ਮੇਰਿਆਂ ਦੁੱਖਾਂ ਦਾ ਸੀਰੀ
ਕੁਲਵਿੰਦਰ ਸਿੱਧੂ ਕਾਮੇ ਕਾ
ਦਿਲ ਦੀ ਦੇਹਲੀ
ਦੁੱਖ ਬੋਲਦੇ
ਬੋਲੇ ਖੇਤਾਂ ਵਿੱਚ ਟਟਿਹਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਆਸਾਂ ਵਾਲਾ
ਬੂਰ ਝੜ ਗਿਅ
ਮੁੱਖ ਮੇਰੇ ਦਾ
ਨੂਰ ਝੜ ਗਿਆ
ਚਾਵਾਂ ਵਾਲਾ
ਚੌਂਕਾ ਢਹਿ ਗਿਆ
ਸਧਰਾਂ ਦੀ ਟੁੱਟੀ ਸ਼ਤੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਹੱਕ ਸਾਡਾ
ਸਰਕਾਰਾਂ ਖਾ’ਗੀਆਂ
ਕੁਝ ਕੁਦਰਤ ਦੀਆਂ
ਮਾਰਾਂ ਖਾ’ਗੀਆਂ
ਕਣਕ , ਕਲੈਹਣਾ
ਕੈਂਸਰ ਖਾ ਗਿਆ
ਹੜ੍ਹਾਂ ਨੇ ਖਾ ਲਈ ਜੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਚਿੱਟਾ ਕਫਣ
ਚਿੱਟੇ ਦੇ ਪੈਜੇ
ਹਾੜਾ ਮਗਰੋਂ
ਦਾਰੂ ਲਹਿ’ਜੇ
ਨਸ਼ਿਆਂ ਵਾਲੇ
ਨਾਗ ਦੇ ਰੱਬਾ
ਕੋਈ ਲੜ’ਜੇ ਚੰਨਣਗੀਰ੍ਹੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਪਾੜ੍ਹਿਆਂ ਨੂੰ
ਬੇਰੁਜਗਾਰੀ ਖਾ ਗਈ
ਨਸ਼ਿਆਂ ਦੀ ਬੁਰੀ
ਬਿਮਾਰੀ ਖਾ ਗਈ
ਦੁੱਖਾਂ ਦੀ ਦਲਦਲ
ਖਿੱਚਕੇ ਲੈ ਗਈ
ਜਿਉਂ ਮੋਘੇ ਚ ਪਵੇ ਭੰਮੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਬੱਚੇ ਬੁੱਢੇ
ਬਿਮਾਰ ਨੇ ਮਾਈਆਂ
ਅੰਨ੍ਹ ਤੋਂ ਜਿਆਦਾ
ਖਾਣ ਦਵਾਈਆਂ
ਆਂਢ ਗੁਆਂਢ ਦੇ
ਹਾਲ ਨੇ ਏਹੋ
ਕੋਈ ਬਚੀ ਨਾ ਸਾਕ ਸਕੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਕਾਮੇ ਕਿਆ
ਨਾ ਮਿਲੇ ਦਿਹਾੜੀ
ਗਰੀਬੀ ਚੰਦਰੀ
ਸਭ ਤੋਂ ਮਾੜੀ
ਅੱਗ ਪੇਟ ਦੀ
ਹਰਦਮ ਬਲਦੀ
ਜਾਵੇ ਭੁੱਖ ਕਾਲਜਾ ਚੀਰੀ
ਨੀ ਪੀਕੇ ਸੁੱਤਾ ਪਿਆ
ਮੇਰਿਆਂ ਦੁੱਖਾਂ ਦਾ ਸੀਰੀ
ਆਸ ਨਹੀਂ
ਪਰ ਸਿੱਧੂਆਂ ਛੱਡੀ
ਕੱਚਿਓਂ ਪੱਕੇ
ਆਖਰ ਚੜ੍ਹੂਗੀ ਗੱਡੀ
ਜਨਮ ਨਵਾਂ ਫਿਰ
ਪੰਜਾਬ ਦਾ ਹੋਣੈ
ਖੁਸ਼ੀਆਂ ਦੀ ਰਲੂ ਪੰਜੀਰੀ
ਨੀ ਮਾਲਕ ਭੇਜੂਗਾ
ਮੁੜ ਚਾਵਾਂ ਦੀ ਚੀਰੀ
ਕਿ ਦਰਦ ਵੰਡਾਊਗਾ
ਉੱਠਕੇ ਦੁੱਖਾਂ ਦਾ ਸੀਰੀ