11.9 C
Los Angeles
Thursday, December 26, 2024

ਨੀਤੀ ਦੇ ਕਬਿੱਤ

1

ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ ।
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ ।
ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ,
ਜੰਗ ‘ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ ।
ਚੌਧਵੀਂ ਦਾ ਚੰਦ ਚੰਗਾ, ‘ਬਾਊ’ ਜੀ ਦਾ ਛੰਦ ਚੰਗਾ,
ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ ।

2

ਨਹਿਰ ਨੂੰ ਵਰਮ ਚੰਗੀ, ਚਾਹ ਛਕੀ ਗਰਮ ਚੰਗੀ,
ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ ।
ਗੁੜ ਚੰਗਾ ਮਹਿਰੇ ਨੂੰ, ਸੁਜਾਗ ਚੰਗਾ ਪਹਿਰੇ ਨੂੰ,
ਮਸਾਲਾ ਚੰਗਾ ਟੈਰੇ ਨੂੰ, ਬਨੌਲੇ ਚੰਗੇ ਖੋਲੇ ਨੂੰ ।
ਨਗਰ ਅਬਾਦ ਤੇ ਕਮਾਦ ਵਿੱਚ ਖਾਦ ਚੰਗਾ,
ਘਿਉ ਤੋਂ ਆਉਂਦਾ ਸੁਆਦ ਚੰਗਾ, ਗਾਲਾਂ ਦਾ ਵਿਚੋਲੇ ਨੂੰ ।
‘ਬਾਊ ਜੀ’ ਸਲਾਹੀ ਚੰਗਾ, ਤੇ ਗੁੱਜਰ ਮਾਹੀ ਚੰਗਾ,
ਅੜਬ ਸਿਪਾਹੀ ਚੰਗਾ, ਅੜਬਾਂ ਦੇ ਟੋਲੇ ਨੂੰ ।

3

ਲੋਕ ਨੇ ਵੈਰੀ ਬੁੱਧ ਦੇ, ਬੁੜ੍ਹੀ ਨਾ ਲਾਹੁਣ ਦੁੱਧ ਦੇ,
ਅਗਰਵਾਲ ਯੁੱਧ ਦੇ, ਕਦੇ ਨਾ ਨੇੜੇ ਢੁੱਕ ਦੇ ।
ਘੋੜੀ ਨਾ ਪਿਛੋਂ ਲੰਘਣ ਦੇ, ਸੂਰਾ ਨਾ ਅਗੋਂ ਖੰਘਣ ਦੇ,
ਬਿੱਪਰ ਸੰਗ ਭੰਗਣ ਦੇ, ਰਹੇ ਨਾ ਨਾਲ ਰੁੱਕ ਦੇ ।
ਕਾਜ਼ੀ ਨਾ ਪਾਸ ਗਾਉਣ ਦੇ, ਨਾ ਖੰਘ ਵਾਲਾ ਸੌਣ ਦੇ,
ਕਵੀ ਨਾ ਸ਼ੋਰ ਪਾਉਣ ਦੇ, ਸੂਮ ਨਾ ਘਰੋਂ ਟੁੱਕ ਦੇ ।
ਸਖ਼ੀ ਨਾ ਜਾਣ ਖ਼ਾਲੀ ਦੇ, ਨਾ ‘ਰਜਬ ਅਲੀ’ ਗਾਲੀ ਦੇ,
ਤੇ ਛੋਟੇ ਮੋਟੇ ਮਾਲੀ ਦੇ, ਕਦੇ ਨ੍ਹੀਂ ਕੰਮ ਮੁੱਕਦੇ ।

4

ਨੀਚ ਸੇ ਪਿਆਰ ਹੋ ਜੇ, ਨਾਰ ਬਦਕਾਰ ਹੋ ਜੇ,
ਬਾਲਕਾ ਬੀਮਾਰ ਹੋ ਜੇ, ਉਹ ਨਾ ਰੋਣੋਂ ਥੰਮ੍ਹਦਾ ।
ਗੇਹੂੰ ‘ਚ ਪਿਆਜ਼ੀ ਹੋ ਜੇ, ਬਾਣੀਆਂ ਲਿਹਾਜ਼ੀ ਹੋ ਜੇ,
ਭਾਈਆਂ ‘ਚ ਨਰਾਜ਼ੀ ਹੋ ਜੇ, ਹਰਜ ਕੁਟੰਬ ਦਾ ।
ਕੁਣਕੇ ‘ਚ ਗੰਢ ਤੇ ਗ੍ਰੰਥ ਵੱਲ ਕੰਡ ਹੋ ਜੇ,
ਕਪਾਹ ਜੇ ਕਰੰਡ ਹੋ ਜੇ, ਨਾ ਵੜੇਵਾਂ ਜੰਮ ਦਾ ।
‘ਬਾਉ’ ਦੀ ਬੇ ਰੋਅਬੀ ਹੋ ਜੇ, ਤੇ ਨਿਸਾਰੂ ਗੋਭੀ ਹੋ ਜੇ,
ਤੇ ਫ਼ਕੀਰ ਲੋਭੀ ਹੋ ਜੇ, ਉਹ ਨ੍ਹੀਂ ਰਹਿੰਦਾ ਕੰਮ ਦਾ ।

5

ਸੂਰਮੇ ਦੀ ਹਾਨੀ ਹੋ ਜੇ, ਹੋਛਾ ਜੇ ਗਿਆਨੀ ਹੋ ਜੇ,
ਆਗੂ ਜੇ ਜ਼ਨਾਨੀ ਹੋ ਜੇ, ਉਹ ਨਾ ਝੁੱਗੀ ਵੱਸਦੀ ।
ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ,
ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਸ ਰੋਜ਼ ਧੱਸਦੀ ।
ਮੌਤ ਜੇ ਵਿਆਹ ‘ਚ ਹੋ ਜੇ, ਮੀਂਹ-ਝੜੀ ਗਾਹ ‘ਚ ਹੋ ਜੇ,
ਜੇ ਜੁਆਕ ਰਾਹ ‘ਚ ਹੋ ਜੇ, ਦੁੱਖੀਂ ਜਾਨ ਫੱਸਦੀ ।
ਸੱਪ ਜੇ ਅਸੀਲ ਹੋ ਜੇ, ਖ਼ਾਰਜ ਅਪੀਲ ਹੋ ਜੇ,
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ ।

6

ਲੱਤੋਂ ਲੰਙਾ ਬੈਲ ਹੋ ਜੇ, ਬੁੜ੍ਹਾ ਬੇ-ਟਹਿਲ ਹੋ ਜੇ,
‘ਫ਼ੀਮ ਦਾ ਜੇ ਵੈਲ ਹੋ ਜੇ, ਐਦੂੰ ਦੁੱਖ ਕੋਈ ਨ੍ਹੀਂ ।
ਕੋੜ੍ਹ ਦਾ ਜੇ ਦੁੱਖ ਹੋ ਜੇ, ‘ਵਾ ‘ਚ ਟੇਢਾ ਰੁੱਖ ਹੋ ਜੇ,
ਗੁਰੂ ਤੋਂ ਬੇ-ਮੁੱਖ ਹੋ ਜੇ, ਦੋ ਜਹਾਨੀਂ ਢੋਈ ਨ੍ਹੀਂ ।
ਨੀਤ ‘ਚ ਫ਼ਰਕ ਤੇ ਰਸੈਣ ਦਾ ਠਰਕ ਹੋ ਜੇ,
ਬੇੜੀ ਜੇ ਗ਼ਰਕ ਹੋ ਜੇ, ਨਿੱਕਲੇ ਡਬੋਈ ਨ੍ਹੀਂ ।
ਰਾਜੇ ਤੇ ਚੜ੍ਹਾਈ ਹੋ ਜੇ, ਜੇ ਖ਼ਰਾਬ ਜੁਆਈ ਹੋ ਜੇ,
ਖਾੜੇ ‘ਚ ਲੜਾਈ ਹੋ ਜੇ, ‘ਬਾਊ’ ਚੰਗੀ ਹੋਈ ਨ੍ਹੀਂ ।

7

ਕਾਜ਼ੀ ਤੋਂ ਹਰਾਮ ਹੋ ਜੇ, ਬਹੂ ਘਰੋਂ ਲਾਮ੍ਹ ਹੋ ਜੇ,
ਪੈਂਚ ਬਦਨਾਮ ਹੋ ਜੇ, ਉਹਨੂੰ ਪਿੰਡ ਮੰਨੇ ਨਾ ।
ਫੱਟ ਵਿੱਚ ਰਾਧ ਹੋ ਜੇ, ਘਰ ਬਰਬਾਦ ਹੋ ਜੇ,
ਖ਼ੁਸ਼ਕ ਕਮਾਦ ਹੋ ਜੇ, ਉਹਦੇ ਸੁਆਦ ਗੰਨੇ ਨਾ ।
ਮੱਲੜਾ ਅਯਾਸ਼ ਹੋ ਜੇ, ਜੇ ਗਰਮ ਛਾਛ ਹੋ ਜੇ,
ਬੰਦਾ ਬਦਮਾਸ਼ ਹੋ ਜੇ, ਉਹਤੋਂ ਭਲੀ ਬਨੇਂ ਨਾ ।
ਬਿਨਾ ਨੰਬਰ ਨੋਟ, ਅਹਿਲਕਾਰ ਤੇ ਰਪੋਟ,
ਤੇ ਬੰਨ੍ਹਾਈ ਵਿੱਚ ਟੋਟ, ਹਰ ਇੱਕ ‘ਬਾਬੂ’ ਬੰਨ੍ਹੇ ਨਾ ।

8

ਸੋਗ ਵਿੱਚ ਹਾਸਾ ਮਾੜਾ, ਸੁਆਲੀ ਗਿਆ ਨਿਰਾਸਾ ਮਾੜਾ,
ਕੂੜ ਦਾ ਦਿਲਾਸਾ ‘ਤੇ ਗੰਡਾਸਾ ਮਾੜਾ ਜੰਡੀ ਨੂੰ ।
ਹਾਕਮਾਂ ਨੂੰ ਬੋਬਾ ਮਾੜਾ, ਗਾਉਂ ਵਿਚਾਲੇ ਟੋਭਾ ਮਾੜਾ,
ਸਿਆਣੇ ਕਹਿੰਦੇ ਖੋਭਾ ਮਾੜਾ, ਹਰਨੀ ਤਰੰਡੀ ਨੂੰ ।
ਅੜੀਦਾਰ ਘੋੜਾ ਮਾੜਾ, ਯਾਰ ਦਾ ਵਿਛੋੜਾ ਮਾੜਾ,
ਕਾਲਜੇ ‘ਚ ਫੋੜਾ ਤੇ, ਝੰਜੋੜਾ ਬੀਣੀਂ ਗੰਢੀ ਨੂੰ ।
ਹਲ੍ਹਕੇ ਨੂੰ ਆਬ, ‘ਬਾਬੂ’ ਸੌਣ ‘ਚ ਜੁਲਾਬ ਮਾੜਾ,
ਕਾਜ਼ੀ ਨੂੰ ਸ਼ਰਾਬ ਤੇ ਬਰਸਾਤ ਮਾੜੀ ਮੰਡੀ ਨੂੰ ।

9

ਲਾਗੀ ਨੂੰ ਮੜਕ ਮਾੜੀ, ਜੁੱਤੀ ਨੂੰ ਸੜਕ ਮਾੜੀ,
ਅੱਖ ਨੂੰ ਰੜਕ ਤੇ ਬੜ੍ਹਕ ਮਾੜੀ ਵੈਰਾਂ ਨੂੰ ।
ਖੰਘ ਮਾੜੀ ਤਾਪ ਨੂੰ, ਲਗਾਉਣਾ ਹੱਥ ਸਾਂਪ ਨੂੰ,
ਕੁੱਟਣ ਮਾੜਾ ਬਾਪ ਨੂੰ, ਟੁੱਟਣ ਮਾੜਾ ਨਹਿਰਾਂ ਨੂੰ ।
ਚੱਲੀ ਮਾੜੀ ‘ਦੱਖਣ’, ਸੰਖੀਆ ਚੱਖਣ ਮਾੜਾ,
ਵੈਲੀ ਘਰੇ ਰੱਖਣ, ਬਹਾਉਣਾ ਘਰੇ ਗ਼ੈਰਾਂ ਨੂੰ ।
ਨਾਰ ਵਿੱਭਚਾਰ ‘ਬਾਬੂ’, ਪਾਂਧੇ ਦਾ ਉਧਾਰ ਮਾੜਾ,
ਪਾਂਧੇ ਨੂੰ ਸ਼ਿਕਾਰ ਮਾੜਾ ਤੇ ਅਚਾਰ ਮਾੜਾ ਸ਼ਾਇਰਾਂ ਨੂੰ ।

10

ਚੱਖਣਾ ਕੀ ਬਿੱਖ ਨੂੰ, ਸਿਉਂਕ ਮਾੜੀ ਇੱਖ ਨੂੰ,
ਤਮਾਂਕੂ ਮਾੜਾ ਸਿੱਖ ਨੂੰ, ਪਿੱਪਲ ਮਾੜਾ ਤਾਕਾਂ ਨੂੰ ।
ਬਾਰ ਮੂਹਰੇ ਝਾੜ, ਰਹੇ ਨਿਆਈਂ ‘ਚ ਬਘਿਆੜ,
ਮਾੜਾ ਭਾਈਆਂ ਦਾ ਵਿਗਾੜ, ਤੇ ਰਿਹਾੜ ਮਾੜੀ ਜੁਆਕਾਂ ਨੂੰ ।
ਘੜੇ ਨੂੰ ਤਿੜਕ ਮਾੜੀ, ਜੂਏ ਦੀ ਫਿੜਕ ਮਾੜੀ,
ਤੇ ਹੁੰਦੀ ਝਿੜਕ ਮਾੜੀ, ਸੱਗੇ-ਰੱਤੇ ਸਾਕਾਂ ਨੂੰ ।
‘ਬਾਬੂ’ ਬੈਲ ਮੱਠਾ ਮਾੜਾ, ਤੇ ਗੁਰੂ ਨੂੰ ਠੱਠਾ ਮਾੜਾ,
ਭਲਵਾਨ ਢੱਠਾ ਮਾੜਾ, ਖਾ ਕੇ ਤੇ ਖ਼ੁਰਾਕਾਂ ਨੂੰ ।

11

ਜਰ ਮਾੜੀ ਸੰਦ ਨੂੰ, ਕਰੇੜਾ ਮਾੜਾ ਦੰਦ ਨੂੰ,
ਝੜੀ ਜ੍ਹੀ ਗ਼ੋਸ ਫ਼ੰਦ ਨੂੰ, ਤਪਸ਼ ਮਾੜੀ ਮੀਮੀ ਨੂੰ ।
ਚੋਟ ਮਾੜੀ ਬੰਗ ਨੂੰ, ਵਡਿਆਉਣਾ ਮਾੜਾ ਨੰਗ ਨੂੰ,
ਸ਼ੱਕਰ ਮਾੜੀ ਖੰਘ ਨੂੰ, ਖੱਟਿਆਈ ਮਾੜੀ ‘ਫ਼ੀਮੀ ਨੂੰ ।
ਤੁੰਬ ਨਵੇਂ ਥਾਨ ਨੂੰ, ਲਤਾੜ ਮਾੜੀ ਵਾਣ ਨੂੰ,
ਫ਼ਲ੍ਹੇ ਜੁੜੌਣਾਂ ਸਾਨ੍ਹਾਂ ਨੂੰ, ਸਫ਼ਰ ਮਾੜਾ ਤੀਮੀ ਨੂੰ ।
ਕੱਚਾ ਧਾਤ ਖਾਧਾ ‘ਬਾਬੂ’, ਬੇਹਾ ਪ੍ਰਸ਼ਾਦ ਮਾੜਾ,
ਤੇ ਭਰਾ ਤੇ ਵਾਧਾ ਮਾੜਾ, ਲਾਲਚ ਹਕੀਮੀ ਨੂੰ ।

12

ਸਿਆਣਿਆਂ ਦੀ ਮੱਤ ਕੰਮ ਆਂਵਦੀ ਉਮਰ ਸਾਰੀ,
ਹਾਕਮਾਂ ਦੇ ਕੋਲੇ ਜਾ ਸੁਣਾਈਏ ਗੱਲ ਕੱਬੀ ਨਾ ।
ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਜ਼ੋਰ ਹੋਵੇ,
ਐਵੇਂ ਵਿੱਚ ਪਿੰਡ ਦੇ ਸਦਾਈਏ ਖ਼ਾਨ ਖੱਬੀ ਨਾ ।
ਆਪ ਦੀ ਜ਼ਨਾਨੀ ਪਾਸ, ਹੱਸੀਏ ਨਾ ਹੋਰ ਨਾਲ,
ਖੇਲਣੇ ਕੋ ਬਾਲ ਕੋ, ਫੜਾਈਏ ‘ਫ਼ੀਮੀ ਡੱਬੀ ਨਾ ।
ਜਾਣਾ ਪ੍ਰਦੇਸ ਦਮ ਦੂਣੇ ਲੈ ਜ਼ਰੂਰਤਾਂ ਤੋਂ,
ਹਲ ਵਾਹੁੰਦੇ ‘ਬਾਬੂ ਜੀ’ ਹੰਢਾਈਏ ਪੱਗ ਛੱਬੀ ਨਾ ।

13

ਕੁੱਤੇ ਨਾ ਯਾਰ ਹਰਨ ਦੇ, ਪਾਂਧਾ ਨਾ ਮਾਸ ਧਰਨ ਦੇ,
ਗੁਰੂ ਨਾ ਚੌੜ ਕਰਨ ਦੇ, ਸੱਯਦ ਨਾ ਘਰ ਵੜਨ ਦੇ ।
ਪੈਸੇ ਨੂੰ ਦੱਬੇ ਜੁਆਰ੍ਹੀ ਨਾ, ਦਿਨੇਂ ਮੁੜੇ ਸ਼ਿਕਾਰੀ ਨਾ,
ਸਿਆਣਾ ਬੇਟੀ ਕੁਆਰੀ ਨਾ, ਬੰਦਿਆਂ ‘ਚ ਖੜ੍ਹਨ ਦੇ ।
ਤੀਵੀਂ ਸੇ ਭੇਦ ਖੋਲ੍ਹੇ ਨਾ, ਹੱਟੀ ਤੇ ਪੂਰਾ ਤੋਲੇ ਨਾ,
ਖਾੜੇ ‘ਚ ਸਿਆਣਾ ਬੋਲੇ ਨਾ, ਨੇਰ੍ਹੀ ਨਾ ਗੁੱਡੀ ਚੜ੍ਹਨ ਦੇ ।
ਹਟੇ ਨਾ ਸ਼ੇਰ ਗੱਜਣੋਂ, ਟੱਲੀ ਨਾ ਟਲੇ ਵੱਜਣੋ,
‘ਰਜਬ ਅਲੀ’ ਸੱਜਣੋਂ, ਰੱਦੀ ਨਾ ਕਿੱਸਾ ਪੜ੍ਹਨ ਦੇ ।

14

ਖੰਘ ਨੂੰ ਮੁਲੱਠੀ ਤੇ ਜਵੈਣ ਖੋਲ੍ਹੇ ਕਬਜ਼ੀ,
ਰਸੌਂਤ ਗੰਦੇ ਮੈਲੇ ਤੇ ਕੁਨੈਣ ਮਾਰੇ ਤੱਪ ਨੂੰ ।
ਘੋੜਿਆਂ ਨੂੰ ਸੂਲ ਤੇ ਮਲ੍ਹਮ ਮਾਰੇ ਫੋੜਿਆਂ ਨੂੰ,
ਬੱਕਰੀ ਨੂੰ ਝੜੀ ਤੇ ਕਲਹਿਰੀ ਮੋਰ ਸੱਪ ਨੂੰ ।
ਬਲੀ ਜੋਧੇ ਸੂਰਮੇ ਦਗ਼ੇ ਦੇ ਨਾਲ ਮਾਰੇ ਸਾਰੇ,
‘ਬਾਲੀ’ ਮਾਰਿਆ ਰਾਮ ਨੇ, ਰਸਾਲੂ ਸਿਰ ਕੱਪ ਨੂੰ ।
ਝੂਠ ਮਾਰੇ ਆਪ ਨੂੰ, ਤੇ ਸ਼ਾਨ ਮਾਰੇ ਦੂਸਰੇ ਨੂੰ,
‘ਰਜਬ ਅਲੀ’ ਮਾਰਦਾ ਖ਼ੁਦਾ ਦਾ ਨਾਮ ਗੱਪ ਨੂੰ ।

ਛੰਦ: ਮਾਂ ਦੇ ਮਖਣੀ ਖਾਣਿਉਂ

॥ਦੋਹਿਰਾ॥ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।(ਬਹੱਤਰ ਕਲਾ ਛੰਦ)ਸਉਂ ਗਏ ਤਾਣ ਚਾਦਰੇ ਵੇ,ਸੰਤ ਜਗਮੇਲ, ਮੱਖਣ ਗੁਰਮੇਲ,ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,ਕਰੋ ਹਰਨਾੜੀ, ਪਰਾਣੀ ਫੜਕੇ ।ਟੈਮ ਚਾਰ ਵਜੇ ਦਾ ਵੇ,ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,ਮਹਿਲ 'ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ ।ਮਾਂ ਦੇ ਮਖਣੀ ਖਾਣਿਉਂ ਵੇ,ਸੂਰਮਿਉਂ...

ਆਵੇ ਵਤਨ ਪਿਆਰਾ ਚੇਤੇ

ਬਾਬੂ ਰਜਬ ਅਲੀ ਦੀ ਸਵੈ-ਜੀਵਨੀ ਦੀ ਕਵਿਤਾ//ਤਰਜ਼ ਅਮੋਲਕ//ਮੰਨ ਲਈ ਜੋ ਕਰਦਾ ਰੱਬ ਪਾਕਿ ਐ ।ਆਉਂਦੀ ਯਾਦ ਵਤਨ ਦੀ ਖ਼ਾਕ ਐ ।ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।ਭੜਥਾ ਬਣ ਗਈ ਦੇਹੀ ਐ ।ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?ਜਾਂਦੇ ਲੋਕ ਨਗਰ ਦੇ ਰਸ ਬੂ ।ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।ਹੋ ਗਿਆ ਜਿਗਰ ਫਾੜੀਉਂ-ਫਾੜੀ ।ਵੱਢਦੀ ਚੱਕ ਚਿੰਤਾ ਬਘਿਆੜੀ,ਹੱਡੀਆਂ ਸਿੱਟੀਆਂ ਚੱਬ ਤਾਂ ਜੀ ।ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ...

ਗਣਨਾਂ ਦੇ ਬੈਂਤ

ਤਿੰਨ ਦਾ ਬੈਂਤਇੱਕ ਤੋਪ, ਪਸਤੌਲ, ਬੰਦੂਕ ਤੀਜੀ,ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ ।ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,ਮੜਕ ਨਾਲ ਉਠਾਂਵਦੇ ਪੈਰ ਤਿੰਨੇਂ ।ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,ਸਿੱਧੇ ਜਾਣ ਦਰਿਆ 'ਚੋਂ ਤੈਰ ਤਿੰਨੇਂ ।ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇਂ ।ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾਂ,ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ ।ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,ਨ੍ਹਾਰ, ਚੋਰਟਾ, ਲੱਲਕਰੀ ਟੈਰ ਤਿੰਨੇਂ ।ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ ।ਨਾਚਾ, ਨਕਲੀਆ ਔਰ ਗਾਮੰਤਰੀ ਵੀ,ਜਿੱਥੇ ਖੜਨ ਲਗਾਂਵਦੇ ਲਹਿਰ ਤਿੰਨੇਂ...