A Literary Voyage Through Time

⁠ਜੇਠ-ਹਾੜ੍ਹ ਦੀ ਰੁੱਤ ਸੀ। ਮੀਂਹ ਉਸ ਦਿਨ ਖਾਸਾ ਪੈ ਰਿਹਾ ਸੀ। ਜਿਸ ਥਾਂ ਮੈਂ ਰਹਿੰਦਾ ਸੀ, ਉਸ ਦੇ ਬਿਲਕੁਲ ਨੇੜੇ ਹੀ ਬਾਜ਼ੀਗਰਾਂ ਦੀਆਂ ਪੰਦਰਾਂ ਵੀਹ ਸਿਰਕੀਆਂ ਲੱਗੀਆਂ ਹੋਈਆਂ ਸਨ। ਦੁਪਹਿਰ ਵੇਲੇ ਬਾਜ਼ੀਗਿਰਾਂ ਦੇ ਛੋਟੇ-ਛੋਟੇ ਮੁੰਡੇ ਮੇਰੇ ਕੋਲ ਹੀ ਦਰਖ਼ਤਾਂ ਹੇਠ ਖੇਡਦੇ ਰਹਿੰਦੇ। ਤੱਤੀ-ਤੱਤੀ ਲੋਅ ਵਗਦੀ। ਕਦੇ-ਕਦੇ ਅੰਨ੍ਹੀ ਬੋਲ਼ੀ ਹਨੇਰੀ ਵੀ ਆ ਜਾਂਦੀ। ਵਾਵਰੋਲੇ ਤਾਂ ਦੂਰ ਅਸਮਾਨ ਵਿੱਚ ਚੜ੍ਹਦੇ ਹੀ ਰਹਿੰਦੇ ਤੇ ਫਿਰ ਕਦੇ-ਕਦੇ ਬੱਦਲ ਪੈ ਜਾਂਦਾ। ਰੇਤਾ ਦਬ ਜਾਂਦਾ। ਹਨੇਰੀਆਂ ਹਟ ਜਾਂਦੀਆਂ। ਹਵਾ ਦੀ ਤਪਸ਼ ਘੱਟ ਹੋ ਜਾਂਦੀ। ਜਦ ਕਦੇ ਮੀਂਹ ਦੇ ਛੜਾਕੇ ਉਤਰਦੇ, ਬਾਜ਼ੀਗਿਰ ਮੁੰਡੇ ਖੇਡਦੇ ਖੇਡਦੇ ਭੱਜ ਕੇ ਮੇਰੇ ਅੰਦਰ ਆ ਵੜਦੇ।

⁠ਹਾਂ! ਉਸ ਦਿਨ ਮੀਂਹ ਖਾਸਾ ਪੈ ਰਿਹਾ ਰਿਹਾ ਸੀ। ਬਾਜ਼ੀਗਿਰ ਮੁੰਡੇ ਭੱਜ ਕੇ ਮੇਰੇ ਕੋਲ ਆਏ ਤੇ ਆਪਣੇ-ਆਪਣੇ ਝੱਗੇ ਲਾਹ ਕੇ ਫੇਰ ਪੈਂਦੇ ਮੀਂਹ ਵਿੱਚ ਖੇਡਣ ਨੱਸ ਗਏ। ਇੱਕ ਮੁੰਡਾ ਮੇਰੇ ਕੋਲ ਹੀ ਖੜ੍ਹਾ ਰਿਹਾ।

⁠“ਤੂੰ ਨੀਂ ਨ੍ਹੌਂਦਾ ਮੀਂਹ 'ਚ ਬਈ?” ਮੈਂ ਉਸਨੂੰ ਪੁੱਛਿਆ।

⁠“ਮੇਰੇ ਕੋਲ ਆਹ ਤਾਸ਼ ਐ। ਜੇ ਮੈਂ ਕੁੜਤੇ ਸਣੇ ਮੀਂਹ 'ਚ ਗਿਆ ਤਾਂ ਇਹ ਭਿੱਜ ਜੂ ਕਣੀਆਂ ਨਾਲ। ਜੇ ਕੁੜਤਾ ਲਾਹ ਕੇ ਏਥੇ ਰੱਖਿਆ ਤਾਂ ਤਾਸ਼ ਕੋਈ ਕੱਢ ਕੇ ਲੈ ਜੂ ਜੇਬ ’ਚੋਂ।” ਇਹ ਗੱਲ ਸਿਆਣਿਆਂ ਵਾਂਗ ਸਮਝਾ ਕੇ ਉਸ ਨੇ ਮੈਨੂੰ ਦੱਸੀ ਤੇ ਜੇਬ ਵਿੱਚੋਂ ਦੁਆਨੀ ਵਾਲੀ ਨਿੱਕੀ ਜਿਹੀ ਤਾਸ਼ ਦੀ ਡੱਬੀ ਕੱਢ ਕੇ ਮੈਨੂੰ ਦਿਖਾਈ।

⁠“ਆਹ ਦੇਖ ਮਾਸਟਰ ਜੀ, ਐਹੀ ਜੀ ਤਾਸ਼ ਕਿਸੇ ਮੁੰਡੇ ਕੋਲ ਨੀਂ। ਮੈਂ ਏਸ ਨਾਲ ਖੇਡਦਾ ਵੀ ਨੀਂ ਕਿਸੇ ਮੁੰਡੇ ਨਾਲ, ਨਜਾਣੀਏ ਕੋਈ ਪੱਤਾ ਈ ਲਕੋ ਲੇ।” ਉਹ ਮੁੰਡਾ ਆਪ ਮੁਹਾਰਾ ਹੀ ਬੋਲ ਰਿਹਾ ਸੀ।

⁠ਦੂਰ ਅਸਮਾਨ ਵਿੱਚ ਹਵਾ ਦੀ ਤੇਜ਼ੀ ਨੇ ਸੂਰਜ ਦੇ ਮੂੰਹ ਉੱਤੋਂ ਬਦਲਾਂ ਦੀ ਚਾਦਰ ਛੱਡ ਦਿੱਤੀ ਸੀ। ਬੱਦਲਾਂ ਦਾ ਮੈਲ਼ਾ ਕੀਤਾ ਚਾਨਣ ਇਕਦਮ ਧੁੱਪ ਦੇ ਕੜਾਕੇ ਨਾਲ ਚਿੱਟਾ-ਚਿੱਟਾ ਹੋ ਗਿਆ। ਕਣੀਆਂ ਅਜੇ ਵੀ ਥੋੜ੍ਹੀਆਂ-ਥੋੜ੍ਹੀਆਂ ਪੈ ਰਹੀਆਂ ਸਨ।‘ਕਾਣੀ ਗਿਦੜੀ ਦਾ ਵਿਆਹ, ਕਾਣੀ ਗਿਦੜੀ ਦਾ ਵਿਆਹ ਬਾਜ਼ੀਗਿਰ ਮੁੰਡੇ ਜ਼ੋਰ ਜ਼ੋਰ ਦੀ ਬਾਹਰ ਰੌਲਾ ਪਾ ਰਹੇ ਸਨ। ਤਾਸ਼ ਵਾਲਾ ਮੁੰਡਾ ਅਜੇ ਵੀ ਮੇਰੇ ਕੋਲ ਹੀ ਖੜ੍ਹਾ ਸੀ। ਮੈਂ ਆਪਣੀ ਅਲਮਾਰੀ ਵਿੱਚ ਕਿਤਾਬਾਂ ਨੂੰ ਤਰਤੀਬ ਦੇ ਰਿਹਾਂ ਸਾਂ। ਬਾਜ਼ੀਗਿਰ ਮੁੰਡਾ ਬੜੀ ਹੈਰਾਨੀ ਨਾਲ ਤੇ ਗਹੁ ਨਾਲ ਮੇਰੇ ਵੱਲ ਦੇਖ ਰਿਹਾ ਸੀ। ਉਸ ਦਾ ਮੇਰੇ ਵੱਲ ਉਚੇਚਾ ਧਿਆਨ ਦੇਖ ਕੇ ਮੈਂ ਉਸ ਨੂੰ ਪੁਛਿਆ-“ਤੇਰਾ ਕੀ ਨਾਂ ਐ ਬਈ?”

⁠“ਕੜਛੀ!” ਉਸ ਨੇ ਇਕਦਮ ਬੋਲ ਦਿੱਤਾ।

⁠ਮੈਂ ਹੱਸ ਪਿਆ। ਕੜਛੀ ਵੀ ਕੋਈ ਨਾਂ ਹੈ।

⁠‘ਕੜਛੀ?' ਮੈਂ ਉਸ ਦੇ ਨਾਂ ਨੂੰ ਦੁਹਰਾਇਆ।

⁠ਉਸ ਨੇ ਸ਼ਾਇਦ ਮਹਿਸੂਸ ਕੀਤਾ ਕਿ ਮੈਨੂੰ ਉਸ ਦੇ ਨਾਉਂ ਦਾ ਯਕੀਨ ਨਹੀਂ ਆਇਆ। ਉਸ ਨੇ ਦੱਸਿਆ “ਜਦੋਂ ਮੈਂ ਛੋਟਾ ਜਾ ਹੁੰਦਾ ਸੀ, ਮੇਰੀ ਮਾਂ ਕਹਿੰਦੀ, ਉਦੋਂ ਮੈਂ ਰੁੜ੍ਹਨ ਈ ਲੱਗਾ ਸੀ ਮਸਾਂ, ਸਿਆਲ ਦਾ ਮਹੀਨਾ ਸੀ, ਤੜਕੇ-ਤੜਕੇ ਜੁਆਕ ਧੂਈਂ ਸੇਕਦੇ ਸੀ। ਮੈਨੂੰ ਸਾਡੀ ਵੱਡੀ ਕੁੜੀ ਨੇ ਢਾਕ ਚੁੱਕਿਆ ਹੋਇਆ ਸੀ। ਧੁਰਲੀ ਮਾਰ ਕੇ ਮੈਂ ਧੂੰਈਂ ’ਚ ਡਿੱਗ ਪਿਆ ਤੇ ਮੇਰੀ ਬਾਂਹ ਮਾਸਟਰ ਜੀ ਅਹਿ ਪੌਂਚੇ ਕੋਲੋਂ ਸਾਰੀ ਝੁਲਸ ਗਈ। ਫਿਰ ਪੱਕ ’ਗੀ। ਰਾਧ ਵਗਦੀ ਰਿਹਾ ਕਰੇ। ਮਸਾਂ ਜਾ ਕੇ ਕਿਤੇ ਠੀਕ ਹੋਈ ਤੇ ਨਾਲੇ ਵਿੰਗੀ ਹੋ ਗਈ ਕੜਛੀ ਆਂਗੂੰ। ਤੇ ਮੇਰਾ ਨੌਂ ਵੀ ‘ਕੜਛੀ’ ਰੱਖ ਲਿਆ ਘਰ ਦਿਆਂ ਨੇ। ”

⁠ਆਪਣੇ ਨਾਉਂ ‘ਕੜਛੀ’ ਦਾ ਸੰਬੰਧ ਆਪਣੇ ਟੁੰਡੇ ਹੱਥ ਨਾਲ ਦੱਸ ਕੇ ਉਸ ਨੇ ਮੇਰਾ ਧਿਆਨ ਆਪਣੇ ਵੱਲ ਹੋਰ ਖਿੱਚ ਲਿਆ। ਕੋਈ ਪੜ੍ਹਿਆ ਮੁੰਡਾ ਇਸ ਤਰ੍ਹਾਂ ਸਿਆਣਪ ਨਾਲ ਗੱਲ ਨਹੀਂ ਕਰ ਸਕਦਾ, ਜਿਵੇਂ ਉਹ ਬੇਝਿਜਕ ਸਭ ਕੁਝ ਦੱਸ ਰਿਹਾ ਸੀ। ਮੈਂ ਉਸ ਨਾਲ ਨਿਸ਼ੰਗ ਗੱਲਾਂ ਕਰਨ ਲੱਗ ਪਿਆ। ਅਲਮਾਰੀ ਵਿੱਚ ਕਿਤਾਬਾਂ ਦੀ ਚਿਣਤੀ ਦੇਖ ਕੇ ਉਸ ਵਿੱਚ ਬੇਮਤਲਬ ਜਿਹਾ ਲਾਲਚ ਪੈਦਾ ਹੋ ਗਿਆ ਲੱਗਦਾ ਸੀ। “ਇੱਕ ਪੋਥੀ ਮੈਨੂੰ ਦੇ ਦੇ ਮਾਸਟਰ ਜੀ”, ਉਸ ਨੇ ਝੱਟ ਦੇ ਕੇ ਆਖ ਦਿੱਤਾ। ਇੱਕ ਗੱਲੋਂ ਮੈਨੂੰ ਹਾਸੀ ਬਹੁਤ ਆਈ ਕਿ ਨਾਲੇ ਤਾਂ ਇਹ ‘ਮਾਸਟਰ ਜੀ’ ਕਹਿੰਦਾ ਹੈ ਤੇ ਨਾਲੇ ‘ਦੇ ਦੇ’। ਪਰ ਇਹ ਗੱਲ ਮੈਂ ਦਿਲ ’ਤੇ ਨਾ ਲਿਆਂਦੀ। ਆਖ਼ਰ ਇੱਕ ਟੱਪਰੀਵਾਸ ਮੁੰਡੇ ਨੂੰ ਐਨੀ ਸਮਝ ਕੌਣ ਦੇਵੇ।

⁠‘ਪੋਥੀ ਤੂੰ ਕੀ ਕਰੇਂਗਾ?” ਮੈਂ ਪੁੱਛਿਆ।

⁠“ਮੈਂ ਵੀ ਪੜ੍ਹ ਲਿਆ ਕਰੂੰ।” ਉਸ ਨੇ ਲਾਚੜ ਕੇ ਕਿਹਾ।

⁠“ਕਿਹੜੀ ਪੋਥੀ ਲੈਣੀ ਐ?” ਮੈਂ ਫਿਰ ਪੁੱਛਿਆ।

⁠“ਛੀ ਪੱਤਿਆਂ ਵਾਲੀ।” ਜਿਵੇਂ ਉਸ ਨੇ ਸੋਚ ਸਮਝ ਕੇ ਜਵਾਬ ਦਿੱਤਾ ਸੀ।

⁠‘ਛੀ ਪੱਤਿਆਂ ਵਾਲੀ ਪੋਥੀ ਸ਼ਾਇਦ ਉਹ ਸਭ ਤੋਂ ਵੱਡੀ ਕਿਤਾਬ ਨੂੰ ਕਹਿ ਰਿਹਾ ਸੀ। ਨਿਰਣਾ ਕਰਨ ਲਈ ਮੈਂ ਉਸ ਨੂੰ ਕਿਹਾ ਕਿ ਤੂੰ ਇੱਕ, ਦੋ, ਤਿੰਨ ਗਿਣ ਕੇ ਸੁਣਾ। ਉਸ ਨੇ ਇਕਦਮ ਕਹਿ ਦਿੱਤਾ, “ਇੱਕ, ਦੋ, ਤਿੰਨ, ਚਾਰ, ਪੰਜ, ਛੀ।”

⁠“ਗਹਾਂ?” ਮੈਂ ਪੁੱਛਿਆ।

⁠‘“ਏਦੂ ਗਹਾਂ ਕੀ?” ਜਿਵੇਂ ਉਸ ਨੂੰ ਯਕੀਨ ਸੀ ਕਿ ਛੀ ਤੋਂ ਅੱਗੇ ਹੋਰ ਕੁਝ ਨਹੀਂ ਹੁੰਦਾ। 

⁠“ਦੇ ਦੇਂਗਾ ਛੀ ਪੱਤਿਆਂ ਵਾਲੀ ਪੋਥੀ?” ਉਸ ਨੇ ਇੱਕ ਵਾਰੀ ਫਿਰ ਲੇਲ੍ਹੜੀ ਕੱਢੀ।

⁠“ਅੱਜ ਤਾਂ ਨ੍ਹੀਂ, ਫਿਰ ਕਦੇ ਆ ਜੀਂ।” ਮੈਂ ਉਸ ਨੂੰ ਲਾਰਾ ਲਾ ਦਿੱਤਾ। ਮੀਂਹ ਬਿਲਕੁਲ ਹਟ ਗਿਆ ਸੀ। ਬਾਜ਼ੀਗਿਰ ਮੁੰਡੇ ਆਪਣੇ-ਆਪਣੇ ਕੁੜਤੇ ਪਾ ਕੇ ਸਿਰਕੀਆਂ ਵੱਲ ਤੁਰ ਗਏ ਤੇ ਕੜਛੀ ਵੀ।

⁠ਹੁਣ ਜਦ ਵੀ ਕੜਛੀ ਮੈਨੂੰ ਮਿਲਦਾ, ਉਹ ਇਹੀ ਪੁੱਛਦਾ- “ਛੀ ਪੱਤਿਆਂ ਵਾਲੀ ਪੋਥੀ?” ਹਰ ਵਾਰੀ ਮੈਂ ਆਊਂ-ਗਊਂ ਕਰ ਦਿੰਦਾ। 

⁠ਉਸ ਦੀ ਬਹੁਤੀ ਅਕਾਬਾਜ਼ੀ ਤੋਂ ਮੈਂ ਚੁੱਪ ਹੀ ਵੱਟ ਲਈ। ਜਦੋਂ ਕਿਤੇ ਮੈਂ ਉਸ ਦੀ ਨਿਗਾਅ ਪੈ ਜਾਂਦਾ, ਉਹ ਝੱਟ ਬੋਲ ਉੱਠਦਾ-“ਛੀ ਪੱਤਿਆਂ ਵਾਲੀ !”

⁠ਹੁਣ ਉਸ ਨੇ ਹੋਰ ਮੁੰਡੇ ‘ਖੱਡੂ’, ‘ਚੂਨੀਆਂ’ ਤੇ ‘ਮੁੰਦਰੀ’ ਵੀ ਆਪਣੇ ਨਾਲ ਰਲ਼ਾ ਲਏ। ਜਦੋਂ ਵੀ ਮੈਂ ਟੱਕਰਦਾ, ਉਹ ਚਾਰੇ ਇਕੱਠੇ ਹੀ ਬੋਲ ਕੇ ‘ਛੀ ਪੰਨਿਆਂ ਵਾਲੀ ਪੋਥੀ’ ਦੀ ‘ਵਾਲੀ’ ਮੇਰੇ ਉੱਤੇ ਕਰ ਦਿੰਦੇ।

⁠ਸਾਵਣ ਦੀ ਰੁੱਤ ਆ ਗਈ ਤੇ ਮੀਂਹ ਬਹੁਤੇ ਸ਼ੁਰੂ ਹੋ ਗਏ। ਜਿੱਥੇ ਬਾਜ਼ੀਗਿਰਾਂ ਦੀਆਂ ਸਿਰਕੀਆਂ ਲੱਗੀਆਂ ਹੋਈਆਂ ਸਨ, ਉਹ ਥਾਂ ਪਿੰਡ ਨਾਲੋਂ ਨੀਵਾਂ ਸੀ। ਹੌਲ਼ੀ-ਹੌਲ਼ੀ ਉਥੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਤਾਂ ਓਪਰਾ ਪਾਣੀ ਆ ਕੇ ਉਹਨਾਂ ਦੀਆਂ ਸਿਰਕੀਆਂ ਦੇ ਅੰਦਰ ਹੀ ਆ ਵੜਿਆ। ਮਜ਼ਬੂਰ ਹੋ ਕੇ ਉਹਨਾਂ ਨੇ ਸਿਰਕੀਆਂ ਉੱਥੋਂ ਪੁੱਟ ਲਈਆਂ ਤੇ ਹੋਰ ਸੁੱਕੇ ਥਾਂ ਜਾ ਗੱਡੀਆਂ। ਲੋਕ ਵੀ ਹੁਣ ਉਹਨਾਂ ਉੱਤੇ ਦੰਦ ਪੀਂਹਦੇ ਸਨ। ਕਹਿੰਦੇ ਸਨ, ਜਿੱਦਣ ਦੇ ਬਾਜ਼ੀਗਿਰ ਆਏ ਨੇ, ਲੋਕਾਂ ਦੇ ਚੈੜੇ ਬਹੁਤੇ ਉੱਜੜਦੇ ਨੇ। ਕਿਸੇ ਦੇ ਖੇਤ 'ਚ ਜੇ ਇਹ ਜਾ ਵੜਨ ਤਾਂ ਡਾਲ ਨੀਂ ਰਹਿਣ ਦੇਂਦੇ।’

⁠ਇੱਕ ਦਿਨ ਤੜਕੇ ਸਦੇਹਾਂ ਹੀ ਮੈਂ ਦੇਖਿਆ, ਛਿੱਛ-ਪੱਤ ਨਾਲ ਉਹਨਾਂ ਨੇ ਦੋ ਟਰੱਕ ਭਰੇ ਹੋਏ ਸਨ। ਟਰੱਕਾਂ ਦੇ ਉੱਤੇ ਸਭ ਜਵਾਕ-ਜੱਲੇ ਲੱਦੇ ਹੋਏ ਸਨ, ਬੁੱਢੀਆਂ ਤੇ ਬੁੱਢੇ ਵੀ। ਥੋੜ੍ਹੇ ਚਿਰ ’ਚ ਹੀ ਘੂੰ-ਘੂੰ ਕਰਕੇ ਟਰੱਕ ਚੱਲ ਪਏ। ਇਸ ਪਿੰਡ ਨੂੰ ਛੱਡ ਕੇ ਬਾਜ਼ੀਗਿਰ ਹੋਰ ਕਿਸੇ ਥਾਂ ਜਾ ਰਹੇ ਸਨ।

⁠ਮੈਨੂੰ ਦੂਰੋਂ ਆਉਂਦਾ ਦੇਖ ਕੇ ਇੱਕ ਟੁੰਡੀ ਬਾਂਹ ਟਰੱਕ ਦੇ ਸਿਖਰੋਂ ਉੱਭਰੀ। ਟਰੱਕ ਦੀ ਘਰਰ-ਘਰਰ ਵਿੱਚ ਕੜਛੀ ਦੀ ਆਵਾਜ਼ ਮੇਰੇ ਕੰਨਾਂ ਤੀਕ ਪਹੁੰਚ ਨਾ ਸਕੀ। ‘ਛੀ ਪੱਤਿਆਂ ਵਾਲੀ ਪੋਥੀ’ ਆਵਾਜ਼ ਜਿਹੜੀ ਮੇਰੇ ਦਿਲ ਨੇ ਸੁਣੀ।

⁠ਆਵਾਜ਼, ਜਿਹੜੀ ਲੱਖਾਂ ਟੱਪਰੀਵਾਸ ਮੁੰਡਿਆਂ ਦੀ ਪੁਕਾਰ ਸੀ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.