ਚੰਨ ਚਾਨਣੀ ਰਾਤ
ਕੁਲਵਿੰਦਰ ਸਿੱਧੂ ਕਾਮੇ ਕਾ
ਚੰਨ ਚਾਨਣੀ ਰਾਤ ਸੌਂ ਗਈ
ਸੌਂ ਗਏ ਚੰਨ ‘ਤੇ ਤਾਰੇ
ਮੈਂ ਜਾਗਾਂ ਤੇਰੀ ਯਾਦ ਜਾਗਦੀ
ਜਾਗਣ ਚਾਅ ਕੁਆਰੇ
ਕੋਸ਼ਿਸ਼ ਕਰਦੀ ਪਰ ਮੈਂ ਹਰਦੀ
ਨੀਂਦ ਨਾ ਆਵੇ ਨੇੜੇ
ਟਿਕੀ ਰਾਤ ਦੀ ਚੁੱਪ ਨੂੰ ਚਕੋਰੀ
ਜਾਣ ਜਾਣਕੇ ਛੇੜੇ
ਖਿੜੀ ਕਪਾਹ ਵਿੱਚ ਜੁਗਨੂੰ ਜਾਗਣ
ਕਿਸ ਬਿਰਹੋਂ ਦੇ ਮਾਰੇ
ਚੰਨ ਚਾਨਣੀ ਰਾਤ ਸੌਂ ਗਈ
ਸੌਂ ਗਏ ਚੰਨ ਤੇ ਤਾਰੇ
ਦੋ ਚਿੱਤੀਆਂ ਵਿੱਚ ਚਿੱਤ ਵੇ ਮੇਰਾ
ਨਾ ਹੱਸੇ ਨਾ ਰੋਵੇ
ਜਾਗੋ ਮੀਟੀ ਵਿੱਚ ਲਗਦੈ ਕੋਈ
ਖੜ੍ਹਾ ਸਰਾਣੇ ਹੋਵੇ
ਉੱਠਕੇ ਜਦ ਮੈਂ ਵੇਖਾਂ ਅੜਿਆ
ਤੂੰ ਨਾ ਦਿਸੇਂ ਚੁਬਾਰੇ
ਚੰਨ ਚਾਨਣੀ ਰਾਤ ਸੌਂ ਗਈ
ਸੌਂ ਗਏ ਚੰਨ ਤੇ ਤਾਰੇ
ਕੀ ਕੁਲਵਿੰਦਰਾ ਕਹਾਂ ਯਾਦ ਨੂੰ
ਬਹਿਗੀ ਆਣ ਸਰ੍ਹਾਣੇ
ਕਿੰਝ ਲੱਗੀਆਂ ਵਿੱਚ ਅੱਖ ਨੀ ਲਗਦੀ
ਲੱਗੀ ਵਾਲਾ ਈ ਜਾਣੇ
ਮੋਹ ਤੇਰੇ ਵਿੱਚ ਮਿੱਠੇ ਲੱਗਦੇ
ਹੰਝੂ ਮਹਿਰਮਾਂ ਖਾਰੇ
ਚੰਨ ਚਾਨਣੀ ਰਾਤ ਸੌਂ ਗਈ
ਸੌਂ ਗਏ ਚੰਨ ਤੇ ਤਾਰੇ
ਮੈਂ ਜਾਗਾਂ ਤੇਰੀ ਯਾਦ ਜਾਗਦੀ
ਜਾਗਣ ਚਾਅ ਕੁਆਰੇ