13.3 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (5)

9

(ਦਸ ਬਾਰਾਂ ਸਾਲ ਬਾਅਦ)

ਲਗਨ ਭੈੜੀ ਹੋਵੇ ਭਾਵੇਂ ਚੰਗੀ, ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦੇਂਦੀ ਹੈ। ਲਗਨ ਇਕ ਤੁਪਕਾ ਹੈ, ਜਿਹੜਾ ‘ਜਾਗ’ ਦੇ ਰੂਪ ਵਿਚ ਲੱਗਾ ਹੋਇਆ, ਦੁੱਧ ਨੂੰ ਦਹੀਂ ਵਿਚ ਬਦਲ ਦੇਂਦਾ ਹੈ, ਪਰ ਇਹੋ ਤੁਪਕਾ ਜੇ ‘ਕਾਂਜੀ’ ਬਣ ਕੇ ਲਗ ਜਾਵੇ ਤਾਂ ਸਾਰੇ ਦੁਧ ਨੂੰ ਫਿਟਾ ਕੇ ਨਾਸ ਕਰ ਦੇਂਦਾ ਹੈ।

ਦੀਵਾਨ ਪੁਰੀਏ ਜੀਵਾ ਸਿੰਘ ਦੇ ਪੁੱਤਰ ਬਚਨ ਸਿੰਘ ਨੂੰ ਵੀ ਇਕ ਲਗਨ ਲਗ ਚੁਕੀ ਸੀ। ਤੇ ਉਹ ਉਦੋਂ ਲੱਗੀ, ਜਦ ਉਹ ਦਸਵੀਂ ਪਾਸ ਕਰਨ ਤੋਂ ਬਾਅਦ ਖ਼ਾਲਸਾ ਕਾਲਜ ਵਿਚ ਦਾਖ਼ਲ ਹੋ ਚੁੱਕਾ ਸੀ। ਬਸ ਇਸੇ ਲਗਨ ਨੇ ਕਹੋ, ਜਾਂ ਇਕ ਮਹਾਨ ਹਸਤੀ ਦੀ ਛੁਹ ਨੇ, ਉਸ ਦੇ ਜੀਵਨ ਦਾ ਪਾਸਾ ਪਲਟ ਦਿਤਾ।

ਬਚਨ ਸਿੰਘ ਦੀ ਉਮਰ 18-19 ਵਰ੍ਹਿਆਂ ਦੀ ਹੋਵੇਗੀ। ਭਾਵੇਂ ਉਹ ਕਈਆਂ ਸਾਲਾਂ ਤੋਂ ਅੰਮ੍ਰਿਤਸਰ ਦੀ ਗੰਦੀ ਹਵਾ ਵਿਚ ਰਹਿ ਰਿਹਾ ਸੀ, ਫੇਰ ਵੀ ਉਸਦੇ ਸਰੀਰ ਵਿਚ ਪੇਂਡੂ ਲਹੂ ਅਜੇ ਮੌਜੂਦ ਸੀ। ਉਸ ਦਾ ਜੁੱਸਾ ਰਿਸ਼ਟ-ਪੁਸ਼ਟ ਤੇ ਚਿਹਰਾ ਭਰਵਾਂ ਸੀ, ਜਿਹੜਾ ਮੱਸ-ਫੇਟ ਨੇ ਹੋਰ ਵੀ ਨਿਖਾਰ ਦਿਤਾ ਸੀ। ਉਸ ਦੀ ਨਿਰਛੱਲ ਤੱਕਣੀ ਤੇ ਮਿੱਠੀ ਬੋਲੀ ਨੇ ਉਸ ਨੂੰ ਸਾਰੇ ਸਕੂਲ ਦਾ ਹੀਰੋ ਬਣਾ ਦਿਤਾ ਸੀ। ਤੇ ਏਸ ਹੀਰੋ ਬਣਨ ਦਾ ਕਾਰਨ ਇਕ ਇਹ ਵੀ ਸੀ ਕਿ ਬਚਨ ਸਿੰਘ ਨੂੰ ਕਵਿਤਾ ਲਿਖਣ ਦਾ, ਖ਼ਾਸ ਕਰਕੇ ਸਟੇਜ ਉਤੇ ਬੋਲਣ ਦਾ ਬੜਾ ਸ਼ੌਕ ਸੀ। ਆਪਣੇ ਸਕੂਲ ਦੀ ਯੂਨੀਅਨ ਦਾ ਉਹ ਲੀਡਰ ਸੀ। ਵਿਦਿਆਰਥੀਆਂ ਦੇ ਜਲਸਿਆਂ, ਮੀਟਿੰਗਾਂ ਵਿਚ ਹਮੇਸ਼ਾ ਉਸ ਨੂੰ ਮੁਹਰਲੀ ਥਾਂ ਮਿਲਦੀ ਸੀ, ਪਬਲਿਕ ਜਲਸਿਆਂ ਵਿਚ ਵੀ ਉਸ ਦੀ ਕਾਫੀ ਪੁੱਛ ਸੀ। ਵੱਡੇ-ਵੱਡੇ ਇਕੱਠਾਂ ਵਿਚ ਬਚਨ ਸਿੰਘ ਦੀਆ ਨਜ਼ਮਾਂ ਨੂੰ ਪਹਿਲ ਮਿਲਦੀ ਸੀ। ਕਵਿਤਾ ਉਹ ਬੜੇ ਉੱਚੇ ਭਾਵ ਦੇ ਆਧਾਰ ਤੇ ਲਿਖਦਾ ਸੀ। ਇਹ ਗੱਲ ਨਹੀਂ। ਉਸ ਦੀ ਲਿਖਤ ਸਾਧਾਰਨ ਸੀ। ਪਰ ਉਸ ਦੇ ਗਲੇ ਵਿਚ ਜਿਹੜਾ ਸੁਰੀਲਾਪਨ ਸੀ, ਉਸ ਦੀ ਮਦਦ ਨਾਲ ਬਚਨ ਸਿੰਘ ਦਾ ਪਿੱਤਲ ਵੀ ਸੋਨੇ ਦੇ ਭਾਅ ਵਿਕਦਾ ਸੀ। ਕਿਸੇ ਇਕੱਤਰਤਾ ਵਿਚ ਜਦ ਉਸ ਦੀ ਜੋਸ਼ ਭਰੀ ਆਵਾਜ਼ ਗੂੰਜਦੀ ਤਾਂ ਸੁਣਨ ਵਾਲੇ ਬੁੱਤ ਬਣ ਜਾਂਦੇ ਸਨ।

ਤੇ ਉਹ ਨਵੀਂ ਲਗਨ, ਜਿਸ ਨੇ ਬਚਨ ਸਿੰਘ ਦੇ ਜੀਵਨ ਵਿਚ ਇਨਕਲਾਬ ਲੈ ਆਂਦਾ, ਇਸ ਤਰ੍ਹਾਂ ਲਗੀ-ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਬਚਨ ਸਿੰਘ ਖ਼ਾਲਸਾ ਕਾਲਜ ਫ਼ਸਟ ਯੀਅਰ ਵਿਚ ਦਾਖ਼ਲ ਹੋਇਆ। ਇਹਨੀਂ ਦਿਨੀਂ ਸ਼ਹਿਰਾਂ ਤੇ ਪਿੰਡਾਂ ਵਿਚ ਗਰਾਮ ਸੁਧਾਰ ਦੇ ਬੜੇ ਜਲਸੇ ਹੋਇਆ ਕਰਦੇ ਸਨ। ਇਹਨਾਂ ਜਲਸਿਆਂ ਦਾ ਉਦੇਸ਼ ਸੀ ਪਿੰਡਾਂ ਵਿਚੋਂ ਕੁਰੀਤੀਆਂ ਤੇ ਫ਼ਜੂਲ-ਖ਼ਰਚੀਆਂ ਨੂੰ ਰੋਕਣਾ।

ਇਸ ਤਰ੍ਹਾਂ ਦਾ ਜਲਸਾ ਇਕ ਦਿਨ ਅੰਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ਼ ਵਿਚ ਹੋ ਰਿਹਾ ਸੀ। ਕੋਈ ਦਸ ਹਜ਼ਾਰ ਸਰੋਤਿਆਂ ਦਾ ਇਕੱਠ ਸੀ। ਜਿਉਂ ਹੀ ਸਟੇਜ ਸੈਕਟਰੀ ਨੇ ਬਚਨ ਸਿੰਘ ਦਾ ਨਾਂ ਬੋਲਿਆ, ਸਰੋਤਿਆਂ ਵਿਚ ਹਲ-ਚਲ ਮਚ ਗਈ ਤੇ ਨਾਅਰਿਆਂ ਦੀ ਗੂੰਜ ਵਿਚ ਉਹ ਸਟੇਜ ਤੇ ਆਇਆ।

ਉਸਨੇ ਆਪਣੀ ਕਵਿਤਾ ਬੋਲੀ। ਸਰੋਤਿਆਂ ਉਤੇ ਸੰਨਾਟਾ ਛਾ ਗਿਆ। ਉਸ ਨੂੰ ਦੋਬਾਰਾ ਕਵਿਤਾ ਬੋਲਣ ਲਈ ਮਜਬੂਰ ਕੀਤਾ ਗਿਆ।

ਜਲਸਾ ਖ਼ਤਮ ਹੋਇਆ। ਅੱਜ ਦੀ ਸਫਲਤਾ ਨੇ ਬਚਨ ਸਿੰਘ ਨੂੰ ਖ਼ੁਸ਼ੀ ਨਾਲ ਭਰ ਦਿੱਤਾ। ਉਹ ਜ਼ਮੀਨ ਤੇ ਤੁਰ ਰਿਹਾ ਸੀ, ਪਰ ਉਸ ਨੂੰ ਜਾਪਦਾ ਸੀ। ਜਿਵੇਂ ਉਹ ਆਕਾਸ਼ ਵਿਚ ਉੱਡ ਰਿਹਾ ਹੈ। ਉਸ ਦੇ ਦੁਆਲੇ ਪ੍ਰਸੰਸਕਾਂ ਦੀ ਭੀੜ ਜੁੜੀ ਹੋਈ ਸੀ।

ਇਹਨਾਂ ਪ੍ਰਸੰਸਕਾਂ ਦੀ ਭੀੜ ਜਦ ਉਸ ਦੇ ਦੁਆਲਿਉਂ ਕੁਝ ਘਟੀ, ਤਾਂ ਰੇਸ਼ਮ ਵਰਗੇ ਚਿੱਟੇ ਦਾਹੜੇ ਵਿਚ ਦਗ ਦਗ ਕਰਦਾ ਇਕ ਭਰਵਾਂ ਚਿਹਰਾ ਉਸ ਦੇ ਸਾਹਮਣੇ ਆਇਆ। ਇਹ 50-60 ਵਰ੍ਹਿਆਂ ਦਾ ਇਕ ਬਿਰਧ ਸੀ, ਪਰ ਬੜਾ ਦਰਸ਼ਨੀ। ਖੱਦਰ ਦੇ ਬਾਦ-ਮੁਰਾਦੇ ਕਪੜਿਆਂ ਵਿਚ ਉਹ ਕੋਈ, ਫਰਿਸ਼ਤਾ ਜਿਹਾ ਮਲੂਮ ਹੁੰਦਾ ਸੀ।

ਸਾਹਮਣੇ ਆਉਦਿਆਂ ਹੀ ਬਜ਼ੁਰਗ ਨੇ ਪਿਆਰ ਨਾਲ ਬਚਨ ਸਿੰਘ ਦਾ ਹੱਥ ਫੜ ਲਿਆ, ਤੇ ਬੜੇ ਆਦਰ ਨਾਲ ਉਸ ਨੂੰ ਦੂਸਰੇ ਆਦਮੀਆਂ ਵਿਚੋਂ ਨਿਖੇੜ ਕੇ ਇਕ ਪਾਸੇ ਲੈ ਗਿਆ।

“ਕਾਕਾ ਜੀ” ਉਹ ਇਕ ਘਾਹ ਦੇ ਕਿਤੇ ਤੇ ਬੈਠਦਾ ਹੋਇਆ। ਬੋਲਿਆ – “ਤੁਹਾਡੀ ਕਵਿਤਾ ਨੇ ਮੈਨੂੰ ਤੁਹਾਡੇ ਪਾਸ ਖਿੱਚ ਲਿਆਂਦਾ ਹੈ।” ਬਚਨ ਸਿੰਘ ਉਸ ਦੇ ਪਾਸ ਬੈਠਦਾ ਹੋਇਆ ਬੋਲਿਆ- ਬਾਬਾ ਜੀ, ਬੜੀ ਕ੍ਰਿਪਾ। ਮੈਂ ਤੁਹਾਡੀ ਖੇਚਲ ਲਈ ਗਲ ਟੇਕ ਕੇ ਬਿਰਧ ਬੋਲਿਆ – ਮੈਂ ਪੜ੍ਹਿਆ ਲਿਖਿਆ ਏਡਾ ਨਹੀਂ, ਏਸੇ ਕਰ ਕੇ ਤੁਹਾਥੋਂ ਤੁਹਾਡੀ ਕਵਿਤਾ ਦੇ ਅਰਥ ਪੁੱਛਣਾ ਚਾਹੁੰਦਾ ਹਾਂ।” ਤੇ ਬਿਰਧ ਨੇ ਹੱਥ ਵਿਚ ਫੜਿਆ ਹੋਇਆ ਇਕ ਛੋਟਾ ਜਿਹਾ ਕਾਗਜ਼ ਪੜ੍ਹਨਾ ਸ਼ੁਰੂ ਕੀਤਾ “ਤੇਰੇ ਚਰਨਾਂ ਦੀ ਸਹੁੰ ਐ ਹਿੰਦ ਮਾਤਾ, ਤੇਰੀ ਸੇਵਾ ਵਿਚ ਜ਼ਿੰਦਗੀ ਲਗਾ ਦਿਆਂਗਾ। ਫਿਰ ਕੇ ਦੇਸ਼ ਦੇ ਗਲੀ ਮੁਹੱਲਿਆਂ ਵਿਚ, ਮੈਂ ਕੁਰੀਤੀਆਂ ਸਭ ਮਿਟਾ ਦਿਆਂਗਾ।”

ਬਚਨ ਸਿੰਘ ਨੇ ਇਹ ਕਵਿਤਾ ਏਸੇ ਜਲਸੇ ਵਿਚ ਪੜ੍ਹੀ ਸੀ। ਉਹ ਚੇਖੀ ਲੰਮੀ ਸੀ, ਪਰ ਏਸ ਬਿਰਧ ਨੇ ਕੇਵਲ ਦੇ ਹੀ ਤੁਕਾਂ ਕਾਗਜ਼ ਤੇ ਦਰਜ ਕੀਤੀਆਂ ਹੋਈਆਂ ਸਨ। ਬਚਨ ਸਿੰਘ ਬੋਲਿਆ “ਬਾਬਾ ਜੀ, ਇਹਨਾਂ ਤੁਕਾਂ ਦਾ ਮਤਲਬ ਤੇ ਬੜਾ ਸੁਖਾਲਾ ਹੈ।”

ਬਿਰਧ ਨੇ ਬਚਨ ਸਿੰਘ ਵਲ ਪਿਆਰ ਤੇ ਉਦਾਰਤਾ ਨਾਲ ਤੱਕਦਿਆਂ ਹੋਇਆ ਕਿਹਾ – “ਨਹੀਂ ਕਾਕਾ ਜੀ ! ਸੁਖਾਲਾ ਨਹੀਂ ਬੜਾ ਔਖਾ ਹੈ, ਜ਼ਰਾ ਫੇਰ ਸੇਚੇ।”

ਬਚਨ ਸਿੰਘ ਸੋਚੀਂ ਪੈ ਗਿਆ।

ਬਾਬਾ ਫਿਰ ਬੋਲਿਆ – “ਕੀ ਤੁਸਾਂ ਇਸ ਦੇ ਅਰਥ ਸਮਝੇ ਨੇ। ਤੇਰੇ ਚਰਨਾਂ ਦੀ ਸਹੁੰ…।।

ਹੁਣ ਬਚਨ ਸਿੰਘ ਨੂੰ ਅਸਲੀਅਤ ਦੀ ਸਮਝ ਆਈ। ਉਸ ਤੋਂ ਇਕ ਵਾਰੀ ਫੇਰ ਬਾਬੇ ਵਲ ਤਕਿਆ ਪਰ ਐਤਕੀਂ ਬਚਨ ਸਿੰਘ ਦੀਆ ਅੱਖਾ ਬਾਬੇ ਦੀ ਤਾਬ ਨਾ ਝੱਲ ਸਕੀਆਂ ਤੇ ਨਿਉਂ ਗਈਆਂ। ਬਚਨ ਸਿੰਘ ਨਿਰੁੱਤਰ ਸੀ।

ਬਜ਼ੁਰਗ ਨੇ ਬਚਨ ਸਿੰਘ ਦਾ ਮੈਦਾ ਟੁੰਬਿਆ-‘ਨੌਜਵਾਨ । ਝੂਠੀ ਸਹੁੰ ਨਹੀਂ ਖਾਈਦੀ ਬੜਾ ਪਾਪ ਹੁੰਦਾ ਹੈ।”

ਬਚਨ ਸਿੰਘ ਦੀ ਨਜ਼ਰ ਧਰਤੀ ਤੇ ਜ਼ੱਰੇ ਗਿਣ ਰਹੀ ਸੀ।

ਕਾਕਾ । ਸੇਵਾ ਵਿਚ ਜ਼ਿੰਦਗੀ ਲਾਣ ਦਾ ਅਰਥ ਸਿਰਫ਼ ਲੋਕਾਂ ਤੋਂ ਵਾਹ ਵਾਹ ਲੈਣੀ ਹੀ ਨਹੀਂ।”

ਬਚਨ ਸਿੰਘ ਦਾ ਸਿਰ, ਉਸ ਬਜ਼ੁਰਗ ਦੇ ਚਰਨਾਂ ਤੇ ਨਿਉਂ ਗਿਆ।

“ਜੇ ਸਚ ਮੁਚ ਤੇਰੇ ਅੰਦਰ ਕੋਈ ਲਗਨ ਹੈ, ਤਾਂ ਝੂਠੀਆਂ ਫੜਾ ਮਾਰਨ ਨਾਲੋਂ ਕੁਝ ਕਰ ਕੇ ਦੱਸ। ਬਾਬੇ ਨੇ ਉਸ ਦੀ ਪਿੱਠ ਤੇ ਹੱਥ ਫੇਰਦਿਆਂ ਕਿਹਾ।

ਬਚਨ ਸਿੰਘ ਦੀਆਂ ਅੱਖਾਂ ਖੁੱਲ੍ਹ ਰਹੀਆਂ ਸਨ। ਸਚ ਮੁਚ ਇਹਨਾਂ ਤੁਕਾਂ ਦੇ ਅਰਥ ਬਹੁਤ ਔਖੇ ਹਨ। ਹੁਣ ਤਕ ਬਚਨ ਸਿੰਘ ਦਾ ਦ੍ਰਿਸ਼ਟੀਕੋਣ ਇਹ ਸੀ ਕਿ ਜੋਸ਼ੀਲੀਆਂ ਨਜ਼ਮਾਂ ਬੋਲ ਕੇ ਜਨਤਾ ਵਿਚ ਤੜਫਾਹਟ ਪਾ ਦੇਣੀ ਤੇ ਅਣ-ਮਿਤੀ ਸ਼ਲਾਘਾ ਲੈ ਕੇ ਖੁਸ਼ੀ ਨਾਲ ਫੁਲਣਾ ਹੀ ਸੇਵਾ ਉਪਕਾਰ ਜਾਂ ਹੋਰ ਸਭ ਕੁਝ ਹੈ, ਪਰ ਅੱਜ ਪਹਿਲੀ ਵੇਰਾਂ ਉਸ ਨੂੰ ਪਤਾ ਲਗਾ ਕਿ ਇਹ ਜੋ ਕੁਝ ਉਹ ਕਰ ਰਿਹਾ ਹੈ, ਨਿਰੀ ਬਨਾਵਟ- ਨਿਰਾ ਮੁਲੰਮਾ ਹੈ। ਇਸ ਜੀਵਨ ਤੋਂ ਵੱਖਰਾ ਤੇ ਉਚੇਰਾ ਕੋਈ ਹੋਰ ਜੀਵਨ-ਅਸਲੀ ਜੀਵਨ ਵੀ ਹੈ। ਇਸ ਦਾ ਉਸ ਨੂੰ ਅੱਜ ਤੋਂ ਪਹਿਲਾਂ ਕਦੇ ਅਨੁਭਵ ਨਹੀਂ ਸੀ ਹੋਇਆ।

ਉਪਰੋਕਤ ਸੰਖੇਪ ਜਿਹੀ ਗੱਲ ਬਾਤ ਕਰਨ ਤੋਂ ਬਾਅਦ ਉਹ ਬਿਰਧ ਉਥੋਂ ਚਲਾ ਗਿਆ, ਪਰ ਜਾਂਦਾ ਹੋਇਆ ਬਚਨ ਸਿੰਘ ਦੇ ਹਿਰਦੇ ਵਿਚ ਇਕ ਨਵੀਂ ਲਗਨ ਲਾ ਗਿਆ। ਬਚਨ ਸਿੰਘ ਦੇ ਪੁਛਣ ਤੇ ਉਹ ਆਪਣਾ ਟਿਕਾਣਾ ਵੀ ਦੱਸ ਗਿਆ ਸੀ। ਉਸ ਦਾ ਨਾਂ ਦੀਦਾਰ ਸਿੰਘ ਸੀ। ਅੱਜ ਕਲ੍ਹ ਉਹ ਕੁਝ ਦਿਨਾਂ ਲਈ ਅੰਮ੍ਰਿਤਸਰ ਟਿਕਿਆ ਹੋਇਆ ਸੀ।

ਬਚਨ ਸਿੰਘ ਦੇ ਜੀਵਨ ਵਿਚ ਏਸੇ ਦਿਨ ਤੋਂ ਪਲਟਾ ਆਉਣਾ ਸ਼ੁਰੂ ਹੋ ਗਿਆ। ਜਿੰਨੇ ਦਿਨ ਗਿਆਨੀ ਦੀਦਾਰ ਸਿੰਘ ਜੀ ਅੰਮ੍ਰਿਤਸਰ ਵਿਚ ਰਹੈ। ਉਹ ਰੋਜ਼ ਬੇਨਾਗਾ ਉਹਨਾਂ ਪਾਸ ਜਾਂਦਾ ਰਿਹਾ ਤੇ ਕੁਝ ਮਹੀਨਿਆ ਦੀ ਸੰਗਤ ਨੇ ਉਸ ਨੂੰ ਇਤਨਾ ਬਦਲ ਦਿੱਤਾ ਕਿ ਅਗਲੇ ਤੇ ਇਸ ਬਚਨ ਸਿੰਘ ਵਿਚ ਦਿਨ ਰਾਤ ਦਾ ਫ਼ਰਕ ਨਜ਼ਰੀ ਆਉਣ ਲੱਗ ਪਿਆ। ਕਵਿਤਾ ਉਹ ਹੁਣ ਵੀ ਲਿਖਦਾ ਸੀ, ਪਰ ਦੁਨੀਆ ਲਈ ਨਹੀਂ ਆਪਣੇ ਆਪ ਲਈ। ਉਸ ਦਿਨ ਵਾਲੀ ਗਿਆਨੀ ਦੀਦਾਰ ਸਿੰਘ ਹੋਰਾਂ ਦੇ ਮੂੰਹੋ ਦੁਹਰਾਈ ਹੋਈ ਸਤਰ ਕਦੇ ਵੀ ਉਸ ਨੂੰ ਭੁਲਦੀ ਨਹੀਂ ਸੀ- ਤੇਰੇ ਚਰਨਾਂ ਦੀ ਸਹੁੰ ਐ……।

10

ਐਤਕੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਬਚਨ ਸਿੰਘ ਦੀ ਸਲਾਹ ਘਰ ਜਾਣ ਦੀ ਨਹੀਂ ਸੀ। ਉਹ ਆਪਣੀ ਕਵਿਤਾ ਨੂੰ ਅਮਲੀ ਰੂਪ ਦੇਣ ਲਈ ਕੁਝ ਚਿਰ ਪਿੰਡਾਂ ਦਾ ਦੌਰਾ ਕਰਨਾ ਚਾਹੁੰਦਾ ਸੀ, ਪਰ ਪਿਉ ਦੀ ਬਿਮਾਰੀ ਦਾ ਖ਼ਤ ਪੜ੍ਹ ਕੇ ਉਹ ਰਹਿ ਨਾ ਸਕਿਆ ਤੇ ਛੁੱਟੀਆਂ ਹੁੰਦੀਆਂ ਹੀ ਘਰ ਆ ਗਿਆ।

ਜੀਵਾ ਸਿੰਘ ਨੇ ਜਦ ਮੁੰਡੇ ਦਾ ਰੰਗ ਢੰਗ ਵੇਖਿਆ, ਤਾਂ ਉਸ ਦੇ ਸੱਤੀ ਕਪੜੀ ਅੱਗ ਲੱਗ ਉਠੀ। ਕਿੱਥੇ ਉਹ ਸੂਟ-ਬੂਟ ਕਾਲਰ ਨਕਟਾਈਆਂ ਤੇ ਕਿਥੇ ਇਹ ਮੇਟੇ ਖੱਦਰ ਦਾ ਝੱਗਾ, ਪਜਾਮਾ ਤੇ ਪੈਰੀ ਬਾਰਾ ਆਨਿਆਂ ਦੀ ਜੁੱਤੀ।

ਰੋਗੀ ਜੀਵਾ ਸਿੰਘ ਬਥੇਰਾ ਖਪਿਆ ਖਿਤਿਆ ਪਰ ਕੀ ਕਰਦਾ।

ਇਕੋ ਪੁੱਤਰ ਸੀ, ਸਾਹਮਣੇ ਹੋ ਕੇ ਕੁਝ ਕਹਿਣ ਦਾ ਵੀ ਹੀਆ ਨਹੀਂ ਸੀ

ਪੈਦਾ, ਨਾ ਜਾਣੀਏ ਗੁੱਸੇ ਰਾਜ਼ੀ ਹੋ ਕੇ ਘਰੋਂ ਈ ਨਿਕਲ ਜਾਵੇ। ਅਖੀਰ ਵਿਚ ਇਹੋ ਮਤਾ ਪੱਕਿਆ ਕਿ ਬਚਨ ਸਿੰਘ ਨੂੰ ਪੜ੍ਹਾਣਾ ਛੁਡਾ ਕੇ ਘਰ ਦੇ ਕੰਮ ਧੰਦੇ ਹੀ ਲਾਇਆ ਜਾਵੇ। ਉਹ ਨਾ ਹੋਵੇ ਚ ਪੜ੍ਹਾਂਦੇ ਪੜ੍ਹਾਂਦੇ ਮੁੰਡੇ ਤੇ ਵੀ ਹੱਥ ਧੋ ਬਹੀਏ।

ਬਚਨ ਸਿੰਘ ਨੂੰ ਸੇਵਾ ਦੀ ਚੇਟਕ ਲਗ ਚੁਕੀ ਸੀ, ਪਰ ਮਾਂ ਪਿਉ। ਦਾ ਦੁਖ ਉਹ ਸਹਾਰ ਨਹੀਂ ਸੀ ਸਕਦਾ। ਮਨ ਮਾਰ ਕੇ ਘਰ ਦੇ ਕੰਮ ਧੰਦੇ ਵਿਚ ਲਗ ਪਿਆ।

ਇਕ ਦਿਨ ਉਹ ਪੈਲੀਆਂ ਦੀ ਦੇਖ ਭਾਲ ਲਈ ਜਾਂਦਾ ਹੋਇਆ। ਜਦ ਗੁਰਦਵਾਰੇ ਅੱਗੋਂ ਲੰਘਿਆ ਤਾਂ ਉਸ ਨੂੰ ਜੰਦਰਾ ਵੱਜਾ ਹੋਇਆ ਵੇਖ ਕੇ ਸੋਚਣ ਲਗਾ, ਸਿੱਖਾਂ ਦੇ ਏਡੇ ਵਡੇ ਪਿੰਡ ਵਿਚ ਗੁਰਦਵਾਰੇ ਦਾ ਇਹ ਹਾਲ ? ਉਸ ਨੇ ਲਾਗੇ ਖੜ੍ਹੇ ਇਕ ਮੁੰਡੇ ਤੋਂ ਪੁਛਿਆ-

“ਕਿਉਂ ਮੁੰਡਿਆ, ਇਸ ਗੁਰਦਵਾਰੇ ਵਿਚ ਗ੍ਰੰਥੀ ਕੋਈ ਨਹੀਂ। ਹੁੰਦਾ ?” ਮੁੰਡੇ ਨੇ ਉਂਗਲ ਨਾਲ ਉਤਾਂਹ ਸੈਨਤ ਕਰ ਕੇ ਕਿਹਾ-

“ਔਹ ਵੇਖਾਂ ਉਤਲੀ ਛੱਤੇ ਬਾਰੀ ਵਿਚ ਭਾਈ ਜੀ ਬੈਠਾ ਏ।”

ਬਚਨ ਸਿੰਘ ਹੋਰ ਵੀ ਹੈਰਾਨ ਹੋਇਆ। ਜਿਸ ਤਰ੍ਹਾਂ ਆਪਣੀ ਖੇਤੀ ਵਿਚ ਬਿਗਾਨੇ ਪਸ਼ੂ ਚਰਦੇ ਵੇਖ ਕੇ ਹੈਰਾਨ ਹੋਵੇ ਤੇ ਇਹ ਵੇਖ ਕੇ ਹੋਰ ਵੀ ਅਸਚਰਜ ਹੋਵੇ ਕਿ ਉਸ ਦਾ ਰਾਖਾ ਵੀ ਮਨ੍ਹੇ ਉਤੇ ਬੈਠਾ ਹੈ।

ਉਸ ਨੇ ਫੇਰ ਪੁੱਛਿਆ-

“”ਤੇ ਭਾਈ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਪਰ ਕਰਦੇ ਹੁੰਦੇ ਨੇ?”

ਗੱਲ ਮੁੰਡੇ ਦੀ ਸਮਝ ਵਿਚ ਨਾ ਆਈ। ਉਹ ਬੋਲਿਆ-

“ਕੀ ਪ੍ਰਸ਼ਾਦ ? ਕੜਾਹ ਪ੍ਰਸ਼ਾਦ ? ਉਹ ਤੇ ਗੁਰਪੁਰਬ ਵਾਲੇ ਦਿਨ ਹੁੰਦਾ ਏ।”

ਬਚਨ ਸਿੰਘ ਸਮਝ ਗਿਆ ਕਿ ਇਸ ਨੇ ਮੇਰੀ ਗੱਲ ਨਹੀਂ ਸਮਝੀ। ਉਸ ਨੇ ਭਾਈ ਜੀ ਨੂੰ ਇਕ ਦੇ ਆਵਾਜ਼ਾਂ ਦਿਤੀਆ। ਭਾਈ ਜੀ ਨੇ ਬਾਰੀ ਵਿਚੋਂ ਸਿਰ ਕੱਢਿਆ। ਹੇਠਾਂ ਸਰਦਾਰ ਜੀਵਾ ਸਿੰਘ ਦੇ ਲੜਕੇ ਨੂੰ ਖੜ੍ਹਾ ਵੇਖ ਕੇ ਉਹ ਵਾਹੋ ਦਾਹੀ ਹੇਠਾਂ ਆਏ। ਆਉਂਦਿਆਂ ਹੀ ਦੇ ਫੁੱਟ ਨਿਉਂ ਕੇ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਬੋਲੇ- ਆਈਏ ਸਰਦਾਰ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੜੀ ਆਣ ਕਰ ਕਰ ਕੇ ਕ੍ਰਿਪਾ ਕੀਤੀ ਜੇ । ਗ਼ਰੀਬ ਦੀ ਕੁਟੀਆ ਨੂੰ ਚਰਨ ਪਾ ਕੇ ਪਵਿੱਤਰ ਕੀਤਾ ਜੇ। ਆਓ ਆਣ ਕਰ ਕਰ ਕੇ ਉੱਪਰ ਦਰਸ਼ਨ ਦਿਓ।”

ਬਚਨ ਸਿੰਘ ਉਸ ਨਾਲ ਗੱਲ ਕਰਨ ਦਾ ਮੌਕਾ ਢੂੰਡਦਾ ਸੀ। ਪਰ ਗੁਰਦਵਾਰੇ ਨੂੰ ‘ਗਰੀਬ ਦਾ ਘਰ’ ਤੇ ‘ਚਰਨ ਪਾਓ’ ਕਹਿੰਦਿਆਂ ਸੁਣ ਕੇ ਉਸ ਦਾ ਦਿਲ ਮੁੜ ਜਾਣ ਨੂੰ ਕੀਤਾ। ਫੇਰ ਕੁਝ ਸੋਚ ਕੇ ਉਹ ਭਾਈ ਜੀ ਦੇ ਨਾਲ ਉਪਰ ਚਲਾ ਗਿਆ।

ਭਾਈ ਜੀ ਦਾ ਕੱਦ ਸਵਾ ਛੇ ਫੁਟ ਦੇ ਲਗ ਪਗ ਸੀ। ਮਾਲੂਮ ਹੁੰਦਾ ਸੀ, ਉਹਨਾਂ ਦੀ ਖਾਧੀ ਹੋਈ, ਖੁਰਾਕ, ਮਾਸ ਵਧਾਣ ਦੇ ਥਾਂ ਹੱਡੀਆਂ ਦਾ ਪਿੰਜਰ ਹੀ ਵਧਾ ਫੁਲਾ ਰਹੀ ਹੈ। ਗਲ਼ਾਂ ਵਿਚ ਇਤਨੇ ਡੂੰਘੇ ਟੋਏ ਸਨ ਕਿ ਛੋਟੀ ਮੋਟੀ ਗੇਂਦ ਉੱਪਰ ਰੱਖ ਦਈਏ ਤਾਂ ਦਿੱਸੇ ਹੀ ਨਾ। ਦਿਡ ਨੂੰ ਜਰਾ ਕੁ ਦਬਾਇਆ ਜਾਵੇ ਤਾਂ ਰੀੜ੍ਹ ਦੀ ਹੱਡੀ ਨੂੰ ਜਾ ਰੜਕਦਾ ਸੀ। ਥਲਵਾਂ ਜਬਾੜਾ ਤਾਂ ਸ਼ਰਧਾਲੂ-ਹੀਣ ਗੁਰਦਵਾਰੇ ਵਾਂਗ ਉਕਾ ਹੀ ਦੰਦਾਂ ਤੋਂ ਸੱਖਣਾ ਸੀ, ਤੇ ਉਪਰ ਦੇ ਵੀ ਕੁਲ ਚਾਰ ਹੀ ਦੰਦ ਸਨ, ਸੋ ਉਹ ਵੀ ਬਾਹਰ ਨਿਕਲੇ ਹੋਏ। ਲੱਤਾਂ ਦੀਆਂ ਨਲੀਆਂ ਵੇਖ ਕੇ ਆਦਮੀ ਨੂੰ ਖ਼ਿਆਲ ਪੈਦਾ। ਹੁੰਦਾ ਸੀ ਕਿ ਧਰਤੀ ਤਾਂ ਧੌਲੇ ਬਲਦ ਦੇ ਸਿੰਗਾਂ ਤੇ ਖੜ੍ਹੀ ਹੈ, ਪਰ ਆਪ ਦਾ ਏਡਾ ਲੰਮਾ ਉੱਚਾ ਸਰੀਰ ਕਿਹੜੀ ਚੀਜ਼ ਦੇ ਆਸਰੇ ਖੜ੍ਹਾ ਹੈ। ਧੁੰਨੀ ਢਿੱਡ ਵਿਚੋਂ ਅੰਗੂਠੇ ਜਿੰਨੀ ਬਾਹਰ ਨਿਕਲੀ ਹੋਈ ਤੇ ਢਿੱਡ ਉਤਲਾ ਮਾਸ ਵੇਖ ਕੇ ਇਹ ਮਲੂਮ ਹੁੰਦਾ ਸੀ, ਮਾਨੋ ਪਰਾਤ ਉਤੇ ਖਾਕੀ ਕਪੜਾ ਮੜ੍ਹਿਆ ਹੋਇਆ ਹੈ। ਆਪ ਦੇ ਕੰਨ ਉਪਰੋ ਹੇਠ ਨੂੰ ਢਿਲਕੇ ਹੋਏ ਸਨ ਉਹਨਾਂ ਵਿਚ ਪਈਆ ਹੋਈਆ ਨੰਤੀਆਂ ਨੇ ਕੰਨਾਂ ਦੇ ਛੇਕ ਪਾੜ ਕੇ ਇਤਨੇ ਮੋਕਲੇ ਕਰ ਦਿਤੇ ਸਨ ਕਿ ਉਹਨਾਂ ਵਿਚੋਂ ਗਾਜਰ ਲੰਘ ਸਕਦੀ ਸੀ। ਪੈਰਾਂ ਦੀ ਲੰਬਾਈ ਵੇਖ ਕੇ ਇਹੋ ਕਿਆਸ ਹੁੰਦਾ ਸੀ ਕਿ ਰੱਬ ਨੂੰ ਵੀ ਬਾਣੀਏ ਵਾਂਗ ਦੂਣੇ-ਦੂਣ ਦਾ ਭੁਲੇਖਾ ਲਗ ਗਿਆ ਹੈ। ਕੁਦਰਤ ਨੇ ਭਾਈ ਜੀ ਦੀ ਸਰੀਰਕ ਰਚਨਾ ਰਚਣ ਦਾ ਕੰਮ ਸ਼ਾਇਦ ਦਿਹਾੜੀਦਾਰ ਦੀ ਥਾਂ ਠੇਕੇਦਾਰ ਪਾਸੋਂ ਲਿਆ ਹੈ।

ਮੰਜੇ ਉਪਰਲਾ ਸਰ੍ਹਾਣਾ-ਜੋ ਸਿਰ ਦੀ ਥਿੰਧਿਆਈ ਨਾਲ ਹਲਵਾਈ ਦਾ ਤੱਪੜ ਬਣਿਆ ਹੋਇਆ ਸੀ, ਛੇਤੀ ਨਾਲ ਮੰਜੇ ਦੇ ਹੇਠਾਂ ਸੁੱਟ ਕੇ ਤੇ ਦਰੀ ਨੂੰ ਦੂਹਰੀ ਕਰਕੇ ਪਾਟਾ ਹੋਇਆ ਪਾਸਾ ਲੁਕਾ ਕੇ-ਭਾਈ ਜੀ ਉਤਲੇ ਬੁਲ੍ਹ ਨੂੰ ਰੱਤਾ ਅਗਾਂਹ ਵਧਾ ਕੇ ਦੰਦਾਂ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਹੋਏ।

ਬੋਲੇ- ਬੈਠੇ ਸਰਦਾਰ ਜੀ ਆਣ ਕਰ ਕਰ ਕੇ ਇਹ ਆਪ ਦਾ ਹੀ ਘਰ ਏ। ਤੁਸੀਂ ਤੇ ਆਣ ਕਰ ਕਰ ਕੇ ਕਦੇ ਦਰਸ਼ਨ ਹੀ ਨਹੀਂ ਦੇਂਦੇ। ਅੱਜ ਤੋਂ ਕੀੜੀ ਦੇ ਘਰ ਭਗਵਾਨ ਆ ਗਿਆ ਆਣ ਕਰ ਕਰ ਕੇ।

“ਆਪ ਦੀ ਕਿਰਪਾ” ਕਹਿ ਕੇ, ਤੇ ਫਿਰ ਕਮਰੇ ਦੀਆਂ ਚੀਜ਼ਾ ਵਲ ਨਿਗਾਹ ਮਾਰ ਕੇ ਬਚਨ ਸਿੰਘ ਬੋਲਿਆ-“ਮਹਾਰਾਜ ਦਾ ਪ੍ਰਕਾਸ਼ ਕਿਥੇ ਹੁੰਦਾ ਏ ?”

“ਮਾਰਾ ਸਰਦਾਰ ਜੀ ਕੀ ਦੱਸੀਏ ਆਣ ਕਰ ਕਰ ਕੇ। ਇਥੇ ਤੇ ਕੋਈ ਗੁਰਦਵਾਰੇ ਈ ਨਹੀਂ ਵੜਦਾ (ਫਿਰ ਕੁਝ ਸੋਚ ਕੇ) ਪ੍ਰਕਾਸ਼ ਤਾਂ ਥੱਲੇ ਈ ਕਰੀਦਾ ਏ, ਪਰ ਜ਼ਰਾ ਆਣ ਕਰ ਕਰ ਕੇ ਸਰੀਰ ਤਗੜਾ ਨਹੀਂ ਸੀ।

ਇਸ ਲਈ ਨਹੀਂ ਕੀਤਾ।

ਬਚਨ ਸਿੰਘ ਕੋਈ ਨਿਆਣਾ ਬਾਲ ਨਹੀਂ ਸੀ। ਭਾਈ ਜੀ ਦੀ ਚਾਪਲੋਸੀ ਨੂੰ ਉਹ ਇਕ ਦੋਂਹ ਗੱਲਾਂ ਤੋਂ ਹੀ ਸਮਝ ਗਿਆ। ਪਰ ਉਸ ਨੇ ਭਾਈ ਜੀ ਦੀ ਸਚਿਆਈ ਪਰਖਣ ਲਈ ਕਿਹਾ-“ਚਲੋ ਖਾਂ ਜ਼ਰਾ ਖੇਚਲ ਕਰਕੇ ਬੂਹਾ ਖੋਲ੍ਹ ਕੇ ਮਹਾਰਾਜ ਦਾ ਪ੍ਰਕਾਸ਼ ਕਰ ਦਿਓ। ਜਦ ਦਾ ਪਿੰਡ ‘ਆਇਆ ਵਾ ਪਾਠ ਕਰਨ ਦਾ ਮੌਕਾ ਈ ਨਹੀਂ ਮਿਲਿਆ।”

ਭਾਈ ਹੋਰਾਂ ਦਾ ਵਾਰ ਖਾਲੀ ਹੀ ਗਿਆ ਤੇ ਉਹਨਾਂ ਨੂੰ ਹਾਰ ਕੇ ਹੇਠਾਂ ਉਤਰਨਾ ਪਿਆ। ਪੰਜ-ਸੱਤ ਮਿੰਟਾਂ ਦੀ ਕੋਸ਼ਿਸ਼ ਨਾਲ ਕੁੰਜੀ ਲੱਭ ਪਈ ਪਰ ਜਦ ਆ ਕੇ ਜੰਦਰੇ ਨੂੰ ਲਾਈ ਤਾਂ ਉਹ ਖੁਲ੍ਹਣ ਦਾ ਨਾਂ ਹੀ ਨਾ ਲਵੇ। ਬਚਨ ਸਿੰਘ ਜ਼ਰਾ ਛਿੱਥਾ ਹੋ ਕੇ ਬੋਲਿਆ-“ਕੁੰਜੀ ਤਾਂ ਨਹੀਂ ਵਟ ਗਈ ?”

ਭਾਈ ਜੀ ਤੋਲ ਖਾਂਦੇ ਹੋਏ ਉਪਰ ਜਾਣ ਲਗੇ-“ਰਤਾ ਠਹਿਰੇ। ਮਤਾ ਬਦਲ ਗਈ ਹੋਵੇ” ਤੇ ਛੇਤੀ ਨਾਲ ਜਾ ਕੇ ਤੇਲ ਦੇ ਦੀਵੇ ਵਿਚੋਂ ਕੁੰਜੀ ਲਬੇੜ ਲਿਆਏ। ਜਿਉਂ ਹੀ ਜੰਦਰਾ ਖੁਲ੍ਹਾ ਭਾਈ ਜੀ ਬੋਲ ਉਠੇ- ”ਮੈਂ ਆਖਾ ਲੋਹੜਾ ਕੀ ਆ ਗਿਆ ਆਣ ਕਰ ਕਰਕੇ। ਕੁੰਜੀ ਪਈ ਸੀ ਦੂਸਰੀ ਅਲਮਾਰੀ ਵਿਚ ਤੇ ਮੈਂ ਚੁੱਕ ਲਿਆਦੀ ਚੁਬਾਰੇ ਦੀ।”

ਅੰਦਰ ਜਾ ਕੇ ਦੋਹਾਂ ਜੋ ਹਾਲਤ ਦੇਖੀ, ਇਸ ਬਾਬਤ ਇਤਨਾ ਦਸਣਾ ਕਾਫ਼ੀ ਹੋਵੇਗਾ ਕਿ ਦੋਵੇਂ ਜਣੇ ਕੰਬਣ ਲਗ ਪਏ, ਬਚਨ ਸਿੰਘ ਗੁੱਸੇ ਨਾਲ ਤੇ ਭਾਈ ਜੀ ਸ਼ਰਮ ਨਾਲ।

ਇਸ ਤੋਂ ਬਾਅਦ ਬਚਨ ਸਿੰਘ ਭਾਈ ਜੀ ਨੂੰ ਕਈ ਤਰ੍ਹਾਂ ਦੀਆਂ ਚਿਤਾਵਨੀਆਂ ਤੇ ਕੁਝ ਕੁ ਤਾੜਨਾ ਕਰਕੇ ਪੈਲੀਆਂ ਵਲ ਚਲਾ ਗਿਆ।

11

“ਸੁਣਾਓ ਜੀ ਗ੍ਰੰਥੀ ਜੀ ! ਅਜ ਕਲ੍ਹ ਤਾਂ ਬੜੀਆਂ ਮੌਜਾਂ ਵਿਚ ਰਹਿੰਦੇ ਓ।”

ਪਾਲਾ ਸਿੰਘ ਨੇ ਬੜੇ ਪ੍ਰੇਮ ਨਾਲ ਫਤਹਿ ਗਜਾ ਕੇ ਉਪਰਲੇ ਵਾਕ ਭਾਈ ਹੋਰਾਂ ਨੂੰ ਕਹੇ, ਜਿਹੜੇ ਗੁਰਦਵਾਰੇ ਦੇ ਵਿਚ ਬਹੁਕਰ ਦੇ ਰਹੇ ਸਨ। ਬਹੁਕਰ ਨੁਕਰੇ ਖੜ੍ਹੀ ਕਰ ਕੇ ਘੱਟੇ ਵਾਲੇ ਹੱਥ ਝੱਗੇ ਨਾਲ ਪੂੰਝਦੇ ਹੋਏ ਬੋਲੇ-“ਆਓ ਜੀ, ਜੀ ਆਇਆਂ ਨੂੰ ! ਮਾਰਾ ਕੀ ਦੱਸੀਏ ਆਣ ਕਰ ਕਰ ਕੇ ਸਾਨੂੰ ਤੇ ਸਰਦਾਰ ਜੀਵਾ ਸੁੰਹ ਦੇ ਮੁੰਡੇ ਨੇ ਵਖਤ ਪਾ ਦਿੱਤਾ ਏ। ਆਣ ਕਰ ਕਰ ਕੇ ਜਿੱਦਨ ਦਾ ਆਇਆ ਏ ਸਾਡੀ ਰਤ ਮੁਤਰਾਈ ਹੋਈ ਸੂ। ਡਰਦੇ ਮਾਰੇ ਕੁਝ ਆਖ ਵੀ ਨਹੀਂ ਸਕਦੇ ਆਣ ਕਰ ਕਰ ਕੇ ਕੀ ਕਰੀਏ ਡਾਢਿਆਂ ਦਾ ਆਣ ਕਰ ਕਰ ਕੇ ਸੱਤੀਂ ਵੀਹੀਂ ਸੌ ਜਾ ਹੁੰਦਾ ਹੋਇਆ !”

ਪਾਲਾ ਸਿੰਘ ਸਾਰੇ ਪਿੰਡ ਵਿਚੋਂ ਚੁਣਿਆ ਹੋਇਆ ਬਦਮਾਸ਼ ਸੀ, ਤੇ ਇਸ ਦੀ ਟੋਲੀ ਇਸ ਨੂੰ ਪੀਰਾਂ ਵਾਂਗ ਪੂਜਦੀ ਸੀ। ਉਸ ਦੀ ਆਪਣੀ ਜੋ ਥੋੜ੍ਹੀ ਬਾਹਲੀ ਜ਼ਮੀਨ ਸੀ, ਉਹ ਮਾਂ ਪਿਉ ਦੇ ਮਰਦਿਆਂ ਹੀ ਉਸ ਨੇ ਪਾਂਧੇ ਪਾ ਛਡੀ ਹੋਈ ਸੀ ਤੇ ਹੈਸੀ ਛੜਾ ਛਾਂਟ। ਸਾਰਾ ਪਿੰਡ ਉਸ ਤੋਂ ਡਰਦਾ ਸੀ। ਜਦ ਕਦੇ ਕਿਸੇ ਨੇ ਲੜਾਈ ਝਗੜਾ ਕਰਨਾ ਹੁੰਦਾ ਜਾਂ ਹੋਰ ਕੋਈ ਅਜਿਹਾ ਕੰਮ ਆ ਪਵੇ ਤਾਂ ਪਾਲਾ ਸਿੰਘ ਇਸ ਸੇਵਾ ਲਈ ਪਾਰਟੀ ਸਣੇ, ਆਪਣੇ ਆਪ ਨੂੰ ਪੇਸ਼ ਕਰ ਦਿਆ ਕਰਦਾ ਸੀ।

ਉਸ ਵਿਚ ਵੰਡ ਖਾਣ ਦਾ ਗੁਣ ਵੀ ਕੋਈ ਘੱਟ ਇੱਜ਼ਤ ਕਰਾਣ ਵਾਲਾ ਨਹੀਂ ਸੀ। ਉਹ ਆਪਣੀ ਮੰਡਲੀ ਸਮੇਤ ਜਦ ਕਦੇ ਮਹੀਨੇ ਪੰਦਰੀ ਦਿਨੀਂ ਫੇਰਾ ਲੈਣ ਚੋਰੀ ਕਰਨ ਜਾਂਦਾ ਤਾਂ ਸਭ ਤੋਂ ਪਹਿਲਾਂ ਗੁਰਦਰ ਗਿਆ ਸੁਖਦਾ ਸੀ। ਇਹੋ ਕਾਰਨ ਹੈ ਕਿ ਭਾਈ ਜੀ ਉਸ ਉਤੇ ਬੜੇ ਨਿਹਨ ਸਨ। ਜਦ ਕਦੇ ਉਸ ਦਾ ਫੇਰਾ ਚੰਗਾ ਲਗ ਜਾਂਦਾ ਸੀ ਤਾਂ ਗੁਰਦਵਾਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚਾੜ੍ਹਦਾ ਸੀ। ਇਸ ਤੋਂ ਛੁਟ ਸੁੱਖੇ ਸਰਦਾਈਆਂ ਦਾ ਅਤੁੱਟ ਲੰਗਰ ਉਸ ਦੇ ਖਰਚ ਨਾਲ ਹੀ ਜਾਰੀ ਰਹਿੰਦਾ ਸੀ।

ਇਧਰ ਕੁਝ ਦਿਨਾਂ ਤੋਂ ਉਹ ਫੇਰਾ ਲਾਣ ਹੀ ਗਿਆ ਹੋਇਆ ਸੀ। ਤੇ ਅੱਜ ਬਹੁਤ ਦਿਨਾਂ ਪਿਛੋਂ ਚੰਗੇ ਹੱਥ ਰੰਗ ਕੇ ਪਿੰਡ ਆਇਆ ਸੀ।

ਜੀਵਾ ਸਿੰਘ ਨਾਲ ਇਸ ਦੀ ਕਾਫ਼ੀ ਚਿਰ ਤੋਂ ਲਗਦੀ ਸੀ। ਉਸ ਉੱਤੇ ਇਹ ਅੱਗੇ ਹੀ ਦੰਦੀਆਂ ਪੀਂਹਦਾ ਰਹਿੰਦਾ ਸੀ ਤੇ ਕਿਸੇ ਅਜਿਹੇ ਮੌਕੇ ਦੀ ਤਾੜ ਵਿਚ ਸੀ ਜਦ ਉਸ ਪਾਸੋਂ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਦੰਦੇ। ਜੀਵਾ ਸਿੰਘ ਇਕ ਤਾਂ ਉਸ ਦੀ ਈਨ ਨਹੀਂ ਸੀ ਮੰਨਦਾ, ਦੂਜੇ ਉਸ ਨੇ ਇਕ ਦੇ ਵਾਰੀ ਹਾਕਮਾਂ ਅੱਗੇ ਪਾਲਾ ਸਿੰਘ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ ਸੀ। ਇਸ ਕਰ ਕੇ ਉਸ ਨੂੰ ਜੀਵਾ ਸਿੰਘ ਪਾਸੋਂ ਸਦਾ ਹੀ ਖਤਰਾ ਰਹਿੰਦਾ ਸੀ। ਹੁਣ ਉਹ ਬਚਨ ਸਿੰਘ ਨਾਲ ਵੀ ਖਾਰ ਖਾਣ ਲਗ ਪਿਆ ਸੀ, ਕਿਉਂਕਿ ਬਚਨ ਸਿੰਘ ਉਸ ਦੇ ਰਸਤੇ ਵਿਚ ਭਾਰੀ ਰੁਕਾਵਟ ਸੀ

ਭਾਈ ਹੋਰਾਂ ਦੀ ਗੱਲ ਸੁਣ ਕੇ ਪਾਲਾ ਸਿੰਘ ਬੋਲਿਆ- ਉਸ ਛਕਰ ਦੀ ਕੀ ਮਜਾਲ ਜੇ ਤੁਹਾਨੂੰ ਅਲਫ਼ ਬੇ ਆਖ ਸਕੇ। ਓਨ ਤੁਹਾਨੂੰ ਕੀ ਬਿਪਤਾ ਪਾ ਦਿੱਤੀ ਹੈ ?”

ਮਾਰਾ, ਪੁੱਛੇ ਨਾ ਆਣ ਕਰ ਕਰਕੇ, ਨਵੇਂ ਪੜ੍ਹਾਕੂ ਜੁ ਜੰਮ ਪਏ। ਜੇ ਗੱਲ ਕਰਨਗੇ ਪੁਠੀ ਓ ਕਰਨਗੇ, ਕਹਿੰਦਾ ਸੀ ਰੋਜ਼ ਵਡੇ ਵੇਲੇ ਸਵੇਰੇ ਉਠ ਕੇ ਗੁਰੂ ਗ੍ਰੰਥ ਸਾਹਿਬ ਲਾਇਆ ਕਰ, ਦੋਵੇ ਵੇਲੇ ਬਹੁਕਰ ਦਿਆ ਕਰ ਤੇ ਨਾਲੇ ਸੰਧਿਆ ਨੂੰ ਰਹਰਾਸ ਦਾ ਪਾਠ ਕਰਿਆ ਕਰ ਆਣ ਕਰ ਕਰ ਮੱਥੇ ਤੇ ਤਿਉੜੀ ਪਾ ਕੇ ਪਾਲਾ ਸਿੰਘ ਬੋਲਿਆ-“ਹੇਖਾ । ਉਹਦੀ ਤੋਂ ਮੌਤ ਮਾਰੀ ਹੋਈ ਏ। ਇਥੇ ਵੀ ਕੋਈ ਅੰਬਰਸਰ ਸਮਝਿਆ ਹੋਣਾ ਬੂ ਕੌਣ ਪਿਆ ਅੰਦਾ ਏ ਭਲਾ ਰੋਜ਼-ਪੈਲੀਆ ਬੰਨੇ ਛਡ ਕੇ ਗੁਰਦਵਾਰੇ।

ਹੋਇਆ ਕਦੇ ਸੰਗਰਾਂਦ ਮੱਸਿਆ ਨੂੰ ਕੋਈ ਆ ਗਿਆ ਸਹੀ ਦੇ ਘੜੀਆਂ ਕਿਤੇ। ਤੇ ਤੁਸੀਂ ਵੀ ਭਾਈ ਜੀ ਫੇਰ ਗੁੱਸਾ ਕਰੇਗੇ, ਹੈਗੇ ਨਿਰੇ ਮਿੱਟੀ ਦੇ ਮਾਧੋ ਈ ਓ। ਭਲਾ ਤੁਸੀਂ ਕੋਈ ਜੀਵਾ ਸੁੰਹ ਤੋਂ ਤਲਬ ਲੈਂਦੇ ਓ ?”

ਆਪਣੇ ਪੱਖ ਵਿਚ ਇਹ ਤਕਰੀਰ ਸੁਣਕੇ ਭਾਈ ਸਾਹਿਬ ਹੌਸਲੇ ਨਾਲ ਬੋਲੇ- ਤੁਹਾਡੇ ਬੱਚੇ ਜਿਊਣ, ਲੱਖ ਰੁਪਈਏ ਦੀ ਗੱਲ ਕੀਤੀ ਜੇ ਆਣ ਕਰ ਕਰਕੇ। ਮਾਰਾ, ਮੁੰਡੇ ਦੀ ਅਗਲੀ ਉਮਰ ਜੂ ਹੋਈ ਆਣ ਕਰ ਕਰਕੇ, ਉਸ ਨੂੰ ਸਮਝਾਏ ਕਿਹੜਾ। ਅਸੀਂ ਲੋਕ ਜਣੇ ਖਣੇ ਦੀ ਰੰਨ ਹੋਏ। ਕੀ ਕਰੀਏ ਗੁਜ਼ਾਰਾ ਜੁ ਕਰਨਾ ਹੋਇਆ। ਗੱਲ ਪਰਤੀਏ ਤਾਂ ਕਹਿ ਦੇਣਗੇ ਟਕੇ ਦਾ ਗ੍ਰੰਥੀ ਹੋ ਕੇ ਅੱਗੋਂ ਬੋਲਦਾ ਏ ਆਣ ਕਰ ਕਰਕੇ। ਚੁਪ ਕਰ ਰਹੀਦਾ ਏ, ਆਖੀਦਾ ਏ ਜਿਹੜਾ ਝਟ ਲੰਘ ਜਾਏ ਓਹੀਓ ਚੰਗਾ ਏ ਆਣ ਕਰ ਕਰ ਕੇ। ਨਾਲੇ ਏਡੇ ਪੁਆੜੇ ਕਰੀਏ ਕਾਹਦੇ ਲਈ। ਇਥੇ ਤੇ ਕੋਈ ਕਿਸੇ ਨੂੰ ਸੜੀ ਰੋਟੀ ਦਾ ਸੱਕੜ ਲਾਹ ਕੇ ਨਹੀਂ ਦੇਂਦਾ ਆਣ ਕਰ ਕਰਕੇ। ਇਹ ਵੀ ਤੁਹਾਡੇ ਵਰਗੇ ਦਾਤਿਆਂ ਦੇ ਆਸਰੇ ਗੁਜ਼ਾਰਾ ਪਿਆ ਚਲਦਾ ਏ ਤੇ ਜਾਂ ਪਿੰਡ ਵਿਚ ਮਹੀਨੇ ਦਸੀਂ ਦਿਨੀਂ ਕੋਈ ਨਾ ਕੋਈ ਮਾਮਲਾ ਮੁਕੱਦਮਾ ਬਣ ਜਾਂਦਾ ਏ, ਜਿਸ ਕਰਕੇ ਪਾਠ ਰਖਾਣ ਵਾਲਿਆਂ ਤੋਂ ਚਾਰ ਪੈਸੇ ਮਿਲ ਜਾਂਦੇ ਨੇ, ਨਹੀਂ ਤੇ ਕੌਣ ਪਿਆ ਗੁਰਦਵਾਰੇ ਆਉਂਦਾ ਏ ਆਣ ਕਰ ਕਰਕੇ। ਜੀਹਦੇ ਲਈ ਰੋਜ਼ ਪ੍ਰਭਾਤ ਵੇਲੇ ਨੀਂਦਰ ਖਰਾਬ ਕਰੀਏ।”

“ਤਾਹੀਏਂ ਤੇ ਭਾਈ ਜੀ। ਜਣਾ ਖਣਾ ਤੁਹਾਡੇ ਉਤੇ ਕਾਠੀ ਪਾ ਲੈਂਦਾ ਏ ਨਾ, ਏਦਾਂ ਭਲਾ ਪੂਰੀ ਪੈਂਦੀ ਏ ਕਿਸੇ ਦੀ ? ਤੁਸੀਂ ਬੇਸ਼ਕ ਟਕੇ ਵਰਗਾ ਜਵਾਬ ਦੇ ਦਿਓ ਸ, ਆਪੇ ਵੇਖਾਂਗੇ ਤੁਹਾਡਾ ਕੀ ਕਰ ਲਵੇਗਾ। ਸਾਡੇ ਹੁੰਦਿਆਂ ਕੀਹਦੀ ਮਜਾਲ ਆ ਜੋ ਤੁਹਾਡੇ ਵਲ ਤੱਕ ਜਾਵੇ।”

ਪਾਲਾ ਸਿੰਘ ਦੀਆਂ ਗੱਲਾਂ ਸੁਣ ਕੇ ਭਾਈ ਹੁਰਾਂ ਦਾ ਸੁੱਤਾ ਹੋਇਆ ਬਲ ਜਾਗ ਪਿਆ। ਬੜੇ ਜੋਸ਼ ਨਾਲ ਬੋਲੇ-”ਨਹੀਂ ਸਰਦਾਰ ਜੀ, ਮੈਨੂੰ ਉਹਦੀ ਕੀ ਪਰਵਾਹ ਏ ਆਣ ਕਰ ਕਰਕੇ। ਮੈਂ ਤੇ ਸੋਚਦਾ ਸਾਂ ਪਈ ਕਲ੍ਹ ਕਲੇਤਰ ਨੂੰ ਤੁਸੀਂ ਵੀ ਉਹਦੀ ਗਲ ਵਿਚ ਆ ਕੇ ਮੈਨੂੰ ਈ ਬੁਰਾ ਨਾ ਬਣਾਉ। ਤੁਹਾਡਾ ਖਿਆਲ ਨਾ ਹੁੰਦਾ ਤਾਂ ਉਹਨੂੰ ਮੈਂ ਉਦੋਂ ਹੀ ਝਾੜ ਕੇ ਪੱਲੇ ਨਾ ਬੰਨ੍ਹਦਾ ਆਣ ਕਰ ਕਰਕੇ ? ਸਰਦਾਰ ਜੀ ! ਭਲਾ ਤੁਸੀਂਉਂ ਦੱਸੇ ਅਸੀਂ ਅਮਲੀ ਬੰਦੇ ਠਹਿਰੇ। ਫੀਮ ਨਾਲ ਨੀਂਦਰ ਜੁ ਵਧੇਰੇ ਆਉਂਦੀ ਹੋਈ ਆਣ ਕਰ ਕਰਕੇ। ਵੱਡੇ ਵੇਲੇ ਈ ਰਤਾ ਠੇਕਾ ਲਾਣ ਦਾ ਵੇਲਾ ਹੁੰਦਾ ਹੋਇਆ। ਤੇ ਹਾਂ ਸੱਚ, ਅਜੇ ਤੇ ਇਕ ਹੋਰ ਪੁਆੜਾ ਮੇਰੇ ਗਲ ਪਾਣ ਨੂੰ ਫਿਰਦਾ ਜੇ ਆਟ ਕਰ ਕਰ ਕੇ।”

“ਉਹ ਕੀ ?”

“ਕਹਿੰਦਾ ਏ, ਅਖੇ ਭਾਈ ਜੀ। ਤੁਸੀਂ ਸਾਰਾ ਦਿਨ ਵਿਹਲੇ ਜੂ ਮੰਜਾ ਤੋੜਦੇ ਰਹਿੰਦੇ ਓ ਆਣ ਕਰ ਕਰਕੇ ਹੋਰ ਨਹੀਂ ਤਾਂ ਪਿੰਡ ਦਿਆ ਮੁੰਡਿਆਂ ਕੁੜੀਆਂ ਨੂੰ ਹੀ ਪੜ੍ਹਾਇਆ ਕਰੋ।”

ਗੁੱਸੇ ਨਾਲ ਹੇਠ ਚੱਬਦਾ ਹੋਇਆ ਪਾਲਾ ਸਿੰਘ ਬੋਲਿਆ-”ਨਾ ਨਾ ਕੋਈ ਲੋੜ ਨਹੀਂ ਪੜ੍ਹਾਣ ਪੜ੍ਹਣ ਦੀ ਅਗੇ ਵੇਖਾਂ ਆਪ ਤਾਂ ਬਾਰਾਂ ਵਰ੍ਹੇ ਪੜ੍ਹ ਕੇ ਪੂਰੀਆਂ ਪਾ ਛੱਡੀਆਂ ਸੂ। ਚੰਗਾ ਭਲਾ ਮੁੰਡਾ ਹੁੰਦਾ ਸੀ। ਸੁਹਣਾ ਚੱਜ ਨਾਲ ਕੂੰਦਾ ਸੀ। ਜਿੱਦਨ ਦੇ ਚਾਰ ਵਿੰਗੇ ਅੱਖਰ ਪੜ੍ਹ ਲਏ ਸੂ। ਓਦਨ ਦੀ ਤੇ ਇਹਦੀ ਮਤ ਈ ਮਾਰੀ ਗਈ ਏ। ਤੇ ਵੇਖੇ ਨਾ ਜਿਹੜਾ ਸਾਂਗ ਬਣਾ ਕੇ ਆ ਵੜਿਆ ਏ। ਜੱਟਾਂ ਦਾ ਪੁੱਤਰ ਹੋ ਕੇ ਕੰਗਾਲਾ ਵਾਲਾ ਹੁਲੀਆ ਅਖੇ ਜੀ ਖਾਲਸਾ ਘਾਰ (ਖਾਲਸਾ ਕਾਲਜ) ਵਾਲੇ ਚੰਗਾ ਪੜ੍ਹਾਂਦੇ ਨੇ। ਹਾਂ ਤੇ ਫਿਰ ਤੁਸਾਂ ਕੀ ਕਿਹਾ ?”

‘ਕੁਝ ਨਹੀਂ, ਮੈਂ ਕੋਈ ਉਹਦੇ ਘਰ ਖਾਣ ਜਾ ਬਹਿਣਾ ਸੀ। ਆਣ ਕਰ ਕਰਕੇ ? ਕਹਿ ਦਿੱਤਾ-ਬਾਬਾ,ਮੈਥੋਂ ਨਹੀਉ ਸਾਰੀ ਦਿਹਾੜੀ ਮੁੰਡਿਆ ਕੁੜੀਆਂ ਨਾਲ ਸਿਰ ਖਪਾਈ ਹੁੰਦੀ ਆਣ ਕਰ ਕਰਕੇ। ਨਾਲੇ ਸਰਦਾਰ ਜੀ ! ਦੁਪਹਿਰਾਂ ਨੂੰ ਸੁੱਖੇ ਸਰਦਾਈ ਦਾ ਵੇਲਾ ਹੋਣਾ ਹੋਇਆ, ਤੇ ਫੇਰ ਬਾਹਰ ਜੰਗਲ ਪਾਣੀ ਵੀ ਜਾਣਾ ਹੋਇਆ। ਸਾਨੂੰ ਵਿਹਲ ਕਿੱਥੇ ਲਗਦੀ ਏ ਇਹੋ ਜਿਹੇ ਪੁਆੜੇ ਕਰਨ ਦੀ ਆਣ ਕਰ ਕਰਕੇ।”

ਸੁੱਖੇ ਦੀ ਗੱਲ ਤੇ ਜ਼ੋਰ ਦਿੰਦਾ ਹੋਇਆ ਪਾਲਾ ਸਿੰਘ ਬੋਲਿਆ- “ਤੁਸੀਂ ਤੇ ਹੁਣ ਕੱਲੇ ਈ ਗੱਫੇ ਲਾਉਂਦੇ ਹੋਵੇਗੇ। ਧਿਆਨ ਸੁੰਹ ਤੇ ਨਰੈਣ ਮੂੰਹ ਅੱਜ ਵੱਡੇ ਵੇਲੇ ਦੇ ਮੇਰੇ ਮਗਰ ਪਏ ਹੋਏ ਨੇ, ਅਖੇ ਭਾਈ ਹੋਰਾਂ ਦੀ ਬੈਠਕੇ ਚਲ ਕੇ ਚਰਨਾਮਤ ਲਈਏ।”

“ਗੱਫੇ ਮਾਰਾ ਕੀ ਲਾਈਏ ਆਣ ਕਰ ਕਰਕੇ। ਉਸੇ ਮੁੰਡੇ ਦੇ ਡਰ ਕਰਕੇ। ਰਗੜਾ ਨਹੀਂ ਲਾਈਦਾ। ਕਈ ਦਿਨਾਂ ਤੋਂ ਵਾਜੇ ਈ ਬੈਠੇ ਆ। “ਫਿਰ ਉਹੀ ਗੱਲਾਂ ਤੁਹਾਨੂੰ ਜੁ ਕਿਹਾ ਏ ਉਹਦੀ ਰਤਾ ਪ੍ਰਵਾਹ ਨਾ ਕਰਿਆ ਕਰੋ। ਮੈਂ ਆਪੇ ਉਸ ਨਾਲ ਸਿੱਝ ਲਵਾਂਗਾ। ਤੁਸੀਂ ਬਿਸ਼ੱਕ ਅੱਜ

ਲਾਓ ਖਾਂ ਰਗੜਾ, ਉਹਦੀ ਲਾਟੀਕੀਨੀ ਵੀ ਮੈਂ ਵੇਖ ਲੱਗਾ।” “ਚੰਗਾ ਜੀ, ਅੱਜ ਫਿਰ ਕੱਢਾਂਗੇ ਕਸਰਾਂ। ਆਉਗੇ ਨਾ ਤੁਸੀਂ ਵੀਂ ।”

“ਹਾਹੇ ਜੀ ਜ਼ਰੂਰ!”

“ਚੰਗਾ ਫਿਰ ਰਤਾ ਛੇਤੀ ਕਿਰਪਾ ਕਰਨੀ ਆਣ ਕਰ ਕਰਕੇ ਪਰਛਾਵੇਂ ਢਲਣ ਤੋਂ ਪਹਿਲਾਂ ਈ। ਤੇ ਨਾਲੇ ਸਾਥੀਆਂ ਨੂੰ ਵੀ ਲਿਆਉਗੇ। ਨਾ ਆਣ ਕਰ ਕਰਕੇ ?”

“ਆਹੇ ਜੀ, ਉਹ ਤੇ ਸਗੋਂ ਮੇਰੇ ਮਗਰੋਂ ਈ ਨਹੀਂ ਲੱਖਦੇ।” ”
ਇਹ ਤੇ ਮਾਰਾ ਆਣ ਕਰ ਕਰਕੇ ਬੜੀ ਖੁਸ਼ੀ ਦੀ ਗੱਲ ਏ।”

“ਹੱਛਾ ਵਾਰ ਜੀ ਕੀ ਫਤਹਿ” ਕਹਿ ਕੇ ਪਾਲਾ ਸਿੰਘ ਚਲਾ ਗਿਆ। ਭਾਈ ਹੋਰਾਂ ਦੀ ਬਹੁਕਰ ਉਥੇ ਹੀ ਰਖੀ ਰਹਿ ਗਈ ਤੇ ਆਪ ਰਗੜੇ ਦੀ ਤਿਆਰੀ ਲਈ ਹੁਣ ਤੋਂ ਹੀ ਜੁਟ ਗਏ। ਉਂਜ ਤਾਂ ਆਪ ਵੱਡੇ ਵੇਲੇ ਦੀ ਬਣਾਈ ਹੋਈ ਮਜੂਨ ਦੀਆਂ ਦੋ ਤਿੰਨ ਚੁਟਕੀਆਂ ਮਾਵੇ ਤੋਂ ਪਿਛੋਂ ਛਕ ਚੁਕੇ ਸਨ, ਅਮਲ ਵੀ ਚੰਗਾ ਹੋਇਆ ਸੀ, ਪਰ ਜਿਨ੍ਹਾਂ ਖਾਧਾ ਲਪ ਗੜੱਪੀ, ਉਹ ਕੀ ਜਾਣਨ ਉਂਗਲੀ ਚੱਟੀ, ਵਾਲਾ ਲੇਖਾ। ਸਤਸੰਗੀਆਂ ਵਿਚ ਬੈਠ ਕੇ ਗੋਡਿਆਂ ਉੱਤੇ ਕੂਹਣੀਆਂ ਧਰ ਕੇ ਗਟਾ-ਗਟ ਬਾਟਾ ਚਾੜ੍ਹਣ ਨਾਲ ਜੇ ਲਾਲੀਆਂ ਚੜ੍ਹਨੀਆਂ ਸਨ। ਉਹ ਇਹਨਾਂ ਚੁਟਕੀਆਂ ਨਾਲ ਕਿੱਥੇ ?

12

ਦੁਪਹਿਰਾਂ ਦੇ ਤਿੰਨ ਕੁ ਵਜੇ ਦਾ ਵੇਲਾ ਹੈ। ਗੁਰਦਵਾਰੇ ਦੀ ਉਪਰਲੀ ਬੈਠਕ ਵਿਚ ਭਾਈ ਹੋਰਾਂ ਦੀ ਮੰਡਲੀ ਆਣ ਕੰਠੀ ਹੋਈ ਹੈ। ਭਾਈ ਸਾਹਿਬ ਇਕ ਪਾਸੇ ਬੈਠੇ ਬੜੇ ਪ੍ਰੇਮ ਨਾਲ ਹੌਲੀ ਹੌਲੀ ਦੌਰੀ ਡੰਡਾ ਸਾਫ਼ ਕਰ ਰਹੇ ਸਨ। ਕਿਉਂਕਿ ਬਚਨ ਸਿੰਘ ਦੇ ਡਰ ਕਰਕੇ ਕਈਆਂ ਦਿਨਾਂ ਤੋਂ ਇਸ ਨੂੰ ਸਾਫ਼ ਕਰਨ ਦਾ ਮੌਕਾ ਨਹੀਂ ਸੀ ਮਿਲਿਆ।

ਪਾਲਾ ਸਿੰਘ ਚੱਦਰ ਦੇ ਪੱਲਿਉਂ ਵੱਟੀ ਕੁ ਗੁੜ ਖੋਲ੍ਹ ਕੇ ਇਕ ਪਾਸੇ ਰਖਦਾ ਹੋਇਆ ਬੋਲਿਆ-” ਭਾਈ ਜੀ, ਰਤਾ ਛੇਤੀ ਹੱਥ ਹਿਲਾਓ

ਪਰਨੇ, ਨਾਲ ਦੌਰੀ ਡੰਡਾ ਪੂੰਝ ਕੇ ਲਿਆਉਂਦੇ ਹੋਏ ਭਾਈ ਹੋਰੀ ਬੇਲੇ- ਲਓ ਮਾਰਾ, ਤੁਸੀਂ ਗੁੜ ਨੂੰ ਆਣ ਕਰਕੇ ਪਤੀਲੇ ਵਿਚ ਘੇਲੇ ਮੈਂ ਦੌੜ ਕੇ ਸਰਦਾਈ ਲੈ ਆਵਾਂ।”

ਮੰਡਲੀ ਵਿਚੋਂ ਇਕ ਗੱਭਰੂ ਉਠ ਕੇ ਗੁੜ ਘੋਲਣ ਲਗ ਪਿਆ। ਇਕ-ਹੋਰ ਸੁੱਖਾ ਧੋਣ ਲੱਗਾ। ਭਾਈ ਹੋਰੀਂ ਗਿੱਲੇ ਹੱਥ ਝੱਗੇ ਨਾਲ ਪੂੰਝਦੇ ਹੋਏ ਬਾਜ਼ਾਰ ਵਲ ਜਾਣ ਲਗੇ ਤਾਂ ਪਾਲਾ ਸਿੰਘ ਨੇ ਚੱਦਰ ਦੀ ਕੰਨੀਉਂ ਚੁਆਨੀ ਖੋਲ੍ਹਕੇ ਦੇਂਦਿਆਂ ਹੋਇਆ ਕਿਹਾ-‘ਰਤਾ ਕਹਿਣਾ ਸੂ ਪ੍ਰੇਮ ਦੀ ਬਣਾ ਕੇ ਦੇਵੇ| ਦੁਆਨੀ ਦੀ ਸਰਦਾਈ ਤੇ ਦੁਆਨੀ ਦੇ ਬਦਾਮ।”

ਗੁਪਾਲ ਸਿੰਘ ਇਕ ਮੈਲੀ ਜਿਹੀ ਪੋਟਲੀ ਖੋਲ੍ਹਦਾ ਹੋਇਆ ਬੋਲਿਆ- “ਭਾਈ ਜੀ, ਬਦਾਮ ਨਾ ਲਿਆਉਣੇ” ਤੇ ਉਸ ਨੇ ਹਛੇ ਤਿੰਨ ਕੁ ਪਾ ਬਦਾਮ ਕੰਨਿਉਂ ਖੋਲ੍ਹਕੇ ਢੇਰੀ ਕਰ ਦਿਤੇ।

ਪਾਲਾ ਸਿੰਘ ਨੇ ਕਿਹਾ-”ਚੰਗਾ ਫਿਰ ਚੁਆਨੀ ਦੀਓ ਲੈ ਆਉਣੀ।”
“ਸਤ ਬਚਨ” ਕਹਿ ਕੇ ਭਾਈ ਹੋਰੀਂ ਛੇਤੀ ਛੇਤੀ ਬਾਜ਼ਾਰ ਪੁੱਜੇ,

ਸੋਚਣ ਲਗੇ, ਜੱਟਾ ਦੀ ਤਾਂ ਅਕਲ ਮਾਰੀ ਹੋਈ ਏ। ਦੁਆਨੀ ਦੀ ਸਰਦਾਈ ਲਈ ਤੇ ਦੁਆਨੀ ਦੇ ਪੈਸੇ ਮੋੜ ਕੇ ਝੱਗੇ ਦੇ ਖੀਸੇ ਵਿਚ ਪਾ ਲਏ। ਡੇਰੇ ਆਏ ਤੇ ਅੱਗੇ ਫੌਜਾਂ ਦਬਾ ਦਬ ਬਦਾਮ ਭੰਨ ਰਹੀਆਂ ਸਨ। ਦੇਵਾ ਸਿੰਘ ਬੋਲਿਆ-“ਭਾਈ ਜੀ ! ਤੁਸੀਂ ਤੇ ਓਥੇ ਈ ਜਾ ਕੇ ਬੈਠ ਰਹੇ।

ਲਿਆਓ ਫੜਾਓ ਓਰਾਂ” ਤੇ ਉਸ ਨੇ ਭਾਈ ਹੁਰਾਂ ਵਲ ਹੱਥ ਵਧਾਇਆ। ਭਾਈ ਹੋਰੀਂ ਝਗੇ ਦੇ ਖੀਸੇ ਚੋਂ ਪੁੜੀ ਕੱਢ ਕੇ ਉਹਨੂੰ ਛੇਤੀ ਨਾਲ ਫੜਾਂਦੇ ਹੋਏ ਬੋਲੇ-“ਮਾਰਾ ਮੈਂ ਤੇ ਭੱਜਾ ਈ ਗਿਆ…।”

ਸਾਰੀ ਮੰਡਲੀ ਵਿਚ ਖਿੱਲੀ ਮਚ ਗਈ ਤੇ ਹੱਸ ਹੱਸ ਕੇ ਸਾਰੇ ਦੁਹਰੇ ਹੋਣ ਲਗੇ। ਭਾਈ ਹੋਰਾਂ ਨੂੰ ਸਵੇਰ ਦੀ ਭੰਗ ਦਾ ਅਮਲ ਸੀ ਜਾਂ ਪਤਾ ਨਹੀਂ ਕੀ ਸਰਦਾਈ ਵਾਲੀ ਪੁੜੀ ਉਹਨਾਂ ਦੇ ਖੀਸੇ ਵਿਚ ਹੀ ਖੁਲ੍ਹ ਗਈ ਤੇ ਖ਼ਾਲੀ ਪੁੜੀ ਕੱਢ ਕੇ ਉਹਨਾਂ ਨੇ ਦੇਵਾ ਸਿੰਘ ਦੇ ਹੱਥ ਫੜਾ ਦਿਤੀ। ਜਿਹੜੀ ਥੋੜ੍ਹੀ ਬਹੁਤੀ ਵਿਚ ਅੜ ਕੇ ਰਹਿ ਗਈ ਉਹ ਫੜਾਉਣ ਲਗਿਆ ਭੁੰਜੇ ਡੁਲ੍ਹ ਗਈ।

ਭਾਈ ਹੋਰੀਂ ਸ਼ਰਮਿੰਦੇ ਹੋ ਗਏ ਤੇ ਹੇਠਾਂ ਬੈਠਕੇ ਕੁੜਤੇ ਦੇ ਖੀਸੇ। ਵਿਚੋਂ ਸਰਦਾਈ ਕੱਢ ਕੇ ਦੌਰੀ ਵਿਚ ਪਾਂਦੇ ਹੋਏ ਬੋਲੇ-“ਉਹੋ! ਵੇਖੋ ਨਾ ਮਾਰਾ, ਇਹਨਾਂ ਬਣੀਆਂ ਦੇ ਮੁੰਡਿਆਂ ਉੱਲੂਆਂ ਨੂੰ ਤੇ ਆਣ ਕਰ ਕਰ ਕੇ। ਪੁੜੀ ਬੰਨ੍ਹਣ ਦਾ ਚੱਜ ਨਹੀਂ। ਮਾਂ ਮੁੱਢੋਂ ਆ ਕੇ ਹੱਟੀਆਂ ਤੇ ਬਹਿ ਜਾਂਦੇ ਨੇ, ਆਣ ਕਰ ਕਰ ਕੇ।”

ਸਾਰੀ ਮੰਡਲੀ ਘੇਰਾ ਪਾ ਕੇ ਬੈਠ ਗਈ ਤੇ ਵਾਰੇ ਵਾਰੀ ਦੌਰੀ ਡੰਡੇ ਦੀ ਕਸਰਤ ਸ਼ੁਰੂ ਹੋਈ। ਜਦ ਘੋਟਦਿਆਂ ਘੋਟਦਿਆਂ ਪੌਣਾ ਘੰਟਾ ਹੋ ਗਿਆ ਤੇ ਸੁੱਖਾ ਸੁਰਮੇ ਨਾਲੋਂ ਵੀ ਵਧ ਮਹੀਨ ਹੋ ਗਿਆ ਤਾਂ ਲੱਖਾ ਸਿੰਘ ਬੋਲਿਆ-“ਚਲੇ ਬਸ ਵੀ ਕਰੋ ਹੁਣ ਕਿ ਰਾਤ ਇਥੇ ਈ ਪਾਣੀ ਜੇ।”

ਭਾਈ ਹੋਰੀਂ ਪਾਸ ਈ ਬੈਠੇ ਗਲਾਸ ਸਾਫ਼ ਕਰ ਰਹੇ ਸਨ। ਇਕ ਕੌਲ ਨਾਲ ਰਤਾ ਕੁ ਥਿੰਦਾ ਲੱਗਾ ਹੋਇਆ ਸੀ, ਉਸ ਨੂੰ ਉਂਗਲ ਨਾਲ ਲਾਹ ਕੇ ਗੋਡਿਆਂ ਤੇ ਮਲਦੇ ਹੋਏ ਬੋਲੇ-‘ਅਜੇ ਨਹੀਂ ਮਾਰਾ, ਅਜੇ ਆਣ ਕਰ ਕਰ ਕੇ ਹੋਰ ਦੇ ਚਾਰ ਰਗੜੇ ਲਾਓ। ਮਹਾਤਮਾ ਜਨਾਂ ਦਾ ਕਥਨ ਹੈ-

“ਸੁਖਾ ਘੋਟਣ ਸੈਨ ਮੇਂ, ਜੇਤਾ ਕਰੋ ਬਿਲੰਬ, ਤੇਤਾ ਹੀ ਬਹੁ ਗੁਣ ਕਰੇ, ਕਹੇ ਸ਼ਿਵ ਸ਼ੰਭੂ ਆਪ।”

ਅੱਜ ਕਿਤੋਂ ਇਕ ਨਿਰਮਲਾ ਸਾਧੂ ਵੀ ਗੁਰਦੁਆਰੇ ਆਇਆ ਹੋਇਆ ਸੀ ਤੇ ਉਹ ਵੀ ਇਸ ਮੰਡਲੀ ਦੇ ਲਾਗੇ ਕਰ ਕੇ ਇਕ ਨੁਕਰੇ ਦੜਿਆ ਬੈਠਾ ਭਾਵਰਸਾਮ੍ਰਿਤ ਦਾ ਟੀਕਾ ਪੜ੍ਹ ਰਿਹਾ ਸੀ। ਭਾਈ ਹੋਰਾਂ ਦੀ ਕਵਿਤਾ ਸੁਣਕੇ ਉਸ ਦਾ ਧਿਆਨ ਪੋਥੀ ਦੇ ਅਰਥਾਂ ਵਿਚੋਂ ਉਖੜ ਗਿਆ ਤੇ ਝੱਟ ਬੋਲ ਉਠਿਆ- “ਭਾਈ ਸਾਹਿਬ ਜੀ, ਤੁਸੀਂ ਤਾਂ ਕਵੀ ਮਾਲੂਮ ਹੁੰਦੇ ਓ, ਪਰ ਤੁਕ ਨਾਲ ਤੁਕ ਨਹੀਂ ਮਿਲੀ।”

ਭਾਈ ਹੋਰੀਂ ਉਸ ਉਤੇ ਰੁਹਬ ਜਮਾਉਣ ਲਈ ਬੋਲੇ-”ਮਾਰਾ ਇਸ ਨੂੰ ਆਣ ਕਰ ਕਰ ਕੇ ਸਿਰਖੰਡੀ-ਛੰਦ ਕਹਿੰਦੇ ਨੇ। ਵੱਡੇ ਵੱਡੇ ਕਵੀ ਆਣ ਕਰ ਕਰਕੇ ਇਸੇ ਛੰਦ ਵਿਚ ਕਵਿਤਾ ਰਚਿਆ ਕਰਦੇ ਸਨ। ਵੇਖੋ ਨਾ ਇਕੋ ਕਵੀ ਜੀ ਨੇ ਉਚਾਰਿਆ ਹੈ

ਮੁਖ ਪਰ ਗੰਗ ਸੁਹਾਇ, ਵਿਸ਼ਵ ਨਾਥ ਕੈਲਾਸ਼ ਪਤ।

ਜੇਉ ਭਜੇ ਸੁਖ ਪਾਇ, ਮਨ ਚਿਤ ਸੇਤੀ ਧਿਆਨ ਧਰ। ਹੋਰ ਤਾਂ ਕਿਸੇ ਨੂੰ ਸਮਝ ਨਾ ਆਈ, ਪਰ ਨਿਰਮਲੇ ਸਾਧ ਹੋਰੀ

ਚੁਪ ਨਾ ਰਹਿ ਸਕੇ, ਉਹ ਹਸਦੇ ਹਸਦੇ ਬੋਲੇ- “ਭਾਈ ਸਾਹਿਬ ਜੀ ! ਇਸ ਨੂੰ ਤਾਂ ਸੋਰਠਾ ਕਹਿੰਦੇ ਨੇ, ਤੇ ਨਾਲੇ ਮਾਲੂਮ ਹੁੰਦਾ ਏ ਇਹ ਕਵਿਤਾ ਵੀ ਆਪ ਨੇ ਹੀ ਬੰਨ੍ਹੀ ਹੈ “ਮੁਖ ਪਰ ਗੰਗ ਸੁਹਾਇ” ਵਾਹ ! ਕਿਆ ਅਲੰਕਾਰ ਹੈ। ਗੰਗਾ ਸ਼ਿਵ ਜੀ ਦੇ ਮੂੰਹੋਂ ਨਿਕਲੀ ਸੀ ਕਿ ਸਿਰ ਵਿਚੋਂ ?”

ਭਾਈ ਹੋਰਾਂ ਨੂੰ ਝੋਕ ਵਿਚ ਇਸ ਗੱਲ ਦਾ ਚੇਤਾ ਹੀ ਭੁਲ ਗਿਆ ਸੀ ਕਿ ਇਹਨਾਂ ਮਿੱਟੀ ਦੇ ਮਾਧਵਾਂ ਵਿਚ ਕੋਈ ਖਰੜ ਗਿਆਨੀ ਵੀ ਬੈਠਾ ਹੈ। ਹੁਣ ਉਹਨਾਂ ਨੂੰ ਪਿੱਛਾ ਛੁਡਾਣ ਦਾ ਫਿਕਰ ਪਿਆ ਤੇ ਪੈਰ ਦੇ ਭੌਰੀ ਨੂੰ ਨਹੁੰ ਨਾਲ ਛਿਲਦੇ ਹੋਏ ਬੋਲੇ-“ਮਾਰਾ ਸੋਰਠਾ ਤੇ ਸਿਰਖੰਡੀ ਆਣ ਕਰ ਕਰਕੇ ਇਕੋ ਚੀਜ਼ ਹੈ। ਕਵੀ ਲੋਕਾਂ ਨੇ ਇਨ੍ਹਾਂ ਦੇ ਨਾਮ ਹੀ ਆਣ ਕਰ ਕਰਕੇ ਵਖੇ-ਵਖ ਰੱਖੇ ਹੋਏ ਨੇ।”

ਸਾਧ ਨੂੰ ਹੋਰ ਵੀ ਹਾਸਾ ਆ ਗਿਆ। ਉਹ ਬੋਲਿਆ-“ਠੀਕ ਏ ਗਿਆਨੀ ਜੀ, ਮੈਂ ਸਮਝ ਗਿਆ, ਕਿਉਂਕਿ ਦੋਹਾਂ ਦੀ ਰਾਸ ਜੁ ਇਕ ਹੋਈ। ਆਪ ਤਾਂ ਬੜੇ ਵਿਦਵਾਨ ਹੋ।”

ਆਪਣੇ ਭਾਈ ਜੀ ਦੀ ਇਸ ਜਿੱਤ ਤੇ ਸਾਰੇ ਤਾੜੀਆਂ ਵਜਾਣ ਲੱਗ ਪਏ। ਇਸ ਸੁਗਲ ਵਿਚ ਅੱਧਾ ਘੰਟਾ ਬੀਤ ਗਿਆ। ਪਿਆਰਾ ਸਿੰਘ ਉਂਗਲ ਨਾਲ ਕੂੰਡੇ ਦੇ ਪਾਸੀਂ ਲਗੇ ਸੁੱਖੇ ਨੂੰ ਕੱਠਾ ਕਰਦਾ ਹੋਇਆ ਬੋਲ ਉਠਿਆ- ਭਾਈ ਜੀ ! ਬਸ ਕਿ ਅਜੇ ਘੋਟੀ ਜਾਣਾ ਏਂ ?”

“ਬਸ ਮਾਰਾ ਬਸ” ਕਹਿ ਕੇ ਤੇ ਕਿੱਲੀ ਨਾਲੋਂ ਪਰਨਾ ਲਾਹ ਕੇ ਭਾਈ ਹੋਰੀਂ ਅਗਾਂਹ ਵਧ ਕੇ ਆ ਬੈਠੇ। ਬੈਠਣ ਲਗਿਆ ਆਪ ਦੇ ਗੋਡਿਆਂ ਦੀਆਂ ਹੱਡੀਆਂ ਵਿਚੋਂ ਇਸ ਤਰ੍ਹਾਂ ਕੜ ਕੜ ਦੀ ਆਵਾਜ਼ ਆਈ, ਜਿਵੇਂ ਕਿਸੇ ਨੇ ਭੂੰਡ ਪਟਾਕਾ ਚਲਾ ਦਿੱਤਾ ਹੋਵੇ। ਪਾਲਾ ਸਿੰਘ ਪੋਟਿਆਂ ਨਾਲ ਪਤੀਲੇ ਵਿਚੋਂ ਗੁੜ ਦੀਆਂ ਢੇਲੀਆਂ ਭਰਦਾ ਹੋਇਆ ਬੋਲਿਆ- ਨਾਲ ਡਾਈ ਜੀ ! ਸਚ ਇਕ ਗੱਲ ਦਾ ਹੋਰ ਵੀ ਖ਼ਿਆਲ ਰੱਖਿਓ, ਅੱਜ ਛਾਂਦਾ ਦੇ ਮੇਲ ਦਾ ਬਨਾਣਾ। ਇਕ ਪੱਕੇ ਫ਼ੌਜੀਆਂ ਲਈ ਤੇ ਇਕ ਰੰਗਰੂਟਾਂ ਲਈ। (ਇਕ ਪਾਸੇ ਹੱਥ ਨਾਲ ਤਕਾ ਕੇ) ਆਹ ਸਰਦਾਰ ਹੋਰੀਂ, ਗੰਡਾ ਸੁੰਹ ਦੇ ਪ੍ਰਾਹਣੇ (ਜਵਾਈ) ਜੇ। ਇਹ ਪਹਿਲਾਂ ਪਹਿਲ ਸਹੁਰੀਂ ਆਏ ਨੇ। ਕਿਤੇ ਉਹ ਨਾ ਹੋਵੇ, ਜੋ ਮੁੜ ਕੇ ਸਹੁਰੀਂ ਵੜਨਾ ਹੀ ਛੱਡ ਦੇਣ ਤੇ ਵਸਾਵਾ ਸੁੰਹ ਤੇ ਮਾਨ ਸੂੰਹ ਵੀ ਨਵੇਂ ਈ ਭਰਤੀ ਹੋਏ ਜੇ।”

“ਸਤਿ ਬਚਨ” ਕਹਿ ਕੇ ਭਾਈ ਹੋਰੀਂ ਆਪਣੇ ਕੰਮ ਵਿਚ ਰੁਝ ਗਏ ਤੇ ਥੋੜ੍ਹੇ ਚਿਰ ਵਿਚ ਹੀ ਸਾਰਾ ਕੰਮ ਟਿਚਨ ਹੋ ਗਿਆ। ਗੰਡਾ ਸਿੰਘ ਦਾ ਜਵਾਈ ਪ੍ਰਤਾਪ ਸਿੰਘ ਭਾਵੇਂ ਸ਼ਹਿਰੀਆ ਸੀ, ਪਰ ਪੜ੍ਹਿਆ ਲਿਖਿਆ ਗਿਟੇ ਗਿਟੇ ਹੀ ਸੀ। ਉਂਜ ਪਹਿਰਾਵੇ ਤੇ ਕਾਲਰ ਨਕਟਾਈਆਂ ਤੋਂ ਉਹ ਬੀ। ਏ।, ਐਮ ਏ। ਤੋਂ ਘੱਟ ਨਹੀਂ ਸੀ ਜਾਪਦਾ। ਉਸ ਵਿਚਾਰੇ ਨੇ ਅੱਜ ਤੋਂ ਪਹਿਲਾਂ ਸੁੱਖਾ ਕਦੇ ਘਟ ਵਧ ਹੀ ਛਕਿਆ ਸੀ। ਅੱਜ ਭੰਗੜਾਂ ਦੀ ਮੰਡਲੀ ਵਿਚ ਫਸ ਕੇ ਉਹ ਸੋਚ ਰਿਹਾ ਸੀ, ਰੱਬ ਖੈਰ ਹੀ ਕਰੇ।

ਸਾਰਿਆਂ ਨੂੰ ਵਰਤਾਂਦਿਆਂ ਜਦ ਪਰਤਾਪ ਸਿੰਘ ਨੇ ਵੇਖਿਆ ਕਿ ਹੁਣ ਉਸ ਦੇ ਛਾਂਦੇ ਦੀ ਵਾਰੀ ਹੈ ਤਾਂ ਉਸ ਪਿਛੇ ਬੈਠੇ ਨੇ ਹੀ ਭਾਈ ਹੋਰਾਂ ਦੀ ਪਿੱਠ ਨੂੰ ਉਂਗਲ ਨਾਲ ਟੁੰਬ ਕੇ ਹੌਲੀ ਜਿਹੀ ਕਿਹਾ- ”ਭਾਈ ਸਾਹਿਬ ਜੀ ! ਰਤਾ ਸਵਾਇਆ ਗੱਫ਼ਾ ਪਾਣਾ।”

ਭਾਈ ਹੋਰੀ ਖ਼ਾਲਸਈ ਬੋਲਿਆਂ, ਤੋਂ ਘੱਟ ਵੱਧ ਹੀ ਜਾਣੂ ਸਨ। ਉਨ੍ਹਾਂ ਨੇ ਬਿਨ੍ਹਾਂ ਪਿਛਾਂਹ ਤੱਕਿਆ ਹੀ ‘ਸਵਾਏ ਗੱਫੇ’ ਦਾ ਮਤਲਬ ਸਮਝਿਆ ‘ਰਤਾ ਵਧੇਰੇ’। ਭੰਗੜਾਂ ਨੂੰ ਅਸਲੋਂ ਹੀ ਇਸ ਗੱਲ ਦੀ ਚਿੜ ਹੁੰਦੀ ਹੈ। ਜਿਹੜਾ ਘੁਮੰਡ ਕਰੇ ਕਿ ਮੈਂ ਬਹੁਤੀ ਪੀ ਕੇ ਪਚਾ ਸਕਦਾ ਹਾਂ, ਉਹ ਖਾਰਬਾਜ਼ੀ ਨਾਲ ਉਸ ਨੂੰ ਇਤਨੀ ਗਾਹੜੀ ਦੇਂਦੇ ਹਨ ਕਿ ਜਿਸ ਨਾਲ ਉਸ ਦਾ ਘੁਮੰਡ ਚੰਗੀ ਤਰ੍ਹਾਂ ਟੁੱਟ ਜਾਵੇ।

ਭਾਈ ਹੋਰਾਂ ਵੀ ਪਰਤਾਪ ਸਿੰਘ ਨਾਲ ਉਹੋ ਹੱਥ ਕੀਤਾ। ਗੁਲਾਬੀ ਨੇ ਛੜ ਕੇ ਸਹੀ ਵਿਚੋਂ ਤੇ ਉਹ ਵੀ ਹੇਠੋਂ ਸੰਘਣੀ ਸੰਘਣੀ ਦਾ ਗਲਾਸ ਭਰ ਦਿਤਾ।

ਪਰਤਾਪ ਸਿੰਘ ਥੋੜ੍ਹੀ ਕਰੋ, ਥੋੜ੍ਹੀ ਕਰੋ” ਬਥੇਰਾ ਕਹੀ ਗਿਆ। ਪਰ ਭਾਈ ਜੀ ਨੇ ਬੜੀ ਮੁਸ਼ਕਲ ਨਾਲ ਘੁਟ ਕੇ ਊਣਾ ਕਰ ਕੇ ਗਲਾਸ ਉਹਨੂੰ ਫੜਾ ਦਿੱਤਾ। ਸੰਗਦਿਆਂ ਸੰਗਦਿਆਂ ਉਸਨੇ ਪੀ ਤਾਂ ਲਈ, ਪਰ ਫੇਰ ਵੀ ਚੌਥਾ ਕੁ ਹਿੱਸਾ ਛੱਡ ਦਿਤਾ।

ਜਦ ਸਭ ਨੂੰ ਚਰਨਾਮਿਤ ਮਿਲ ਗਿਆ ਤਾਂ ਰਹਿੰਦੀ ਖੂੰਹਦੀ ਦੇ ਕੁ ਛੰਨੇ ਭਾਈ ਹੋਰਾਂ ਆਪ ਸਮੇਟ ਲਈ।

ਇਸ ਤੋਂ ਬਾਅਦ ਥੋੜ੍ਹਾ ਚਿਰ ਏਧਰ ਉਧਰ ਦੀਆਂ ਗੱਪਾਂ ਸ਼ੁਰੂ ਹੋਈਆਂ। ਮੂੰਹ ਤੇ ਹੱਥ ਫੇਰਦਾ ਹੋਇਆ ਉਜਾਗਰ ਸਿੰਘ ਬੋਲਿਆ – “ਬਈ ਆ ਹਾ ਹਾ ! ਅੱਜ ਤੇ ਉਹ ਸੁਰਗਾਂ ਦੇ ਹੂਟੇ ਆਉਣ ਡਹੇ ਨੇ ਕਿ ਬਸ ਚੁੱਪ ਈ ਭਲੀ। ਸਭ ਪਾਸੀਂ ਗੁਲਜ਼ਾਰਾਂ ਦੀ ਪੱਕੀਆਂ ਹੋਈਆਂ ਨੇ।”

ਮੂੰਹ ਮੀਟ ਕੇ ਤੇ ਅੱਖਾਂ ਸੁਕੇੜ ਕੇ ਇੰਦਰ ਸਿੰਘ ਨੇ ਉੱਤਰ ਦਿਤਾ- ਕੀ ਕਿਹਾ ਈ ? ਗੁਲਜ਼ਾਰਾਂ ਪੱਕੀਆਂ ਹੋਈਆਂ ਨੇ ! ਤੂੰ ਵੀ ਤੇ ਬੱਚਾ, ਲੋਡੂਵਾਲ ਦੀਆਂ ਪਾਥੀਆਂ ਈ ਪੱਥਣ ਜੋਗਾ ਏ। ਗੁਲਜ਼ਾਰਾਂ ਖਿੜਦੀਆਂ ਹੁੰਦੀਆਂ ਨੇ ਕਿ ਪੱਕਦੀਆਂ ਹੁੰਦੀਆਂ ਨੇ ? ਪੱਕਦੀਆਂ ਤੇ ਵਤਰਸਾਖਾਂ

ਅੱਖਾਂ ਨੂੰ ਰਤਾ ਜ਼ੋਰ ਦੀ ਉਘੇੜ ਕੇ ਭਾਨ ਸਿੰਘ ਬੋਲਿਆ- ‘ਪਾਲਾ ਸਿਆ ਕੀ ਗੱਲ ਆ ਤੈਨੂੰ ਤੇ ਪੀਂਦਿਆਂ ਈ ਚੜ੍ਹਨ ਲਗ ਪਈ ਏ। ਤੂੰ ਤੇ ਪੁਰਾਣਾ ਪਾਪੀ ਸੀ। ਹੁਣੇ ਈ ਲਗ ਪਿਆ ਏ ਅੱਖਾਂ ਸੁਕੇੜਨ।”

ਪਾਲਾ ਸਿੰਘ ਮੂੰਹ ਵਿਚਲੇ ਥੁੱਕ ਨੂੰ ਰਤਾ ਔਖਿਆਈ ਨਾਲ ਅੰਦਰ ਲੰਘਾਂਦਾ ਹੋਇਆ ਬੋਲਿਆ- “ਕੀ ਕਿਹਾ ਈ ਚੜ੍ਹਨ ਲਗ ਪਈ ? (ਬੁਲ੍ਹਾ ਤੇ ਗੱਲ੍ਹਾ ਨੂੰ ਉਂਗਲਾਂ ਨਾਲ ਜ਼ੋਰ ਜ਼ੋਰ ਦੀ ਮਲਦਾ ਹੋਇਆ) ਮੈਨੂੰ ਤੇ ਭਾਨ ਸਿਆ ਕਦੇ ਚੜ੍ਹੀ ਈ ਨਹੀਂ। ਗੁਰੂ ਦੀ ਸਹੁੰ ਜੇ ਸਾਰੀ ਪੀ ਜਾਂਦਾ ਤਾਂ ਵੀ ਪਤਾ ਨਹੀਂ ਸੀ ਲੱਗਣਾ ਮੇਰਾ ਸੁਭਾ ਏ ਨਾ ਵਾਈ ਖੇਰਾ, ਇਸ ਕਰ ਕੇ ਨਹੀਂ ਚੜ੍ਹਦੀ। ਸ਼ਰਾਬ ਦਾ ਨਸ਼ਾ ਤੇ ਮੈਨੂੰ ਆਉਂਦਾ ਈ ਨਹੀਂ। ਭਾਵੇਂ ਕਨੱਸਤਰ ਭਰ ਕੇ ਪੀ ਜਾਵਾਂ।”

ਜ਼ਰਾ ਕੁ ਰੁਕ ਕੇ ਪਾਲਾ ਸਿੰਘ ਫੇਰ ਬੋਲਿਆ- “ਭਾਨ ਸਿਆ ? ਤੂੰ ਤੇ ਮੈਨੂੰ ਪਿਆ ਕਹਿੰਦਾ ਸੈਂ, ਪਰ ਅੱਖਾਂ ਤੇ ਤੂੰ ਆਪ ਈ ਮੀਟੀ ਜਾਨਾਂ ਏ ।”

ਤਬਕ ਕੇ ਭਾਨ ਸਿੰਘ ਕਹਿਣ ਲਗਾ “ਕੀ ਕਿਹਾ ਈ ? (ਫਿਰ ਡੰਗ ਚੜ੍ਹ ਰਹੀ ਦਾ ਅਨੁਭਵ ਕਰ ਕੇ) ਨਹੀਂ, ਮੈਨੂੰ ਤੇ ਪਤਾ ਵੀ ਨਹੀਂ।” “ਹੇਖਾਂ ਪਤਾ ਈ ਨਹੀਂ, ਅੱਖਾਂ ਨਹੀਂ ਦਸਦੀਆਂ ਪਈਆਂ ?”

“ਹੱਛਾ ਨਾ ਸਹੀ ਭਲਾ। ਤੈਨੂੰ ਜਕੀਨ ਵੀ ਆਵੇ। ਲੈ ਬਈ, ਐਉਂ ਕਰ, ਤੂੰ ਜੋ ਜੀ ਆਵੇ ਮੈਥੋਂ ਪੁੱਛ। ਜੇ ਮੈਂ ਠੀਕ ਠੀਕ ਜਵਾਬ ਨਾ ਦਿੱਤਾ। ਤਾਂ ਕਹੀਂ!”

“ਚੰਗਾ ਫੇਰ ਇਵੇਂ ਸਹੀ” ਕਹਿ ਕੇ ਤੇ ਸੋਚ ਕੇ ਪਾਲਾ ਸਿੰਘ ਨੇ ਕਿਹਾ- “ਹਛਾ ਦਸ ਖਾਂ ਭਲਾ, ਕਾਲਾ ਸੂੰਹ ਕਾਮੋਕਿਆਂ ਵਾਲੇ ਦੇ ਮੁਕੱਦਮੇ ਵਿਚ ਕਿਹੜਾ ਕਿਹੜਾ ਉਗਾਹ ਭੁਗਤਿਆ ਸੀ ?”

ਉੱਤਰ ਦੀ ਉਡੀਕ ਵਿਚ ਜਦ ਪਾਲਾ ਸਿੰਘ ਨੇ ਭਾਨ ਸਿੰਘ ਵਲ ਤੱਕਿਆ ਤਾਂ ਉਸਦੀਆਂ ਅੱਖਾਂ ਤਾੜੇ ਲਗੀਆਂ ਹੋਈਆਂ ਸਨ। ਉਹ ਆਪਣੀ ਜਿੱਤ ਤੇ ਖੁਸ਼ ਹੋ ਕੇ ਉਸ ਨੂੰ ਕੁਝ ਕਹਿਣ ਹੀ ਲੱਗਾ ਸੀ ਕਿ ਗੱਲ ਹੀ ਉਸ ਨੂੰ ਭੁੱਲ ਗਈ। ਜਦ ਭੁੱਲੀ ਹੋਈ ਗੱਲ ਦਾ ਚੇਤਾ ਕਰਨ ਲਈ ਉਹ ਹੋਰ ਧਿਆਨ ਨਾਲ ਸੋਚਣ ਲਗਾ, ਤਾਂ ਉਸ ਨੂੰ ਇਹ ਵੀ ਭੁੱਲ ਗਿਆ ਕਿ ਕਿਹੜੇ ਵਿਸ਼ੇ ਤੇ ਗੱਲ ਹੋ ਰਹੀ ਸੀ। ਹੋਰ ਜ਼ਰਾ ਸੋਚਣ ਨਾਲ ਉਸ ਨੂੰ ਇਹ ਵੀ ਖ਼ਿਆਲ ਨਾ ਰਿਹਾ ਕਿ ਉਹ ਕਿਸ ਨਾਲ ਗੱਲਾਂ ਕਰ ਰਿਹਾ ਸੀ। ਅਖੀਰ ਬੜੀ ਕੋਸ਼ਿਸ਼ ਤੋਂ ਬਾਅਦ ਉਸਨੂੰ ਗੱਲ ਚੇਤੇ ਆਈ। ਮਾਨੇ ਕੋਈ ਗੁਆਚੀ ਹੋਈ ਚੀਜ਼ ਲੱਭ ਪਈ। ਉਹ ਕਾਹਲੀ ਕਾਹਲੀ-ਮਤਾਂ ਫੇਰ ਨਾ ਭੁਲ ਜਾਵੇ- ਬੋਲਿਆ-“ਹਾਂ ਦਸ ਫੇਰ ਭਾਨ ਸਿਆਂ ! ਕਿਹੜਾ ਕਿਹੜਾ ਉਗਾਹ ਭੁਗਤਿਆ ਸੀ ?”

ਭਾਨ ਸਿੰਘ ਦੀ ਫਿਰ ਸਮਾਧੀ ਖੁੱਲ੍ਹੀ ਤੇ ਉਸ ਨੇ ਗੱਲ ਦਾ ਮਤਲਬ ਨਾ ਸਮਝ ਕੇ ਪੁਛਿਆ – “ਕੀ ਕਿਹਾ ਈ ?”

ਅੱਖਾਂ ਨੂੰ ਹੋਰ ਜ਼ੋਰ ਦੀ ਟੱਡਦੇ ਹੋਇਆ ਪਾਲਾ ਸਿੰਘ ਬੋਲਿਆ- ‘ਕੀ? ਮੈਂ ਤੇ ਕੁਝ ਨਹੀਂ ਕਿਹਾ (ਸੋਚ ਕੇ) ਹਾਂ ਸਚ ਮੈਂ ਕਿਹਾ ਸੀ ਲਾਖੇ ਢੱਗੇ ਨੂੰ ਨਾ ਜੋੜੀ, ਸਾਰੀ ਰਾਤ ਵਿਚਾਰਾ ਖੂਹ ਅੱਗੇ ਜੁਤਿਆ ਰਿਹਾ ਏ।”

ਭਾਨ ਸਿੰਘ ਬੁੱਲ੍ਹਾ ਤੇ ਜੀਭ ਫੇਰਦਾ ਹੋਇਆ ਬੋਲਿਆ – “ਓਇ ਛੱਡ ਨਾਂਹ ! ਤੂੰ ਤੇ ਕਹਿੰਦਾ ਸੈਂ। ।।ਤੂੰ ਤੇ ਕਹਿੰਦਾ ਸੈਂ (ਗੱਲ ਦਾ ਚੇਤਾ ਭੁਲਾ ਕੇ) ਆਹੇ ਮਿਲਿਆ ਸੀ, ਪਰ ਓਨ ਮੈਥੋਂ ਭਾੜੇ ਦੇ ਦੇ ਰੁਪਈਏ (ਰੁਕ ਕੇ) ਚਲੀ ਗਈ ਸੀ। (ਹੱਸਣ ਲਗ ਪਿਆ)।”

ਪਾਲਾ ਸਿੰਘ ਮੂੰਹ ਤੇ ਹੱਥ ਫੇਰਦਾ ਹੋਇਆ ਬੋਲਿਆ- “ਬਈ ਭਾਨ ਸਿਆਂ, ਅਜ। मी। ।ਅੱਜ ਤੇ ਹੱਦ ਹੋ ਗਈ। ਮੈਨੂੰ ਤੇ ਕਦੇ ਨਹੀਂ

ਗੱਲ ਕਰਦਿਆਂ ਕਰਦਿਆਂ ਹੀ ਉਸ ਦਾ ਕੁਝ ਖਾਣ ਨੂੰ ਜੀ ਕੀਤਾ। ਉਸਨੂੰ ਪਤਾ ਲਗਾ ਕਿ ਜਿਹੜਾ ਸੁੱਖੇ ਤੋਂ ਵਧਿਆ ਹੋਇਆ ਸੇਰ ਕੁ ਗੁੜ ਸਾਹਮਣੇ ਪਿਆ ਸੀ, ਉਹ ਸਾਰਾ ਹੀ ਖਾਧਾ ਗਿਆ ਹੈ। “ਭਾਈ ਜੀ, ਜਾਓ ਖਾ ਕੁਝ ਖਾਣ ਨੂੰ ਲਿਆਓ।”

ਭਾਈ ਜੀ ਝੂਟੇ ਲੈ ਰਹੇ ਸਨ। ਬਿਨਾਂ ਕੁਝ ਕਹੇ ਸੁਣੇ ਰੁਪਿਆ ਲੈ ਕੇ ਬਾਹਰ ਚਲੇ ਗਏ ਤੇ ਗਲੀ ਦਾ ਮੋੜ ਮੁੜਨ ਤੇ ਉਨਾਂ ਨੂੰ ਚੇਤਾ ਹੀ ਭੁਲ ਗਿਆ ਕਿ ਉਹ ਕਿਸ ਕੰਮ ਜਾ ਰਹੇ ਹਨ, ਪਰ ਝਟ ਹੀ ਗੱਲ ਦਾ ਚੇਤਾ ਆ ਗਿਆ। ਬੜੀ ਚੌਕਸੀ ਨਾਲ ਉਹ ਹਟਵਾਣੀਏਂ ਦੀ ਹੱਟੀ ਪਹੁੰਚੇ। ਉਥੋਂ ਧੇਲੀ ਦੀਆਂ ਰਿਉੜੀਆਂ ਤੁਲਾ ਕੇ ਉਹ ਦਿਮਾਗ਼ ਤੇ ਸਾਰਾ ਜ਼ੋਰ ਦੇਂਦੇ ਹੋਏ ਡੇਰੇ ਜਾ ਪੁੱਜੇ। ਅੱਗੇ ਰੰਗਰੂਟ ਫ਼ੌਜ ਸਾਰੀ ਲੰਮਲੇਟ ਹੋਈ ਸੀ, ਤੇ ਪੱਕੇ ਫ਼ੌਜੀਆਂ ਵਿਚੋਂ ਕੋਈ ਛੱਤ ਵਲ ਨੀਝ ਲਾਈ ਬੈਠਾ ਸੀ, ਤੇ ਕੋਈ ਹੱਸ ਰਿਹਾ ਹੈ ਤਾਂ ਉਥੇ ਹੀ ਬੁੱਤ ਬਣ ਗਿਆ ਹੈ, ਤੇ ਜੇ ਅਗਾਂਹ ਝੁਕ ਕੇ ਦੂਸਰੇ ਨੂੰ ਬੁਲਾਣ ਲਗਾ, ਤਾਂ ਉਥੇ ਦਾ ਉਥੇ ਹੀ ਰਹਿ ਗਿਆ।

ਸੁੱਤੇ ਤਾਂ ਸੁੱਤੇ ਹੀ ਰਹੇ, ਪਰ ਜਾਗਦਿਆਂ ਨੂੰ ਰਿਉੜੀਆਂ ਵੀ ਭੂਤਾਂ ਦੇ ਸੱਤੂ ਬਣ ਗਈਆਂ। ਪਾਲਾ ਸਿੰਘ ਨੇ ਇਕ ਹੋਰ ਰੁਪਿਆ ਕੱਢ ਕੇ ਭਾਈ ਹੋਰਾ ਨੂੰ ਦਿੱਤਾ। ਉਹ ਉਂਜ ਤਾਂ ਖੌਰੇ ਨਾਂਹ ਹੀ ਕਰ ਦੇਂਦੇ, ਪਰ ਇਕ ਤਾਂ ਧੇਲੀ ਖੱਟਣ ਦੇ ਮਾਰੇ ਤੇ ਦੂਜੇ ਪਹਿਲੀਆਂ ਰਿਉੜੀਆਂ ਵਿਚੋਂ ਇਕ ਦਾਣਾ ਵੀ ਨਾ ਮਿਲਣ ਕਰ ਕੇ ਤੁਰ ਹੀ ਪਏ।

ਇਸ ਵੇਲੇ ਉਹ ਬੜੀ ਚਿਤੰਨਤਾ ਨਾਲ ਇਸ ਗੱਲ ਦਾ ਚੇਤਾ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਜਿਸ ਕੰਮ ਲਈ ਜਾ ਰਹੇ ਨੇ, ਉਹ ਭੁਲ ਨਾ ਜਾਵੇ, ਤੇ ਰਾਹੋਂ ਕੁਰਾਹੇ ਵੀ ਨਾ ਪੈਣ। ਜੀਕਣ ਸੁਣਾਹੀ ਤੇ ਤਰ ਰਿਹਾ ਅਣਤਾਰੂ ਉਸ ਨੂੰ ਘੁੱਟ ਘੁੱਟ ਕੇ ਜੱਫੇ ਪਾਂਦਾ ਹੈ ਕਿ ਇਸ ਨੂੰ ਛੱਡਿਆ। ਨਹੀਂ ਤੇ ਡੁੱਬਾ ਨਹੀਂ।

ਮੋਢੇ ਦਾ ਪਰਨਾ ਉਹ ਪਤਾ ਨਹੀਂ ਕਿਥੇ ਰੱਖ ਬੈਠੇ ਸਨ। (ਇਹ ਚੇਤਾ ਹੀ ਭੁੱਲ ਗਿਆ ਕਿ ਓਸ ਵਿਚ ਤਾਂ ਰਿਉੜੀਆਂ ਬੰਨ੍ਹ ਕੇ ਲਿਆਂਦੀਆਂ। ਸਨ।) ਉਹਨੂੰ ਲੱਭਣ ਲਈ ਮੰਜੇ ਦੇ ਹੇਠ ਉਤੇ ਫੋਲਾ ਫਾਲੀ ਕਰਨ ਲਗੇ। ਜਦ ਚੋਖਾ ਚਿਰ ਬੀਤ ਗਿਆ ਤੇ ਭਾਈ ਹੋਰੀਂ ਰਿਉੜੀਆਂ ਲੈ ਕੇ ਨਾ ਆਏ, ਤਾਂ ਪਾਲਾ ਸਿੰਘ ਨੂੰ ਰਿਉੜੀਆਂ ਦਾ ਚੇਤਾ ਆਇਆ। ਉਹ ਉਠ ਕੇ ਉਹਨਾਂ ਦੇ ਮਗਰ ਗਿਆ, ਪਰ ਉਹ ਵੀ ਮੁੜ ਕੇ ਨਾ ਬਹੁੜਿਆ।

ਨਿਰਮਲੇ ਮਹਾਤਮਾ ਜੀ ਇਸ ਕੰਮ ਵਿਚ ਜ਼ਰਾ ਪੱਕੇ ਸਨ। ਘੰਟਾ ਕੁ ਪਿਛੋਂ ਜਾਂ ਉਨ੍ਹਾਂ ਦੀ ਖ਼ੁਮਾਰੀ ਕੁਝ ਹੌਲੀ ਹੋਈ, ਤਾਂ ਫਿਰ ਚੇਤਾ ਆਇਆ ਜੁ ਤਿੰਨ ਬੰਦੇ ਜਿਹੜੇ ਰਿਉੜੀਆਂ ਲੈਣ ਗਏ ਸਨ। ਉਹਨਾਂ ਵਿਚੋਂ ਕੋਈ ਨਹੀਂ ਬਹੁੜਿਆ। ਆਪ ਨੂੰ ਉਪਕਾਰ ਨੇ ਟਿਕਣ ਨਾ ਦਿੱਤਾ- ਭਾਵੇਂ ਇਸ ਉਪਕਾਰ ਦੀ ਨੀਂਹ ਰਿਉੜੀਆਂ ਦੇ ਤਿਲਾਂ ਤੇ ਹੀ ਉੱਸਰੀ ਹੋਈ ਸੀ, ਉੱਠ ਕੇ

ਉਨ੍ਹਾਂ ਨੂੰ ਲੱਭਣ ਤੁਰ ਪਏ। ਦੀਵਾ ਜਗਣ ਦਾ ਵੇਲਾ ਹੋ ਚੁਕਾ ਸੀ। ਬਾਜ਼ਾਰ ਪਹੁੰਚੇ। ਬਥੇਰੀ ਢੂੰਡ ਭਾਲ ਕੀਤੀ, ਪਰ ਤਿੰਨਾਂ ਵਿਚੋਂ ਕੋਈ ਨਾ ਲੱਭਾ। ਹਾਰ ਹੁੱਟ ਕੇ ਜਾ ਡੇਰੇ ਮੁੜੇ ਆ ਰਹੇ ਸਨ। ਤਾਂ ਰਸਤੇ ਵਿਚ ਇਕ ਥਾਂ ਖੂਹੀ ਦਾ ਪਾਣੀ ਕੱਠਾ ਹੋ ਕੇ ਗੰਦਾ ਚੱਲ੍ਹਾ ਬਣਿਆ ਹੋਇਆ ਸੀ। ਉਨ੍ਹਾਂ ਡਿੱਠਾ, ਪਾਲਾ ਸਿੰਘ ਉਸ ਵਿਚ ਮੂਧੇ ਮੂੰਹ ਪਿਆ ਸੀ। ਕਈ ਬੰਦੇ ਉਸ ਨੂੰ ਹਲੂਣ ਰਹੇ ਸਨ, ਪਰ ਉਹ ਇਹੋ ਹੀ ਕਹੀ ਜਾਂਦਾ ਸੀ-

“ਓਏ ਮੈਨੂੰ ਅੱਗ ਲਗ ਗਈ ਲੋਕੋ- ਮੇਰੇ ਕੱਪੜੇ ਸੜਦੇ ਜਾਂਦੇ ਜੇ। ਢਿੱਡ ਮੇਰੇ ਤੇ ਪਾਣੀ ਪਾ ਕੇ ਬੁਝਾ ਦਿੱਤੀ, ਪਰ ਪਿੱਠ ਅਜੇ ਬਲਦੀ ਪਈ ਜੇ। ਪਿੱਠ ਤੇ ਬਾਲਟੀ ਪਾਓ। ਹਾਇ ਓਇ ਮੈਂ ਮਰ ਗਿਆ !”

ਸੰਤਾਂ ਨੇ ਸਭ ਕੁਝ ਡਿੱਠਾ ਤੇ ਚੁਪ ਕੀਤੇ ਡੇਰੇ ਵਲ ਚਲੇ ਗਏ। ਪਰ ਭਾਈ ਹੋਰਾਂ ਦਾ ਕਿਤੇ ਪਤਾ ਨਾ ਲਗਾ। ਉਹ ਲੇਟਣ ਲਈ ਮੰਜੇ ਤੇ ਬੈਠੇ ਕਿ ਹੇਠੋਂ ਕੋਈ ਚੀਜ਼ ਉਨ੍ਹਾਂ ਦੇ ਪੈਰ ਨੂੰ ਸਲਕੀ। ਜਾਂ ਉਹਨਾਂ ਥੱਲੇ ਝਾਤੀ ਮਾਰੀ, ਤਾਂ ਭਾਈ ਹੋਰੀਂ ਗੁੱਛਾ-ਮੁੱਛਾ ਬਣੇ ਹੇਠਾਂ ਪਏ ਸਨ ਤੇ ਰੁਪਿਆ ਉਨ੍ਹਾਂ ਦੀ ਮੁਠ ਵਿਚ ਉਸੇ ਤਰ੍ਹਾਂ ਘੁਟਿਆ ਹੋਇਆ ਸੀ।

ਸੰਤਾਂ ਨੇ ਭਾਈ ਹੁਰਾਂ ਨੂੰ ਹਿਲਾ ਹੁਲਾ ਕੇ ਬਾਹਰ ਕੱਢਣ ਦਾ ਜਤਨ ਕੀਤਾ, ਪਰ ਉਹ ਸਗੋਂ ਸੁੰਗੜਦੇ ਜਾਂਦੇ ਸਨ ਤੇ ਕਹਿ ਰਹੇ ਸਨ। “ਫੜੋ ਫੜੋ ਬਚਨੇ ਨੂੰ ਆਣ ਕਰ ਕੇ। ਸਰਦਾਰ ਪਾਲਾ ਸਿੰਘ ਜੀ ! ਤੁਸੀ ਕਿਹਾ ਸੀ ਨਾ ਅਸੀਂ ਇਹਦੀ ਖ਼ਬਰ ਲਵਾਂਗੇ। (ਡਡਿਆ ਕੇ) ਛੇਤੀ ਕਰੋ। ਵੇਖੋ ਮੇਰਾ ਆਣ ਕਰ ਕਰ ਕੇ ਗਲਾ ਘੁੱਟੀ ਜਾਂਦਾ ਜੇ। ਇਹਨੇ ਮੈਨੂੰ (ਬੜੀ ਜ਼ੋਰ ਨਾਲ ਮੂੰਹ ਵਿਚਲਾ ਥੁੱਕ ਅੰਦਰ ਲੰਘਾ ਕੇ) ਮਾਰ ਸੁੱਟਣਾ ਜੇ। ਓਇ ਬਹੁੜੀਂ ਓਇ ਮੇਰੇ ਮੂੰਹ ਵਿਚ ਆਣ ਕਰ ਕਰ ਕੇ ਰੇਤ ਭਰੀ ਜਾਂਦਾ ਜੇ, ਓਇ ਮੇਰਾ ਮੂੰਹ ਸਕਦਾ ਜਾਂਦਾ ਜੇ, ਓਇ ਕੱਢੋ ਮੇਰੇ ਮੂੰਹ ਵਿਚੋਂ ਰੇਤ ਆਣ ਕਰ ਕਰਕੇ।”

ਇਧਰ ਸਭ ਬੇਹੋਸ਼ ਸਨ, ਭਾਈ ਹੋਰਾਂ ਦੀਆਂ ਵਾਵੇਲੀਆਂ ਵਲ ਧਿਆਨ ਦੇਣ ਦਾ ਕਿਸ ਨੂੰ ਖ਼ਿਆਲ ਸੀ !

ਸੰਤਾਂ ਨੂੰ ਫਿਰ ਖ਼ਿਆਲ ਆਇਆ ਕਿ ਉੱਤੋਂ ਰਾਤ ਆਈ ਹੈ ਤੇ ਇਨ੍ਹਾਂ ਲੋਥਾਂ ਦਾ ਕੀ ਬਣੇਗਾ। ਉਹਨਾਂ ਨੇ ਸਭਨਾਂ ਨੂੰ ਉਠਾ ਉਠਾ ਕੇ ਹਲੂਣਨਾ ਸ਼ੁਰੂ ਕੀਤਾ। ਹੋਰ ਤਾਂ ਸਾਰੇ ਉੱਠ ਕੇ ਡਿਗਦੇ ਢਹਿੰਦੇ ਚਲੇ ਗਏ ਪਰ ਪਰਤਾਪ ਸਿੰਘ ਹਜ਼ਾਰ ਯਤਨ ਕਰਨ ਤੇ ਵੀ ਨਾ ਉਠਿਆ। ਜਦ ਸੰਤਾਂ ਨੇ ਗੁਰੂ ਨਾਲ ਉਸ ਵਲ ਡਿੱਠਾ ਤਾਂ ਉਹ ਡਰ ਗਏ ਤੇ ਆਪਣਾ ਬਿਸਤਰਾ ਕਰਮੰਡਲ ਚੁੱਕ ਕੇ ਨੱਠਣ ਲਈ ਤਿਆਰ ਹੋ ਪਏ। ਪਰ ਇਹ ਸੋਚਕੇ ਕਿ ਇਸ ਹਾਲਤ ਵਿਚ ਜਾਣਾ ਤਾਂ ਮੁਸ਼ਕਲ ਹੈ, ਫਿਰ ਉਥੇ ਹੀ ਲੇਟ ਗਏ।

ਦੂਜੇ ਦਿਨ ਜਦ ਚੰਗਾ ਸੂਰਜ ਚੜ ਆਇਆ ਤਾਂ ਸੰਤ ਇਕ ਦੇ ਆਕੜਾ ਲੈ ਕੇ ਉਠ ਬੈਠੇ। ਉਹਨਾਂ ਚੌਹੀਂ ਪਾਸੀਂ ਵੇਖਿਆ, ਪਰ ਭਾਈ ਹੋਰੀ ਕਿਤੇ ਨਾ ਦਿਸੇ। ਇਸ ਵੇਲੇ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਸੀ। ਫਿਰ ਉਨ੍ਹਾਂ ਨੂੰ ਰਾਤ ਦੀ ਸਾਰੀ ਗੱਲ ਚੇਤੇ ਆਈ ਤੇ ਇਹ ਵੀ ਯਾਦ ਆ ਗਿਆ।

ਕਿ ਭਾਈ ਹੋਰਾਂ ਨੂੰ ਮੰਜੇ ਹੇਠਾਂ ਛੱਡ ਕੇ ਸੁਤੇ ਸਨ, ਪਰ ਹੁਣ ਉਹ ਕਿਤੇ ਨਹੀਂ ਸਨ ਦਿਸਦੇ। ਫ਼ਰਸ਼ ਤੇ ਜਿਹੜਾ ਇਕ ਗਭਰੂ ਮੂੰਹ ਪਰਨੇ ਪਿਆ ਸੀ – ਉਹ ਵੀ ਹੈ ਨਹੀਂ ਸੀ।

ਸੰਤਾਂ ਨੂੰ ਡਰ ਜਿਹਾ ਭਾਸਣ ਲੱਗਾ, ਤੇ ਉਨ੍ਹਾਂ ਉਥੋਂ ਤਿਲਕਣ ਦੀ ਕੀਤੀ। ਉਹ ਪਿੰਡੋਂ ਅਜੇ ਮਸੇ ਅੱਧ ਕੁ ਮੀਲ ਹੀ ਗਏ ਸਨ ਜੁ ਉਨ੍ਹਾਂ ਡਿੱਠਾ, ਬਚਨ ਸਿੰਘ ਭਾਈ ਹੁਰਾਂ ਨੂੰ ਪਿੱਠ ਤੇ ਲੱਦੀ ਤੁਰਿਆ ਆ ਰਿਹਾ ਹੈ। ਪਰ ਸੰਤਾਂ ਨੇ ਅੱਖ ਬਚਾ ਕੇ ਖਿਸਕਣ ਦੀ ਕੀਤੀ।

ਭੂਆ

ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ।ਏਸ ਗੱਲ ਨੂੰ ਤੀਹ ਪੈਂਤੀ ਵਰ੍ਹੇ ਹੋ ਗਏ ਹੋਣੇ ਨੇ। ਇਕ ਇਕ ਕਰ ਕੇ ਸਾਰੇ ਉਹ,...

ਚਿੱਟਾ ਲਹੂ – ਅਧੂਰਾ ਕਾਂਡ (1)

“ਸੰਤਰੀ ! ਇਸ ਬਦਮਾਸ਼ ਨੂੰ ਖੜ੍ਹਾ ਰੱਖ” ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲਗ ਪਿਆ। ਸ਼ਾਮ ਦੇ ਸਤ ਵਜੇ ਦਾ ਵੇਲਾ ਸੀ। ਲੋਕ ਟਿਕਟਾਂ ਦੇ ਕੇ ਫਾਟਕ ਵਿਚੋਂ ਲੰਘਦੇ ਜਾ ਰਹੇ ਸਨ। ਸਿਪਾਹੀ ਨੇ ਮੁਸਾਫਰ ਦੀ ਬਾਂਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇਕ ਪਾਸੇ ਖੜ੍ਹਾ ਕਰ ਦਿਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿਚੋਂ ਪੂਣੀ ਹੋਏ ਹੋਏ ਕਾਗਜ਼ਾਂ ਦਾ ਇਕ ਥੱਬਾ ਹੇਠਾਂ ਡਿੱਗ ਪਿਆ, ਜਿਸ ਨੂੰ...

ਅਰਜ਼ੀ

''ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,'' ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ''ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?''''ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।'' ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-''ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।''''ਕੀ ਕੰਮ ਸੀ ਏਡਾ ਜ਼ਰੂਰੀ?'' ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁਛਿਆ, ਕਿਸੇ ਸਾਮੀ ਵੱਲ...