A Literary Voyage Through Time

ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ਼ ਹੁੰਦੇ ਵਪਾਰ ਦਾ ਕੇਂਦਰ ਸੀ। ਉਨ੍ਹਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਾਜ਼ਾਰ 'ਚੋਂ ਉੱਠ ਕੇ ਫਿਜ਼ਾ 'ਚ ਘੁਲ-ਮਿਲ ਜਾਂਦੀ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵੱਸਿਆ ਤੇ ਬੁੱਢੇ ਪਿੱਪਲਾਂ, ਅੰਬਾਂ ਤੇ ਜਾਮਣਾਂ 'ਚ ਅੱਧਲੁਕਿਆ ਇਹ ਪਿੰਡ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਨੇ ਬੰਨ੍ਹਿਆਂ ਸੀ।
ਜ਼ਮੀਨਾਂ ਦੇ ਮਾਲਕ ਰਾਜਪੂਤ ਪਰ੍ਹਿਆਂ ਤੇ ਹਵੇਲੀਆਂ 'ਚ ਬੈਠੇ ਹੁੱਕੇ ਗੁੜਗੁੜਾਂਦੇ, ਗੱਲਾਂ 'ਚ ਮਸਤ ਰਹਿੰਦੇ। ਜ਼ਮੀਨਾਂ ਹਿੰਦੂ ਸੈਣੀਆਂ ਤੇ ਸਿੱਖ ਲੁਬਾਣਿਆਂ ਨੂੰ ਪਟੇ 'ਤੇ ਦੇ ਦਿੰਦੇ। ਮੁਜ਼ਾਰੇ ਹੋਰਨਾਂ ਫਸਲਾਂ ਨਾਲ਼ ਮਾਲਕਾਂ ਜੋਗਾ ਤੰਬਾਕੂ ਵੀ ਬੀਜ ਲੈਂਦੇ।
ਏਸ ਪਿੰਡ ਦਾ ਸਭ ਨਾਲ਼ੋਂ ਮੋਹਤਬਾਰ ਬੰਦਾ ਸੀ-ਮੀਆਂ ਮੁਹੰਮਦ ਬਖਸ਼। ਲੋਕ ਉਸਨੂੰ ਇੱਜ਼ਤ ਨਾਲ਼ 'ਮੀਆਂ ਜੀ' ਆਖ ਬੁਲਾਂਦੇ ਸਨ। ਕੁੱਲੇ ਵਾਲ਼ੀ ਪੱਗ, ਸਲਵਾਰ-ਕਮੀਜ਼ ਤੇ ਤਿੱਲੇਦਾਰ ਜੁੱਤੀ ਪਾਈ, ਉਹ ਜਿਧਰੋਂ ਵੀ ਗੁਜ਼ਰਦਾ, ਲੋਕ ਉੱਠ ਖੜੇ ਹੁੰਦੇ। ਉਹ ਅਕਸਰ ਮੋਢੇ 'ਤੇ ਬੰਦੂਕ ਲਮਕਾਈ ਘੋੜੀ 'ਤੇ ਸਵਾਰ ਹੋਇਆ ਦਿਖਾਈ ਦਿੰਦਾ। ਹਰ ਕੋਈ ਝੁਕ ਕੇ ਸਲਾਮ ਕਰਦਾ ਤੇ ਉਹ ਅੱਧ-ਪਚੱਧਾ ਜਵਾਬ ਦੇ ਕੇ ਅਗਾਂਹ ਲੰਘ ਜਾਂਦਾ। ਉਸ ਦੀ ਘੋੜੀ ਦੀ ਚਾਲ ਰਤਾ ਹੋਰ ਤਿਖੇਰੀ ਹੋ ਜਾਂਦੀ ਤੇ ਉਸਦੀ ਧੌਣ ਵੀ ਥੋੜ੍ਹਾ ਹੋਰ ਆਕੜ ਜਾਂਦੀ। ਉਹ ਪਿੰਡ ਦਾ ਚੌਧਰੀ ਸੀ। ਸਭ ਨਾਲ਼ੋਂ ਵੱਡੀ ਹਵੇਲੀ ਉਸ ਦੀ ਸੀ; ਅੱਧੇ ਕਿੱਲੇ ਦੇ ਵਗਲ਼ 'ਚ ਖੜੀ ਸ਼ਾਨਦਾਰ ਤੇ ਤਿਮੰਜ਼ਲੀ। ਸਭ ਨਾਲ਼ੋਂ ਵੱਧ ਜ਼ਮੀਨ ਉਸ ਕੋਲ਼ ਸੀ; ਅੱਸੀ ਕਿੱਲੇ ਇੱਕ-ਟੱਕ। ਪੰਜਾਂ ਖੂਹਾਂ ਦਾ ਮਾਲਕ ਸੀ ਉਹ। ਚਾਰ ਖੂਹ ਖੇਤਾਂ 'ਚ ਤੇ ਪੰਜਵਾਂ ਘਰ। ਏਸ ਖੂਹ ਦੀ ਮੌਣ ਨੂੰ ਹਵੇਲੀ ਦੀ ਲਹਿੰਦੀ ਗੁੱਠ ਵਾਲ਼ੀ ਕੰਧ ਦੋ ਹਿੱਸਿਆਂ 'ਚ ਵੰਡਦੀ ਸੀ। ਅੱਧੀ ਮੌਣ ਵਿਹੜੇ ਵਲ ਸੀ ਤੇ ਅੱਧੀ ਗਲ਼ੀ ਵਲ। ਇੱਥੋਂ ਤਕਰੀਬਨ ਸਾਰਾ ਪਿੰਡ ਪਾਣੀ ਭਰਦਾ ਸੀ।
ਮੀਏਂ ਦੀ ਬੇਗਮ ਤੇ ਧੀ ਨਫੀਸਾਂ ਜੇ ਕਦੇ ਘਰੋਂ ਬਾਹਰ ਆਉਂਦੀਆਂ ਤਾਂ ਬੁਰਕੇ ਪਾ ਕੇ। ਨਫੀਸਾਂ ਦੀਆਂ ਸਹੇਲੀਆਂ ਵੀ ਬਹੁਤ ਘੱਟ ਸਨ। ਹਵੇਲੀ ਦਾ ਦਰ ਟੱਪਣ ਦੀ ਇਜ਼ਾਜਤ ਗਿਣੇਚੁਣੇ ਬੰਦਿਆਂ ਨੂੰ ਹੀ ਸੀ।
ਰੋਜ਼ ਸਵੇਰੇ ਮਿੱਥੇ ਸਮੇਂ 'ਤੇ ਹਕੀਮਾਂ ਦਾ ਫਜ਼ਲਾਂ ਮੀਏਂ ਦੀ ਦਾੜ੍ਹੀ ਦੀ ਹਜ਼ਾਮਤ ਕਰਨ ਜਾਇਆ ਕਰਦਾ ਸੀ। ਇਕ ਦਿਨ ਉਸਨੇ ਅਚਾਨਕ ਸਿਰ ਉਠਾਇਆ ਤਾਂ ਇਕ ਖੂਬਸੂਰਤ ਚਿਹਰਾ ਉਸ ਵਲ ਵੇਖ ਕੇ ਮੁਸਕਾ ਰਿਹਾ ਸੀ। ਨਫੀਸਾਂ ਦੀਆਂ ਅੱਖਾਂ 'ਚ ਪਿਆਰ ਜਿਹਾ ਕੁਝ ਸੀ। ਉਂਝ ਇਹ ਚਰਚਾ ਆਮ ਸੀ ਕਿ ਮੀਏਂ ਦੀ ਧੀ ਬਹੁਤ ਸੋਹਣੀ ਏ। ਏਸ ਗੱਲ ਦਾ ਚਸ਼ਮੇਦੀਦ ਗਵਾਹ ਸਿਰਫ ਫਜ਼ਲਾ ਹੀ ਬਣਿਆ ਸੀ। ਉਸਨੇ ਇਹ ਗੱਲ ਬੜੇ ਹੀ ਚਾਅ ਨਾਲ਼ ਕਰਮੂ ਸੈਣੀ ਨੂੰ ਸੁਣਾ ਦਿੱਤੀ ਸੀ।
"ਕਰਮੂਆਂ ਓਹ ਤਾਂ ਪੋਸਤ ਦੇ ਫੁੱਲਾਂ ਨੂੰ ਵੀ ਮਾਤ ਪਾਉਂਦੀ ਆ।"
ਕਰਮੂ ਤੋਂ ਤੁਰੀ ਇਹ ਗੱਲ, ਹੋਠਾਂ ਦਾ ਸਫਰ ਤੈਅ ਕਰਦੀ ਜਦੋਂ ਤਰਕਾਲਾਂ ਵੇਲੇ ਮੁੜ ਮੀਏਂ ਦੀ ਹਵੇਲੀ ਦਾ ਦਰ ਲੰਘੀ ਤਾਂ ਹਵੇਲੀ 'ਚ ਜਿਉਂ ਭੂਚਾਲ ਆ ਗਿਆ। ਮੀਏਂ ਨੂੰ ਹਰ ਸ਼ੈਅ ਕੰਬਦੀ ਹੋਈ ਵਿਖਾਈ ਦੇਣ ਲੱਗੀ। ਅਸਲਮ ਮੋਚੀ ਨੂੰ ਕਰਮਦੀਨ ਦੇ ਘਰ ਵਲ ਦੁੜਾਇਆ ਗਿਆ। ਕਰਮਦੀਨ ਫਜ਼ਲੇ ਦਾ ਬਾਪ ਸੀ। ਉਨ੍ਹਾਂ ਦੀ ਬਾਜ਼ਾਰ 'ਚ ਹਿਕਮਤ ਤੇ ਹਜ਼ਾਮਤ ਦੀ ਦੁਕਾਨ ਸੀ। ਦੁਕਾਨ ਦੇ ਪਿਛਵਾੜੇ ਘਰ ਸੀ। ਪੁੱਤ ਦੁਕਾਨ ਵਾਲਾ ਕੰਮ ਸੰਭਾਲਦਾ ਤੇ ਬਾਪ ਆਲ਼ੇ-ਦੁਆਲੇ ਦੇ ਪਿੰਡਾਂ 'ਚ ਘੁੰਮ-ਫਿਰ ਕੇ ਦਵਾ-ਦਾਰੂ ਤੇ ਹਜ਼ਾਮਤਾਂ ਕਰਦਾ। ਕਈ ਪੀੜੀਆਂ ਤੋਂ ਇਹ ਪਰਿਵਾਰ ਓਸ ਮਲ੍ਹਮ ਕਾਰਨ ਬਹੁਤ ਮਸ਼ਹੂਰ ਸੀ ਜੋ ਡੂੰਘੇ ਤੋਂ ਡੂੰਘੇ, ਪੁਰਾਣੇ ਤੋਂ ਪੁਰਾਣੇ ਤੇ ਵਿਗੜੇ ਤੋਂ ਵਿਗੜੇ ਜ਼ਖਮ ਨੂੰ ਦਿਨਾਂ 'ਚ ਭਰ ਦਿੰਦੀ ਸੀ। ਕਰਮਦੀਨ ਨੇਕ ਦਿਲ ਇਨਸਾਨ ਸੀ। ਪਿੰਡ ਤੇ ਇਲਾਕੇ 'ਚ ਉਸਦੀ ਪੂਰੀ ਇੱਜ਼ਤ ਸੀ ਪਰ ਉਸ ਦਿਨ ਮੀਏਂ ਦੇ ਘਰ ਵਲ ਜਾਂਦਿਆਂ, ਉਸ ਨੂੰ ਮਹਿਸੂਸ ਹੋਇਆ ਜਿਉਂ ਹਰੇਕ ਕਦਮ ਦੇ ਨਾਲ਼ ਉਸਦੀ ਪੱਗ 'ਤੇ ਬਦਇਖਲਾਕੀ ਦੇ ਦਾਗ ਵਧਦੇ ਜਾ ਰਹੇ ਹੋਣ। ਫਜ਼ਲਾ ਥੱਕੇਟੁੱਟੇ ਕਦਮਾਂ ਤੇ ਡਰਦੇ ਦਿਲ ਦੇ ਨਾਲ਼ ਅੱਬਾ ਦੇ ਪਿੱਛੇ-ਪਿੱਛੇ ਤੁਰ ਰਿਹਾ ਸੀ। ਥੱਪੜਾਂ ਦੀ ਆਵਾਜ਼ ਪੂਰੀ ਹਵੇਲੀ 'ਚ ਗੂੰਜੀ ਸੀ। ਫਜ਼ਲੇ ਨੂੰ ਲੱਗਿਆ ਸੀ ਕਿ ਨਫੀਸਾਂ ਖਿੜਕੀ 'ਚ ਖੜੀ ਸਾਰਾ ਤਮਾਸ਼ਾ ਵੇਖ ਰਹੀ ਏ ਤੇ ਖੂਹ ਨੇ ਵੀ ਇਸ ਹੱਤਕ ਦੇ ਹੱਸ-ਹੱਸ ਕੇ ਹੁੰਗਾਰੇ ਭਰੇ ਨੇ।
ਇਸ ਘਟਨਾ ਤੋਂ ਬਾਅਦ ਹਕੀਮਾਂ ਦੇ ਪਰਿਵਾਰ ਲਈ ਹਵੇਲੀ ਦੇ ਦਰਵਾਜ਼ੇ ਬੰਦ ਹੋ ਗਏ ਸਨ। ਫਜ਼ਲਾ ਨਮੋਸ਼ੀ 'ਚ ਡੁੱਬਿਆ ਗੁੰਮ-ਸੁੰਮ ਜਿਹਾ ਰਹਿਣ ਲੱਗ ਪਿਆ ਸੀ।
ਕੋਈ ਛੇ ਕੁ ਮਹੀਨਿਆਂ ਦੇ ਬਾਅਦ, ਇਹ ਨਮੋਸ਼ੀ ਇਕ ਮਾਣ ਜਿਹੇ 'ਚ ਬਦਲ ਗਈ ਸੀ। ਮੀਏਂ ਦੇ ਪੈਰ ਦਾ ਜ਼ਖਮ ਵਿਗੜ ਗਿਆ ਸੀ। ਪਹਿਲਾਂ ਤਾਂ ਉਹ ਸ਼ਹਿਰ ਦੇ ਇਕ ਮੰਨੇਪ੍ਰਮੰਨੇ ਹਕੀਮ ਤੋਂ ਇਲਾਜ ਕਰਵਾਉਂਦਾ ਰਿਹਾ ਸੀ। ਜਦੋਂ ਪੈਰ ਗਲ਼ਣ ਲੱਗਾ ਤਾਂ ਉਸਨੂੰ ਕਰਮਦੀਨ ਦੀ ਯਾਦ ਆਈ।
ਸੱਦਣ ਆਏ ਮੀਏਂ ਦੇ ਨੌਕਰ ਨੂੰ ਹਿਰਖ ਜਿਹੇ 'ਚ ਮੋੜ ਕੇ ਫਜ਼ਲਾ ਬਹੁਤ ਖੁਸ਼ ਸੀ। ਉਸਨੂੰ ਲੱਗਿਆ ਸੀ ਜਿਉਂ ਮੀਏਂ ਦੀ ਤਿਮੰਜ਼ਲੀ ਹਵੇਲੀ, ਮਲ੍ਹਮ ਦੀ ਇਕ ਨਿੱਕੀ ਜਿਹੀ ਡੱਬੀ 'ਚ ਸਿਮਟ ਜਾਣ ਦੇ ਲਈ ਤਰਸ ਰਹੀ ਹੋਵੇ। ਉਹ ਸ਼ਾਮ ਤੱਕ ਆਨੇ-ਬਹਾਨੇ ਸਭ ਨੂੰ ਇਹ ਵਾਕਿਆ ਸੁਣਾਉਂਦਾ ਰਿਹਾ ਸੀ। ਦਿਨ ਢਲੇ ਉਸਦਾ ਅੱਬਾ ਘਰ ਪਰਤਿਆ ਤਾਂ ਵਿਲ਼ਕ ਉੱਠਿਆ।
"ਤੂੰ ਤਾਂ ਕਈ ਪੀੜੀਆਂ ਦੀ ਕਮਾਈ ਖੂਹ 'ਚ ਪਾ ਦਿੱਤੀ। ਫਜ਼ਲਿਆ ਏਸ ਮਲ੍ਹਮ ਨੂੰ ਲੈ ਕੇ ਕਦੇ ਵੀ ਹੰਕਾਰੀਂ ਨਾ, ਨਹੀਂ ਤਾਂ ਸਾਡੇ ਹੱਥਾਂ 'ਚੋਂ ਸ਼ਫਾ ਤੁਰ ਜਾਏਗੀ। ਵੈਰੀ ਜਾਂ ਸੱਜਣ ਨਾ ਵੇਖੀਂ, ਬਸ ਜ਼ਖਮ ਵੇਖੀਂ ਪੁੱਤਰਾ।"
ਉਹ ਬਿਨਾ ਕੁਝ ਖਾਧੇ-ਪੀਤੇ ਹਿਕਮਤ ਵਾਲਾ ਝੋਲ਼ਾ ਚੁੱਕ ਕੇ ਤੇਜ਼-ਤੇਜ਼ ਕਦਮਾਂ ਨਾਲ਼ ਮੀਏਂ ਦੀ ਹਵੇਲੀ ਵਲ ਤੁਰ ਪਿਆ ਸੀ। ਦੋ ਟੁੱਟੇ ਹੋਏ ਅਸਾਵੇਂ ਪਰਿਵਾਰਾਂ ਦਰਮਿਆਨ ਮਲ੍ਹਮ ਦੀ ਡੱਬੀ ਇਕ ਪੁਲ਼ ਬਣ ਗਈ ਸੀ।
+++
ਮੇਲਿਆਂ, ਤਿਉਹਾਰਾਂ ਤੇ ਗੁਰਪੁਰਬਾਂ ਨੂੰ ਮਾਣਦਾ ਇਹ ਪਿੰਡ, ਹੌਲ਼ੀ-ਹੌਲ਼ੀ ਤੁਰਦਾ ਜਾ ਰਿਹਾ ਸੀ, ਸ਼ਮਸ਼ੂ ਤੇਲੀ ਦੇ ਬਲ਼ਦ ਵਾਂਗ। ਪਰ ਖੁਸ਼ੀਆਂ ਤੇ ਸਾਂਝਾਂ ਭਰੀਆਂ ਰੌਣਕਾਂ ਦਾ ਇਹ ਕਾਫਲਾ ਇਕ ਖਬਰ ਨੇ ਡੱਕ ਲਿਆ ਸੀ, ਦੇਸ਼ ਦੀ ਵੰਡ ਦੀ ਖ਼ਬਰ ਨੇ। ਡਰ ਤੇ ਅਨਿਸ਼ਚਿਤਤਾ ਨੇ ਪਿੰਡ ਦੀਆਂ ਸਰਗਰਮੀਆਂ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ ਸੀ। ਪਰ੍ਹਿਆਂ, ਖੇਤਾਂ, ਗਲ਼ੀਆਂ, ਧਰਮ-ਸਥਾਨਾਂ ਤੇ ਹੱਟੀਆਂ-ਭੱਠੀਆਂ 'ਚੋਂ ਖਿਸਕ-ਖਿਸਕ ਕੇ ਜ਼ਿੰਦਗੀ ਘਰਾਂ ਦੀਆਂ ਕੰਧਾਂ ਅੰਦਰ ਸਿਮਟਦੀ ਗਈ। ਮੀਏਂ ਦੇ ਘਰ ਬੋਲਦੇ ਰੇਡੀਓ ਦੀਆਂ ਗੱਲਾਂ ਦੀ ਪੁਸ਼ਟੀ ਇਲਾਕੇ 'ਚ ਵਾਪਰੀਆਂ ਘਟਨਾਵਾਂ ਦੀਆਂ ਖ਼ਬਰਾਂ ਤੇ ਅਫਵਾਹਾਂ ਨੇ ਕਰ ਦਿੱਤੀ ਸੀ। ਪਿੰਡ-ਵਾਸੀਆਂ ਦੇ ਦਿਲਾਂ ਵਿਚਕਾਰ ਇਕ ਅਸ਼ਪਸਟ ਜਿਹੀ ਲਕੀਰ ਖਿੱਚੀ ਗਈ।
ਦਿਨ-ਬ-ਦਿਨ ਇਹ ਲਕੀਰ ਗੂੜ੍ਹੀ ਤੇ ਸ਼ਪਸਟ ਹੁੰਦੀ ਗਈ। ਲੁਹਾਰਾਂ ਦਾ ਸੱਤਾ, ਪਿਉ ਵਾਂਗ ਛਵੀਆਂ ਤੇ ਦਾਤਰ ਬਣਾਉਣ 'ਚ ਮਸ਼ਹੂਰ ਸੀ। ਉਸਨੂੰ ਨੇੜਲੇ ਪਿੰਡ ਲਹਿਲੀ ਖੁਰਦ ਦੇ ਜੱਟ ਸੱਦ ਕੇ ਲੈ ਗਏ। ਉਹ ਕਈ ਦਿਨ ਘਰ ਨਾ ਮੁੜਿਆ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਲਾਉਣ ਲੱਗੇ। ਮੁਸਲਮਾਨਾਂ ਦੇ ਮਨਾਂ 'ਚ ਉਪਜੀ ਸ਼ੱਕ ਜ਼ਰਬ ਖਾ ਗਈ। ਸੱਤਾ ਪੰਜਵੇਂ ਦਿਨ ਨੰਗੇ ਸਿਰ ਤੇ ਨੰਗੇ ਪੈਰ ਪਿੰਡ ਪਰਤਿਆ ਤਾਂ ਪੀੜ ਨਾਲ਼ ਕਰਾਹ ਰਿਹਾ ਸੀ। ਉਹ ਥੱਕਿਆ-ਟੁੱਟਿਆ ਸੀ। ਅੱਖਾਂ ਉਨੀਂਦਰੇ ਦੇ ਕਾਰਨ ਲਾਲ ਸਨ। ਸੱਜਾ ਹੱਥ ਪੱਗ 'ਚ ਵਲੇਟਿਆ ਹੋਇਆ ਸੀ ਤੇ ਪੱਗ ਲਹੂ 'ਚ ਨੁੱਚੜੀ ਪਈ ਸੀ। ਛਵੀਆਂ ਚੰਡਦੇ ਸਮੇਂ ਘਣ ਵਾਹੁਣ ਵਾਲ਼ੇ ਥੱਕੇ ਤੇ ਉਨੀਂਦਰੇ ਮੁੰਡੇ ਨੇ ਸੱਟ ਉਸਦੇ ਹੱਥ 'ਤੇ ਮਾਰ ਦਿੱਤੀ ਸੀ। ਵਿਚਕਾਰਲੀਆਂ ਦੋ ਉਂਗਲਾਂ ਫਿਸ ਗਈਆਂ ਸਨ। ਉਸ ਨੇ ਮਾਂ ਨੂੰ ਹਲ਼ ਦਾ ਫ਼ਾਲ ਚੰਡਦਿਆਂ ਸੱਟ ਲੱਗਣ ਦੀ ਗੱਲ ਕਹੀ ਤਾਂ ਉਹ ਗੁੱਸੇ 'ਚ ਬੋਲੀ ਸੀ, "ਕੁੱਖੋਂ ਜੰਮ ਕੇ ਪਰਦੇ ਨਾ ਪਾ ਬੇਗੁਰਿਆ, ਵੇ ਜੱਟਾਂ ਨੇ ਤਾਂ ਮੁੰਨੀਆਂ ਛੱਡ ਕੇ ਛਵੀਆਂ ਚੁੱਕ ਲਈਆਂ। ਤੂੰ ਕ੍ਹਿਨਾਂ ਹਲ਼ਾਂ ਲਈ ਫਾਲ਼ ਚੰਡਦਾ ਆਇਆਂ।ਤੂੰ ਚੜ੍ਹਿਆਂ ਜੱਟਾਂ ਦੇ ਢਹੇ। ਇਨ੍ਹਾਂ ਭੂਤਨਿਆਂ ਕੋਲੋਂ ਤਾਂ ਰੱਬ ਵੀ ਡਰਦਾ। ਵੇ ਅਸੀਂ ਆਂ ਕੰਮੀਂ-ਕਮੀਣ, ਸਾਥੋਂ ਨ੍ਹੀ ਪੁਗਣਗੀਆਂ ਇਹ ਮਲ੍ਹਾਜ਼ੇਦਾਰੀਆਂ।"
ਸੱਤਾ ਨੀਵੀਂ ਪਾਈ ਸੁਣਦਾ ਰਿਹਾ।
ਜਿਸ ਸ਼ਾਮ ਸੱਤਾ ਪਿੰਡ ਪਰਤਿਆ, ਮੀਏਂ ਦੀ ਹਵੇਲੀ ਮੁਸਲਮਾਨਾਂ ਦਾ ਇੱਕਠ ਹੋਇਆ ਸੀ। ਕਲ੍ਹ ਦੇ ਅਛੂਤ ਤੇ ਕੰਮੀ-ਕਮੀਣ ਅੱਜ ਰਾਜਪੂਤਾਂ ਨੂੰ ਆਪਣੇ ਹਮ-ਮਜ਼੍ਹਬ ਭਰਾ ਲੱਗ ਰਹੇ ਸਨ। ਤੇਲੀਆਂ, ਮੋਚੀਆਂ, ਨਾਈਆਂ ਤੇ ਭਰਾਈਆਂ ਨੂੰ ਬਰਾਬਰ ਬਿਠਾ ਕੇ ਬਚਾਅ ਦੀਆਂ ਤਰਕੀਬਾਂ ਪੁੱਛੀਆਂ ਜਾ ਰਹੀਆਂ ਸਨ।
"ਚੌਧਰੀਓ।" ਲਾਗੀ ਬਰਾਦਰੀ ਵਲੋਂ ਚਿਰਾਗਦੀਨ ਮਰਾਸੀ ਨੇ ਖੜਦਿਆਂ ਹੱਥ ਜੋੜ ਲਏ ਸਨ, "ਤੁਸੀਂ ਪਹਿਲਾਂ ਵੀ ਸਾਡੇ ਮਾਲਕ ਸੀ ਤੇ ਅੱਜ ਵੀ ਹੋ। ਅਸੀਂ ਗਰੀਬ-ਗੁਰਬਿਆਂ ਨੇ ਤਾਂ ਤੁਹਾਡੀ ਓਟ ਲੈ ਕੇ ਬਚਣਾ। ਬਾਕੀ ਮਾਲਕੋ ਜੋ ਤੁਹਾਡਾ ਹੁਕਮ ਹੋਇਆ ਸਾਡੇ ਸਿਰ-ਮੱਥੇ।"
ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਮੀਆਂ ਉੱਠ ਖੜਾ ਹੋਇਆ। ਅੱਜ ਉਸਦਾ ਚਿਹਰਾ ਉਦਾਸ ਤੇ ਧੌਣ ਥੋੜ੍ਹੀ ਝੁਕੀ ਹੋਈ ਸੀ। "ਪਹਿਲੀ ਗੱਲ ਤਾਂ ਇਹ।" ਉਹ ਹੱਥ ਜੋੜ ਕੇ ਖੜ੍ਹਾ ਸਭ ਨੂੰ ਓਪਰਾ-ਓਪਰਾ ਤੇ ਵਿਚਾਰਾ ਜਿਹਾ ਲੱਗਿਆ।
"ਹਿੰਦੂ-ਸਿੱਖਾਂ 'ਤੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਏ। ਦੂਜੀ ਗੱਲ, ਲੜਾਈ ਲਈ ਹਮੇਸ਼ਾ ਤਿਆਰ ਰਹੋ। ਹਥਿਆਰ ਨਹੀਂ ਤਾਂ ਰੋੜੇ-ਬੱਟੇ ਈ 'ਕੱਠੇ ਕਰੋ। ਤੀਸਰੀ ਗੱਲ, ਔਰਤਾਂ ਘਰੋਂ ਬਿਲਕੁਲ ਬਾਹਰ ਪੈਰ ਨਾ ਪਾਉਣ ਤੇ ਮਰਦ ਵੀ ਕੁਝ ਦਿਨਾਂ ਲਈ ਪਿੰਡੋਂ ਬਾਹਰ ਨਾ ਜਾਣ। ਚੌਥੀ ਗੱਲ, ਬੜੇ ਹੀ ਖੁਫੀਆ ਢੰਗ ਨਾਲ਼ ਨੇੜਲੇ ਪਿੰਡਾ ਦੇ ਹਮ-ਮਜ਼੍ਹਬੀਆਂ ਨਾਲ਼ ਰਾਬਤਾ ਕਾਇਮ ਕਰਕੇ ਸਾਂਝੀ ਕਾਰਵਾਈ ਲਈ ਵਿਚਾਰ ਕੀਤੀ ਜਾਏ। ਪਹਿਰਾ ਬਿਲਕੁਲ ਲਾਜ਼ਮੀ ਏ।
ਖੂਹ ਦੀ ਖਾਸ ਤੌਰ 'ਤੇ ਰਾਖੀ ਕੀਤੀ ਜਾਏ। ਪਿੰਡ ਛੱਡਣ ਬਾਰੇææ। " ਇੱਥੇ ਆ ਕੇ ਉਸਦੀ ਆਵਾਜ਼ ਭਾਰੀ ਹੋ ਗਈ। "ਫੈਸਲਾæææਦੋ-ਚਾਰ ਦਿਨਾਂ ਬਾਅਦ ਹਾਲਾਤ ਦੇਖ ਕੇ ਲਿਆ ਜਾਏਗਾ।" ਇਸ ਆਖਰੀ ਗੱਲ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਕੋਈ ਵੀ ਮੀਏਂ ਦੀਆਂ ਹਦਾਇਤਾਂ ਦਾ ਹੁੰਗਾਰਾ ਬੋਲ ਕੇ ਨਾ ਭਰ ਸਕਿਆ। ਸਹਿਮਤੀ 'ਚ 'ਚ ਸਿਰ ਮਾਰ ਕੇ ਜਦ ਉਹ ਘਰਾਂ ਵਲ ਜਾਣ ਲਈ ਉਠ ਖੜੇ ਹੋਏ।
+++
"ਕਰਮਦੀਨਾਂ ਛੇਤੀਂ ਬਹੁੜ ਵੇ, ਸੱਤੇ ਦੇ ਸੱਟ ਵੱਜ ਗਈ ਆ।" ਸੱਤੇ ਦੀ ਮਾਂ ਦੀ ਇਹ ਗੱਲ ਸੁਣ ਕੇ ਖਿੰਡ ਰਹੀ ਮਜਲਿਸ 'ਚ ਸੰਨਾਟਾ ਛਾ ਗਿਆ ਸੀ।
"ਸੁਣ ਹਕੀਮਾ।" ਨੂਰ ਮੁਹੰਮਦ ਕਰਮਦੀਨ ਦੇ ਸਾਹਵੇਂ ਹੁੰਦਿਆਂ ਬੋਲਿਆ। "ਜੇ ਭਾਈਚਾਰੇ 'ਚ ਰਹਿਣਾ ਏਂ ਤਾਂ ਲੁਹਾਰ ਦੇ ਮਲ੍ਹਮ-ਪੱਟੀ ਨਾ ਕਰੀਂ।"
"ਛਵੀਆਂ ਚੰਡਦਾ ਆਇਆ, ਮਾਂ ਆਪਣੀ ਦਾ…, ਲਹਿਲੀ ਤੋਂ।" ਹਸਨਦੀਨ ਨੇ ਨਫਰਤ ਨਾਲ਼ ਕਿਹਾ।
"ਮਰ ਲੈਣ ਦੇ ਸਾਲੇ ਨੂੰ ਕੁੱਤੇ ਦੀ ਮੌਤ।" ਗਾਮੀ ਨੇ ਕੁੜਤਣ ਨਾਲ਼ ਆਖਿਆ ਸੀ।
ਚੁਗਾਠ ਦਾ ਆਸਰਾ ਲੈ ਕੇ ਖੜੀ ਸੱਤੇ ਦੀ ਮਾਂ ਇਹ ਗੱਲਾਂ ਸੁਣ ਕੇ ਥੱਕੇ ਤੇ ਝੂਠੇ ਪੈਂਦੇ ਪੈਰਾਂ ਨਾਲ਼, ਡੂੰਘੀ ਚਿੰਤਾ 'ਚ ਡੁੱਬੀ ਘਰ ਵਲ ਮੁੜ ਗਈ ਸੀ।
ਘਰ ਵਲ ਮੁੜਦਿਆਂ ਕਰਮਦੀਨ ਸੱਤੇ ਨੂੰ ਛਵੀਆਂ ਚੰਡਦਿਆਂ ਤਸੱਵਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹਰ ਵਾਰ ਉਹ ਪੀੜ ਨਾਲ਼ ਕਰਾਹੁੰਦਾ ਨਜ਼ਰ ਆਉਂਦਾ। ਸੱਤਾ ਫਜ਼ਲੇ ਦਾ ਹਮ-ਉਮਰ ਤੇ ਜਮਾਤੀ ਸੀ। ਸੱਤੇ ਦਾ ਬਾਪ ਮੀਣਾ, ਜਿਸਦੀ ਪਿਛਲੇ ਸਾਲ ਬਰੀਕ ਤਾਪ ਨਾਲ਼ ਮੌਤ ਹੋ ਗਈ ਸੀ, ਕਰਮਦੀਨ ਦਾ ਗੂੜ੍ਹਾ ਮਿੱਤਰ ਸੀ।
ਉਸ ਨੇ ਦੁਕਾਨ 'ਚੋਂ ਹਿਕਮਤ ਵਾਲ਼ਾ ਝੋਲ਼ਾ ਚੁੱਕਿਆ ਤੇ ਸਭ ਦੀ ਨਜ਼ਰ ਤੋਂ ਬਚਦਾ ਤੇ ਡਰਦਾ, ਤੇਜ਼-ਤੇਜ਼ ਕਦਮਾਂ ਦੇ ਨਾਲ਼ ਸੱਤੇ ਦੇ ਘਰ ਮੂਹਰੇ ਪਹੁੰਚ ਗਿਆ।
"ਜੇ ਤੇਰਾ ਧਰਮ ਜਾਗਿਆ ਤਾਂ ਅਗਲੇ ਨੇ ਵੀ ਭਾਈਚਾਰੇ ਤੋਂ ਬਾਹਰ ਨਹੀਂ ਜਾਣਾ। ਹਕੀਮ ਨਹੀਂ ਔਣ ਲੱਗਾ। ਹੁਣ ਮਾਰ ਲੈ ਵਾਜਾਂ ਲਹਿਲੀ ਆਲ਼ੇ ਜੱਟਾਂ ਨੂੰ, ਜਿਨ੍ਹਾਂ ਕੋਲੋਂ ਲੀਰ ਸਾਰਖੀ ਵੀ ਨਾ ਜੁੜੀ।"
ਕਰਮਦੀਨ ਦਰ ਲੰਘਿਆ ਤਾਂ ਸੱਤੇ ਦੀ ਮਾਂ ਹੈਰਾਨ ਹੋ ਕੇ ਚੁੱਪ ਕਰ ਗਈ। ਸੱਤੇ ਨੇ ਕਰਾਹੁਣਾ ਛੱਡ ਕੇ ਨੀਵੀਂ ਪਾ ਲਈ। ਮਲ੍ਹਮ-ਪੱਟੀ ਸਮੇਂ ਵੀ ਉਸਦੀਆਂ ਅੱਖਾਂ ਝੁਕੀਆਂ ਹੀ ਰਹੀਆਂ। ਉਹ ਪੀੜ ਨੂੰ ਅੰਦਰੋਂ-ਅੰਦਰੀਂ ਪੀਂਦਾ ਚੁੱਪ ਰਿਹਾ।
ਸਵੇਰ ਤਕ ਸੱਤੇ ਦੇ ਜ਼ਖਮਾਂ 'ਚੋਂ ਤਾਂ ਲਹੂ ਰਿਸਣਾ ਬੰਦ ਹੋ ਗਿਆ ਸੀ, ਪਰ ਪੂਰੇ ਦੇਸ਼ 'ਚੋਂ ਲਹੂ-ਭਿੱਜੀਆਂ ਖ਼ਬਰਾਂ ਦਾ ਆਉਣਾ ਨਿਰੰਤਰ ਜਾਰੀ ਰਿਹਾ। ਆਲ਼ੇ-ਦੁਆਲ਼ੇ ਦੇ ਪਿੰਡਾਂ 'ਚ ਵੱਢ-ਟੁਕ ਸ਼ੁਰੂ ਹੋ ਗਈ ਸੀ। ਬਸੀ ਅਲੀ ਖਾਨ, ਬਸੀ ਹਸਤ ਖਾਨ, ਬਸੀ ਕਲਾਂ ਤੇ ਬਸੀ ਜੌੜਾ ਆਦਿ ਪਠਾਣਾਂ ਦੇ ਪਿੰਡਾਂ ਦੇ ਖਾਲੀ ਹੋ ਜਾਣ ਦੀਆਂ ਖ਼ਬਰਾਂ ਨੇ ਨਾਰੂ ਨੰਗਲ ਦੇ ਮੁਸਲਮਾਨਾਂ ਨੂੰ ਖ਼ੌਫ ਨਾਲ਼ ਭਰ ਦਿੱਤਾ ਸੀ।
ਉਸੇ ਦੁਪਹਿਰ ਹੱਥਾਂ 'ਚ ਛਵੀਆਂ ਉਲਾਰੀ, ਸਿੱਖ ਮੁੰਡਿਆਂ ਦੀ ਇਕ ਟੋਲੀ ਨਾਰੂ ਨੰਗਲ ਦੇ ਬਾਜ਼ਾਰ 'ਚ ਆਣ ਪਹੁੰਚੀ। ਲੋਕਾਂ ਨੇ ਡਰਦਿਆਂ ਬੂਹੇ ਬੰਦ ਕਰ ਲਏ। ਉਨ੍ਹਾਂ ਅੱਖਾਂ ਗਲੀ ਵਲ ਖੁੱਲ੍ਹਦੀਆਂ ਬਾਰੀਆਂ ਨਾਲ਼ ਲਗਾ ਕੇ ਸਾਹ ਸੂਤ ਲਏ।
ਟੋਲੀ ਹਕੀਮ ਦੀ ਦੁਕਾਨ ਮੂਹਰੇ ਰੁਕ ਗਈ। ਟੇਢੀ ਪੱਗ ਵਾਲ਼ੇ ਮੁੰਡੇ ਨੇ ਅਗਾਂਹ ਵਧ ਕੇ ਕੁੰਡਾ ਖੜ੍ਹਕਾਇਆ ਪਰ ਅੰਦਰੋਂ ਕੋਈ ਹੁੰਗਾਰਾ ਨਾ ਮਿਲਿਆ।
"ਓਏ ਫਜਲਿਆ, ਮੈਂ ਧੰਨਾ ਆਂ। ਦਰ ਤਾਂ ਖੋਹਲ।"
ਮੱਧਰੇ ਕੱਦ ਤੇ ਬਿੱਲੀਆਂ ਅੱਖਾਂ ਵਾਲ਼ੇ ਸਰਦਾਰ ਨੇ ਅਪਣੱਤ ਨਾਲ਼ ਕਿਹਾ।
ਫਜ਼ਲੇ ਨੇ ਦਰ ਖੋਹਲਿਆ ਤਾਂ ਅੱਠ-ਦਸ ਸਿੱਖ-ਮੁੰਡੇ ਦੁਕਾਨ ਅੰਦਰ ਆਣ ਵੜੇ।
"ਦੱਸੋ ਪੁੱਤਰੋ?"ਕਰਮਦੀਨ ਨੇ ਸਹਿਮ ਕੇ ਪੁੱਛਿਆ। "ਬਾਪੂ ਦੇ ਸੱਟ ਵੱਜਗੀ ਚਾਚਾ। ਝੋਲਾ ਚੁੱਕ ਤੇ ਤੁਰ ਪੈ ਛੇਤੀ। ਮੁੰਡੇ ਵਾਪਸ ਛੱਡ ਜਾਣਗੇ।" ਬਿੱਲੀਆਂ ਅੱਖਾਂ ਵਾਲ਼ੇ ਮੁੰਡੇ ਦੀ ਗੱਲ ਸੁਣ ਕੇ ਹਕੀਮ ਸੋਚੀਂ ਪੈ ਗਿਆ। ਇਹ ਧੰਨਾ ਸੀ, ਨੇੜਲੇ ਪਿੰਡ ਲਹਿਲੀ ਖੁਰਦ ਤੋਂ। ਧੰਨਾ ਫਜ਼ਲੇ ਦਾ ਜਮਾਤੀ ਤੇ ਮਿੱਤਰ ਸੀ। ਸਕੂਲੋਂ ਦੌੜ ਕੇ ਉਨ੍ਹਾਂ ਦੂਰ-ਦੂਰ ਤਕ ਮੇਲੇ ਵੇਖੇ ਸਨ। ਉਨ੍ਹਾਂ ਕਈ ਵਾਰ ਮਾਸਟਰ ਫਤਿਹ ਮੁਹੰਮਦ ਤੇ ਦੀਨਾ ਨਾਥ ਕੋਲੋਂ ਇੱਕਠਿਆਂ ਕੁੱਟ ਖਾਧੀ ਸੀ।
ਨੌਵੀਂ 'ਚੋਂ ਫੇਲ੍ਹ ਹੋ ਕੇ ਦੋਹਾਂ ਨੇ ਇਕੱਠਿਆਂ ਹੀ ਪੜ੍ਹਾਈ ਛੱਡ ਦੇਣ ਦਾ ਫੈਸਲਾ ਕੀਤਾ ਸੀ। ਬਾਈ ਕੁ ਸਾਲਾਂ ਦਾ ਧੰਨਾ ਅੱਜ ਪੂਰਾ ਸਿੰਘ ਸਜ ਗਿਆ ਸੀ। ਉਸਨੇ ਇਲਾਕੇ ਦੇ ਅਲੂਏਂ ਮੁੰਡੇ ਇਕੱਠੇ ਕਰ ਕੇ ਇਕ ਜਥਾ ਖੜਾ ਕਰ ਲਿਆ ਸੀ। ਆਪ ਉਹ ਜਥੇਦਾਰ ਸੀ। ਜਥੇਦਾਰ ਧੰਨਾ ਸਿੰਘ ਬੈਂਸ। ਇਹ ਮੁੰਡੇ ਪਿੰਡਾਂ 'ਤੇ ਧਾਵੇ ਬੋਲਦੇ, ਘਰ ਲੁੱਟਦੇ, ਮੁਸਲਮਾਨਾਂ ਨੂੰ ਕਤਲ ਕਰਦੇ ਤੇ ਸੋਹਣੀਆਂ-ਸੁੱਨਖੀਆਂ ਕੁੜੀਆਂ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ। ਦੋ ਚਾਰ ਦਿਨ ਕੋਲ਼ ਰੱਖ ਕੇ ਅਗਾਂਹ ਤੋਰ ਦਿੰਦੇ। ਕਦੇ ਕਿਸੇ ਲੋੜਵੰਦ ਕੋਲੋਂ ਰੁਪਏ ਵੀ ਵੱਟ ਲੈਂਦੇ।
"ਉਹ ਤਾਂ ਠੀਕ ਆ ਪੁੱਤਰਾ।" ਹਕੀਮ ਡੂੰਘੀ ਸੋਚ 'ਚੋਂ ਉਭਰਦਿਆਂ ਬੋਲਿਆ- "ਪਰ ਮੀਏਂ ਹੁਰਾਂ ਮਨ੍ਹਾਂ ਕੀਤਾ ਪਿਆ ਹੋਇਆ ਪਿੰਡੋਂ ਬਾਹਰ ਜਾਣਾ।"
"ਚਾਚਾ।" ਧੰਨਾ ਤੈਸ਼ 'ਚ ਆਉਂਦਿਆਂ ਬੋਲਿਆ- "ਕਿਹੜੀਆਂ ਗੱਲਾਂ ਕਰਦਾਂ ਤੂੰ? ਮੀਆਂ-ਮੂਆਂ ਕੁਝ ਨਹੀਂ ਮੈਂ ਦੱਸਾਂ। ਆਪਣਾ ਰਾਜ ਏ ਪੂਰੇ ਇਲਾਕੇ 'ਤੇ। ਆਹ ਪਿੰਡ ਤਾਂ ਤ੍ਹਾਢੇ ਮੂੰਹ-ਮਲਾਜ਼ੇ ਨੂੰ ਬਚਿਆ। ਅਸੀਂ ਤਾਂ ਵੀਹ ਪਿੰਡਾਂ 'ਚੋਂ ਮੁਸਲਮਾਨ ਭਜਾ ਦਿੱਤੇ ਚਾਚਾ। ਤੁਰ ਪੈ ਤੂੰ ਚੁੱਪ ਕਰਕੇ। ਅਸੀਂ ਆਪੇ ਨਜਿੱਠ ਲਾਂਗੇ ਮੀਏਂ ਨਾਲ਼।" ਧੰਨੇ ਦੇ ਬੋਲਾਂ 'ਚ ਧਮਕੀ ਸੀ।
"ਅੱਬਾ ਜਾ ਆ। ਐਵੇਂ ਤਾਇਆ ਵਿਲਕਦਾ ਹੋਊ ਵਿਚਾਰਾ ਪੀੜ ਨਾਲ਼।" ਫਜ਼ਲਾ ਸੱਚ-ਮੁੱਚ ਫਿਕਰਮੰਦ ਸੀ।
"ਉਹ ਤਾਂ ਠੀਕ ਆ ਪੁੱਤਰਾ ਪਰ...।"
"ਪਰ ਕੀ ਅੱਬਾ? ਤੂੰ ਆਪੇ ਤਾਂ ਕਹਿੰਦਾਂ ਹੁੰਦਾਂ ਕਿ ਮਲ੍ਹਮ…।"
ਫਜ਼ਲੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਰਮਦੀਨ ਨੇ ਹਿਕਮਤ ਵਾਲ਼ੇ ਝੋਲੇ ਨੂੰ ਹੱਥ ਪਾ ਲਿਆ ਸੀ।
ਗਲੀ 'ਚ ਆਉਂਦਿਆਂ ਉਹ ਟੋਲੀ ਦੇ ਮੂਹਰੇ ਲੱਗ ਤੁਰਿਆ। ਪਿੰਡੋਂ ਨਿਕਲ ਕੇ ਲਹਿਲੀ ਵਾਲ਼ੇ ਰਾਹੇ ਪੈਂਦਿਆਂ ਮੁੰਡਿਆਂ ਦੀ ਚਾਲ 'ਚ ਤੇਜ਼ੀ ਆ ਗਈ। ਉਨ੍ਹਾਂ ਨੇ ਨਾ ਆਪਸ 'ਚ ਤੇ ਨਾਹੀਂ ਕਰਮਦੀਨ ਨਾਲ਼ ਕੋਈ ਗੱਲ ਕੀਤੀ। ਇਸ ਚੁੱਪ ਨੇ ਹਕੀਮ ਦੇ ਦਿਲੋ-ਦਿਮਾਗ 'ਤੇ ਛਾਈ ਸਹਿਮ ਭਰੀ ਉਦਾਸੀ ਹੋਰ ਸੰਘਣੀ ਕਰ ਦਿੱਤੀ।
ਮੁੰਡੇ ਅਚਾਨਕ ਸੱਜੇ ਹੱਥ ਤਕੀਏ ਵਲ ਜਾਂਦੇ ਰਾਹੇ ਪੈ ਗਏ। ਹਕੀਮ ਧੁਰ ਅੰਦਰ ਤੱਕ ਕੰਬ ਗਿਆ।
ਉਸਨੇ ਤਕੀਏ ਦੇ ਸਾਹਵੇਂ ਖੜੀ ਬੋਹੜ ਦੀ ਛਾਵੇਂ ਘੋੜੇ ਬੱਝੇ ਵੇਖੇ ਤਾਂ ਉਸਦੇ ਸਾਹ 'ਚ ਸਾਹ ਆਇਆ।
ਉਸ ਨੇ ਬਿਨਾ ਸਿਰ ਝੁਕਾਏ ਤਕੀਏ ਨੂੰ ਸਜਦਾ ਕੀਤਾ ਤੇ ਆਪਣੀ ਸਲਾਮਤੀ ਲਈ ਦੁਆ ਮੰਗੀ।
"ਦੇਖ ਚਾਚਾ, ਸਾਡੀ ਹੈਗੀ ਆ ਗੂੜੀ ਸਾਂਝ। ਮੈਂ ਤੇਰੇ ਮੂਹਰੇ ਹੋਰ ਝੂਠ ਨਹੀਂ ਬੋਲਣਾ। ਬਾਪੂ ਦੇ ਕੋਈ ਸੱਟ-ਸੁੱਟ ਨਈਂ ਵੱਜੀ। ਅਸੀਂ ਤੇਰੇ 'ਤੇ ਮਾਣ ਕਰਕੇ ਤੈਨੂੰ ਇੱਥੇ ਲਿਆਏ ਆਂ।"
ਇਹ ਗੱਲ ਸੁਣ ਕੇ ਕਰਮਦੀਨ ਨੇ ਕੰਬਦੇ ਹੱਥਾਂ ਨਾਲ਼ ਝੋਲ਼ਾ ਜ਼ਮੀਨ 'ਤੇ ਰੱਖ ਦਿੱਤਾ।
"ਤੇਰਾ ਤਾਂ ਹਕੀਮਾਂ ਹਰ ਘਰ 'ਚ ਔਣ-ਜਾਣ ਆ। ਸਾਨੂੰ ਸਿੱਧਾ-ਸਿੱਧਾ ਦੱਸ ਕਿ ਨੰਗਲ 'ਚ ਕਿੰਨਾ ਕੁ ਅਸਲਾ? ਕਿਹੜੇ-ਕਿਹੜੇ ਰਾਜਪੂਤ ਕੋਲ਼ ਬੰਦੂਕ ਆ?"
ਕਰਮਦੀਨ ਨੂੰ ਤਕੀਆ ਕੰਬਦਾ ਹੋਇਆ ਦਿਖਾਈ ਦਿੱਤਾ। ਉਹ ਡਿੱਗਦੇ ਮਨ ਨਾਲ਼ ਤਕੀਏ ਸਾਹਮਣਲੇ ਥੜ੍ਹੇ ਉੱਤੇ ਡਿੱਗ ਹੀ ਪਿਆ।
"ਪੁੱਤਰੋ ਅਸੀਂ ਤਾਂ ਹੋਏ ਕੈਂਚੀਆਂ-ਉਸਤਰਿਆਂ ਆਲ਼ੇ ਗਰੀਬ-ਗੁਰਬੇ ਲੋਕ। ਸਾਨੂੰ ਕੀ ਪਤਾ ਬੰਦੂਕਾਂ ਦਾ?" ਉਸਦੇ ਬੋਲ ਥਿੜਕਦੇ ਜਾ ਰਹੇ ਸਨ।
"ਐਂ ਤਾਂ ਨਾ ਕਰ ਚਾਚਾ। ਮੇਰਾ ਮਾਣ ਰੱਖ। ਦੇਖ ਲੈ, ਜੇ ਇਹ ਪੁੱਠੀਆਂ ਮੱਤਾਂ ਆਲ਼ੇ ਵਿਗੜ ਗਏ ਤਾਂ ਮੈਥੋਂ ਵੀ ਨਹੀਂ ਸਾਂਭੇ ਜਾਣੇ।"
ਧੰਨਾ ਸਿਰ ਫੜ ਕੇ ਬੈਠੇ ਨਿਰਾਸ਼ ਕਰਮਦੀਨ ਕੋਲ਼ ਬੈਠ ਗਿਆ।
"ਦੇਖ ਚਾਚਾ, ਤੁਸੀਂ ਚਲੇ ਜਾਣਾ 'ਆਪਣੇ' ਪਾਕਿਸਤਾਨ। ਮੈਂ ਵੀ ਤਾਂ ਫਜ਼ਲੇ ਅਰਗਾ ਈ ਆਂ। ਮੈਨੂੰ ਮਲ੍ਹਮ ਦਾ ਨੁਸਖਾ ਈ ਦੱਸ ਜਾ।" ਧੰਨੇ ਨੇ ਤਨਜ਼ ਭਰੀ ਧੀਮੀ ਆਵਾਜ਼ 'ਚ ਕਿਹਾ। ਮੁੰਡੇ ਹੱਸ ਪਏ। ਕਰਮਦੀਨ ਦੀ ਦੇਹ ਗੁੱਸੇ 'ਚ ਤਪਣ ਤੇ ਕੰਬਣ ਲੱਗ ਪਈ। ਉਹ ਨਿਡਰਤਾ ਨਾਲ਼ ਬੋਲਿਆ, "ਉਏ ਧੰਨਿਆ, ਏਸ ਮਲ੍ਹਮ ਦੀ ਪਾਕੀਜ਼ਗੀ ਤੂੰ ਕੀ ਜਾਣੇ ਨਿਰਦੋਸ਼ਾਂ ਦੇ ਕਾਤਲਾ। ਇਹਦਾ ਵਾਰਿਸ ਬਣਨ ਲਈ ਤਾਂ ਭਾਈ ਘਨ੍ਹਈਆ ਜੀ ਅਰਗੀ ਸੋਚ ਚਾਹੀਦੀ ਆ।"
ਕਰਮਦੀਨ ਦੇ ਬਦਲੇ ਤੇਵਰ ਵੇਖ ਕੇ ਸਾਰੇ ਮੁੰਡੇ ਹੈਰਾਨ ਹੋ ਕੇ ਰਹਿ ਗਏ। ਗੁੰਮ-ਸੁੰਮ ਜਿਹੇ ਮੁੰਡੇ ਨੇ ਦੋ ਕਦਮ ਅਗਾਂਹ ਵਧਦਿਆਂ ਛਵੀ ਹਕੀਮ ਦੇ ਸਿਰ 'ਤੇ ਉਲਾਰ ਦਿੱਤੀ। ਹਕੀਮ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ।
"ਨਾ ਉਏ ਜ਼ੈਲਿਆ! ਚਾਚਾ ਏ ਆਪਣਾ।" ਧੰਨਾ ਤ੍ਰਭਕ ਕੇ ਬੋਲਿਆ ਤਾਂ ਜ਼ੈਲਾ ਪਿਛਾਂਹ ਹਟ ਗਿਆ।
ਧੰਨਾ ਹਕੀਮ ਦੇ ਥੋੜ੍ਹਾ ਹੋਰ ਕੋਲ ਹੁੰਦਿਆਂ ਬੋਲਿਆ, "ਚੱਲ ਚਾਚਾ ਐਂ ਦੱਸ ਕੇ ਤੇਰੇ ਪਿੰਡ 'ਚ ਸਭ ਨਾਲ਼ੋਂ ਸੋਹਣੀ ਕੁੜੀ ਕਿਹੜੇ ਮੁਸਲਮਾਨ ਦੀ ਆ?"
ਹਕੀਮ ਦੀਆਂ ਅੱਖਾਂ 'ਚ ਲਹੂ ਉਤਰ ਆਇਆ। ਉਹ ਉੱਠ ਖੜਾ ਹੋਇਆ ਤੇ ਹੱਥ ਨਾਲ਼ ਲਾਹਣਤ ਪਾਉਂਦਿਆਂ ਬੋਲਿਆ, "ਸ਼ਰਮ ਕਰ ਉਏ ਪੁੱਤਰਾ! ਮੇਰੀਆਂ ਤਾਂ ਧੀਆਂ ਨੇ ਸਾਰੀਆਂ। ਧੀਆਂ ਤੇ ਧੀਆਂ ਹੀ ਹੁੰਦੀਆਂ ਨੇ ਸੋਹਣੀਆਂ ਜਾਂ ਕ੍ਹੋਝੀਆਂ ਨਹੀਂ ਹੁੰਦੀਆਂ।" ਇਹ ਕਹਿ ਕੇ ਉਹ ਚੁੱਪ ਕਰ ਗਿਆ।
"ਉਏ ਸਰਦਾਰਾ!" ਖੁੰਡੀਆਂ ਮੁੱਛਾਂ ਵਾਲ਼ਾ ਮੁੰਡਾ ਰੋਹ 'ਚ ਬੋਲਿਆ। "ਬਥੇਰਾ ਕਿਹਾ ਸੀ ਕਿ ਕੋਈ ਰਾਜਪੂਤ ਚੁੱਕਦੇ ਆਂ। ਲੈ ਲਾ ਚਾਚੇ ਕੋਲ਼ੋ ਸੂਹਾਂ। ਬੜਾ ਮਾਣ ਸੀ ਤੈਨੂੰ ਚਾਚੇ 'ਤੇ। ਅਸੀਂ ਤਾਂ ਬੜੀ ਵਾਰ ਦੇਖਿਆ, ਇਹ ਸਾਲੇ ਕੰਮੀਂ-ਕੰਮੀਣ ਤਾਂ ਟੱਸ ਤੋਂ ਮੱਸ ਨਹੀਂ ਹੁੰਦੇ। ਲੈ ਲਾ ਚਾਚਾ ਜੀ ਕੋਲੋਂ ਬੰਦੂਕਾਂ ਦੇ ਸਿਰਨਾਵੇਂ।"
"ਨਾਲ਼ੇ ਨੁਸਖਾ ਮਲ੍ਹਮ ਦਾ।" ਕਾਲ਼ੇ ਕੁੜਤੇ ਵਾਲਾ ਹੱਸ ਕੇ ਬੋਲਿਆ।
"ਤੂੰ ਦੱਸ ਕੋਈ ਹਕੀਮੀ ਕਰਨੀ ਆ ਜੱਟਾ ਨੁਸਖਾ ਲੈ ਕੇ?" ਨੱਤੀਆਂ ਵਾਲ਼ੇ ਮੁੰਡੇ ਨੇ ਟਿੱਚਰ ਕੀਤੀ।
"ਐਵੈਂ ਵਕਤ ਬਰਬਾਦ ਕਰੀਂ ਜਾਨਾ।" ਪੱਕੇ ਰੰਗ ਤੇ ਚਿੱਟੀਆਂ ਅੱਖਾਂ ਵਾਲ਼ੇ ਨੇ ਪਛਤਾਵੇ ਨਾਲ਼ ਕਿਹਾ। ਜਦੋਂ ਸਾਰੇ ਮੁੰਡੇ ਖੁੰਡੀਆਂ ਮੁੱਛਾਂ ਵਾਲ਼ੇ ਦੀ ਹਾਮੀ ਭਰਨ ਲੱਗੇ ਤਾਂ ਧੰਨਾ ਉਠ ਕੇ ਤੁਰ ਪਿਆ।
"ਜੋ ਮਰਜ਼ੀ ਕਰੋ।" ਇਹ ਆਖ ਉਸਨੇ ਬੋਹੜ ਦੀ ਜੜ੍ਹ ਨਾਲ਼ੋਂ ਘੋੜੀ ਦੀ ਲਗਾਮ ਖੋਹਲੀ ਤੇ ਪਲਾਕੀ ਮਾਰ ਕੇ ਕਾਠੀ 'ਤੇ ਬੈਠਦਿਆਂ, ਘੋੜੀ ਦੁੜਾ ਕੇ ਧੂੜ 'ਚ ਅਲੋਪ ਹੋ ਗਿਆ।
ਗੁੰਮ-ਸੁੰਮ ਜਿਹੇ ਮੁੰਡੇ ਨੇ ਦੋਵੇਂ ਹੱਥ ਜੋੜ ਕੇ ਛਵੀ ਹਕੀਮ ਦੇ ਹਿੱਕ 'ਤੇ ਜੜ ਦਿੱਤੀ। ਉਹ ਚੀਕ ਮਾਰ ਕੇ ਧਰਤੀ 'ਤੇ ਚੁਫਾਲ ਡਿਗ ਪਿਆ। ਖੁੰਡੀਆਂ ਮੁੱਛਾਂ ਵਾਲ਼ੇ ਮੁੰਡੇ ਨੇ ਅਗਾਂਹ ਵਧ ਕੇ ਕਰਮਦੀਨ ਦੇ ਮੌਰਾਂ 'ਤੇ ਪੰਜ-ਸੱਤ ਵਾਰ ਹੋਰ ਕੀਤੇ। ...ਸਾਰੇ ਮੁੰਡੇ ਘੋੜੀਆਂ 'ਤੇ ਸਵਾਰ ਹੋ ਕੇ ਸਰਦਾਰ ਪਿੱਛੇ ਤੁਰ ਗਏ।
ਸ਼ਾਮ ਢਲਣ ਤਕ ਜਦੋਂ ਕਰਮਦੀਨ ਘਰ ਨਾ ਮੁੜਿਆ ਤਾਂ ਪਰਿਵਾਰ ਹੋਰ ਵੀ ਫਿਕਰਾਂ 'ਚ ਡੁੱਬ ਗਿਆ। ਮਾਂ ਤੇ ਭੈਣਾਂ ਦੇ ਰੋਕਦਿਆਂ, ਫਜ਼ਲਾ ਭਰਾਈਆਂ ਦੇ ਕਮਾਲ ਨੂੰ ਨਾਲ਼ ਲੈ ਕੇ ਲਹਿਲੀ ਵਾਲ਼ੇ ਰਾਹੇ ਪੈ ਗਿਆ। ਉਨ੍ਹਾਂ ਦੇ ਦਿਲ ਕਿਸੇ ਸੰਭਾਵੀ ਹੋਣੀ ਦੇ ਡਰ ਨਾਲ਼ ਕੰਬੀ ਜਾ ਰਹੇ ਸਨ। ਆਸੇ-ਪਾਸੇ ਦੀ ਹਲਕੀ ਜਿਹੀ ਹਿਲਜੁਲ ਵੀ ਉਨ੍ਹਾਂ ਦੇ ਸਰੀਰ ਸੁੰਨ ਕਰ ਜਾਂਦੀ ਸੀ। ਤਕੀਏ ਦੇ ਬਰਾਬਰ ਤੋਂ ਲੰਘਦਿਆਂ ਕਿਸੇ ਦੇ ਹੂੰਗਣ ਦੀ ਆਵਾਜ਼ ਸੁਣਾਈ ਦਿੱਤੀ। ਕੋਈ ਬਹੁਤ ਹੀ ਮੱਧਮ ਆਵਾਜ਼ 'ਚ ਰੁਕ-ਰੁਕ ਕੇ 'ਹਾਏ' ਕਹਿ ਰਿਹਾ ਸੀ। ਫਜ਼ਲਾ ਤਾਂ ਇਕ ਪਲ ਦੇ ਲਈ ਜਿਉਂ ਬੇਜਾਨ ਹੀ ਹੋ ਗਿਆ। ਉਸਦੇ ਪੈਰ ਇੱਕੋ ਥਾਂ ਜੰਮੇ ਰਹੇ। ਉਹ ਅਹਿੱਲ ਖੜਾ ਰਿਹਾ, ਕਿਸੇ ਬੁੱਤ ਦੇ ਵਾਂਗ।
ਕਮਾਲ ਨੇ ਉਸਨੂੰ ਝੰਜੋੜਿਆ ਤਾਂ ਉਹ ਹੋਸ਼ 'ਚ ਪਰਤਿਆ। ਉਹ ਅੱਭੜਵਾਹੇ ਵਿਲਕਦਾ-ਵਿਲਕਦਾ ਤਕੀਏ ਵਲ ਦੌੜ ਪਿਆ।
"ਹਾਏ ਓਏ ਰੱਬਾ!" ਅੱਬਾ ਦਾ ਕਲਾਵਾ ਭਰ ਕੇ ਉਹ ਜ਼ਾਰੋ-ਜ਼ਾਰ ਰੋਣ ਲੱਗ ਪਿਆ ਸੀ।
"ਫਜ਼ਲਿਆ ਹੋਸ਼ ਕਰ, ਪਾਸੇ ਹੋ, ਘਰ ਲੈ ਚੱਲੀਏ ਤਾਏ ਨੂੰ।" ਕਮਾਲ ਨੇ ਹਕੀਮ ਦੀ ਨਿਢਾਲ ਦੇਹ ਨੂੰ ਕਲਾਵਾ ਭਰ ਕੇ ਮੌਰਾਂ 'ਤੇ ਟਿਕਾ ਲਿਆ ਸੀ। ਉਹ ਤੇਜ਼-ਤੇਜ਼ ਕਦਮਾਂ ਦੇ ਨਾਲ਼ ਪਿੰਡ ਵਲ ਤੁਰ ਪਿਆ। ਫਜ਼ਲਾ ਅੱਬਾ ਦੀਆਂ ਲਮਕਦੀਆਂ ਬਾਹਵਾਂ ਨੂੰ ਬੋਚਦਾ ਪਿੱਛੇ-ਪਿੱਛੇ ਤੁਰ ਰਿਹਾ ਸੀ। ਕਰਮਦੀਨ ਦਾ ਹੂੰਗਣਾ ਵੀ ਬੰਦ ਹੋ ਗਿਆ ਸੀ। ਫਜ਼ਲਾ ਸਾਰੀ ਵਾਟ 'ਅੱਬਾ ਬੋਲ, ਅੱਬਾ ਬੋਲ' ਕਹੀ ਗਿਆ ਸੀ। ਘਰ ਪਹੁੰਚ ਕੇ ਜਦੋਂ ਕਰਮਦੀਨ ਨੂੰ ਮੰਜੇ 'ਤੇ ਉਤਾਰਿਆ ਗਿਆ ਤਾਂ ਉਹ ਪੂਰਾ ਹੋ ਚੁੱਕਾ ਸੀ। ਉਸਦਾ ਬਹੁਤਾ ਲਹੂ ਤਕੀਏ ਦੇ ਪੈਰਾਂ 'ਚ ਤੇ ਬਚਦਾ ਲਹਿਲੀ ਵਲ ਜਾਂਦੇ ਰੇਤੀਲੇ ਰਾਹ 'ਤੇ ਨੁੱਚੜ ਗਿਆ ਸੀ। ਚੀਕ-ਚਿਹਾੜਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਮੁਸਲਮਾਨਾਂ ਦੇ ਦਿਲ ਖ਼ੌਫ ਨਾਲ਼ ਦਹਿਲ ਗਏ ਸਨ। ਮਜ਼੍ਹਬੀ ਤੁਅੱਸਬ ਦੀ ਅੱਗ ਨੇ ਨਾਰੂ ਨੰਗਲ ਦੇ ਦਰਾਂ 'ਤੇ ਦਸਤਕ ਦੇ ਦਿੱਤੀ ਸੀ।
"ਭਾਈਚਾਰੇ ਨਾਲ਼ ਧਰੋਹ ਦਾ ਫਲ਼ ਏ। ਚੋਰੀ-ਚੋਰੀ ਕਾਫਰਾਂ ਦੇ ਜ਼ਖਮਾਂ 'ਤੇ ਮਲ੍ਹਮਾਂ ਲੌਣ ਜਾਂਦਾ ਸੀ। ਸਜ਼ਾ ਪਾ ਲਈ।" ਫਜ਼ਲੇ ਦੀ ਦੁਕਾਨ ਮੂਹਰੇ ਜੁੜੀ ਭੀੜ੍ਹ 'ਚੋਂ ਕਿਸੇ ਨੇ ਇਹ ਆਖਿਆ ਤਾਂ ਬਹੁਤਿਆਂ ਨੇ ਹੁੰਗਾਰਾ ਭਰ ਕੇ ਸਹਿਮਤੀ ਦਿੱਤੀ ਸੀ।
ਕਰਮਦੀਨ ਨੂੰ ਸਪੁਰਦੇ-ਖ਼ਾਕ ਕਰਨ ਸਮਂੇ ਸੱਤਾ ਵੀ ਇਕ ਪਾਸੇ ਖੜ੍ਹਾ ਪੱਗ ਦੇ ਲੜ ਨਾਲ਼ ਅੱਥਰੂ ਪੂੰਝ ਰਿਹਾ ਸੀ।
"ਪਿੱਠ 'ਤੇ ਬੜੇ ਡੂੰਘੇ ਟੱਕ ਆ ਛਵੀਆਂ ਦੇ।" ਕਰਮੂ ਦੀ ਗੱਲ ਸੁਣ ਕੇ ਉਸਨੇ ਨੀਵੀਂ ਪਾ ਲਈ ਸੀ। ਕਬਰਸਤਾਨ ਤੋਂ ਘਰਾਂ ਵਲ ਮੁੜਦਿਆਂ ਪਿੰਡ ਦੀ ਫਿਜ਼ਾ 'ਚ ਜ਼ਹਿਰ ਜਿਹੀ ਘੁਲ਼ ਗਈ ਸੀ। ਹਰ ਬਸ਼ਿੰਦਾ ਸ਼ੱਕ ਤੇ ਖੌਫ ਨਾਲ਼ ਭਰ ਗਿਆ ਸੀ। ਮੁਸਲਮਾਨਾਂ ਦੇ ਦਿਲਾਂ 'ਚ ਗੁੱਸਾ ਤੇ ਰੋਹ ਵੀ ਸੀ। ਸ਼ਾਮ ਤਕ ਇਹ ਅਫਵਾਹ ਫੈਲ ਗਈ ਸੀ ਕਿ ਉਨ੍ਹਾਂ ਨੇ ਘੱਟ ਗਿਣਤੀ ਹਿੰਦੂ ਤੇ ਸਿੱਖਾਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਲਈ ਏ। ਹਿੰਦੂ-ਸਿੱਖਾਂ ਨੇ ਕੀਮਤੀ ਸਾਮਾਨ ਦੀਆਂ ਗੰਠੜੀਆਂ ਬੰਨ੍ਹ ਕੇ ਗੱਡਿਆਂ 'ਤੇ ਲੱਦ ਲਈਆਂ। ਘਰਾਂ ਨੂੰ ਜੰਦਰੇ ਮਾਰ ਕੇ ਉਹ ਨੇੜਲੇ ਪਿੰਡਾਂ ਵਲ ਵਹੀਰਾਂ ਘੱਤਣ ਲੱਗੇ।
"ਭਰਾਵੋ ਤ੍ਹਾਢੇ ਆਸਰੇ ਤਾਂ ਅਸੀਂ ਟਿਕਿਓ ਸੀ। ਤੁਸੀਂ ਵੀ ਛੱਡ ਚੱਲੇ ਓ ਸਾਨੂੰ ਜ਼ਲੀਲ ਤੇ ਕਤਲ ਹੋਣ ਦੇ ਲਈ। ਵਾਸਤਾ ਈ ਨਾ ਕਰੋ ਏਦਾਂ।" ਫ਼ਜ਼ਲੇ ਦੀ ਗੱਲ ਸੁਣ ਕੇ ਕਰਮੂ ਦੀਆਂ ਅੱਖਾਂ ਛਲਕ ਪਈਆਂ।
ਉਹ ਚਾਹੁੰਦੇ ਹੋਏ ਵੀ ਕੁਝ ਬੋਲ ਨਾ ਸਕਿਆ। ਉਸਨੇ ਮੂੰਹ ਘੁੰਮਾ ਕੇ ਬਲ਼ਦ ਹਿੱਕ ਦਿੱਤੇ। ਉਦਾਸ ਤੇ ਨਿਰਾਸ਼ ਫਜ਼ਲਾ ਉਸਨੂੰ ਮੋੜ ਮੁੜਨ ਤਕ ਵੇਖਦਾ ਰਿਹਾ।
ਉਸੇ ਸ਼ਾਮ ਮੀਏਂ ਦੀ ਹਵੇਲੀ 'ਚ ਇਕੱਠ ਹੋਇਆ।
"ਬਸ ਕੀਮਤੀ-ਕੀਮਤੀ ਸਾਮਾਨ ਚੁੱਕੋ। ਦੇਰੀ ਬਿਲਕੁਲ ਨਾ ਕਰਨੀ। ਇਹ ਪਿੰਡ ਹੁਣ ਸਾਡਾ ਨਹੀਂ, ਇਹ ਵਤਨ ਹੁਣ ਸਾਡਾ ਨਹੀਂ। ਇੱਜ਼ਤ-ਅਣਖ ਤੋਂ ਵੱਡੀ ਕੋਈ ਚੀਜ਼ ਨਹੀ। ਧੀਆਂ-ਭੈਣਾਂ ਨੂੰ ਹੱਥੀਂ ਕਤਲ ਕਰ ਦਿਓ। ਕਾਫਰਾਂ ਦੇ ਹੱਥੀਂ ਜ਼ਲੀਲ ਹੋਣ ਲਈ ਨਾ ਛੱਡਿਓ। ਚੌਂਕੀਦਾਰ ਦਾ ਹੋਕਾ ਸੁਣ ਕੇ ਮਸਜਿਦ ਅੱਗੇ ਆ ਜੁੜਨਾ।" ਉਸਦੇ ਬੋਲ ਖੁਸ਼ਕ ਹੁੰਦੇ-ਹੁੰਦੇ ਉਸਦਾ ਸਾਥ ਛੱਡ ਗਏ। ਲੋਕ ਰੋ-ਰੋ ਸਾਮਾਨ ਦੀਆਂ ਗੰਠੜੀਆਂ ਬੰਨ੍ਹਣ ਲੱਗੇ। ਹੋਰ ਘੜੀ ਨੂੰ ਚੌਂਕੀਦਾਰ ਦੇ ਹੋਕੇ ਨੇ ਜੰਮਣ-ਭੋਂ ਨੂੰ ਛੱਡ ਦੇਣ ਦਾ ਐਲਾਨ ਕਰ ਦੇਣਾ ਸੀ। ਰੋਂਦੇ ਲੋਕ ਇਸ ਮਨਹੂਸ ਹੇਕ ਨੂੰ ਡਰਦੇ ਦਿਲਾਂ ਨਾਲ਼ ਉਡੀਕਣ ਲੱਗੇ। ਅਚਾਨਕ ਉਨ੍ਹਾਂ ਨੇ ਢੋਲ ਦੇ ਵੱਜਣ ਦੀ ਆਵਾਜ਼ ਸੁਣੀ। 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ਼ ਅੰਬਰ ਗੂੰਜ ਉਠਿਆ। ਕੁਝ ਦੇਰ ਦੇ ਚੀਕ-ਚਿਹਾੜੇ ਤੋਂ ਬਾਅਦ ਰਾਜਪੂਤਾਂ ਦੀਆਂ ਹਵੇਲੀਆਂ 'ਚੋਂ 'ਅੱਲਾ ਹੂ ਅਕਬਰ' ਦੀਆਂ ਹੇਕਾਂ ਉੱਠਣ ਲੱਗੀਆਂ। ਗੋਲ਼ੀਆਂ ਦੀ ਦਗੜ-ਦਗੜ ਨੇ ਕੁਝ ਦੇਰ ਛਵੀਆਂ ਨੂੰ ਬੌਣਿਆਂ ਕਰੀ ਰੱਖਿਆ। ਪਰ ਹੌਲ਼ੀ-ਹੌਲ਼ੀ ਧਾਵੀ ਹਾਵੀ ਹੁੰਦੇ ਗਏ। ਹੁਣ ਕਦੇ ਕਿਸੇ ਤੇ ਕਦੇ ਕਿਸੇ ਘਰ 'ਚੋਂ ਚੀਕਾਂ ਉਭਰਨ ਲੱਗੀਆਂ। ਪੰਡਤਾਂ ਵਾਲੀ ਖੂਹੀ ਤੇ ਮੀਏਂ ਵਾਲ਼ਾ ਖੂਹ ਲਾਸ਼ਾਂ ਨਾਲ਼ ਭਰ ਗਏ। ਬਹੁਤੇ ਰਾਜਪੂਤਾਂ ਨੇ ਧੀਆਂ ਦੀਆਂ ਸੰਘੀਆਂ ਆਪੇ ਨੱਪ ਦਿੱਤੀਆਂ। ਮੀਆਂ ਗੋਲੀਆਂ ਨਾਲ਼ ਮਾਰਿਆ ਗਿਆ ਤੇ ਬੇਗਮ ਨੇ ਖੂਹ 'ਚ ਛਾਲ ਮਾਰ ਦਿੱਤੀ। ਨਫੀਸਾਂ ਬਿਸਤਰਿਆਂ 'ਚ ਗੰਠੜੀ ਜਿਹੀ ਬਣ ਕੇ ਲੁਕੀ ਰਹੀ। ਇਸ ਰੌਲ਼ੇ-ਗੌਲ਼ੇ 'ਚ ਚੱਬੇਵਾਲੀਆ ਮਿੰਦਰ ਚੁਬਾਰੇ ਦੀਆਂ ਪੌੜੀਆਂ ਚੜ ਗਿਆ। ਨਫੀਸਾਂ ਉਸਦੇ ਹੱਥ ਲੱਗ ਗਈ। ਮਿੰਦਰ ਸੁੰਨ ਹੋਈ ਤੇ ਹੱਥ ਜੋੜਦੀ ਨਫੀਸਾਂ ਦਾ ਕਲ਼ਾਵਾ ਭਰ ਕੇ ਪੌੜੀਆਂ ਉਤਰ ਆਇਆ ਤੇ ਅੱਖ ਦੇ ਫੋਰ 'ਚ ਉਸਨੂੰ ਘੋੜੀ 'ਤੇ ਬਿਠਾ ਕੇ ਹਨੇਰੇ 'ਚ ਅਲੋਪ ਹੋ ਗਿਆ।
"ਕੁੱਤਾ ਭੈਣ ਆਪਣੀ ਦਾ…।" ਧੰਨਾ ਗੁੱਸੇ 'ਚ ਗਰਜਿਆ।
"ਗੁਰੂ ਦਾ ਝੂਠਾ ਸਿੰਘ। ਪਿੱਛਾ ਕਰੋ ਗੱਦਾਰ ਦਾ।"
ਜਥੇਦਾਰ ਦੇ ਹੁਕਮ ਦੀ ਪਾਲਣਾ ਕਰਦਿਆਂ ਬਹੁਤੇ ਮੁੰਡਿਆਂ ਨੇ ਮਿੰਦਰ ਪਿੱਛੇ ਘੋੜੇ ਦੁੜਾ ਲਏ। ਹਮਲੇ ਦੀ ਮਾਰ ਘਟ ਗਈ। ਜਥਾ ਪਿਛਾਂਹ ਵਲ ਪਰਤ ਗਿਆ।
ਹੁਣ ਪਿੰਡ ਮਾਤਮ ਤੇ ਸਹਿਮ 'ਚ ਡੁੱਬਿਆ ਪਿਆ ਸੀ। ਕਿੰਨੇ ਹੀ ਘਰਾਂ 'ਚ ਲਹੂ ਡੁੱਲਿਆ ਪਿਆ ਸੀ। ਜ਼ਖਮੀ ਹੋਏ ਵੀ ਚੁੱਪ-ਚਾਪ ਰੋ ਰਹੇ ਤੇ ਤੜਫ ਰਹੇ ਸਨ।
ਜਿਉਂਦੀਆਂ ਦੇਹਾਂ ਲਾਸ਼ਾਂ ਦੇ ਸਿਰਹਾਣੇ ਚੁੱਪ-ਚਾਪ ਅੱਥਰੂ ਕੇਰ ਰਹੀਆਂ ਸਨ। ਚੀਕਾਂ ਤੇ ਵੈਣ ਤਾਂ ਜਿਉਂ ਵਰਜਿਤ ਸਨ। ਕੁਝ ਹਾਲੇ ਵੀ ਸਹਿਮੇ ਲੁਕੇ ਬੈਠੇ ਸਨ। ਇਕ ਮੁਰਦੇਹਾਣੀ ਸ਼ਾਂਤੀ ਨੇ ਸਾਰਾ ਪਿੰਡ ਬੁੱਕਲ 'ਚ ਲੈ ਲਿਆ ਸੀ।
+++
ਅੱਧੀ ਕੁ ਰਾਤੇ ਇਕ ਦਰਦੀਲੀ ਤੇ ਤਰਲਿਆਂ ਨਾਲ਼ ਭਰੀ ਆਵਾਜ਼ ਨੇ ਸਹਿਮੇ ਤੇ ਦੁਖੀ ਲੋਕਾਂ ਦੇ ਦਿਲ ਕੰਬਾ ਦਿੱਤੇ ਸਨ।
"ਉੱਠੋ ਭਰਾਵੋ ਉੱਠੋ। ਇਹ ਮਾਤਮ ਦਾ ਵੇਲਾ ਨਹੀਂ। ਮੈਂ ਸੱਤਾ ਆਂ ਲੁਹਾਰਾਂ ਦਾ। ਮੈਂ ਲਹਿਲੀਉੱ ਆਇਆਂ ਦੌੜਕੇ। ਵੱਡੇ ਤੜਕੇ ਫਿਰ ਹਮਲਾ ਹੋਣਾ। ਪੱਕੀਆਂ ਸਲਾਹਾਂ ਹੋ ਚੁੱਕੀਆਂ ਨੇ। ਉਠੋ, ਸੰਭਲੋ, ਚੱਕ ਸਾਦੂ ਕੈਂਪ ਪਹੁੰਚੋ।"
ਇਕ ਸਿੱਖ ਦੀ ਕਿਸੇ ਵੀ ਗੱਲ ਦਾ ਲੋਕਾਂ ਯਕੀਨ ਨਾ ਕੀਤਾ। ਬਹੁਤਿਆਂ ਨੂੰ ਇਹ ਧੰਨੇ ਦੇ ਜਥੇ ਦੀ ਕੋਈ ਚਾਲ ਹੀ ਲੱਗੀ।
"ਉਏ ਫਜ਼ਲਿਆ, ਤੂੰ ਹੀ ਉੱਠ ਜੇ ਜਿਉਂਦਾ ਏ ਤਾਂ। ਸਮਝਾ ਸਾਰਿਆ ਨੂੰ। ਰਾਤ ਮੁੱਕਣ ਤੋਂ ਪਹਿਲਾਂ-ਪਹਿਲਾਂ ਸਾਰੇ ਮੁਕਾ ਦੇਣੇ ਆਂ ਉਨ੍ਹਾਂ ਸਾਰੇ। ਓਏ ਕੁੰਡਾ ਤਾਂ ਖ੍ਹੋਲ।" ਸੱਤੇ ਦੀ ਕੜਕਦੀ ਆਵਾਜ਼ ਇਕ ਬਚਕਾਨਾ ਜਿਹੀ ਲੇਰ ਬਣ ਕੇ ਰਹਿ ਗਈ। ਫਜ਼ਲਾ ਉਠਿਆ। ਮਾਂ ਤੇ ਭੈਣਾਂ ਨੇ ਦਰ ਨਾ ਖੋਲ੍ਹਣ ਲਈ ਵਾਸਤੇ ਪਾਏ।
"ਅੱਗੇ ਘੱਟ ਧੋਖਾ ਖਾਧਾ ਅਸੀਂ ਇਨ੍ਹਾਂ ਸਿੱਖੜਿਆਂ ਕੋਲੋਂ! ਮਿੰਨਤ ਨਾਲ਼ ਦਰ ਨਾ ਖ੍ਹੋਲੀਂ। ਹੋਰ ਨਹੀਂ ਤਾਂ ਜਵਾਨ-ਜਹਾਨ ਭੈਣਾਂ ਦਾ ਈ ਖਿਆਲ ਕਰ।"
ਫਜ਼ਲਾ ਗਲੀ 'ਚ ਆ ਗਿਆ। ਉਹ ਤੇ ਸੱਤਾ ਗਲੀਗਲੀ ਦੌੜ ਕੇ ਆਵਾਜ਼ਾਂ ਮਾਰਦੇ ਰਹੇ।
ਫਜ਼ਲੇ ਦੀ ਆਵਾਜ਼ ਸੁਣ ਕੇ ਖੌਫ ਤੇ ਦੁੱਖਾਂ ਨਾਲ਼ ਸੁੰਨ ਹੋਈਆਂ ਦੇਹਾਂ 'ਚ ਹਿਲਜੁਲ ਹੋਈ। ਉਹ ਉੱਠੀਆਂ ਮੋਏ ਪਤੀ, ਪਤਨੀ, ਪੁੱਤਰ, ਧੀ ਤੇ ਮਾਂ ਦੀਆਂ ਲਾਸ਼ਾਂ ਕੋਲੋਂ। ਉਨ੍ਹਾਂ ਦੇ ਅਹਿੱਲ ਮੁੱਖ ਚੁੰਮ ਕੇ। ਉਨ੍ਹਾਂ ਨੂੰ ਕਫਨ-ਦਫਨ ਦੇ ਬਗੈਰ ਛੱਡ ਕੇ ਤੁਰ ਜਾਣ ਲਈ ਮੁਆਫੀਆਂ ਮੰਗ ਕੇ। ਉਨ੍ਹਾਂ ਨੇ ਕੰਬਦੇ ਹੱਥਾਂ ਨਾਲ਼ ਬਚੇ-ਖੁਚੇ ਸਾਮਾਨ ਦੀਆਂ ਗੰਠੜੀਆਂ ਚੁੱਕੀਆਂ ਤੇ ਤੁਰ ਪਈਆਂ ਘਰਾਂ ਨੂੰ ਆਖਰੀ ਸਲਾਮ ਕਹਿ ਕੇ, ਚੁਗਾਠਾਂ ਨੂੰ ਚੁੰਮ ਕੇ, ਸਰਦਲਾਂ 'ਤੇ ਅੱਥਰੂ ਚੁਆ ਕੇ। ਉਹ ਥੱਕੇ-ਟੁੱਟੇ ਕਦਮਾਂ ਦੇ ਨਾਲ਼ ਗਲੀਆਂ 'ਚ ਆਉਂਦੀਆਂ ਗਈਆਂ ਤੇ ਹੌਲੀਹੌਲੀ ਮਸਜਿਦ ਮੂਹਰਲੇ ਪਿੱਪਲ ਹੇਠ ਇੱਕਠੀਆਂ ਹੁੰਦੀਆਂ ਗਈਆਂ। ਦੁੱਖਾਂ ਨੇ ਉਨ੍ਹਾਂ ਦੇ ਗਲੇ ਹੰਝੂਆਂ ਨਾਲ਼ ਭਰ ਦਿੱਤੇ ਸਨ। ਉਹ ਅਬੋਲ ਇਕ-ਦੂਜੇ ਦੇ ਗਲੇ ਲੱਗ ਕੇ ਡੁਸਕ ਰਹੀਆਂ ਸਨ। ਧੜੱਲੇਦਾਰ ਰਾਜਪੂਤਾਂ ਦੇ ਸਿਰ ਅੱਜ ਮੋਚੀਆਂ ਤੇ ਮਰਾਸੀਆਂ ਦੇ ਮੋਢਿਆਂ 'ਤੇ ਟਿਕੇ ਹੋਏ ਸਨ। ਦੁੱਖਾਂ-ਭਰੇ ਸਿਰਾਂ ਨੂੰ ਜਿਉਂ ਜਾਤ-ਔਕਾਤ ਵਾਲਾ ਸਬਕ ਹੀ ਭੁੱਲ ਗਿਆ ਹੋਵੇ।
ਦੁਖੀਆਂ ਦਾ ਇਹ ਕਾਫਲਾ ਸੱਤੇ ਤੇ ਫਜ਼ਲੇ ਦੇ ਪਿੱਛੇ ਲੱਗ ਤੁਰਿਆ। ਇਕ ਅਣ-ਚਾਹੇ, ਅਣ-ਮੰਗੇ ਤੇ ਅਣ-ਦੇਖੇ ਵਤਨ ਦੇ ਵਲ। ਪਹੁ ਫੁੱਟਣ ਤੋਂ ਪਹਿਲਾਂ ਉਹ ਚੱਕ ਸਾਦੂ ਕੈਂਪ ਪਹੁੰਚ ਗਏ ਸਨ। ਉਥੇ ਉਨ੍ਹਾਂ ਦੀ ਹਿਫਾਜ਼ਤ ਲਈ ਬਲੋਚੀ ਰਜਮੰਟ ਸੀ। ਪਿੰਡ ਵਲ ਪਰਤਦਿਆਂ, ਸੱਤੇ ਨੂੰ ਇਉਂ ਲੱਗ ਰਿਹਾ ਸੀ, ਜਿਉਂ ਉਹ ਕਿਸੇ ਥੇਹ ਜਾਂ ਕਬਰਸਤਾਨ ਵਲ ਜਾ ਰਿਹਾ ਹੋਵੇ। ਪਿੰਡ ਦੀ ਜਾਨ ਨੂੰ ਤਾਂ ਉਹ ਆਪ ਮੂਹਰੇ ਲੱਗ ਕੇ ਛੱਡ ਆਇਆ ਸੀ, ਕਿਧਰੇ ਦੂਰ, ਬਹੁਤ ਦੂਰ ਚਲੇ ਜਾਣ ਦੇ ਲਈ। ਧੰਨੇ ਦਾ ਜਥਾ ਉੱਜੜੇ ਹੋਏ ਪਿੰਡ ਨੂੰ ਲੁੱਟ ਰਿਹਾ ਸੀ।
"ਮੁਸਲਿਆਂ ਨੂੰ ਕੀਹਨੇ ਸੂਹ ਦਿੱਤੀ ਆ? ਪਤਾ ਲੱਗ ਜਾਏ ਓਸ ਕੌਮ ਦੇ ਗੱਦਾਰ ਦਾ। ਗੁਰੂ ਦੀ ਸਹੁੰ, ਕੁੱਤੇ ਦੀ ਮੌਤ ਮਾਰਾਂਗੇ ਓਸ ਮਾਂ ਆਪਣੀ ਦੇ…।" 'ਸਿੰਘ' ਅੱਗ ਬਬੂਲਾ ਹੁੰਦੇ ਜਾ ਰਹੇ ਸਨ। ਮਿਹਰਦੀਨ ਲੰਬੜ ਦਾ ਸਾਰਾ ਘਰ ਲਾਸ਼ਾਂ ਨਾਲ਼ ਭਰਿਆ ਪਿਆ ਸੀ। ਉਸ ਦੀ ਇਕਲੌਤੀ ਮੁਟਿਆਰ ਧੀ ਚੌਂਕੇ ਦੇ ਓਟੇ ਕੋਲ ਲੁੜਕੀ ਪਈ ਸੀ। ਰਾਤੀਂ ਕਿਸੇ ਧਾਵੀ ਨੇ ਬਰਛਾ ਉਸਦੀ ਛਾਤੀ ਦੇ ਆਰ-ਪਾਰ ਕਰ ਦਿੱਤਾ ਸੀ।
"ਓਏ ਹਰਾਮਜ਼ਾਦਿਓ! ਇਹ ਕੀ ਗਲਤੀ ਕਰਤੀ ਤੁਸਾਂ। ਵਾਰ ਕਰਨ ਲੱਗੇ ਚਿਹਰਾ-ਮੋਹਰਾ ਤਾਂ ਦੇਖ ਲਿਆ ਕਰੋ।" ਧੰਨੇ ਨੇ ਮੋਈ ਕੁੜੀ ਦੇ ਚਿਹਰੇ 'ਤੇ ਪੋਲਾ-ਪੋਲਾ ਹੱਥ ਫੇਰਿਆ। ਉਸ ਦੀ ਨਿਗਾਹ ਕੁਝ ਪਲ ਲਈ ਕੁੜੀ ਦੇ ਉਭਾਰਾਂ 'ਤੇ ਟਿਕੀ ਰਹੀ। ਦੁਪਹਿਰੋਂ ਬਾਅਦ ਜੱਟਾਂ ਨੇ ਗੱਡਿਆਂ 'ਤੇ ਸਾਮਾਨ ਲੱਦ ਕੇ ਆਪੋ-ਆਪਣੇ ਪਿੰਡਾਂ ਵਲ ਮੋੜੇ ਪਾ ਦਿੱਤੇ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਤੇ ਗੱਲਾਂ 'ਚ ਇਕ ਚਾਅ ਜਿਹਾ ਸੀ।
"ਰਾਤੀਂ ਫੇ ਕਿਹੜੇ ਪਿੰਡ ਨਿਉਂਦਾ ਆ?" ਬਠੁੱਲੇ ਵਾਲ਼ੇ ਜਗਤੇ ਨੇ ਜਿਆਣੀਏ ਸੰਤੇ ਨੂੰ ਪੁੱਛਿਆ।
"ਭੁੱਲੇਆਲ ਰਾਠਾਂ ਈ ਬਚਿਆ ਹੁਣ ਤਾਂ। ਬੜੀਆਂ ਮਾਲਦਾਰ ਸਾਮੀਆਂ ਆ ਓਸ ਪਿੰਡ। ਨਾਲ਼ੇ ਧੰਨੇ ਦਾ ਤਾਂ ਚੁੱਲੇ ਨਿਉਂਦਾ ਏ ਰਾਤੀਂ।" ਸੰਤਾ ਬੋਲਿਆ।
"ਉਹ ਕਿੱਦਾਂ ਸੰਤਿਆ।"
"ਮੀਏਂ ਦੀ ਤਿਤਲੀ ਨੂੰ ਤਾਂ ਲੈ ਗਿਆ ਮਿੰਦਰ। ਵੱਡੇ ਰਾਠ ਦੀਆਂ ਤਿੰਨ ਧੀਆਂ। ਇਕ ਤੋਂ ਇਕ ਚੜ੍ਹਦੀ।
"ਧੰਨੇ ਨੇ ਉਨ੍ਹਾਂ 'ਚੋਂ ਸੋਹਣੀ ਛਾਂਟ ਕੇ ਘਰ ਵਸੌਣਾ।"
ਸੰਤੇ ਨੇ ਹੱਸ ਕੇ ਗੱਲ ਮੁਕਾਈ। ਨਾਰੂ ਨੰਗਲ ਤੋਂ ਗਏ ਹਿੰਦੂਸਿੱਖ ਦੂਸਰੇ ਦਿਨ ਵਾਪਸ ਪਰਤ ਆਏ। ਸੱਤੇ ਨੇ ਮੂਹਰੇ ਹੋ ਕੇ ਸਾਰੀਆਂ ਲਾਸ਼ਾਂ ਨੂੰ ਸਪੁਰਦੇ-ਖ਼ਾਕ ਕੀਤਾ ਸੀ। ਮੀਏਂ ਦੀ ਦੇਹ 'ਤੇ ਮਿੱਟੀ ਪਾਉਂਦਿਆਂ ਉਸ ਦਾ ਸਿਰ ਚਕਰਾ ਗਿਆ ਸੀ।
"ਕਿੰਨਾ ਰੋਹਬ ਸੀ, ਕਿੰਨੀ ਟ੍ਹੌਰ, ਕਿੰਨੀ ਜ਼ਮੀਨ ਤੇ ਕਿੰਨੀ ਇੱਜ਼ਤ। ਬਸ ਏਡੀ ਕੁ ਖੇਡ ਆ ਜ਼ਿੰਦਗੀ ਦੀ। ਵਾਹ ਨ੍ਹੀਂ ਕੁਜਰਤੇ! ਮੰਨ ਗਏ ਤੇਰੇ ਰੰਗਾਂ ਨੂੰ।" ਉਸ ਦੀ ਅੱਖ 'ਚੋਂ ਟਪਕ ਕੇ ਅੱਥਰੂ ਟੋਏ 'ਚ ਪਏ ਮੀਏਂ ਦੀ ਹਿੱਕ 'ਤੇ ਜਾ ਡਿੱਗੇ ਸਨ।
+++
ਹੌਲ਼ੀ-ਹੌਲ਼ੀ ਜਨੂੰਨੀ ਪੌਣਾਂ ਨੇ ਰੁਮਕਣਾ ਬੰਦ ਕਰ ਦਿੱਤਾ ਸੀ। ਅੰਬਰ ਤੱਕ ਉਡੀ ਧੂੜ ਮੁੜ ਧਰਤੀ 'ਤੇ ਬੈਠ ਗਈ ਸੀ।
ਰੌਲ਼ਿਆਂ ਦੀ ਵੱਤਰ ਸਾਂਭਣ ਵਾਲ਼ੇ ਜੱਟਾਂ ਨੇ ਜ਼ਮੀਨ ਦੀ ਵੱਤਰ ਸਾਂਭਣ ਦੇ ਲਈ ਹਲ਼ਾਂ ਦੀਆਂ ਮੁੰਨੀਆਂ ਫੜ੍ਹ ਲਈਆਂ। ਲੁੱਟ ਦੇ ਮਾਲ ਨਾਲ਼ ਭਰੇ ਘਰਾਂ ਦਾ ਚਾਅ ਉਨ੍ਹਾਂ ਨੂੰ ਥੱਕਣ ਹੀ ਨਹੀਂ ਸੀ ਦਿੰਦਾ। ਨਾਰੂ ਨੰਗਲ 'ਚ ਰਾਜਪੂਤਾਂ ਦੀਆਂ ਜ਼ਮੀਨਾਂ ਸਾਂਭਣ ਵਾਲ਼ੇ ਵੀ ਆਣ ਪਹੁੰਚੇ ਸਨ:ਸਿਆਲਕੋਟੀਏ ਭਿੰਡਰ, ਕਲੇਰ ਤੇ ਬਾਜਵੇ। ਕੁਝ ਬਾਹਮਣ ਵੀ ਆਏ, ਜੱਟਾਂ ਵਾਂਗ ਹੀ ਖੇਤੀ ਕਰਨ ਵਾਲ਼ੇ ਤੇ ਪੂਰੇ ਖਰਾਂਟ। ਇਨ੍ਹਾਂ 'ਨਵਿਆਂ' ਦੀਆਂ ਤਾਂ ਕੁੜੀਆਂ ਹੀ ਸੈਣੀ ਤੇ ਲੁਬਾਣਿਆਂ ਦੇ ਮੁੰਡਿਆਂ ਨੂੰ ਖੰਘਣ ਤੱਕ ਨਾ ਦਿੰਦੀਆਂ।
'ਨਵਿਆਂ' ਦੀ ਬੋਲੀ, ਵੇਸ ਤੇ ਕੰਮਕਾਰ ਜੱਦੀ ਬਸ਼ਿੰਦਿਆਂ ਨੂੰ ਓਪਰੇ-ਓਪਰੇ ਤੇ ਅਨੋਖੇ ਲੱਗਦੇ।
"ਜਿਹੜੇ ਚਲੇ ਗਏ ਉਹ ਚੰਗੇ ਸੀ।" ਕੋਈ ਉਦਾਸ ਸੁਰ 'ਚ ਆਖਦਾ।
"ਸੱਚ ਆਖਿਆ, ਬਹੁਤ ਚੰਗੇ।" ਹਰ ਕੋਈ ਹੁੰਗਾਰਾ ਭਰਦਾ।
"ਸਾਲਿਆਂ ਰੌਲਿਆਂ ਨੇ ਚੰਗੇ-ਚੰਗੇ ਸਾਥੋਂ ਖੋਹ ਲਏ।"
ਕੋਈ ਵਿਗੋਚੇ 'ਚ ਆਖਦਾ।
"…ਤੇ ਆਹ ਵੱਢ-ਖਾਣੇ ਸਾਡੇ ਪੱਲੇ ਪਾ ਦਿੱਤੇ।" ਕੋਈ ਦੂਸਰਾ ਕੁੜੱਤਣ ਨਾਲ਼ ਆਖਦਾ ਤਾਂ ਬਹੁਤੇ ਸਹਿਮਤੀ 'ਚ ਸਿਰ ਮਾਰਦੇ। ਸਿਆਲਕੋਟੀਆਂ ਨੇ ਮਸਜਿਦ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਾਜਮਾਨ ਕਰ ਦਿੱਤੀ ਸੀ। ਲੁਹਾਰਾਂ ਤੇ ਲੁਬਾਣਿਆਂ ਦਾ ਗੁਰਦੁਆਰਾ ਪਹਿਲਾਂ ਤੋਂ ਸੀ। ਇਸ ਨਵੇਂ ਗੁਰਦੁਆਰੇ ਦਾ ਨਾਂ 'ਮਸਜਿਦ ਆਲਾ ਗੁਰਦੁਆਰਾ' ਪੈ ਗਿਆ। ਤੁਰ ਗਿਆਂ ਦੀਆਂ ਨਿਸ਼ਾਨਿਆ ਤੇ ਨਾਵਾਂ ਨੂੰ ਮੇਟਣਾ ਏਡਾ ਸੌਖਾ ਨਹੀਂ ਸੀ। ਨਾ ਤਾਂ ਜ਼ੁਬਾਨਾਂ ਤੋਂ ਜ਼ਿਕਰ ਟੁੱਟਦੇ ਸਨ ਤੇ ਨਾ ਹੀ ਚੇਤਿਆਂ 'ਚੋਂ ਸੂਰਤਾਂ ਖੁਰਦੀਆਂ ਸਨ। ਸੰਤਾ ਸਿੰਘ ਕਈ ਵਾਰ ਉਲਾਂਭਾ ਦਿੰਦਿਆਂ ਆਖਦਾ ਕਿ ਮੀਏਂ ਵਾਲ਼ੇ ਖੇਤਾਂ ਨੂੰ ਉਸ ਵਾਲ਼ੇ ਮੁਰੱਬੇ ਆਖਿਆ ਜਾਵੇ। ਇਸ ਤਰ੍ਹਾਂ ਦਾ ਗਿਲ੍ਹਾ ਕੌੜਾ ਮੱਲ ਝਾਂਗੀ ਨੂੰ ਵੀ ਸੀ ਕਿ ਉਸ ਦਾ ਘਰ ਹਾਲੇ ਵੀ ਦਿਲਸ਼ਾਦ ਵਾਲ਼ਾ ਚੁਬਾਰਾ ਸੀ। ਸ਼ੇਰ ਮੁਹੰਮਦ ਵਾਲ਼ੀ ਹਵੇਲੀ ਚਾਰ ਦਹਾਕਿਆਂ ਬਾਅਦ ਵੀ ਚੰਨਣ ਸਿੰਘ ਬਾਜਵੇ ਦੇ ਨਾਂ ਨਾਲ਼ ਨਹੀਂ ਸੀ ਜੁੜੀ। ਹੰਸੇ ਬਾਹਮਣ ਦੇ ਵਿਹੜੇ 'ਚ ਖੜ੍ਹੀ ਨਿੰਮ ਅੱਜ ਵੀ ਮੁਸਤਫੇ ਵਾਲ਼ੀ ਨਿੰਮ ਸੀ।
"ਚਾਲ਼ੀ ਸਾਲ ਹੋ ਗਏ ਇਹਦੀ ਛਾਂ ਮਾਣਦਿਆਂ, ਇਹ ਸਾਡੀ ਨਹੀਂ ਜੇ ਹੋਈ।" ਹੰਸੇ ਬਾਹਮਣ ਦਾ ਮੁੰਡਾ ਦੁਖੀ ਮਨ ਨਾਲ਼ ਆਖਦਾ। ਇਵੇਂ ਹੀ 'ਮੀਏਂ ਵਾਲ਼ੀ ਕੋਠੀ' ਤੇ 'ਹਕੀਮ ਕੀ ਦੁਕਾਨ' ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਸਨ।
+++
ਇਨ੍ਹਾਂ ਦਿਨਾਂ ਦੀ ਗੱਲ ਹੈ। ਗਰਮੀਆਂ ਦੀ ਰੁੱਤ ਦੀ ਸ਼ੁਰੂਆਤ ਸੀ। ਨਾਰੂ ਨੰਗਲ ਦੇ ਅੰਬਾਂ ਨੂੰ ਬੂਰ ਪੈ ਰਿਹਾ ਸੀ। ਇਕ ਸ਼ਾਮ, ਅੱਡੇ 'ਤੇ ਇਕ ਵੱਖਰੀ ਜਿਹੀ ਦਿੱਖ ਵਾਲ਼ਾ ਓਪਰਾ ਜਿਹਾ ਵਿਅਕਤੀ ਮਿੰਨੀ ਬੱਸ ਤੋਂ ਉਤਰਿਆ। ਉਸਦੇ ਹੱਥ 'ਚ ਸੂਟਕੇਸ ਸੀ। ਲੰਬਾ ਕੱਦ, ਪਤਲਾ ਸਰੀਰ, ਕਤਰੀ ਹੋਈ ਬੱਗੀ ਦਾੜ੍ਹੀ, ਗੋਰਾ-ਨਿਛੋਹ ਰੰਗ ਤੇ ਮੋਟੀਆਂ-ਕਾਲੀਆਂ ਅੱਖਾਂ ਵਾਲ਼ੇ ਇਸ ਸ਼ਖਸ ਨੇ ਚਿੱਟੀ ਪੱਗ ਤੇ ਸਲਵਾਰ-ਕਮੀਜ਼ ਪਾਈ ਹੋਈ ਸੀ। ਇਹ ਜਦੋਂ ਪਿੰਡ ਦੇ ਬਾਜ਼ਾਰ 'ਚ ਆਇਆ ਤਾਂ ਹਰ ਕੋਈ ਹੈਰਾਨੀ-ਭਰੇ ਧਿਆਨ ਨਾਲ਼ ਵੇਖ ਰਿਹਾ ਸੀ।
ਆਲੇ-ਦੁਆਲੇ ਨੂੰ ਗਹੁ ਨਾਲ਼ ਵੇਖ ਕੇ ਤੁਰਦਾ ਉਹ ਇਕ ਦੁਕਾਨ ਮੂਹਰੇ ਰੁਕ ਗਿਆ। ਦੁਕਾਨਦਾਰ ਮੁੰਡੇ ਨੇ ਉਸਨੂੰ ਗਾਹਕ ਸਮਝਦਿਆਂ ਆਵਾਜ਼ ਦਿੱਤੀ। ਉਹ ਉਦਾਸ ਚਿਹਰਾ ਲਈ ਥੱਕੇ ਜਿਹੇ ਕਦਮਾਂ ਨਾਲ਼ ਦੁਕਾਨ ਦਾ ਦਰ ਲੰਘ ਗਿਆ।
'ਉਹੀ ਲਕੜੀ ਦਾ ਬੂਹਾ, ਉਹੀ ਕੰਧਾਂ ਤੇ ਉਹੀ ਰੋਸ਼ਨਦਾਨ, ਪਰ ਇਨਸਾਨ ਬਦਲ ਗਏ।' ਇਹ ਸੋਚਦਿਆਂ ਉਸਦਿਆਂ ਅੱਖਾਂ ਛਲਕ ਪਈਆਂ।
"ਦੱਸੋ ਜੀ ਕੀ ਚਾਹੀਦੈ?"
ਉਸਨੂੰ ਹਮੇਸ਼ਾ ਦੇ ਲਈ ਆਪਣਾ ਪਿੰਡ ਚਾਹੀਦਾ ਸੀ, ਆਪਣਾ ਨਾਰੂ ਨੰਗਲ।
"ਕੀ ਵਿਖਾਵਾਂ?" ਮੁੰਡੇ ਨੇ ਕੱਪੜਿਆਂ ਦੇ ਥਾਨ ਨੂੰ ਹੱਥ ਪਾਉਂਦਿਆਂ ਪੁੱਛਿਆ।
ਉਹ ਵੇਖਣਾ ਚਾਹੁੰਦਾ ਸੀ ਉਹ ਸਾਰੇ ਚਿਹਰੇ ਜਿਨ੍ਹਾਂ ਨੂੰ ਵੇਖੇ ਬਗੈਰ ਵਕਤ ਨਹੀਂ ਸੀ ਗੁਜ਼ਰਦਾ।
"ਕੁਝ ਤਾਂ ਲਵੋ ਤੁਹਾਡੀ ਆਪਣੀ ਦੁਕਾਨ ਏਂ।"
ਉਸਦੇ ਦਿਲ ਦਾ ਰੁੱਗ ਭਰਿਆ ਗਿਆ। ਉਹ ਦੁਕਾਨ 'ਚੋਂ ਨਿਕਲ ਕੇ ਤੇਜ਼-ਤੇਜ਼ ਕਦਮਾਂ ਨਾਲ਼ ਸੱਤੇ ਦੇ ਘਰ ਵਲ ਤੁਰ ਪਿਆ।
"ਅੱਲਾ ਕਰੇ ਉਹ ਜਿਉਂਦਾ ਹੋਵੇ।" ਹਰ ਕਦਮ ਨਾਲ਼ ਉਸਦੇ ਦਿਲ ਦੀ ਧੜਕਨ ਤੇਜ਼ ਹੋ ਰਹੀ ਸੀ।
ਸੱਤੇ ਕੇ ਕਾਰਖਨੇ ਵਾਲ਼ੀ ਥਾਂ 'ਤੇ ਆਟੇ ਵਾਲ਼ੀ ਚੱਕੀ ਚਲ ਰਹੀ ਸੀ। ਸਾਹਮਣਲੇ ਤੌੜ 'ਚ ਖੜੇ ਸ਼ਹਿਤੂਤ ਦੀ ਛਾਵੇਂ ਡੱਠੇ ਅਲ੍ਹਾਣੇ ਮੰਜੇ 'ਤੇ ਪਿਆ ਬਜ਼ੁਰਗ ਕਿਸੇ ਡੂੰਘੀ ਸੋਚ 'ਚ ਉਤਰਿਆ ਪਿਆ ਸੀ। ਆਉਣ ਵਾਲ਼ਾ ਕੁਝ ਦੇਰ ਮੰਜੇ ਦੇ ਸਿਰ੍ਹਾਣੇ ਖੜ੍ਹ ਕੇ ਉਸਨੂੰ ਪਛਾਣਦਾ ਰਿਹਾ।
"ਸੱਤਿਆ!" ਉਹ ਮੰਜੇ 'ਤੇ ਥੋੜ੍ਹਾ ਝੁਕਦਿਆਂ ਬੋਲਿਆ।
"ਕੌਣ?" ਐਨਕ ਦੇ ਮੋਟੇ ਸ਼ੀਸ਼ਿਆਂ 'ਚੋਂ ਦੀ ਝਾਕਦਾ ਸੱਤਾ ਉਠ ਕੇ ਬੈਠ ਗਿਆ।
"ਉਹ ਏਡੀ ਛੇਤੀਂ ਭੁੱਲ ਗਿਆਂ ਲੁਹਾਰਾ, ਸਾਨੂੰ ਹੱਥੀਂ ਰੁਖਸਤ ਕਰਕੇ।"
ਇਹ ਗੱਲ ਸੁਣ ਕੇ ਸੱਤਾ ਉਠ ਖੜਾ ਹੋ ਗਿਆ।
"ਬੱਲੇ ਬਈ ਬੱਲੇ! ਫਜ਼ਲਿਆ ਤੂੰ? ਆਹ ਤਾਂ ਕਮਾਲਾਂ ਹੋ ਗਈਆਂ ਯਾਰਾ। ਮੈਂ ਤਾਂ ਆਸ ਈ ਮੁਕਾ ਛੱਡੀ ਸੀ।"
ਸੱਤੇ ਨੇ ਫਜ਼ਲੇ ਨੂੰ ਕਲ਼ਾਵੇ 'ਚ ਲੈ ਲਿਆ। ਉਹ ਚੁੱਪਚਾਪ ਖੜੇ ਰਹੇ। ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਕਿਰਦੇ ਰਹੇ। ਜਦੋਂ ਉਨ੍ਹਾਂ ਦੀਆਂ ਬਾਹਵਾਂ ਖੁੱਲੀਆਂ ਤਾਂ ਇਕ ਨਿੱਕੀ ਜਿਹੀ ਭੀੜ ਉਨ੍ਹਾਂ ਦੇ ਦੁਆਲੇ ਜੁੜੀ ਪਈ ਸੀ। ਬੱਚਿਆਂ ਨੇ ਗਲੀਆਂ 'ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ।
"ਚੱਕੀ ਆਲਿਆਂ ਦੇ ਇਕ ਸਲਵਾਰ ਵਾਲ਼ਾ ਭਾਈ ਆਇਆ।"
"ਪਿੰਡ 'ਚ ਇਕ ਮੁਸਲਮਾਨ ਆਇਆ।"
"ਲੁਹਾਰਾਂ ਦੇ ਪਾਕਿਸਤਾਨੀ ਆਇਆ।"
ਰਾਤ ਤੱਕ ਚੱਕੀ 'ਤੇ ਇਕ ਮੇਲਾ ਜਿਹਾ ਲੱਗਿਆ ਰਿਹਾ। ਲੋਕ ਆਉਂਦੇ ਰਹੇ ਜਾਂਦੇ ਰਹੇ। ਹਾਲ-ਚਾਲ ਪੁੱਛਦੇ ਰਹੇ, ਦੱਸਦੇ ਰਹੇ।…ਤੇ ਫਜ਼ਲੇ ਨੂੰ ਘਰ ਆਉਣ ਦਾ ਨਿਉਂਦਾ ਦਿੰਦੇ ਰਹੇ।
"ਫਿਕਰ ਨਾ ਕਰੋ ਭਰਾਵੋ। ਮੈਂ ਪੰਜ-ਸੱਤ ਦਿਨ ਇੱਥੇ ਈ ਆਂ। ਅਸੀਂ ਰੋਜ਼ ਮਿਲਾਂਗੇ। ਰੱਜ-ਰੱਜ ਗੱਲਾਂ ਕਰਾਗੇ। ਇਹ ਮੇਰਾ ਆਪਣਾ ਗਰਾਂ ਆ। ਮੈਂ ਹਰ ਘਰ ਆਵਾਂਗਾ।" ਫਜ਼ਲਾ ਹਰੇਕ ਨੂੰ ਇਹੋ ਜਿਹਾ ਜਵਾਬ ਦਿੰਦਾ ਰਿਹਾ। ਸੱਤਾ ਤੇ ਫਜ਼ਲਾ ਵੱਡੀ ਰਾਤ ਤੱਕ ਗੱਲਾਂ ਕਰਦੇ ਰਹੇ। ਫਜ਼ਲੇ ਨੇ ਪੂਰੀ ਵਿਥਿਆ ਸੁਣਾਈ। ਦੁੱਖ, ਸੰਤਾਪ ਤੇ ਗੁਰਬਤ ਭਰੀ ਵਿਥਿਆ। ਚੱਕ ਸਾਦੂ ਕੈਂਪ ਤੋਂ ਲਾਹੌਰ ਤੱਕ ਦੇ ਸਫਰ ਦੌਰਾਨ, ਮੌਤ ਦੇ ਕੀਤੇ ਨੰਗੇ ਦਰਸ਼ਣਾਂ ਦੀ ਵਿਥਿਆ। ਬਿਗਾਨੀ ਥਾਂ ਤੇ ਬਿਗਾਨੇ ਲੋਕਾਂ 'ਚ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਦੀ ਵਿਥਿਆ। ਉਸਨੇ ਕਈ ਵਾਰ ਅੱਖਾਂ ਪੂੰਝੀਆਂ। ਫਿਰ ਇਕ ਲੰਮੀ ਚੁੱਪ ਦੇ ਬਾਅਦ ਉਹ ਮਾਣ ਜਿਹੇ 'ਚ ਬੋਲਿਆ, "ਹੁਣ ਲਹੌਰ ਦੇ ਵਧੀਆ ਬਾਜ਼ਾਰ 'ਚ ਆਪਣੀ ਦੁਕਾਨ ਆ ਸੱਤਿਆ। ਦੋਹਾਂ ਮੁੰਡਿਆਂ ਨੇ ਬੜਾ ਸੋਹਣਾ ਕੰਮ ਸੰਭਾਲ ਲਿਆ ਆ। ਧੀ ਆਪਣੇ ਘਰ ਆ। ਬੜੀ ਖੁਸ਼ ਆ। ਚਾਰ ਰੁਪਏ ਵੀ ਆ ਸੁੱਖ ਨਾਲ਼। ਥੋੜ੍ਹਾ ਆਰਾਮ ਵੀ ਮਿਲਿਆ ਅੱਲਾ ਦੇ ਕਰਮ ਨਾਲ਼।"
"ਹਕੀਮੀ ਨਹੀਂ ਕਰਦੇ ਫੇ ਅੱਜ ਕਲ੍ਹ?"
"ਐਵੇਂ ਮਾੜੀ-ਮੋਟੀ। ਮਲ੍ਹਮ ਤਾਂ ਮੈਂ ਹੁਣ ਵੀ ਬਣਾਉਂਦਾ। ਬੜੀ ਦੂਰੋਂ-ਦੂਰੋਂ ਆਉਂਦੇ ਆ ਲੋਕ ਜ਼ਖਮ ਲੈ ਕੇ।
ਸੱਤਿਆ, ਇਕ ਦੋ ਡਾਕਟਰ ਤਾਂ ਬੜੇ ਈ ਪਿੱਛੇ ਪਇਓ ਆ। ਲੱਖਾਂ ਰੁਪਈਆਂ ਦਾ ਲਾਲਚ ਦਿੰਦੇ ਆ ਅਖੇ ਮਲ੍ਹਮ ਦਾ ਨੁਸਖਾ ਦੇ ਦਿਓ। ਲੋਕਾਂ ਦੀ ਛਿੱਲ ਲਾਹੁਣੀ ਚਾਹੁੰਦੇ ਆ। ਵਪਾਰੀ ਲੋਕ!" ਸੱਤਾ ਮੁਸਕਾ ਪਿਆ।
"ਪੰਜ-ਸੱਤ ਮਲ੍ਹਮ ਦੀਆਂ ਡੱਬੀਆਂ ਮੈਂ ਪਿੰਡ ਵਾਸੀਆਂ ਲਈ ਵੀ ਲੈ ਕੇ ਆਇਆਂ।" ਇਹ ਕਹਿ ਕੇ ਫਜ਼ਲਾ ਹਲਕਾ ਜਿਹਾ ਹੱਸ ਪਿਆ, ਪਰ ਸੱਤੇ ਦੀਆਂ ਅੱਖਾਂ ਛਲਕ ਆਈਆਂ।
ਉਹ ਸੋਚਦਾ ਰਿਹਾ ਸੀ ਕਿ ਪੰਜ-ਸੱਤ ਡੱਬੀਆਂ ਨਾਲ਼ ਕੀ ਬਣਨਾ? ਜ਼ਖਮਾਂ ਨਾਲ਼ ਤਾਂ ਦਿਲ ਭਰੇ ਪਏ ਆ। ਗੁਰੂ-ਘਰ 'ਤੇ ਹਮਲਾ, ਦਿੱਲੀ ਦੀ ਕਤਲੋਗਾਰਤ, ਨਿਰਦੋਸ਼ ਹਿੰਦੂਆਂ ਦੇ ਕਤਲ ਤੇ ਝੂਠੇ ਪੁਲਿਸ ਮੁਕਾਬਲੇ…। ਫਜ਼ਲਾ ਤਾਂ ਮਲ੍ਹਮ ਬਣਾਉਂਦਾ ਥੱਕ ਜਾਏ। ਇਹਨੂੰ ਕੀ ਪਤਾ ਕਿ ਕਿੰਨਾ ਜ਼ਖਮੀ ਹੋਇਆ ਪਿਆ ਏ ਪੰਜਾਬ। ਪੰਜਾਬ ਕਾਹਨੂੰ ਪੂਰੇ ਦੇਸ਼ ਤੇ ਸੰਸਾਰ ਦਾ ਇਹੋ ਹਾਲ ਆ।
ਅਗਲੀ ਸਵੇਰ ਫਜ਼ਲਾ ਸੂਰਜ ਉਗਣ ਤੋਂ ਪਹਿਲਾਂ ਹੀ ਘਰੋਂ ਨਿਕਲ ਤੁਰਿਆ। ਉਹ ਹਰ ਘਰ ਦਾ ਮਹਿਮਾਨ ਸੀ। ਉਸ ਨੂੰ ਦਰਾਂ 'ਤੇ ਤੇਲ ਚੁਆ ਕੇ ਅੰਦਰ ਲੰਘਾਇਆ ਜਾਂਦਾ। ਮੰਜੇ ਉਤੇ ਅਣਲੱਗ ਚਾਦਰ ਵਿਛਾਈ ਜਾਂਦੀ। ਮਰਦ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਉਸ ਕੋਲ਼ ਬੈਠੇ ਰਹਿੰਦੇ। ਵਧੀਆ ਤੋਂ ਵਧੀਆ ਪਕਵਾਨ ਪਰੋਸੇ ਜਾਂਦੇ। ਅਤਿ-ਸਤਿਕਾਰ ਦੀਆਂ ਇਨ੍ਹਾਂ ਘੜੀਆਂ 'ਚ ਫਜ਼ਲੇ ਨੂੰ ਨਾ ਚਾਹੁੰਦੇ ਹੋਏ ਵੀ ਉਹ ਮਨਹੂਸ ਰਾਤ ਯਾਦ ਆ ਜਾਂਦੀ, ਜਦ ਉਸਨੂੰ ਇਸ ਜਾਨ ਤੋਂ ਪਿਆਰੇ ਪਿੰਡ ਤੋਂ ਜਾਨ ਬਚਾ ਕੇ ਭੱਜਣਾ ਪਿਆ ਸੀ।
"ਵਾਹ ਓਏ ਸਮਿਆ ਤੇਰੇ ਰੰਗ।" ਇਹ ਸੋਚਦਿਆਂ ਉਸਦੀਆਂ ਅੱਖਾਂ 'ਚ ਅੱਥਰੂਆਂ ਦੀ ਇਕ ਹਲਕੀ ਜਿਹੀ ਪਰਤ ਉਭਰ ਆਉਂਦੀ।
"ਮਾਫ ਕਰੀ, ਬਸ ਸਮਿਆਂ ਤੇ ਦੁੱਖਾਂ ਦੀਆਂ ਮਜਬੂਰੀਆਂ ਸੀ। ਮੈਂ ਆਖਰੀ ਸਮੇਂ ਤੇਰੇ ਨਾਲ਼ ਕੁਝ ਵੀ ਨਹੀਂ ਸਾ ਬੋਲ ਸਕਿਆ। ਉਹ ਮੰਜ਼ਰ ਮੈਂ ਕਦੇ ਵੀ ਨਾ ਭੁਲਾ ਸਕਿਆ। ਤੂੰ ਮੈਨੂੰ ਉਵੇਂ ਦਿਸਦਾ ਰਿਹਾ, ਗੱਡੇ ਕੋਲ਼ ਖੜਾ।" ਕਰਮੂ ਸੈਣੀ ਬੱਚਿਆ ਵਾਂਗ ਹਟਕੋਰੇ ਭਰਨ ਲੱਗ ਪਿਆ ਸੀ।
"ਕਿੰਨੇ ਦਿਨਾਂ ਪਿੱਛੋਂ ਮੁੜੇ ਸੀ ਫੇ ਉਦੋਂ?" ਫਜ਼ਲੇ ਨੇ ਗੱਲ ਹੋਧਰੇ ਪਾਉਂਦਿਆਂ ਪੁੱਛਿਆ ਸੀ।
"ਦੂਜੇ ਈ ਦਿਨ।"
"ਦੇਖ ਲੈ ਕਰਮੂਆਂ ਅਸੀਂ ਚਾਲ਼ੀ ਸਾਲ ਕੱਟ ਲਏ। ਬਸ ਮੈਂ ਜਾਂ ਮੇਰਾ ਰੱਬ ਈ ਜਾਣਦਾ ਕਿੱਦਾਂ।" ਫਜ਼ਲੇ ਦਾ ਗੱਚ ਭਰ ਆਇਆ।
+++
ਰਾਤ ਜਦੋਂ ਸੱਤਾ ਤੇ ਫਜ਼ਲਾ ਮੰਜਿਆਂ 'ਤੇ ਲੰਮੇ ਪੈ ਗਏ ਤਾਂ ਫਜ਼ਲੇ ਨੇ ਪੁੱਛਿਆ, "ਸੱਤਿਆ ਉਹ ਕਿਹੜੀ ਗੱਲ ਸੀ, ਜਿਹਨੇ ਜਾਨ ਤੋਂ ਪਿਆਰੇ ਮਿੱਤਰਾਂ ਨੂੰ ਜਾਨ ਦੇ ਦੁਸ਼ਮਣ ਬਣਾ ਦਿੱਤਾ ਸੀ।"
ਸੱਤਾ ਕੁਝ ਦੇਰ ਸੋਚਦਾ ਰਿਹਾ।
"ਬਸ ਕਮ-ਅਕਲੀ ਈ ਆਖ ਲੈ। ਕਈ ਚੀਜ਼ਾਂ ਈ ਰਲ਼ ਜਾਂਦੀਆਂ, ਜਦੋਂ ਬੰਦੇ ਦੀ ਬੁੱਧ ਭ੍ਰਿਸ਼ਟ ਹੋਣੀ ਹੋਵੇ।"
"ਐਂ ਕਰ ਤੂੰ ਆਪਣੇ ਬਾਰੇ ਈ ਦੱਸ। ਤੂੰ ਕਿਉਂ ਤੁਰ ਗਿਆ ਸੀ ਛਵੀਆਂ ਚੰਡਣ?"
ਸੱਤਾ ਧੁਰ ਅੰਦਰ ਤੱਕ ਕੰਬ ਗਿਆ। ਫਜ਼ਲੇ ਕੋਲ਼ੋਂ ਅਜਿਹੇ ਪ੍ਰਸ਼ਨ ਦੀ ਆਸ ਉਸਨੂੰ ਬਿਲਕੁਲ ਹੀ ਨਹੀਂ ਸੀ। ਉਹ ਕੁਝ ਦੇਰ ਅਤੀਤ ਦੇ ਧੁੰਦਲਕੇ 'ਚੋਂ ਖਿੱਲਰੇ ਹੋਏ ਵੇਰਵੇ ਇਕੱਠੇ ਕਰਦਾ ਰਿਹਾ। ਫਿਰ ਉਹ ਹਲਕਾ ਜਿਹਾ ਖੰਘ ਕੇ ਬੋਲਿਆ, "ਲੈ ਕੇ ਤਾਂ ਉਹ ਹੋਰ ਬਹਾਨੇ ਗਏ ਸੀ। ਗੁਰੂਆਂ ਤੇ ਸਿੰਘਾਂ 'ਤੇ ਮੁਸਲਮਾਨਾਂ ਦੇ ਜ਼ੁਲਮਾਂ ਤੇ ਜ਼ਿਆਦਤੀਆਂ ਦੇ ਕਿੱਸੇ ਸੁਣਾ ਕੇ ਜਜ਼ਬਾਤੀ ਜਿਹੇ ਕਰ ਲਿਆ। ਬਸ ਮੈਂ ਅੰਨ੍ਹਾਂ ਜਿਹਾ ਹੋ ਗਿਆ ਸੀ ਐਵੇਂ।" ਉਹ ਚੁੱਪ ਕਰਕੇ ਫਜ਼ਲੇ ਦੇ ਹੁੰਗਾਰੇ ਦੀ ਉਡੀਕ ਕਰਨ ਲੱਗਾ। ਫਜ਼ਲਾ ਕੁਝ ਨਾ ਬੋਲਿਆ।
"ਜਦੋਂ ਮੇਰੇ ਸੱਟ ਵੱਜੀ ਤਾਂ ਕੌਮ ਦੇ ਸਰਦਾਰਾਂ ਕੋਲੋਂ ਇਕ ਲੀਰ ਵੀ ਨਾ ਸਰੀ। ਮੇਰੀ ਹੀ ਪੱਗ ਸਿਰ ਤੋਂ ਲਾਹ ਕੇ ਲਪੇਟ ਦਿੱਤੀ। ਲੈ ਕੇ ਤਾਂ ਘੋੜੀ 'ਤੇ ਗਏ ਸੀ, ਨਕਾਰਾ ਹੋ ਗਿਆ ਤਾਂ ਉਵੇਂ ਤੋਰ ਦਿੱਤਾ ਪੀੜ ਨਾਲ਼ ਕਰਾਹੁੰਦੇ ਨੂੰ। ਸਾਰੀ ਵਾਟ ਲਹੂ ਨੁੱਚੜਦਾ ਰਿਹਾ, ਮੈਂ ਕਰਾਹੁੰਦਾ ਰਿਹਾ।" ਸੱਤਾ ਦੇਰ ਚੁੱਪ ਰਿਹਾ।
"ਜਦੋਂ ਚਾਚੇ ਨੇ ਭਾਈਚਾਰੇ ਤੋਂ ਚੋਰੀ-ਚੋਰੀ ਆਣ ਕੇ ਮੇਰੇ ਮਲ੍ਹਮ-ਪੱਟੀ ਕੀਤੀ ਤਾਂ ਮੈਨੂੰ ਭਾਈ ਘਨ੍ਹਈਆ ਜੀ ਯਾਦ ਆਏ। ਚਾਚਾ ਮੈਨੂੰ ਗੁਰੂ ਦਾ ਸੱਚਾ ਸਿੰਘ ਲੱਗਿਆ। ਜੇ ਚਾਚੇ ਦੇ ਬਰੋਬਰ ਧੰਨਾ ਸਿੰਘ ਜਿਹੇ 'ਸਿੱਖ' ਤਕੜੀ 'ਚ ਪਾ ਕੇ ਤੋਲੇ ਜਾਂਦੇ ਤਾਂ ਸੱਚੀਂ ਹਲਕੇ ਪੈ ਜਾਂਦੇ।" ਸੱਤੇ ਦੇ ਬੋਲ ਭਾਰੇ ਹੋ ਗਏ।
ਫਜ਼ਲੇ ਨੂੰ ਅੱਬਾ ਯਾਦ ਆਇਆ ਜੋ ਨੇੜੇ ਹੀ ਕਿਤੇ ਕਿਸੇ ਕਬਰ 'ਚ ਸੁੱਤਾ ਪਿਆ ਸੀ। ਉਹ ਮਾਣ ਨਾਲ਼ ਭਰ ਗਿਆ। ਦੂਜੀ ਸਵੇਰ ਅੱਖ ਖੁੱਲ੍ਹਦੇ ਸਾਰ ਹੀ ਫਜ਼ਲੇ ਨੇ ਸੱਤੇ ਕੋਲੋਂ ਪੁਛਿਆ, "ਮੀਏਂ ਦਾ ਤਾਂ ਸਾਰਾ ਪਰਿਵਾਰ ਈ ਮਾਰਿਆ ਗਿਆ ਸੀ ਨਾ?"
"ਨਹੀਂ।" ਇਸ ਨਿੱਕੇ ਜਿਹੇ ਜਵਾਬ ਨੇ ਫਜ਼ਲੇ ਦਾ ਦਿਲ ਕੰਬਾ ਦਿੱਤਾ।
"ਮੀਆਂ ਤੇ ਬੇਗਮ ਤਾਂ ਮਾਰੇ ਗਏ ਸਨ। ਨਫੀਸਾ ਹੈਗੀ ਆ। ਚੱਬੇਵਾਲ ਵੱਸਦੀ ਆ ਕਿਸੇ ਜੱਟ ਦੇ।"
ਸੱਤੇ ਨੇ ਤਾਂ ਸਹਿਜ-ਭਾਵ ਹੀ ਕਿਹਾ ਸੀ, ਪਰ ਫਜ਼ਲੇ ਦੇ ਦਿਲ ਦਾ ਰੁੱਗ ਭਰਿਆ ਗਿਆ। ਉਹ ਉਠ ਕੇ ਬੈਠ ਗਿਆ ਤੇ ਠੰਡਾ ਹਉਕਾ ਭਰਦਿਆਂ ਬੋਲਿਆ, "ਸੱਤਿਆ ਮੈਂ ਮਿਲਣਾ ਚਾਹੁੰਦਾ ਆਂ ਨਫੀਸਾ ਨੂੰ।"
ਸੱਤੇ ਨੇ ਆਪਣੇ ਪੁੱਤਰ ਅਮੋਲਕ ਸਿੰਘ ਨੂੰ ਆਵਾਜ਼ ਮਾਰ ਕੇ ਕੋਲ਼ ਬਿਠਾ ਲਿਆ। ਅਮੋਲਕ ਚੱਬੇਵਾਲ ਨੇੜਲੇ ਕਿਸੇ ਪਿੰਡ ਦੇ ਸਕੂਲ 'ਚ ਸਾਇੰਸ ਮਾਸਟਰ ਸੀ।
"ਕਾਕਾ ਧਿਆਨ ਨਾਲ਼ ਸੁਣ। ਚੱਬੇਆਲ ਦੇ ਲਹਿੰਦੇ ਪਾਸੇ, ਚੌਧਰੀ ਸਰਦਾਰੇ ਦੇ ਘਰ ਕੋਲ਼, ਜਿੱਥੇ ਪੰਡਤਾਂ ਦੀ ਛੱਤੀਉ ਖੂਹੀ ਆ। ਉਹਦੇ ਸੱਜੇ ਹੱਥ, ਡੇਕ ਆਲ਼ੇ ਘਰ ਜਾਣਾ ਆ ਤੂੰ। ਮਿੰਦਰ ਸਿੰਘ ਜੱਟ ਦਾ ਘਰ ਆ ਉਹ। ਉਹਦੇ ਘਰੋਂ ਆ ਨਫੀਸਾਂ। ਏਸ ਪਿੰਡ ਦੀ ਧੀ। ਸੱਚ ਕੋਈ ਹੋਰ ਨਾਂ ਰੱਖਿਆ ਹੋਣਾ ਉਹਨੇ। ਉਹਨੂੰ ਆਖੀਂ ਫਜ਼ਲਾ ਆਇਆ, ਹਕੀਮਾਂ ਦਾ, ਪਾਕਿਸਤਾਨੋਂ, ਤੈਨੂੰ ਮਿਲਣਾ ਚਾਹੁੰਦਾ। ਸਾਇਕਲ ਪਿੱਛੇ ਬਿਠਾਲ ਲਿਆਈ, ਜੇ ਮੰਨੇ ਤਾਂ।"
ਸੱਤਾ ਪੁੱਤਰ ਨੂੰ ਸਮਝਾਉਂਦਾ ਰਿਹਾ ਤੇ ਫਜ਼ਲਾ ਅੱਖਾਂ ਬੰਦ ਕਰਕੇ ਅਤੀਤ ਵਲ ਪਰਤਦਾ ਗਿਆ।
ਖਿੜਕੀ 'ਚੋਂ ਝਾਕਦਾ ਇਕ ਖੂਬਸੂਰਤ ਚਿਹਰਾ, ਥੱਪੜਾਂ ਦੀ ਗੂੰਜ, ਸੰਤਾਲੀ ਦੀ ਕਤਲੋ-ਗਾਰਤ ਤੇ ਲੰਬੇ ਵਿਛੋੜੇ।
ਦੁਪਹਿਰੋਂ ਬਾਅਦ ਦੱਸੀਆਂ ਨਿਸ਼ਾਨੀਆਂ ਮੇਲਦਾ ਅਮੋਲਕ ਧਰੇਕ ਵਾਲ਼ੇ ਘਰ ਅੱਗੇ ਪਹੁੰਚ ਗਿਆ। ਧਰੇਕ ਛਾਵੇਂ ਡੱਠੇ ਮੰਜੇ 'ਤੇ ਇਕ ਬਜ਼ੁਰਗ ਆਦਮੀ ਬਿਮਾਰਾਂ ਵਾਂਗ ਨਿਢਾਲ ਪਿਆ ਸੀ। ਨੇੜਲੀ ਮੰਜੀ 'ਤੇ ਬੈਠੀ ਔਰਤ ਉਸਨੂੰ ਪੱਖੀ ਝੱਲ ਰਹੀ ਸੀ। ਦਸਤਕ ਸੁਣਦਿਆਂ ਉਹ ਉਠ ਪਈ ਤੇ ਦਰਾਂ ਵਲ ਆਉਂਦਿਆਂ ਬੋਲੀ, "ਕੌਣ ਆ ਵੇ ਭਾਈ?"
ਉਚੀ-ਲੰਬੀ, ਤਿੱਖੇ ਨੈਣ-ਨਕਸ਼, ਮੋਟੀਆਂ ਨੀਲੀਆਂ ਅੱਖਾਂ, ਗੋਰੇ ਨਿਛੋਹ ਰੰਗ ਤੇ ਗਠਵੇਂ ਸਰੀਰ ਵਾਲ਼ੀ ਕੋਈ ਪਚਵੰਜਾ-ਸੱਠ ਸਾਲਾਂ ਦੀ ਔਰਤ ਦਰਾਂ 'ਚ ਆਣ ਖੜੀ ਹੋਈ।
"ਤੁਹਾਡਾ ਈ ਨਾਂ ਨਫੀਸਾਂ ਆ ਬੀਬੀ ਜੀ?" ਇਸ ਸਵਾਲ ਨੇ ਔਰਤ ਨੂੰ ਕੰਬਾ ਕੇ ਰੱਖ ਦਿੱਤਾ।
"ਨਾ ਪੁੱਤਰਾ ਮੈਂ ਤਾਂ ਜੋਗਿੰਦਰ ਕੌਰ ਆਂ।" ਨਫੀਸਾਂ 'ਤੇ ਪਿਛਲੇ ਚਾਲ਼ੀ ਸਾਲਾਂ ਤੋਂ ਕਾਬਜ਼ ਹੋਈ ਜੋਗਿੰਦਰ ਕੌਰ ਦੇ ਬੋਲ ਥਿੜਕ ਗਏ।
"ਮੈਂ ਨਾਰੂ ਨੰਗਲੋਂ ਆਇਆ ਸੀ ਸੁਨੇਹਾ ਲੈ ਕੇ। ਘਰ ਤਾਂ ਇਹੀ ਦੱਸਿਆ ਸੀ। ਚੰਗਾ ਜੀ ਮਾਫ ਕਰਨਾ।"
ਅਮੋਲਕ ਪਿਛਾਂਹ ਹਟਣ ਲੱਗਾ ਤਾਂ ਔਰਤ ਦੀਆਂ ਅੱਖਾਂ 'ਚ ਅੱਥਰੂ ਛਲਕ ਆਏ।
"ਆ ਜਾ ਪੁੱਤਰਾ।" ਉਹ ਚੁੰਨੀ ਨਾਲ਼ ਅੱਥਰੂ ਪੂੰਝਦੀ ਬੋਲੀ।
"ਤੂੰ ਸੁਨੇਹਾ ਦੇ ਪੁੱਤਰਾ, ਮੈਂ ਉਹੀ ਆਂ ਜਿਹਦਾ ਨਾਂ ਨਹੀਂ ਲੈਣਾ।"
"ਪਾਕਿਸਤਾਨੋਂ ਫਜ਼ਲਾ ਚਾਚਾ ਆਇਆ ਹਕੀਮਾ ਦਾ। ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਤੁਹਾਨੂੰ ਲੈਣ ਆਇਆਂ।"
ਔਰਤ ਦਾ ਸਿਰ ਚਕਰਾ ਗਿਆ। ਉਸਨੇ ਡਿਗਣੋਂ ਬਚਣ ਦੇ ਲਈ ਚੁਗਾਠ ਦਾ ਸਹਾਰਾ ਲਿਆ ਤੇ ਕੁਝ ਪਲ ਅਹਿੱਲ ਖੜੀ ਰਹੀ।
"ਆਜਾ ਲੰਘ ਆ ਪੁੱਤਰਾ, ਬਾਹਰ ਕਾਹਤੋਂ ਖੜਾਂ। ਆ ਜਾ ਬਹਿ ਜਾ ਮੰਜੀ 'ਤੇ।" ਉਹ ਥੱਕੇ ਜਿਹੇ ਕਦਮਾਂ ਨਾਲ਼ ਬਜ਼ੁਰਗ ਵਲ ਤੁਰ ਪਈ।
"ਕੌਣ ਆਂ ਜਿੰਦਰ ਕੁਰੇ।" ਬਜ਼ੁਰਗ ਦੀ ਆਵਾਜ਼ 'ਚ ਗੜਕਾ ਕਾਇਮ ਸੀ।
"ਮੁੰਡਾ ਆਇਆ ਨਾਰੂ ਨੰਗਲੋਂ ਸੁਨੇਹਾ ਲੈ ਕੇ। ਮੇਰਾ ਵੀਰਾ ਆਇਆ ਪਾਕਿਸਤਾਨੋਂ।" ਉਸਦਾ ਗੱਚ ਭਰ ਆਇਆ।
"ਅੱਛਾ!" ਬਜ਼ੁਰਗ ਹੈਰਾਨ ਹੋ ਕੇ ਬੋਲਿਆ।
"ਤੇਰਾ ਭਰਾ? ਤੂੰ ਦੱਸਿਆ ਨਹੀਂ ਕਦੇ ਭਾਈ।"
"ਪਿੰਡੋਂ ਆਂ। ਮੇਰੀਆਂ ਸਹੇਲੀਆਂ ਦਾ ਭਰਾ। ਫਜ਼ਲਦੀਨ ਹਕੀਮਾਂ ਦਾ।" ਉਸ ਔਰਤ ਵਿਚਲੀ ਜੋਗਿੰਦਰ ਕੌਰ ਤੇ ਨਫੀਸਾਂ ਆਪੋ ਵਿਚ ਉਲਝ ਪਈਆਂ। ਇਕ ਦਾ ਮੋਹ ਜਾਗਿਆ ਤਾਂ ਦੂਸਰੀ ਜਿਉਂ ਸਫਾਈਆਂ ਦੇਣ ਲੱਗ ਪਈ। ਅਮੋਲਕ ਨੂੰ ਮੰਜੀ 'ਤੇ ਬਿਠਾ ਕੇ ਔਰਤ ਕਮਰੇ ਅੰਦਰ ਚਲੀ ਗਈ।
"ਆਹਾ ਯਾਦ ਆਇਆ! ਕਰਮਦੀਨ ਦਾ ਮੁੰਡਾ।" ਫਿਰ ਅਚਾਨਕ ਉਸਦੀ ਬੰਦਾ ਪਛਾਣਨ ਦੀ ਇਹ ਖੁਸ਼ੀ ਉਦਾਸੀ 'ਚ ਬਦਲ ਗਈ।
"ਦੇਵਤਾ ਬੰਦਾ ਸੀ ਕਰਮਦੀਨ। ਉਦ੍ਹੇ ਸਭ ਨਾਲੋਂ ਵੱਧ ਛਵੀਆਂ ਮੈਂ ਮਾਰੀਆਂ ਸੀ।" ਇਹ ਕਹਿਕੇ ਉਸਨੇ ਨਜ਼ਰ ਅਮੋਲਕ ਦੇ ਚਿਹਰੇ 'ਤੇ ਟਿਕਾ ਦਿੱਤੀ।
"ਦੇਖ ਲੈ ਮੁੰਡਿਆ, ਅੱਜ ਮੰਜੇ 'ਤੇ ਪਏ ਆਂ ਮਿੱਟੀ ਦੀ ਢੇਰੀ ਹੋ ਕੇ। ਕਦੇ ਹਵਾ'ਚ ਉਡਦੇ ਫਿਰਦੇ ਸੀ। ਤੇਰੇ ਪਿੰਡੋਂ ਮੈਂ ਇਹਨੂੰ ਇੱਕੋ ਬਾਂਹ ਨਾਲ਼ ਚੁੱਕ ਕੇ ਘੋੜੀ 'ਤੇ ਸੁੱਟ ਲਿਆਂਦਾ ਸੀ। ਸੌ ਪਿੰਡ 'ਚ ਇਹਦੇ ਅਰਗੀ ਸੋਹਣੀ ਨਹੀਂ ਸੀ ਕੋਈ ਉਦੋਂ। ਸੋਚਿਆ ਤਾਂ ਏਹੋ ਸੀ ਕਿ ਮਜ਼ੇ ਲੁੱਟ ਕੇ ਅਗਾਂਹ ਤੋਰ ਦਿਆਂਗੇ, ਪਰ ਇਹਦੇ ਹੁਸਨ ਨੇ ਮੈਨੂੰ ਕੀਲ ਲਿਆ। ਇਹ ਵੀ ਆਖਣ ਲੱਗੀ ਹੱਥੀਂ ਮਾਰਦੇ, ਥਾਂ-ਕੁਥਾਂ ਖੱਜਲ-ਖੁਆਰ ਹੋਣ ਲਈ ਨਾ ਛੱਡੀਂ।"
ਔਰਤ ਦੇ ਪੈਰਾਂ ਦੀ ਆਵਾਜ਼ ਸੁਣ ਕੇ ਉਹ ਬਿੰਦ ਕੁ ਲਈ ਚੁੱਪ ਕਰ ਗਿਆ। ਔਰਤ ਅਮੋਲਕ ਨੂੰ ਪਾਣੀ ਦਾ ਗਿਲਾਸ ਦੇ ਕੇ ਮੁੜ ਗਈ।
"ਰੱਜ ਕੇ ਸੇਵਾ ਤੇ ਲੋਹੜੇ ਦੀ ਸੇਵਾ ਕੀਤੀ ਆ ਵਿਚਾਰੀ ਨੇ। ਬੜੀ ਨੇਕ ਰੂਹ ਆ ਵਿਚਾਰੀ।"
ਬਜ਼ੁਰਗ ਨੂੰ ਜਿਉਂ ਕੋਈ ਮਸਾਂ-ਮਸਾਂ ਮਿਲਿਆ ਹੋਵੇ ਗੱਲਾਂ ਸੁਣਾਉਣ ਨੂੰ। ਉਸ ਦੀਆਂ ਮਾਣ-ਮੱਤੀਆਂ ਗੱਲਾਂ 'ਚ ਅਚਾਨਕ ਇਕ ਸੋਗ ਆਣ ਰਲਿਆ।
"ਯਾਦ ਰੱਖੀ ਜਵਾਨਾ, ਕਿਸੇ ਨੂੰ ਉਜਾੜ ਕੇ ਕੋਈ ਆਬਾਦ ਨਹੀਂ ਹੋ ਸਕਦਾ। ਦੇਖ ਲੈ ਘਰ ਦਾ ਨਾਲ਼ੇ ਸਾਡਾ ਹਾਲ। ਲੁੱਟੀਆਂ ਸ਼ੈਆਂ 'ਚੋਂ ਇਕ ਜਿੰਦਰ ਕੌਰ ਨੇ ਹੀ ਵਫਾ ਕੀਤੀ ਆ ਬੱਸ। ਚੰਗੇ-ਭਲੇ ਸਿਆੜ ਸੀ, ਐਵੇਂ ਭੋਖੜਾ ਪੈ ਗਿਆ। ਸੰਤਾਲੀ 'ਚ ਤਾਂ ਮੈਂ ਸਾਰਾ ਘਰ ਈ ਭਰ ਲਿਆ ਸੀ। ਚਲੋ ਲੁੱਟੀਆਂ ਚੀਜ਼ਾਂ ਨੇ ਤਾਂ ਝਾਣਾ ਈ ਸੀ, ਨਾਲ਼ ਹੋਰ ਬੜਾ ਕੁਝ ਚਲਾ ਗਿਆ। ਇਕ ਮੁੰਡਾ ਹੋਇਆ ਸੀ ਉਹ ਵੀ ਤੁਰਦਾ ਬਣਿਆ। ਬੱਚੇ ਦੀ ਆਵਾਜ਼ ਸੁਣਨ ਲਈ ਸਾਰੀ ਉਮਰ ਕੰਨ ਤਰਸਦੇ ਰਹੇ।…ਜਦੋਂ ਬੰਦਾ ਅੰਨ੍ਹਾ ਜਿਹਾ ਹੋਇਆ ਹੁੰਦਾ ਏ ਨਾ ਪੁੱਤਰਾ, ਅਕਾਲ ਪੁਰਖ ਉਸਨੂੰ ਦੇਖ ਰਿਹਾ ਹੁੰਦਾ। ਸਮਝ ਨਹੀਂ ਆਉਂਦੀ ਕਿ ਚਲੋ ਮੈਂ ਤਾਂ ਸੌ ਪਾਪ ਕੀਤੇ ਹੋਣਗੇ, ਪਰ ਏਸ ਵਿਚਾਰੀ ਦਾ ਕੀ ਦੋਸ਼ ਸੀ।"
ਬਜ਼ੁਰਗ ਦਾ ਗੱਚ ਭਰ ਆਇਆ। ਉਸਦਾ ਸਿਰ ਕੰਬਣ ਲੱਗ ਪਿਆ। ਕੁਝ ਦੇਰ ਉਸ ਕੋਲੋਂ ਬੋਲਿਆ ਹੀ ਨਾ ਗਿਆ। ਔਰਤ ਆਈ ਤੇ ਅਮੋਲਕ ਨੂੰ ਚਾਹ ਦਾ ਗਿਲਾਸ ਫੜਾ ਕੇ ਬਜ਼ੁਰਗ ਦੇ ਸਿਰਾਹਣੇ ਖੜ੍ਹ ਕੇ ਹੌਲ਼ੀ ਜਿਹੀ ਬੋਲੀ, "ਜਾ ਆਵਾਂ ਫੇ ਜੇ ਤੁਸੀਂ ਆਖੋਂ ਤਾਂ?" ਉਸਦੀ ਆਵਾਜ਼ 'ਚ ਇਕ ਤਰਲਾ ਸੀ।
"ਜਾ ਆ, ਮਿਲ ਆ।"
ਬਜ਼ੁਰਗ ਤੋਂ ਇਜਾਜ਼ਤ ਲੈ ਕੇ ਔਰਤ ਮੁੜ ਦਲਾਨ ਅੰਦਰ ਚਲੀ ਗਈ।
"ਬਸੀ ਜੌੜੇ ਦਾ ਵਾਕਿਆ ਆ ਪੁੱਤਰਾ। ਬੜੀ ਆਲਾ ਜਨਾਨੀ ਸੀ ਪਠਾਣਾਂ ਦੀ। ਕੁੱਛੜ ਉਹਦੇ ਸੱਤ ਕੁ ਮਹੀਨਿਆਂ ਦਾ ਮੁੰਡਾ। ਜੱਟ ਟੁੱਟ ਕੇ ਪੈ ਗਏ। ਧੰਨਾ ਕਹਿਣ ਲੱਗਾ ਆਪਸ 'ਚ ਨਾ ਲੜ ਪਿਓ। ਜਿਹੜਾ ਮੁੰਡਾ ਕੰਧ 'ਚ ਮਾਰੂ, ਜਨਾਨੀ ਉਹਦੀ। ਬਾਕੀ ਤਾਂ ਇਕ ਪਲ ਲਈ ਸੋਚਣ ਲਗ ਪਏ। ਮੈਂ ਅੱਖ ਦੇ ਫੋਰ 'ਚ ਮੁੰਡਾ ਜਨਾਨੀ ਦੀਆਂ ਕੰਬਦੀਆਂ ਬਾਹਵਾਂ 'ਚੋਂ ਧੂਹ ਕੇ, ਲੱਤੋਂ ਫੜਿਆ ਤੇ ਕੰਧ 'ਤੇ ਪਟਕਾ ਮਾਰਿਆ।
"ਓਹ ਹੋ ਹੋ! ਵਿਚਾਰੇ ਦੀ ਲੇਰ ਵੀ ਅੱਧ 'ਚ ਈ ਟੁੱਟ ਗਈ।" ਇਹ ਕਹਿੰਦਿਆ ਬਜ਼ੁਰਗ ਦੇ ਚਿਹਰੇ ਦਾ ਮਾਸ ਝੁਰੜੀਆਂ ਦੀ ਮੁੱਠ ਬਣ ਕੇ ਰਹਿ ਗਿਆ।
"ਮੇਰਾ ਪੁੱਤ ਵੀ ਓਨਾ ਕੁ ਸੀ ਜਦੋਂ ਪੂਰਾ ਹੋਇਆ।"
ਕੰਬਦੀ ਧੌਣ ਘੁੰਮਾ ਕੇ ਉਸਨੇ ਚਿਹਰਾ ਮੈਲ਼ੇ ਜਿਹੇ ਸਿਰਾਹਣੇ 'ਚ ਦੇ ਲਿਆ ਤੇ ਬੱਚਿਆਂ ਵਾਂਗ ਹਟਕੋਰੇ ਭਰਨ ਲੱਗਾ।
ਅਮੋਲਕ ਉਸਨੂੰ ਚੁੱਪ-ਚਾਪ ਵੇਖਦਾ ਰਿਹਾ।
"ਦੇਖੀਂ ਪੁੱਤਰਾ ਮੈਂ ਕੀੜੇ ਪੈ ਕੇ ਮਰਨਾ।" ਹੋਸ਼ 'ਚ ਆਉਂਦਿਆਂ ਉਹ ਥੋੜ੍ਹਾ ਠਰੰਮੇ ਨਾਲ਼ ਬੋਲਿਆ ਤੇ ਧਰੇਕ ਦੀ ਟਾਹਣੀ 'ਤੇ ਪਏ ਆਲ੍ਹਣੇ ਵਲ ਵੇਖਣ ਲੱਗ ਪਿਆ।
"ਘੁੱਗੀ ਦਾ ਆਲ੍ਹਣਾ ਆ। ਇਕ ਕਾਂ ਰੋਜ ਹਮਲਾ ਕਰਦਾ, ਆਂਡੇ ਪੀਣ ਲਈ। ਮੈਂ ਇਹਦੀ ਰਾਖੀ ਕਰਦਾ ਰਹਿੰਦਾਂ ਪੁੱਤਰਾ।" ਉਸਨੇ ਅੱਖਾਂ ਝੁਕਾ ਲਈਆਂ ਤੇ ਬਹੁਤ ਹੀ ਧੀਮੀ ਆਵਾਜ਼ 'ਚ ਸਹਿਜ-ਭਾਵ ਬੋਲਿਆ, "ਮੈਂ ਵੀ ਮਰ ਕੇ ਕਾਂ ਬਣਨਾ।" ਤੇ ਅੱਖਾਂ ਮੀਟ ਕੇ ਡੂੰਘੀਆਂ ਸੋਚਾਂ 'ਚ ਲੱਥ ਗਿਆ।
"ਚੱਲੀਂ ਆਂ ਜੀ ਫੇਰ।" ਔਰਤ ਦੀ ਆਵਾਜ਼ ਸੁਣ ਉਸਨੇ ਤਭਕ ਕੇ ਅੱਖਾਂ ਖੋਹਲੀਆਂ।
"ਜਾ ਆ ਜਿੰਦਰ ਕੁਰੇ। ਇਕ ਤਾਂ ਫਜਲੇ ਕੋਲੋਂ ਮੇਰੇ ਵਲੋਂ ਮਾਫੀ ਮੰਗੀ ਤੇ ਦੂਜਾ ਉਹਨੂੰ ਆਖੀਂ ਕਿ ਜਦੋਂ ਦੇ ਤੁਸੀਂ ਤੁਰ ਗਏ ਓ, ਉਦੋਂ ਤੋਂ ਸਹੁਰੀ ਦੇ ਜ਼ਖਮਾਂ 'ਤੇ ਅੰਗੂਰ ਆਉਣਾ ਈ ਭੁੱਲ ਗਿਆ।" ਇਹ ਕਹਿੰਦਿਆਂ ਉਸਨੇ ਕਚੀਚੀ ਜਿਹੀ ਵੱਟ ਕੇ ਖੱਬੀ ਲੱਤ 'ਤੇ ਲਪੇਟੇ ਕੱਪੜੇ ਤੋਂ ਮੱਖੀਆਂ ਉਡਾਈਆਂ। ਨਾਰੂ ਨੰਗਲ ਵਲ ਜਾਂਦਿਆਂ ਸਾਇਕਲ ਪਿੱਛੇ ਬੈਠੀ ਜੋਗਿੰਦਰ ਕੌਰ ਹੌਲ਼ੀ-ਹੌਲ਼ੀ ਨਫੀਸਾਂ 'ਚ ਰੂਪਾਂਤਰਿਤ ਹੁੰਦੀ ਗਈ। ਉਸਨੇ ਪਿੰਡ ਬਾਰੇ ਪੁੱਛਿਆ। ਸਾਈਕਲ ਸਵਾਰ ਤੇ ਉਸਦੇ ਪਰਿਵਾਰ ਬਾਰੇ ਪੁੱਛਿਆ। ਉਹ ਅੱਬਾ ਦੇ ਰੋਹਬ, ਅੰਬਾਂ ਦੇ ਬਾਗਾਂ, ਸਹੇਲੀਆਂ ਤੇ ਮਾਣੀਆਂ ਬਾਦਸ਼ਾਹਤਾਂ ਦੀਆਂ ਗੱਲਾਂ ਕਰਦੀ ਰਹੀ।
"ਦੇਖ ਲਓ ਸਮਿਆਂ ਦੇ ਰੰਗ! ਕੀ-ਕੀ ਕੌਤਕ ਰਚਾਏ ਵਾਖਰੂ ਨੇ। ਅੱਬਾ ਨੇ ਹਵੇਲੀ ਤੋਂ ਪੈਰ ਨਾ ਬਾਹਰ ਪੌਣ ਦੇਣਾ। ਕਿਤੇ ਬੁਰਕਿਆਂ 'ਚ ਰਹਿਣਾ। ਕਿੱਦਾਂ ਰੁਲਣਾ ਪਿਆ!"
ਇਸ ਗੱਲ ਤੋਂ ਬਾਅਦ ਉਹ ਹੋਰ ਕੋਈ ਗੱਲ ਨਾ ਕਰ ਸਕੀ। ਬਚਦੀ ਵਾਟ ਸਿਸਕੀਆਂ ਭਰਦੀ ਰਹੀ ਤੇ ਅੱਥਰੂ ਪੂੰਝਦੀ ਰਹੀ। ਫਜ਼ਲੇ ਕੋਲ਼ ਪਹੁੰਚ ਕੇ ਹਉਕਿਆਂ ਤੇ ਹਟਕੋਰਿਆਂ 'ਚ ਇਉਂ ਡੁੱਬੀ ਕਿ ਕੁਝ ਦੇਰ ਉਸ ਕੋਲੋਂ ਕੁਝ ਵੀ ਬੋਲਿਆ ਨਾ ਗਿਆ।
ਫਜ਼ਲੇ ਨੇ ਉਸਦੇ ਸਿਰ 'ਤੇ ਹੱਥ ਰੱਖਿਆ ਤਾਂ ਉਸਦੀਆਂ ਧਾਹਾਂ ਨਿਕਲ ਗਈਆਂ।
"ਦੇਖ ਲੈ ਵੀਰਾ!" ਇਹ ਕਹਿ ਕੇ ਉਹ ਫਜ਼ਲੇ ਦੇ ਮੋਢੇ ਨਾਲ਼ ਲੱਗ ਗਈ।
"ਜੋ ਅੱਲਾ ਨੂੰ ਮਨਜ਼ੂਰ ਸੀ ਉਹੀ ਹੋਇਆ। ਹੌਸਲਾ ਰੱਖ।" ਫਜ਼ਲੇ ਨੇ ਦਿਲਾਸਾ ਦਿੰਦਿਆਂ ਬਾਂਹ ਦਾ ਸਹਾਰਾ ਦੇ ਕੇ ਉਸਨੂੰ ਮੰਜੇ 'ਤੇ ਬਿਠਾ ਦਿੱਤਾ।
"ਕਿਹੜਾ ਅੱਲਾ? ਮੈਥੋਂ ਤਾਂ ਅੱਲਾ ਵੀ ਖੋਹ ਲਿਆ ਵਕਤਾਂ ਨੇ।"
ਉਹ ਫਿਰ ਰੋਣ ਲੱਗ ਪਈ। ਸੱਤੇ ਦੀ ਪਤਨੀ ਨੇ ਉਸਨੂੰ ਪਾਣੀ ਦਾ ਗਿਲਾਸ ਫੜਾਇਆ ਤੇ ਕੋਲ਼ ਬੈਠ ਕੇ ਧਰਵਾਸ ਦੇਣ ਲੱਗੀ। ਥੋੜ੍ਹੀ ਦੇਰ ਬਾਅਦ ਉਹ ਸ਼ਾਂਤ ਹੋ ਗਈ ਤੇ ਨਿੱਕੀਆਂਨਿੱਕੀਆਂ ਗੱਲਾਂ ਕਰਨ ਲੱਗ ਪਈ। ਉਸਨੇ ਫਜ਼ਲੇ ਦੀ ਮਾਂ ਅਤੇ ਭੈਣਾਂ ਬਾਰੇ ਪੁੱਛਿਆ। ਪਿੰਡ ਦੇ ਹੋਰਨਾਂ ਵਾਸੀਆਂ ਬਾਰੇ ਪੁੱਛਿਆ।
ਜਦੋਂ ਫਜ਼ਲੇ ਨੇ ਉਸਦੇ ਪਤੀ ਬਾਰੇ ਪੁੱਛਿਆ ਤਾਂ ਉਹ ਬੋਲੀ, "ਫੇਰ ਵੀ ਚੰਗਾ ਨਿਕਲਿਆ ਵੀਰਾ। ਥਾਂ-ਕੁਥਾਂ ਨਹੀਂ ਰੋਲਿਆ। ਪੂਰਾ ਮਾਣ-ਸਤਿਕਾਰ ਦਿੱਤਾ। ਹੁਣ ਤੇ ਮੰਜੇ 'ਤੇ ਪਆ। ਲੱਤ 'ਤੇ ਜੜ੍ਹਾਂ ਵਾਲ਼ਾ ਫੋੜਾ ਨਿਕਲਿਆ ਸੀ, ਵਿਗੜਦਾ ਹੀ ਗਿਆ। ਉਹਨੂੰ ਕੁਸ਼ ਨਾ ਹੋਵੇ ਵੀਰਾ।" ਔਰਤ ਦਾ ਗੱਚ ਭਰ ਆਇਆ।
"ਉਹਦੇ ਬਿਨਾ ਮੇਰਾ ਕੌਣ ਏ ਜੱਗ ਜਹਾਨ 'ਤੇ।" ਫਜ਼ਲਾ ਉਠਿਆ ਤੇ ਕਮਰੇ ਅੰਦਰ ਚਲਾ ਗਿਆ। ਉਹ ਵਾਪਸ ਪਰਤਿਆ ਤਾਂ ਉਸਦੇ ਹੱਥ 'ਚ ਮਲ੍ਹਮ ਦੀ ਡੱਬੀ ਸੀ।
"ਲੈ ਨਫੀਸਾਂ, ਦੋ-ਚਾਰ ਵਾਰ ਲਾਈਂ। ਦੇਖੀਂ ਰਾਮ ਆਉਂਦਾ। ਕਹੇ ਤਾਂ ਮੈਂ ਕੱਲ੍ਹ ਗੇੜਾ ਮਾਰ ਕੇ ਆਪ ਦੇਖ ਲਵਾਂ?"
ਮਲ੍ਹਮ ਦੀ ਡੱਬੀ ਜੋਗਿੰਦਰ ਕੌਰ ਨੇ ਚੁੰਨੀ ਦੇ ਲੜ ਬੰਨ੍ਹਦਿਆਂ ਵਿਚਾਰਿਆਂ ਵਾਂਗ ਬੋਲੀ, "ਗੁੱਸਾ ਨਾ ਕਰੀਂ ਵੀਰਾ, ਚਾਲ਼ੀ ਸਾਲ ਹੋ ਗਏ ਮੈਨੂੰ ਜੱਟੀਆਂ 'ਚ ਜੱਟੀ ਬਣਨ ਦੇ ਲਈ। ਤੂੰ ਆਇਆਂ ਤਾਂ ਲੋਕ ਫਿਰ ਕਬਰਾਂ ਪੁੱਟਣਗੇ, ਮੁਰਦੇ ਉਖਾੜਨਗੇ। ਮੁੜ ਮਿਹਣੇ ਸੁਣਨੇ ਪੈਣਗੇ ਦਰਾਣੀਆਂਜਿਠਾਣੀਆਂ ਤੇ ਹੋਰ ਸ਼ਰੀਕਣਾ ਕੋਲੋਂ। ਦੇਖ ਲੈ ਵੀਰਾ ਨਿਕਰਮੀ ਭੈਣ ਦੀਆਂ ਮਜ਼ਬੂਰੀਆਂ।" ਉਹ ਉਦਾਸ ਹੋ ਕੇ ਚੁੱਪ ਕਰ ਗਈ।
"ਮੈਂ ਸਭ ਸਮਝਦਾਂ। ਤੂੰ ਫਿਕਰ ਨਾ ਕਰ ਨਫੀਸਾਂ। ਅਮੋਲਕ ਪਹੁੰਚਾ ਦਊ ਹੋਰ ਮਲ੍ਹਮ। ਕੁਸ਼ ਨਹੀਂ ਹੁੰਦਾ ਤੇਰੇ ਸਰਦਾਰ ਨੂੰ।" ਫਜ਼ਲੇ ਨੇ ਹੌਸਲਾ ਦਿੰਦਿਆ ਕਿਹਾ।
ਨਫੀਸਾਂ ਨੇ ਫਜ਼ਲੇ ਨੂੰ ਉਸਦੀ ਪਤਨੀ ਤੇ ਬੱਚਿਆ ਦਾ ਹਾਲਚਾਲ ਅਤੇ ਉਨ੍ਹਾਂ ਦੇ ਨਾਵਾਂ ਬਾਰੇ ਪੁੱਛਿਆ।
"ਮੁੰਡਿਆਂ ਦੇ ਦਿਲਸ਼ਾਦ ਤੇ ਬਸ਼ੀਰ, ਤੇ ਧੀ ਦਾ…।"
ਉਹ ਇਕ ਪਲ ਲਈ ਰੁਕਿਆ।
"ਤੇਰੇ ਵਾਲ਼ਾ ਈ ਆ ਨਫੀਸਾਂ।" ਤੇ ਫਜ਼ਲੇ ਨੇ ਸਿਰ ਝੁਕਾ ਲਿਆ।
ਨਫੀਸਾਂ ਉਸਨੂੰ ਧੀ ਦੇ ਨਾਂ ਦਾ ਸਬੱਬ ਤਾਂ ਪੁੱਛਣਾ ਚਾਹੁੰਦੀ ਸੀ, ਪਰ ਉਸਨੂੰ ਅਜਿਹਾ ਕੋਈ ਵੀ ਸਵਾਲ ਸਮੇਂ ਦੇ ਹਾਣ ਦਾ ਨਾ ਲੱਗਿਆ।
"ਕਾਹਨੂੰ ਰੱਖਣਾ ਸੀ ਵੀਰਾ ਏਡਾ ਮਨਹੂਸ ਨਾਂ?" ਉਸਦੀ ਏਸ ਗੱਲ 'ਤੇ ਫਜ਼ਲੇ ਦੀਆਂ ਅੱਖਾਂ ਭਰ ਆਈਆਂ ਤੇ ਉਹ ਕੁਝ ਵੀ ਬੋਲ ਨਾ ਸਕਿਆ।
ਜਦੋਂ ਧਰੇਕ ਦਾ ਪਰਛਾਵਾਂ ਦੂਰੋਂ ਲੰਘਦੀ ਗਲੀ ਤੱਕ ਪਹੁੰਚ ਗਿਆ ਤਾਂ ਨਫੀਸਾਂ ਅੰਦਰਲੀ ਜੋਗਿੰਦਰ ਕੌਰ ਨੂੰ ਪਤੀ ਯਾਦ ਆਇਆ ਤੇ ਯਾਦ ਆਏ ਘਰ ਦੇ ਨਿੱਕੇ-ਮੋਟੇ ਕੰਮ। ਉਹ ਉਠ ਖੜੀ ਹੋਈ। ਫਜ਼ਲੇ ਨੇ ਉਸਦੇ ਸਿਰ 'ਤੇ ਪਿਆਰ ਦਿੰਦਿਆਂ ਗਿਆਰਾਂ ਰੁਪਏ ਦਿੱਤੇ।
"ਵੀਰਾਂ ਕਿਸੇ ਨੂੰ ਵੀ ਨਾ ਦੱਸੀਂ ਕਿ ਮੈਂ ਜੀਂਦੀ ਆਂ। ਐਂ ਕਬਰੀਂ ਪਏ ਅੱਬਾ ਦੀ ਹੱਤਕ ਹਊ।" ਉਹ ਹੰਝੂ ਵਹਾਉਂਦੀ ਅਮੋਲਕ ਦੇ ਸਾਈਕਲ ਪਿੱਛੇ ਬੈਠ ਗਈ। ਉਸਦੇ ਮਨ 'ਚ ਇਕ ਕਾਹਲ਼ ਜਿਹੀ ਸੀ। ਉਸਨੂੰ ਚੁੰਨੀ ਲੜ ਬੱਧੀ ਮਲ੍ਹਮ 'ਤੇ ਪੂਰਾ ਮਾਣ ਸੀ। ਕਦੇ ਉਸਨੇ ਇਸ ਮਲ੍ਹਮ ਦੇ ਨਾਲ਼ ਅੱਬਾ ਦੇ ਜ਼ਖਮ ਨੂੰ ਕਰਾਮਾਤੀ ਢੰਗ ਨਾਲ਼ ਭਰਦੇ ਵੇਖਿਆ ਸੀ।
ਉਹ ਚਾਅ ਜਿਹੇ 'ਚ ਸੋਚਣ ਲੱਗੀ,'ਸਰਦਾਰ ਕੁਝ ਦਿਨਾਂ 'ਚ ਤੁਰਨ-ਫਿਰਨ ਲੱਗ ਪਏਗਾ। ਸੁਬਾਹ-ਸ਼ਾਮ ਮੇਰੇ ਨਾਲ਼ ਗੁਰੂ-ਘਰ ਜਾਇਆ ਕਰੇਗਾ ਤੇ ਕੁਝ ਦਿਨ ਹੋਰ ਪਾ ਕੇ ਉਹ ਖੇਤੀ ਦਾ ਕੰਮ ਮੁੜ ਸੰਭਾਲ ਲਏਗਾ।'
ਅਮੋਲਕ ਨੇ ਉਸਨੂੰ ਉਸਦੇ ਘਰ ਅੱਗੇ ਉਤਾਰਿਆ ਤਾਂ ਗੁਆਂਢਣ ਔਰਤ ਨੇ ਪੁੱਛਿਆ, "ਅੱਜ ਕਿੱਧਰੋਂ ਆਈਂ ਆ ਨੀ ਜਿੰਦਰੋਂ?"
"ਕੁਹਾਰਪੁਰ ਗਈ ਸੀ ਸ਼ਹੀਦਾਂ ਦੇ ਗੁਰਦੁਆਰੇ ਮੱਥਾ ਟੇਕਣ।" ਨਫੀਸਾਂ ਦੇ ਅੰਦਰੋਂ ਜੋਗਿੰਦਰ ਕੌਰ ਨੇ ਜਵਾਬ ਦਿੱਤਾ ਤੇ ਅੰਦਰ ਲੰਘ ਗਈ।
+++
ਉਸ ਸ਼ਾਮ ਫਜ਼ਲਾ ਖੁਸ਼ ਸੀ ਕਿ ਦੁਖੀ, ਇਸ ਗੱਲ ਦਾ ਫੈਸਲਾ ਸ਼ਾਇਦ ਉਹ ਆਪ ਵੀ ਨਹੀਂ ਸੀ ਕਰ ਸਕਦਾ, ਪਰ ਵਰ੍ਹਿਆਂ ਤੋਂ ਸਿਰ 'ਤੇ ਚੁੱਕੇ ਪ੍ਰਸ਼ਨ ਹੋਰ ਬੋਝਲ ਹੋ ਗਏ ਸਨ। ਇਨ੍ਹਾਂ ਦੇ ਉਤਰ ਜਾਣਨ ਦੇ ਲਈ ਹੀ ਉਹ ਪਿੰਡ ਪਰਤਿਆ ਸੀ।
"ਸੱਤਿਆ ਉਹ ਕੌਣ ਸਨ, ਜ੍ਹਿਨਾਂ ਨੇ ਸੰਤਾ ਸਿੰਘ, ਭਾਗ ਮੱਲ ਤੇ ਮੇਰੇ ਜਿਹੇ ਲੱਖਾਂ ਨੂੰ ਉਨ੍ਹਾਂ ਦੀਆਂ ਜੰਮਣ-ਭੋਆਂ ਤੋਂ ਵਿਛੋੜ ਦਿੱਤਾ ਸੀ?"
"ਅੰਗਰੇਜ਼ ਹੋਰ ਕੌਣ!" ਸੱਤੇ ਨੇ ਝੱਟ-ਪਟ ਉੱਤਰ ਦਿੱਤਾ।
"ਨਹੀਂ ਸੱਤਿਆ ਨਹੀਂ। ਜਦੋਂ ਲਾਣੇਦਾਰ ਅਕਲਮੰਦ ਤੇ ਜ਼ੋਰਾਵਰ ਹੋਏ, ਤੇ ਘਰ ਦੇ ਜੀਆਂ ਦੇ ਮਨ ਸਾਫ ਹੋਣ ਤਾਂ ਕਿਸੇ ਬਾਹਰਲੇ ਦੀ ਕੀ ਹਿੰਮਤ ਕਿ ਵਿਹੜੇ 'ਚ ਕੰਧ ਖੜੀ ਕਰ ਦੇਵੇ।"
ਸੱਤਾ ਨਿਰ-ਉੱਤਰ ਹੋ ਗਿਆ।
"ਸੱਤਿਆ ਉਹ ਕਿਹੜੀ ਹਵਾ ਸੀ ਜਿਹਨੇ ਮਨੁੱਖਾਂ ਨੂੰ ਹੈਵਾਨ ਤੋਂ ਵੀ ਬਦਤਰ ਬਣਾ ਦਿੱਤਾ ਸੀ?"
ਸੱਤਾ ਤਾਂ ਚੁੱਪ ਹੀ ਰਿਹਾ, ਪਰ ਕਮਰੇ 'ਚੋਂ ਨਿਕਲ ਕੇ ਫਜ਼ਲੇ ਦੀ ਪੁਆਂਦੀ ਬੈਠਦਿਆਂ ਅਮੋਲਕ ਬੋਲਿਆ,"ਇਸ ਦੇ ਕਿਤੇ ਇੱਕਾ-ਦੁੱਕਾ ਕਾਰਨ ਥੋੜੋ ਸੀ ਚਾਚਾ।"
ਬਜ਼ੁਰਗ ਨੌਜਵਾਨ ਦੀ ਗੱਲ ਧਿਆਨ ਨਾਲ਼ ਸੁਣਨ ਲੱਗੇ। "ਵੱਧ ਖਾਣ, ਪੀਣ ਤੇ ਹੰਢਾਣ ਦਾ ਲੋਭ ਆ ਚਾਚਾ ਜਿਹੜਾ ਬੰਦੇ ਨੂੰ ਵਹਿਸ਼ੀ ਜਿਹਾ ਬਣਾ ਦਿੰਦਾ।"
ਅਮੋਲਕ ਪਲ ਕੁ ਲਈ ਚੁੱਪ ਕਰ ਗਿਆ।
"ਆਮ ਹਾਲਾਤ 'ਚ ਬੰਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ 'ਚ ਇਕ ਬੈਲੇਂਸ ਰੱਖੀ ਤੁਰਦਾ, ਪਰ ਲੀਡਰਾਂ ਦੇ ਨਿੱਜੀ ਮੁਫਾਦਾਂ ਤੇ ਧਾਰਮਿਕ ਆਗੂਆਂ ਦੇ ਕੱਟੜਵਾਦੀ ਰੋਲ ਕਾਰਨ ਬੰਦਾ ਪਹਿਲਾਂ ਤਾਂ ਭੰਬਲਭੂਸੇ 'ਚ ਪੈਂਦਾ, ਫਿਰ ਅਣ-ਮਨੁੱਖੀ ਕੰਮਾਂ 'ਚ ਪੈ ਜਾਂਦਾ। ਇਮਤਿਹਾਨ ਦੀ ਘੜੀ 'ਚ ਸਾਰੇ ਵਿਚਾਰ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਨਿਕਲ ਕੇ ਚੁੱਪ-ਚਾਪ ਧਾਰਮਿਕ ਗ੍ਰੰਥਾਂ ਵਲ ਪਰਤ ਜਾਂਦੇ ਆ। ਬੱਸ ਬੰਦਾ ਪਸ਼ੂਆਂ ਨੂੰ ਵੀ ਸ਼ਰਮਿੰਦਾ ਕਰ ਦਿੰਦਾ।"
"ਇਸ ਸਭ ਕੁਸ਼ ਦਾ ਇਲਾਜ?" ਫਜ਼ਲਾ ਸੱਚ-ਮੁੱਚ ਹੀ ਅਮੋਲਕ ਨੂੰ ਸਿਆਣਾ ਸਮਝਣ ਲੱਗ ਪਿਆ ਸੀ।
"ਧਰਮ ਦੀ ਸਹੀ ਵਿਆਖਿਆ, ਪੜੇ-ਲਿਖੇ ਲੋਕਾਂ ਦਾ ਸਹੀ ਰੋਲ। ਦੂਸਰਿਆਂ ਦੇ ਵਿਚਾਰਾਂ ਤੇ ਵਿਸ਼ਵਾਸਾਂ ਨੂੰ ਮਾਨਤਾ ਦਿੱਤੀ ਜਾਏ। ਇਹ ਸਮਝਿਆ ਜਾਏ ਕਿ ਦੂਸਰਿਆਂ ਨੂੰ ਵੀ ਅੱਗ ਤੋਂ ਸੇਕ ਆਉਂਦਾ। ਉਨ੍ਹਾਂ ਨੂੰ ਵੀ ਆਪਣਿਆਂ ਦੀ ਮੌਤ ਦਾ ਦੁੱਖ ਹੁੰਦਾ। ਬਸ ਆਪਣੇ ਜਿਹਾ ਮੰਨਿਆ ਜਾਏ ਸਾਰਿਆਂ ਨੂੰ।" ਸੱਤਾ ਵੀ ਆਪਣੇ ਪੁੱਤਰ ਦੀ ਸੋਚ 'ਤੇ ਹੈਰਾਨ ਹੋਈ ਜਾ ਰਿਹਾ ਸੀ।
"ਸ਼ਾਵਾ ਪੁੱਤਰਾ! ਬੋਲ।" ਫਜ਼ਲੇ ਦੀ ਗੱਲ ਸੁਣਕੇ ਅਮੋਲਕ ਫਿਰ ਬੋਲਿਆ, "ਬੱਸ ਬੰਦਾ ਪ੍ਰਸ਼ਨ ਕਰ ਸਕੇ। ਐਨਾ ਤਾਂ ਪੁੱਛ ਸਕੇ ਕਿ ਮੈਂ ਕਿਸੇ ਨੂੰ ਕਿਉਂ ਮਾਰਾਂ। ਚਾਚਾ ਏਸ ਪ੍ਰਸ਼ਨ ਨੇ ਹੀ ਸਭ ਦੰਗਿਆਂ ਦੀਆਂ ਜੜਾਂ ਖੋਖਲੀਆਂ ਕਰ ਦੇਣੀਆਂ ਨੇ।" ਇਹ ਕਹਿ ਕੇ ਅਮੋਲਕ ਚੁੱਪ ਕਰ ਗਿਆ।
ਫਜ਼ਲੇ ਨੇ ਸੋਚਿਆ,'ਕਾਸ਼ ਕੋਈ ਧਾੜਵੀਆਂ ਨੂੰ ਪੁੱਛ ਸਕਦਾ ਕਿ ਮੇਰਾ ਅੱਬਾ ਔਰੰਗਜ਼ੇਬ ਨੂੰ ਸਲਾਹਾਂ ਦਿੰਦਾ ਰਿਹਾ ਸੀ। ਅਸਲਮ ਮੋਚੀ ਜਹਾਂਗੀਰ ਦਾ ਵਜ਼ੀਰ ਸੀ ਜਾਂ ਮਿਹਰਦੀਨ ਲੰਬੜ ਜ਼ਕਰੀਆਂ ਖਾਨ ਨਾਲ਼ ਪੜ੍ਹਦਾ ਰਿਹਾ ਸੀ।'
"ਉਹ ਤਾਂ ਠੀਕ ਆ ਪੁੱਤਰਾ, ਪਰ ਅੱਗ ਵਰ੍ਹੀ ਤੇ ਕੌਣ ਪ੍ਰਸ਼ਨ ਕਰਦਾ ਤੇ ਕਿਹੜਾ ਉਤਰ ਦਿੰਦਾ?" ਫਜ਼ਲਾ ਹੌਲ਼ੀ ਜਿਹੀ ਬੋਲਿਆ।
"ਚਾਚਾ, ਇਹ 'ਕਿਉਂ' ਬੱਚਿਆ 'ਚ ਪੈਦਾ ਕੀਤੀ ਜਾਏ। ਇਹ ਮਾਪਿਆਂ ਤੇ ਅਧਿਆਪਕਾਂ ਦਾ ਫਰਜ਼ ਬਣਦਾ ਕਿ ਬੱਚਿਆਂ 'ਚ ਇਕ ਲੌਜਿਕ ਡਿਵੈਲਪ ਕਰਨ। ਉਨ੍ਹਾਂ ਨੂੰ ਅੰਨ੍ਹੀ ਭੀੜ ਦਾ ਹਿੱਸਾ ਨਹੀਂ ਸਗੋਂ ਇਕ ਚੇਤੰਨ ਵਿਅਕਤੀਗਤ ਹੋਂਦ ਬਣਾਇਆ ਜਾਏ। ਜੇ ਆਪਾਂ ਇਹ ਨਾ ਕਰ ਸਕੇ ਤਾਂ ਸੰਤਾਲ਼ੀ ਤੇ ਚੁਰਾਸੀ ਜਿਹੀਆਂ ਮਨਹੂਸ ਘਟਨਾਵਾਂ ਘਟਦੀਆਂ ਰਹਿਣਗੀਆਂ। ਬੱਚਿਆਂ ਨੂੰ ਸੰਭਾਲ਼ ਕੇ ਅਸੀਂ ਦੇਸ਼ ਤੇ ਦੁਨੀਆਂ ਨੂੰ ਸੰਭਾਲ਼ ਸਕਦੇ ਹਾਂ।"
ਅਮੋਲਕ ਦੀ ਇਸ ਗੱਲ ਨੇ ਫਜ਼ਲੇ ਦੇ ਸਿਰ 'ਤੇ ਚਿਰਾਂ ਤੋਂ ਬੋਝ ਬਣੇ ਪ੍ਰਸ਼ਨ ਇਕ ਸੁਖਾਵੀਂ ਜਿਹੀ ਆਸ 'ਚ ਬਦਲ ਦਿੱਤਾ। ਉਸਨੇ ਆਉਣ ਵਾਲੀਆਂ ਨਸਲਾਂ 'ਤੇ ਇਕ ਮਾਣ ਜਿਹਾ ਮਹਿਸੂਸ ਕੀਤਾ।
ਅਗਲੀ ਸਵੇਰ ਫਜ਼ਲਾ ਇਕ ਵਾਰ ਫਿਰ ਮੀਏਂ ਦੀ ਹਵੇਲੀ ਗਿਆ। ਉਸ ਦੇ ਪੈਰ ਉਸ ਥਾਂ ਰੁਕ ਗਏ, ਜਿੱਥੇ ਖੜ੍ਹੇ ਨੂੰ ਨਫੀਸਾਂ ਨੇ ਕਦੇ ਪਿਆਰ ਭਰੀ ਨਜ਼ਰ ਨਾਲ਼ ਤੱਕਿਆ ਸੀ।
"ਬਾਪੂ ਜੀ ਬਾਹਰ ਆਇਓ, ਬਾਬਾ ਜੀ ਆਏ ਜੇ, ਪਾਕਿਸਤਾਨ ਵਾਲ਼ੇ।"
ਉਸਨੇ ਨਜ਼ਰ ਉਠਾਈ ਤਾਂ ਖਿੜਕੀ 'ਚ ਸੰਤਾ ਸਿੰਘ ਦੀ ਪੋਤਰੀ ਖੜੀ ਸੀ। ਉਹ ਖਿੜਖਿੜਾ ਕੇ ਹੱਸ ਪਿਆ, ਪਤਾ ਨਹੀਂ ਕੁੜੀ ਦੀ ਗੱਲ ਤੋਂ ਜਾਂ ਵਕਤ ਦੇ ਵਹਿਣ ਤੋਂ।
ਉਹ ਤੇ ਸੰਤਾ ਸਿੰਘ ਦੁਪਹਿਰ ਤੱਕ ਲੀਕੋਂ ਆਰ-ਪਾਰ ਦੀਆਂ ਗੱਲਾਂ ਕਰਦੇ ਰਹੇ।
ਫਿਰ ਉਹ ਆਪਣੇ 'ਘਰ' ਚਲਾ ਗਿਆ, ਤੇ ਦੁਪਹਿਰ ਤੱਕ ਓਥੇ ਹੀ ਰੁਕਿਆ ਰਿਹਾ।
ਭਾਗ ਮੱਲ ਝਾਂਗੀ ਆਪਣੇ ਵਿਛੜੇ ਵਤਨ ਨੂੰ ਯਾਦ ਕਰਕੇ ਰੋਂਦਾ ਰਿਹਾ। ਸੱਤੇ ਦੇ ਘਰ ਵਲ ਮੁੜਦਿਆਂ ਉਸਨੂੰ ਬੂਟਾ ਸਿੰਘ ਕਲੇਰ ਮਿਲ ਗਿਆ।
"ਵੇਖ ਲਓ ਨਸੀਬਾਂ ਦੇ ਖੇਡ। ਕੇਡੀ ਸੋਹਣੀ ਤੇ ਪੁੱਜ ਕੇ ਤੱਕੜੀ ਭੋਈਂ ਨਾਲੋਂ ਵਿਛੋੜ ਕੇ ਏਸ ਬੰਜਰ ਜਿਹੀ ਜ਼ਮੀਨ 'ਚ ਸੁੱਟ ਦਿੱਤਾ ਜੇ।"
ਫਜ਼ਲੇ ਕੋਲੋਂ ਕੁਝ ਵੀ ਨਾ ਬੋਲਿਆ ਗਿਆ।
'ਕਿਤੇ ਕੋਈ ਸਾਡੇ ਦਿਲ ਨੂੰ ਪੁੱਛ ਕੇ ਦੇਖੇ ਏਸ ਬੰਜਰ ਜ਼ਮੀਨ ਦੀ ਅਹਿਮੀਅਤ।'
ਕੁਝ ਇਸ ਤਰ੍ਹਾਂ ਦਾ ਸੋਚਦਾ ਉਹ ਸੱਤੇ ਦੇ ਘਰ ਵਲ ਤੁਰ ਪਿਆ।
ਸੱਤੇ ਕੋਲ਼ ਹੰਸਾ ਬਾਹਮਣ ਬੈਠਾ ਗੱਲੀਂ ਰੁੱਝਿਆ ਪਿਆ ਸੀ। ਵਿਗੜਦੇ ਹਾਲਾਤ ਕਾਰਨ ਉਸਨੇ ਪਿੰਡ ਛੱਡ ਕੇ ਸ਼ਹਿਰ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਹ ਦਸੀਂ-ਪੰਦਰੀਂ ਦਿਨੀਂ ਪਿੰਡ ਗੇੜਾ ਮਾਰਦਾ। ਅੱਜ ਦੁਪਹਿਰ ਤੋਂ ਉਹ ਸੱਤੇ ਦੇ ਘਰ ਬੈਠਾ ਫਜ਼ਲੇ ਦੀ ਉਡੀਕ ਕਰ ਰਿਹਾ ਸੀ।
'ਹਿੰਦੋਸਤਾਨ ਹਿੰਦੂ ਸਟੇਟ, ਪਾਕਿਸਤਾਨ ਮੁਸਲਿਮ ਸਟੇਟ।' ਵੰਡ ਦੇ ਇਸ ਆਧਾਰ 'ਤੇ ਅਮਲ ਕਰਦਿਆਂ ਉਸਨੇ ਜੱਟਾਂ ਮੂਹਰੇ ਲੱਗ ਕੇ ਹਜ਼ਾਰਾਂ ਮੁਸਲਮਾਨ ਦੁੜਾਏ ਤੇ ਕਈ ਕਤਲ ਕੀਤੇ ਸਨ। ਫਜ਼ਲੇ ਨਾਲੋਂ ਇਹ ਪੰਜ-ਸੱਤ ਸਾਲ ਵੱਡਾ ਸੀ। ਫਜ਼ਲਾ ਉਸਨੂੰ ਪਛਾਣ ਨਾ ਸਕਿਆ।
ਸੱਤੇ ਨੇ ਤੁਆਰਫ ਕਰਵਾਇਆ ਤਾਂ ਫਜ਼ਲੇ ਨੇ ਉਸਨੂੰ ਬਾਹਵਾਂ 'ਚ ਲੈ ਲਿਆ ਪਰ ਹੰਸੇ ਦੀਆਂ ਬਾਹਵਾਂ ਆਕੜੀਆਂ ਹੀ ਰਹੀਆਂ। ਉਸਦਾ ਚਿਹਰਾ ਉਵੇਂ ਹੀ ਖੁਸ਼ਕ ਤੇ ਅੱਖਾਂ ਬੇਜਾਨ ਤੇ ਅੱਪਣਤ ਵਿਹੂਣੀਆਂ ਰਹੀਆਂ।
"ਕੀ ਹਾਲ ਆ ਤੁਹਾਡੇ ਪਾਕਿਸਤਾਨ ਦਾ?" ਫਜ਼ਲੇ ਨੂੰ ਹੰਸੇ ਦੀ ਗੱਲ 'ਚ ਇਕ ਰੁੱਖਾਪਨ ਮਹਿਸੂਸ ਹੋਇਆ।
"ਏਦਾਂ ਦਾ ਈ ਆ ਭਰਾਵਾ। ਸਭ ਪਾਸੇ 'ਰਹਿਬਰ' ਭੋਲ਼ੀਭਾਲ਼ੀ ਜਨਤਾ ਨੂੰ ਲੁੱਟੀ ਜਾਂਦੇ ਆ। ਤੁਹਾਡੇ ਦੁੱਖਾਂ ਦੀ ਸਾਨੂੰ ਸਾਰ ਆ ਤੇ ਸਾਡੇ ਦੁੱਖ ਤੁਹਾਡੇ ਕੋਲੋਂ ਲੁਕੇ ਨਈਂ। ਹਮਸਾਇਆਂ ਨੂੰ ਹਊਆ ਬਣਾ ਕੇ ਸਾਡੇ ਲੀਡਰ ਕੁਰਸੀਆਂ 'ਤੇ ਕਾਇਮ ਹੋਈ ਬੈਠੇ ਆ।"
ਹੰਸਾ ਅਣਮੰਨੇ ਜਿਹੇ ਮਨ ਨਾਲ ਫਜ਼ਲੇ ਦੀ ਗੱਲ ਸੁਣਦਾ ਸਿਰ ਮਾਰੀ ਗਿਆ।
"ਫਜ਼ਲਦੀਨ। ਮਨ ਨੂੰ ਚੈਨ ਨਈਂ ਮਿਲਦੀ:ਪਿੰਡ ਛੁੱਟ ਗਿਆ, ਭਾਈਚਾਰਾ ਛੁੱਟ ਗਿਆ। ਬੜਾ ਸੋਹਣਾ ਘਰ-ਬਾਰ ਛੱਡ ਕੇ ਕਿਰਾਏ 'ਤੇ ਰਹਿਣਾ ਪੈ ਗਿਆ। ਹੁਣ ਤਾਂ ਢਿੱਡ ਭਰਨਾ ਵੀ ਇਕ ਮਸਲਾ ਬਣਿਆ ਪਿਆ। ਸੋਨੇ ਅਰਗੇ ਪੋਤੇ ਪੜ੍ਹਾਈਆਂ ਛੁਡਾ ਕੇ ਲਾਲਿਆਂ ਦੀਆਂ ਦੁਕਾਨਾਂ 'ਤੇ ਕਰਿਆਨਾ ਫੜ੍ਹਾਉਣ ਲਾ ਦਿੱਤੇ ਆ।"
ਹੰਸੇ ਦੀ ਆਵਾਜ਼ ਦਾ ਰੁੱਖਾਪਨ ਇਕ ਡੂੰਘੀ ਉਦਾਸੀ ਤੇ ਚਿੰਤਾ 'ਚ ਡੁੱਬ ਗਿਆ।
ਕੁਝ ਦੇਰ ਲਈ ਇਕ ਚੁੱਪ ਪਸਰੀ ਰਹੀ।
"ਵੇਲੇ ਵੇਲੇ ਦੀਆਂ ਗੱਲਾਂ ਨੇ ਪੰਡਤ ਜੀ। ਕੀ ਪਤਾ ਸੀ ਆਹ ਵੇਲੇ ਵੀ ਆਉਣਗੇ?" ਸੱਤੇ ਨੇ ਅਫਸੋਸ ਜਿਹੇ 'ਚ ਕਿਹਾ।
"ਉਦੋਂ ਤਾਂ ਅਸੀਂ ਵੀ ਇਹੋ ਸੋਚਦੇ ਸੀ ਕਿ 'ਇਨ੍ਹਾਂ' ਨੂੰ ਭੇਜ ਕੇ ਹੀ ਸਾਡੇ ਦੇਸ਼ ਦੀ ਤਰੱਕੀ ਹੋਣੀ ਆ। ਅਣਦੇਖਿਆਂ ਦੀਆਂ ਪੁੱਠੀਆਂ ਫਿਲਾਸਫੀਆਂ ਪਿੱਛੇ ਲੱਗ ਕੇ ਅਸੀਂ ਸਦੀਆਂ ਦੀਆਂ ਸਾਂਝਾਂ ਈ ਕਤਲ ਕਰ ਦਿੱਤੀਆਂ।
ਹੁਣ ਸਿਰ 'ਤੇ ਪਈਆਂ ਤਾਂ ਪਤਾ ਲੱਗਾ ਕਿ ਆਪਣੇ ਆਲ੍ਹਣਿਆਂ ਦਾ ਆਪਣਾ ਈ ਨਿੱਘ ਹੁੰਦਾ। ਆਲ੍ਹਣਿਆਂ ਤੋਂ ਵਿਛੜੇ ਪਰਿੰਦਿਆਂ ਦੀ ਪੀੜ ਵੀ ਹੁਣੇ ਸਮਝ ਆਈ ਆ।"
ਫਜ਼ਲਾ ਉਸਦੀਆਂ ਗੱਲਾਂ ਚੁੱਪ-ਚਾਪ ਸੁਣਦਾ ਰਿਹਾ।
"ਪੰਡਤ ਜੀ ਆਹ ਤਾਂ ਚਾਰ ਦਿਨਾਂ ਦੀ 'ਨੇਰੀ ਆ। ਆਪੇ ਠੀਕ ਹੋ ਜਾਣਾ ਸਭ ਕੁਝ। ਵਰੋਲ਼ੇ ਕਿਹੜੇ ਸਦਾ ਇੱਕ ਜਗ੍ਹਾ ਟਿਕੇ ਰਹਿੰਦੇ ਆ! " ਸੱਤੇ ਨੇ ਹੰਸੇ ਨੂੰ ਧੀਰਜ ਬੰਨਾਉਂਦਿਆਂ ਕਿਹਾ।
ਫਜ਼ਲਾ ਸੋਚਣ ਲੱਗਾ,'ਅਸੀਂ ਵੀ ਪਿੰਡ ਛੱਡਦਿਆਂ ਇਹੋ ਸੋਚਿਆ ਸੀ। ਅੱਲਾ ਕਰੇ, ਇਹ 'ਨ੍ਹੇਰੀ ਚਾਰ ਦਿਨਾਂ ਦੀ ਹੀ ਹੋਵੇ।'
ਆਪ-ਮੁਹਾਰੇ ਉਸਦੇ ਹੱਥ ਦੁਆ 'ਚ ਜੁੜ ਗਏ।
"ਰੱਬ ਕਰੇ ਤੁਸੀਂ ਆਪਣੇ ਘਰਾਂ ਨੂੰ ਛੇਤੀ ਤੋਂ ਛੇਤੀ ਪਰਤੋ। ਤੁਹਾਨੂੰ ਆਪਣੇ ਘਰਾਂ 'ਚ ਰਹਿਣਾ ਨਸੀਬ ਹੋਵੇ। ਅੱਲਾ ਕਰੇ ਇਹ ਵਰ੍ਹੋਲੇ ਦੁਨੀਆਂ 'ਚ ਕਿਤੇ ਵੀ ਨਾ ਪੈਦਾ ਹੋਣ।"
ਉਸਦੀ ਦੁਆ ਸੁਣ ਕੇ ਹੰਸਾ ਧੁਰ ਅੰਦਰ ਤੱਕ ਹਲੂਣਿਆ ਗਿਆ। ਹੰਸੇ ਨੇ ਫਜ਼ਲੇ ਨੂੰ ਹੈਰਾਨੀ ਨਾਲ ਵੇਖਿਆ ਤੇ ਹੌਲ਼ੀ ਜਿਹੀ ਬੋਲਿਆ, "ਵਾਹ ਉਏ ਖੁਦਾ ਦਿਆ ਬੰਦਿਆ! ਕਿਹੜੀ ਮਿੱਟੀ ਦਾ ਬਣਿਆ ਏ ਤੂੰ ਫਜ਼ਲਿਆ? ਅਸੀਂ ਤਾਂ ਅੱਜ ਤੱਕ ਧਰਮਾਂ-ਕਰਮਾਂ ਦੇ ਗੇੜਾਂ 'ਚ ਈ ਫਸੇ ਰਹੇ। ਤੂੰ ਤਾਂ ਸਾਨੂੰ ਜੰਮਣ ਤੋਂ ਵੀ ਛੋਟਾ ਕਰ ਚੱਲਿਆਂ।"
ਉਹ ਕੁਝ ਦੇਰ ਨੀਵੀਂ ਪਾਈ ਜ਼ਮੀਨ ਵਲ ਵੇਖਦਾ ਰਿਹਾ। ਤੇ ਫਿਰ ਉਹ ਡੁੱਬਦੇ ਸੂਰਜ ਵਲ ਵੇਖਦਿਆਂ ਮੰਜੇ ਤੋਂ ਉੱਠ ਖੜ੍ਹਾ ਹੋਇਆ।
"ਪੰਡਤ ਜੀ ਅੱਜ ਰਹੋ ਸਾਡੇ ਕੋਲ਼।" ਸੱਤੇ ਨੇ ਆਖਿਆ ਤਾਂ ਉਸਦੀਆਂ ਅੱਖਾਂ ਭਰ ਆਈਆਂ।
"ਰਹਾਂਗੇ, ਜੇ ਫਜ਼ਲੇ ਦੀ ਦੁਆ ਕਬੂਲ ਹੋ ਗਈ ਤਾਂ।" ਇਹ ਆਖ ਉਸਨੇ ਅਚਾਨਕ ਫਜ਼ਲੇ ਅੱਗੇ ਬਾਹਵਾਂ ਖੋਹਲ ਦਿੱਤੀਆਂ।
"ਆ ਉਏ ਫਜ਼ਲਿਆ! ਅਸੀਂ ਤਾਂ ਇੱਕੋ ਅੱਗ ਦੇ ਸਾੜੇ ਹੋਏ ਆਂ।" ਉਸਨੇ ਫਜ਼ਲੇ ਨੂੰ ਬੁੱਢੀਆਂ ਬਾਹਵਾਂ 'ਚ ਘੁੱਟ ਲਿਆ।
"ਘਰਾਂ ਨੂੰ ਛੱਡਣਾ ਬੜਾ ਔਖਾ ਹੁੰਦਾ…।" ਉਸਦੀਆਂ ਅੱਖਾਂ 'ਚੋਂ ਪਰਲ-ਪਰਲ ਅੱਥਰੂ ਵਹਿਣ ਲੱਗੇ।
ਫਜ਼ਲੇ ਕੋਲੋਂ ਵਿਛੜ ਕੇ ਅੱਡੇ ਵਲ ਤੁਰਦਿਆਂ ਹੰਸਾ ਸੋਚ ਰਿਹਾ ਸੀ,'ਧਰਮ ਬੰਦਿਆਂ ਨਾਲੋਂ ਵੱਡਾ ਨਈਂ ਹੁੰਦਾ। ਬੰਦਿਆਂ ਦੇ ਦਿਲ ਦੁਖਾਣ, ਘਰ ਖੋਹਣ ਤੇ ਉਨ੍ਹਾਂ ਨੂੰ ਕਤਲ ਕਰਨ ਵਾਲੇ ਕਦੇ ਵੀ ਧਾਰਮਿਕ ਨਈਂ ਹੋ ਸਕਦੇ।
ਮੈਂ ਪਾਗਲ ਸੀ ਜੋ ਮੁਸਲਮਾਨਾਂ ਦੇ ਕੀਤੇ ਕਤਲਾਂ 'ਤੇ ਫਖਰ ਕਰਦਾ ਰਿਹਾ। ਉਨ੍ਹਾਂ 'ਤੇ ਕੀਤੇ ਜ਼ੁਲਮਾਂ ਦੇ ਕਿੱਸੇ ਸੁਣਾਸੁਣਾ ਫੁੱਲਦਾ ਰਿਹਾ। ਨਿਰਦੋਸ਼ ਵੀਰੇ ਦੇ ਕਤਲ ਨੇ ਮੇਰੀਆਂ ਅੱਖਾਂ ਤਾਂ ਖੋਲ੍ਹੀਆਂ ਸਨ, ਘਰ ਨੂੰ ਜੰਦਰਾ ਮਾਰਦੇ ਸਮੇਂ ਵੀ ਕੀਤੀਆਂ ਭੁੱਲਾਂ ਦਾ ਅਹਿਸਾਸ ਤਾਂ ਹੋਇਆ ਸੀ ਪਰ ਫਜ਼ਲਦੀਨ ਦੀ ਦੁਆ ਨੇ ਤਾਂ ਮੈਨੂੰ ਜਿਉਂਦੇ ਜੀ ਹੀ ਮਾਰ ਸੁੱਟਿਆ।'
ਉਹ ਅੱਡੇ 'ਤੇ ਖੜ੍ਹ ਕੇ ਬੱਸ ਦੀ ਉਡੀਕ ਕਰਨ ਲੱਗਾ।
'ਫਜ਼ਲੇ ਦੇ ਦੁੱਖ ਸਾਹਮਣੇ ਕੇਡਾ ਛੋਟਾ ਏ ਮੇਰਾ ਦੁੱਖ। ਤੇ ਉਸਦੀ ਸ਼ਖਸੀਅਤ ਦੇ ਸਾਹਮਣੇ ਮੈਂ ਕੇਡਾ ਬੌਣਾ ਆਂ।' ਉਸਨੇ ਆਪਣੇ-ਆਪ ਨੂੰ ਸੱਚ-ਮੁੱਚ ਹੀ ਛੋਟਾ ਮਹਿਸੂਸ ਕੀਤਾ।
'ਐ ਭਗਵਾਨ ਸਹੀ ਸਲਾਮਤ ਘਰ ਪਹੁੰਚਾ ਦਈਂ।'
ਉਸਨੇ ਬੱਸ 'ਚ ਬੈਠ ਕੇ ਮਨੋ-ਮਨੀ ਦੁਆ ਕੀਤੀ ਤੇ ਇਕ ਡਰ ਨਾਲ ਪਸਰਦੇ ਹਨੇਰੇ ਨੂੰ ਕੋਸਣ ਲੱਗਾ।
+++
ਉਸ ਰਾਤ ਫਜ਼ਲਾ ਬੜੀ ਦੇਰ ਚੁੱਪ ਰਿਹਾ। ਕੁਝ ਨਾ ਬੋਲਿਆ।
"ਸੱਤਿਆ ਧੰਨਾ ਹੈਗਾ ਭਲਾ?" ਫਜ਼ਲੇ ਨੇ ਹੌਲ਼ੀ ਜਿਹੀ ਪੁੱਛਿਆ।
"ਹੈਗਾ, ਪਰ ਨਾ ਹੋਇਆਂ ਨਾਲ਼ ਦਾ। ਇਕ ਦਿਨ ਹਸਪਤਾਲ ਵੇਖਿਆ ਸੀ। ਭਤੀਜੇ ਲੈ ਕੇ ਆਏ ਸੀ, ਗੱਡੇ 'ਤੇ ਪਾ ਕੇ। ਪਿੰਡਾ ਜ਼ਖਮਾਂ ਨਾਲ਼ ਭਰਿਆ ਪਿਆ ਸੀ। ਪਿਛਲੇ ਤੋਂ ਪਿਛਲੇ ਸਾਲ ਈ ਆਇਆ ਦਿੱਲੀਓਂ ਉਜੜ ਕੇ।"
"ਸਵੇਰੇ ਮਿਲਣ ਜਾਣਾ ਉਹਨੂੰ।"
ਦੇਰ ਰਾਤ ਤੱਕ ਫਜ਼ਲੇ ਨੂੰ ਹੰਸੇ ਬਾਹਮਣ ਦੀਆਂ ਗੱਲਾਂ ਦੁਖੀ ਕਰਦੀਆਂ ਰਹੀਆਂ। ਇਸ ਕੁੜੱਤਣ-ਭਰੀ ਕੈਫੀਅਤ ਤੋਂ ਉਪਰ ਉਠਣ ਦੇ ਲਈ ਆਪਣੇ ਬਚਪਨ ਦੇ ਆੜੀ ਧੰਨੇ ਦਾ ਚਿਹਰਾ-ਮੋਹਰਾ ਯਾਦ ਕਰਨ ਲੱਗ ਪਿਆ।
ਧੰਨੇ ਵਲੋਂ ਕੀਤੇ ਧਰੋਹ ਦੀ ਯਾਦ ਨੇ ਕੁੜੱਤਣ ਹੋਰ ਵਧਾ ਦਿੱਤੀ।
'ਆਉਣ ਵਾਲੀਆਂ ਨਸਲਾਂ 'ਤੇ ਈ ਭਰੋਸਾ ਏ ਹੁਣ ਤਾਂ।'
ਇਹ ਸੋਚਦਿਆਂ ਕੁੜੱਤਣ ਹੌਲ਼ੀ-ਹੌਲ਼ੀ ਘਟਣ ਲੱਗੀ ਤੇ ਉਹ ਨੀਂਦ ਦੀ ਬੁੱਕਲ 'ਚ ਜਾ ਪਿਆ।
ਅਗਲੀ ਸਵੇਰ ਦੋਵੇਂ ਦੋਸਤ ਸੁਵੱਖਤੇ ਉਠ ਕੇ ਲਹਿਲੀ ਵਲ ਤੁਰ ਪਏ।
ਕੱਚੀ ਰਾਹ ਪੱਕੀ ਸੜਕ ਬਣ ਗਈ ਸੀ। ਤਕੀਆ ਛੱਤਵਿਹੂਣਾ ਹੋ ਚੁੱਕਾ ਸੀ। ਫਜ਼ਲੇ ਨੂੰ ਉਹ ਇਕ ਨਿੱਕਾ ਜਿਹਾ ਥੇਹ ਲੱਗਿਆ। ਉਸਨੇ ਅੱਖਾਂ ਮੀਟ ਕੇ ਸਜਦਾ ਕੀਤਾ ਤਾਂ ਬੀਤੇ ਜ਼ਮਾਨੇ ਦੀਆਂ ਰੌਣਕਾਂ-ਭਰੇ ਦ੍ਰਿਸ਼ ਉਭਰਨ ਲੱਗੇ।
ਉਹ ਮਰਾਸੀਆਂ ਦੀਆਂ ਨਕਲਾਂ, ਕੱਵਾਲਾਂ ਦੇ ਮੁਕਾਬਲੇ, ਚਿਰਾਗਾਂ ਦਾ ਮੇਲਾ, ਨਿਆਜ਼ਾਂ ਦੀ ਖੁਸ਼ਬੂ ਤੇ ਰੁਪਇਆਂ ਦਾ ਮੀਂਹ ਵਰਾਉਂਦਾ ਮੀਆਂ ਮੁਹੰਮਦ ਬਖਸ਼। ਅਚਾਨਕ ਤਕੀਏ ਦੇ ਪੈਰਾਂ 'ਚ ਪਈ ਇਕ ਲਾਸ਼ ਦੀ ਯਾਦ ਨੇ ਉਸਨੂੰ ਤੜਫਾ ਸੁੱਟਿਆ।
ਉਹ ਮੁੜ ਸੜਕੇ ਪੈ ਗਏ।
"ਸੱਤਿਆ ਓਥੇ ਅੰਬਾਂ ਦਾ ਇਕ ਝੁਰਮਟ ਜਿਹਾ ਹੁੰਦਾ ਸੀ ਨਾ। ਸਕੂਲੋਂ ਦੌੜ ਕੇ ਅਸੀਂ ਬਹੁਤ ਵਾਰੀ ਇੱਥੇ ਈ ਲੁਕਦੇ ਹੁੰਦੇ ਸੀ।" ਬਸੀ ਕਲਾਂ ਵਾਲ਼ਾ ਚੋਅ ਲੰਘਦਿਆਂ ਫਜ਼ਲਾ ਬੀਤੀਆਂ ਕਹਾਣੀਆਂ ਸੁਣਾਉਣ ਲੱਗ ਪਿਆ ਸੀ।
"ਇਕ ਵਾਰ ਧੰਨੇ ਦੇ ਪੈਰ ਦੇ ਅੰਗੂਠੇ 'ਚ ਪਹਾੜੀ ਕਿੱਕਰ ਦੀ ਸੂਲ਼ ਲੰਘ ਗਈ ਸੀ। ਮੈਂ ਅੱਜ ਵੀ ਲਹੌਰ 'ਚ ਬੈਠਾ ਓਸ ਵਾਕੂਏ ਨੂੰ ਯਾਦ ਕਰਕੇ ਕੰਬ ਉਠਦਾਂ। ਮੈਂ ਰੋਂਦੇ-ਕੁਰਲੋਂਦੇ ਨੂੰ ਕੰਧਾੜੀ ਚੁੱਕ ਕੇ ਪਿੰਡ ਛੱਡਣ ਤੁਰ ਪਿਆਂ ਸੀ। ਤਾਏ ਨੇ ਸਾਡੇ ਏਡੀ ਜ਼ੋਰ ਦੀ ਦੋ-ਦੋ ਥੱਪੜ ਮਾਰੇ ਕਿ ਅੱਜ ਵੀ ਸੋਚਾਂ ਤਾਂ ਗੱਲ 'ਚੋਂ ਸੇਕ ਨਿਕਲਦਾ ਮਹਿਸੂਸ ਹੁੰਦਾ। ਜੱਟ ਦਾ ਕਿਤੇ ਹੱਥ ਸੀ, ਅਸੀਂ ਮੁੜ ਨਾ ਸਕੂਲੋਂ ਭੱਜੇ। ਉਂਝ ਫੇਲ਼ ਹੋ ਕੇ ਪੱਕੇ ਈ ਹਟ ਗਏ ਬਾਦ 'ਚ ਤਾਂ।"
ਇਹ ਕਹਿੰਦਿਆਂ ਫਜ਼ਲਾ ਅਚਾਨਕ ਹੱਸ ਪਿਆ।
ਲਹਿਲੀ ਖੁਰਦ ਦੀ ਜੂਹ 'ਚ ਦਾਖਲ ਹੁੰਦਿਆਂ ਜਦੋਂ ਫਜ਼ਲੇ ਨੇ ਧਰਤੀ ਨੂੰ ਸੱਜਦਾ ਕੀਤਾ ਤਾਂ ਸੱਤਾ ਉਸਦੀ ਏਸ ਹਰਕਤ ਨੂੰ ਸਮਝ ਨਾ ਸਕਿਆ। ਉਹ ਹੈਰਾਨ ਹੋ ਕੇ ਰਹਿ ਗਿਆ।
ਧੰਨੇ ਦਾ ਉਹੀ ਪੁਰਾਣਾ ਘਰ ਸੀ। ਵਕਤ ਨੇ ਸਗੋਂ ਹੋਰ ਵੀ ਖਸਤਾ ਹਾਲ ਕਰ ਛੱਡਿਆ ਸੀ। ਸੱਤਾ ਦਰਾਂ 'ਤੇ ਖੜੋ ਕੇ ਕੁੰਡਾ ਖੜਕਾਉਣ ਲੱਗਿਆ ਹੀ ਸੀ ਕਿ ਫਜ਼ਲਾ ਬੋਲਿਆ, "ਓਏ ਮੈਨੂੰ ਦੱਸ ਕਿ ਆਪਣੇ ਘਰ ਵੀ ਦਸਤਕ ਦੇਣ ਦੀ ਲੋੜ ਹੁੰਦੀ ਆ ਕਿਤੇ।"
ਦੋਵੇਂ ਅੰਦਰ ਲੰਘ ਗਏ। ਦਲਾਨ 'ਚ ਡੱਠੇ ਵੱਡੇ-ਵੱਡੇ ਪਾਵਿਆਂ ਵਾਲ਼ੇ ਨਵਾਰੀ ਮੰਜੇ 'ਤੇ ਇਕ ਹੱਡੀਆਂ ਦੀ ਮੁੱਠ ਹੋਇਆ ਬੰਦਾ ਟੇਢਾ ਜਿਹਾ ਹੋ ਕੇ ਪਿਆ ਸੀ।
"ਓਏ ਜੱਟਾ।" ਫਜ਼ਲੇ ਨੇ ਪਾਵੇ 'ਤੇ ਹੱਥ ਧਰ ਕੇ ਥੋੜ੍ਹਾ ਝੁਕਦਿਆਂ ਆਖਿਆ।
"ਇਹ ਕੀ ਪਿਆਂ ਓਏ ਸਿੰਘਾ ਮਰੀਅਲਾਂ ਆਂਗੂ। ਉਠ ਕੇ ਬੈਠ ਤੇ ਛੱਡ ਜੈਕਾਰਾ।"
ਧੰਨੇ ਨੇ ਦੇਹ ਨੂੰ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਰਾਹ ਕੇ ਬੇਹਰਕਤ ਹੋ ਗਿਆ।
"ਸਿਆਣਿਆ ਨਹੀਂ ਮੈਂ ਤੁਹਾਨੂੰ।" ਉਸਨੇ ਸਿਰ 'ਤੇ ਝੁਕੇ ਚਿਹਰੇ ਨੂੰ ਨੀਝ ਲਗਾ ਕੇ ਵੇਖਦਿਆਂ ਕਿਹਾ।
"ਸਾਨੂੰ ਲਾਗੀਆਂ ਨੂੰ ਕਾਹਤੋਂ ਸਿਆਣਦਾ ਤੂੰ ਢੋਡਰ ਕਾਵਾਂ।" ਜਮਾਤੀਆਂ ਨੇ ਫਜ਼ਲੇ ਦੀ ਅੱਲ 'ਲਾਗੀ' ਤੇ ਧੰਨੇ ਦੀ 'ਢੋਡਰ ਕਾਂ' ਪਾਈ ਹੁੰਦੀ ਸੀ।
ਧੰਨੇ ਨੂੰ ਅਤੀਤ 'ਚੋਂ ਕੁਝ ਧੁੰਦਲਾ-ਧੁੰਦਲਾ ਯਾਦ ਤਾਂ ਆਇਆ, ਪਰ ਉਸਨੇ ਸੋਚਿਆ,'ਨਹੀਂ, ਇਹ ਨਹੀਂ ਹੋ ਸਕਦਾ।'
"ਕਿਹੜੇ ਪਿੰਡੋਂ ਆਂ ਭਾਈ?" ਇਹ ਪੁੱਛਦਿਆਂ ਉਸਦੀ ਜ਼ੁਬਾਨ ਥਥਲਾ ਗਈ।
"ਨਾਰੂ ਨੰਗਲੋਂ ਆਏ ਆਂ ਜੱਟਾ। ਦੱਸ ਤੂੰ ਸੁਣਿਆ ਕਦੇ ਇਹ ਪਿੰਡ?" ਫਜ਼ਲੇ ਦੀ ਇਸ ਗੱਲ 'ਚ ਮੋਹ ਤੇ ਹਿਰਖ ਰਲੇ-ਮਿਲੇ ਸਨ।
"ਹੈਂਅ!" ਧੰਨੇ ਦੀਆਂ ਡੂੰਘੀਆਂ, ਡਰੀਆਂਡਰੀਆਂ ਤੇ ਵੈਰਾਨ ਜਿਹੀਆਂ ਅੱਖਾਂ ਅੱਥਰੂਆਂ ਨਾਲ਼ ਭਰ ਗਈਆਂ।
"ਫਅ…ਜ਼..ਲਿਆ ਤੂੰ…ਊਂ?" ਉਸਦੀ ਲੇਰ ਸੁਣ ਕੇ ਫਜ਼ਲੇ ਦੀ ਵੀ ਭੁੱਬ ਨਿਕਲ ਗਈ।
…ਤੇ ਦੋਨੋਂ ਕਾਫੀ ਦੇਰ ਰੋਂਦੇ ਰਹੇ।
"ਹੋਸ਼ ਕਰੋ। ਕੋਈ ਗੱਲ-ਗੁੱਲ ਕਰੋ ਯਾਰ।"
ਸੱਤੇ ਨੇ ਗੱਲ ਦਾ ਰੁੱਖ ਬਦਲਦਿਆਂ ਕਿਹਾ।
ਧੰਨਾ ਮੈਲ਼ੀ ਪੱਗ ਦੇ ਲੜ ਨਾਲ਼ ਅੱਥਰੂ ਪੂੰਝਦਿਆਂ ਬੋਲਿਆ, "ਆਹ ਤਾਂ ਕਮਾਲਾਂ ਹੋ ਗਈਆਂ ਭਾਈ। ਮੈਂ ਤਾਂ ਪੱਲਾ ਅੱਡ ਕੇ ਮਾਫੀਆਂ ਮੰਗਦਾਂ। ਫਜ਼ਲਦੀਨਾ ਜੁੱਤੀਆਂ ਮਾਰ ਮੇਰੇ ਸਿਰ 'ਤੇ।" …ਤੇ ਉਹ ਬੱਚਿਆਂ ਵਾਂਗ ਲੇਲੜੀਆਂ ਕੱਢਣ ਲੱਗ ਪਿਆ।
"ਰੋਣਾ-ਧੋਣਾ ਛੱਡ, ਹੋਰ ਘਰ-ਪਰਵਾਰ ਦਾ ਸੁਣਾ।" ਫਜ਼ਲੇ ਨੇ ਉਸਦੀ ਪੁਆਂਦੀ ਬੈਠਦਿਆਂ ਕਿਹਾ।
"ਘਰ! ਸਾਮ੍ਹਣੇ ਈ ਆ ਤੇਰੇ। ਧੀ ਰੰਡੀ ਹੋ ਕੇ ਘਰ ਬੈਠੀ ਆ। ਪਰ੍ਹੋਣਾ ਗੱਡੀ ਚਲੌਂਦਾ ਸੀ, ਪਰਾਰ ਦਿੱਲੀ 'ਚ ਮਾਰਿਆ ਗਿਆ। ਵੱਡਾ ਮੁੰਡਾ ਮੈਂ ਅੱਖੀਂ ਦੇਖਿਆ ਸੜਦਾ। ਪਾਪੀਆਂ ਨੇ ਗਲ਼ 'ਚ ਟੈਰ ਪਾ ਕੇ ਸਾੜਿਆ। ਨੂੰਹ ਆਪਣੇ ਪੇਕੇ ਬੈਠੀ ਆ। ਬਥੇਰੀ ਵਾਹ ਲਾਈ ਆ ਕਿ ਛੋਟੇ ਦੇ ਬਹਿ ਜਾਏ, ਪਰ ਅਗਲੇ ਵੀ ਕੀ ਕਰਨ? ਇੱਕ ਨੰਬਰ ਦਾ ਨਸ਼ੇੜੀ ਆ ਮਾਂ ਆਪਣੀ ਦਾ …।" ਧੰਨੇ ਦੀ ਆਵਾਜ਼ ਫਿਕਰਾਂ ਦੇ ਭਾਰ ਹੇਠ ਦਮ ਤੋੜ ਗਈ।
"ਫੇ ਖੇਤੀ-ਬਾੜੀ?" ਫਜ਼ਲੇ ਨੇ ਗੱਲ ਦਾ ਰੁੱਖ ਬਦਲਿਆ।
"ਸਾਰੀ ਜ਼ਮੀਨ ਵਿਕ ਗਈ ਆ। ਹੁਣ ਤਾਂ ਰੋਟੀ ਤੋਂ ਵੀ ਅਵਾਜਾਰ ਹੋਈ ਫਿਰਦੇ ਆਂ।"
ਕੁਝ ਦੇਰ ਲਈ ਚੁੱਪ ਪਸਰੀ ਰਹੀ।
"ਤੇਰੇ ਮੂਹਰੇ ਕਾਹਦਾ ਲੁਕੋ। ਛੋਟੀ ਕੁੜੀ ਸੀ ਜਵਾਨ-ਜਹਾਨ, ਭੈਣ ਆਪਣੀ ਦੇ…, ਘਰੋਂ ਚੁੱਕ ਕੇ ਲੈ ਗਏ।
ਬੜੀ ਸੋਹਣੀ ਸੀ ਆਪਣੀ ਮਾਂ ਅਰਗੀ। ਉਹਦੀ ਮਾਂ ਨੂੰ ਵੀ ਮੈਂ ਏਦਾਂ ਈ ਚੁੱਕ ਕੇ ਲਿਆਇਆ ਸੀ ਭੁੱਲੇਆਲ਼ ਰਾਠਾਂ ਤੋਂ। ਪਿਛਲੇ ਸਾਲ ਈ ਪੂਰੀ ਹੋਈ ਆ। ਰਾਠਾਂ ਦੀ ਧੀ ਭੁੱਖਾਂ ਕੱਟਦੀ ਮਰ ਗਈ। ਆਖਰੀ ਦਿਨ ਤੱਕ ਮੈਨੂੰ ਮਿਹਣੇ ਮਾਰਦੀ ਰਹੀ ਕਿ ਹੁਣ ਪਤਾ ਲੱਗਾ, ਧੀ ਨੂੰ ਉਧਾਲਣ ਦਾ ਦੁੱਖ।"
ਫਜ਼ਲਾ ਤੇ ਸੱਤਾ ਚੁੱਪਚਾਪ ਸੁਣਦੇ ਰਹੇ।
"ਫਜ਼ਲਿਆ ਇਕ ਮੌਕਾ ਮਿਲੇ ਤਾਂ ਮੈਂ ਤ੍ਹਾਢੇ ਸਾਹਵੇਂ ਛਾਤੀ ਡਾਹ ਕੇ ਖੜ੍ਹ ਜਾਵਾਂ, ਪਰ ਕੀ ਫੈਦਾ ਹੁਣ ਇਹੋ ਜਹੀਆਂ ਗੱਲਾਂ ਕਰਨ ਦਾ। ਅਸੀਂ ਜਿਹੋ ਜਿਹੀਆਂ ਕੀਤੀਆਂ ਓਹੋ ਜਿਹੀਆਂ ਪਾ ਲਈਆਂ। ਕੰਡੇ ਬੀਜੇ ਸੀ ਕਿੱਕਰਾਂ ਪਾ ਲਈਆਂ।"
ਧੰਨੇ ਦੀ ਧੀ ਚਾਹ ਦੇ ਗਿਲਾਸ ਲੈ ਆਈ। ਮੁਟਿਆਰ ਕੁੜੀ ਦੇ ਸਿਰ 'ਤੇ ਚਿੱਟੀ ਚੁੰਨੀ ਵੇਖ ਫਜ਼ਲੇ ਦਾ ਦਿਲ ਤੜਫ ਉਠਿਆ।
"ਤੇਰਾ ਚਾਚਾ ਆ ਦੀਪੋ।" ਧੰਨੇ ਦੀ ਗੱਲ ਸੁਣ ਕੇ ਮੁੜਦੀ-ਮੁੜਦੀ ਕੁੜੀ ਰੁਕ ਗਈ।
ਫਜ਼ਲੇ ਉਠਿਆ ਤੇ ਕੁੜੀ ਦੇ ਸਿਰ 'ਤੇ ਪਿਆਰ ਦਿੰਦਿਆਂ ਬੋਲਿਆ, "ਮੈਂ ਤੇ ਤੇਰਾ ਪਿਉ 'ਕੱਠੇ ਪੜ੍ਹਦੇ ਰਹੇ ਆਂ। ਕਦੇ ਦੱਸਿਆ ਈ ਨਹੀਂ ਹੋਣਾ ਇਹਨੇ।"
ਚਾਹ ਦੀਆਂ ਚੁਸਕੀਆਂ ਭਰਦਿਆਂ ਫਜ਼ਲੇ ਦੀ ਨਜ਼ਰ ਅਚਾਨਕ ਦਲਾਨ ਦੇ ਖੂੰਜੇ ਪਏ ਸੰਦੂਕ 'ਤੇ ਜਾ ਪਈ। ਉਸਦੇ ਦਿਲ ਦਾ ਰੁੱਗ ਭਰਿਆ ਗਿਆ। ਇਹ ਤਾਂ ਉਨ੍ਹਾਂ ਵਾਲ਼ਾ ਸੰਦੂਕ ਸੀ। ਉਸਦੀ ਮਾਂ ਦੇ ਦਾਜ ਵਾਲ਼ਾ।
"ਮੈਂ ਪਿੰਡ 'ਚ ਪਹਿਲੀ ਲਾਗਣ ਸੀ ਜਿਹੜੀ ਦਾਜ 'ਚ ਸੰਦੂਖ ਲੈ ਕੇ ਆਈ ਸੀ, ਨਿੰਮ ਦਾ ਸੰਦੂਕ ਸੀ।" ਉਸਦੀ ਮਾਂ ਮਰਦੇ ਦਮ ਤੱਕ ਇਸ ਸੰਦੂਕ ਨੂੰ ਯਾਦ ਕਰਦੀ ਰਹੀ ਸੀ।
ਫਜ਼ਲਾ ਹਰ ਸ਼ੈਅ ਨੂੰ ਧਿਆਨ ਨਾਲ਼ ਵੇਖਣ ਲੱਗਾ। ਧੰਨੇ ਨੇ ਵੀ ਉਸਦੀ ਨਜ਼ਰ ਨੂੰ ਪੜ੍ਹ ਲਿਆ ਸੀ। ਉਸ ਨੇ ਮੰਜੇ ਦੇ ਨੰਗੇ ਪਾਵੇ 'ਤੇ ਆਪਣੇ ਸੱਜੇ ਪੈਰ ਨਾਲ਼ ਚਾਦਰ ਦੇਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਜ਼ਖਮਾਂ ਨਾਲ਼ ਭਰੀ ਲੱਤ ਨੇ ਉਸਦਾ ਸਾਥ ਨਾ ਦਿੱਤਾ।
ਫਜ਼ਲੇ ਨੇ ਪਾਵਿਆਂ 'ਤੇ ਜੜੀ ਕੋਕਿਆਂ ਦੀ ਇਬਾਰਤ ਪਛਾਣ ਲਈ। ਉਸਨੇ ਧੰਨੇ ਤੇ ਸੱਤੇ ਕੋਲੋਂ ਅੱਖ ਬਚਾ ਕੇ ਪਾਵੇ 'ਤੇ ਪੋਲਾ-ਪੋਲਾ ਹੱਥ ਫੇਰਿਆ। ਉਸਦਾ ਦਿਲ ਤਾਂ ਕਰਦਾ ਸੀ ਕਿ ਸੰਦੂਕ ਨੂੰ ਵੀ ਛੋਹੇ, ਪਰ ਬਿਮਾਰ ਧੰਨੇ ਦੇ ਦਿਲ ਬਾਰੇ ਸੋਚਦਿਆਂ ਉਸਨੇ ਇਹ ਖਾਹਸ਼ ਦਿਲ 'ਚ ਹੀ ਦਬਾ ਲਈ। ਤੁਰਨ ਲੱਗਿਆਂ ਉਸ ਧੰਨੇ ਦੀ ਧੀ ਨੂੰ ਗਿਆਰਾ ਰੁਪਏ ਪਿਆਰ ਦਿੱਤਾ ਤੇ ਕਮੀਜ਼ ਦੀ ਜੇਬ 'ਚੋਂ ਮਲਕੜੇ ਜਿਹੇ ਮਲ੍ਹਮ ਦੀ ਡੱਬੀ ਕੱਢੀ ਤੇ ਧੰਨੇ ਦੇ ਜ਼ਖਮਾਂ ਭਰੇ ਹੱਥਾਂ 'ਤੇ ਰੱਖ ਦਿੱਤੀ।
"ਓਏ ਜ਼ਖਮਾਂ ਬਦਲੇ ਮਲ੍ਹਮ ਦੇ ਚੱਲਿਆਂ ਭੈੜਿਆ। ਇਹ ਕਿਹੜੀ ਮੌਤ ਮਾਰ ਚੱਲਿਆ ਓਏ ਅੱਜ ਅੱਧੀ ਸਦੀ ਦੇ ਬਾਦ। ਮਿੱਤਰਾ ਇਕ ਵਾਰ ਮਾਫ ਤਾਂ ਕਰ ਦੇ।" ਧੰਨੇ ਦੇ ਕੰਬਦੇ ਹੱਥ ਜੁੜ ਗਏ ਸਨ।
"ਖੁਸ਼ ਰਹਿ ਧੰਨਿਆ, ਤੈਨੂੰ ਇੱਕ ਵਾਰ ਨਹੀਂ ਹਜ਼ਾਰ ਵਾਰ ਮੁਆਫ ਕੀਤਾ। ਨੌਂ-ਬਰ-ਨੌਂ ਹੋ ਤੇ ਆਪਣਾ ਘਰ ਸੰਭਾਲ਼। ਚੰਗਾ ਖੁਦਾ ਹਾਫਿਜ਼।" ਫਜ਼ਲੇ ਨੇ ਲੰਬੇ ਪਏ ਸੱਤੇ ਦਾ ਕਲ਼ਾਵਾ ਭਰਦਿਆਂ ਕਿਹਾ। ਇਸ ਤੋਂ ਅਗਾਂਹ ਉਹ ਕੁਝ ਨਾ ਬੋਲ ਸਕਿਆ ਤੇ ਅੱਥਰੂ ਕੇਰਦਾ ਘਰੋਂ ਬਾਹਰ ਹੋ ਗਿਆ।
ਧੰਨੇ ਦੀਆਂ ਵਿਲਕਣੀਆਂ ਦੂਰ ਤੱਕ ਉਨ੍ਹਾਂ ਦਾ ਪਿਛਾ ਕਰਦੀਆਂ ਰਹੀਆਂ।
ਪਿੰਡ ਵਲ ਮੁੜਦਿਆਂ ਫਜ਼ਲੇ ਨੇ ਸੱਤੇ ਨੂੰ ਕਿਹਾ, "ਸੱਤਿਆ ਏਡੀ ਤੇਰੀ ਵਾਕਫੀ ਆ। ਤੂੰ ਧੰਨੇ ਦੀ ਧੀ ਵਾਸਤੇ ਕੋਈ ਲੋੜਵੰਦ ਜੱਟਾਂ ਦਾ ਮੁੰਡਾ ਤਾਂ ਵੇਖ। ਦੱਸ ਧੰਨੇ ਦੀ ਧੀ ਤੇ ਸਾਡੀ ਧੀ 'ਚ ਕੋਈ ਫਰਕ ਆ?"
"ਮੈਂ ਛੇਤੀਂ ਦੇਖਦਾਂ।" ਸੱਤੇ ਨੇ ਪੂਰੀ ਦ੍ਰਿੜਤਾ ਨਾਲ਼ ਉੱਤਰ ਦਿੱਤਾ ਸੀ।
+++
ਅਗਲੀ ਸਵੇਰ ਖੈਰੂ ਲੁਬਾਣੇ ਦਾ ਮੁੰਡਾ ਸੁਰਜਣ, ਦੱਸੇ ਵਕਤ ਤੋਂ ਰਤਾ ਪਹਿਲਾਂ ਹੀ ਟਾਂਗਾ ਲੈ ਕੇ ਪਹੁੰਚ ਗਿਆ ਸੀ। ਅੱਧਾ ਕੁ ਪਿੰਡ ਫਜ਼ਲੇ ਨੂੰ ਤੋਰਨ ਲਈ ਚੱਕੀ ਅੱਗੇ ਜੁੜਿਆ ਪਿਆ ਸੀ। ਹਰ ਕੋਈ ਉਸਨੂੰ ਕੋਈ ਨਾ ਕੋਈ ਸੁਗਾਤ ਭੇਂਟ ਕਰ ਰਿਹਾ ਸੀ। ਭੀੜ 'ਚੋਂ ਇਕ ਓਪਰੇ ਜਿਹੇ ਸ਼ਖਸ ਨੇ ਅਗਾਂਹ ਵਧ ਕੇ ਪੱਗ ਉਸਦੇ ਹੱਥਾਂ 'ਤੇ ਧਰ ਦਿੱਤੀ, "ਇਹ ਧੰਨਾ ਸਿੰਘ ਨੇ ਭੇਜੀ ਆ ਜੀ ਲਹਿਲੀਓਂ।"
ਫਜ਼ਲੇ ਨੇ ਪੱਗ ਨੂੰ ਚੁੰਮਿਆਂ, ਕੁਝ ਪਲਾਂ ਲਈ ਸਿਰ 'ਤੇ ਰੱਖਿਆ ਤੇ ਸੋਚਿਆ,'ਸਾਡੀਆਂ ਇੱਜ਼ਤਾਂ ਕੱਲ੍ਹ ਵੀ ਸਾਂਝੀਆਂ ਸਨ, ਅੱਜ ਵੀ ਸਾਂਝੀਆਂ ਨੇ ਤੇ ਮੌਲਾ ਕਰੇ ਰਹਿੰਦੀ ਦੁਨੀਆਂ ਤੱਕ ਸਾਂਝੀਆਂ ਰਹਿਣ।'
ਸਿਆਲਕੋਟੀਆ ਨੇ ਫਜ਼ਲੇ ਨੂੰ ਰਾਵੀ ਪਾਰਲੀ ਧਰਤੀ ਨੂੰ ਉਨ੍ਹਾਂ ਵਲੋਂ ਸਜਦਾ ਕਰਨ ਲਈ ਕਿਹਾ।
ਫਜ਼ਲੇ ਨੇ ਸਭ ਨਾਲ਼ ਦੁਆ-ਸਲਾਮ ਕੀਤੀ।
ਫਿਰ ਉਹ ਅਚਾਨਕ ਪੈਰਾਂ ਭਾਰ ਬੈਠ ਗਿਆ, ਸਿਰ ਝੁਕਾ ਕੇ ਪਿੰਡ ਦੀ ਮਿੱਟੀ ਨੂੰ ਸੱਜਦਾ ਕੀਤਾ ਤੇ ਚੁੰਮਿਆ।
ਦੋਵੇਂ ਦੋਸਤ ਟਾਂਗੇ 'ਚ ਬੈਠ ਗਏ। ਸੱਤਾ ਉਸ ਨਾਲ਼ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਤੱਕ ਜਾ ਰਿਹਾ ਸੀ। ਸੁਰਜਣ ਟਾਂਗਾ ਤੋਰਨ ਲਈ ਹੁਕਮ ਦੀ ਉਡੀਕ ਕਰਨ ਲੱਗਾ।
"ਪਿੰਡ ਵਾਲਿਓ।" ਫਜ਼ਲਾ ਬੋਲਿਆ ਤਾਂ ਉਸਦੀ ਗੱਲ ਸੁਣਨ ਲਈ ਸਾਰੇ ਚੁੱਪ ਕਰ ਗਏ।
"ਆਪਣੇ ਬੱਚਿਆਂ ਨੂੰ ਸਾਡੀ ਦਾਸਤਾਨ ਜ਼ਰੂਰ ਸੁਣਾਉਣੀ, ਦਾਦੀ-ਮਾਂ ਦੀਆਂ ਬਾਤਾਂ ਵਾਂਗਰ। ਉਨ੍ਹਾਂ ਅੰਦਰ 'ਕਿਉਂ' ਪੈਦਾ ਕਰਨੀ। ਉਨ੍ਹਾਂ ਨੂੰ ਚੰਗੇ ਇਨਸਾਨ ਬਣੌਣਾ।" ਉਸਦੀ ਆਵਾਜ਼ ਭਾਰੀ ਹੁੰਦੀ ਗਈ।
"ਅੱਲਾ ਕਰੇ ਕਿਸੇ ਨੂੰ ਕੋਈ ਜ਼ਖਮ ਨਾ ਮਿਲੇ। ਜੇ ਮਿਲੇ ਤਾਂ ਇਹ ਮਲ੍ਹਮ ਉਸਨੂੰ ਨੂੰ ਜ਼ਰੂਰ ਭਰ ਦਏ। ਮੈਂ ਅਮੋਲਕ ਨੂੰ ਮਲ੍ਹਮ ਦਾ ਨੁਸਖਾ ਦੇ ਚੱਲਿਆਂ। ਚੰਗਾ ਅਲਵਿਦਾ!"
ਤੇ ਫਜ਼ਲੇ ਨੇ ਛਲਕਦੀਆਂ ਅੱਖਾਂ ਨੂੰ ਧੰਨੇ ਵਲੋਂ ਭੇਜੀ ਪੱਗ 'ਚ ਲੁਕੋ ਲਿਆ।
ਵਿਦਾ ਕਰਨ ਆਈ ਹਰ ਅੱਖ ਰੋ ਪਈ।
ਸੁਰਜਣ ਨੇ ਟਾਂਗਾ ਤੋਰ ਦਿੱਤਾ…ਤੇ ਹੌਲ਼ੀ-ਹੌਲ਼ੀ ਤੁਰਦਾ ਟਾਂਗਾ ਅੱਖਾਂ ਤੋਂ ਓਝਲ ਹੋ ਗਿਆ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.