।।ਦੋਹਿਰਾ।।
ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।
ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।
।।ਤਰਜ਼।।
ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ ‘ਤਾ ਤਰਜ਼ ਵਿੱਚ ਰਸ ਮੈਂ,
ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।
ਕਲਮ ਲਿਖਦੀ ਰਹੀ, ਲਿਖ ਥਕਦੀ ਐ ।
ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,
ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
ਗੱਲ ਰੱਬ ਦੇ ਬੰਦੇ ਦੀ ਤੋਰੀ, ਡਾਢੇ ਰੰਗਤ ਬਣਾ ‘ਤੀ ਗੋਰੀ,
ਅੱਖ ਰਸ ਦੀ ਭਰੀ ਕਟੋਰੀ, ਪਿੰਡਿਉਂ ਕਸਤੂਰੀ ਮਹਿਕੇ ਜੀ ।
ਮੱਥਾ ਚੰਦਰਮਾਂ ਵਾਂਗੂੰ ਟਹਿਕੇ ਜੀ ।
ਤਸਵੀਰ ਬਣੀ ਮਨ-ਮੋਹਣੀ, ਕੱਦ ‘ਮਿਆਨਾ’ ਸਜੇ ਖੜ੍ਹੋਣੀ,
ਦੰਦਰਾਲ ਯੂਸਫ਼ੋਂ ਸੋਹਣੀ, ਜਬ ਹਸਦੇ ਫ਼ਲਾਵਰ ਡੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
ਜਦੋਂ ਗੁਰੂ ਸੀ ਉਮਰ ਦੇ ਲੈਰੇ, ਮੱਝਾਂ ਚਾਰਨ ਇੱਕ ਜਾ ਬਹਿ ਰ੍ਹੇ,
ਪੈ ਗਏ ਧੁੱਪ ਵਿਚ ਸਿਖ਼ਰ ਦੁਪਹਿਰੇ, ਜਬ ਸੂਰਜ ਸਿਰ ਤੇ ਆਇਆ ਸੀ ।
ਸੱਪ ਫਨ ਦਾ ਕਰ ‘ਤਾ ਸਾਇਆ ਸੀ ।
ਗੱਲ ਕਿਸੇ ਨੇ ਨਗਰ ਵਿੱਚ ਦਸ ‘ਤੀ, ਐਥੇ ਐਹੋ ਜ੍ਹੀ ਪਵਿੱਤਰ ਹਸਤੀ,
ਸਾਰੀ ਵੇਖਣ ਜਾਂਦੀ ਬਸਤੀ, ਸੁਣ ਪੜਦੇ ਕੰਨਾਂ ਦੇ ਖੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
ਘਰ ਖੱਤਰੀ ਦੇ ਜਨਮ ਜਹਾਨਾਂ, ਦੂਜਾ ਬਾਲਾ ਜਾਟ ਦੀਵਾਨਾ,
ਤੀਜਾ ਮੀਰ ਰਲਿਆ ਮਰਦਾਨਾ, ਕੱਠੇ ਬਹਿਕੇ ਸਾਜ਼ ਵਜਾਉਂਦੇ ਸੀ ।
ਰੱਬ ਨਾਂ ਦੇ ਸੋਹਲੇ ਗਾਉਂਦੇ ਸੀ ।
ਦੇਵੇ ਛੂਤ ਢੁੱਕਣ ਨਾ ਨੇੜੇ, ਵੜੇ ਭੂਤ-ਭਰਮ ਨਾ ਵੇਹੜੇ,
ਬਹਿ ਕੇ ਤਿੱਕੜੀ ਰਾਗ ਨੂੰ ਛੇੜੇ, ਪਰ ਨਗਮੇਂ ਜਿਉਂ ਬੁਲਬੁਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
ਗੁਰੂ ਹਰਿ ਦਾ ਦੁਆਰਾ ਮੱਲਿਆ, ਦੀਵਾ ਅੰਦਰ ਨਾਮ ਦਾ ਜਲਿਆ,
ਪਿਤਾ ਕਾਲੂ ਵਣਜ ਨੂੰ ਘੱਲਿਆ, ਸੱਚੇ ਕਰੇ ਸੇ ਸੌਦੇ ਜੀ ।
ਨਾਲ ਮੁਸ਼ਕਲ ਮਿਲਦੇ ਅਹੁਦੇ ਜੀ ।
ਤੋਲੇ ਤੱਕੜੀ ਤੇ ਪਕੜ ਪੰਸੇਰਾ, ਸ਼ਾਵਾ ਧਨ ਤਿਆਗੀ ਸ਼ੇਰਾ,
ਕਹੀ ਜਾਂਦੇ ‘ਤੇਰਾ ਤੇਰਾ’, ਬਸ ਦਾਣੇ ਸਾਰੇ ਤੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
ਗਏ ਪਰਬਤ ਤੇ ਇਕ ਵਾਰੀ, ਉੱਥੇ ਝਗੜਿਆ ‘ਪੀਰ ਕੰਧਾਰੀ’,
ਉਹਨੇ ਡੇਗ ‘ਤੀ ਪਹਾੜੀ ਭਾਰੀ, ਫੜ ਗੁਰੂ ਨਾਨਕ ਦੇ ਉੱਤੇ ਜੀ ।
ਤਿੰਨੇ ਰਹਿ ਜਾਵਣਗੇ ਸੁੱਤੇ ਜੀ ।
ਸ਼ਾਇਰ ਕਰੇ ਨਾ ਵਡਿਆਈ ਫੋਕੀ, ਇੱਕ ਹੱਥ ਤੇ ਪਹਾੜੀ ਰੋਕੀ,
‘ਪੰਜਾ ਸਾਹਿਬ’ ਕਹਿਣ ਕੁਲ ਲੋਕੀ, ਸਿੱਖ ਯਾਦ ਰੱਖਣ ਨਹੀਂ ਭੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
ਕਰੇ ਤੀਰਥ ਦੂਰ ਵਲੈਤਾਂ, ਅਦਿ ਰਚਿਆ ਗਰੰਥ ਹਕੈਤਾਂ,
ਉੱਤੇ ਲਿਖੀਆਂ ਕੁਰਾਨੀਂ ਐਤਾਂ, ਗਲ ਭਗਮੇਂ ਚੋਲੇ ਸੱਜ ਗਏ ਸੀ ।
ਨਾਲੇ ਕਰਨ ਮੱਕੇ ਦਾ ਹੱਜ ਗਏ ਸੀ ।
ਗੁਰੂ ਨਾਨਕ ਜੀ ਅਲਬੇਲੇ, ਜਿੱਥੇ ਬਹਿ ਗਏ ਲੱਗ ਗਏ ਮੇਲੇ,
ਸਿੱਖ ਬਣ ਗਏ ਕਰੋੜਾਂ ਚੇਲੇ, ਪਰਚਾਰ ਸਣੌਂਦੇ ਮੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।
‘ਬਾਬੂ’ ਛੱਡ ਗਏ ਬਿਰਧ ਹੋ ਚੋਲੇ, ਸੱਚੇ ਸਾਹਿਬ ਨੇ ਬੁਲਾ ਲਏ ਕੋਲੇ,
ਲੋਕਾਂ ਮਗਰੋਂ ਪਰੋਲੇ ਫੋਲੇ, ਲੈ ਗਿਆ ਪਾਸ ਬੁਲਾ ਕੇ ਕਾਦਰ ਸੀ ।
ਦੋਹਾਂ ਦੀਨਾਂ ਨੇ ਵੰਡ ਲਈ ਚਾਦਰ ਜੀ ।
ਦੱਸੋ ਮਗਰੋਂ ਫਿਰਨ ਕੀ ਲੱਭਦੇ, ਇੱਕ ਫੂਕਣ ਤੇ ਇੱਕ ਦੱਬਦੇ,
ਨੂਰ ਰਲ ਗਿਆ ਨੂਰ ਵਿਚ ਰੱਬ ਦੇ, ਸਿਰ ਛਤਰ ਸ਼ਹਾਨਾਂ ਝੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।