20.8 C
Los Angeles
Tuesday, January 7, 2025

ਚਿੱਟਾ ਲਹੂ – ਅਧੂਰਾ ਕਾਂਡ (8)

19

ਬਚਨ ਸਿੰਘ ਨੇ ਸੁੰਦਰੀ ਨੂੰ ਲੈ ਤਾਂ ਆਂਦਾ, ਪਰ ਇਹ ਕੰਮ ਉਸ ਲਈ ਸੇਹਲੀ ਦਾ ਸੱਪ ਬਣ ਗਿਆ। ਸਭ ਤੋਂ ਪਹਿਲਾਂ ਤਾਂ ਉਸ ਦੀ ਮਾਂ ਨੇ ਜਦ ਇਹ ਤਮਾਸ਼ਾ ਡਿੱਠਾ, ਤਾਂ ਉਹ ਜਿਹੜੀ ਅੱਗੇ ਹੀ ਸੁੰਦਰੀ ਤੋਂ ਪੇਟਾ ਪੇਟਾ ਦੁਖੀ ਸੀ-ਉਸ ਨੂੰ ਘਰ ਆਈ ਵੇਖ ਕੇ ਇਤਨੀ ਘਾਬਰੀ ਕਿ ਉਹਦੀਆਂ ਸੱਤੇ ਸੁਧਾ ਭੁਲ ਗਈਆਂ। ਉਸ ਲਈ ਉਹ ਬੜੀ ਔਕੜ ਦਾ ਸਮਾਂ ਸੀ। ਨਾ ਤਾਂ ਉਹ ਬਚਨ ਸਿੰਘ ਨੂੰ ਇਸ ਬਾਰੇ ਕਹਿਣ ਦਾ ਹੀਆ ਕਰ ਸਕਦੀ ਸੀ ਤੇ ਨਾ ਹੀ ਅੱਖਾਂ ਸਾਹਮਣੇ ਇਹ ਉਪਦਰਵ ਹੁੰਦਾ ਵੇਖ ਸਕਦੀ ਸੀ ਕਿ ਇਹ ਕਲੰਦਰਾਂ ਦੀ ਕੁੜੀ ਜਿਸ ਤੋਂ ਬਚਨ ਸਿੰਘ ਦਾ ਗਲਾ ਛੁਡਾਣ ਲਈ ਉਹ ਅੱਗੇ ਹੀ ਤਰ੍ਹਾਂ ਤਰ੍ਹਾਂ ਦੇ ਉਪਾਉ ਸੋਚ ਰਹੀ ਸੀ-ਉਸ ਦੇ ਘਰ ਵਿਚ ਹੀ ਆ ਵੜੇ।

ਇਸ ਤੋਂ ਛੁਟ ਬਚਨ ਸਿੰਘ ਦੇ ਇਸ ਕਾਰੇ ਦਾ ਪਿੰਡ ਵਿਚ ਘਰ ਘਰ ਚਰਚਾ ਛਿੜ ਪਿਆ ਤੇ ਨਤੀਜਾ ਇਹ ਹੋਇਆ ਕਿ ਲੋਕਾਂ ਨੇ ਉਨ੍ਹਾਂ ਮਾਂ ਪੁੱਤਰਾਂ ਨਾਲ ਬੋਲਣਾ ਵਰਤਣਾ ਲਗ-ਪਗ ਬੰਦ ਕਰ ਦਿਤਾ।

ਬਚਨ ਸਿੰਘ ਇਸ ਪਾਸਿਉਂ ਬੇ-ਖ਼ਬਰ ਨਹੀਂ ਸੀ। ਉਹ ਮਾਂ ਦਾ ਦੁਖ ਵੀ ਸਮਝਦਾ ਸੀ ਤੇ ਇਸ ਦੇ ਨਾਲ ਹੀ ਇਹ ਵੀ ਅਨੁਭਵ ਕਰ ਰਿਹਾ ਸੀ ਕਿ ਪਿੰਡ ਵਾਲੇ ਹੁਣ ਕਿਥੋਂ ਤਕ ਪਹੁੰਚਣਗੇ। ਪਰ ਉਹ ਸਭ ਕੁਝ ਜਾਣਦਾ ਹੋਇਆ ਵੀ ਸੁੰਦਰੀ ਨੂੰ ਘਰ ਲੈ ਹੀ ਆਇਆ ਤੇ ਆਉਂਦਿਆਂ ਹੀ ਇਕ ਨਾਈ ਨੂੰ ਸੱਦ ਕੇ ਉਸ ਦੀ ਮੱਲ੍ਹਮ ਪੱਟੀ ਸ਼ੁਰੂ ਕਰ ਦਿੱਤੀ। ਉਸਨੇ ਬਾਬੇ ਰੋਡ ਨੂੰ ਵੀ ਸਾਰੀ ਗੱਲ ਜਾ ਦੱਸੀ ਤੇ ਉਸਨੂੰ ਨਾਲ ਲੈ ਆਂਦਾ।

ਰੋਡ ਨੇ ਜਦ ਆ ਕੇ ਸੁੰਦਰੀ ਦੀ ਹਾਲਤ ਵੇਖੀ ਤਾਂ ਉਸਨੂੰ ਗਸ਼ ਜਿਹੀ ਆ ਗਈ। ਫਿਰ ਉਸ ਨੂੰ ਇਹ ਖ਼ਿਆਲ ਆਇਆ ਕਿ ਬਚਨ ਸਿੰਘ ਅੱਗੇ ਹੀ ਸਾਡੇ ਲਈ ਸਾਰੇ ਜਹਾਨ ਦੀਆਂ ਤੁਹਮਤਾਂ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਹੈ। ਹੁਣ ਤਾਂ ਪਤਾ ਨਹੀਂ ਇਸ ਜੁਰਮ ਦਾ ਇਸ ਨੂੰ ਬਰਾਦਰੀ ਵਲੋਂ ਕੀ ਡੰਨ ਭੋਗਣਾ ਪਵੇਗਾ।

ਉਹ ਬਚਨ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਤੇ ਵਾਲ ਵਾਲ ਦੁਆਰਾ ਉਸਦਾ ਧੰਨਵਾਦ ਕਰਦਾ ਹੋਇਆ ਸੁੰਦਰੀ ਨੂੰ ਇਸ ਬੇਹੋਸ਼ੀ ਦੀ ਹਾਲਤ ਵਿਚ ਘਰ ਲੈ ਜਾਣ ਦੀ ਆਗਿਆ ਮੰਗਣ ਲਗਾ। ਭਾਵੇਂ ਉਹ ਇਸ ਹਾਲਤ ਵਿਚ ਸੁੰਦਰੀ ਨੂੰ ਲੈ ਜਾਣਾ ਦਿਲੋਂ ਚਾਹੁੰਦਾ ਨਹੀਂ ਸੀ, ਕਿਉਂਕਿ ਉਹ ਜਾਣਦਾ ਸੀ ਕਿ ਜਿਸ ਤਰ੍ਹਾਂ ਦਾ ਇਲਾਜ ਮਾਜਰਾ ਉਸ ਦਾ ਇਥੇ ਹੋ ਰਿਹਾ ਹੈ, ਉਹੋ ਜਿਹਾ ਤਾਂ ਝੌਂਪੜੀ ਵਿਚ ਜਾ ਕੇ ਕੀ ਹੋਣਾ ਹੈ, ਸਗੋਂ ਉਥੇ ਤਾਂ ਸਾਧਾਰਨ ਦੁਆ-ਦਾਰੂ ਦੀ ਵੀ ਆਸ ਨਹੀਂ, ਪਰ ਫੇਰ ਵੀ ਉਸ ਨੇ ਬਚਨ ਸਿੰਘ ਦੀ ਇੱਜ਼ਤ ਖ਼ਤਰੇ ਵਿਚ ਪਾਣ ਨਾਲੋਂ ਸੁੰਦਰੀ ਦੀ ਜਾਨ ਖ਼ਤਰੇ ਵਿਚ ਪਾਣ ਨੂੰ ਹੀ ਤਰਜੀਹ ਦਿਤੀ। ਪਰ ਉਸ ਦੇ ਹਜ਼ਾਰ ਜਤਨ ਕਰਨ ਤੇ ਵੀ ਬਚਨ ਸਿੰਘ ਰਜ਼ਾਮੰਦ ਨਾ ਹੋਇਆ।

ਇਹ ਤਾਂ ਫੈਸਲਾ ਹੋ ਗਿਆ ਕਿ ਸੁੰਦਰੀ ਜਦ ਤਕ ਤੰਦਰੁਸਤ ਨਾ ਹੋ ਜਾਵੇ ਬਚਨ ਸਿੰਘ ਦੇ ਘਰ ਵਿਚ ਹੀ ਰਹੇਗੀ, ਪਰ ਰੋਡ ਨੂੰ ਇਕ ਹੋਰ ਔਕੜ ਸਾਹਮਣੇਂ ਦਿਸ ਰਹੀ ਸੀ,ਅਰਥਾਤ ਉਹ ਸੁੰਦਰੀ ਤੋਂ ਜੁਦਾ ਨਹੀਂ ਸੀ ਰਹਿ ਸਕਦਾ। ਭਾਵੇਂ ਉਸ ਨੂੰ ਇਸ ਦਾ ਪੂਰਾ ਭਰੋਸਾ ਸੀ ਕਿ ਇਥੇ ਰਹਿ ਕੇ ਸੁੰਦਰੀ ਨੂੰ ਉਸ ਦੀ ਟਹਿਲ ਸੇਵਾ ਦਾ ਕੋਈ ਵਿਗੋਚਾ ਨਹੀਂ, ਪਰ ਮੋਹ ਦਾ ਬੰਧਨ ਉਸ ਦੀ ਪੇਸ਼ ਨਹੀਂ ਸੀ ਜਾਣ ਦੇਂਦਾ। ਛੇਕੜ ਛਾਤੀ ਤੇ ਪੱਥਰ ਰੱਖ ਕੇ ਉਸ ਨੇ ਸੁੰਦਰੀ ਦਾ ਕੁਝ ਦਿਨਾਂ ਦਾ ਵਿਛੋੜਾ ਜਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ।

ਇਸ ਤੋਂ ਬਾਅਦ ਉਹ ਦੋ ਤਿੰਨ ਦਿਨ ਸੁੰਦਰੀ ਨੂੰ ਵੇਖਣ ਜਾਂਦਾ ਰਿਹਾ, ਪਰ ਇਹ ਸੌਦਾ ਉਸ ਨੂੰ ਇਤਨਾ ਮਹਿੰਗਾ ਪੈਂਦਾ ਸੀ ਕਿ ਇਕ ਦੇ ਦਿਨ ਜਾ ਕੇ ਹੀ ਉਹ ਜਾਣੋਂ ਹਟ ਗਿਆ। ਜਦ ਉਹ ਗਲੀਆਂ ਵਿਚੋਂ ਲੰਘਦਾ ਤਾਂ ਲੋਕਾਂ ਦੀ ਛੇੜ-ਛਾੜ ਤੇ ਬੋਲੀਆਂ ਕਬੋਲੀਆਂ ਉਸ ਦਾ ਨੱਕ ਵਿਚ ਦਮ ਲਿਆ ਛਡਦੀਆਂ ਸਨ।

ਇਧਰ ਬਚਨ ਸਿੰਘ ਦਾ ਵੀ ਇਹੋ ਹਾਲ ਸੀ, ਪਰ ਉਸ ਦੀ ਦ੍ਰਿੜਤਾ ਨੇ ਉਸ ਨੂੰ ਆਪਣੇ ਨਿਸ਼ਾਨੇ ਤੋਂ ਡਿੱਗਣ ਨਾ ਦਿੱਤਾ। ਕਦਮ ਕਦਮ ਉੱਤੇ ਲੋਕਾਂ ਦੀਆਂ ਟਿਚਕਰਾਂ ਤੇ ਟੋਕ-ਟੁਕਾਈ ਹੋਣ ਤੇ ਵੀ ਉਸ ਦੀ ਸਾਬਤ ਕਦਮੀ ਵਿਚ ਫ਼ਰਕ ਨਾ ਪਿਆ, ਉਹ ਸਰਗਰਮੀ ਨਾਲ ਸੁੰਦਰੀ ਦਾ ਇਲਾਜ ਕਰਦਾ ਰਿਹਾ।

ਲਗਾਤਾਰ ਦੇ ਦਿਨ ਸੁੰਦਰੀ ਬੇਹਸ਼ ਰਹੀ। ਵਿਚ ਵਿਚ ਕਿਸੇ ਵੇਲੇ ਉਹ ਰਤਾ ਕੁ ਅੱਖਾਂ ਖੋਲ੍ਹਦੀ ਸੀ ਪਰ ਫੇਰ ਮੀਟ ਲੈਂਦੀ। ਤੀਜੀ ਰਾਤ ਦੇ ਕੋਈ ਨੌ ਕੁ ਵਜੇ ਜਦ ਬਾਬਾ ਰੋਡ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਲੁਕਾਂਦਾ ਹੋਇਆ ਆ ਕੇ ਸੁੰਦਰੀ ਦੀ ਸਰ੍ਹਾਂਦੀ ਬੈਠਾ ਸੀ, ਸੁੰਦਰੀ ਨੇ ਪਾਸਾ ਪਰਤਿਆ। ਅਜ ਦਿਹਾੜੀ ਵੀ ਉਹ ਤਿੰਨ ਚਾਰ ਵੇਰਾਂ ਇਸੇ ਤਰ੍ਹਾਂ ਹਿੱਲੀ-ਜੁੱਲੀ ਸੀ ਤੇ ਕੁਝ ਬੁੜ-ਬੁੜਾਂਦੀ ਰਹੀ ਸੀ।

ਹੌਲੀ ਹੌਲੀ ਸੁੰਦਰੀ ਦੀਆਂ ਅੱਖਾਂ ਦੇ ਛੱਪਰ ਉਤਾਂਹ ਉਠੇ ਤੇ ਆਪਣੇ ਆਸ ਪਾਸ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਵੇਖਣ ਲਗ ਪਈ। ਰੋਡ ਦੀ ਜਾਨ ਵਿਚ ਜਾਨ ਆਈ ਤੇ ਉਹ ਸੁੰਦਰੀ ਦੇ ਮੱਥੇ ਤੇ ਹੱਥ ਫੇਰਦਾ ਹੋਇਆ ਭਰੇ ਗਲੇ ਚੋਂ ਬੋਲਿਆ ਸੁੰਦਰੇ ।”

ਸੁੰਦਰੀ ਨੀਵੀਂ ਜਿਹੀ ਆਵਾਜ਼ ਵਿਚ ਬੋਲੀ “ਹਾਂ ਬਾਬਾ !”

“ਪੁੱਤ ਮੇਰੇ ਵਲ ਤੱਕ ਖਾਂ !”

ਸੁੰਦਰੀ ਨੇ ਪਾਸਾ ਪਰਤਿਆ ਤੇ ਉਸਨੇ ਆਪਣੀ ਸਰ੍ਹਾਂਦੀ ਵਲ ਆਪਣੇ ਪਾਲਕ ਪਿਤਾ ਨੂੰ ਵੇਖਿਆ। ਸੁੰਦਰੀ ਨੇ ਉਸ ਵਲ ਦੋਵੇਂ ਬਾਹਾਂ ਪਸਾਰੀਆਂ ਤੇ ਰੋਡ ਨੇ ਆਪਣਾ ਸਿਰ ਅਗਾਂਹ ਕੀਤਾ। ਗਲਵਕੜੀ ਪਾ ਕੇ ਸੁੰਦਰੀ ਫਿਰ ਹੌਲੇ ਜਿਹੇ ਬੋਲੀ- ਬਾਬਾ ਮੈਂ ਕਿੱਥੇ ਆਂ ?”

“ਪੁੱਤ । ਤੂੰ ਆਪਣੇ ਘਰ ਵਿਚ।”

“ਨਹੀਂ ਬਾਬਾ ! ਇਹ ਤੇ ਸਾਡਾ ਘਰ ਨਹੀਂ, ਸਾਡੇ ਘਰ ਤੇ ਮੰਜਾ ਕੋਈ ਨਹੀਂ ਸੀ’ ਤੇ ਉਹ ਫੇਰ ਘਰ ਦੀ ਹਰ ਇਕ ਚੀਜ਼ ਵਲ ਅਸਚਰਜ ਡਰੀ ਨਜ਼ਰ ਨਾਲ ਤੱਕਣ ਲਗ ਪਈ। ਫਿਰ ਉਸ ਨੂੰ ਮਾਲੂਮ ਹੋਇਆ ਕਿ ਉਸ ਦੇ ਸਿਰ, ਮੱਥੇ ਅਤੇ ਠੋਡੀ ਤੇ ਪੱਟੀਆਂ ਬੱਧੀਆਂ ਹੋਈਆਂ ਸਨ। ਉਹ ਫੇਰ ਹੱਥ ਨਾਲ ਰੋਡ ਦਾ ਸਿਰ ਟਟੋਲਦੀ ਹੋਈ ਬੋਲੀ ਬਾਬਾ ! ਮੈਨੂੰ ਇਥੇ ਕੌਣ ‘ਤੇ ਉਹ ਚੁਪ ਹੋ ਗਈ। ਉਸ ਨੂੰ ਆਪਣੇ ਆਪ ਹੀ ਸਾਰੇ ਪ੍ਰਸ਼ਨਾਂ ਦਾ ਉੱਤਰ ਮਿਲ ਗਿਆ। ਉਸ ਦਿਨ ਦੀ ਸਾਰੀ ਬੀਤੀ ਉਸ ਨੂੰ ਚੇਤੇ ਆ ਗਈ ਤੇ ਉਹ ਫਿਰ ਬੋਲੀ ਹੋ ਗਈ ਸਾਂ ?” “ਬਾਬਾ ਮੈਂ ਬੇਹੋਸ਼

“ਆਹੋ ਪੁੱਤ !”

”ਤੇ ਚਲ ਨਾ ਬਾਬਾ ਹੁਣ ਘਰ ਚਲੀਏ।”

“ਚਲਾਂਗੇ ਪੁੱਤ, ਜ਼ਰਾ ਹੋਰ ਤਕੜੀ ਹੋ ਲੈ।”

“ਨਹੀਂ, ਮੈਂ ਤੇ ਬਾਬਾ ਚੰਗੀ ਭਲੀ ਆਂ।”

ਉਹ ਹੌਲੇ ਜਿਹੇ ਉੱਠ ਕੇ ਮੰਜੇ ਤੇ ਬੈਠਣ ਲੱਗੀ। ਇਸ ਵੇਲੇ ਰਾਤ ਵਧੇਰੇ ਜਾ ਚੁਕੀ ਸੀ। ਰੋਡ ਨੇ ਉਸ ਨੂੰ ਸਹਾਰਾ ਦੇ ਕੇ ਫਿਰ ਮੰਜੇ ਤੇ ਲਿਟਾ ਦਿੱਤਾ ਤੇ ਪਿਆਰ ਨਾਲ ਉਸ ਤੇ ਸਿਰ ਤੇ ਹੱਥ ਫੇਰਦਾ ਹੋਇਆ ਬੋਲਿਆ। “ਪੁੱਤ, ਲੰਮੀ ਪੈ ਜਾ। ਵੱਡੇ ਵੇਲੇ ਮੈਂ ਤੈਨੂੰ ਲੈ ਚਲਾਂਗਾ।”

ਬਚਨ ਸਿੰਘ ਵੀ ਕੋਲ ਬੈਠਾ ਸੀ। ਰੇਡ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਉਸ ਨੂੰ ਕਿਹਾ – “ਸਰਦਾਰ ਜੀ ! ਸੁੰਦਰੀ ਨੂੰ ਹੋਸ਼ ਆ ਗਈ ਏ। ਲਉ ਹੁਣ ਮੈਂ ਚਲਦਾ ਵਾਂ-ਵੱਡੇ ਵੇਲੇ ਆਵਾਂਗਾ।” ਬਚਨ ਸਿੰਘ ਨੇ ਕਿਹਾ – “ਕੋਈ ਫ਼ਿਕਰ ਨਾ ਕਰੋ ਤੁਸੀਂ ਜਾਓ।”

ਸੁੰਦਰੀ ਦੀ ਫੇਰ ਅੱਖ ਲੱਗ ਗਈ ਸੀ ਤੇ ਰੇਡ ਇਕ ਵਾਰੀ ਫਿਰ ਸਧਰਾਈ ਨਜ਼ਰ ਨਾਲ ਉਸ ਦੇ ਚਿਹਰੇ ਵਲ ਤੱਕ ਕੇ ਸੋਟੀ ਫੜ ਕੇ ਬੂਹਿਉਂ ਬਾਹਰ ਨਿਕਲ ਗਿਆ।

ਉਸ ਨੇ ਜਾਣ ਤੋਂ ਅੱਧਾ ਘੰਟਾ ਪਿਛੋਂ ਸੁੰਦਰੀ ਨੇ ਫੇਰ ਪਾਸਾ ਪਰਤਿਆ। ਉਸ ਨੇ ਪਾਣੀ ਮੰਗਿਆ, ਬਚਨ ਸਿੰਘ ਕੋਲ ਹੀ ਬੈਠਾ ਹੋਇਆ ਸੀ, ਉਸ ਨੇ ਪਾਣੀ ਲਿਆ ਕੇ ਗਲਾਸ ਉਹਦੇ ਮੂੰਹ ਨੂੰ ਲਾਇਆ। ਬਚਨ ਸਿੰਘ ਵਲ ਉਹ ਕਿੰਨਾ ਚਿਰ ਤੱਕਦੀ ਰਹੀ ਤੇ ਫਿਰ ਬੋਲੀ

“ਮੈਨੂੰ ਇਥੇ ਤੁਸੀਂ ਲਿਆਂਦਾ ਸੀ ?”

ਬਚਨ ਸਿੰਘ ਨੇ ਹਾਂ ਕਹਿਕੇ ਵਛਾਈ ਦੇ ਵੱਟ ਕੱਢਦਿਆ ਹੋਇਆ ਕਿਹਾ – ਸੁੰਦਰੀ ! ਕੋਈ ਫਿਕਰ ਨਾ ਕਰ, ਹੁਣ ਤੂੰ ਰਾਚੀ ਹੈ ਗਈ ਏ। ਹਾਲੇ ਬਹੁਤੀ ਹਿਲਜੁਲ ਨਹੀਂ ਕਰਨੀ ਚਾਹੀਦੀ, ਨਾ ਹੀ ਬਹੁਤ ਗੱਲ-ਕੱਥ ਕਰ।

ਚੰਚਲ ਸੁੰਦਰੀ ਤੋਂ ਭਲਾ ਕਿਸ ਤਰ੍ਹਾਂ ਸਹਾਰਾ ਹੋਵੇ। ਉਹ ਭਰਾ ਸੁੱਖੀ ਨਾਲ ਬੋਲੀ – “ਨਹੀਂ ਮੈਂ ਤੇ ਚੰਗੀ ਭਲੀ ਆਂ। ਤੇ ਫੇਰ ਉਹ ਆਪਣੇ ਦੋਹਾਂ ਹੱਥਾਂ ਨੂੰ ਸਿੱਧਿਆਂ ਪੁੱਠਿਆਂ ਕਰ ਕੇ ਵੇਖਣ ਲਗ ਪਈ, ਜਿਨ੍ਹਾਂ ਦਾ ਰੰਗ ਪੀਲਾ ਹਲਦੀ ਵਰਗਾ ਹੋਇਆ ਹੋਇਆ ਸੀ। ਫਿਰ ਬੇਲੀ – “ਇਕੋ ਮੈਨੂੰ ਤੁਸਾਂ ਲਿਆਂਦਾ ਸੀ ?”

“ਆਹੋ ।”

“ਕਿਓਂ ?”

“ਬੇਹੋਸ਼ੀ ਦੀ ਹਾਲਤ ਵਿਚ ਚੁਕ ਕੇ।”

‘ਤੇ ਤੁਸੀਂ ਮੈਨੂੰ ਛੁਹ ਕੇ।

“ਤੈਨੂੰ ਛੁਹਣ ਦਾ ਕੋਈ ਹਰਜ ਸੀ?”

“ਅਸੀਂ ਨੀਵੀਂ ਜਾਤ ਦੇ ਜੁ ਹੋਏ !”

“ਨਹੀਂ। ਮੇਰੀ ਨਜ਼ਰ ਵਿਚ ਤੂੰ ਸੰਸਾਰ ਦੀਆਂ ਸਭ ਜਾਤਾਂ ਤੋਂ ਉੱਚੀ ਹੈ । ਸੁੰਦਰੀ ! ਮੈਂ ਤੈਨੂੰ ਨੀਚ ਨਹੀਂ ਸਮਝਦਾ !”

“ਤੁਸੀਂ ਮੈਂਨੂੰ ਨੀਚ ਨਹੀਂ ਸਮਝਦੇ !”

“”ਨਹੀਂ।”

“ਫੇਰ ਕੀ ਸਮਝਦੇ ?”

“ਆਪਣੇ ਵਰਗੀ। ਖ਼ੈਰ ਇਹਨਾਂ ਗੱਲਾਂ ਨੂੰ ਜਾਣ ਦੇ, ਪਹਿਲਾਂ ਇਹ ਦੱਸ ਜੁ ਤੂੰ ਉਸ ਦਿਨ ਗੁਰਦਵਾਰੇ ਕਿਸ ਤਰ੍ਹਾਂ ਚਲੀ ਗਈ ਸੈਂ ?”

ਜਿਹੜੀ ਗੱਲ ਉਹ ਨਹੀਂ ਸੀ ਸੁਣਨਾ ਚਾਹੁੰਦੀ, ਬਚਨ ਸਿੰਘ ਦੇ ਮੂੰਹੋਂ ਓਹੀ ਸੁਣ ਕੇ ਉਹ ਬੜੀ ਘਾਬਰੀ। ਉਹ ਅੱਗੇ ਹੀ ਦਿਲ ਵਿਚ ਪਛਤਾ ਰਹੀ ਸੀ-ਦੁਖੀ ਹੋ ਰਹੀ ਸੀ, ਜੁ ਮੈਂ ਓਦਨ ਕਿਉਂ ਗੁਰਦਵਾਰੇ ਗਈ। ਹੂੜ੍ਹ ਮੱਤ ਕਰਕੇ ਚਲੀ ਗਈ ਸਾਂ, ਤਾਹੀਏ ਤਾਂ ਗੁਰੂ ਬਾਬੇ ਨੇ ਮੈਨੂੰ ਕੀਤੇ ਦਾ ਫਲ ਦਿੱਤਾ ਤੇ ਮੇਰੀ ਇਹ ਹਾਲਤ ਹੋਈ। ਉਹ ਸ਼ਰਮਿੰਦੀ ਹੋ ਕੇ ਬੋਲੀ –

ਮੈਥੋਂ ਭੁੱਲ ਹੋ ਗਈ ਸੀ।”

ਭੁੱਲ ? ਨਹੀਂ ਸੁੰਦਰੀ ! ਮੈਨੂੰ ਤੇਰੇ ਜਾਣ ਤੇ ਇਤਰਾਜ਼ ਨਹੀਂ, ਹੈ ਤੇ ਪੁਛਦਾ ਵਾਂ ਤੂੰ ਉਥੇ ਪਹੁੰਚੀ ਕਿਸ ਤਰ੍ਹਾਂ ? ਤੈਨੂੰ ਕਿਸੇ ਮਨ੍ਹੇ ਨਾ बीडा ?”

ਸੁੰਦਰੀ ਨੂੰ ਕੁਝ ਹੌਸਲਾ ਹੋਇਆ ਤੇ ਉਸ ਨੇ ਓਸ ਰਾਤ ਦਾ ਸਾਰਾ ਹਾਲ ਸੁਣਾਇਆ। ਫੇਰ ਇਹ ਵੀ ਦੱਸਿਆ “ਰਾਗੀ ਕੀਰਤਨ ਕਰ ਰਹੇ ਸਨ ਤੇ ਮੈਂ ਬੂਹੇ ਦੇ ਅੰਦਰ ਖੜ੍ਹੀ ਸੁਣ ਰਹੀ ਸਾਂ, ਫੇਰ ਜਦ ਅਰਦਾਸਾ ਹੋਣ ਲੱਗਾ ਤਾਂ ਮੈਂ ਵੀ ਹੱਥ ਜੋੜ ਕੇ ਖੜ੍ਹੀ ਹੋ ਗਈ। ਜਿਉਂ ਹੀ ਅਰਦਾਸੇ ਦਾ ਭੋਗ ਪਿਆ, ਮੈਨੂੰ ਚੇਤਾ ਹੀ ਨਾ ਰਿਹਾ ਜੁ ਮੈਂ ਬੂਹੇ ਦੇ ਨਾਲ ਹੀ ਖੜ੍ਹੀ ਹਾਂ। ਉਸੇ ਤਰ੍ਹਾਂ ਮੱਥਾ ਟੇਕਣ ਲਈ ਨਿਉਣ ਲਗੀ ਤਾਂ ਮੇਰੇ ਸਿਰ ਦੀ ਰਤੀ ਕੁ ਠੋਕਰ ਨਾਲ ਸਾਰਾ ਬੂਹਾ ਇਕ ਵਾਰਗੀ ਖੁਲ੍ਹ ਗਿਆ ਤੇ ਉਸ ਦੇ ਹਿੱਲਣ ਨਾਲ ਪਿਛੋਂ ਤੁੜੀ ਦਾ ਅੰਬਾਰ, ਜੇ ਹੇਠੋਂ ਤੂੜੀ ਚੁਕਣ ਕਰ ਕੇ ਉਪਰ ਸੁਟਣ ਨਾਲ ਉਨ੍ਹਾਂ ਨੂੰ ਉਲਰਿਆ ਹੋਇਆ ਸੀ – ਮੇਰੇ ਉੱਤੇ ਆ ਪਿਆ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿਚ ਜਾ ਡਿੱਗੀ। ਜਿਸ ਥਾਂ ਮੈਂ ਮੱਥਾ ਟੇਕਣਾ ਚਾਹੁੰਦੀ ਸਾਂ, ਠੀਕ ਮੇਰਾ ਮੱਥਾ ਉਸੇ ਥਾਂ ਜਾ ਲੱਗਾ। ਗੁਰੂ ਸਾਹਿਬ ਜੀ ਨੇ ਮੇਰੀ ਮੱਥਾ ਟੇਕਣ ਦੀ ਸਿੱਕ ਤਾਂ ਪੂਰੀ ਕਰ ਦਿਤੀ, ਪਰ ਇਸ ਦੇ ਨਾਲ ਹੀ ਮੇਰੇ ਢੀਠ-ਪੁਣੇ ਦੀ ਸਜ਼ਾ ਵੀ ਮੈਨੂੰ ਦੇ ਦਿਤੀ।” ਸੁੰਦਰੀ ਦਾ ਸਿਦਕ, ਉਸ ਦੀ ਕਠਨ ਕੁਰਬਾਨੀ ਤੇ ਇਤਨਾ ਨਿਸਚਾ

ਵੇਖ ਕੇ ਬਚਨ ਸਿੰਘ ਦਾ ਦਿਲ ਉਸੇ ਦੇ ਪਿਆਰ ਨਾਲ ਭਰ ਗਿਆ। ਉਸ ਨੇ ਸ਼ਰਧਾ ਨਾਲ ਉਸਦਾ ਹੱਥ ਫੜ ਕੇ ਕਿਹਾ “ਸੁੰਦਰੀ ! ਤੂੰ ਧੰਨ ਹੈ, ਮੇਰੇ ਦਿਲ ਵਿਚ ਤੇਰੀ ਬੜੀ ਇੱਜ਼ਤ ਹੈ।”

ਸੁੰਦਰੀ ਦਾ ਅੱਜ ਤਕ ਇਹੋ ਖਿਆਲ ਸੀ ਕਿ ਸੰਸਾਰ ਵਿਚ ਇਕ । ਬੁੱਢੇ ਕਲੰਦਰ ਤੇ ਦੂਸਰੀ ਬਾਂਦਰੀ ਤੋਂ ਬਿਨਾਂ ਹੋਰ ਉਸ ਨਾਲ ਕੋਈ ਪਿਆਰ ਨਹੀਂ ਕਰਦਾ, ਸਗੋਂ ਸਾਰੀ ਦੁਨੀਆ ਉਸ ਨੂੰ ਨਫ਼ਰਤ ਕਰਦੀ ਹੈ । ਇਹੋ ਕਾਰਨ ਸੀ ਕਿ ਪ੍ਰੇਮ ਦੇ ਮਹੱਤਵ ਤੋਂ ਉਹ ਅੱਜ ਤਕ ਲਗਭਗ ਅਣਜਾਣ ਹੀ ਸੀ। ਬਚਨ ਸਿੰਘ ਇਕ ਉੱਚ ਘਰਾਣੇ ਦਾ ਹੁੰਦਾ ਹੋਇਆ ਵੀ ਮੇਰੇ ਨਾਲ ਪਿਆਰ ਕਰਦਾ ਹੈ ਇਹ ਅਨੁਭਵ ਕਰ ਕੇ ਸੰਦਰੀ ਦੇ ਦਿਲ ਵਿਚ ਇਕ ਨਵੀਂ ਖੁਸ਼ੀ ਨਵੀਂ ਉਮੰਗ ਦਾ ਸੰਚਾਰ ਹੋ ਗਿਆ। ਉਹ ਚੰਦਾ ਪੰਦਰਾਂ ਸਾਲਾਂ ਦੀ ਬਾਲੜੀ ਸੀ ਭਾਵੇਂ ਪ੍ਰੇਮ ਦਾ ਮੱਲ ਨਹੀਂ ਸੀ ਜਾਣਦੀ, ਪਰ ਪ੍ਰੇਮ ਦੀ ਕਿਸਮ ਤਾਂ ਜਾਣ ਸਕਦੀ ਸੀ।

ਬਚਨ ਸਿੰਘ ਜਾਨ ਹੂਲ ਕੇ ਸੁੰਦਰੀ ਦਾ ਇਲਾਜ ਕਰ ਰਿਹਾ ਸੀ। ਸੁੰਦਰੀ ਦੇ ਜਖ਼ਮ ਬਹੁਤ ਛੇਤੀ ਮਿਲਣ ਲਗੇ। ਛੇਤੀ ਮਿਲਣ ਦਾ ਕਾਰਨ ਦੋਵਾ-ਦਾਰੂ ਸੀ ਜਾਂ ਬਚਨ ਸਿੰਘ ਦਾ ਸਵੱਫ ਪ੍ਰੇਮ, ਕਿਹਾ ਨਹੀਂ ਜਾ ਸਕਦਾ। ਜਿਉਂ ਜਿਉਂ ਸੁੰਦਰੀ ਰਾਜ਼ੀ ਹੁੰਦੀ ਗਈ, ਤਿਉਂ ਤਿਉਂ ਉਸਦੇ ਹਿਰਦੇ ਵਿਚ ਉਸ ਦੇਵਤੇ ਦਾ ਨਿਵਾਸ ਹੁੰਦਾ ਗਿਆ, ਜਿਹੜਾ ਉਸ ਖਾਤਰ ਸਾਰੇ ਪਿੰਡ ਦੀਆਂ ਤਿਉੜੀਆਂ ਦਾ ਸ਼ਿਕਾਰ ਬਣਿਆ ਸੀ।

ਦੂਜੇ ਪਾਸੇ ਬਚਨ ਸਿੰਘ ਵੀ ਜਦ ਵੇਖਦਾ ਕਿ ਪੰਦਰਾਂ ਵਰ੍ਹਿਆ ਦੀ ਮੁਟਿਆਰ ਦੇ ਸੀਨੇ ਵਿਚ ਕੁਦਰਤ ਨੇ ਕਿੱਡਾ ਕੋਮਲ, ਪਵਿੱਤਰ ਤੇ ਵਡਮੁੱਲਾ ਦਿਲ ਪਾ ਰਖਿਆ ਹੈ ਤਾਂ ਉਹ ਪਲ ਪਲ ਸੁੰਦਰੀ ਵਲ ਖਿਚੀਦਾ ਜਾਂਦਾ ਸੀ।

ਤੀਵੀਂ ਦਾ ਦਿਲ ਜੇ ਇਕ ਵੇਲੇ ਪੱਥਰ ਵਰਗਾ ਸਖ਼ਤ ਹੋ ਜਾਂਦਾ ਹੈ ਤਾਂ ਕਿਸੇ ਹੋਰ ਵੇਲੇ ਓਹੀ ਦਿਲ ਪਾਣੀ ਬਣ ਕੇ ਵਹਿ ਤੁਰਦਾ ਹੈ। ਸਦਾ ਕੌਰ ਪਹਿਲਾਂ ਤਾਂ ਇਸ ਕਲੰਦਰ ਦੀ ਕੁੜੀ ਬਾਰੇ ਘਿਰਨਾ ਦੇ ਭਾਵ ਰਖਦੀ ਸੀ, ਪਰ ਜਿਸ ਦਿਨ ਦਾ ਬਚਨ ਸਿੰਘ ਸੁੰਦਰੀ ਨੂੰ ਫੱਟੜ ਦੀ ਹਾਲਤ ਵਿਚ ਚੁਕ ਕੇ ਘਰ ਲਿਆਇਆ ਤੇ ਬਚਨ ਸਿੰਘ ਦੇ ਮੂੰਹੋਂ ਉਸ ਨੇ ਸੁੰਦਰੀ ਦੀ ਗੁਰਦਵਾਰੇ ਵਾਲੀ ਵਿਥਿਆ ਸੁਣੀ ਹੈ, ਉਸ ਦਿਨ ਤੋਂ ਸੁੰਦਰੀ ਲਈ ਉਸ ਦਾ ਦਿਲ ਪਿਆਰ ਨਾਲ ਭਰ ਗਿਆ ਹੈ। ਭਾਵੇਂ ਕਿ ਉਹ ਦੂਜੇ ਪਾਸੇ ਸਮਾਜ ਦੀਆਂ ਲਹੂ ਭਰੀਆਂ ਅੱਖਾਂ ਵੀ ਦੇਖ ਰਹੀ ਸੀ ਤੇ ਇਸ ਦੇ ਡਰ ਨਾਲ ਉਸ ਦਾ ਆਪਣਾ ਲਹੂ ਸੁਕ ਰਿਹਾ ਸੀ !

ਸੁੰਦਰੀ ਦਾ ਪਤਲਾ, ਗੋਰਾ ਤੇ ਸਡੌਲ ਸਰੀਰ, ਉਸ ਦੀਆ ਚੰਚਲ ਪਰ ਭਾਵ ਪੂਰਤ ਅੱਖਾਂ ਤੇ ਉਸ ਦਾ ਭਲਾ ਹਸੂੰ ਹਸੂੰ ਕਰਦਾ ਚਿਹਰਾ ਵੇਖ ਕੇ ਕੋਈ ਵੀ -ਭਾਵੇਂ ਤੀਵੀਂ ਹੋਵੇ ਜਾਂ ਮਰਦ ਕੀ ਸੁੰਦਰੀ ਨੂੰ ਘਿਰਨਾ ਕਰ ਸਕਦਾ ਸੀ ?

ਪੰਦਰਾਂ ਦਿਨ ਬੀਤ ਗਏ। ਸੁੰਦਰੀ ਹੁਣ ਲਗ ਪਗ ਅਰੋਗ ਸੀ, ਉਸ ਦੇ ਜ਼ਖ਼ਮ ਮਿਲ ਚੁਕੇ ਸਨ। ਮੱਥੇ ਦਾ ਜ਼ਖਮ ਕੁਝ ਵਡੇਰਾ ਸੀ, ਜਿਸ ਕਰ ਕੇ ਇਸ ਦੀ ਪੌਂਟੀ ਖੁੱਲ੍ਹਣ ਵਿਚ ਅਜੇ ਦੋਹ ਤਿੰਨਾਂ ਦਿਨਾਂ ਦੀ ਦਿਲ ਬਚਨ ਸਿੰਘ ਦਾ ਬਹੁਤਾ ਖਿਆਲ ਸੁੰਦਰੀ ਦੇ ਜ਼ਖ਼ਮ ਵਲ ਰਹਿੰਦਾ ਸੀ। ਕੇਵਲ ਇਸ ਕਰ ਕੇ ਨਹੀਂ ਕਿ ਜ਼ਖਮ ਵੱਡਾ ਸੀ ਸਗੋਂ ਇਸ ਕਰ ਕੇ ਵੀ ਕਿ ਇਸ ਦਾ ਨਿਸ਼ਾਨ ਸੁੰਦਰੀ ਦੀ ਸੁੰਦਰਤਾ ਵਿਚ ਫਰਕ ਨਾ ਪਾ ਦੇਵੇ। ਪਰ ਇਸ ਤੋਂ ਉਲਟ ਜਿਸ ਦਿਨ ਪੱਟੀ ਖੁਲ੍ਹੀ ਉਸ ਦੀ ਅਸਚਰਜਤਾ ਦੀ ਹੱਦ ਨਾ ਰਹੀ ਜਦ ਉਸ ਨੇ ਡਿੱਠਾ ਕਿ ਇਸ ਅੱਧ ਚੰਨ ਵਰਗੇ ਫੱਟ-ਚਿੰਨ੍ਹ ਨੇ ਸੁੰਦਰੀ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿਤੇ ਸਨ। ਮਾਨੇ ਉਸ ਦਾ ਸਾਰਾ ਸੁਹੱਪਣ ਬਚਨ ਸਿੰਘ ਨੂੰ ਇਸੇ ਫਟ-ਚਿੰਨ੍ਹ ਵਿਚ ਦਿਖਾਈ ਦੇਣ ਲਗਾ ਸੀ। ਰਾਤ ਦੇ ਦੱਸ ਕੁ ਵਜੇ ਦਾ ਵੇਲਾ ਸੀ। ਸੁੰਦਰੀ ਦਾ ਮੰਜਾ ਵਿਹੜੇ ਵਿਚ ਬਣੇ ਹੋਏ ਛੋਟੇ ਜਿਹੇ ਢਾਰੇ ਥੱਲੇ ਸੀ ਅਤੇ ਸਦਾ ਕੌਰ ਤੇ ਬਚਨ ਸਿੰਘ ਦਾ ਪਿਛਲੇ ਬਰਾਂਡੇ ਵਿਚ। ਸਦਾ ਕੌਰ ਕੰਮ ਕਾਜ ਤੋਂ ਵਿਹਲੀ ਹੋ ਕੇ ਸੌ ਗਈ ਸੀ।

ਅੱਜ ਸੁੰਦਰੀ ਬਿਲਕੁਲ ਅਰੋਗ ਸੀ। ਉਹ ਮੰਜੇ ਤੇ ਲੰਮੀ ਪਈ ਕਿਸੇ ਡੂੰਘੀ ਸੋਚ ਵਿਚ ਲੀਨ ਸੀ ਤੇ ਕੰਨ ਉਸ ਦੇ ਬੂਹੇ ਵਲ ਲਗੇ ਸ਼ਾਇਦ ਕਿਸੇ ਖੜਾਕ ਦੀ ਉਡੀਕ ਵਿਚ ਸਨ, ਕਿਉਂਕਿ ਉਸ ਨੇ ਕਲ੍ਹ ਆਪਣੀ ਕੁਲੀ ਵਿਚ ਚਲੀ ਜਾਣਾ ਹੈ। ਇਸ ਲਈ ਅੱਜ ਉਹ ਬਚਨ ਸਿੰਘ ਨਾਲ ਇਕ ਵਾਰੀ ਦਿਲ ਖੋਲ੍ਹ ਕੇ ਗੱਲਾ ਕਰਨੀਆਂ ਚਾਹੁੰਦੀ ਸੀ। ਕੀ ਗੱਲਾਂ ਕਰਨੀਆਂ ਚਾਹੁੰਦੀ ਹੈ ? ਇਸ ਦਾ ਉਹਨੂੰ ਪਤਾ ਨਹੀਂ, ਉਹ ਕੁਝ ਇਸ ਤਰ੍ਹਾਂ ਅਨੁਭਵ ਕਰਦੀ ਹੈ ਕਿ ਬਚਨ ਸਿੰਘ ਤੋਂ ਨਿਖੜਨਾ ਉਸ ਲਈ ਸਰੀਰ ਨਾਲੇ ਜਾਨ ਨਿਖੜਨ ਦੇ ਬਰਾਬਰ ਹੋਵੇਗਾ। ਬਚਨ ਸਿੰਘ ਅਜੇ ਤਕ ਕਿਉਂ ਨਹੀਂ ਅਇਆ ? ਸੁਖ ਹੋਵੇ ਸਹੀ। ਇਸ ਖ਼ਿਆਲ ਵਿਚ ਉਹ ਰਤਾ ਜਿੰਨਾ ਤੀਲ੍ਹਾ ਹਿੱਲਣ ਦਾ ਖੜਾਕ ਹੋਣ ਤੇ ਵੀ ਬੂਹੇ ਵਲ ਤੱਕਣ ਲਗ ਪੈਂਦੀ ਸੀ। ਸਦਾ ਕੌਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿਉਂਕਿ ਉਹ ਬਚਨ ਸਿੰਘ ਦੇ ਸਭਾਓ ਤੋਂ ਜਾਣੂ ਸੀ, ਜਿਹੜਾ ਕਦੀ ਅੱਧੀ ਰਾਤ ਕਰਕੇ ਵੀ ਘਰ ਆਇਆ ਕਰਦਾ ਸੀ।

ਹੁੰਦਿਆਂ ਹੁੰਦਿਆਂ ਯਾਰਾਂ ਵਜ ਗਏ। ਸੁੰਦਰੀ ਤੇ ਲੇਟਿਆ ਨਾ ਗਿਆ-ਬੈਠਿਆ ਵੀ ਨਾ ਗਿਆ। ਉਠ ਕੇ ਵਿਹੜੇ ਵਿਚ ਟਹਿਲਣ ਕਰ ਪਈ। ਉਹ ਬਚਨ ਸਿੰਘ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਦੀ ਸੀ ਉਹ ਜੋ ਜੇ ਗੱਲਾਂ ਸੋਚ ਰਹੀ ਸੀ, ਉਨ੍ਹਾਂ ਦੀ ਗਿਣਤੀ ਸ਼ਾਇਦ ਏਨੀ ਜਿਅਦਾ ਸੀ ਕਿ ਸਾਰੀਆਂ ਯਾਦ ਰਹਿ ਸਕਣਗੀਆਂ ? ਇਸੇ ਦੀ ਉਸ ਨੂੰ ਵਿੱਚ प्नी।

ਇਸੇ ਵੇਲੇ ਬੂਹਾ ਖੜਕਿਆ। ਉਸ ਨੇ ਜਾ ਕੇ ਬੂਹਾ ਖੋਲ੍ਹਿਆ ਹੈ। ਬਚਨ ਸਿੰਘ ਤੇਜ਼ ਤੇਜ਼ ਕਦਮ ਪੁਟਦਾ ਅੰਦਰ ਆਇਆ।

ਬਚਨ ਸਿੰਘ ਨੂੰ ਵੇਖਦਿਆਂ ਹੀ ਸੁੰਦਰੀ ਦੇ ਚਿਹਰੇ ਤੇ ਇਕ ਅਜੀਬ ਤਰ੍ਹਾਂ ਦਾ ਬਾਲਾਂ ਵਾਲਾ ਹਾਸਾ ਫੁਟ ਪਿਆ ਤੇ ਉਸ ਪੁੱਛਿਆ। -“ਤੁਸੀਂ ਅੱਜ ਏਨਾ ਚਿਰ ਲਾ ਕੇ ਆਏ ਓ ?”

ਬਚਨ ਸਿੰਘ ਝਟਪਟ ਉੱਤਰ ਨਾ ਦੇ ਸਕਿਆ ਤੇ ਜਾ ਕੇ ਸੁੰਦਰੀ ਦੇ ਮੰਜੇ ਪਾਸ ਪਈ ਕੁਰਸੀ ਤੇ ਬੈਠ ਗਿਆ। ਮਗਰੇ ਮਗਰ ਸੁੰਦਰੀ ਵੀ ਜਾ ਕੇ ਮੰਜੇ ਤੇ ਬੈਠ ਗਈ।

ਇਸ ਵੇਲੇ ਹਵਾ ਕੁਝ ਤੇਜ਼ ਹੋਣ ਕਰ ਕੇ ਬਚਨ ਸਿੰਘ ਨੂੰ ਜਾਪਿਆ ਜਿਵੇਂ ਸੁੰਦਰੀ ਠੰਢ ਅਨੁਭਵ ਕਰ ਰਹੀ ਹੈ।

ਉਸ ਦੇ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਬਚਨ ਸਿੰਘ ਨੇ ਕਿਹਾ। – ‘ਸੁੰਦਰੀ ! ਸ਼ਾਇਦ ਤੈਨੂੰ ਠੰਢ ਲਗਦੀ ਪਈ ਏ, ਚਲ ਤੈਨੂੰ ਬੈਠਕ ਵਿਚ ਮੌਜਾ ਕਰ ਦਿਆਂ। ਨਾਲ ਹੀ ਉਸ ਨੇ ਸੁੰਦਰੀ ਦਾ ਹੱਥ ਫੜ ਕੇ ਉਸ ਨੂੰ ਮੰਜੇ ਤੋਂ ਉਠਾਇਆ। ਸੁੰਦਰੀ ਦਾ ਹੱਥ ਬਰਫ ਵਰਗਾ ਠੰਢ मी।

‘ ਹੈ ! ਤੂੰ ਠੰਢ ਵਿਚ ਫਿਰਦੀ ਰਹੀ ਏਂ ਸੁੰਦਰੀ ? ਕੀ ਫੇਰ ਬਿਮਾਰ ਹੋਣ ਦੀ ਸਲਾਹ ਈ ?” ਕਹਿ ਕੇ ਉਹ ਮੰਜਾ ਬੈਠਕ ਵਿਚ ਲੈ। ਗਿਆ। ਇਸ ਤੋਂ ਬਾਅਦ ਬਿਸਤਰਾ ਤੇ ਕੁਰਸੀ।

ਉਸ ਨੂੰ ਬਿਠਾ ਕੇ ਤੇ ਰਜਾਈ ਦੇ ਕੇ ਬਚਨ ਸਿੰਘ ਨੇ ਗੁੱਸੇ ਨਾਲ “ਇਸ ਤਰ੍ਹਾਂ ਤੇ ਤੂੰ ਫੇਰ ਬਿਮਾਰ ਹੋ ਜਾਵੇਗੀ।” ਕਿਹਾ।

ਸੁੰਦਰੀ ਨੇ ਫੇਰ ਵੀ ਕੋਈ ਉੱਤਰ ਨਾ ਦਿਤਾ। ਜਦ ਬਚਨ ਸਿੰਘ ਨੇ ਉਸ ਦੀ ਬਾਂਹ ਹਲੂਣਦਿਆਂ ਹੋਇਆਂ ਕਿਹਾ-”ਕੀ ਗੱਲ ਏ ਸੁੰਦਰੀ ?” ਤਾਂ ਸੁੰਦਰੀ ਦੀਆਂ ਅੱਖਾਂ ਵਿਚ ਭਰੇ ਅੱਥਰੂ ਡਲ੍ਹਕ ਪਏ।

ਆਪਣੇ ਖਰਵੇ ਬੋਲਣ ਤੇ ਬਚਨ ਸਿੰਘ ਨੂੰ ਪਛਤਾਵਾ ਹੋਇਆ। ਉਹ ਕੁਰਸੀ ਤੋਂ ਉਠ ਕੇ ਮੰਜੇ ਤੇ ਬੈਠ ਗਿਆ ਤੇ ਸੁੰਦਰੀ ਦੇ ਦੇਵੇ ਹੱਥ ਆਪਣੇ ਹੱਥਾਂ ਵਿਚ ਘੁਟ ਕੇ ਕਹਿਣ ਲਗਾ, “ਸੁੰਦਰਾਂ, ਗੱਲ ਗੁੱਸਾ ਲੱਗਾ ਈ ?’”

ਸੁੰਦਰੀ ਇਸ ਵੇਲੇ ਕਿੱਥੇ ਸੀ ? ਕਿਸੇ ਹੋਰ ਦੇਸ਼ । ਕਿਸੇ ਸੁਪਨੇ ਜਾਂ ਕਲਪਨਾ ਦੇ ਸੁਨਹਿਰੀ ਦੇਸ਼ ਵਿਚ ਬਚਨ ਸਿੰਘ ਨੂੰ ਉਸ ਦੀ ਕਿੰਨੀ ਚਿੰਤਾ ਹੈ, ਕਿੰਨਾ ਦਰਦ ਤੇ ਕਿੰਨਾ ਪਿਆਰ, ਜੁ ਸਾਧਾਰਨ ਹੱਥ ਠੰਢੇ ਵੇਖ ਕੇ ਹੀ ਉਹ ਘਬਰਾ ਗਿਆ। ਉਹ। ਮੈਂ ਕਿੱਡੀ ਸੁਭਾਗੀ, ਨਹੀਂ ਨਹੀਂ ਅਭਾਗੀ

ਉਪਰੋਕਤ ਤਰ੍ਹਾਂ ਦੇ ਖ਼ਿਆਲਾਂ ਨਾਲ ਸੁੰਦਰੀ ਗਲ ਗਲ ਤੇੜੀ ਭਰੀ ਹੋਈ ਸੀ। ਬਚਨ ਸਿੰਘ ਦੇ ਉੱਤਰ ਵਿਚ, ਬੋਲਣ ਦੇ ਥਾਂ ਉਹ ਛਲਕ ਪਈ।

ਬਚਨ ਸਿੰਘ ਨੇ ਉਸਦੇ ਹੱਥਾਂ ਨੂੰ ਹੋਰ ਘੁੱਟਿਆ ਤੇ ਫਿਰ ਬੋਲਿਆ-“ਸੁੰਦਰੀ !” ਇਸ ਤੋਂ ਅੱਗੇ ਕੀ ਕਹਿਣਾ ਹੈ, ਇਸ ਦੀ ਉਸ ਨੂੰ ਸੁਧ ਨਹੀਂ ਸੀ, ਉਹ ਕਿਸੇ ਅਨੋਖੇ ਰਸ ਵਿਚ ਡੁੱਬ ਚੁਕਾ ਸੀ – ਉਸ ਦੀ ਜ਼ਬਾਨ ਵੀ ਡੁੱਬ ਚੁਕੀ ਸੀ, ਇਹੋ ਕਾਰਨ ਹੈ ਕਿ ਉਹ ਸੁੰਦਰੀ ਦੇ ਹੱਥਾਂ ਨੂੰ ਹੀ ਜ਼ਰਾ ਹੋਰ ਘੱਟ ਸਕਿਆ। ਬੱਸ।

ਸੁੰਦਰੀ ਦੀਆਂ ਅੱਖਾਂ ਅੱਗੇ ਬਚਨ ਸਿੰਘ ਮੌਜੂਦ ਹੁੰਦਾ ਹੋਇਆ ਵੀ ਕੁਝ ਚਿਰ ਲਈ ਉਸ ਨੂੰ ਨਹੀਂ ਸੀ ਦਿਸ ਰਿਹਾ। ਉਸਨੂੰ ਦਿਸ ਰਿਹਾ ਸੀ ਆਪਣੀ ਝੁੱਗੀ ਵਿਚ ਪਿਆ ਆਪਣਾ ਸੱਖਣਾ ਸਰੀਰ – ਬਚਨ ਸਿੰਘ ਤੋਂ ਬਿਨਾਂ ਉਹ ਸੱਖਣੀ ਹੀ ਹੋਵੇਗੀ, ਤੇ ਸ਼ਾਇਦ ਸਵੇਰੇ ਦਾ ਸੂਰਜ ਚੜ੍ਹਦਿਆਂ ਹੀ ਕਿਉਂਕਿ ਬਾਬੇ ਰੋਡ ਨੇ ਅੱਜ ਕਹਿ ਭੇਜਿਆ ਸੀ ਕਿ ਕਲ੍ਹ ਸੁੰਦਰੀ ਨੇ ਭੇਜ ਦੇਣਾ।

ਹਾਂ ਉਹ ਅਨੁਭਵ ਕਰ ਰਹੀ ਸੀ, ਆਪਣੇ ਅੰਦਰਲੇ ਦੀ ਘਾਟ ਨੂੰ – ਕਮਜ਼ੋਰੀ ਨੇਂ। ਉਹ ਅਨੁਭਵ ਕਰ ਰਹੀ ਸੀ। ਜਿਵੇਂ ਬਚਨ ਸਿੰਘ ਉਸਦੇ ਭਵਿਖਤ ਜੀਵਨ ਵਿਚ ਪਰਵੇਸ਼ ਕਰਕੇ ਉਸ ਵਿਚ ਐਸਾ ਰਚ ਮਿਚ ਉਸਦੇ ਹੈ ਕਿ ਨਖੇੜਿਆਂ ਵੀ ਨਿਖੜ ਨਹੀਂ ਸਕੇਗਾ ਤੇ ਜੇ ਨਿਖੜ ਅ ਗਿਆ ਤਾਂ ਸ਼ਾਇਦ ਉਹ ਜੀਉਂਦੀ ਨਹੀਂ ਰਹਿ ਸਕੇਗੀ।

ਕੀ ਇਹ ਫਜੂਲ ਗੱਲਾਂ ਬਚਨ ਸਿੰਘ ਅੱਗੇ ਪ੍ਰਗਟ ਕਰਨ ਵਾਲੀਆਂ ‘ ਹਨ ?

ਸੁੰਦਰੀ ਅਜੇ ਇਨ੍ਹਾਂ ਵਿਚਾਰਾਂ ਵਿਚ ਹੀ ਲੀਨ ਸੀ, ਕਿ ਉਸਨੂੰ ਆਪਣੇ ਘੁੱਟੇ ਹੋਏ ਹੱਥਾਂ ਰਾਹੀਂ ਕੋਈ ਅੰਮ੍ਰਿਤ ਦੀ ਨੈਂ ਵਹਿੰਦੀ ਜਾਪੀ, ਜੋ ਸਾਰੇ ਸਰੀਰ ਵਿਚ ਸਮਾ ਰਹੀ ਸੀ। ਨਾਲ ਹੀ ਉਸ ਨੂੰ ਆਵਾਜ਼ ਆਈ – ਸੁੰਦਰਾਂ । ਮੇਰੀ ਸੁੰਦਰਾਂ ! ਤੂੰ ਬੇਲਦੀ ਨਹੀਂ ਸਾਰੀਆਂ ਗੱਲਾਂ ਤੇਰੇ ਨਾਲ ਕਰਨੀਆਂ ਸਨ।” ਮੈਂ ਤੇ ਅੱਜ ਬਹੁਤ

“ਸੁੰਦਰੀ” ਜਾਂ ਵਧੇਰੇ ਪਿਆਰ ਦੇ ਲਹਿਜੇ ਵਿਚ ‘ਸੁੰਦਰਾਂ’ ਤਾਂ ਉਹ ਅੱਗੇ ਹੀ ਬਚਨ ਸਿੰਘ ਦੇ ਮੂੰਹੋਂ ਸੁਣਦੀ ਰਹਿੰਦੀ ਸੀ, ਪਰ ਅਜ ਇਸ ਵਿਚ ਜਿਹੜਾ ਨਵਾਂ ਵਾਧਾ ਹੋਇਆ,ਉਸ ਨੇ ਸੁੰਦਰੀ ਦੇ ਹਿਰਦੇ ਵਿਚ ਅਕਹਿ ਜਿਹਾ ਖੇੜਾ ਲੈ ਆਂਦਾ। ਉਸ ਦੇ ਅੰਦਰ ਸਰੂਰ ਜਿਹਾ ਭਰ ਦਿਤਾ ਇਹ ਸ਼ਬਦ ਸੀ ਮੇਰੀ ਸੁੰਦਰਾਂ।”

ਉਸਨੇ ਸਿਰ ਚੁਕ ਕੇ ਬਚਨ ਸਿੰਘ ਵਲ ਤੱਕਿਆ। ਨਾਲ ਹੀ ਤੱਕਿਆ ਉਸ ਦੀਆਂ ਅੱਖਾਂ ਵਿਚ, ਜਿਨ੍ਹਾਂ ਵਿਚ ਬਹੁਤ ਹੀ ਗੰਭੀਰ, ਬੜਾ ਅਰਥਾਂ ਭਰਿਆ ਮਜ਼ਮੂਨ ਲਿਖਿਆ ਹੋਇਆ, ਉਸ ਨੂੰ ਜਾਪਿਆ। ਸੁੰਦਰੀ ਉਸ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਇਹ ਮਜ਼ਮੂਨ ਪੜ੍ਹਨ ਲਗੀ, ਪਰ ਪੜ੍ਹਦਿਆਂ ਪੜ੍ਹਦਿਆਂ ਉਸਨੂੰ ਇਸ ਗੱਲ ਦਾ ਚੇਤਾ ਹੀ ਭੁਲ ਗਿਆ ਕਿ

।ਉਹ ਬਚਨ ਸਿੰਘ ਦੀਆਂ ਅੱਖਾਂ ਪੜ੍ਹ ਰਹੀ ਹੈ ਜਾਂ ਆਪਣੀਆਂ । ਇਸ ਮਜ਼ਮੂਨ ਦਾ ਸਿਰਲੇਖ ਸੀ ‘ਪ੍ਰੇਮ’ । ਕਿੰਨਾ ਕੁ ਚਿਰ ਇਹ ਵੇਖਾ-ਵੇਖੀ ਜਾਰੀ ਰਹੀ ? ਬਚਨ ਸਿੰਘ ਨੇ ਜਦ ਆਪਣੀ ਗੁਟ ਘੜੀ ਵਲ ਤੱਕਿਆ ਤਾਂ ਉਹ ਸੋਚਣ ਲਗਾ, ਇਹ ਡੇਢ ਘੰਟਾ ਕਦ ਬੀਤ ਗਿਆ ? ਘੜੀ ਤੇ ਸਾਢੇ ਬਾਰਾਂ ਵੱਜ ਚੁੱਕੇ ਸਨ।

ਅੰਤ ਵਿਚ ਇਸ ਚੁਪ-ਕਥਾ ਦਾ ਭੋਗ ਪਿਆ ਤੇ ਬਚਨ ਸਿੰਘ ਨੇ ਫੇਰ ਆਪਣੀ ਗੱਲ ਨੂੰ ਦੁਹਰਾਇਆ – ਸੁੰਦਰਾਂ ! ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ ਅੱਜ !”

” ਕਰਨੀਆਂ ਸਨ ?” ਸੁੰਦਰੀ ਨੇ ਮੁਸਕਾਂਦਿਆ ਹੋਇਆ ਕਿਹਾ। ‘ਤੇ ਹੁਣ ਨਹੀਂ ਕਰਨੀਆਂ ?”

“ਰਾਤ ਬਹੁਤ ਚਲੀ ਗਈ ਏ ਸੁੰਦਰੀ !”

“ਚੰਗਾ ਜੇ ਤੁਹਾਨੂੰ ਨੀਂਦਰ ਆਈ ਏ ਤਾਂ।

‘ ‘ਮੈਨੂੰ ਤੇ ਨਹੀਂ ਆਈ, ਮੈਨੂੰ ਤੇਰੀ ਨੀਂਦਰ ਦਾ ਫਿਕਰ ਏ।”

“ਮੇਰੀ ਨੀਂਦਰ ਦਾ ? ਮੈਨੂੰ ਤੇ ਆਉਣੀਓਂ ਨਹੀਂ ਅੱਜ।”

“ਕਿਉਂ ? ਆਉਣੀ ਕਿਉਂ ਨਹੀਂ ਅੱਜ ?”

ਸੁੰਦਰੀ ਨਿਰੁੱਤਰ ਰਹੀ।

ਬਚਨ ਸਿੰਘ ਨੇ ਫਿਰ ਕਿਹਾ – “ਸੁੰਦਰੀ !”

“ਹਾਂ ਜੀ !”

“ਤੂੰ ਚਲੀ ਜਾਏਂਗੀ ?”

ਸੁੰਦਰੀ ਕੁਝ ਨਾ ਬੋਲੀ, ਕੇਵਲ ਹੱਥ ਦੀ ਪਹਿਲੀ ਉਂਗਲੀ ਨੂੰ ਦੰਦਾਂ ਵਿਚ ਲੈ ਕੇ ਸਹਿਜੇ ਸਹਿਜੇ ਉਸ ਨੂੰ ਚਿੱਥਦੀ ਰਹੀ। “ਸੁੰਦਰੀ ! ਜੇ ਤੂੰ ਚਲੀ ਜਾਣਾ ਸੀ, ਤਾਂ ਆਈ ਕਿਉਂ ਸੈ ?’” ਸੁੰਦਰੀ ਠੰਢਾ ਸਾਹ ਭਰ ਕੇ ਰਹਿ ਗਈ। ਬਚਨ ਸਿੰਘ ਨੇ ਆਖਿਆ – “ਸੁੰਦਰੀ ਤੂੰ ਮੇਰੇ ਜੀਵਨ ਵਿਚ ਅੰਮ੍ਰਿਤ ਭਰ ਦਿਤਾ ਹੈ।” ਉਹ ਫੇਰ ਵੀ ਚੁਪ ਰਹੀ। ਚੁਪ ਹੁੰਦੀ ਹੋਈ ਵੀ ਉਹ ਬਚਨ ਸਿੰਘ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦੇ ਰਹੀ ਸੀ ਪਰ ਜ਼ਬਾਨ ਨਾਲ ਨਹੀਂ – ਮਨੋ-ਭਾਵਾਂ ਨਾਲ। ਜ਼ਬਾਨ ਨਾਲ ਵੀ ਉਹ ਉੱਤਰ ਦੇਣਾ ਚਾਹੁੰਦੀ ਸੀ, ਪਰ ਨਹੀਂ ਦੇ ਸਕੀ। ਬਚਨ ਸਿੰਘ ਦੀ ਬੋਲੀ ਨੂੰ ਉਹ ਸਮਝਦੀ ਸੀ, ਸਮਝ ਰਹੀ ਸੀ ਪਰ ਆਪਣੀ ਬੋਲੀ ਵਿਚ ਉਹ ਨਹੀਂ ਸੀ ਸਮਝਾ ਸਕਦੀ ਜਾਂ ਇਉਂ ਕਹੋ ਕਿ ਆਪਣੇ ਭਾਵ ਦਸਣ ਲਈ ਬੇਲੀ ਉਸ ਦਾ ਸਾਥ ਨਹੀਂ ਸੀ ਦੇਂਦੀ – ਉਹ ਚੁਪ ਸੀ।

ਬਚਨ ਸਿੰਘ ਨੇ ਫੇਰ ਪਛਿਆ “ਸੰਦਰੀ ! ਤੂੰ ਨਹੀਂ ਬੋਲਣਾ ? ਚੰਗਾ ਮੈਂ ਜਾਨਾ ਵਾਂ।” ਤੇ ਉਹ ਮੰਜੇ ਤੋਂ ਉਠ ਖਲੋਤਾ।

ਸੁੰਦਰੀ ਨੇ ਉਸ ਦੀ ਕਮੀਜ਼ ਫੜ ਲਈ ਤੇ ਬਿਠਾਉਣ ਦਾ ਯਤਨ ਕਰਦੀ ਹੋਈ ਬੋਲੀ – ਤੁਸੀਂ ਅੱਜ ਏਨੇ ਚਿਰਕੇ ਕਿਉਂ ਆਏ ਹੋ ?6 ਜਿਹੜੀ ਸੁੰਦਰੀ ਆਪ ਹੀ ਬਚਨ ਸਿੰਘ ਨਾਲ ਗੱਲਾਂ ਕਰਨ ਲਈ ਉਤਾਵਲੀ ਹੋ ਰਹੀ ਸੀ, ਉਹੀ ਜਦ ਮੌਕਾ ਆਇਆ ਤਾਂ ਗੱਲਾਂ ਦਾ ਰੁੱਖ ਪੋਲਟਾ ਕੇ ਇਸ ਮਜ਼ਮੂਨ ਨੂੰ ਹੀ ਛਡਣਾ ਚਾਹੁੰਦੀ ਹੈ। ਇਸੇ ਕਰਕੇ ਉਸ ਨੇ ਬਚਨ ਸਿੰਘ ਦੀਆਂ ਗੱਲਾਂ ਦਾ ਉੱਤਰ ਨਾ ਦੇਂਦਿਆਂ ਹੋਇਆਂ ਹੋਰ ਹੀ ਗੱਲ ਛੇੜ ਦਿੱਤੀ-”ਤੁਸੀਂ ਚਿਰਕੇ ਕਿਉਂ ਆਏ ਹੋ ?”

ਅਸਲ ਵਿਚ ਸੁੰਦਰੀ, ਬਚਨ ਸਿੰਘ ਦੇ ਮੂੰਹੋਂ ਉਸੇ ਭਾਵ ਦੀਆਂ ਗੱਲਾਂ ਸੁਣ ਰਹੀ ਸੀ, ਜਿਹੜੀਆਂ ਕਿ ਉਹ ਆਪ ਸਗੋਂ ਉਸ ਨੂੰ ਕਹਿਣੀਆਂ ਚਾਹੁੰਦੀ ਸੀ। ਪਰ ਕੁਦਰਤ ਨੇ ਇਸਤ੍ਰੀ ਦਾ ਹਿਰਦਾ ਕਿਤਨਾ ਵਿਸ਼ਾਲ ਬਣਾਇਆ ਹੈ – ਉਸ ਨੂੰ ਕਿੰਨੀ ਗ਼ਜ਼ਬ ਦੀ ਸਹਿਨ-ਸ਼ਕਤੀ ਦਿਤੀ ਹੈ ਕਿ ਉਹ ਸਮੁੰਦਰ ਵਰਗੇ ਅਥਾਹ ਭਾਵ ਤੇ ਪਹਾੜ ਵਰਗੇ ਅਟੱਲ ਖ਼ਿਆਲਾਂ ਨੂੰ ਆਪਣੇ ਸੀਨੇ ਦੇ ਛੋਟੇ ਜਿਹੇ ਭਾਂਡੇ ਵਿਚ ਬੰਦ ਰਖ ਸਕਦੀ ਹੈ।

ਕੇਵਲ ਇਹੋ ਇਕ ਖਿਆਲ ਕਰ ਕੇ ਕਿ ਉਸ ਦਾ ਤੇ ਬਚਨ ਸਿੰਘ ਦਾ ਪ੍ਰੇਮ ਬੇ-ਮੇਲ ਤੇ ਅਸੰਭਵ ਹੈ, ਸੁੰਦਰੀ ਨੇ ਆਪਣੀ ਜ਼ਬਾਨ ਤੇ ਮੋਹਰ ਲਾ ਲਈ ਤੇ ਇਸ ਅਰੁਕਵੇਂ ਤੂਫ਼ਾਨ ਨੂੰ ਗਲੇ ਤੋਂ ਉਤਾਂਹ ਆਉਣੇਂ ਰੋਕੀ ਰਖਿਆ।

ਭਾਵੇਂ ਸੁੰਦਰੀ ਨੇ ਉਪਰੋਕਤ ਪ੍ਰਸ਼ਨ ਇਸ ਲਈ ਕੀਤਾ ਸੀ ਕਿ ਗੱਲ ਕੱਥ ਦਾ ਵਿਸ਼ਾ ਬਦਲ ਜਾਵੇ, ਪਰ ਬਚਨ ਸਿੰਘ ਇਸ ਸਿਲਸਲੇ ਨੂੰ ਮੁੜ ਉਥੇ ਹੀ ਲੈ ਆਇਆ। ਉਸ ਨੇ ਮੁੜ ਉਥੇ ਬੈਠਦਿਆਂ ਹੋਇਆਂ ਉੱਤਰ ਦਿਤਾ। ‘ਦੇਰ ਲਾ ਕੇ ਆਉਣ ਦਾ ਸਬੱਬ ਵੀ ਸੁੰਦਰੀ ਤੂੰਹੀਓਂ ਏ। ਸੰਧਿਆ ਨੂੰ ਰੋਟੀ ਖਾ ਕੇ ਸਿੱਧਾ ਖੂਹ ਤੇ ਗਿਆ ਸਾਂ ਤੇ ਉਥੇ ਜਿਉਂ ਤੇਰੇ ਖ਼ਿਆਲਾ ਵਿਚ ਡੁੱਬਾ, ਦੱਸ ਵੱਜ ਗਏ।”

“ਮੇਰੇ ਖ਼ਿਆਲਾਂ ਵਿਚ ?” ਸੁੰਦਰੀ ਨੇ ਹੈਰਾਨੀ ਵਾਲਾ ਮੂੰਹ ਬਣਾ ਕੇ ਦੁਹਰਾਇਆ “ਮੇਰੇ ਖ਼ਿਆਲਾਂ ਵਿਚ ?”

“ਆਹੇ ਸੁੰਦਰਾਂ, ਤੇਰੇ ਹੀ ਖ਼ਿਆਲਾਂ ਵਿਚ।”

“ਇਹੋ ਸੋਚਦੇ ਹੋਵੇਗੇ ਪਈ ਸੁੰਦਰੀ ਨੂੰ ਲਿਆ ਕੇ ਕੀ ਪੁਆੜਾ ਗਲ ਪਾ ਲਿਆ।”

“ਨਹੀਂ, ਇਹ ਨਹੀਂ।”

“ਤੇ ਹੋਰ ?”

“ਮੈਂ ਸੋਚਦਾ ਸਾਂ ਕੱਲ੍ਹ ਤੂੰ ਚਲੀ ਜਾਣਾ ਏ।”

“ਆਹੋ ਫੇਰ ?”

“ਸੁੰਦਰੀ ਮੈਂ ……”

“ਦੱਸੋ, ਦੱਸੋ, ਸੰਗਦੇ ਕਿਉਂ ਜੇ।”

”ਮੈਂ ਤੈਥੋਂ ਵੱਖ ਨਹੀਂ ਹੋ ਸਕਦਾ। ਮੇਰਾ ਦਿਲ ”

“ਤੁਹਾਡਾ ਦਿਲ ? ਹਾਂ ਤੁਹਾਡਾ ਦਿਲ, ਫੇਰ ?”

‘ਸੁੰਦਰੀ ! ਤੇਰੀ ਉਮਰ ਛੋਟੀ ਏ – ਤੂੰ ਪ੍ਰੇਮ ਤੋਂ ਅਨਜਾਣ ਏਂ ! ਜੇ ਤੂੰ ਸਮਝ ਸਕਦੀਓ“ ਪ੍ਰੇਮ ਕੀ ਹੁੰਦਾ ਏ, ਤੇ ਦਸਣ ਤੋਂ ਬਿਨਾਂ ਈ ਤੂੰ ਮੇਰੀ ਹਾਲਤ ਸਮਝ ਲੈਂਦੀਓਂ।”

“ਮੈਂ ਸਮਝਦੀ ਕਿਉਂ ਨਹੀਂ। ਤੁਸਾਂ ਤੇ ਗਿਆਨੀ ਜੀ ਹੋਰਾਂ ਮੈਨੂੰ ਸਭ ਕੁਝ ਪੜ੍ਹਾਇਆ ਏ। ਫਿਰ ਮੈਂ ਪ੍ਰੇਮ ਨੂੰ ਨਹੀਂ ਜਾਣਦੀ ? ਮੈਂ ਜਾਣਨੀ ਆਂ: ਹਰ ਇਕ ਨਾਲ ਸਾਨੂੰ ਪ੍ਰੇਮ ਕਰਨਾ ਚਾਹੀਦਾ ਹੈ। ਗੁਰਬਾਣੀ ਵਿਚ ਲਿਖਿਆ ਨਹੀਂ – ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।”

ਇਸ ਸਾਦੇ ਜਿਹੇ ਜਵਾਬ ਨੇ ਬਚਨ ਸਿੰਘ ਨੂੰ ਨਿਰੁੱਤਰ ਕਰ ਦਿਤਾ – ਕੁਝ ਨਿਰਾਸ ਵੀ। ਪਰ ਉਹ ਫੇਰ ਇਕ ਵਾਰੀ ਆਪਣੇ ਖਿਆਲਾ ਦੀ ਲੜੀ ਜਾਰੀ ਰਖਦਾ ਹੋਇਆ ਬੋਲਿਆ ‘ਪਰ ਮੇਰਾ ਮਤਲਬ ਹੋਰ ਪ੍ਰੇਮ ਤੋਂ ਏ।”

“ਹੋਰ ਪ੍ਰੇਮ ?” ਸੁੰਦਰੀ ਨੇ ਫਿਰ ਅੱਗੇ ਵਾਂਗ ਹੈਰਾਨੀ ਨਾਲ ਉਸ ਵਲ ਤੱਕ ਕੇ ਕਿਹਾ -‘ਉਹ ਕਿਹੋ ਜਿਹਾ ਹੁੰਦਾ ਏ ? ਤੁਸਾਂ ਮੈਨੂੰ ਪੜ੍ਹਾਈ ਵਿਚ ਤੇ ਕਦੇ ਦੱਸਿਆ ਨਹੀਂ ਸੀ।”

“ਇਹ ਗੱਲਾਂ ਪੜ੍ਹਾਈ ਵਿਚ ਨਹੀਂ ਦਸੀਆਂ ਜਾਂਦੀਆਂ।

“ਹੱਛਾ! ਸਕੂਲਾਂ ਕਾਲਜਾਂ ਵਿਚ ?”

“ਨਹੀਂ ਸੁਦੈਣੇ ਨਹੀਂ । ਤੂੰ ਤੇ ਨਿਰੀ ਪੁਰੀ ਬਸ।।।”

‘ਤੇ ਤੁਸੀਂ ਢੇਰ ਦੱਸਦੇ ਕਿਉਂ ਨਹੀਂ ?”

ਬਚਨ ਸਿੰਘ ਨੂੰ ਜਦ ਹੋਰ ਕੋਈ ਇਲਾਜ ਨਾ ਲੱਭਿਆ ਤਾਂ ਉਸਨੂੰ ਹੋਰ ਸਰਲ ਢੰਗ ਨਾਲ ਆਪਣੇ ਖਿਆਲ ਪ੍ਰਗਟ ਕਰਨ ਲਈ ਕਿਹਾ – “ਹੱਛਾ ਏਸ ਗੱਲ ਨੂੰ ਛੱਡ, ਤੂੰ ਦੱਸ ਕੱਲ੍ਹ ਚਲੀ ਜਾਣਾ ਏ?”

“ਆਹੈ, ਬਾਬੇ ਸੁਨੇਹਾ ਜੁ ਭੇਜਿਆ ਸੀ।”

“ਤੇ ਜੇ ਸੁਨੇਹਾ ਨਾ ਭੇਜਦਾ ਤਾਂ ?”

“ਫੇਰ ਨਾ ਜਾਂਦੀ।”

“ਹੱਛਾ, ਪਰ ਉਥੇ ਜਾ ਕੇ ਮੈਨੂੰ ਕਦੇ ਕਦੇ ਯਾਦ ਕਰਿਆ

ਕਰੇਗੀ ?”

“ਤੁਸੀਂ ਨਾ ਆਇਆ ਕਰੋਗੇ ?”

“ਨਹੀਂ !”

“ਨਹੀਂ ?’ ਸੁੰਦਰੀ ਨੇ ਅਸਹਿ ਜਿਹੀ ਪੀੜ ਦਾ ਅਨੁਭਵ ਕਰਦਿਆਂ

ਹੋਇਆ ਕਿਹਾ, ਕਿਉਂ, ਤੇ ਮੈਨੂੰ ਪੜ੍ਹਾਉ ਕੌਣ ?”

“ਪੜ੍ਹਾਈ ਦਾ ਮੈਂ ਕੋਈ ਹੋਰ ਪ੍ਰਬੰਧ ਕਰ ਦਿਆਂਗਾ।”

“ਮੈਂ ਨਹੀਂ ਪੜ੍ਹਨਾ ਕਿਸੇ ਹੋਰ ਕੋਲੋਂ।”

‘ਤੇ ਹੋਰ ਬਹੁਤਾ ਪੜ੍ਹ ਕੇ ਕਰਨਾ ਕੀ ਏ। ਗੁਰਮੁਖੀ ਤੂੰ ਚੰਗੀ ਤਰ੍ਹਾਂ ਲਿਖ ਪੜ੍ਹ ਸਕਨੀ ਏਂ, ਬਾਣੀਆਂ ਵੀ ਤੈਨੂੰ ਬਹੁਤ ਸਾਰੀਆਂ ਯਾਦ हे।”

“ਤੁਸੀਂ ਤੇ ਆਪੇ ਕਹਿੰਦੇ ਸੀ, ਤੈਨੂੰ ਦਸਵੀਂ ਤਕ ਪੜ੍ਹਾਵਾਂਗੇ।

“ਜੇ ਤੇਰੀ ਹੋਰ ਪੜ੍ਹਨ ਦੀ ਸਲਾਹ ਹੋਈ ਤਾਂ ਤੈਨੂੰ ਕਿਸੇ ਸ਼ਹਿਰ ਦੀ ਕੰਨਿਆ ਪਾਠਸ਼ਾਲਾ ਵਿਚ ਦਾਖਲ ਕਰਾ ਦਿਆਂਗਾ।”

“ਤੇ ਤੁਸੀਂ ਵੀ ਉਥੇ ਜਾ ਕੇ ਹੀ ਰਹੇਗੇ ?”

ਮੈਂ ? ਮੈਂ ਕਿਸ ਤਰ੍ਹਾਂ ਰਹਿ ਸਕਦਾ ਵਾਂ ਘਰ ਛੱਡ ਕੇ ਹੋਰ। ਕਿਤੇ ?”

ਸੁੰਦਰੀ ਚੁਪ ਹੋ ਗਈ। ਮਾਨੇ ਉਸ ਨੇ ਕੋਈ ਗਲਤ ਸੁਆਲ ਕੀਤਾ ਸੀ ।

ਬਚਨ ਸਿੰਘ ਨੇ ਫੇਰ ਕਹਿਣਾ ਸ਼ੁਰੂ ਕੀਤਾ। “ਸੁੰਦਰੀ, ਤੂੰ ਮੇਰੇ ਕੋਲ ਨਹੀਂ ਰਹਿਣਾ ਚਾਹੁੰਦੀ ?”

“ਤੁਹਾਡੇ ਕੋਲ ? ਤੁਹਾਡੇ ਕੋਲ ਲੋਕੀ ਮੈਨੂੰ ਰਹਿਣ ਦੇਣਗੇ ?” ” ਹੱਛਾ ਸੁੰਦਰੀ । ਤੂੰ ਮੈਨੂੰ ਪਿਆਰ ਨਹੀਂ ਕਰਦੀ ?’

ਪਿਆਰ ਦਾ ਨਾਂ ਸੁਣਦਿਆਂ ਹੀ ਸੁੰਦਰੀ ਦੇ ਬੁੱਲ੍ਹਾਂ ਤੇ ਮਿੱਠੀ ਜਿਹੀ ਮੁਸਕਾਹਟ ਆ ਗਈ ਤੇ ਉਹਦੇ ਮੋਢੇ ਨਾਲ ਸਿਰ ਜੋੜ ਕੇ ਕਹਿਣ ਲੱਗੀ – “ਤੁਸੀ ਤੁਸੀਂ ਮੈਂ…’ਤੇ ਉਹ ਕੋਸ਼ਿਸ਼ ਕਰਦੀ ਹੋਈ ਵੀ ਆਪਣੇ ਵਾਕ ਨੂੰ ਪੂਰਾ ਨਾ ਕਰ ਸਕੀ।

ਪਰ ਬਚਨ ਸਿੰਘ ਨੂੰ ਆਪਣੇ ਪ੍ਰਸ਼ਨ ਦਾ ਪੂਰਾ ਪੂਰਾ ਉੱਤਰ ਮਿਲ ਗਿਆ। ਸੁੰਦਰੀ ਦੇ ਅੰਗ ਅੰਗ ਵਿਚੋਂ ਡੁਲ੍ਹ ਰਹੇ ਪ੍ਰੇਮ-ਪ੍ਰਵਾਹ ਨੇ ਬਚਨ ਸਿੰਘ ਨੂੰ ਖੀਵਾ ਕਰ ਦਿੱਤਾ।

ਦੋਵੇਂ ਪ੍ਰੇਮੀ ਪ੍ਰੇਮਕਾ ਇਕ ਦੂਜੇ ਨੂੰ ਕਹਿਣ ਲਈ ਜੋ ਕੁਝ ਦਿਲਾਂ ਵਿਚ ਲਈ ਬੈਠੇ ਸਨ, ਉਹ ਸਭ ਕੁਝ ਜਿਉਂ ਦਾ ਤਿਉਂ ਹੀ ਭਰਿਆ ਰਿਹਾ ਤੇ ਉਹਨਾਂ ਨੂੰ ਇਸ ਦੇ ਫੈਲਣ ਵਿਖਾਣ ਦੀ ਲੋੜ ਹੀ ਨਾ ਰਹੀ। ਦੋਵੇਂ ਅਨੁਭਵ ਕਰ ਰਹੇ ਸਨ ਕਿ ਉਹ ਅਸਲ ਵਿਚ ਦੋ ਨਹੀਂ-ਇਕ ਹਨ।

ਇਸ ਤੋਂ ਬਾਅਦ ਬਚਨ ਸਿੰਘ ਨੇ ਘੜੀ ਦੇਖੀ ਤਾਂ ਢਾਈ ਵਜ ਚੁਕੇ ਸਨ। ਉਸਨੇ ਕਿਹਾ – ‘ਚੰਗਾ ਸੁੰਦਰੀ, ਹੁਣ ਸੌਂ ਜਾ ! ਰਾਤ ਬਹੁਤ ਬੀਤ ਗਈ ਏ – ਢਾਈ ਵੱਜ ਗਏ ਨੇ ” ਤੇ ਇਸ ਤੋਂ ਬਾਅਦ ਉਸ ਨੇ ਸੁੰਦਰੀ ਦਾ ਹੱਥ ਚੁੰਮ ਲਿਆ ਬੁੱਲ੍ਹਾਂ ਦੀ ਛੁਹ ਨੇ ਸੁੰਦਰੀ ਨੂੰ ਏਨਾ ਬੇ-ਸੁਧ ਕਰ ਦਿੱਤਾ ਕਿ ਬਚਨ ਸਿੰਘ ਕਿਹੜੇ ਵੇਲੇ ਚਲਾ ਗਿਆ, ਉਸਨੂੰ ਪਤਾ ਹੀ ਨਾ ਲੱਗਾ।

20

ਸ਼ਾਮ ਦਾ ਹਨੇਰਾ ਹੌਲੀ ਹੌਲੀ ਹਰ ਪਾਸੇ ਫੈਲਦਾ ਜਾਂਦਾ ਹੈ। ਪੋਹ ਮਾਘ ਦੀ ਠੰਢੀ ਠੰਢੀ ਹਵਾ ਫੱਰਾਟੇ ਮਾਰ ਰਹੀ ਹੈ ਪਰ ਫੇਰ ਵੀ ਦੀਵਾਨਪੁਰੋਂ ਬਾਹਰਲੇ ਖੂਹ ਤੇ ਕੁਝ ਚਹਿਲ ਪਹਿਲ ਹੈ। ਖੂਹ ਗਿੜ ਰਿਹਾ ਹੈ ਤੇ ਗਾਂਧੀ ਤੇ ਬੈਠਾ ਇਕ ਤੇਰਾਂ ਕੁ ਵਰਿਆਂ ਦਾ ਮੰਡਾ ਪਲ ਪਲ ਪਿਛੋਂ ਚਿੱਟੇ ਬਲਦਾ ਦੀ ਜੋਗ ਨੂੰ ‘ਹੂੰ ਹੁੰ’ ਕਰ ਕੇ ਹੱਕੀ ਜਾਂਦਾ ਹੈ। ਖੂਹ ਦੀ ‘ਝੀ ਭੀ’ ਆਵਾਜ਼ ਡਾਦੀ ਮਨਮੋਹਣੀ ਜਾਪਦੀ ਹੈ।

ਪਿੰਡ ਦੀਆਂ ਬਹੁਤ ਸਾਰੀਆਂ ਮਟਿਆਰਾਂ ਨੇ ਔਲੂ, ਮਣ ਤੇ ਨਿਸਾਰ ਦੁਆਲੇ ਝੁਰਮਟ ਪਾਇਆ ਹੋਇਆ ਹੈ, ਤੇ ਉਨ੍ਹਾਂ ਦੇ ਨਿੱਕੇ ਨਿਆਣੇ ਲਾਗੇ ਬੈਠੇ ਠੀਕਰੀਆਂ ਚੁਣ ਚੁਣ ਕੇ ਉਨ੍ਹਾਂ ਨਾਲ ਖੇਡ ਰਹੇ ਹਨ।

ਹਰਟ ਤੋਂ ਦੁਰਾਡੇ ਇਕ ਕਪਾਹ ਦਾ ਖੇਤ ਹੈ, ਪਰ ਇਸ ਵੇਲੇ ਇਸਨੂੰ ਕਪਾਹ ਦਾ ਨਾ ਕਹਿ ਕੇ ਮਣ-ਛਿਟੀਆਂ ਦਾ ਖੇਤ ਕਹਿਣਾ ਹੈ ਠੀਕ ਹੋਵੇਗਾ, ਕਿਉਂ ਜੋ ਕਿਸੇ ਬੂਟੇ ਨਾਲ ਇਕ ਵੀ ਸਾਵਾ ਟੀਂਡਾ ਜਾਂ ਪੱਤਰ ਨਹੀਂ। ਹਾਂ, ਕਪਾਹੋਂ ਸੱਖਣੀਆਂ ਤੇ ਸੁੱਕੀਆਂ ਖੇਖੜੀਆਂ ਨਾਲ ਸਾਰੇ ਬੂਟੇ ਲੱਦੇ ਹੋਏ ਹਨ ਤੇ ਹਵਾ ਦੇ ਝੋਕਿਆਂ ਨਾਲ ਇਹਨਾਂ ‘ਚੋਂ ਖੜ ਖੜ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਇਸ ਦੇ ਲਾਗੇ ਵਾਲੀ ਨੀਵੀਂ ਥਾਂ ਤੇ ਹਰੇ ਭਰੇ ਮੂਲੀਆਂ ਦੇ ਕਿਆਰੇ ਆਪਣੇ ਪੂਰੇ ਜੋਬਨ ਵਿਚ ਹਨ। ਅੱਧੀਆਂ ਧਰਤੀ ਤੋਂ ਬਾਹਰ ਨਿਕਲੀਆਂ ਹੋਈਆਂ ਗੋਰੀਆਂ ਗੋਰੀਆਂ ਮੂਲੀਆਂ ਦੇ ਸਿਰਾਂ ਤੇ ਹਰੇ ਪੱਤਰਾਂ ਦੇ ਥੱਬੇ ਇਸ ਤਰ੍ਹਾਂ ਝੂਮ ਰਹੇ ਹਨ, ਮਾਨੋਂ ਸ਼ਾਹਜ਼ਾਦੀਆਂ ਦੇ ਸਿਰਾਂ ਤੇ ਚੌਰ ਝੁਲ ਰਹੇ ਹੋਣ !

ਸੁੱਕੀ ਕਪਾਹ ਦੇ ਖੇਤ ਦੀ ਗੋਦ ਵਿਚ ਇਹ ਹਰਿਆਵਲੀ ਪੈਲੀ ਕਿੱਡੀ ਮਨਮੋਹਣੀ ਜਾਪਦੀ ਹੈ, ਮਾਨੋਂ ਕਿਸੇ ਬੁੱਢੇ ਪਿਤਾ ਦੀ ਗੋਦ ਵਿਚ ਉਸ ਦੀ ਲਾਡਲੀ ਬੱਚੀ ਖੇਡ ਰਹੀ ਹੈ।

ਕਿਸੇ ਵੇਲੇ ਜਦ ਤੇਜ਼ ਹਵਾ ਦਾ ਫੱਰਾਟਾ ਵੱਜਦਾ ਹੈ, ਤਾਂ ਇਹ ਮੂਲੀਆਂ ਦੇ ਕੋਮਲ ਬੂਟੇ ਇਸ ਤਰ੍ਹਾਂ ਕਪਾਹ ਦੇ ਢੀਂਗਰਾਂ ਵਲ ਉੱਲਰ ਜਾਂਦੇ ਹਨ, ਜਿਵੇਂ ਕੋਈ ਬੱਚਾ ਡਰ ਕੇ ਆਪਣੇ ਪਿਉ ਵਲ ਬਾਹਾਂ ਪਸਾਰਦਾ है।

ਇਸ ਵੇਲੇ ਅਸੀਂ ਮੂਲੀਆਂ ਵਾਲੇ ਖੇਤ ਦੇ ਬੰਨੇ ਉਤੇ ਤਿੰਨ ਆਦਮੀਆਂ ਨੂੰ ਬੈਠੇ ਵੇਖਦੇ ਹਾਂ।

ਕੰਢੇ ਨਾਲੋਂ ਇਕ ਨਰਮ ਜਿਹੀ ਮੂਲੀ ਪੁੱਟ ਕੇ ਉਸ ਦੀ ਮਿੱਟੀ ਝਾੜਦਿਆਂ ਹੋਇਆਂ ਇਕ ਨੇ ਦੂਸਰਿਆ ਦੋਹਾਂ ਵਲ ਤੱਕ ਕੇ ਕਿਹਾ “ਫੇਰ ਹੁਣ ਇਹਦਾ ਫਾਹਾ ਵੱਢਿਆ ਵੀ ਜਾਊ ਕਿਸੇ ਤਰ੍ਹਾਂ, ਕਿ ਏਦਾਂ ਈ ਉਹ ਨਿੱਤ ਦਿਹਾੜੇ ਸਾਡੀ ਛਾਤੀ ਤੇ ਮੂੰਗ ਦਲਦਾ ਰਹੇਗਾ ?”

ਦੂਜਾ- “ਪਰ ਭਾਊ ਪਾਲਾ ਸਿਆਂ ! ਏਸ ਵਿਚ ਸਾਡੇ ਸਿਰ ਕਾਹਦਾ ਦੇਸ਼ ! ਤੂੰ ਤੇ ਆਪ ਈ ਆਲੇ-ਟੋਲੇ ਕਰੀ ਜਾਂਦਾ ਏਂ। ਤੈਨੂੰ ਤੇ ਕਿਹਾ ਸੀ ਪਈ ਹੰਨੇ ਜਾਂ ਬੰਨੇ ਵਾਲੀ ਗੱਲ ਹੋਵੇ ਤਾਂ ਸੂਤ ਆਊ ਕੰਮ।” ਪਾਲਾ ਸਿੰਘ – “ਹੰਨੇ ਬੰਨੇ ਕਰਨੋਂ ਵੀਰ ਮੈਂ ਕਦੋਂ ਨਾਂਹ ਕੀਤੀ ਏ। ਤੁਸੀਂ ਤੇ ਨਕਾਰਿਓ ਆਪ ਈ ਕਾਸੇ ਜੋਗੇ ਨਹੀਂ। ਇਸ ਕਲ੍ਹ ਦੇ ਮੁੰਡੇ ਬਚਨੇ ਨੂੰ ਤੁਸੀਂ ਠੀਕ ਨਾ ਕਰ ਸਕੇ ਤੇ ਹੋਰ ਤੁਹਾਥੋਂ ਕੀ ਸਰਨਾ ਏਂ – ਸੁਆਹ ?”

ਤੀਜਾ ਪਰ ਜਿਹੜਾ ਪਾਲਾ ਸੁੰਹ ਐਡੇ ਐਡੇ ਡਾਕੇ ਮਰਨ ਲੱਗਾ ਕਦੇ ਨਹੀਂ ਝਕਿਆ, ਉਹ ਬਚਨੇ ਕੋਲੋਂ ਏਦਾਂ ਡਰਦਾ ਏ। ਮੈਨੂੰ ਤੇ ਏਸ ਗਲ ਦੀ ਸਮਝ ਨਹੀਂ ਪੈਂਦੀ।’

ਦੋਹਾਂ ਸਾਥੀਆਂ ਦੀਆਂ ਬੋਲੀਆਂ ਪਾਲਾ ਸਿੰਘ ਨੂੰ ਤੀਰਾਂ ਵਾਂਗ ਵਿੰਨ੍ਹ ਗਈਆਂ। ਉਹ ਤੈਸ਼ ਵਿਚ ਆ ਕੇ ਸਾਥੀਆਂ ਨੂੰ ਕਹਿਣ ਲੱਗਾ। “ਕੌਣ, ਮੈਂ ਡਰਨਾ ਆਂ ? ਸਹੁੰ ਗੁਰੂ ਦੀ, ਜੇ ਕਦੇ ਮੇਰਾ ਵਸ ਚਲੇ ਤਾਂ ਘੜੀਉਂ ਚੌਥੇ ਪਲ ਉਸ ਦਾ ਮੱਕੂ ਬੰਨ੍ਹ ਸੁਟਾਂ, ਪਰ ਵੇਂਹਦੇ ਨਹੀਂ ਤੁਸੀਂ ਉਹ ਛਛੂੰਦਰੀ ਜਿਹੀ ਕਿਵੇਂ ਉਸ ਪਿੱਛੇ ਮਰਦੀ ਏ ; ਮੈਂ ਆਹਨਾ ਕਿਤੇ ਉਹ ਨਾ ਹੋਵੇ ਜੇ ਅਸੀਂ ਬਚਨੇ ਨਾਲ ਕੋਈ ਕਾਰਾ ਕਰ ਬਹੀਏ, ਤੇ ਮਗਰੋਂ ਜਿਸ ਬਦਲੇ ਸਭ ਕੁਝ ਕੀਤਾ, ਉਹ ਵੀ ਅਣਿਆਈ ਮੌਤੇ ਮਰ ਜਾਏ। ਮੈਂ ਤੇ ਸਵਾਇਆ ਸਿਆਂ, ਚਾਹਨਾ ਵਾਂ ਪਈ ਕੋਈ ਐਸਾ ਢੰਗ ਸੋਚੀਏ, ਜਿਸ ਕਰ ਕੇ ਇਕ ਨਿਸ਼ਾਨੇ ਨਾਲ ਦੋਵੇਂ ਸ਼ਿਕਾਰ ਕੀਤੇ ਜਾਣ – ਬਚਨੇ ਦਾ ਵੀ ਰੋਜ਼ ਦਿਹਾੜੀ ਦਾ ਜੱਭ ਮੁੱਕੇ, ਤੇ ਉਹ ਹੂਰਾਂ ਪਰੀ ਵੀ ਕਾਬੂ ਆ ਜਾਵੇ।”

ਵੀਰੂ – ”ਤੇ ਉਹ ਜਿਹੜਾ ਤੀਜਾ ਕਾਣਾ ਰੋਡ ਏ ?” ਪਾਲਾ – “ਓਏ ਉਹਦੀ ਸੁਖ ਆ। ਸਾਨੂੰ ਤੇ ਡਰ ਏ ਆਪਣੇ ਸ਼ਰੀਕ ਦਾ। ਉਸ ਬੁੱਢੜ ਨੂੰ ਕੀ ਜਾਣਨੇ ਆਂ ਅਸੀਂ। ਉਹਨੂੰ ਤੇ ਮੈਂ ਹੱਥ ਦੀ ਚਟਕੀ ਵਿਚ ਮੱਲ ਕੇ ਮਿੱਧ ਸਟਾਂਗਾ। ਉਹਦੀ ਕਿਸੇ ਦਾਦ ਫ਼ਰਿਆਦ ਕਰਨੀ ਏਂ ? ਅੱਜ ਮੋਏ ਤੇ ਕਲ੍ਹ ਦੂਜਾ ਦਿਹਾੜਾ।”

ਸਵਾਇਆ “ਹੱਛਾ, ਹੁਣ ਲੰਮੇ ਤੇੜੇ ਛੱਡ ਖਾਂ। ਇਹ ਦੱਸ, ਹੁਣ ਸੱਦਿਆ ਕਾਹਦੇ ਲਈ ੳ ? ਉਤੋਂ ਠੰਢ ਆਖਰਾਂ ਦੀ ਪੈਣ ਡਹੀ ਹੋਈ टटे।”

ਪਾਲਾ “ਠੰਢ ਕਿਉਂ, ਸਿੱਧਾ ਨਹੀਂ ਕਹਿੰਦਾ ਜੇ ਮੂੰਹ ਕੌੜਾ ਕਰਨ ਨੂੰ ਜੀ ਕਰਦਾ ਏ।”

ਪਾਲਾ ਸਿੰਘ ਦੀ ਗੱਲ ਸੁਣ ਕੇ ਉਸ ਦੇ ਦੋਵੇਂ ਸਾਥੀ ਬੁਲ੍ਹਾਂ ਤੇ ਜੀਭ ਫੇਰਦੇ ਹੋਏ ਮੁਸਕਰਾਉਣ ਲੱਗੇ।

ਪਾਲਾ ਸਿੰਘ ਨੇ ਆਪਣੀ ਗੱਲ ਨੂੰ ਜਾਰੀ ਰਖਦਿਆਂ ਹੋਇਆ ਕਿਹਾ “ਠੰਢ ਵੀ ਹਟਾ ਦਿਆਂਗੇ। ਡੂਢ ਕੁ ਬੋਤਲ ਪਈ ਏ, ਓਦਣ ਦੀ ਬਜ਼ੀ ਹੋਈ।”

‘ਡੂਢ ਬੋਤਲ’ ਸ਼ਬਦ ਨੇ ਤਾਂ ਉਸਦੇ ਦੋਸਤਾਂ ਨੂੰ ਲਾਲੀਆਂ ਚਾੜ੍ਹ ਦਿੱਤੀਆਂ। ਵੀਰ ਸਿੰਘ ਕਹਿਣ ਲੱਗਾ – “ਅਸੀਂ ਭਾਊ, ਕਦੋਂ ਨਾਬਰ ਆ ਤੈਥੋਂ, ਜਦੋਂ ਤੀਕਰ ਤੈਨੂੰ ਲਾੜਾ ਨਾ ਬਣਾ ਲਈਏ, ਅਸੀਂ ਬੈਠਣ ਲੱਗੇ ਆ। ਰਮਾਣ ਕਰ ਕੇ ?”

ਸਵਾਇਆ “ਪਰ ਭਾਬੀ ਸਾਡੀ ਦੇ ਆਉਂਦਿਆਂ ਈ ਕਿਤੇ ਉਹ ਗੱਲ ਨਾ ਹੋਵੇ ਜੁ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ।”

ਪਾਲਾ ਸਿੰਘ ਆਪਣੇ ਸਾਥੀਆਂ ਦੀਆਂ ਗੱਲਾਂ ਸੁਣ ਕੇ ਬਿਨਾਂ ਸ਼ਰਾਬੇ ਖੀਵਾ ਹੋ ਰਿਹਾ ਸੀ। ਉਹ ਬੋਲਿਆ “ਕੁੜੀ ਖੇਤ, ਮੁੰਡਾ ਪੇਟ ਤੇ ਆ ਜਵਾਈਆ ਮੰਡੇ ਖਾਹ। ਉਹ ਬੀਬੀ ਰਾਣੀ ਅਜੇ ਬਚਨੇ ਦੇ ਘਰ ਦੀ ਚਾਰ ਦੀਵਾਰੀ ਵਿਚ ਕੈਦ ਏ, ਤੇ ਇਨ੍ਹਾਂ ਨੂੰ ਭਾਬੀ ਦੇ ਸੁਪਨੇ ਆਉਣ ਡਹੇ ਨੇ।”

“ਕੌਣ ਕਹਿੰਦਾ ਏ” ਵੀਰ ਸਿੰਘ ਨੇ ਕਾਹਲੀ ਨਾਲ ਕਿਹਾ – “ਉਹਨੂੰ ਤੇ ਪੰਜ ਦਿਨ ਹੋਏ ਨੇ ਬੁੱਢਾ ਘਰ ਲੈ ਗਿਐ।”

“ਹਲਾ ?” ਪਾਲਾ ਸਿੰਘ ਨੇ ਹੈਰਾਨੀ ਨਾਲ ਕਿਹਾ “ਚਲੀ ਗਈ ਹੋਵੇਗੀ, ਮੈਂ ਤੇ ਤੈਨੂੰ ਪਤਾ ਏ ਅਜ ਸਤਵੇਂ ਦਿਨ ਪਿਛੋਂ ਵਾਢਿਓ ਆਇਆ ਵਾਂ।”

ਵੀਰੂ ”ਤਾਂ ਜਦੋਂ ਦੀ ਫੱਟੜ ਹੋਈ ਏ ਓਦੂੰ ਮਗਰੋਂ ਤੂੰ ਨਹੀਂ ਵੇਖੀ ?”

” ਨਹੀਂ ।”

“ਹੁਣ ਤੇ ਭਾਊ ਸਹੁੰ ਗੁਰੂ ਦੀ, ਵੇਖਣ ਜੋਗੀ ਉ। ਰੰਗ ਸਹੁਰੀ ਦਾ ਐਉਂ ਨਿਖਰਿਆ ਏ ਜਿਵੇਂ ਮੈਦਾ ਤੇ ਸੰਧੂਰ ਹੁੰਦਾ ਏ। ਤੇ ਦਿਨਾਂ ਵਿਚ ਈ ਵਧੀ ਲਗਰ ਵਾਂਗੂੰ ਏ। ਤੇਰੇ ਤੇ ਭਾਊ ਸੱਚ-ਮੁਚ ਭਾਗ ਖੁਲ੍ਹ ਪੈਣ ਜੇ ਕਿਤੇ ਕੰਮ ਫਤੇ ਹੋ ਜਾਏ।”

ਪਾਲਾ ਸਿੰਘ – “ਮੈਨੂੰ ਤੇ ਓਸ ਅੱਗੇ ਸ਼ੁਦਾਈ ਬਣਾ ਛੱਡਿਆ। ਏ । ਹੁਣ ਰਹਿੰਦਾ ਖੂੰਹਦਾ ਵੀ ਖਾਣਾ ਪੀਣਾ ਹਰਾਮ ਕਰ ਛੱਡੂ, ਹੋਰ ਕੀ ਭੜਵਿਓ ! ਜੇ ਤੁਹਾਡੇ ਰਾਜ ਵਿਚ ਮੇਰਾ ਕੰਮ ਵੀ ਨਾ ਸਰਿਆ ਤਾਂ ਯਾਦ ਰੱਖਣਾ ਤੁਹਾਡੇ ਦੋਹਾਂ ਦੇ ਸਿਰ ਚੜ੍ਹ ਕੇ ਮਰ ਜਾਵਾਂਗਾ।”

ਸਵਾਇਆ “ਸ਼ੁਦਾਈਆਂ ਦੇ ਸਿਰ ਕੋਈ, ਸਿੰਗ ਹੁੰਦੇ ਨੇ ? ਭਲਾ ਇਹ ਕਿਹੜਾ ਵੱਡਾ ਕੰਮ ਏ। ਇਹ ਤੇ ਰੱਬ ਚਾਹਿਆ ਚੁਟਕੀ ਦੀ ਢਿਲ ਵਿਚ ਹੋ ਜੂ, ਪਰ ਪਹਿਲਾਂ ਬਚਨੇ ਦਾ ਫ਼ਿਕਰ ਕਰੋ। ਬਚਨੇ ਦੇ ਹੁੰਦਿਆਂ ਉਹ ਨਹੀਂ ਜੇ ਲਗੀ ਕਾਬੂ ਆਉਣ।”

ਪਾਲਾ – “ਪਰ ਸਵਾਇਆ ਸਿਆਂ ਤੇਰਾ ਕੀ ਖਿਆਲ ਏ, ਬਚਨਾ ਉਸ ਨਾਲ ਵਿਆਹ ਕਰਾਊ ?”

ਵੀਰੂ – ”ਤੇ ਹੋਰ ਐਵੇਂ ਪੜ੍ਹਾ ਪੜ੍ਹਾ ਕੇ ਉਹਨੂੰ ਗਿਆਨਣ ਬਣਾਉਣ ਡਿਹਾ ਹੋਇਆ ਏ ?”

ਪਾਲਾ – “ਪਰ ਮੈਨੂੰ ਤੇ ਹੈਰਾਨੀ ਏਸ ਗੱਲ ਦੀ ਐ, ਪਈ ਬਚਨੇ ਨੂੰ ਹੋਰ ਘਾਟਾ ਸੀ ਵਿਆਹਾਂ ਦਾ ? ਬਾਰਾਂ ਜਮਾਤਾਂ ਪੜ੍ਹਿਆ ਹੋਇਆ ਏ। ਸੁਣਿਆ ਏਂ ਉਹਨੂੰ ਵੱਡੇ-ਵੱਡੇ ਸਰਦਾਰਾਂ ਦੇ ਘਰੋਂ ਕੁੜਮਾਈਆਂ ਆਉਂਦੀਆਂ ਨੇ। ਇਹ ਤੇ ਬਈ ਮੇਰੇ ਵਰਗੇ ਛੜੇ ਛੜਾਂਗ ਦੇ ਲੈਕ ਦੀ ਏ, ਜਿਸ ਵਿਚਾਰੇ ਦਾ ਨਾ ਕੋਈ ਅੱਗਾ ਨਾ ਪਿੱਛਾ।”

ਸਵਾਇਆ- ਗੱਲ ਤੇ ਭਾਉ ਤੇਰੀ ਸੱਚੀ, ਪਰ ਚਾਚਾ ਆਖਿਆ ਤੇ ਕੋਈ ਪੰਡ ਨਹੀਂ ਨਾ ਚੁਕਦਾ ਹੁੰਦਾ। ਹੁਣ ਤੇ ਰੜੇ ਮੈਦਾਨ ਦਾ ਮੁਕਾਬਲਾ ਏ ਜੋ ਜਿੱਤੇ ਸੋ ਪਾਏ।”

ਫੀਰੂ – ਤੁਸਾਂ ਤੇ ਜੁਆਨ, ਵਿਹਲੀ ਬਕ ਬਕ ਵਿਚ ਈ ਸਾਰਾ ਵੇਲਾ ਗੁਆ ਛਡਣਾ ਏਂ ਕੰਮ ਦੀ ਕੋਈ ਗੱਲ ਕਰਨੀ ਜੇ ਤੇ ਕਰੇ ਨਹੀਂ ਤੋਂ ਛੁੱਟੀ ਦਿਓ, ਮੇਰੀਆਂ ਤੇ ਠੰਢ ਨਾਲ ਲੱਤਾਂ ਵੀ ਆਕੜ ਗਈਆਂ ਨੇ। ਸੱਚ ਸੋਚ ਕੇ ਪਾਲਾ ਸਿੰਘ ਕਹਿਣ ਲੱਗਾ – “ਮੇਰੀ ਸਲਾਹ ਏ ਬਚਨੇ ਨੂੰ ਕਿਸੇ ਮੁਕੱਦਮੇ ਵਿਚ ਫਸਾਇਆ ਜਾਵੇ, ਬਸ ਫੇਰ ਤੇ ਤਲੀ ਉੱਤੇ ਸਰ੍ਹੋਂ ਜੰਮੀ ਸਮਝੋ।”

ਵੀਰੂ – “”ਮੇਰਾ ਵੀ ਇਹੋ ਖਿਆਲ ਏ।”

ਸਵਾਇਆ – “ਮੇਰਾ ਵੀ ਇਹੋ ਖ਼ਿਆਲ ਏ ਕਹਿਣ ਈ ਵਾਲਾ ਸਾਂ। ਪਰ ਉਸ ਬੁੱਢੜੇ ਨੂੰ ?” – ਸਗੋਂ ਮੈਂ ਤੁਹਾਨੂੰ ਇਸ ਤੋਂ ਬਾਅਦ ਪਾਲਾ ਸਿੰਘ ਨੇ ਵਾਰੇ ਵਾਰੀ ਦੁਹਾਂ ਦੇ ਕੰਨਾ ਨਾਲ ਮੂੰਹ ਜੋੜ ਕੇ ਕੁਝ ਕਿਹਾ। ਥੋੜ੍ਹਾ ਚਿਰ ਘੁਸਰ-ਮੁਸਰ ਹੁੰਦੀ ਰਹੀ ਤੇ ਅੰਤ ਸਾਰੇ ਹੀ ਮਿਥਵੇ ਸਿੱਟੇ ਤੇ ਪੁੱਜ ਕੇ ਇਕ ਪਾਸੇ ਵੱਲ ਉਠ ਕੇ ਤੁਰ ਪਏ।

ਚਿੱਟਾ ਲਹੂ – ਅਧੂਰੇ ਕਾਂਡ ਦਾ ਬਾਕੀ ਹਿੱਸਾ (13)

(ਉਪਰੋਕਤ ਘਟਨਾ ਤੋਂ ਦੇ ਸਾਲ ਬਾਅਦ) ਕਿਤਾਬ ਦੇ ਮੁੱਢ ਵਿਚ ਪਾਠਕ ਪੜ੍ਹ ਆਏ ਹਨ ਕਿ ਰਾਤ ਵੇਲੇ ਗੁਪਤੇਸ੍ਵਰ’ ਨਾਉਂ ਦਾ ਇਕ ਮੁਸਾਫ਼ਰ ਬਾਬੂ ਸ਼ਾਮਦਾਸ ਦੇ ਕਮਰੇ ਵਿਚ ਬੈਠਾ ਉਸ ਨੂੰ ਇਕ ਹੱਥ ਲਿਖਿਆ ਨਾਵਲ ਸੁਣਾ ਰਿਹਾ ਸੀ। ਨਾਵਲ ਕਾਫੀ ਵੱਡਾ ਸੀ, ਪਰ ਬਾਬੂ ਸ਼ਾਮਦਾਸ ਇਕੋ ਬੈਠਕ ਵਿਚ ਸਾਰਾ ਸੁਣਨਾ ਚਾਹੁੰਦਾ ਸੀ। ਮੁਸਾਫ਼ਰ ਸੁਣਾਦਾ ਗਿਆ ਤੇ ਸ਼ਾਮਦਾਸ ਸੁਣਦਾ ਗਿਆ। ਏਸੇ ਸੁਣੇ ਸੁਣਾਈ ਵਿਚ ਰਾਤ ਬੀਤ ਗਈ। ਇਸ ਵੇਲੇ ਜਦ ਮੁਸਾਫ਼ਰ ਨੇ ਲਗਪਗ ਸਾਰਾ ਨਾਵਲ ਖ਼ਤਮ ਕਰ ਲਿਆ- ਸ਼ਾਇਦ ਇਕ ਅੱਧ ਕਾਂਡ ਹੀ ਬਾਕੀ...

ਸੁਨਹਿਰੀ ਜਿਲਦ

''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ-''ਆਹੋ ਜੀ ਜਿਹੋ ਜਿਹੀ ਕਹੋ।''ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ ਕਿਤਾਬ ਕੱਢੀ। ਦਫ਼ਤਰੀ ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵਲ...

ਚਿੱਟਾ ਲਹੂ – ਅਧੂਰਾ ਕਾਂਡ (2)

1 ਪਤ-ਝੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖ਼ਾਮੋਸ਼ੀ ਵਿਚ ਦਰਖ਼ਤ ਦਾ ਸੁੱਕਾ ਪੱਤਰ ਖੜਖੜ ਕਰਦਾ, ਡਿੱਗ ਪੈਂਦਾ ਹੈ ਤੇ ਫਿਰ ਉਸਦੀ ਆਵਾਜ਼ ਉਸ ਖ਼ਾਮੋਸ਼ੀ ਵਿਚ ਅਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਇਸ ਅੱਧੀ ਰਾਤ ਦੇ ਸਮੇਂ ਰੱਖਾ ਦੀ ਇਕ ਟੁੱਟੀ ਭੱਜੀ ਕੁੱਲੀ ਵਿਚ ਬੈਠੀ ਹੋਈ ਇਕ ਦੁਖੀਆ ਮੁਟਿਆਰ ਜਦ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਤਾਂ ਇਸ ਹਨੇਰੀ ਤੇ ਡਰਾਉਣੀ ਛੰਨ ਵਿਚ ਉਸ ਦੀ ਗਰਮ ਭਾਫ਼ ਵਿਚ ਵਲ੍ਹੇਟੀ ਹੋਈ ਆਵਾਜ਼ ਇਕ ਵਾਰੀ ਮੱਧਮ ਜਿਹੀ ਗੂੰਜ ਪੈਦਾ ਕਰ ਉਥੇ ਹੀ...