ਸੀ।
ਚਾਹ ਉਬਲੀ ਤੋਂ ਪਤੀਲਾ ਨਰੈਣੇ ਨੇ ਥੱਲੇ ਲਾਹ ਲਿਆ। ਟੋਕਰੇ ਵਿਚੋਂ ਦੋ ਸੁੱਚੇ ਗਲਾਸ ਲੈ ਕੇ ਚਾਹ ਪਾ ਲਈ। ਨਹੀਂ ਨਹੀਂ ਕਰਦੇ ਬੱਗੂ ਨੇ ਗਿਲਾਸ ਫੜ ਲਿਆ ਤੇ ਘੁੱਟ ਭਰ ਕੇ ਕਹਿੰਦਾ -‘ਚੰਗਾ ਫੇਰ, ਤੇਰੀ ਸਲਾਹ। ਇਹ ਭਾਰ ਉਤਾਰ ਦਿਆਂਗੇ ਫੇਰ ਕਦੇ।’
ਨਰੈਣਾ ਉਹਦੇ ਕੋਲ ਬੈਠਾ ਚਾਹ ਤਾਂ ਪੀ ਰਿਹਾ ਸੀ, ਪਰ ਨਿਗਾਹ ਉਹਦੀ ਉਹਦੀਆਂ ਗੱਲਾਂ ਵੱਲ ਸੀ। ਇਕ ਗੱਲ ਜਿਹੜੀ ਬੱਗੂ ਹੁਣੇ ਕਹੇਗਾ, ਉਸ ਤੋਂ ਨਰੈਣਾ ਪਹਿਲਾਂ ਹੀ ਜਾਣੀ ਜਾਣ ਸੀ। ਉਹ ਸਹਿਮਿਆ ਬੈਠਾ ਸੀ। ਇਹ ਗੱਲ ਤਾਂ ਉਹਨੂੰ ਉਦੋਂ ਹੀ ਖੁੜਕ ਗਈ ਸੀ, ਜਦੋਂ ਬੱਗੂ ਦੀ ਸੋਟੀ ਵਿਹੜੇ ਵਿਚ ਠੱਕ-ਠੱਕ ਕਰਕੇ ਵਜਦੀ ਆ ਰਹੀ ਸੀ। ਸੋਟੀ ਦੀ ਠੱਕ-ਠੱਕ ਜਿਵੇਂ ਨਰੈਣੇ ਦੇ ਮੱਥੇ ਵਿਚ ਕਿੱਲਾਂ ਵਾਂਗ ਠੁੱਕਦੀ ਜਾ ਰਹੀ ਹੋਵੇ।
ਨਰੈਣੇ ਕੋਲ ਜ਼ਮੀਨ ਥੋੜ੍ਹੀ ਸੀ। ਬਸ ਟੱਬਰ ਮਸਾਂ ਪਲਦਾ । ਵੱਡੀ ਕੁੜੀ ਦੇ ਵਿਆਹ ਵੇਲੇ ਲਿਆ ਵਿਆਜੂ-ਰੁਪਈਆ ਓਵੇਂ ਦਾ ਓਵੇਂ ਸਿਰ ਖੜ੍ਹਾ ਸੀ। ਪੂਰਾ ਵੀਹ ਹਜ਼ਾਰ । ਇਹ ਵੀਹ ਬੱਗੂ ਦੀ ਬਹੀ ਵਿਚ ਲਿਖਿਆ ਹੋਇਆ ਸੀ। ਤਿੰਨ ਸਾਲ ਹੋ ਚੁੱਕੇ ਸਨ। ਇਕ ਕੌਡੀ ਵੀ ਵਾਪਸ ਨਹੀਂ ਹੋ ਸਕੀ ਸੀ। ਬੱਗੂ ਹਰ ਵਰ੍ਹੇ ਨਾਮਾ ਕਰਦਾ। ਵਿਆਜ ਲੱਗ ਕੇ ਨਵੀਂ ਰਕਮ ਖੜ੍ਹੀ ਹੋ ਜਾਂਦੀ । ਵੀਹ ਹਜ਼ਾਰ ਤੋਂ ਵਧ ਕੇ ਹੁਣ ਪਤਾ ਨਹੀਂ ਕਿੰਨੀ ਰਕਮ ਬਣ ਚੁੱਕੀ ਹੋਵੇਗੀ। ਨਰੈਣੇ ਨੂੰ ਕੋਈ ਹਿਸਾਬ ਨਹੀਂ ਸੀ। ਉਹ ਤਾਂ ਬਸ ਬਹੀ ਉੱਤੇ ਗੂਠਾ ਲਾਉਣ ਜਾਣਦਾ ਸੀ।
ਲੈਣ ਵੇਲੇ ਤਾਂ ਸੋਚਿਆ ਸੀ ਕਿ ਉਹ ਕਮਾਈ ਕਰਕੇ ਦੋ ਸਾਲਾਂ ਵਿਚ ਹੀ ਵਿਆਜੂ ਪੈਸਾ ਸਾਰਾ ਉਤਾਰ ਦੇਵੇਗਾ। ਪਰ ਖੇਤੀ ਤਾਂ ਕੁਦਰਤ ਦੇ ਵੱਸ ਹੈ। ਕਦੇ ਗੜੇ ਪੈ ਗਏ, ਕਦੇ ਬਹੁਤ ਮੀਂਹ ਪੈ ਗਿਆ ਜਾਂ ਕਿਸੇ ਸਾਲ ਬਿਲਕੁਲ ਹੀ ਨਾ ਪਿਆ। ਫਸਲ ਨੂੰ ਕੋਈ ਕੀੜਾ ਲੱਗ ਗਿਆ। ਤਿੰਨ ਸਾਲ ਉਹਦੀ ਫਸਲ ਚੰਗੀ ਨਹੀਂ ਹੋਈ ਸੀ।
ਬੱਗੂ ਹਰ ਸਾਲ ਆਖਦਾ, ਹਰ ਸਾਲ, ਕੀ ਹਾੜੀ-ਸੌਣੀ। ਆਖਦਾ-‘ਚੱਲ ਵਿਆਜ ਈ ਮੋੜ। ਫੇਰ ਕੱਠਾ ਭਾਰ ਚੱਕ ਕੇ ਔਖਾ ਹੋਏਂਗਾ। ਦੇਵਤਾ ਤੇਰੀ ਮਰਜ਼ੀ ਐ।’
ਇਸ ਸਾਲ ਤਾਂ ਉਹ ਦੋ ਵਾਰ ਆਖ ਚੁੱਕਿਆ ਸੀ -‘ਰਕਮ ਬਹੁਤ ਹੋ ਗੀ ਦੇਵਤਾ! ਐਤਕੀਂ ਕਣਕ ਕੱਢ ਕੇ ਸਾਰਾ ਮੋੜ ਦੇ। ਕਿਵੇਂ ਕਰ, ਤੂੰ ਜਾਣ ਤੂੰ ਜਾਣ।’
ਨਰੈਣਾ ਸੋਚਦਾ ਕਣਕ ਦੀ ਫਸਲ ਸਾਰੀ ਵੇਚ ਕੇ ਬੱਗੂ ਤਾਂ ਨਿਬੜ ਜੂ, ਪਰ ਘਰ ਕਿਵੇਂ ਚੱਲੂ? ਠੂਠਾ ਫੜਨਾ ਪਊ। ਹੋਰ ਗਰਜ਼ਾਂ ਕਿੰਨੀਆਂ ਨੇ। ਫੇਰ ਉਹ ਫਿਕਰ ਕਰਦਾ-‘ਕੀ ਪਤਾ ਫਸਲ ਕਿੰਨੀ ਕੁ ਹੋਊਗੀ ਰੱਬ ਦੇ ਘਰ ਦਾ ਕੀ ਵਸਾਹ, ਕਿਹੜੀ ਆਫ਼ਤ ਆ ਡਿੱਗੇ।’
ਸਿਰ ਚੜ੍ਹੇ ਪੈਸਿਆਂ ਦਾ ਖ਼ਿਆਲ ਦਿਮਾਗ ਵਿਚ ਲਿਆ ਕੇ ਉਹਨੂੰ ਹੁਣ ਛੋਟੀ ਕੁੜੀ ਵਿਉਹ ਲੱਗਦੀ। ਉਹ ਝੁਰਦਾ, ‘ਇਹ ਵੀ ਕੌੜੀ ਵੇਲ ਵਾਂਗੂੰ ਵਧੀ ਜਾਂਦੀ ਹੈ। ਨਿਤ ਗਿੱਠ ਵਾਰ ਆਊੰੰਦੈ। ਕਿੱਥੋਂ ਬਤਾਰੂ ਜੰਮ ਲਿਆ।’
ਚਾਹ ਪੀ ਕੇ ਬੱਗੂ ਆਪਣਾ ਜੂਠਾ ਗਲਾਸ ਆਪ ਮਾਂਜਣ ਲੱਗਿਆ। ਨਰੈਣਾ ਕਹਿ ਰਿਹਾ ਸੀ-‘ਬੱਗਾ ਸਿਹਾਂ ਰਹਿਣ ਦੇ, ਆਪੇ ਮਾਂਜ ਲੂ ਗੀ ਤੇਰੀ ਪਰ੍ਹੋਤਣੀ।’
ਉਹ ਕਹਿੰਦਾ-‘ਪਾਪ ਚੜੌਣੈਂ। ਮੇਰਾ ਜੂਠਾ ਗਲਾਸ ਪਰ੍ਹੋਤਣੀ ਮਾਂਜੇ, ਐਡਾ ਭਾਰ। ਤੀਰਥ ਐ ਪਰ੍ਹੋਤਣੀ ਤਾਂ-ਹਾਅ।’
ਸੁੱਕ-ਮਾਂਜ ਕੀਤਾ ਗਲਾਸ ਬੱਗੂ ਨੇ ਪਰ੍ਹਾਂ ਰੱਖਿਆ ਤੇ ਨਰੈਣੇ ਤੋਂ ਤੱਤੇ ਪਾਣੀ ਦੀ ਚੁਲੀ ਲੈ ਕੇ ਸੁਆਹ ਨਾਲ ਲਿਬੜੇ ਹੱਥ ਸੇਕਣ ਲੱਗਿਆ। ਨਰੈਣੇ ਨੇ ਗੁੱਲਾਂ ਦਾ ਰੁੱਗ ਹੋਰ ਸੁੱਟ ਦਿੱਤਾ। ਫੇਰ ਬੱਗੂ ਨੇ ਪੈਰ ਸੇਕੇ ਫੇਰ ਅੱਗ ਦੀ ਲਾਟ ਉੱਤੇ ਹੱਥ ਸੇਕ ਉਹ ਆਪਣੇ ਚੇਹਰੇ ਉੱਤੇ ਫੇਰਨ ਲੱਗਿਆ। ਤੇ ਫੇਰ ਨਰੈਣੇ ਵੱਲ ਗੁੱਝੀਆਂ ਅੱਖਾਂ ਨਾਲ ਝਾਕਿਆ। ਪੁੱਛਿਆ, ‘ਫੇਰ ਦੇਵਤਿਆ?’
‘ਫਰਮਾਅ, ‘ਨਰੈਣਾ ਜਿਵੇਂ ਪਹਿਲਾਂ ਹੀ ਜਾਣਦਾ ਹੋਵੇ।
‘ਐਤਕੀਂ ਫੇਰ?’
‘ਬੱਗਾ ਸਿਆਂ, ਸਾਰੇ ਤਾਂ ਮੈਂ ਦੇ ਨ੍ਹੀਂ ਸਕਦਾ।’ਨਰੈਣੇ ਨੇ ਕੋਰਾ ਜਵਾਬ ਦਿੱਤਾ।
‘ਤਿੰਨ ਸਾਲ ਤੋਂ ਉੱਤੇ ਤਾਂ ਕਨੂੰਨ ਵੀ ਨ੍ਹੀਂ ਕਹਿੰਦਾ, ਫੇਰ ਸੌ ਉਲਝਾਅ ਪੈਂਦੇ। ਸਾਰਾ ਮੋੜ।’ ਬਗੂ ਵੀ ਕਿੱਲ ਵਾਂਗ ਠੁੱਕ ਗਿਆ ।
‘ਸਾਰਿਆਂ ਦੀ ਤਾਂ ਬੇਵਾਹ ਐ।’
‘ਫੇਰ ਹੋਰ ਕਰ।’
‘ਹੋਰ ਕਿਕੂੰ?’ ਨਰੈਣੇ ਦੀਆਂ ਅੱਖਾਂ ਵਿਚ ਅਣਮੱਚੇ ਗੁੱਲਾਂ ਦਾ ਧੂੰਆਂ ਪੈਣ ਲੱਗਿਆ। ਉਹ ਫੂਕਣੀ ਚੁੱਕ ਕੇ ਫੂਕਾਂ ਮਾਰਨ ਲੱਗਿਆ। ਅੱਗ ਮੂੰਹ ਤਾਂ ਖੋਲ੍ਹਦੀ ਪਰ ਲਾਟ ਨਾ ਨਿਕਲਦੀ।
‘ਦੋ ਕਿੱਲੇ ਗਹਿਣੇ ਕਰ ਦੇ ਫੇਰ।’ ਬੱਗੂ ਬਹੁਤ ਅਧੀਨ ਜਿਹਾ ਬਣ ਕੇ ਆਖ ਗਿਆ। ਨਰੈਣੇ ਰੱਥੋਂ ਫੂਕਣੀ ਭੁੰਜੇ ਡਿੱਗ ਪਈ। ਬੋਲਿਆ ਨਹੀਂ ਗਿਆ। ਬੱਗੂ ਹੀ ਫੇਰ ਬੋਲਿਆ-‘ਹੋਰ ਫੇਰ, ਦੂਜਾ ਅਲਾਜ ਤਾਂ ਇਹੀ ਐ।’ ਹੁਣ ਨਰੈਣਾ ਨਾ ਤਾਂ ਚੁੱਲੇ ਵਿੱਚ ਗੁੱਲ ਸੁੱਟ ਰਿਹਾ ਸੀ ਤੇ ਨਾ ਹੀ ਸ਼ਾਇਦ ਉਹਨਾਂ ਦੋਵਾਂ ਨੂੰ ਠੰਢ ਲੱਗਦੀ ਸੀ। ਨਰੈਣੇ ਦੇ ਤਾਂ ਅੰਦਰੋਂ ਹੀ ਜਿਵੇਂ ਕੋਈ ਸੇਕ ਉੱਠ ਖੜੋਤਾ ਹੋਵੇ। ਉਹਦੇ ਮੱਥੇ ਉੱਤੇ ਸਿੱਲ੍ਹ ਆ ਗਈ।
‘ਵਚਾਰ ਕਰ ਲੀਂ। ਚੌਥੇ ਪੰਜਵੇਂ ਮੈਂ ਫੇਰ ਆਊ।’ ਉੱਠਣ ਲੱਗਿਆ ਬੱਗੂ ਬੋਲਿਆ।
ਨਰੈਣਾ ਭੁੱਬਲ ਉੱਤੇ ਡੱਕੇ ਨਾਲ ਲਕੀਰਾਂ ਕੱਢ ਰਿਹਾ ਸੀ। ਲਕੀਰਾਂ ‘ਤੇ ਚਾਰ ਖਾਨੇ ਬਨਾਉਂਦਾ, ਫ਼ੇਰ ਢਾਹ ਦਿੰਦਾ। ਸੁਆਹ ਪਧੱਰ ਕਰਕੇ ਫ਼ੇਰ ਲਕੀਰਾਂ ਕੱਢਣ ਲਗੱਦਾ। ਚੁੱਲ੍ਹਾ ਠੰਢਾ ਹੋਇਆ ਪਿਆ ਸੀ।
ਨਰੈਣੇ ਦੀ ਘਰ ਵਾਲੀ ਦੁੱਧ ਰਿੜਕ ਕੇ ਝਲਾਨੀ ਵਿਚ ਆਈ ਤੇ ਉਹਨੂੰ ਇਉਂ ਬੈਠਾ ਵੇਖ ਕੇ ਫ਼ਿਕਰ ਕਰਨ ਲੱਗੀ। ਪੁੱਛਿਆ-‘ਕੀ ਬੋਲਦਾ ਸੀ ਬੱਗੂ?’
‘ਕੜੱਕੀ,’ ਉਹਨੇ ਇਕੋ ਸ਼ਬਦ ਵਿਚ ਸਾਰੀ ਗੱਲ ਮੁਕਾਣੀ ਚਾਹੀ।
‘ਫੇਰ ਵੀ?’ ਔਰਤ ਨੇ ਖੋਲ੍ਹ ਕੇ ਦੱਸਣ ਲਈ ਕਿਹਾ।
‘ਜਾ ਤਾਂ ਕਹਿੰਦਾ ਸਾਰਾ ਮੋੜ ਐਤਕੀਂ ਹਾੜੀ ਨੂੰ ਜਾਂ ਫੇਰ ਦੋ ਕਿੱਲੇ ਜ਼ਮੀਨ ਦੇਹ । ਪੈਸਿਆਂ ਦਾ ਅੱਧ-ਪਚੱਧ ਜਮਾਂ ਈ ਨ੍ਹੀਂ ਲੈਣਾ।’
‘ਹਾਏ ਵੇ, ਤੇਰਾ ਤੁਖਮ ਨਾ ਰਹੇ।’ ਔਰਤ ਨੇ ਪੱਟਾਂ ਉੱਤੇ ਹੱਥ ਮਾਰਿਆ।
‘ਦੋ ਕਿਲੇ ਦੇ ਕੇ ਫੇਰ ਆਪਾਂ ਕਿੱਥੋਂ ਖਾਵਾਂਗੇ। ਪੈਸਾ ਮੋੜਿਆ ਤਾਂ ਐਨਾ ਸਾਰੀ ਕਣਕ ਦਾ ਵੱਟਿਆ ਨ੍ਹੀਂ ਜਾਣਾ । ਏਸੇ ਨੂੰ ਤਾਂ ਕਹਿੰਦੇ ਨੇ ‘ਕੜੱਕੀ’ ਚ ਜਾਨ’। ਨਰੈਣਾ ਚੁੱਲ੍ਹੇ ਅਗਿਓ ਉੱਠ ਖੜੋਤਾ। ਸਮਝ ਨਹੀਂ ਆ ਰਹੀ ਸੀ, ਅੱਜ ਕਿਹੜੇ ਕੰਮ ਨੂੰ ਹੱਥ ਪਾਇਆ ਜਾਵੇ।
ਉਹ ਵਿਹੜੇ ਵਿਚ ਖੜਕੇ ਬੀਹੀ ਵੱਲ ਝਾਕਣ ਲੱਗਿਆ। ਬੱਗੂ ਦੀ ਪੋਤੀ ਗੜਵੀ ਲਈ ਤੁਰੀ ਆ ਰਹੀ ਸੀ। ਆ ਕੇ ਕਹਿੰਦੀ -‘ਅੰਮਾਂ, ਬਾਬੇ ਨੇ ਦੁੱਧ ਭੇਜਿਐ। ਕਹਿੰਦਾ, ਮੈਂ ਚਾਹ ਪੀ ਆਇਆਂ ਉਹਨਾਂ ਦੇ ਘਰ ਦੀ।’
ਖਾਲੀ ਗੜਵੀ ਲੈ ਕੇ ਕੁੜੀ ਮੁੜ ਗਈ। ਬੱਗੂ ਦੇ ਘਰ ਦਾ ਦੁੱਧ ਨਰੈਣੇ ਦੀ ਘਰਵਾਲੀ ਨੇ ਜੂਠ ਵਾਲੇ ਬੱਠਲ ਵਿਚ ਡੋਲ੍ਹ ਦਿੱਤਾ। ਕਹਿੰਦੀ -‘ਪੱਟੀ ਮੋੜ੍ਹੀ ਆਲਾ, ਜਾਏ ਖਾਣਾ, ਧਰਮਾਤਮਾ ਬਣਦੈ।’

ਮੇਰਾ ਗੁਨਾਹ

ਮੇਰਾ ਵਿਆਹ ਹੋਏ ਨੂੰ ਨੌਂ ਸਾਲ ਹੋ ਚੁੱਕੇ ਹਨ। ਵਿਆਹ ਤੋਂ ਪਿੱਛੋਂ ਮੈਂ ਐਤਕੀਂ ਤੀਜੀ ਵਾਰ ਨਾਨਕੇ ਆਈ ਹਾਂ। ਇਸ ਵਾਰੀ ਆਈ ਹਾਂ, ਕਿਉਂਕਿ ਮੇਰੀ ਨਾਨੀ ਸਖ਼ਤ ਬੀਮਾਰ ਹੈ। ਬੀਮਾਰ ਕੀ, ਬਸ ਮਰਨ ਕਿਨਾਰੇ ਹੈ। ਆਈ ਹਾਂ ਕਿ ਉਸ ਦਾ ਆਖ਼ਰੀ ਵਾਰ ਦਾ ਮੂੰਹ ਦੇਖ ਜਾਵਾਂ। ਉਸ ਦਾ ਮੋਹ ਮੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਹੈ।⁠ਇਸ ਤੋਂ ਪਹਿਲਾਂ ਮੈਂ ਉਦੋਂ ਆਈ ਸੀ, ਜਦੋਂ ਮੇਰੀ ਗੋਦੀ ਪਹਿਲਾ ਮੁੰਡਾ ਸੀ ਤੇ ਉਸ ਤੋਂ ਪਹਿਲਾਂ ਉਦੋਂ, ਜਦ ਮੈਂ ਮੁਕਲਾਵੇ ਜਾ ਆਈ ਸੀ।...

Sour Milk

Standing in front of the entrance, I called out. The dappled dog sitting in a hollow which it had dug for itself under the margosa, barked. The courtyard wall was shoulder high. Patches of plaster had peeled off at many places. At the plinth the bricks were bare. The wall, it appeared, had caved in and developed a hump. In the gate there was a window made of rough unhewn planks. Pushing my arm in through the window, I undid...

ਕਤਲ

ਸਾਉਣ-ਭਾਦੋਂ ਦੀ ਰੁੱਤ ਸੀ। ਉਸ ਦਿਨ ਆਥਣੇ ਜਿਹੇ ਮੀਂਹ ਪਿਆ ਸੀ ਤੇ ਹੁਣ ਹਵਾ ਵਗ ਰਹੀ ਸੀ। ਰਾਤ ਦੇ ਕੋਈ ਗਿਆਰਾਂ ਵੱਜੇ ਹੋਣਗੇ। ਮੈਂ ਪਊਆ ਸ਼ਰਾਬ ਦਾ ਸਟੀਲ ਦੇ ਗਿਲਾਸ ਵਿਚ ਪਾਇਆ ਤੇ ਬਾਕੀ ਦਾ ਠੰਡਾ ਪਾਣੀ ਪਾ ਕੇ ਗਿਲਾਸ ਭਰ ਲਿਆ। ਥੋੜ੍ਹਾ-ਥੋੜ੍ਹਾ ਕਰਕੇ ਪੀਣ ਲੱਗਿਆ। ਸੋਚਿਆ ਸੀ, ਹੁਣ ਕੋਈ ਨਹੀਂ ਆਵੇਗਾ। ਡੱਬੇ ਵਿਚ ਰੋਟੀ ਲਿਆਂਦੀ ਪਈ ਸੀ। ਖਾਵਾਂਗਾ ਤੇ ਸੌਂ ਜਾਵਾਂਗਾ। ਗਿਲਾਸ ਲੈ ਕੇ ਮੈਂ ਠੇਕੇ ਦੇ ਵਿਹੜੇ ਵਿਚ ਮੰਜੇ ਉੱਤੇ ਆ ਬੈਠਾ। ਪੌਣੇ ਕੁ ਚੰਦ ਦੀ ਚਾਨਣੀ...