ਵਗਦੀ ਨਾ ਰਾਵੀ
ਕੁਲਵਿੰਦਰ ਸਿੱਧੂ ਕਾਮੇ ਕਾ
ਵਗਦੀ ਨਾ ਰਾਵੀ
ਕਿੱਥੋਂ ਉੱਡਣ ਭੰਬੀਰੀਆਂ
ਮੁੱਕ ਗਏ ਨੇ ਮੋਹ
ਮੁੱਕੇ ਸਾਕ ਤੇ ਸਕੀਰੀਆਂ
ਵਗੇ ਨਾ ਝਨਾਂ
ਪ੍ਰੀਤਾਂ ਪੈਣ ਕਿੱਥੇ ਗੂੜ੍ਹੀਆਂ
ਖਿੜਦੇ ਨਾ ਹਾਸੇ
ਜਿੰਦਾਂ ਫਿਕਰਾਂ ਨੇ ਨੂੜੀਆਂ
ਵਗੇ ਨਾ ਬਿਆਸ
ਠਿੱਲ੍ਹਣ ਕਿੱਥੇ ਬੇੜੀਆਂ
ਮੁੜ ਕੇ ਨਾ ਆਉਣ
ਰੁੱਤਾਂ ਲੰਘ ਜਾਣ ਜਿਹੜੀਆਂ
ਜੇਹਲਮ ਕਿਨਾਰੇ
ਹੈ ਨੀ ਘੁੱਗੀਆਂ ਦਾ ਜੋੜਾ
ਈਰਖਾ ਬਥੇਰੀ
ਹੈ ਮੁਹੱਬਤਾਂ ਦਾ ਤੋੜਾ
ਸਤਲੁਜ ਸੁੱਕਿਆ
ਛੱਲਾਂ ਕਿੱਥੇ ਰਹਿਗੀਆਂ
ਸੁਣਕੇ ਸਕੂਨ ਮਿਲੇ
ਗੱਲਾਂ ਕਿੱਥੇ ਰਹਿਗੀਆਂ
ਵਗੇ ਛੇਵਾਂ ਦਰਿਆ
ਨਸ਼ੇ ਘਰੋ ਘਰੀ ਵੜ ‘ਗੇ
ਜੋਰ ‘ਤੇ ਜਵਾਨੀ
ਟੀਕਿਆਂ ਚ ਹੜ੍ਹ ‘ਗੇ
ਕੋਈ ਨਜਰ ਕੁਲੈਹਣੀ
ਲੱਗੀ ਪੰਜ ਆਬ ਨੂੰ
ਕੰਡੇ ,ਕੁਲਵਿੰਦਰਾ
ਖਾ ਗਏ ਗੁਲਾਬ ਨੂੰ