ਭੂਗੋਲ ਦੇ ਕਬਿੱਤ
1
ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,
ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।
ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,
ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ 'ਚੋਂ ।
ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,
ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ 'ਚੋਂ ।
ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,
'ਬਾਬੂ' ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ 'ਚੋਂ ।
2
ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,
ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।
ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,
ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।
ਟੇਸ਼ਨ ਬਠਿੰਡਾ, ਤੇ ਸਰਾਂ ਨਾ ਨੂਰ-ਮਹਿਲ ਜੈਸੀ,
ਤਾਲ ਤਲਵੰਡੀ ਦਾ, ਸੁਹਾਵੇ ਢਾਬ ਮੱਲੇ ਦੀ ।
ਮੇਰਠ ਜਿਹਾ ਗੁੜ, 'ਬਾਬੂ' ਅੰਬ ਨਾ ਅੰਬਾਲੇ ਜੈਸੇ,
ਲਹਿਰੀਏ ਪਟਿਆਲੇ ਤੇ ਜ਼ਨਾਨੀ ਜੋਗੇ-ਰੱਲੇ ਦੀ ।
3
ਗੱਡੇ ਹੰਢਿਆਏ, ਸੀਰ ਵਾਲੀ ਦੀ ਗੰਡਾਸੀ ਚੰਗੀ,
ਸਾਰੰਗੀ ਸੰਘੇੜਿਆਂ ਦੀ, ਬਣਨ ਕੂੰਡੇ ਰਾਂਮਤੇ ।
ਗੰਢੇ ਇੰਦਗੜ੍ਹ ਦੇ, ਨਕੋਦਰ ਚਿਲਮ ਚੰਗੀ,
ਬੱਸ ਹੋ ਗਈ ਨਾਸ ਦੀ ਗਿੱਦੜ-ਬਹੇ ਗਾਮ ਤੇ ।
ਆਧਨੀਏਂ ਕਹੀ ਮੂਲਿਆਂ ਵਾਲੇ ਦੀ ਦਰਾਤੀ ਚੰਗੀ,
ਵਿੱਚੇ ਉੱਚੀ ਰੱਖਦੇ ਬਣਾਕੇ ਖਾਨਾ ਲਾਮ੍ਹ ਤੇ ।
'ਰਜਬ ਅਲੀ' ਜਿਹੜੇ ਗੋਲੇ ਵਾਲੇ ਦੇ ਫਿਰਾਏ ਬੋਤੇ,
ਹਰ ਮੇਲੇ ਜਾ ਕੇ ਲੱਗ ਜਾਮਦੇ ਇਨਾਮ ਤੇ ।
4
ਲੋਟ ਘੁਮਿਆਰੇ, ਨਿਉਲ ਰਾਮੇ ਕੇ ਬਣਨ ਚੰਗੇ,
ਲਾਪਰਾਂ ਦੀ ਮੱਕੀ, ਤੇ ਖਿਡੌਣੇ ਚੰਗੇ ਰੋਪੜ ਦੇ ।
ਪਉਏ ਭੈਣੀ ਸਾਹਿਬ, ਜੋੜੀ ਬਣੇਂ ਨਾ ਘੜੂੰਏਂ ਜੈਸੀ,
ਮੱਟ ਜੰਘੀਰਾਣੇ ਦੇ ਬਣਾ ਕੇ ਉਤੋਂ ਚੋਪੜ ਦੇ ।
ਕੋਟਲੇ ਦੀ ਮੇਥੀ, ਨਾ ਮਤੀਰਾ ਰਾਸੂਵਾਲ ਜੈਸਾ,
ਮਿੱਠਾ ਲੱਗੇ ਜਾਣੀਂ ਚੱਬ ਜਾਂ ਸਣ੍ਹੇ ਖਰੋਪੜ ਦੇ ।
'ਰਜਬ ਅਲੀ' ਸੇਲਾ ਭਾਈ ਕੋਟ ਦਾ ਮਸ਼ਹੂਰ ਬਾਹਲਾ,
ਸਾਰ ਪਾਰ ਲੰਘ ਜੇ ਵਿਚਾਲੇ ਠੋਕਿਆਂ ਖੋਪੜ ਦੇ ।
5
ਭੰਗ ਰਿਖੀਕੇਸ਼, ਚਾਹ ਨਾ ਮਿਲੇ ਡੇਹਰਾਦੂਨ ਜੈਸੀ,
ਭੂਰੀ ਖੇਮਕਰਨ ਦੀ, ਕਸੂਰ ਚੂੜਾ ਦੰਦ ਦਾ ।
ਸੰਗਤ ਪਿੱਪਲ, ਲੰਮੀ ਜੈਸੇ ਦਰਵਾਜ਼ੇ ਹੈ ਨਹੀਂ,
ਰੱਖਿਆ ਅਲਹਿਦਾ ਜਿਹਾ ਤਰੀਕਾ ਉੱਚੀ ਕੰਧ ਦਾ ।
ਸਫ਼ਾ ਜੰਗ ਭਾਈ ਬਖ਼ਤੌਰ 'ਚ ਬਣਾਉਂਦੇ ਸੋਹਣੇ,
ਛਜਲੀ ਤੇ ਛੱਜ ਚੰਗਾ ਹੁੰਦਾ ਜੋਗਾ ਨੰਦ ਦਾ ।
ਤਿਉਂ ਜਣਿਆਂ ਦੇ ਛੰਦ ਹਾਸ-ਰਸ ਦਾ ਨਮੂਨਾ ਇੱਕੋ,
'ਬਾਊ ਜੀ', ਤੇ 'ਮਾਘੀ ਸਿਉਂ', ਮਰਾਝ ਵਾਲੇ 'ਚੰਦ' ਦਾ ।
6
ਦੱਖਣ ਦਾ ਹੀਰਾ ਚੰਗਾ, ਕਾਬਲੀ ਮਮੀਰਾ ਚੰਗਾ,
ਥਲੀ ਦਾ ਮਤੀਰਾ ਚੰਗਾ, ਕਮਾਦ ਚੰਗੇ ਪੁਆਧ ਦੇ ।
ਬਲ੍ਹਦ ਨਗੌਰੀ ਤੇ ਅੰਬਰਸਰ ਜੌਹਰੀ ਚੰਗੇ,
ਲੁੰਗੀਆਂ ਪਿਸ਼ੌਰੀ, ਚੌਲ ਚੰਗੇ ਫ਼ਤਿਆਬਾਦ ਦੇ ।
ਆਗਰੇ ਦੇ ਰੋਜ਼ੇ ਚੰਗੇ, ਸ਼ਿਮਲੇ ਦੇ ਨਿਉਜ਼ੇ ਚੰਗੇ,
ਗੰਗਾ ਦੇ ਨਗੋਜੇ ਚੰਗੇ, ਵਧ ਕੇ ਖ਼ਰਾਦ ਦੇ ।
ਸਾਦਕੀ ਦੇ ਦਾਨੇ ਚੰਗੇ, ਰੋਹਤਕ ਮਖਾਣੇ ਚੰਗੇ,
ਸਰਸੇ ਪਲਾਣੇ ਚੰਗੇ, 'ਰਜਬ ਅਲੀ' ਆਦਿ ਦੇ ।
7
ਰੋਪੜ ਦੇ ਤਾਲੇ ਚੰਗੇ, ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ ।
ਮੇਰਠ ਦਾ ਗੁੜ, ਗੰਨੇ ਚੰਗੇ ਉੜ ਮੁੜ,
ਜੀ ਜਗਾਧਰੀ ਦੇ ਪੁੜ, ਚੰਗੇ ਲਗਦੇ ਪਰਾਤ ਦੇ ।
ਦਿੱਲੀ ਦੇ ਹਕੀਮ, ਕਲਕੱਤੇ ਦੇ ਮੁਨੀਮ ਚੰਗੇ,
ਬੀਕਾਨੇਰੀ ਅਫ਼ੀਮ ਵਿਸਕੀ ਨੂੰ ਕਰ ਮਾਤ ਦੇ ।
ਪੈਰਸ ਮੱਹਲ ਤੇ ਲਾਹੌਰ ਵਿੱਚ ਮੱਲ ਚੰਗੇ,
'ਰਜਬ ਅਲੀ' ਫਲ, ਕਸ਼ਮੀਰ ਭਾਂਤ-ਭਾਂਤ ਦੇ ।
8
ਲੁਧਿਆਣੇ ਜ਼ੀਨ ਚੰਗੀ, ਦੁਆਬੇ ਦੀ ਜ਼ਮੀਨ ਚੰਗੀ,
ਸਿੰਧ ਦੀ ਮਦੀਨ ਜੀ ਰੁਹਾਲ ਚਾਲ ਤੁਰਦੀ ।
ਹਾਕਮ ਅੰਗਰੇਜ਼, ਤਬਰੇਜ਼ ਦੇ ਦੁਸ਼ਾਲੇ ਚੰਗੇ,
ਦਿੰਦੇ ਦੂਰ ਭੇਜ ਮੇਜ਼ ਕਰਤਾਰਪੁਰ ਦੀ ।
ਕੋਇਟੇ ਦੇ ਬਦਾਮ ਤੇ ਕਸੂਰ ਦੇ ਲਗਾਮ ਚੰਗੇ,
ਕਾਨ੍ਹਪੁਰ ਆਮ, ਬਿਲਟੀ ਮੰਗਾ ਲਉ ਧੁਰ ਦੀ ।
'ਬਾਊ' ਵਾਰਤਾ ਕਤੇਬੀ, ਚੀਨ ਦੇਸ਼ ਦੀ ਰਕੇਬੀ,
ਤੇ ਬਠਿੰਡੇ ਦੀ ਜਲੇਬੀ, ਜਾਵੇ ਸ਼ਹਿਤ ਵਾਂਗੂੰ ਖੁਰਦੀ ।