ਫੈਸ਼ਨਾਂ ਤੋਂ ਕੀ ਲੈਣਾ
ਇਸ ਲੋਕ-ਗੀਤ 'ਚ ਪੰਜਾਬੀ ਗਹਿਣਿਆਂ ਦੀ ਖ਼ਬਸੂਰਤ ਅੰਦਾਜ਼ 'ਚ ਚਰਚਾ ਕੀਤੀ ਗਈ ਹੈ
ਤੇਰੀ ਗੁੱਤ 'ਤੇ ਕਚਿਹਰੀ ਲਗਦੀ,
ਦੂਰੋਂ ਦੂਰੋਂ ਆਉਣ ਝਗੜੇ।
ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ,
ਕੈਂਠਾ ਤੇਰਾ ਮੁਹਤਮ ਹੈ।
ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ,
ਨੱਤੀਆਂ ਇਹ ਨੈਬ ਬਣੀਆਂ।
ਜ਼ੈਲਦਾਰ ਨੀ ਮੁਰਕੀਆਂ ਤੇਰੀਆਂ,
ਸਫੈਦ-ਪੋਸ਼ ਬਣੇ ਗੋਖੜੂ।
ਨੱਥ, ਮਛਲੀ, ਮੇਖ਼ ਤੇ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ,
ਥਾਣੇਦਾਰੀ ਨੁੱਕਰਾ ਕਰੇ।
ਚੌਕੀਦਾਰਨੀ ਬਣੀ ਬਘਿਆੜੀ,
ਤੀਲੀ ਬਣੀ ਟਹਿਲਦਾਰਨੀ।
ਕੰਢੀ, ਹਸ ਦਾ ਪੈ ਗਿਆ ਝਗੜਾ,
ਤਵੀਤ ਉਗਾਹੀ ਜਾਣਗੇ।
ਬੁੰਦੇ ਬਣ ਗਏ ਵਕੀਲ ਵਲੈਤੀ,
ਚੌਂਕ-ਚੰਦ ਨਿਆਂ ਕਰਦੇ।
ਦਫ਼ਾ ਤਿੰਨ ਸੌ ਆਖਦੇ ਤੇਤੀ,
ਕੰਠੀ ਨੂੰ ਸਜ਼ਾ ਬੋਲ ਗਈ।
ਹਾਰ ਦੇ ਗਿਆ ਜ਼ਮਾਨਤ ਪੂਰੀ,
ਕੰਠੀ ਨੂੰ ਛੁਡਾ ਕੇ ਲੈ ਗਿਆ।
ਨਾਮ ਬਣ ਕੇ ਬੜਾ ਪਟਵਾਰੀ,
ਹਿੱਕ ਨਾਲ ਮਿਣਤੀ ਕਰੇ।
ਤੇਰਾ ਚੂੜਾ ਰਸਾਲਾ ਪੂਰਾ,
ਬਾਜੂ-ਬੰਦ ਵਿਗੜ ਗਏ।
ਪਰੀ-ਬੰਦ ਅੰਗਰੇਜ਼ੀ ਗੋਰੇ,
ਫੌਜ ਦੇ ਵਿਚਾਲੇ ਸਜਦੇ।
ਤੇਰੀ ਜੁਗਨੀ ਘੜੀ ਦਾ ਪੁਰਜਾ,
ਜ਼ੰਜ਼ੀਰੀ ਤਾਰ ਬੰਗਲੇ ਦੀ।
ਇਹ ਝਾਂਜਰਾਂ ਤਾਰ ਅੰਗਰੇਜ਼ੀ,
ਮਿੰਟਾਂ 'ਚ ਦੇਣ ਖ਼ਬਰਾਂ।
ਤੇਰੇ ਘੋੜੇ ਦੇਣ ਪਏ ਮਰੋੜੇ,
ਬਈ ਆਸ਼ਕ ਲੋਕਾਂ ਨੂੰ।
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ,
ਖ਼ਰਚਾਂ ਨੂੰ ਬੰਦ ਕਰਦੇ।
ਜੈਨਾਂ, ਜੈਨਾਂ ਨਿੱਤ ਦੇ ਨਸ਼ਈ ਰਹਿਣਾ,
ਨੀ ਝੂਠੇ ਫੈਸ਼ਨਾਂ ਤੋਂ ਕੀ ਲੈਣਾ?