ਸੁੱਚਾ ਸੂਰਮਾ
(ਬਲਰਾਜ ਸਿੰਘ ਸਿੱਧੂ S.P.)
ਸੁੱਚਾ ਸਿੰਘ ਜਵੰਧਾ ਉਰਫ ਸੁੱਚਾ ਸੂਰਮਾ ਦੀਆਂ ਵਾਰਾਂ ਸਵਰਗੀ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਗਾਈਆਂ ਹਨ। ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਹਨਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ। ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾ ਤਾਂ ਡਾਕੇ ਮਾਰੇ ਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ। ਸੁੱਚੇ ਸੂਰਮੇ ਦਾ ਜਨਮ 1875 ਈ. ਦੇ ਲਾਗੇ ਪਿੰਡ ਸਮਾਉਂ ਦੀ ਮੁਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਧੇ ਦੇ ਘਰ ਹੋਇਆ ਸੀ। ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਜਿਲ੍ਹਾ ਮਾਨਸਾ ਦੇ ਥਾਣਾ ਭੀਖੀ ਅਧੀਨ ਆਉਂਦਾ ਹੈ। ਸੁੱਚਾ ਆਪਣੇ ਭਰਾ ਨਰਾਇਣ ਸਿੰਘ (ਨਰੈਣਾ) ਤੋਂ 2-3 ਸਾਲ ਛੋਟਾ ਸੀ। ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਘੁੱਕਰ ਸਿੰਘ ਚੈਹਿਲ (ਘੁੱਕਰ ਮੱਲ) ਨਾਲ ਗੂੜ੍ਹੀ ਯਾਰੀ ਸੀ। ਲਿਖਾਈ ਪੜ੍ਹਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਭਲਵਾਨੀ ਦੇ ਦਾਅ ਪੇਚ ਸਿੱਖਦੇ ਸਨ। ਨਰੈਣੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਬੀਰ ਕੌਰ (ਬੀਰੋ) ਨੂੰ ਕਰੇਵਾ ਕਰ ਕੇ ਲੈ ਆਇਆ। ਬੀਰੋ ਮਾੜੇ ਚਰਿੱਤਰ ਦੀ ਸੀ ਤੇ ਨਰੈਣਾ ਜ਼ਿਨਸੀ ਤੌਰ ‘ਤੇ ਕਮਜ਼ੋਰ ਸੀ। ਘਰ ਆਉਣ ਜਾਣ ਹੋਣ ਕਰਕੇ ਘੁੱਕਰ ਦਾ ਬੀਰੋ ਨਾਲ ਯਾਰਾਨਾ ਪੈ ਗਿਆ। ਪਰ ਘੁੱਕਰ ਮੱਲ ਸੁੱਚੇ ਤੋਂ ਕੰਨ ਭੰਨਦਾ ਸੀ।
ਘੁੱਕਰ ਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ। ਦੋਵੇਂ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ। ਘੁੱਕਰ ਤਾਂ ਕਿਸੇ ਬਹਾਨੇ ਨਾਵਾਂ ਕਟਵਾ ਕੇ ਘਰ ਆ ਗਿਆ ਪਰ ਸੁੱਚਾ ਰੰਗਰੂਟੀ ਕਰ ਕੇ ਬਰਮਾ ਪਹੁੰਚ ਗਿਆ। ਘੁੱਕਰ ਪਿੰਡ ਆ ਕੇ ਬੀਰੋ ਨੂੰ ਸ਼ਰੇਆਮ ਮਿਲਣ ਲੱਗ ਪਿਆ। ਵਰਨਣਯੋਗ ਹੈ ਕਿ ਉਸ ਵੇਲੇ ਘੁੱਕਰ ਵਿਆਹਿਆ ਵਰ੍ਹਿਆ ਤੇ ਬਾਲ ਬੱਚੇ ਵਾਲਾ ਸੀ। ਬੀਰੋ ਤੇ ਘੁੱਕਰ ਵਿੱਚ ਸੁਨੇਹਾ ਪੱਤਾ ਦੇਣ ਦਾ ਕੰਮ ਭਾਗ ਸਿੰਘ (ਭਾਗ ਵਿਚੋਲਾ) ਕਰਦਾ ਸੀ। ਭਾਗ ਇਸ ਲਈ ਜਿਆਦਾ ਨਫਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੱਲੇ ਅਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਹੈ। ਬੀਰੋ ਪਹਿਲਾਂ ਹੀ ਨਰੈਣੇ ਨੂੰ ਟਿੱਚ ਸਮਝਦੀ ਸੀ, ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਤਾਂ ਉਸ ਦੀਆਂ ਵਾਗਾਂ ਈ ਖੁਲ੍ਹ ਗਈਆਂ। ਨਰੈਣਾ ਖੁਦ ਨਿਕੰਮਾ ਅਤੇ ਡਰਪੋਕ ਕਿਸਮ ਦਾ ਆਦਮੀ ਸੀ। ਉਸ ਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ।
ਬੀਰੋ ਵੱਲੋਂ ਖਾਨਦਾਨ ਦਾ ਮੂੰਹਾ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ। ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ, ਉਦੋਂ ਕਿੱਥੋਂ ਮਿਲਣੀ ਸੀ? ਭਾਣਾ ਰੱਬ ਦਾ! ਛਾਉਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ। ਸੁੱਚਾ ਆਪਣੀ ਜਾਨ ‘ਤੇ ਖੇਡ ਕੇ ਬੱਚਿਆਂ ਨੂੰ ਬਚਾ ਲਿਆਇਆ। ਅਫਸਰ ਬਹੁਤ ਖੁਸ਼ ਹੋਇਆ, ਇਨਾਮ ਬਾਰੇ ਪੁੱਛਣ ‘ਤੇ ਸੁੱਚੇ ਨੇ ਬਾਰਾਂ ਬੋਰ ਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ। ਸੁੱਚੇ ਨੇ ਪਿੰਡ ਆ ਕੇ ਬੀਰੋ ਦੀ ਬੁਰੀ ਤਰਾਂ ਮਾਰ ਕੁਟਾਈ ਕੀਤੀ ਤੇ ਮੋਹਤਬਰਾਂ ਰਾਹੀਂ ਘੁੱਕਰ ਨੂੰ ਵੀ ਧਮਕਾਇਆ। ਕੁਝ ਚਿਰ ਸ਼ਾਂਤੀ ਛਾਈ ਰਹੀ, ਪਰ ਇਸ਼ਕ ਅੰਨ੍ਹਾ ਹੁੰਦਾ ਹੈ। ਕੁਝ ਬੀਰੋ ਤੇ ਘੁੱਕਰ ਦੇ ਦੁਬਾਰਾ ਲੁਕ ਛਿਪ ਕੇ ਮਿਲਣ ਕਾਰਨ ਤੇ ਕੁਝ ਸ਼ਰੀਕਾਂ ਦੇ ਮਿਹਣੇ-ਮਖੌਲਾਂ ਕਾਰਨ ਕਹਾਣੀ ਵਿਗੜ ਗਈ। ਪਿੰਡ ਵਿੱਚ ਸੇਰੋਂ ਵਾਲੇ ਮੁਨਸ਼ੀ ਗਵੱਈਏ ਦਾ ਅਖਾੜਾ ਲੱਗਾ ਹੋਇਆ ਸੀ। ਉਥੇ ਹੀ ਸੁੱਚੇ ਤੇ ਘੁੱਕਰ ਦਰਮਿਆਨ ਝਗੜਾ ਹੋ ਗਿਆ। ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ। ਗਵੱਈਆਂ ਨੇ ਉਸੇ ਦਿਨ ਘੁੱਕਰ ਦਾ ਕਤਲ ਹੁੰਦਾ ਦਰਸਾਇਆ ਹੈ। ਪਰ ਅਸਲ ਵਿੱਚ ਸੁੱਚੇ ਨੇ ਘੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ। ਸੁੱਚਾ ਸੱਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਘੁੱਕਰ ਨੂੰ ਮਾਰਿਆ ਸੀ। ਘੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋ ਰਸਤੇ ਵਿੱਚ ਹੀ ਟੱਕਰ ਗਈ। ਉਹ ਭੱਜ ਕੇ ਗੁਆਂਢੀਆਂ ਦੇ ਘਰ ਵੜ ਗਈ ਪਰ ਪੌੜੀਆਂ ਚੜ੍ਹਦੀ ਸੁੱਚੇ ਹੱਥੋਂ ਮਾਰੀ ਗਈ। ਬੀਰੋ ਦੀ ਲਾਸ਼ ਨੂੰ ਧੂਹ ਕੇ ਸੁੱਚੇ ਨੇ ਸੱਥ ਵਿੱਚ ਲਿਆ ਕੇ ਘੁੱਕਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਘੁੱਕਰ ਦੇ ਤੇੜੋਂ ਚਾਦਰਾ ਲਾਹ ਕੇ ਦੋਵਾਂ ਨੂੰ ਢੱਕ ਦਿੱਤਾ। ਪਿੰਡੋਂ ਭੱਜਣ ਵੇਲੇ ਸੁੱਚਾ ਵਰਿਆਮ ਸਿੰਘ ਦਾ ਊਠ ਖੋਹਲ ਕੇ ਸਵਾਰ ਹੋ ਕੇ ਚੱਲ ਪਿਆ। ਕੁਦਰਤੀ ਉਸ ਨੂੰ ਰਸਤੇ ਵਿੱਚ ਆਉਂਦਾ ਭਾਗ ਵਿਚੋਲਾ ਵੀ ਟੱਕਰ ਗਿਆ। ਸੁੱਚੇ ਦੀ ਗੋਲੀ ਭਾਗ ਦੇ ਨਾ ਲੱਗੀ, ਉਹ ਮਰਿਆਂ ਵਾਂਗ ਗੁੱਛੀ ਮਾਰ ਕੇ ਪਿਆ ਰਿਹਾ। ਊਠ ‘ਤੇ ਸੁੱਚੇ ਨੇ ਉਸ ਦੁਆਲੇ ਦੋ ਗੇੜੇ ਕੱਢੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ। ਭਾਗ ਦੇ ਬਚ ਜਾਣ ਬਾਰੇ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਹਲ ਦਿੱਤੇ। ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬੰਨ੍ਹਣ ਲੱਗੇ ਤਾਂ ਭਾਗ ਨੇ ਕੋਠੇ ਉੱਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ। ਸੁੱਚੇ ਨੇ ਅਵਾਜ਼ ਪਹਿਚਾਣ ਕੇ ਫਾਇਰ ਕਰ ਦਿੱਤਾ। ਦੋ ਕੁ ਛਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ। ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ।
ਬੀਗੜ ਵਿੱਚ ਰਹਿੰਦੇ ਸਮੇ ਹੀ ਸੁੱਚੇ ਨੇ ਸੱਤ ਬੁੱਚੜ ਮਾਰ ਕੇ ਗਊਆਂ ਛੁੱਡਵਾਈਆਂ ਸਨ। ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਬਈ। ਸੂਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਬੁੱਚੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ। ਇੱਥੋਂ ਭੱਜ ਕੇ ਸੁੱਚਾ ਲਹਿਰਾਗਾਗਾ (ਸੰਗਰੂਰ) ਦੇ ਨਜ਼ਦੀਕੀ ਪਿੰਡ ਸੰਗਤੀਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ। ਪਰ ਉਹ ਦੋਸਤ ਗੱਦਾਰ ਨਿਕਲਿਆ, ਉਸ ਨੇ ਧੋਖੇ ਨਾਲ ਸੁੱਚੇ ਨੂੰ ਛਾਜਲੀ ਪਿੰਡ ਦੇ ਜ਼ੈਲਦਾਰ ਮਿਸ਼ਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ। ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ। ਜਿਸ ਕਾਰਨ ਡਰ ਕੇ ਉਸ ਨੇ ਸੁੱਚੇ ਨੂੰ ਬਰੀ ਕਰ ਦਿੱਤਾ। ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮ ਦਿਲ ਰਾਜਾ ਸੀ। ਉਹ ਸੁੱਚੇ ਵੱਲੋਂ ਗਊਆਂ ਛੁੱਡਵਾਉਣ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ। ਬਰੀ ਹੋ ਕੇ ਸੁੱਚਾ ਸਮਾਉਂ ਆ ਗਿਆ ਤੇ ਅਰਾਮ ਨਾਲ ਵੱਸਣ ਲੱਗਾ।
ਪਰ ਸੁੱਚੇ ਦੇ ਕਰਮਾਂ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣਾ ਨਹੀਂ ਸੀ ਲਿਖਿਆ। ਉਸ ਦੇ ਨਾਨਕੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜ ਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ। ਰਾਜ ਕੌਰ ਪਿੰਡ ਤੁੰਗਵਾਲੀ, ਬਠਿੰਡਾ ਦੇ ਚੰਦਾ ਸਿੰਘ ਦੀ ਧੀ ਸੀ। ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜੇ ਮੁਸ਼ਕਲ ਭਰੇ ਵਕਤ ਵਿੱਚੋਂ ਗੁਜ਼ਰਿਆ ਹਾਂ। ਪਰ ਸੰਤ ਸਿੰਘ ਖਹਿੜੇ ਹੀ ਪੈ ਗਿਆ। ਉਸ ਨੇ ਸੁੱਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿੱਚ ਏਨਾ ਨਾਮ ਹੈ ਕਿ ਦਬਕੇ ਨਾਲ ਹੀ ਰਾਜ ਕੌਰ ਤੇ ਗੱਜਣ ਸੁਧਰ ਜਾਣਗੇ। ਸੁੱਚਾ ਮਜਬੂਰ ਹੋ ਗਿਆ ਤੇ ਜਾ ਕੇ ਗੱਜਣ ਤੇ ਰਾਜ ਕੌਰ ਨੂੰ ਦਬਕਾ ਮਾਰ ਆਇਆ। ਸੁੱਚੇ ਤੋਂ ਡਰ ਕੇ ਕੁਝ ਚਿਰ ਤਾਂ ਉਹ ਦੋਵੇਂ ਟਿਕੇ ਰਹੇ, ਪਰ ਜਲਦੀ ਹੀ ਪੁਰਾਣੇ ਚਾਲਿਆਂ ਤੇ ਆ ਗਏ। ਸੰਤ ਸਿੰਘ ਕੋਲੋਂ ਪਤਾ ਲੱਗਣ ਤੇ ਸੁੱਚੇ ਨੇ ਗੱਜਣ ਤੇ ਰਾਜ ਕੌਰ ਨੂੰ ਸਰ੍ਹੋਂ ਵੱਢਦਿਆਂ ਖੇਤਾਂ ਵਿੱਚ ਜਾ ਘੇਰਿਆ। ਉਹਨਾਂ ਨੇ ਊਠ ‘ਤੇ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸੁੱਚੇ ਨੇ ਗੋਲੀਆਂ ਮਾਰ ਕੇ ਗੱਜਣ ਤੇ ਰਾਜ ਕੌਰ ਨੂੰ ਮਾਰ ਮੁਕਾਇਆ। ਇਥੋਂ ਭੱਜ ਕੇ ਸੁੱਚਾ ਹਰਿਆਣੇ ਦੇ ਸ਼ਹਿਰ ਫਤਿਆਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ। ਪੁਲਿਸ ਦਾ ਜਿਆਦਾ ਦਬਾਅ ਪੈਣ ਕਰ ਕੇ ਹਿਮਾਚਲ ਦੇ ਪਿੰਡ ਨਹੈਣ (ਬੜੂ ਸਾਹਿਬ ਨਜ਼ਦੀਕ) ਚਲਾ ਗਿਆ। ਉਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ।
ਸੁੱਚੇ ਦੇ ਖਿਲਾਫ ਗੱਜਣ ਤੇ ਰਾਜ ਕੌਰ ਨੂੰ ਮਾਰਨ ਦਾ ਕੇਸ ਚੱਲਿਆ। ਮੌਕੇ ਦੇ ਗਵਾਹ ਗੱਜਣ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਨਰੈਣੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲ ਸਕੀ। ਸੁੱਚੇ ਨੂੰ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰ ਕੇ 1907-08 ਵਿੱਚ ਜੰਡ ਦੇ ਦਰਖਤ ਨਾਲ ਫਾਂਸੀ ‘ਤੇ ਲਟਕਾਇਆ ਗਿਆ। ਫਾਂਸੀ ਵੇਖਣ ਲਈ ਪਿੰਡ ਸਮਾਉਂ ਤੋਂ ਸੁੱਚੇ ਦੇ ਭਰਾ ਨਰਾਇਣ ਸਿੰਘ ਸਮੇਤ ਕਈ ਲੋਕ ਗਏ ਸਨ। ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇਥੋਂ ਵੀ ਛੁਡਵਾ ਕੇ ਲੈ ਜਾਣਾ ਸੀ। ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ। ਸੁੱਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ 1960 ਅਤੇ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ। ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹੁੰਦੇ ਸਨ। ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਉਂ ਵੱਸਦੀ ਹੈ। ਘੁੱਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਸੀ। ਕੁਝ ਪੁਲਿਸ ਦੇ ਡਰੋਂ ਤੇ ਕੁਝ ਪਿਉ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ। ਨਰੈਣਾ ਤੇ ਸੁੱਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ। ਉਸ ਦੀ ਇੱਕ ਭੈਣ ਪਿੰਡ ਚੀਮੇ, ਨਜ਼ਦੀਕ ਸੁਨਾਮ {ਸੰਗਰੂਰ} ਵਿਆਹੀ ਹੋਈ ਸੀ। ਸੁੱਚੇ ਹੁਣਾਂ ਦੀ 60-65 ਕਿੱਲੇ ਜ਼ਮੀਨ ਉਸ ਦੀ ਔਲਾਦ ਦੇ ਨਾਮ ਚੜ੍ਹ ਗਈ ਸੀ। ਸੰਤ ਸਿੰਘ, ਜਿਸ ਦੇ ਕਹਿਣ ‘ਤੇ ਸੁੱਚੇ ਨੇ ਰਾਜ ਕੌਰ ਤੇ ਗੱਜਣ ਵੈਲੀ ਕਤਲ ਕੀਤੇ ਸਨ, ਨੇ ਸੁੱਚੇ ਸੂਰਮੇ ਦੀ ਸਮਾਧ ਪਿੰਡ ਸਮਾਉਂ ਵਿੱਚ ਤਿਆਰ ਕਰਵਾਈ ਜੋ ਅੱਜ ਵੀ ਮੌਜੂਦ ਹੈ।