A Literary Voyage Through Time

ਸੱਤਰ ਸਾਲ ਉਮਰ ਭੋਗ ਕੇ ਕੋਈ ਮਰੇ ਤਾਂ ਬਹੁਤ ਹੈ। ਪਰ ਥੰਮਣ ਸਿੰਘ ਲਈ ਸੱਤਰ ਸਾਲ ਕੋਈ ਬਹੁਤੇ ਨਹੀਂ ਸਨ। ਉਹ ਤਾਂ ਅਜੇ ਨਰੋਆ ਪਿਆ ਸੀ। ਸੋਟੀ ਲੈ ਕੇ ਤੁਰਨ ਦੀ ਉਮਰ ਉਹਦੇ ਕਿਧਰੇ ਨੇੜੇ-ਤੇੜੇ ਵੀ ਨਹੀਂ ਸੀ। ਦੂਰ-ਨੇੜੇ ਦੀ ਨਿਗਾਹ ਚੰਗੀ ਸੀ। ਖੇਤ-ਬੰਨੇ ਗੇੜਾ ਮਾਰਦਾ। ਉਹਦੇ ਦੰਦ ਕਾਇਮ ਸਨ। ਛੋਲਿਆਂ ਦੇ ਦਾਣੇ ਚੱਬ ਲੈਂਦਾ ਤੇ ਗੰਨਾ ਚੂਪਦਾ। ਖੁਰਾਕ ਵੀ ਨਹੀਂ ਘਟੀ ਸੀ। ਅਗਵਾੜ ਦੇ ਲੋਕ ਗੱਲਾਂ ਕਰਦੇ, "ਥੰਮਣ ਸੂੰ ਦੀ ਕਾਠੀ ਤਕੜੀ ਐ, ਇਹ ਤਾਂ ਸੌ ਨੂੰ ਪਹੁੰਚੂ ਇੱਕ ਦਿਨ। ਨਾਲੇ ਘਰੇ ਰੰਗ ਭਾਗ ਵੀ ਤਾਂ ਸਭ ਲੱਗਿਆ ਹੋਇਐ। ਸੁਖੀ ਬੰਦਾ ਬਹੁਤੀ ਉਮਰ ਭੋਗਦੈ।"

⁠ਪਰ ਉਹ ਤਾਂ ਸੱਤਰ ਟਪਿਆ ਤੇ ਚੱਲਦਾ ਹੋਇਆ। ਚੰਗਾ-ਭਲਾ ਹੀ ਤੁਰ ਗਿਆ। ਇੱਕ ਵਾਰ ਤਾਂ ਲੋਕਾਂ ਦੇ ਦੰਦ ਜੁੜ ਗਏ। ਘੁਸਰ-ਮੁਸਰ ਹੋਣ ਲੱਗੀ। "ਇਹੋ ਜਿਹੇ ਧਰਮਾਤਮਾ ਬੰਦੇ ਨੂੰ ਕਿਹੜਾ ਦੁੱਖ ਅਣੀ-ਪਟੱਕੇ ਆ ਚਿੰਬੜਿਆ ਬਈ। ਪਲ਼ ਵੀ ਨਾ ਸਹਾਰਿਆ ਉਹ ਤਾਂ।"

⁠ਸੱਥ ਵਿੱਚ ਪਿੱਪਲ ਥੱਲੇ ਬੈਠ ਕੇ ਲੋਕ ਆਖਦੇ, "ਬੰਦਿਆਂ ਅਰਗਾ ਬੰਦਾ ਤਾਂ ਉਹ ਹੈ ਈ ਨਹੀਂ ਸੀ। ਕੋਈ ਸਤਜੁਗੀ ਬੰਦਾ ਸੀ।"

⁠ਉਹਤੋਂ ਵੀਹ ਕੁ ਸਾਲ ਛੋਟੇ ਭਦੌੜੀਆਂ ਦੇ ਕਰਮ ਸਿਓਂ ਨੇ ਗੱਲ ਸੁਣਾਈ-"ਥੰਮਣ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਹਨਾਂ ਦਿਨਾਂ 'ਚ ਮੁੰਡੇ ਨੂੰ ਸਾਕ ਹੁੰਦਾ ਵੀ ਮਸਾਂ। ਜੱਟ ਦੇ ਤਿੰਨ ਪੁੱਤ ਹੁੰਦੇ ਚਾਹੇ ਚਾਰ। ਵਿਆਹੁੰਦੇ ਇੱਕ ਨੂੰ। ਸਾਰਿਆਂ ਨੂੰ ਵਿਆਹ ਕੇ ਜ਼ਮੀਨ ਟੋਟੇ-ਟੋਟੇ ਹੋ ਜਾਂਦੀ। ਜ਼ਮੀਨ 'ਕੱਠੀ ਰੱਖਣ ਦੇ ਲਾਲਚ ਵਿੱਚ ਇੱਕ ਦਾ ਵਿਆਹ ਕਰਦੇ। ਦੂਜੇ ਸਭ ਉਸ ਦੇ ਚੁੱਲ੍ਹੇ ਉੱਤੇ ਰੋਟੀ ਖਾਂਦੇ। ਥੰਮਣ ਦੀ ਉਮਰ ਤੀਹ ਤੋਂ ਉੱਤੇ ਹੋਊਗੀ। ਇੱਕ ਦਿਨ ਇਹ ਕਿਸੇ ਲਾਮ੍ਹ ਪਿੰਡ ਜਾਂਦਾ ਸੀ। ਦੂਰ ਪਿੰਡ ਸੀ ਕੋਈ, ਹੁਣ ਨ੍ਹੀਂ ਯਾਦ। ਇਹਦੇ ਮਗਰ ਇੱਕ ਤੀਮੀਂ ਲੱਗ ਪੀ। ਕਹੇ ਮੈਂ ਹੋ 'ਗੀ ਰੰਡੀ। ਘਰ 'ਚ ਕੋਈ ਰਹਿ ਨਾ ਗਿਆ। ਨਾ ਦਿਉਰ ਨਾ ਜੇਠ। ਮੈਂ ਕੀਹਦੇ ਆਸਰੇ ਦਿਨ ਕੱਟਾਂ? ਤੂੰ ਤਾਂ ਮੇਰੇ ਘਰ ਆਲੇ ਦੇ ਮਾਮੇ ਦੇ ਪੁੱਤ ਦੇ ਸਾਢੂ ਦਾ ਛੋਟਾ ਭਾਈ ਐਂ, ਮੈਂ ਪਛਾਣ ਲਿਆ ਤੈਨੂੰ। ਮੈਨੂੰ ਤਾਂ ਤੂੰ ਸਿਰ ਧਰ ਆਵਦੇ, ਹੁਣੇ ਲੈ ਚੱਲ ਆਪਦੇ ਪਿੰਡ ਨੂੰ। ਤੇਰੇ ਲੜ ਲੱਗ ਕੇ ਜੂਨ ਨਿੱਕਲ ਜੂ 'ਗੀ ਮੇਰੀ।"

⁠ਥੰਮਣ ਕਹੇ ਮੈਂ ਉਹ ਨ੍ਹੀਂ। ਤੈਨੂੰ ਭੁਲੇਖਾ ਲੱਗ ਗਿਆ?

⁠ਤੀਮੀਂ ਹਿੰਡ ਨੂੰ ਪਿੱਛਾ ਨਾ ਦੇਵੇ - 'ਨਹੀਂ ਤੂੰ ਜਮ੍ਹਾਂ ਓਹੀ ਐ। ਓਹੀ ਚੇਹਨ-ਚੱਕਰ ਐ ਤੇਰਾ। ਭੱਜੇਗਾ ਕਿਮੇਂ?' ⁠ਥੰਮਣ ਅੱਗੇ-ਅੱਗੇ ਤੀਮੀਂ ਪਿੱਛੇ-ਪਿੱਛੇ। ਥੰਮਣ ਰੋਣ-ਹਾਕਾ ਹੋ ਕੇ ਤੁਰਿਆ ਜਾਵੇ। ਝੇੜਾ ਵੀ ਕਰਦੇ ਜਾਣ। ਉਨ੍ਹਾਂ ਦੇ ਉੱਚੇ ਬੋਲ ਸੁਣ ਕੇ ਰਾਹ 'ਚ ਪਹੇ ਨਾਲ ਲੱਗਦੇ ਇੱਕ ਹਾਲੀ ਨੇ ਹਲ਼ ਖੜ੍ਹਾ ਲਿਆ ਆਵਦਾ। ਬਲਦਾਂ ਨੂੰ ਬੁਸ਼ਕਰ ਮਾਰ ਕੇ ਬੋਲਿਆ ਕਿਉਂ ਬਈ ਰੱਟਾ ਕੀ ਐ ਥੋਡਾ ਦੋਮਾਂ ਦਾ?

⁠ਥੰਮਣ ਦਾ ਤਾਂ ਬੋਲ ਨਾ ਨਿੱਕਲਿਆ, ਤੀਮੀਂ ਬੋਲਣ ਲੱਗੀ। ਥੰਮਣ ਦਾ ਉੱਤਰਿਆ ਮੂੰਹ ਦੇਖ ਕੇ ਹਾਲੀ ਕਹਿੰਦਾ ਲੈ ਬਈ, ਬਾਈ ਸਿਆਂ, ਤੂੰ ਬੋਲ ਹੁਣ। ਕੀ ਗੱਲ ਐ?

⁠ਥੰਮਣ ਪੇਹਾ ਛੱਡ ਕੇ ਵਾਹਣ 'ਚ ਹਾਲੀ ਕੋਲ ਆ ਖੜਾ ਤੇ ਸਾਰੀ ਗੱਲ ਦੱਸੀ। ਫਿਰ ਕਹਿੰਦਾ ਭਰਾਵਾ ਖਹਿੜਾ ਛੁਡਾ ਮੇਰਾ। ਮੈਨੂੰ ਨ੍ਹੀਂ ਪਤਾ, ਇਹ ਕੌਣ ਬਲਾ ਗਲ ਪੈ 'ਗੀ ਮੇਰੇ। 

⁠ਹਾਲੀ ਪਹਿਲਾਂ ਤਾਂ ਉੱਚੀ-ਉੱਚੀ ਹੱਸਿਆ। ਫਿਰ ਥੰਮਣ ਦਾ ਮੂੰਹ ਦੇਖ ਕੇ ਉਹਨੂੰ ਗੁੱਸਾ ਚੜ੍ਹਨ ਲੱਗਿਆ। ਅੱਖਾਂ ਗਹਿਰੀਆਂ ਕਰ ’ਲੀਆਂ। ਪਰਾਣੀ ਉੱਘਰ ਕੇ ਤੀਮੀਂ ਨੂੰ ਕਹਿੰਦਾ 'ਤੁਰਦੀ ਹੋ ਜਿੱਧਰ ਨੂੰ ਜਾਣੈ। ਚੜੇਲ ਕਿਸੇ ਥਾਂ ਦੀ ਨਰੇ ਛਾਂਗ ਦੂੰ 'ਗਾ ਹੁਣੇ ਈ।'

⁠ਤੀਮੀਂ ਡਰ 'ਗੀ ਭਾਈ। ਕੰਨ ਵਲੇਟ ਕੇ ਤੁਰਦੀ ਬਣੀ। ਇਹੋ ਜ੍ਹਾ ਤਾਂ ਥੰਮਣ ਸੀ।

⁠"ਥੰਮਣ ਸਿੰਘ ਦੀਆਂ ਗੱਲਾਂ, ਭਾਈ ਮੈਂ ਵੀ ਸੁਣਾ ਦਿੰਨਾਂ।" ਕਾਤਰੋਂ ਆਲਿਆ ਦਾ ਮੈਂਗਲ ਬੁੜ੍ਹਾ ਦੱਸਣ ਲੱਗਿਆ। ਉਹ ਥੰਮਣ ਦੇ ਹਾਣ ਦਾ ਹੀ ਸੀ। ਕਹਿੰਦਾ "ਜਾਗਰ ਦਾ ਨਾਓਂ ਤਾਂ ਤੁਸੀਂ ਸੁਣਿਆ ਈ ਹੋਣੈਂ। ਹੱਲਿਆਂ ਤੋਂ ਥੋੜ੍ਹਾ ਚਿਰ ਪਿੱਛੋਂ ਮਰਿਐ ਉਹ। ਬੜਾ ਬਦਮਾਸ਼ ਸੀ। ਘੋੜੀ ਰੱਖਦਾ। ਦੂਰ-ਦੂਰ ਦੀ ਤੀਮੀਂ ਉਹਦੇ ਕੋਲ ਔਂਦੀ। ਛੜਾ ਸੀ। ਰੰਨ-ਕੰਨ ਤਾਂ ਕੋਈ ਹੈ ਨ੍ਹੀਂ ਸੀ। ਉਹਦੇ ਘਰ ਈ ਤੀਮੀਆਂ ਦੇ ਸੌਦੇ ਹੁੰਦੇ। ਓਦੋਂ ਅਹਿਓ ਜ੍ਹੀ ਈ ਸੀ ਭਾਈ। ਥੋੜ੍ਹੀ ਜ਼ਮੀਨ ਆਨੇ ਨੂੰ ਸਾਕ ਨਾ ਹੁੰਦਾ। ਬੰਦੇ ਦੀ ਜੁਆਨੀ ਢਲਣ ਲੱਗਦੀ ਤਾਂ ਮੁੱਲ ਦੀ ਤੀਮੀਂ ਘਰ ਲਿਆ ਬਠੌਂਦਾ। ਆਇਓਂ ਵੀ ਵੱਸ ਜਾਂਦੇ ਘਰ। ਬਸ ਏਸੇ ਕੰਮ ਦੀ ਖੱਟੀ ਖਾਂਦਾ ਸੀ ਜਾਗਰ। ਜੁਆਨੀ ਪਹਿਰੇ ਤਾਂ ਆਪ ਉਹਨੇ ਇਹ ਕੰਮ ਕੀਤੇ। ਫਿਰ ਉਹਦਾ ਘਰ ਤੀਮੀਂਆਂ ਦੇ ਲੈਣ-ਦੇਣ ਦਾ ਅੱਡਾ ਬਣ ਗਿਆ। ਪੁਲਸ ਨੂੰ ਹੱਥ 'ਚ ਰੱਖਦਾ ਜਾਗਰ। ਖਰੀਦਣ ਵਾਲੇ ਵੀ ਤੇ ਵੇਚਣ ਵਾਲੇ ਵੀ ਜਾਗਰ ਦੀ ਸਾਨੀ ਭਰਦੇ। ਉਹਦਾ ਨੁਕਲ-ਪਾਣੀ ਚੱਲੀ ਜਾਂਦਾ। ਰੋਟੀ ਪਕੌਣ ਨੂੰ ਜਾਗਰ ਕੋਲ ਨਾਈ ਹੁੰਦਾ। ਆਹ ਆਪਣੇ ਗਵਾੜ ਦਾ ਈ ਨਗਿੰਦਰ ਨਾਈ ਐ ਨਾ, ਇਹਦਾ ਬਾਪ ਸੀ ਜਿਉਂਣ ਸਿਓਂ। ਜਿਉਣ ਸਿਓਂ ਨੂੰ ਬਸ ਕੌਲੀ ਚੱਟਣ ਦਾ ਸੁਆਦ ਸੀ।"

⁠"ਤੂੰ ਤਾਂ ਬਾਬਾ, ਥੰਮਣ ਦੀ ਗੱਲ ਕਰਦਾ ਕਰਦਾ, ਜਾਗਰ ਦੀ ਸਨੌਣ ਲਾਗਿਆ।" ਮੁਕੰਦੇ ਦੇ ਪਾੜ੍ਹੇ ਮੁੰਡੇ ਨੇ ਉਹਨੂੰ ਟੋਕ ਦਿੱਤਾ।

⁠"ਹੱਛਿਆ, ਹਾਂ।" ਮੈਂਗਲ ਨੇ ਖੰਘ ਕੇ ਸੰਘ ਸਾਫ਼ ਜਿਹਾ ਕੀਤਾ। "ਉਹ ਗੱਲ ਕਰਦਾ ਸੀ ਮੈਂ। ਇੱਕ ਵਾਰੀ ਜਾਗਰ ਕੋਲ ਤੀਮੀਂ ਆਈ ਇੱਕ, ਬੜੀ ਛੈਲ। ਪੱਚੀ-ਤੀਹ ਸਾਲ ਤੋਂ ਵੱਧ ਨ੍ਹੀਂ ਹੋਣੀ। ਅਗਲੇ ਉਹਨੂੰ ਮੱਲੋ-ਮੱਲੀ ਕਿੱਧਰੋਂ ਪੱਟ ਕੇ ਲਿਆਏ ਸੀ। ਇਹ ਥੰਮਣ ਜਾਗਰ ਕੋਲ ਜਾਂਦਾ ਹੁੰਦਾ। ਐਮੇਂ ਬਸ ਜਾਣ ਦਾ ਭੁੱਸ ਸੀ ਇਹਨੂੰ। ਖਾਣ-ਪੀਣ ਨੂੰ ਬਾਮ੍ਹਣਾਂ ਤੋਂ ਵੀ ਭੈੜਾ। ਨਾ ਦਾਰੂ, ਨਾ ਮਾਸ। ਬਸ ਗੱਲਾਂ ਸੁਣਨ ਦਾ ਚਸਕਾ ਸੀ, ਊਂ ਮਾੜਾ ਨ੍ਹੀਂ ਸੀ। ਮੁੰਡਿਆਂ ਅਰਗਾ ਮੁੰਡਾ ਈ ਨ੍ਹੀਂ ਸੀ ਏਹ। ਧੀ-ਭੈਣ ਕੋਲ ਦੀ ਨੀਮੀਂ ਪਾ ਕੇ ਲੰਘਦਾ। ਭਾਬੀਆਂ-ਭਰਜਾਈਆਂ ਉਹਨੂੰ ਚਹੇਡਾਂ ਕਰਦੀਆਂ। ਉਹਦੀ ਬਸ ਇੱਕੋ ਚੁੱਪ, ਬਹੁਤਾ ਈ ਕੂਨਾ। ਜਾਗਰ ਨੂੰ ਥੰਮਣ 'ਤੇ 'ਤਬਾਰ ਪੂਰਾ ਸੀ। ਆਥਣੇ ਜ੍ਹੇ ਉਹਨਾਂ ਨੇ ਦਾਰੂ ਪੀਤੀ, ਰੋਟੀ ਪਾਣੀ ਖਾ ਪੀ ਕੇ ਥੰਮਣ ਨੂੰ ਕਹਿੰਦੇ, ਲੈ ਬਈ ਥੰਮਣਾ, ਅਸੀਂ ਤਾਂ ਚੱਲੇ ਆਂ ਪਾਸੇ। ਰਾਤ ਨੂੰ ਮੁੜੀਏ, ਚਾਹੇ ਨਾ ਮੁੜੀਏ। ਤੀਮੀਂ ਦੀ ਤਕੜਾਈ ਤੂੰ ਰੱਖਣੀ ਐ। ਕੋਠੜੀ 'ਚ ਇਹਦੇ ਕੋਲ ਪੈ ਜਾ। ਅਸੀਂ ਬਾਹਰੋਂ ਬੀਹੀ ਦੇ ਬਾਰ ਨੂੰ ਜਿੰਦਾ ਲਾ ਕੇ ਜਾਮਾਂਗੇ, ਭੱਜ ਤਾਂ ਕਿੱਧਰੇ ਇਹ ਸਕਦੀ ਨ੍ਹੀਂ, ਪਰ ਤੂੰ ਸਮਝ ਕਰੀਂ, ਹੁਣ ਤੀਮੀਂ ਤੈਥੋਂ ਲੈ ਲਾਂਗੇ, ਨਹੀਂ ਤਾਂ।"

⁠ਜਿਉਣਾ ਨਾਈ ਕਹਿੰਦਾ "ਨਾਲੇ ਥੰਮਣਾ ਤੇਰਾ..."

⁠ਲਓ ਜੀ, ਉਹ ਤਾਂ ਘਰੋਂ ਤੁਰ 'ਗੇ। ਥੰਮਣ ਕੋਠੜੀ 'ਚ ਪੈ ਗਿਆ, ਤੀਮੀਂ ਕੋਲ। ਦੋ ਮੰਜੇ ਸੀ ਕੋਠੜੀ 'ਚ। ਸਿਆਲ ਦੀ ਰੁੱਤ। ਤੜਕੇ ਦਿਨ ਚੜ੍ਹੇ ਜਾਗਰ ਹੋਰਾਂ ਨੇ ਆ ਕੇ ਜਿੰਦਾ ਖੋਲ੍ਹਿਆ ਤੇ ਦੇਖਿਆ, ਕੋਠੜੀ 'ਚ ਚੁੱਪ ਚਾਂਦ। ਥੰਮਣ ਰਜ਼ਾਈ ਦੀ ਬੁੱਕਲ ਮਾਰ ਕੇ ਕੰਧ ਦੀ ਢੂਹ ਲਾਈ ਬੈਠਾ ਤੇ ਤੀਮੀਂ ਦੀਆਂ ਦੋਹੇਂ ਬਾਹਾਂ ਆਵਦਾ ਸਾਫਾ ਲਾਹ ਕੇ ਮੰਜੇ ਨਾਲ ਨੂੜੀਆਂ ਹੋਈਆਂ। ਤੀਮੀਂ ਚੁੱਪ ਚਾਪ ਬਿਟਰ-ਬਿਟ ਝਾਕੀ ਜਾਵੇ। ਜਾਗਰ ਕਹਿੰਦਾ 'ਓਏ ਥੰਮਣਾ, ਆਹ ਕੀ?' ਉਹਨਾਂ ਨੇ ਸੋਚਿਆ, ਤੀਮੀਂ ਭੱਜ ਜਾਣ ਦੇ ਡਰੋਂ ਉਹਨੇ ਇਉਂ ਕੀਤਾ ਹੋਊਗਾ, ਪਰ ਥੰਮਣ ਬੇ-ਮਲੂਮਾ ਜ੍ਹਾ ਮੁਸਕੜੀਏਂ ਹੱਸਿਆ। ਕਹਿੰਦਾ - ਇਹ ਟਿਕ ਕੇ ਪੈਣ ਤਾਂ ਦਿੰਦੀ ਨ੍ਹੀਂ ਸੀ। ਮੁੜ-ਮੁੜ ਮੇਰੇ ਮੰਜੇ 'ਤੇ ਆਵੇ। ਫਿਰ ਹੋਰ ਕੀ ਕਰਦਾ ਮੈਂ। ਬਥੇਰੀ ਸਮਝਾਈ, ਪਰ ਕਾਹਨੂੰ। ਮਖਿਆ, ਚੰਗਾ ਫਿਰ, ਦਿੰਨਾ ਤੈਨੂੰ ਪਤਾ। ਇਉਂ ਤਾਂ ਨ੍ਹੀਂ ਔਂਦੀ ਤੂੰ ਲੋਟ।"

⁠ਸੱਥ ਵਿੱਚ ਬੈਠੇ ਸਭ ਲੋਕ ਹੱਸਣ ਲੱਗੇ। ਕਰਮ ਸਿਓਂ ਦੱਸਣ ਲੱਗਿਆ "ਫਿਰ ਤਾਂ ਵਿਆਹ ਵੀ ਹੋ ਗਿਆ ਸੀ ਇਹਦਾ। ਚੌਂਤੀ-ਪੈਂਤੀ ਸਾਲ ਦਾ ਹੋਊ, ਜਦੋਂ ਵਿਆਹ ਹੋਇਆ। ਮੈਂ ਜੰਨ ਗਿਆ ਸੀ ਇਹਦੀ।"

⁠"ਹਾਂ, ਹੱਲਿਆਂ ਤੋਂ ਪਿੱਛੋਂ ਵਿਆਹ ਹੋਇਐ ਇਹਦਾ। ਮਾਸੀ ਦੇ ਮੁੰਡੇ ਦੇ ਸਾਲ਼ੀਆਂ ਸੀ ਛੀ-ਸੱਤ। ਇਕ ਇਹਨੂੰ ਲਿਆ ’ਤੀ। ਨਹੀਂ ਤਾਂ ਕੀਹਨੂੰ ਧਰੇ ਪਏ ਸੀ ਬਹੇ।" ਮੈਂਗਲ ਨੇ ਖਰੀ ਸੁਣਾਈ।

⁠"ਫਿਰ ਤਾਂ ਸਾਰੇ ਰੰਗ-ਭਾਗ ਲਾ 'ਗੇ। ਗਹਾਂ ਮੁੰਡਾ ਵੀ ਤਾਂ ਇਹਦੇ 'ਤੇ ਈ ਉੱਠਿਆ, ਪੂਰਾ ਸਾਊ। ਕਮਾਈ ਕੰਨ੍ਹੀਂ ਧਿਆਨ। ਜ਼ਮੀਨ ਬਣਾ ਗਿਆ ਕਿੰਨੀ। ਥੰਮਣ ਕੋਲ ਕੀਹ ਸੀ? ਫਿਰ ਪੋਤੇ ਹੋ 'ਗੇ।"

⁠ਸੱਥ ਵਿੱਚ ਉਸ ਦਿਨ ਲੋਕ ਥੰਮਣ ਸਿੰਘ ਦੀ ਕਥਾ ਹੀ ਕਰੀ ਜਾ ਰਹੇ ਸਨ ਤੇ ਫਿਰ ਸਭ ਹੈਰਾਨ ਸਨ ਕਿ ਉਹ ਮਰ ਕਿਵੇਂ ਗਿਆ।

⁠ਬੁੱਧ ਸਿਓਂ ਮੈਂਬਰ ਜਿਹੜਾ ਉੱਥੇ ਬੈਠਾ ਸਭ ਸੁਣ ਰਿਹਾ ਸੀ, ਅਖ਼ੀਰ ਉਭਾਸਰਿਆ, "ਥੋਨੂੰ ਨ੍ਹੀਂ ਪਤਾ, ਬਈ ਉਹਦੇ ਛੋਟੇ ਪੋਤੇ ਨੇ ਉਹਦੀ ਜਾਨ ਲੈ 'ਲੀ?...."

⁠"ਉਹ ਕਿਮੇਂ ਬਈ?" ਥੰਮਣ ਦਾ ਹਾਣੀ ਮੈਂਗਲ ਸਿਓਂ ਪੱਬਾਂ ਭਾਰ ਹੋ ਕੇ ਬੈਠ ਗਿਆ।

⁠"ਪਰਸੋਂ ਆਥਣੇ ਸਰਪੰਚ ਦੇ ਘਰ ਸੱਦਿਆ ਸੀ ਥੰਮਣ ਨੂੰ। ਅਸੀਂ ਚਾਰ-ਪੰਜ ਪੰਚ ਸੀ ਉੱਥੇ ਬਸ, ਹੋਰ ਨ੍ਹੀਂ ਸੀ ਕੋਈ। ਗੱਲ ਪਰਦੇ ਵਾਲੀ ਸੀ।" ਤੇ ਫਿਰ ਬੁੱਧ ਸਿਉਂ ਨੇ ਹੌਲ਼ੀ-ਹੌਲ਼ੀ ਬੋਲ ਕੇ ਗੱਲ ਦੱਸੀ। ਲੱਛੂ ਬਾਣੀਏ ਦੀ ਕੁੜੀ, ਜਿਹੜੀ ਨਿੰਮੋ ਐ, ਵੱਡੀ ਤਾਂ ਦੇਖ ਲੈ ਵਿਆਹ 'ਤੀ ਸੀ। ਉਹਦੀ ਬਾਂਹ ਫੜ ਲੀ ਥੰਮਣ ਦੇ ਛੋਟੇ ਪੋਤੇ ਕਰਮਜੀਤ ਨੇ, ਜਿਹੜਾ ਕਾਲਜ 'ਚ ਪੜ੍ਹਦੈ, ਉਹ ਸ਼ੂਕਾ ਜ੍ਹਾ।"

⁠"ਫਿਰ?" ਮੈਂਗਲ ਨੇ ਕਾਹਲ ਨਾਲ ਪੁੱਛਿਆ।

⁠ਲੱਛੂ ਕਹਿੰਦਾ, "ਮੈਂ ਤਾਂ ਜਾਨਾਂ ਪਿੰਡ ਛੱਡ ਕੇ। ਟਰੱਕ ਮੰਗਾ ਲਿਆ। ਸਮਾਨ ਲੱਦਣ ਆਲਾ ਈ ਸੀ। ਅਖੇ ਅੱਜ ਤਾਂ ਮੇਰੀ ਕੁੜੀ ਦੀ ਬਾਂਹ ਫੜੀ। ਕੱਲ੍ਹ ਨੂੰ ਕੋਈ ਊਂ ਲੈ ਕੇ ਨਿੱਕਲ ਜੂ ਇਹਨੂੰ। ਐਦੂੰ ਤਾਂ ਪਿੰਡ ਛੱਡਿਆ ਚੰਗਾ। ਸਰਪੰਚ ਨੂੰ ਲਾਗਿਆ ਪਤਾ। ਨਮੋਸ਼ੀ ਮੰਨ ਗਿਆ ਥੰਮਣ। ਚੁੱਪ ਦਾ ਚੁੱਪ ਰਹਿ ਗਿਆ ਕੇਰਾਂ ਤਾਂ। ਫਿਰ ਕਹਿੰਦਾ ਮੈਨੂੰ ਬਖ਼ਸ਼ੋ ਭਰਾਵੋ। ਮੈਂ ਮੁੰਡੇ ਦੇ ਵੱਢ ਕੇ ਡੱਕਰੇ ਕਿਹੜਾ ਨਾ ਕਰ ਦੂੰ। ਉਹਨੇ ਸਮਝਿਆ ਕੀ? ਬਸ ਘਰ ਆ ਕੇ ਮੰਜਾ ਫੜ ਲਿਆ। ਮੰਜਾ ਨ੍ਹੀਂ ਛੱਡਿਆ, ਜਾਨ ਦੇ 'ਤੀ।"

⁠ਬੁੱਧ ਸਿਓਂ ਦੀ ਗੱਲ ਉੱਤੇ ਸੱਥ ਵਿੱਚ ਬੈਠੇ ਸਭ ਲੋਕ ਸੁੰਨ ਬਣ ਕੇ ਰਹਿ ਗਏ। ਥੰਮਣ ਦਾ ਹਾਣੀ ਮੈਂਗਲ ਸੂੰ ਬੁੜ੍ਹਾ ਧਰਤੀ ਵੱਲ ਇੱਕ ਟੱਕ ਝਾਕੀ ਜਾ ਰਿਹਾ ਸੀ। ਫਿਰ ਹੌਲ਼ੀ ਜਿਹੇ ਐਨਾ ਹੀ ਬੋਲ ਕੱਢਿਆ- "ਪਹਿਲੇ ਦਿਨੋਂ ਸਤਜੁਗੀ ਬੰਦਾ ਸੀ ਥੰਮਣ ਤਾਂ। ਦੇਖ ਲੌ, ਨਿੱਕੀ ਜਿੰਨੀ ਗੱਲ 'ਤੇ ਜਾਨ ਦੇ 'ਤੀ। ਨਹੀਂ ਤਾਂ ਕੀ ਨੀ ਹੁੰਦਾ ਏਸ ਸੰਸਾਰ 'ਤੇ। ਤੇ ਫਿਰ ਉਹ ਚੁੱਪ ਦਾ ਚੁੱਪ ਬੈਠਾ ਹੋਇਆ ਸੀ। ਅੱਖਾਂ ਝਮਕਾਏ ਬਗ਼ੈਰ ਧਰਤੀ ਵੱਲ ਇੱਕ ਟੱਕ ਝਾਕਦਾ, ਜਿਵੇਂ ਉਹ ਖ਼ੁਦ ਵੀ ਥੰਮਣ ਦੀ ਮੌਤ ਮਰ ਜਾਣਾ ਚਾਹੁੰਦਾ ਹੋਵੇ।"

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.