ਨੀਤੀ ਦੇ ਕਬਿੱਤ
1
ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ ।
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ ।
ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ,
ਜੰਗ 'ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ ।
ਚੌਧਵੀਂ ਦਾ ਚੰਦ ਚੰਗਾ, 'ਬਾਊ' ਜੀ ਦਾ ਛੰਦ ਚੰਗਾ,
ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ ।
2
ਨਹਿਰ ਨੂੰ ਵਰਮ ਚੰਗੀ, ਚਾਹ ਛਕੀ ਗਰਮ ਚੰਗੀ,
ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ ।
ਗੁੜ ਚੰਗਾ ਮਹਿਰੇ ਨੂੰ, ਸੁਜਾਗ ਚੰਗਾ ਪਹਿਰੇ ਨੂੰ,
ਮਸਾਲਾ ਚੰਗਾ ਟੈਰੇ ਨੂੰ, ਬਨੌਲੇ ਚੰਗੇ ਖੋਲੇ ਨੂੰ ।
ਨਗਰ ਅਬਾਦ ਤੇ ਕਮਾਦ ਵਿੱਚ ਖਾਦ ਚੰਗਾ,
ਘਿਉ ਤੋਂ ਆਉਂਦਾ ਸੁਆਦ ਚੰਗਾ, ਗਾਲਾਂ ਦਾ ਵਿਚੋਲੇ ਨੂੰ ।
'ਬਾਊ ਜੀ' ਸਲਾਹੀ ਚੰਗਾ, ਤੇ ਗੁੱਜਰ ਮਾਹੀ ਚੰਗਾ,
ਅੜਬ ਸਿਪਾਹੀ ਚੰਗਾ, ਅੜਬਾਂ ਦੇ ਟੋਲੇ ਨੂੰ ।
3
ਲੋਕ ਨੇ ਵੈਰੀ ਬੁੱਧ ਦੇ, ਬੁੜ੍ਹੀ ਨਾ ਲਾਹੁਣ ਦੁੱਧ ਦੇ,
ਅਗਰਵਾਲ ਯੁੱਧ ਦੇ, ਕਦੇ ਨਾ ਨੇੜੇ ਢੁੱਕ ਦੇ ।
ਘੋੜੀ ਨਾ ਪਿਛੋਂ ਲੰਘਣ ਦੇ, ਸੂਰਾ ਨਾ ਅਗੋਂ ਖੰਘਣ ਦੇ,
ਬਿੱਪਰ ਸੰਗ ਭੰਗਣ ਦੇ, ਰਹੇ ਨਾ ਨਾਲ ਰੁੱਕ ਦੇ ।
ਕਾਜ਼ੀ ਨਾ ਪਾਸ ਗਾਉਣ ਦੇ, ਨਾ ਖੰਘ ਵਾਲਾ ਸੌਣ ਦੇ,
ਕਵੀ ਨਾ ਸ਼ੋਰ ਪਾਉਣ ਦੇ, ਸੂਮ ਨਾ ਘਰੋਂ ਟੁੱਕ ਦੇ ।
ਸਖ਼ੀ ਨਾ ਜਾਣ ਖ਼ਾਲੀ ਦੇ, ਨਾ 'ਰਜਬ ਅਲੀ' ਗਾਲੀ ਦੇ,
ਤੇ ਛੋਟੇ ਮੋਟੇ ਮਾਲੀ ਦੇ, ਕਦੇ ਨ੍ਹੀਂ ਕੰਮ ਮੁੱਕਦੇ ।
4
ਨੀਚ ਸੇ ਪਿਆਰ ਹੋ ਜੇ, ਨਾਰ ਬਦਕਾਰ ਹੋ ਜੇ,
ਬਾਲਕਾ ਬੀਮਾਰ ਹੋ ਜੇ, ਉਹ ਨਾ ਰੋਣੋਂ ਥੰਮ੍ਹਦਾ ।
ਗੇਹੂੰ 'ਚ ਪਿਆਜ਼ੀ ਹੋ ਜੇ, ਬਾਣੀਆਂ ਲਿਹਾਜ਼ੀ ਹੋ ਜੇ,
ਭਾਈਆਂ 'ਚ ਨਰਾਜ਼ੀ ਹੋ ਜੇ, ਹਰਜ ਕੁਟੰਬ ਦਾ ।
ਕੁਣਕੇ 'ਚ ਗੰਢ ਤੇ ਗ੍ਰੰਥ ਵੱਲ ਕੰਡ ਹੋ ਜੇ,
ਕਪਾਹ ਜੇ ਕਰੰਡ ਹੋ ਜੇ, ਨਾ ਵੜੇਵਾਂ ਜੰਮ ਦਾ ।
'ਬਾਉ' ਦੀ ਬੇ ਰੋਅਬੀ ਹੋ ਜੇ, ਤੇ ਨਿਸਾਰੂ ਗੋਭੀ ਹੋ ਜੇ,
ਤੇ ਫ਼ਕੀਰ ਲੋਭੀ ਹੋ ਜੇ, ਉਹ ਨ੍ਹੀਂ ਰਹਿੰਦਾ ਕੰਮ ਦਾ ।
5
ਸੂਰਮੇ ਦੀ ਹਾਨੀ ਹੋ ਜੇ, ਹੋਛਾ ਜੇ ਗਿਆਨੀ ਹੋ ਜੇ,
ਆਗੂ ਜੇ ਜ਼ਨਾਨੀ ਹੋ ਜੇ, ਉਹ ਨਾ ਝੁੱਗੀ ਵੱਸਦੀ ।
ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ,
ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਸ ਰੋਜ਼ ਧੱਸਦੀ ।
ਮੌਤ ਜੇ ਵਿਆਹ 'ਚ ਹੋ ਜੇ, ਮੀਂਹ-ਝੜੀ ਗਾਹ 'ਚ ਹੋ ਜੇ,
ਜੇ ਜੁਆਕ ਰਾਹ 'ਚ ਹੋ ਜੇ, ਦੁੱਖੀਂ ਜਾਨ ਫੱਸਦੀ ।
ਸੱਪ ਜੇ ਅਸੀਲ ਹੋ ਜੇ, ਖ਼ਾਰਜ ਅਪੀਲ ਹੋ ਜੇ,
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ ।
6
ਲੱਤੋਂ ਲੰਙਾ ਬੈਲ ਹੋ ਜੇ, ਬੁੜ੍ਹਾ ਬੇ-ਟਹਿਲ ਹੋ ਜੇ,
'ਫ਼ੀਮ ਦਾ ਜੇ ਵੈਲ ਹੋ ਜੇ, ਐਦੂੰ ਦੁੱਖ ਕੋਈ ਨ੍ਹੀਂ ।
ਕੋੜ੍ਹ ਦਾ ਜੇ ਦੁੱਖ ਹੋ ਜੇ, 'ਵਾ 'ਚ ਟੇਢਾ ਰੁੱਖ ਹੋ ਜੇ,
ਗੁਰੂ ਤੋਂ ਬੇ-ਮੁੱਖ ਹੋ ਜੇ, ਦੋ ਜਹਾਨੀਂ ਢੋਈ ਨ੍ਹੀਂ ।
ਨੀਤ 'ਚ ਫ਼ਰਕ ਤੇ ਰਸੈਣ ਦਾ ਠਰਕ ਹੋ ਜੇ,
ਬੇੜੀ ਜੇ ਗ਼ਰਕ ਹੋ ਜੇ, ਨਿੱਕਲੇ ਡਬੋਈ ਨ੍ਹੀਂ ।
ਰਾਜੇ ਤੇ ਚੜ੍ਹਾਈ ਹੋ ਜੇ, ਜੇ ਖ਼ਰਾਬ ਜੁਆਈ ਹੋ ਜੇ,
ਖਾੜੇ 'ਚ ਲੜਾਈ ਹੋ ਜੇ, 'ਬਾਊ' ਚੰਗੀ ਹੋਈ ਨ੍ਹੀਂ ।
7
ਕਾਜ਼ੀ ਤੋਂ ਹਰਾਮ ਹੋ ਜੇ, ਬਹੂ ਘਰੋਂ ਲਾਮ੍ਹ ਹੋ ਜੇ,
ਪੈਂਚ ਬਦਨਾਮ ਹੋ ਜੇ, ਉਹਨੂੰ ਪਿੰਡ ਮੰਨੇ ਨਾ ।
ਫੱਟ ਵਿੱਚ ਰਾਧ ਹੋ ਜੇ, ਘਰ ਬਰਬਾਦ ਹੋ ਜੇ,
ਖ਼ੁਸ਼ਕ ਕਮਾਦ ਹੋ ਜੇ, ਉਹਦੇ ਸੁਆਦ ਗੰਨੇ ਨਾ ।
ਮੱਲੜਾ ਅਯਾਸ਼ ਹੋ ਜੇ, ਜੇ ਗਰਮ ਛਾਛ ਹੋ ਜੇ,
ਬੰਦਾ ਬਦਮਾਸ਼ ਹੋ ਜੇ, ਉਹਤੋਂ ਭਲੀ ਬਨੇਂ ਨਾ ।
ਬਿਨਾ ਨੰਬਰ ਨੋਟ, ਅਹਿਲਕਾਰ ਤੇ ਰਪੋਟ,
ਤੇ ਬੰਨ੍ਹਾਈ ਵਿੱਚ ਟੋਟ, ਹਰ ਇੱਕ 'ਬਾਬੂ' ਬੰਨ੍ਹੇ ਨਾ ।
8
ਸੋਗ ਵਿੱਚ ਹਾਸਾ ਮਾੜਾ, ਸੁਆਲੀ ਗਿਆ ਨਿਰਾਸਾ ਮਾੜਾ,
ਕੂੜ ਦਾ ਦਿਲਾਸਾ 'ਤੇ ਗੰਡਾਸਾ ਮਾੜਾ ਜੰਡੀ ਨੂੰ ।
ਹਾਕਮਾਂ ਨੂੰ ਬੋਬਾ ਮਾੜਾ, ਗਾਉਂ ਵਿਚਾਲੇ ਟੋਭਾ ਮਾੜਾ,
ਸਿਆਣੇ ਕਹਿੰਦੇ ਖੋਭਾ ਮਾੜਾ, ਹਰਨੀ ਤਰੰਡੀ ਨੂੰ ।
ਅੜੀਦਾਰ ਘੋੜਾ ਮਾੜਾ, ਯਾਰ ਦਾ ਵਿਛੋੜਾ ਮਾੜਾ,
ਕਾਲਜੇ 'ਚ ਫੋੜਾ ਤੇ, ਝੰਜੋੜਾ ਬੀਣੀਂ ਗੰਢੀ ਨੂੰ ।
ਹਲ੍ਹਕੇ ਨੂੰ ਆਬ, 'ਬਾਬੂ' ਸੌਣ 'ਚ ਜੁਲਾਬ ਮਾੜਾ,
ਕਾਜ਼ੀ ਨੂੰ ਸ਼ਰਾਬ ਤੇ ਬਰਸਾਤ ਮਾੜੀ ਮੰਡੀ ਨੂੰ ।
9
ਲਾਗੀ ਨੂੰ ਮੜਕ ਮਾੜੀ, ਜੁੱਤੀ ਨੂੰ ਸੜਕ ਮਾੜੀ,
ਅੱਖ ਨੂੰ ਰੜਕ ਤੇ ਬੜ੍ਹਕ ਮਾੜੀ ਵੈਰਾਂ ਨੂੰ ।
ਖੰਘ ਮਾੜੀ ਤਾਪ ਨੂੰ, ਲਗਾਉਣਾ ਹੱਥ ਸਾਂਪ ਨੂੰ,
ਕੁੱਟਣ ਮਾੜਾ ਬਾਪ ਨੂੰ, ਟੁੱਟਣ ਮਾੜਾ ਨਹਿਰਾਂ ਨੂੰ ।
ਚੱਲੀ ਮਾੜੀ 'ਦੱਖਣ', ਸੰਖੀਆ ਚੱਖਣ ਮਾੜਾ,
ਵੈਲੀ ਘਰੇ ਰੱਖਣ, ਬਹਾਉਣਾ ਘਰੇ ਗ਼ੈਰਾਂ ਨੂੰ ।
ਨਾਰ ਵਿੱਭਚਾਰ 'ਬਾਬੂ', ਪਾਂਧੇ ਦਾ ਉਧਾਰ ਮਾੜਾ,
ਪਾਂਧੇ ਨੂੰ ਸ਼ਿਕਾਰ ਮਾੜਾ ਤੇ ਅਚਾਰ ਮਾੜਾ ਸ਼ਾਇਰਾਂ ਨੂੰ ।
10
ਚੱਖਣਾ ਕੀ ਬਿੱਖ ਨੂੰ, ਸਿਉਂਕ ਮਾੜੀ ਇੱਖ ਨੂੰ,
ਤਮਾਂਕੂ ਮਾੜਾ ਸਿੱਖ ਨੂੰ, ਪਿੱਪਲ ਮਾੜਾ ਤਾਕਾਂ ਨੂੰ ।
ਬਾਰ ਮੂਹਰੇ ਝਾੜ, ਰਹੇ ਨਿਆਈਂ 'ਚ ਬਘਿਆੜ,
ਮਾੜਾ ਭਾਈਆਂ ਦਾ ਵਿਗਾੜ, ਤੇ ਰਿਹਾੜ ਮਾੜੀ ਜੁਆਕਾਂ ਨੂੰ ।
ਘੜੇ ਨੂੰ ਤਿੜਕ ਮਾੜੀ, ਜੂਏ ਦੀ ਫਿੜਕ ਮਾੜੀ,
ਤੇ ਹੁੰਦੀ ਝਿੜਕ ਮਾੜੀ, ਸੱਗੇ-ਰੱਤੇ ਸਾਕਾਂ ਨੂੰ ।
'ਬਾਬੂ' ਬੈਲ ਮੱਠਾ ਮਾੜਾ, ਤੇ ਗੁਰੂ ਨੂੰ ਠੱਠਾ ਮਾੜਾ,
ਭਲਵਾਨ ਢੱਠਾ ਮਾੜਾ, ਖਾ ਕੇ ਤੇ ਖ਼ੁਰਾਕਾਂ ਨੂੰ ।
11
ਜਰ ਮਾੜੀ ਸੰਦ ਨੂੰ, ਕਰੇੜਾ ਮਾੜਾ ਦੰਦ ਨੂੰ,
ਝੜੀ ਜ੍ਹੀ ਗ਼ੋਸ ਫ਼ੰਦ ਨੂੰ, ਤਪਸ਼ ਮਾੜੀ ਮੀਮੀ ਨੂੰ ।
ਚੋਟ ਮਾੜੀ ਬੰਗ ਨੂੰ, ਵਡਿਆਉਣਾ ਮਾੜਾ ਨੰਗ ਨੂੰ,
ਸ਼ੱਕਰ ਮਾੜੀ ਖੰਘ ਨੂੰ, ਖੱਟਿਆਈ ਮਾੜੀ 'ਫ਼ੀਮੀ ਨੂੰ ।
ਤੁੰਬ ਨਵੇਂ ਥਾਨ ਨੂੰ, ਲਤਾੜ ਮਾੜੀ ਵਾਣ ਨੂੰ,
ਫ਼ਲ੍ਹੇ ਜੁੜੌਣਾਂ ਸਾਨ੍ਹਾਂ ਨੂੰ, ਸਫ਼ਰ ਮਾੜਾ ਤੀਮੀ ਨੂੰ ।
ਕੱਚਾ ਧਾਤ ਖਾਧਾ 'ਬਾਬੂ', ਬੇਹਾ ਪ੍ਰਸ਼ਾਦ ਮਾੜਾ,
ਤੇ ਭਰਾ ਤੇ ਵਾਧਾ ਮਾੜਾ, ਲਾਲਚ ਹਕੀਮੀ ਨੂੰ ।
12
ਸਿਆਣਿਆਂ ਦੀ ਮੱਤ ਕੰਮ ਆਂਵਦੀ ਉਮਰ ਸਾਰੀ,
ਹਾਕਮਾਂ ਦੇ ਕੋਲੇ ਜਾ ਸੁਣਾਈਏ ਗੱਲ ਕੱਬੀ ਨਾ ।
ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਜ਼ੋਰ ਹੋਵੇ,
ਐਵੇਂ ਵਿੱਚ ਪਿੰਡ ਦੇ ਸਦਾਈਏ ਖ਼ਾਨ ਖੱਬੀ ਨਾ ।
ਆਪ ਦੀ ਜ਼ਨਾਨੀ ਪਾਸ, ਹੱਸੀਏ ਨਾ ਹੋਰ ਨਾਲ,
ਖੇਲਣੇ ਕੋ ਬਾਲ ਕੋ, ਫੜਾਈਏ 'ਫ਼ੀਮੀ ਡੱਬੀ ਨਾ ।
ਜਾਣਾ ਪ੍ਰਦੇਸ ਦਮ ਦੂਣੇ ਲੈ ਜ਼ਰੂਰਤਾਂ ਤੋਂ,
ਹਲ ਵਾਹੁੰਦੇ 'ਬਾਬੂ ਜੀ' ਹੰਢਾਈਏ ਪੱਗ ਛੱਬੀ ਨਾ ।
13
ਕੁੱਤੇ ਨਾ ਯਾਰ ਹਰਨ ਦੇ, ਪਾਂਧਾ ਨਾ ਮਾਸ ਧਰਨ ਦੇ,
ਗੁਰੂ ਨਾ ਚੌੜ ਕਰਨ ਦੇ, ਸੱਯਦ ਨਾ ਘਰ ਵੜਨ ਦੇ ।
ਪੈਸੇ ਨੂੰ ਦੱਬੇ ਜੁਆਰ੍ਹੀ ਨਾ, ਦਿਨੇਂ ਮੁੜੇ ਸ਼ਿਕਾਰੀ ਨਾ,
ਸਿਆਣਾ ਬੇਟੀ ਕੁਆਰੀ ਨਾ, ਬੰਦਿਆਂ 'ਚ ਖੜ੍ਹਨ ਦੇ ।
ਤੀਵੀਂ ਸੇ ਭੇਦ ਖੋਲ੍ਹੇ ਨਾ, ਹੱਟੀ ਤੇ ਪੂਰਾ ਤੋਲੇ ਨਾ,
ਖਾੜੇ 'ਚ ਸਿਆਣਾ ਬੋਲੇ ਨਾ, ਨੇਰ੍ਹੀ ਨਾ ਗੁੱਡੀ ਚੜ੍ਹਨ ਦੇ ।
ਹਟੇ ਨਾ ਸ਼ੇਰ ਗੱਜਣੋਂ, ਟੱਲੀ ਨਾ ਟਲੇ ਵੱਜਣੋ,
'ਰਜਬ ਅਲੀ' ਸੱਜਣੋਂ, ਰੱਦੀ ਨਾ ਕਿੱਸਾ ਪੜ੍ਹਨ ਦੇ ।
14
ਖੰਘ ਨੂੰ ਮੁਲੱਠੀ ਤੇ ਜਵੈਣ ਖੋਲ੍ਹੇ ਕਬਜ਼ੀ,
ਰਸੌਂਤ ਗੰਦੇ ਮੈਲੇ ਤੇ ਕੁਨੈਣ ਮਾਰੇ ਤੱਪ ਨੂੰ ।
ਘੋੜਿਆਂ ਨੂੰ ਸੂਲ ਤੇ ਮਲ੍ਹਮ ਮਾਰੇ ਫੋੜਿਆਂ ਨੂੰ,
ਬੱਕਰੀ ਨੂੰ ਝੜੀ ਤੇ ਕਲਹਿਰੀ ਮੋਰ ਸੱਪ ਨੂੰ ।
ਬਲੀ ਜੋਧੇ ਸੂਰਮੇ ਦਗ਼ੇ ਦੇ ਨਾਲ ਮਾਰੇ ਸਾਰੇ,
'ਬਾਲੀ' ਮਾਰਿਆ ਰਾਮ ਨੇ, ਰਸਾਲੂ ਸਿਰ ਕੱਪ ਨੂੰ ।
ਝੂਠ ਮਾਰੇ ਆਪ ਨੂੰ, ਤੇ ਸ਼ਾਨ ਮਾਰੇ ਦੂਸਰੇ ਨੂੰ,
'ਰਜਬ ਅਲੀ' ਮਾਰਦਾ ਖ਼ੁਦਾ ਦਾ ਨਾਮ ਗੱਪ ਨੂੰ ।