ਕਦੇ ਦਾਦੇ ਦੀਆਂ
ਕੁਲਵਿੰਦਰ ਸਿੱਧੂ ਕਾਮੇ ਕਾ
ਕਦੇ ਦਾਦੇ ਦੀਆਂ
ਕਦੇ ਪੋਤੇ ਦੀਆਂ
ਖੱਚਰਾਂ ਦੀ ਮੰਡੀ
ਮੌਜਾਂ ਖੋਤੇ ਦੀਆਂ
ਸੱਚ ਨਾ ਸਿਖਾਉਣ
ਜਵਾਕਾਂ ਤਾਂਈਂ ਕਦੇ
ਖੱਟੀਆਂ ਜੋ ਖਾਣ
ਸਦਾ ਧੋਖੇ ਦੀਆਂ
ਨਾ ਬੈਠਿਆਂ ਨੂੰ
ਬਹਿਣ ਦੇਵੇ ਦੁਨੀਆਂ
ਖਿੱਚਦੀ ਏ ਲੱਤਾਂ
ਬਈ ਖਲੋਤੇ ਦੀਆਂ
ਧਰਮਾਂ ਦਾ ਧੰਦਾ
ਕਹਿੰਦੇ ਮੰਦਾ ਚੱਲਦੈ
ਹੁੰਦੀਆਂ ਨੇ ਗੱਲਾਂ
ਨਫੇ ਟੋਟੇ ਦੀਆਂ
ਫੁੱਟ ਫੁੱਟ ਤਾਂਹੀ
ਰੋਣ ਫੁੱਟੀਆਂ
ਗੱਲਾਂ ਤੱਕਲਾ ਸੁਣਾਵੇ
ਪੂਣੀ ਗਲੋਟੇ ਦੀਆਂ
ਜੋਤੇ ਵੇਲੇ ਸੰਗਦੈ
ਸ਼ਰਾਬੀ ਉੱਠਕੇ
ਚੇਤੇ ਆਉਣ ਫੜ੍ਹਾਂ
ਜਦੋਂ ਸੋਤੇ ਦੀਆਂ
ਨਾ ਕਿਸੇ ਕੰਮ ਦਾ
ਲਿਖਾਰੀ ਤੇ ਗਵੱਈਆ
ਰਮਜਾਂ ਨਾ ਸਮਝੇ
ਜੋ ਸਰੋਤੇ ਦੀਆਂ
ਕਰ ਕੁਲਵਿੰਦਰਾ
ਸਫਾਈ ਮਨ ਦੀ
ਹੈੰਕੜਾਂ ਤੂੰ ਛੱਡ
ਮੁੱਖ ਧੋਤੇ ਦੀਆਂ