ਉੱਡ ਗਏ ਨੇ ਮੋਰ ਤੇ...
ਕੁਲਵਿੰਦਰ ਸਿੱਧੂ ਕਾਮੇ ਕਾ
ਉੱਡ ਗਏ ਨੇ ਮੋਰ ਤੇ
ਕੰਧੋਲੀਆਂ ਵੀ ਢਹਿਗੀਆਂ
ਭਲੇ ਵੇਲੇ ਦੀਆਂ ਬੱਸ
ਯਾਦਾਂ ਪੱਲੇ ਰਹਿਗੀਆਂ
ਗਰੀਬੀ ਦਾਅਵਿਆਂ ਚ ਵੀ
ਸਕੂਨ ਕਿੰਨਾਂ ਹੁੰਦਾ ਸੀ
ਜਿੰਦਗੀ ਨੂੰ ਜਿਉਣ ਦਾ
ਜਨੂੰਨ ਕਿੰਨਾਂ ਹੁੰਦਾ ਸੀ
ਸਬਰ ਵਾਲੀਆਂ ਸੀ ਜਿੰਦਾਂ
ਗਰੀਬੀਆਂ ਜੋ ਸਹਿਗੀਆਂ
ਉੱਡ ਗਏ ਨੇ .......
ਗਲੀ ਵਿਚਲਾ ਤੰਦੂਰ ਸੀ
ਜੋ ਸਾਰਿਆਂ ਲਈ ਤਪਦਾ
ਖੂਹ ਵਾਲਾ ਨਲਕਾ ਨਹੀਂ
ਸੀ ਪਾਣੀ ਦਿੰਦਾ ਥਕਦਾ
ਉਨ੍ਹਾਂ ਸਾਝਾਂ ਦੀਆਂ ਕੰਧਾਂ ਚ
ਤਰੇੜਾਂ ਹੁਣ ਪੈਗੀਆਂ
ਉੱਡ ਗਏ ਨੇ .....
ਦੁੱਖਾਂ ਸੁੱਖਾਂ ਚ ਸ਼ਰੀਕ
ਹੁੰਦਾ ਸਾਰਾ ਪਿੰਡ ਸੀ
ਸੀ ਸਿਆਣਿਆਂ ਦੀ ਝੇਪ
ਨਾ ਨਿਆਣਿਆਂ ਚ ਹਿੰਡ ਸੀ
ਕੁਲਵਿੰਦਰਾ ਸਿਆਸਤਾਂ
ਜੜ੍ਹਾਂ ਚ ਸਾਡੇ ਬਹਿਗੀਆਂ
ਉੱਡ ਗਏ ਨੇ ਮੋਰ ਤੇ
ਕੰਧੋਲੀਆਂ ਵੀ ਢਹਿਗੀਆਂ