ਘੜੀ
ਇਹ ਜੋ ਗੁੱਟ ਤੇ ਰਿਹੈਂ ਸਜਾ ਮੈਨੂੰ
ਕਿਸੇ ਦਾ ਚੰਗਾ ਮੰਦਾ ਦੱਸਣ ਦੀ
ਨਾ ਦੇ ਸਜ਼ਾ ਮੈਨੂੰ
ਕਈ ਪਲ ਵੀ ਸਦੀਓਂ ਲੰਮੇਂ ਨੇ
ਕਦੇ ਸਦੀਆਂ, ਪਲਾਂ ਵਿੱਚ ਦੇਣ ਹੰਢਾ ਤੈਨੂੰ
ਸਫ਼ਰਾਂ ਤੇ ਜਾਂ ਸੈਰਾਂ ਤੇ
ਮੰਨੇ ਤਾਂ ਦੇਵਾਂ ਸਲਾਹ ਤੈਨੂੰ
ਰੋਕਾਂ ਚਾਹੇ ਤੋਰ ਦਿਆਂ
ਤੂੰ ਸਮਝੇਂ ਜੇ ਮਲਾਹ ਮੈਨੂੰ
ਨਦੀਆਂ ਵਗਦੇ ਪਾਣੀ ਅਸਲ ‘ਚ ਥੰਮੇ ਨੇ
ਤੁਰੇ ਜਾਂਦੇ ਕੰਢਿਆਂ ਨੇ
ਇਹ ਦੇਣੀ ਗੱਲ ਸਮਝਾ ਤੈਨੂੰ
ਕਿਓਂ ਸੋਚੇਂ ਹੋਰ ਜੂਨ ਪਊਂ
ਹੋਰਾਂ ਦਾ ਕਿਓਂ ਪਾਹ ਤੈਨੂੰ
ਦੂਜੀ ਤਾਂ ਮੁੱਲ ਮਿਲਣੀ ਨੀ
ਪਹਿਲੀ ਦਾ ਹੀ ਪੁੱਛ ਲੈ ਰਾਹ ਮੈਨੂੰ
ਇਹ ਰੂਹਾਂ ਦੇ ਮੇਲੇ ਜੋ
ਲੱਗਣ ਕਦੇ ਨਾ ਗਾਹ ਤੈਨੂੰ
ਗੁਜਰੇ ਚਲਦੇ ਆਉਂਦੇ ਦਾ ਕੀ ਭਾਅ ਮੈਨੂੰ
ਬੱਸ, ਕਿਸੇ ਰੁਕ ਕੇ ਗੁਜਰੇ ਦੀ
ਲੱਗ ਜਾਵੇ ਨਾ ਹਾਅ ਤੈਨੂੰ
ਹੰਢਾ ਤਾਂ ਸਭ ਨੇ ਲੈਣੀ ਐ
‘ਗਿੱਲਾ’ ਤੂੰ ਮਾਣ ਠਰ੍ਹਮੇਂ ਵੇ
ਖੁਸ਼ੀਆਂ ਭੁੱਲਕੇ ਹੱਸਣ ਦਾ,
ਚੜਿਆ ਕਾਹਤੋਂ ਚਾਅ ਤੈਨੂੰ?
ਕਿਸੇ ਦਾ ਮੰਦਾ ਚੰਗਾ ਦੱਸਣ ਦੀ
ਨਾ ਦੇ ਸਜ਼ਾ ਮੈਨੂੰ!