13.3 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (10)

23

ਸੁੰਦਰੀ ਨੇ ਦੀਵਾਨਪੁਰ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਮਸਕਾਰ ਕੀਤੀ, ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ। ਬੁਝੀਆਂ ਹੋਈਆਂ ਲਕੜਾਂ ਦੇ ਚੋਅ ਅਤੇ ਕੁਝ ਸੁਆਹ ਅਜੇ ਤਕ ਉਥੇ ਮੌਜੂਦ ਸੀ। ਸੁੰਦਰੀ ਦੇ ਭਾਣੇ ਇਹ ਸਾਧਾਰਨ ਸੁਆਹ ਨਹੀਂ ਸੀ – ਉਸ ਦੇ ਬੀਤ ਚੁਕੇ ਸਾਰੇ ਜੀਵਨ ਦੀ ਤਸਵੀਰ ਸੀ। ਹੋਸ਼ ਸੰਭਾਲਣ ਤੋਂ ਲੈ ਕੇ ਲਾਹੌਰ ਜਾਣ ਦੇ ਦਿਨ ਤਕ ਦੇ ਇਕ ਲੰਮੇ ਸਮੇਂ ਦਾ ਦ੍ਰਿਸ਼ ਉਸ ਦੇ ਸਾਹਮਣੇ ਸੀ। ਰੋਡ ਦੇ ਪਿਤਰੀ ਮੋਹ ਦੀ ਇਕ ਇਕ ਘੜੀ ਉਸ ਨੂੰ ਚੇਤੇ ਆਉਂਦੀ ਸੀ ਤੇ ਉਸ ਦੇ ਦਿਲ ਨੂੰ ਪਾਸ਼ ਪਾਸ਼ ਕਰ ਦੇਂਦੀ। ਉਹ ਕਿੰਨਾ ਹੀ ਚਿਰ ਉਥੇ ਬੁੱਤ ਬਣ ਕੇ ਬੈਠੀ ਹੰਝੂ ਕੇਰਦੀ ਰਹੀ ਤੇ ਫਿਰ ਬਚਨ ਸਿੰਘ ਦੇ ਘੜੀ ਮੁੜੀ ਕਹਿਣ ਤੇ ਉਥੋਂ ਉਠੀ।

ਸੁੰਦਰੀ ਦੇ ਰਹਿਣ ਦਾ ਪ੍ਰਬੰਧ ਬਚਨ ਸਿੰਘ ਨੇ ਪਹਿਲਾਂ ਤੋਂ ਹੀ ਕਰ ਛਡਿਆ ਹੋਇਆ ਸੀ। ਉਸ ਨੂੰ ਆਪਣੇ ਘਰ ਲੈ ਜਾ ਕੇ ਉਹ ਮਾਂ ਦਾ ਦਿਲ ਦੁਖੀ ਨਹੀਂ ਸੀ ਕਰਨਾ ਚਾਹੁੰਦਾ।

ਰਵਾਣੀ ਪਿੰਡ ਦੇ ਵਸਨੀਕਾਂ ਨੇ ਥੋੜ੍ਹੇ ਚਿਰ ਤੋਂ ਆਪਣੇ ਪਿੰਡ ਇਕ ਕੰਨਿਆ ਪਾਠਸ਼ਾਲਾ ਚਲਾਈ ਹੋਈ ਸੀ। ਉਥੋਂ ਦੇ ਕੁਝ ਬੰਦੇ ਬਚਨ ਸਿੰਘ ਦਾ ਚੰਗਾ ਆਦਰ ਕਰਦੇ ਸਨ। ਇਹਨਾਂ ਪੰਜਾਂ ਚਹੁੰ ਆਦਮੀਆਂ ਦੀ ਹਿੰਮਤ ਨਾਲ ਚੰਗੀ ਜਾਗਰਤ ਪੈਦਾ ਹੋ ਗਈ ਸੀ ਜਿਸ ਕਰਕੇ ਬਚਨ ਸਿੰਘ ਦੀ ਇਥੇ ਬੜੀ ਇੱਜ਼ਤ ਸੀ। ਆਪਣੇ ਪ੍ਰਚਾਰ ਦਾ ਕੇਂਦਰ ਬਣਾਨ ਲਈ ਬਚਨ ਸਿੰਘ ਨੇ ਇਸ ਥਾਂ ਨੂੰ ਪਸੰਦ ਕੀਤਾ ਸੀ।

ਸੁੰਦਰੀ ਨੂੰ ਇਸ ਪਾਠਸ਼ਾਲਾ ਵਿਚ ਅਧਿਆਪਕਾ ਮੁਕੱਰਰ ਕੀਤਾ ਗਿਆ। ਉਹਨੂੰ ਇਸ ਮਨ-ਭਾਉਂਦੇ ਟਿਕਾਣੇ ਪਹੁੰਚਾ ਕੇ ਬਚਨ ਸਿੰਘ ਦੀ ਬਹੁਤ ਸਾਰੀ ਚਿੰਤਾ ਦੂਰ ਹੋ ਗਈ। ਨਾਲੇ ਦੀਵਾਨ ਪੂਰੇ ਰਵਾਣੀ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ, ਕੇਵਲ ਪੌਣੇ ਕੁ ਮੀਲ ਦਾ ਪੰਧ ਸੀ।

ਲਾਲਾ ਰਲਾ ਰਾਮ ਦੇ ਘਰ ਜੰਜ ਆਉਣ ਵਾਲੀ ਸੀ। ਉਸ ਸਮੇਂ ਮੱਚਣ ਵਾਲੇ ਉਪਦ੍ਰਵ ਨੂੰ ਰੋਕਣ ਲਈ ਬਚਨ ਸਿੰਘ ਕਿੰਨੇ ਹੀ ਦਿਨਾਂ ਤੋਂ ਦੌੜ ਭੱਜ ਕਰ ਰਿਹਾ ਸੀ, ਪਰ ਅਜੇ ਤਕ ਉਸ ਨੂੰ ਸਫ਼ਲਤਾ ਨਹੀਂ ਸੀ ਹੋਈ। ਸਾਰਾ ਪਿੰਡ ਇਕ ਤਾਂ ਉਂਜ ਹੀ ਬਚਨ ਸਿੰਘ ਦਾ ਵਿਰੋਧੀ ਸੀ, ਦੂਜੇ ਉਹ ਲੋਕ ਬੜੀ ਕਾਹਲੀ ਨਾਲ ਉਡੀਕ ਕਰ ਰਹੇ ਸਨ ਕਿ ਕਿਹੜਾ ਵੇਲਾ ਹੋਵੇ ਕਿ ਦੇ ਘੜੀਆਂ ਅਨੰਦ-ਮੇਲਾ ਕਰੀਏ। ਇਸ ਪਰ ਲਾਲਾ ਰਲਾ ਰਾਮ ਨੇ ਸਾਰੇ ਪਿੰਡ ਨੂੰ ਦਾਅਵਤ ਦਿਤੀ ਹੋਈ ਸੀ। ਪਿੰਡ ਦੇ ਲੋਕ ਜਿਉਂ ਜਿਉਂ ਸੁਣਦੇ ਸਨ ਕਿ ਦਿੱਲੀ ਦੀ ਇਕ ਪ੍ਰਸਿਧ ਵੇਸ਼ਵਾ ਆਉਣ ਵਾਲੀ ਹੈ, ਉਹਨ੍ਹਾਂ ਨੂੰ ਲਾਲੀਆਂ ਚੜ੍ਹਦੀਆਂ ਜਾਂਦੀਆ ਸਨ ਤੇ ਘੜੀਆਂ ਪਲ ਗਿਣ ਕੇ ਸਮਾ ਬਿਤਾ ਰਹੇ ਸਨ।

ਏਧਰ ਜਿਸ ਵੇਲੇ ਸੁੰਦਰੀ ਰਵਾਣੀ ਪਹੁੰਚ ਕੇ ਆਪਣੇ ਰਹਿਣ ਵਾਲੇ ਮਕਾਨ ਅੰਦਰਲੀਆਂ ਚੀਜ਼ਾਂ ਥਾਉਂ ਥਾਂਈਂ ਰਖ ਰਹੀ ਸੀ, ਇਸੇ ਵੇਲੇ ਬਚਨ ਸਿੰਘ ਸਾਰੀ ਦਿਹਾੜੀ ਦੀ ਦੌੜ ਭੱਜ ਕਰਨ ਤੋਂ ਬਾਅਦ ਉਸ ਦੇ ਮਕਾਨ ਤੇ ਆਇਆ ਤੇ ਉਸ ਨੇ ਬਾਹਰੋਂ ਆਵਾਜ਼ ਦਿਤੀ।

ਸੁੰਦਰੀ ਹੱਥ ਵਾਲਾ ਕੰਮ ਉਥੇ ਹੀ ਛਡ ਕੇ ਉਸ ਦੇ ਪਾਸ ਆ ਕੇ ਬੋਲੀ – ਵਿਖਾਣਾ ?” “ਸਵੇਰ ਦੇ ਜਿਉਂ ਗਏ ਹੋ, ਮੁੜ ਕੇ ਮੂੰਹ ਈ ਨਹੀਂ ਸੀ

ਪਿਆਰ ਭਰੀ ਮੁਸਕਰਾਹਟ ਵਿਚ ਬਚਨ ਸਿੰਘ ਬੋਲਿਆ- ‘ਕੀ ਦੱਸਾਂ ਸੁੰਦਰੀ ਜੀ ! ਮੈਂ ਤਾਂ ਹੈਰਾਨ ਹੋ ਗਿਆ ਹਾਂ, ਟੱਕਰਾਂ ਮਾਰ ਮਾਰ ਕੇ।” ਇਹ ਕਹਿੰਦਾ ਹੋਇਆ ਉਹ ਅੰਦਰ ਜਾ ਕੇ ਇਕ ਮੰਜੇ ਤੇ ਬੈਠ ਗਿਆ। ਸੁੰਦਰੀ ਨੇ ਉਸ ਨੂੰ ਬੜੀ ਘਬਰਾਹਟ ਨਾਲ ਪੁੱਛਿਆ -ਕਿਓਂ ” ?”

ਉਸ ਨੇ ਕਮੀਜ਼ ਦਾ ਬਟਨ ਖੋਲ੍ਹ ਕੇ ਰੁਮਾਲ ਨਾਲ ਮੁੜ੍ਹਕਾ ਪੂੰਝਦਿਆਂ ਹੋਇਆ ਕਿਹਾ – “ਤੁਹਾਨੂੰ ਦੱਸਿਆ ਸੀ ਨਾ ਜੁ ਸ਼ੁਕਰਵਾਰ ਰਲਾ ਰਾਮ ਦੇ ਘਰ ਜੰਜ ਆਉਣੀ ਏ ?”

“ਜੀ। ਦੱਸਿਆ ਸੀ।”

”ਤੇ ਅੱਜ ਵੀਰਵਾਰ ਏ।”

“ਫੇਰ ?”

“ਭਲਕੇ ਜੰਜ ਆ ਜਾਏਗੀ।”

‘ਤਾਂ ਫਿਰ ?”

“ਇਹੇ ਕਿ ਸਾਨੂੰ ਕੰਮ ਦਾ ਫ਼ਿਕਰ ਕਰਨਾ ਚਾਹੀਦਾ ਹੈ।” ਸੁੰਦਰੀ ਪਿਆਰ ਨਾਲ ਉਸ ਦੇ ਚਿਹਰੇ ਵੱਲ ਤੱਕਦੀ ਹੋਈ ਬੋਲੀ – ”ਤੇ ਫਿਰ ਢਿੱਲ ਕਿਉਂ ਕਰਦੇ ਓ ?”

“ਮੈਂ ਸੋਚ ਰਿਹਾ ਹਾਂ, ਸ਼ਾਇਦ ਮੈਨੂੰ ਇਸ ਵਿਚ ਸਫ਼ਲਤਾ ਨਹੀਂ ਹੋਵੇਗੀ।”

“ਕਿਉਂ?”

“ਜੇ ਇੱਕਲੇ ਰਲਾ ਰਾਮ ਨੂੰ ਰਜ਼ਾਮੰਦ ਕਰਨਾ ਹੁੰਦਾ ਤਾਂ ਗੱਲ ਔਖੀ ਨਹੀਂ ਸੀ, ਪਰ ਇਥੇ ਤਾਂ ਮੁੱਦਈ ਸੁਸਤ ਤੇ ਗਵਾਹ ਚੁਸਤ ਵਾਲੀ ਗੱਲ ਏ- ਸਾਰਾ ਪਿੰਡ ਹੀ ਆਉਣ ਵਾਲੀ ਕੰਜਰੀ ਲਈ ਔਸੀਆਂ ਪਾ। ਰਿਹਾ ਏ।”

‘ਤਾਂ ਕੀ ਸਾਡੇ ਇਸ ਨਵੇਂ ਵਪਾਰ ਦਾ ਪਹਿਲਾ ਸੌਦਾ ਹੀ ਘਾਟੇ-ਵੰਦਾ ਰਹੇਗਾ ?” ‘ਘਾਟੇ-ਵੰਦਾ ਈ ਨਹੀਂ, ਸਾਰੀ ਦੀ ਸਾਰੀ ਰਕਮ ਈ ਬਰਬਾਦ।” “ਫਿਰ ਤੁਸਾਂ ਕੀ ਸੋਚਿਆ ਏ ?”

“ਇਹੋ ਕਿ ਇਕ ਵਾਰੀ ਫੇਰ ਰਲਾ ਰਾਮ ਵਲ ਚਲਾ ਜਾਵਾਂ, ਮਤਾਂ ਤੀਰ ਤੁੱਕਾ ਲੱਗ ਈ ਜਾਏ।”

‘ਤੇ ਹੁਣ ਕਿਧਰੋਂ ਆ ਰਹੇ ਓ ?”

“ਇਕ ਥਾਂ ਗਿਆ ਹੋਵਾਂ ਤਾਂ ਦੱਸਾਂ, ਕਈ ਥਾਈਂ ਧੱਕੇ ਖਾ ਕੇ ਆ ਰਿਹਾ ਹਾਂ।”

“ਫੇਰ ਕੀ ਜਵਾਬ ਮਿਲਿਆ ?”

“ਬਸ ਆਲੇ-ਟਾਲੇ ?”

‘ਤੇ ਰਲਾ ਰਾਮ ਵਲ ਹੁੰਦੇ ਈ ਕਿਉਂ ਨਾ ਆਏ ? ਹੁਣ ਫੇਰ ਮੀਲ ਪੈਡਾ ਮਾਰੇਗੇ।”

“ਆਉਣ ਦਾ ਕਾਰਨ ਸਿਰਫ਼ ਤੁਹਾਨੂੰ ਈ ਮਿਲਣਾ ਨਹੀਂ ਸੀ, ਇਥੋਂ ਦੇ ਇਕ ਦੋਂਹ ਮੁਹਤਬਰ ਆਦਮੀਆਂ ਨੂੰ ਨਾਲ ਲੈ ਜਾਣ ਦਾ ਮੇਰਾ ਖ਼ਿਆਲ ਥੋੜ੍ਹਾ ਚਿਰ ਹੋਰ ਗੱਲਾਂ ਕਥਾਂ ਕਰਨ ਤੋਂ ਬਾਅਦ ਬਚਨ ਸਿੰਘ ਚਲਾ ਗਿਆ ਤੇ ਸੁੰਦਰੀ ਇੱਕਲੀ ਬੈਠੀ ਕਿਸੇ ਡੂੰਘੀ ਚਿੰਤਾ ਵਿਚ ਗੁੰਮ ਹੋ ਗਈ।

ਕੁਝ ਚਿਰ ਬਾਅਦ ਬਚਨ ਸਿੰਘ ਦੀਵਾਨਪੁਰ ਪਹੁੰਚ ਕੇ ਰਲਾ ਰਾਮ ਦੀ ਬੈਠਕ ਤੇ ਜਾ ਪੁਜਾ। ਰਵਾਣੀ ਦਾ ਹੋਰ ਕੋਈ ਆਦਮੀ ਉਸਦੇ ਨਾਲ ਨਾ ਤੁਰਿਆ। ਵਿਆਹ ਦੀਆਂ ਤਿਆਰੀਆਂ ਬੜੀ ਸਰਗਰਮੀ ਨਾਲ ਹੋ ਰਹੀਆਂ ਸਨ। ਇਕ ਪਾਸੇ ਦਰਜ਼ੀ ਬੈਠੇ ਦਾਜ ਸਿਉਂ ਰਹੇ ਸਨ, ਦੂਜੇ ਪਾਸੇ ਪਿੰਡ ਦੇ ਸਿਰ ਕੱਢਵੇਂ ਪੈਂਚ ਹੁਕਮ ਦੀ ਉਡੀਕ ਵਿਚ ਖੜ੍ਹੇ ਸਨ। ਸ਼ਾਹ ਦਾ ਪੁੱਤਰ ਦੀਨਾ ਨਾਥ ਉਨ੍ਹਾਂ ਦੇ ਜ਼ਿੰਮੇ ਡਿਊਟੀਆਂ ਵੰਡ ਰਿਹਾ ਸੀ। ਅੰਦਰੋਂ ਮਠਿਆਈਆਂ ਪਕਵਾਨਾਂ ਦੇ ਤਲਣ ਦੀ ਵਾਸ਼ਨਾ ਆ ਰਹੀ ਸੀ, ਤੇ ਕੁੜੀਆਂ ਨੇ ਢੋਲਕੀ ਨਾਲ ਉੱਧੜ-ਧੁੰਮੀ ਮਚਾਈ ਹੋਈ ਸੀ।

ਪਿੰਡ ਦੇ ਪੈਂਚਾਂ ਵਿਚ ਪਾਲਾ ਸਿੰਘ ਵੀ ਬੈਠਾ ਸੀ ਤੇ ਉਸ ਦੇ ਸਾਥੀ ਵੀ। ਉਨ੍ਹਾਂ ਵਲ ਵੇਖ ਕੇ ਬਚਨ ਸਿੰਘ ਦਾ ਲਹੂ ਇਕ ਵਾਰੀ ਫਿਰ ਖੇਲ ਉਠਿਆ ਪਰ ਫਿਰ ਵੀ ਉਸ ਨੇ ਆਪਣੀ ਇਸ ਹਾਲਤ ਨੂੰ ਲੁਕਾਉਣ ਦਾ ਯਤਨ ਕੀਤਾ। ਉਸ ਨੂੰ ਅੰਦਰ ਆਉਂਦਾ ਵੇਖ ਕੇ ਉਹ ਇਸ਼ਾਰੇ ਕਰਨ ਲੱਗ ਉਸ ਨੇ ਸਾਰਿਆਂ ਨੂੰ ਫ਼ਤਿਹ ਬੁਲਾਈ ਤੇ ਫਿਰ ਇਕ ਪਾਸੇ ਹੋ ਕੇ ਬੈਠ ਗਿਆ। ਕਿਸੇ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਸੀ, ਸਭ ਆਪ ਆਪਣੇ ਧੰਦੇ ਲਗੇ ਹੋਏ ਸਨ। ਬਚਨ ਸਿੰਘ ਦੇ ਦਿਲ ਵਿਚ ਚੂੰਢੀਆ ਵਢੀਆ ਰਹੀਆਂ ਸਨ। ਉਹ ਜਿਸ ਕੰਮ ਲਈ ਆਇਆ ਸੀ, ਉਹ ਕੰਮ ਹੋਣਾ ਤਾਂ ਦੂਰ ਰਿਹਾ, ਇਥੇ ਤਾਂ ਉਸ ਦਾ ਜ਼ਿਕਰ ਛੇੜਨ ਦਾ ਉਹ ਮੌਕਾ ਨਹੀਂ ਸੀ। ਲੱਭ ਸਕਦਾ।

ਚੋਖਾ ਚਿਰ ਉਹ ਦਲੀਲਾਂ ਦੁੜਾਂਦਾ ਰਿਹਾ। ਇੰਨੇ ਨੂੰ ਉਸ ਨੇ ਡਿੱਠਾ ਕਿ ਖੜਾਵਾਂ ਖੜਕਾਂਦੇ ਹੋਏ ਭਾਈ ਹੋਰੀਂ ਵੀ ਅੰਦਰ ਆਏ। ਬਚਨ ਸਿੰਘ ਭਾਵੇਂ ਭਾਈ ਜੀ ਦੀਆਂ ਕਰਨੀਆਂ ਤੇ ਰਹਿਣੀ ਬਹਿਣੀ ਤੋਂ ਅਨਜਾਣ ਨਹੀਂ ਸੀ, ਫਿਰ ਵੀ ਉਸ ਨੂੰ ਹੌਸਲਾ ਹੋਇਆ ਕਿ ਇਹ ਮੇਰੀ ਗੱਲ ਦੀ ਪੁਸ਼ਟੀ ਜ਼ਰੂਰ ਕਰਨਗੇ।

ਜਿੰਨੇ ਆਦਮੀ ਬੈਠੇ ਸਨ ਸਾਰਿਆਂ ਨੇ ਬੜੇ ਸਤਿਕਾਰ ਤੇ ਪ੍ਰੇਮ ਨਾਲ ਭਾਈ ਜੀ ਨੂੰ ਫ਼ਤਿਹ ਬੁਲਾਈ ਤੇ ‘ਐਥੇ ਬੈਠੇ, ‘ਐਥੇ ਬੈਠੇ, ਦਾ ਰੋਲਾ ਮਚ ਗਿਆ। ਰਲਾ ਰਾਮ ਨੂੰ ਇਸ ਵੇਲੇ ਰਤਾ ਕੁ ਵਿਹਲ ਸੀ। ਉਹ ਆ ਕੇ ਭਾਈ ਹੋਰਾਂ ਨਾਲ ਗੱਲਾ ਕਰਨ ਲਗ ਪਿਆ। ਬਚਨ ਸਿੰਘ ਨੇ ਵੀ ਮੌਕਾ ਪਾ ਕੇ ਦਿਲ ਨੂੰ ਪੱਕਾ ਕੀਤਾ ਤੇ ਬੋਲਿਆ। – “ਸ਼ਾਹ ਜੀ !” ਸ਼ਾਹ ਨੇ ਬੇ-ਪ੍ਰਵਾਹੀ ਨਾਲ ਸਗੋਂ ਖਿਝਵਾਂ ਜਿਹਾ ਮੂੰਹ ਬਣਾ ਕੇ ਉਸ ਵਲ ਤੱਕਿਆ ਤੇ ਬੋਲਿਆ “ਹਾਂ ਜੀ, ਕੀ ਗੱਲ ਏ ਬਚਨ ਸੂੰਹ ਜੀ ? ਉਹ ਬਚਨ ਸਿੰਘ ਬਾਬਤ ਪਾਲਾ ਸਿੰਘ ਪਾਸੋਂ ਸ਼ਾਇਦ ਬਹੁਤ ਕੁਝ ਸੁਣ ਚੁੱਕਾ ਸੀ।

ਉਸ ਦੀ ਤਿੱਖੀ ਨਜ਼ਰ ਨੇ ਬਚਨ ਸਿੰਘ ਦੇ ਰਹਿੰਦੇ ਖੂੰਹਦੇ ਪੈਰ ਵੀ ਕੱਢ ਦਿੱਤੇ ਤੇ ਉਹ ਘਬਰਾ ਗਿਆ। ਜਿਸ ਤਰ੍ਹਾਂ ਡਿਗਦੀ ਹੋਈ ਛੰਨ ਨੂੰ ਆਦਮੀ ਬਾਂਹ ਦਾ ਸਹਾਰਾ ਦੇ ਕੇ ਕੁਝ ਚਿਰ ਵਾਸਤੇ ਖਲਵਾ ਲੈਂਦਾ ਹੈ, ਇਸੇ ਤਰ੍ਹਾਂ ਬਚਨ ਸਿੰਘ ਨੇ ਧੱਕੇ ਨਾਲ ਦਿਲ ਨੂੰ ਠਲ੍ਹ ਕੇ ਕਿਹਾ ਉਹੀ ਅਰਜ਼ ਕਰਨ ਆਇਆ ਹਾਂ।”

“ਦੱਸੋ?”

“ਤੁਹਾਨੂੰ ਪਤਾ ਏ, ਇਸ ਵਿਚ ਮੇਰਾ ਕੋਈ ਫ਼ਾਇਦਾ ਤੇ ਹੈ ਨਹੀਂ, ਬਰਾਦਰੀ ਦੇ ਹਾਣ ਲਾਭ ਦਾ ਸੁਆਲ ਏ। ਹੋਰ ਕੁਝ ਨਹੀਂ ਤਾਂ ਘਟੋ ਘਟ ਇਤਨਾ ਤਾਂ ਜ਼ਰੂਰ ਹੋਣਾ ਚਾਹੀਦਾ ਏ ਕਿ ਪਿੰਡ ਵਿਚ ਕੰਜਰੀ ਨਾ ਆਵੇ। ਇਸ ਦਾ ਸਭ ਤੋਂ ਭੈੜਾ ਅਸਰ ਸਾਡੀਆਂ ਬਹੂਆਂ ਬੇਟੀਆਂ ਉਤੇ ਪਵੇਗਾ।”

ਸ਼ਾਹ ਦੇ ਚਿਹਰੇ ਤੇ ਕ੍ਰੋਧ ਦੇ ਚਿੰਨ੍ਹ ਪੈਦਾ ਹੋ ਗਏ, ਤੇ ਉਹ ਜ਼ਰਾ ਤੈਸ਼ ਵਿਚ ਆ ਕੇ ਬੋਲਿਆ। “ਬਚਨ ਸੁੰਹ ਜੀ ! ਤੁਹਾਨੂੰ ਅੱਗੇ ਵੀ ਕਿਹਾ ਸੀ ਪਈ ਤੁਸੀਂ ਖਾਹ ਮਖਾਹ ਸਾਡੇ ਖ਼ੁਸ਼ੀ ਦੇ ਕੰਮ ਵਿਚ ਵਿਘਨ ਨਾ ਪਾਓ। ਨਾਲੇ ਜਿਸ ਕੰਮ ਵਿਚ ਮੇਰਾ ਹੱਥ ਨਹੀਂ – ਵਾਸਤਾ ਨਹੀਂ ਉਸ ਨੂੰ ਮੈਂ ਰੋਕ ਵੀ ਕਿਸ ਤਰ੍ਹਾਂ ਸਕਨਾ ਵਾਂ। ਤੁਸੀਂ ਜਾਣਦੇ ਓ ਕੁੜਮਾਂ ਦੀ ਪ੍ਰੀਤੀ ਕੱਚੀ ਤੰਦ ਵਰਗੀ ਹੁੰਦੀ ਏ, ਜੇ ਰਤਾ ਕੁ ਦਿਲਾਂ ਵਿਚ ਮੈਲ ਆ ਜਾਵੇ ਤਾਂ ਸਾਰੀ ਉਮਰ ਦੇ ਰੋਸੇ ਪੈ ਜਾਂਦੇ ਨੇ। ਕਿਸੇ ਕਿਹਾ ਏ ਅਖੇ ਕੁੜਮਾਈ ਦਾ ਸੁਆਦ ਵਿਆਹ ਤਕ, ਤੇ ਵਿਆਹ ਦਾ ਸੁਆਦ ਉਮਰਾਂ ਤਕ ਇਸੇ…”

ਉਸ ਨੇ ਗੱਲ ਅਜੇ ਮੁਕਾਈ ਵੀ ਨਹੀਂ ਸੀ ਕਿ ਕੋਲੋਂ ਇਕ ਹੋਰ “ਤੇ ਇਹ ਕੋਈ ਗੱਲ ਆ ? ਨਾਚ ਮੁਜਰਾ ਤੇ ਬਾਦਸ਼ਾਹ ਬੋਲਿਆ ਅਮੀਰਾਂ ਦਾ ਸ਼ਿੰਗਾਰ ਹੁੰਦਾ ਵਾ । ਬਚਨ ਸਿਆਂ ! ਕਾਕਾ ਖ਼ੁਸ਼ੀ ਦੇ ਕੰਮਾਂ ਵਿਚ ਨੰਨਾ ਨਹੀਂ ਪਾਈਦਾ। ਨਾਲੇ ਸ਼ਾਹ ਹੋਰਾਂ ਦੀ ਸੁਖ ਨਾਲ ਚਹੁੰ ਘਰਾਂ ਵਿਚ ਇਕੋ ਇਕ ਲੜਕੀ ਹੋਈ। ਫਿਰ ਜੇ ਇਹ ਦੀਆ ਖੁਸ਼ੀਆ ਨਾ ਵੇਖੀਆ ਤੇ ਹੋਰ ਕੀਹਦੀਆਂ ਵੇਖਣਗੇ। (ਭਾਈ ਹੋਰਾਂ ਨੂੰ) ਕਿਉਂ ਭਾਈ ਜੀ ! ਮੈਂ ਗੱਲ ਸੱਚੀ ਆਖੀ ਏ ਕਿ ਝੂਠੀ ?”

ਭਾਈ ਹੋਰੀ, ਜੇ ਹੁਣ ਤਕ ਨਹੁੰ ਨਾਲ ਦੰਦਾਂ ਤੋਂ ਮੈਲ ਖੇਤਰ ਕੇ ਝੱਗੇ ਨਾਲ ਪੂੰਝ ਰਹੇ ਸਨ, ਬਾਹਰ ਵਧੇ ਹੋਏ ਦੰਦਾਂ ਤੇ ਜੀਭ ਫੇਰਦੇ ਹੋਏ वेले “ਠੀਕ ਏ ਮਾਰਾ ਆਣ ਕਰ ਕਰ ਕੇ ! ਇਹੋ ਜਿਹੇ ਦਿਨ ਕੋਈ ਨਿਤ ਪਏ ਆਉਂਦੇ ਨੇ ?”

ਬਚਨ ਸਿੰਘ ਘਬਰਾ ਕੇ ਬੋਲਿਆ “ਭਾਈ ਸਾਹਿਬ ਜੀ। ਕੀ ਇਹੇ ਗੁਰਮਤਿ ਦਾ ਅਸੂਲ ਏ ਕਿ ਤੁਹਾਡੇ ਵਰਗੇ ਭੱਦਰ ਪੁਰਸ਼ ਵਿਚ ਬੈਠ ਕੇ ਕੰਜਰੀਆਂ ਤੇ ਸ਼ਰਾਬ ਦਾ ਪ੍ਰਚਾਰ ਕਰਨ ? ਤੁਸੀਂ ਗੁਰਦਵਾਰੇ ਦੇ ਗ੍ਰੰਥੀ ਓ। ਆਪਣੇ ਫ਼ਰਜ਼ਾਂ ਨੂੰ, ਤੁਹਾਨੂੰ ਇਸ ਤਰ੍ਹਾਂ ਕਲੰਕਤ ਨਹੀਂ ਕਰਨਾ ਚਾਹੀਦਾ।”

ਭਾਈ ਹੋਰੀ ਤਾਂ ਰਤਾ ਠਠੰਬਰੇ, ਪਰ ਪਾਲਾ ਸਿੰਘ ਪਾਸੋਂ ਰਿਹਾ ਨਾ ਗਿਆ – ”ਤੇ ਗੁਰਮਤਿ ਦਾ ਸੂਲ ਇਹ ਆ ਜੋ ਜਿਨ੍ਹਾਂ ਵਿਚਾਰੀਆਂ ਦਾ ਕੋਈ ਖੱਟਣ ਕਮਾਣ ਵਾਲਾ ਨਹੀਂ। ਉਨ੍ਹਾਂ ਦੇ ਮੂੰਹ ‘ਚੋਂ ਟੁਕ ਖੋਹ ਲਿਆ ਜਾਵੇ ? ਨਾਲੇ ਉਹ ਕੋਈ ਐਵੇਂ ਤੇ ਨਹੀਂ ਲੈ ਜਾਂਦੀਆਂ, ਸੈਂਕੜੇ ਬੰਦਿਆਂ ਦਾ ਜੀ ਖ਼ੁਸ਼ ਕਰਦੀਆਂ ਨੇ ਰਾਗ ਸੁਣਾ ਕੇ। ਬਾਕੀ ਸ਼ਰਾਬ ਵਿਚ ਦੱਸੇ ਖਾ ਕਿਹੜੀ ਮਾੜੀ ਚੀਜ਼ ਪੈਂਦੀ ਆ ? ਕਿੱਕਰ ਦੇ ਸੱਕ ਤੇ ਗੁੜ।”

ਪਾਲਾ ਸਿੰਘ ਦੀ ਗੱਲ ਦਾ ਬਚਨ ਸਿੰਘ ਨੇ ਕੋਈ ਉੱਤਰ ਨਾ ਦਿਤਾ। ਦੇਂਦਾ ਵੀ ਕੀ, ਜਿਥੇ ‘ਰੱਬ ਨੇੜੇ ਕਿ ਘਸੁੰਨ’ ਵਾਲੀ ਥਾਂ ਹੋਵੇ। ਏਧਰ ਪਾਲਾ ਸਿੰਘ ਦੀ ਪੁਸ਼ਟੀ ਨਾਲ ਭਾਈ ਹੋਰਾਂ ਨੂੰ ਹੌਸਲਾ ਹੋ ਗਿਆ। ਉਹ ਨੇਫਾ ਖੁਰਕਦੇ ਹੋਏ ਬੋਲੇ – “ਸ਼ਰਾਬ ਤੇ ਆਣ ਕਰ ਕਰ ਕੇ ਇਕ ਦੁਆਈ ਏ, ਇਹ ਮਾੜੀ ਚੀਜ਼ ਨਹੀਂ, ਪਰ ਬਹੁਤੀ ਪੀਣੀ ਮਾੜੀ ਵੀ ਹੁੰਦੀ ਏ ਆਣ ਕਰ ਕਰ ਕੇ।”

ਬਚਨ ਸਿੰਘ ਦਾ ਨੌਜਵਾਨ ਲਹੂ ਉਬਲ ਰਿਹਾ ਸੀ, ਪਰ ਉਸਨੇ ਸੋਚਿਆ ਇਹਨਾਂ ਤਿਲਾਂ ਵਿਚ ਤੇਲ ਨਹੀਂ। ਤਾਂ ਵੀ ਭਾਈ ਹੁਰਾਂ ਦੀ ਬੇਦੀ ਦਲੀਲ ਦਾ ਉੱਤਰ ਦੇਣੋਂ ਉਹ ਨਾ ਰੁਕ ਸਕਿਆ, ਤੇ ਉਹਨਾਂ ਵਲ ਘੂਰ ਕੇ ਬੋਲਿਆ – ਠੀਕ ਏ। ਮਾੜੀ ਚੀਜ਼ ਨਹੀਂ, ਬਹੁਤ ਚੰਗੀ ਚੀਜ਼ ਹੈ। ਪਰ ਕਿਉਂ ਜੀ ਏਸ ਤੁਕ ਦਾ ਕੀ ਅਰਥ ਏ- ਝੂਠਾ ਮਦੁ ਮੂਲਿ ਨਾ ਪੀਚਈ ਜੇ ਕਾ ਪਾਰਿ ਵਸਾਇ॥

ਕੁਝ ਚਿਰ ਸੋਚ ਸੋਚਕੇ ਭਾਈ ਹੁਰੀਂ ਕੰਨ ਦੀ ਬੀਰਬਲੀ ਨੂੰ ਭੁਆਂਦੇ ਹੋਏ ਬੋਲੇ – “ਮਾਰਾ ! ਇਸ ਦਾ ਅਰਥ ਤੇ ਆਣ ਕਰ ਕਰ ਕੇ ਠੀਕ ਏ। ਪਈ ਸ਼ਰਾਬ ਨਹੀਂ ਪੀਣੀ ਚਾਹੀਦੀ ਜਿਥੋਂ ਤਾਈਂ ਵਾਹ ਲਗੇ। ਪਰ ਜਿਥੇ ਬੰਦੇ ਦੀ ਵਾਹ ਕੋਈ ਨਾ ਹੋਵੇ ਆਣ ਕਰ ਕਰ ਕੇ ਉਥੇ ਕੀ ਕਰੇ ?”

ਗੁੱਸੇ ਵਿਚ ਵੀ ਬਚਨ ਸਿੰਘ ਨੂੰ ਬਦੋ-ਬਦੀ ਹਾਸਾ ਆ ਗਿਆ। ਹੁਣ ਸਾਰੇ ਜਣੇ ਆਪੋ ਆਪਣੀਆਂ ਦਲੀਲਾਂ ਦੇ ਕੇ ਸਾਬਤ ਕਰਨ ਲੱਗੇ ਕਿ ਦੋਵੇ ਕੰਮ ਕੋਈ ਬੁਰੇ ਨਹੀਂ।

ਬਚਨ ਸਿੰਘ ਨੇ ਆਪਣੀ ਵਲੋਂ ਦਲੀਲਾਂ ਦੇਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਅਖ਼ੀਰ ਉਹ ਸੋਚ ਕੇ ਚੁਪ ਹੋ ਗਿਆ ਕਿ ਇਥੇ ਉਸਦੀ ਕੋਈ ਪੇਸ਼ ਨਹੀਂ ਜਾ ਸਕਦੀ।

ਛੇਕੜ ਇਸ ਪਾਣੀ ਵਿਚ ਮਧਾਣੀ ਮਾਰਨ ਨਾਲੇ ਚੁੱਪ ਰਹਿਣਾ ਹੀ ਉਸ ਮੁਨਾਸਬ ਸਮਝਿਆ, ਤੇ ਉਹ ਦੱਬੇ ਪੈਰੀਂ ਉਥੋਂ ਉਠ ਕੇ ਚਲਾ ਗਿਆ। ਉਹਦੇ ਬਾਹਰ ਨਿਕਲਦਿਆਂ ਹੀ ਸਾਰਿਆਂ ਨੇ ਖਿੱਲੀ ਮਾਰ ਦਿਤੀ।

ਇਸੇ ਵੇਲੇ ਪਾਲਾ ਸਿੰਘ ਨੇ ਇਕ ਸਾਥੀ ਦੇ ਕੰਨ ਨਾਲ ਮੂੰਹ ਲਾ ਕੇ ਕਿਹਾ – “ਵੀਰ ਦੇਖੀ ਉ ਇਸ ਖੇਤੇ ਦੀ ਅਕਲ ?”

ਉਹ ਬੋਲਿਆ – “ਅਕਲ ਦੀ ਗੱਲ ਛਡ, ਇਹ ਜਾਣ ਬੁਝ ਕੇ ਸ਼ਤਾਨੀਆ ਕਰਨ ਡਿਹਾ ਹੋਇਆ ਏ ਕਿ ਜਿਥੇ ਅਸੀਂ ਬੈਠੇ ਹੋਈਏ ਉਥੇ ਤਾਂ ਇਹਨੇ ਬਰ ਜ਼ਰੂਰ ਹੀ ਅੜਿੱਕਾ ਡਾਹਣਾ ਹੋਇਆ। ਬਿਸ਼ਰਮ ਨਾਲ ਐਨੀ ਹੁੰਦੀ ਏ, ਫੇਰ ਵੀ ਨਹੀਂ ਟਲਦਾ।”

‘ਤੇ ਏਹਨੇ ਏਦਾਂ ਥੋੜ੍ਹਾ ਟਲਣਾ ਏ। ਵਿੰਗਾ ਤੱਕਲਾ ਭਾਉ, ਜੁੱਤੀ ਨਾਲ ਈ ਸਿੱਧਾ ਹੁੰਦਾ ਵਾ।” “ਮੇਰੀ ਸਲਾਹ ਏ ਇਹਦਾ ਰੋਜ਼ ਰੋਜ਼ ਦਾ ਫਸਤਾ ਹੱਥ ਦੀ ਉਂਗਲੀ ਦਾ ਇਸ਼ਾਰਾ ਕਰਦਾ ਹੋਇਆ ਪਾਲਾ ਸਿੰਘ “ਚੁਪ ਚੁਪ, ਵੇਖੀ ਚਲ ਤੂੰ। ਜੇ ਕਿਤੇ ਮੇਰਾ ਦਾਅ ਫਬ ਗਿਆ ਬੋਲਿਆ ਤਾਂ ਮੁੜ ਕੇ ਇਹਦਾ ਨਾਂ ਥੇਹ ਵੀ ਲੱਭ ਗਿਆ ਤਾਂ ਮੈਨੂੰ ‘ਥੁਹ ਕਰ ਕੇ ਆਖੀਂ। ਨਾਲੇ ਜਿੰਨੇ ਤੋੜੀ ਇਹਦਾ ਫਸਤਾ ਨਹੀਂ ਵਢਿਆ ਜਾਂਦਾ ਉਨਾ ਚਿਰ ਉਸ ਮਟਕੇ ਨੇ ਕਿੱਥੇ ਕਾਬੂ ਆਉਣਾ ਏਂ।”

24

ਸ਼ਾਮ ਦਾ ਵੇਲਾ ਸੀ। ਜੰਜ ਦੀ ਆਮਦ ਸੁਣ ਕੇ, ਤੋਂ ਇਹ ਸੁਣ ਕੇ ਕਿ ਦਿੱਲੀ ਦੀ ਮਸ਼ਹੂਰ ਕੰਜਰੀ ਮਿਸ ‘ਅਨਵਰ ਜਾਨ’ ਆ ਰਹੀ ਹੈ। ਕੀ ਬੁੱਢਾ, ਕੀ ਬਾਲ ਤੇ ਕੀ ਗੱਭਰੂ ਸਾਰਾ ਪਿੰਡ ਵਹੀਰਾਂ ਪਾ ਕੇ ਪਿੰਡ ਬਾਹਰ ਤੁਰ ਪਿਆ। ਇਹੋ ਹੀ ਨਹੀਂ, ਲਾਗ ਪਾਸ ਦੇ ਵੀ ਕਈ ਪਿੰਡ ਖ਼ਾਲੀ ਹੋ ਗਏ।

ਲਾਲਾ ਰਲਾ ਰਾਮ ਦੇ ਘਰ ਜੰਜ ਆਉਣੀ ਕੋਈ ਸਾਧਾਰਨ ਗੱਲ ਨਹੀਂ ਸੀ। ਨਾਲੇ ਜਿਨ੍ਹਾਂ ਨੇ ਢੁਕਣਾ ਸੀ, ਉਹ ਵੀ ਆਪਣੇ ਇਲਾਕੇ ਦੇ ਸਾਰੇ ਸ਼ਾਹੂਕਾਰਾਂ ਚੋਂ ਸਿਰਕੱਢ ਸਨ।

ਸ਼ਾਮ ਦੇ ਪੰਜ ਵਜੇ ਦੀ ਗਡੀ ਜੰਜ ਉਤਰੀ ਤੇ ਬੜੀ ਸਜ ਧਜ ਨਾਲ ਪਿੰਡ ਪਹੁੰਚੀ। ਜਿਸ ਨੇ ਵੀ ਅਨਵਰ ਜਾਨ ਨੂੰ ਵੇਖਿਆ ਬਸ ਮਜਨੂੰ ਹੀ ਬਣ ਗਿਆ। ਉਮਰ ਭਾਵੇਂ ਉਸ ਦੀ ਤੀਹਾਂ ਪੈਂਤੀਆਂ ਸਾਲਾਂ ਦੇ ਲਗਭਗ ਸੀ, ਪਰ ਬਾਜ਼ਾਰੀ ਰੰਗ ਰੋਗਨ ਦੀ ਸੁਚੱਜੀ ਵਰਤੋਂ ਕਰਕੇ ਉਹ ਵੀਹਾਂ ਤੋਂ ਵੀ ਘੱਟ ਦੀ ਜਾਪਦੀ ਸੀ। ਉਸਦਾ ਸੁਡੌਲ ਸਰੀਰ, ਗੁਲਾਬੀ ਪਾਊਡਰ ਨਾਲ ਰੰਗਿਆ ਚਿਹਰਾ, ਸੁਰਮਈ ਅੱਖਾਂ, ਸੂਹੇ ਹੋਠ ਤੇ ਲੰਮੇ ਕੇਸ, ਇਹ ਸਭ ਚੀਜ਼ਾਂ ਸਾਰੇ ਦਿਲਾਂ ਨੂੰ ਕਤਲ ਕਰਨ ਦਾ ਠੇਕਾ ਲੈ ਕੇ ਆਈਆਂ ਸਨ।

ਜੰਜ ਪਿੰਡੋਂ ਬਾਹਰ ਬਾਗ਼ ਵਿਚ ਉਤਰੀ ਸੀ। ਲੋਕਾਂ ਨੂੰ ਹੋਰ ਸਭ ਕੁਝ ਭੁੱਲ ਗਿਆ ਤੇ ਮੁਜਰਾ ਵੇਖਣ ਲਈ ਉਹ ਇਤਨੇ ਕਾਹਲੇ ਹੋ ਗਏ। ਕਿ ਜਣਾ ਖਣਾ ਜਾਂਜੀਆਂ ਅੱਗੇ ਇਹੋ ਫ਼ਰਮਾਇਸ਼ ਪਾਉਣ ਲੱਗਾ। ਜਾਂਜੀਆ ਨੂੰ ਵੀ ਇਸ ਦੀ ਕੋਈ ਘੱਟ ਸਿੱਕ ਨਹੀਂ ਸੀ। ਸਭ ਨੇ ਕਹਿ ਕੇ ਲਾੜੇ ਦੇ ਭਰਾ ਨੂੰ ਮਨਾ ਹੀ ਲਿਆ, ਤੇ ਬਾਗ਼ ਵਿਚ ਮੁਜਰੇ ਦੀ ਤਿਆਰੀ ਹੋਣ ਲੱਗੀ। ਮੋਕਲਾ ਪਿੜ ਬਣਾਇਆ ਗਿਆ, ਜਿਸ ਵਿਚ ਦਰੀਆਂ ਵਿਛ ਗਈਆਂ ਤੇ ਪਿੜ ਦੇ ਵਿਚਕਾਰ ਗ਼ਲੀਚਾ ਵਿਛਾ ਕੇ ਉਸ ਉਤੇ ਸਾਜਾ ਵਾਲੇ ਸਜ ਗਏ।

ਸਭ ਤੋਂ ਅਗਲੀ ਕਤਾਰ ਵਿਚ ਲਾੜਾ, ਉਸਦਾ ਵੱਡਾ ਭਰਾ ਤੇ ਉਨ੍ਹਾਂ ਦੇ ਮੁਖੀ ਸਲਾਹਕਾਰ ਇਕ ਬਿਰਧ ਪੰਡਤ ਜੀ ਸਜੇ ਹੋਏ ਸਨ। ਇਨ੍ਹਾਂ ਦੇ ਨਾਲ ਹੀ ਅੱਠ ਦੱਸ ਹੋਰ ਮੁਖੀਏ ਤੇ ਬਾਕੀ ਸਾਰੀ ਜੰਜ ਦਰਜੇ ਵਾਰ ਆਪੋ ਆਪਣੀ ਥਾਂ ਬੈਠ ਗਈ। ਬਹੁਤਾ ਪਿੜ ਧੇਤਿਆ ਤੇ ਥੋੜ੍ਹਾ ਪੁਤੇਤਿਆਂ ਦਾ ਐਸੀ ਜੁਗਤ ਨਾਲ ਸਜਾਇਆ ਗਿਆ ਕਿ ਜਾਂਜੀ ਤੇ ਮਾਂਜੀ ਵੱਖਰੇ ਮਾਲੂਮ ਹੁੰਦੇ ਸਨ।

ਜਦ ਸਾਰਾ ਕੰਮ ਟਿਚਨ ਹੋ ਗਿਆ ਤਾਂ ਲਾੜੇ ਦੇ ਭਰਾ ਨੇ ਆਪਣੇ ਨਾਲ ਬੈਠੇ ਪੰਡਤ ਹੁਰਾਂ ਤੋਂ ਆਗਿਆ ਮੰਗੀ। ਪੰਡਤ ਹਰਾਂ ਬੜੇ ਪ੍ਰੇਮ ਮਈ ਸ਼ਬਦਾਂ ਵਿਚ ਕਿਹਾ ‘ਤਥਾ ਅਸਤੂ।’

ਪੰਡਤ ਜੀ ਮਹਾਰਾਜ, ਜੀਵਨ ਪੌੜੀ ਦੇ ਛੇਕੜਲੇ ਡੰਡੇ ਤੇ ਖੜ੍ਹੇ ਹਨ। ਆਪਦਾ ਲੋਕ ਪਿਛਾਂਹ, ਤੇ ਉਤਲਾ ਧੜ ਅਗਾਂਹ ਹੋ ਚੁਕਾ ਹੈ। ਜਦੋਂ ਤੁਰਦੇ ਹਨ ਤਾਂ ਇਹ ਜਾਪਦਾ ਹੈ ਜਿਵੇਂ ਧਰਤੀ ਨੂੰ ਨਮਸਕਾਰ ਕਰ ਰਹੇ ਹਨ। ਗੋਗੜ ਆਪ ਦੀ ਢਿਲਕ ਕੇ ਪੱਟਾਂ ਤਕ ਚਲੀ ਗਈ ਹੈ। ਗੱਲ੍ਹਾਂ ਤੇ ਅੱਖਾਂ ਤੋਂ ਹੇਠਲਾ ਮਾਸ ਵੀ ਢਿਲਕਿਆ ਹੋਇਆ ਤੇ ਸਿਰ ਦੀ ਖਲੜੀ ਕਿਤੋਂ ਕਿਤੋਂ ਸਿਰ ਨੂੰ ਛੱਡ ਚੁਕੀ ਸੀ।

ਧਾਮੇ ਵਿਚ ਬੱਦਲ ਗੱਜਣ ਦੀ ਆਵਾਜ਼ ਆਈ ਤੇ ਨਾਲ ਹੀ ਬੱਦਲਾਂ ਵਿਚੋਂ ਚੰਨ ਨਿਕਲਿਆ। ਅਨਵਰ ਜਾਨ ਦੇ ਪਹਿਲੇ ਗਾਣੇ ਨੇ ਹੀ ਐਸਾ ਰੰਗ ਬੰਨ੍ਹਿਆ ਕਿ ਸਾਰੇ ਲੋਕੀਂ ਬੁੱਤ ਬਣ ਗਏ।

ਲੱਕ ਲਚਕਾਂਦੀ, ਲੰਮੀ ਗੁੱਤ ਨੂੰ ਹੁਲਾਰੇ ਦੇਂਦੀ ਤੇ ਮੋਟੀਆਂ ਮੋਟੀਆਂ ਅੱਖਾਂ ਵਿਚੋਂ ਵਾਸ਼ਨਾ-ਚਮਕਾਊ ਤੀਰ ਚਲਾਂਦੀ ਹੋਈ ਅਨਵਰ ਜਾਨ ਜਿਸ ਪਾਸੇ ਪੈਂਦੀ ਕਹਿਰ ਹੀ ਢਾਹ ਜਾਂਦੀ ਸੀ। ਉਸ ਨੇ ਕਵਾਲੀ ਸ਼ੁਰੂ ਕੀਤੀ “ਤਮਾਸ਼ਾ ਤੇਰੀ ਕੁੰਦ ਕਾ, ਐ ਮਸੀਹਾ ਹਮ ਭੀ ਦੇਖੇਂਗੇ। ਕਿ ਮੁਰਦਾ ਹੋਤੇ ਹੈਂ ਕਿਤਨੇ, ਯੇ ਜ਼ਿੰਦਾ ਹਮ ਭੀ ਦੇਖੇਂਗੇ।” ਸਾਰਿਆਂ ਨੂੰ ਉਸ ਦੀ ਅਦਾ ਨੇ ਦੀਵਾਨੇ ਬਣਾ ਦਿਤਾ, ਪਰ ਲਾੜੇ ਦੇ ਭਰਾ ਤੇ ਪੰਡਤ ਹੁਰਾਂ ਦੇ ਉਪਰ ਤਾਂ ਜਿਵੇਂ ਇਸ਼ਕ ਦੀ ਬਿਜਲੀ ਹੀ ਡਿਗ ਪਈ। ਅਨਵਰ ਹੁਣ ਗਾਉਣ ਦੇ ਨਾਲ ਨਾਲ ਤਿਰਛੀ ਨਜ਼ਰ ਨਾਲ ਇਹ ਵੀ ਦੇਖ ਰਹੀ ਸੀ ਕਿ ਉਸ ਦੇ ਤੀਰਾਂ ਦੀ ਬੁਛਾੜ ਨਾਲ ਕਿਹੜਾ ਫੱਟੜ ਹੋਇਆ ਹੈ, ਕਿਸ ਨੂੰ ਥੋੜ੍ਹੀ ਸੱਟ ਲਗੀ ਹੈ, ਤੇ ਕਿਹੜਾ ਪਾਣੀ ਮੰਗ ਰਿਹਾ ਹੈ। ਪਰ ਜਦ ਉਸ ਨੇ ਵੇਖਿਆ ਕਿ ਫਾਲ ਚੰਗੇ ਥਾਂ ਪਈ ਹੈ ਅਰਥਾਤ ਜਿਥੋਂ ਉਸ ਨੂੰ ਸਭ ਤੋਂ ਵਧੇਰੇ ਸਫ਼ਲਤਾ ਦੀ ਆਸ ਸੀ ਉਥੇ ਹੀ ਉਸ ਦਾ ਨਿਸ਼ਾਨਾ ਸਭ ਤੋਂ ਠੀਕ ਬੈਠਾ ਹੈ ਤਾਂ ਇਨ੍ਹਾਂ ਦੋਹਾਂ ਉਤੇ ਹੀ ਜ਼ਰਾ ਹੋਰ ਕਟੀਲੀ ਨਿਗਾਹ ਸੁਟਦੀ ਤੇ ਮੁਸਕਰਾਂਦੀ ਹੋਈ ਫਿਰ ਅਲਾਪੀ

“ਕਹਾ ਮੈਂ ਨੇ ਕਿ ਮਰਤਾ ਹੂੰ,
ਕੀਆ ਅਫ਼ਸੋਸ ਕਾਤਿਲ ਨੇ।
ਕਿ ਕਲ੍ਹ ਮਰਨਾ ਹੈ ਆਜ ਮਰ ਜਾ,
ਜਨਾਜ਼ਾ ਹਮ ਭੀ ਦੇਖੇਂਗੇ!”

ਕਰਮ ਚੰਦ (ਲਾੜੇ ਦਾ ਭਰਾ) ਦਾ ਦਿਲ ਹੱਥੋਂ ਜਾਂਦਾ ਰਿਹਾ ਤੇ ਪੰਡਤ ਹੁਰੀਂ ਓਦੂੰ ਵੀ ਦੂਰ ਜਾ ਪਹੁੰਚੇ। ਕਰਮ ਚੰਦ ਨੇ ਦਸਾਂ ਰੁਪਿਆਂ ਦਾ ਨੋਟ ਕੱਢ ਕੇ ਹੱਥ ਅਗਾਂਹ ਕੀਤਾ। ਅਨਵਰ ਜਾਨ ਨੇ ਨੋਟ ਨੂੰ ਕੁਝ ਐਸੀ ਨਖਰੀਲੀ ਅਦਾ ਨਾਲ ਫੜਿਆ ਕਿ ਕਰਮ ਚੰਦ ਮਤਵਾਲਾ ਹੀ ਬਣ ਗਿਆ। ਲਾੜਾ ਕੇਲ ਬੈਠਾ ਵੱਡੇ ਭਰਾ ਦੀ ਹਾਲਤ ਵੇਖ ਰਿਹਾ ਸੀ। ਪੰਡਤ ਹੁਰਾਂ ਦਾ ਇਸ਼ਾਰਾ ਪਾ ਕੇ ਕਰਮ ਚੰਦ ਨੇ ਕੁਝ ਨੋਟ ਹੌਲੇ ਜਿਹੇ ਪਿਛਾਂਹ ਹੱਥ ਕਰ ਕੇ ਉਨ੍ਹਾਂ ਦੀ ਮੁੱਠ ਵਿਚ ਦੇ ਦਿੱਤੇ। ਝੱਟ ਹੀ ਪੰਡਤ ਹੋਰਾਂ ਨੇ ਇਕ ਨੋਟ ਅਨਵਰ ਵਲ ਵਧਾਇਆ।

ਨੋਟ ਫੜਨ ਲਗਿਆਂ ਉਸ ਨੇ ਪੰਡਤ ਹੁਰਾਂ ਦੀ ਉਂਗਲ ਨੂੰ ਰਤਾ ਕੁ ਛੁਹ ਦਿਤਾ। ਬਸ ਇਤਨੇ ਨਾਲ ਹੀ ਪੰਡਤ ਹੋਰਾਂ ਦਾ ਦਿਲ ਬੇ-ਕਾਬੂ ਹੋ ਗਿਆ।

ਹੁਣ ਹਰ ਪਾਸਿਉਂ ਰੁਪਿਆਂ ਦੀ ਵਰਖਾ ਹੋਣ ਲਗੀ। ਇਥੋਂ ਤਕ ਕਿ ਅਨਵਰ ਜਾਨ ਲਈ ਉਨ੍ਹਾਂ ਨੂੰ ਸਮੇਟਣਾ ਮੁਸ਼ਕਲ ਹੋ ਗਿਆ ਤੇ ਗਾਉਣ ਨਚਣ ਦੀ ਵਿਹਲ ਹੀ ਨਾ ਰਹੀ। ਉਹ ਇਕ ਅਜੀਬ ਕਟਾਖ਼ਸ਼ੀ ਨਜ਼ਰ ਨਾਲ ਪੰਡਤ ਹੁਰਾਂ ਵਲ ਤੇ ਫੇਰ ਕਰਮ ਚੰਦ ਵਲ ਤੱਕਦੀ ਹੋਈ ਫਿਰ ਗਾਉਣ ਲੱਗੀ

“ਜ਼ਰਾ ਤੀਰੇ-ਨਜ਼ਰ ਫੈਕੇ,
ਜਿਗਰ ਔਰ ਦਿਲ ਭੀ ਹਾਜ਼ਰ ਹੈ !
ਕਿ ਕੈਸੇ ਮਾਰਤੇ ਹੋ ਤੁਮ,
ਨਿਸ਼ਾਨਾ ਹਮ ਭੀ ਦੇਖੇਂਗੇ।”

ਪੰਡਤ ਹੁਰੀਂ ਬੇਵੱਸੇ ਹੀ ਬਲਿਹਾਰ ਬਲਿਹਾਰ ਕਹਿ ਉਠੇ ਤੇ ਲਗਦੇ ਹੱਥ ਉਹਨਾਂ ਨੇ ਹਥਲੇ ਸਾਰੇ ਨੋਟ ਇਕੋ ਵਾਰੀ ਉਸ ਵਲ ਸੁੱਟ ਦਿੱਤੇ। ਕਰਮ ਚੰਦ ਵੀ ਕਦੋਂ ਘੱਟ ਸੀ, ਉਸ ਨੇ ਨਹਿਲੇ ਉਤੇ ਦਹਿਲਾ ਦੇ ਮਾਰਿਆ। ਉਹਨਾਂ ਦੀ ਉਦਾਰਤਾ ਵੇਖ ਵੇਖ ਲੋਕੀਂ ਨਿਹਾਲ ਹੋ ਰਹੇ ਸਨ ਤੇ ਅਨਵਰ ਜਾਨ ਦੀ ਇਸ ਅਨੋਖੀ ਸ਼ਕਤੀ ਦੀ ਦਾਦ ਦੇ ਰਹੇ ਸਨ।

ਹੁਣ ਅਨਵਰ ਜਾਨ ਨੇ ਦੂਸਰੀ ਗ਼ਜ਼ਲ ਸ਼ੁਰੂ ਕੀਤੀ
“ਸਾਕੀਆ ਘਨਘੋਰ ਪਰ
ਕਾਲੀ ਘਟਾ ਛਾਈ ਨਾ ਹੋ।
ਮੈਅ ਕੀ ਪਿਆਲੀ ਬਨ ਕੇ ਦੁਲ੍ਹਨ
ਬਾਗ਼ ਮੇਂ ਆਈ ਨਾ ਹੋ !”

ਨਾਲ ਹੀ ਉਸ ਨੇ ਬੋਤਲ ਵਿਚੋਂ ਗਲਾਸ ਭਰ ਕੇ ਵਰਤਾਣੇ ਸ਼ੁਰੂ ਕੀਤੇ, ਜਿਸ ਦਾ ਮੁਢ ਪੰਡਤ ਹੁਰਾਂ ਤੋਂ ਬੱਝਿਆ।

“ਵਾਹਵਾ। ਸੁਭਾਨ…। ! ਕਿਆ ਕਹਿਣੇ । ਸ਼ਾਬਾਸ਼ ਤੇਰੇ।” ਦੀਆਂ ਆਵਾਜ਼ਾਂ ਨੇ ਗੂੰਜ ਪਾ ਦਿਤੀ।

ਇਧਰੋਂ ਸ਼ਰਾਬ ਦਾ ਦੌਰ ਤੇ ਸੰਗੀਤ ਦੀ ਘਨਘੇਰ ਸੀ, ਦੂਜੇ ਪਾਸਿਉਂ ਰੁਪਿਆਂ ਦੀ ਠਣ ਠਣ ਦਾ ਨਜ਼ਾਰਾ। ਫਿਰ ਸ਼ਰਾਬ ਵੀ ਅਣਮਿੱਤੀ ਤੇ ਅਣਤੇਲੀ। ਛੋਟੇ ਤੋਂ ਲੈ ਕੇ ਵੱਡੇ ਤਕ ਨੂੰ, ਤੇ ਗ਼ਰੀਬ ਤੋਂ ਲੈ ਕੇ ਅਮੀਰ ਤਕ ਸਭ ਨੂੰ ਰਜਵੀਂ ਹਿੱਸੇ ਆਈ। ਬਿੱਲੀ ਨੇ ਗਲਾਸ ਰੋੜਿਆ ਤੇ ਚੂਹਿਆਂ ਨੂੰ ਵੀ ਕੁਰਲੀ ਕਰਨ ਦਾ ਚੇਤਾ ਆ ਗਿਆ। ਜਿਨ੍ਹਾਂ ਲੋਕਾਂ ਨੇ ਅਜ ਤਕ ਕਦੇ ਸ਼ਰਾਬ ਦੀ ਸ਼ਕਲ ਨਹੀਂ ਸੀ ਵੇਖੀ, ਮੁਫ਼ਤ ਵਰਤੀਂਦੀ ਵੇਖ ਕੇ ਉਹ ਵੀ ਰਹਿ ਨਾ ਸਕੇ, ਖ਼ੂਬ ਗਲੇ ਦਾ ਜੰਗਾਲ ਲਾਹਿਆ। ਮਾਂਜੀਆਂ ਦੀ ਮੰਡਲੀ ਦੇ ਮੇਰ ਮੁਕਟ ਸਰਦਾਰ ਪਾਲਾ ਸਿੰਘ ਹੋਰੀਂ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਮੌਜੂਦ ਸਨ, ਜਿਨ੍ਹਾਂ ਵਿਚ ਸਾਡੇ ਗ੍ਰੰਥੀ ਸਾਹਿਬ ਭੀ ਸ਼ੋਭਾ ਦੇ ਰਹੇ ਸਨ।

ਜਟ ਜਦੋਂ ਸ਼ਰਾਬ ਦੇ ਨਸ਼ੇ ਵਿਚ ਝੂਮਣ ਲੱਗੇ ਤਾਂ ਪਿੜ ਵਿਚੋਂ ਆਵਾਜ਼ਾਂ ਆਉਣ ਲਗੀਆਂ, “ਕੋਈ ਪੰਜਾਬੀ ਦਾ ਚੋਂਦਾ ਚੋਂਦਾ ਗਾਉਣ ਹੋ ਜਾਵੇ ।”

ਅਨਵਰ ਨੇ ਪੰਜਾਬੀ ਗੀਤ ਸ਼ੁਰੂ ਕੀਤਾ।
“ਮੈਨੂੰ ਕਮਲੀ ਕਮਲੀ ਆਖਦੇ,
ਕਮਲੀ ਵਾਲਾ ਤੂੰ।
ਮੇਰੇ ਦਿਲ ਤੋਂ ਪੁਛ ਕੇ ਵੇਖ ਲੈ,
ਬਹੁਤ ਨਿਰਾਲਾ ਤੂੰ।
ਚੁਣ ਕਲੀਆਂ ਸੇਜ ਵਿਛਾਨੀ ਆਂ
ਭਰ ਭਰ ਜਾਮ ਪਿਲਾਨੀ ਆਂ,
ਮੈਂ ਸਾਕੀ ਮੈਖ਼ਾਨੇ ਦੀ,
ਬਣ ਮਤਵਾਲਾ ਤੂੰ।”

ਗੀਤ ਗਾਉਂਦੀ ਹੋਈ ਅਨਵਰ, ਅਸਲੀ ਰੂਪ ਵਿਚ ਮੈਖ਼ਾਨੇ ਦੀ ਸਾਕੀ ਬਣ ਗਈ। ਇਸ ਵੇਲੇ ਕਿਹੜਾ ਅਭਾਗਾ ਸੀ, ਜਿਹੜਾ ਉਸਦੇ ਹਥੋਂ ਜਾਮ ਪੀ ਕੇ ਮਤਵਾਲਾ ਨਾ ਬਣਦਾ।

ਪਾਲਾ ਸਿੰਘ ਹੁਰੀਂ ਤਾਂ ਸ਼ਰਾਬ ਦੇ ਕੀੜੇ ਸਨ ਹੀ ਪਰ ਭਾਈ ਸਾਹਿਬ ਨੂੰ ਕਦੇ ਛਟਾਂਕ ਅਧ ਪਾ ਤੋਂ ਵਧ ਨਸੀਬ ਨਹੀਂ ਸੀ ਹੋਈ। ਅਜਿਹਾ ਸੁੰਦਰ ਮੌਕਾ, ਜਿਥੇ ਪੀਣ ਦੀ ਤਾਂ ਗੱਲ ਹੀ ਛਡੇ, ਨਾਨ੍ਹ ਦੀ ਵੀ ਖੁਲ੍ਹ ਸੀ। ਭਾਈ ਹੁਰਾਂ ਵੀ ਅੱਜ ਖੂਬ ਢਿੱਡ ਨੂੰ ਤਾੜ ਲਤਾੜ ਕੇ ਭਰਿਆ।

ਕਰਮ ਚੰਦ ਤੇ ਪੰਡਤ ਹੁਰੀਂ ਤਾਂ ਬਸ ਇਹੋ ਸਮਝ ਰਹੇ ਸਨ ਕਿ ਸੰਸਾਰ ਵਿਚ ਆਉਣਾ ਹੀ ਅੱਜ ਸਫ਼ਲ ਹੋਇਆ ਹੈ। ਅਨਵਰ ਹੋਰਨਾਂ ਨੂੰ ਤਾਂ ਗਲਾਸ ਫੜਾ ਹੀ ਦੇਂਦੀ ਸੀ, ਪਰ ਇਹਨਾਂ ਦੋਹਾਂ ਦੇ ਬੁਲ੍ਹਾਂ ਨਾਲ ਲਾ ਕੇ ਉਹ ਆਪ ਹੀ ਪਿਆਂਦੀ ਸੀ।

ਹੁੰਦਿਆਂ ਹੁੰਦਿਆਂ ਅਨਵਰ ਦਾ ਨਾਜ਼ ਇਕ ਕਦਮ ਹੋਰ ਅਗਾਂਹ ਵਧਿਆ । ਐਤਕੀਂ ਉਹ ਜਿਹੜੇ ਦੋ ਗਲਾਸ ਲਿਆਈ ਸੀ, ਉਹਨਾਂ ਵਿਚੋਂ ਪਹਿਲਾ ਇਕ ਇਕ ਘੁੱਟ ਪੀ ਕੇ ਦੁਹਾਂ ਦੇ ਮੂੰਹਾਂ ਨੂੰ ਲਾ ਦਿਤੇ, ਤੇ ਕਿਸ ਅਦਾ ਨਾਲ ? ਜਿਸ ਨੇ ਦੁਹਾਂ ਨੂੰ ਉੱਕਾ ਹੀ ਘਾਇਲ ਕਰ ਦਿਤਾ।

ਹੌਲੀ ਹੌਲੀ ਜਲਸੇ ਦਾ ਰੰਗ ਪਲਟਣ ਲੱਗਾ। ਸਾਰੇ ਸਰੋਤੇ ਹੁਣ ਕਿਸੇ ਹੋਰ ਦੁਨੀਆ ਵਿਚ ਸਨ। ਕੋਈ ਅੱਖਾਂ ਮੀਟ ਕੇ ਝੁਟਲਾ ਰਿਹਾ ਸੀ। ਕੋਈ ਅਨਵਰ ਜਾਨ ਲਈ ਵੰਨ ਸੁੰਵਨੇ ਦੇ ਅਧੂਰੇ ਸ਼ਬਦਾਂ ਵਿਚ ਪ੍ਰੇਮ ਰਿਹਾ ਸੀ, ਪਰ ਇਹਨਾਂ ਵਿਚੋਂ ਬਹੁਤ ਸਾਰੀ ਗਿਣਤੀ ਉਹਨਾਂ ਲੋਕਾਂ ਸੀ ਜਿਹੜੇ ਉੱਕਾ ਹੀ ਬੇਸੁਧ ਸਨ।

ਅਨਵਰ ਨੇ ਅਖੀਰ ਆਪਣੀ ਲੀਲ੍ਹਾ ਦਾ ਭੋਗ ਪਾਇਆ ਤੇ ਸਾਜ਼ੀਆ ਨੂੰ ਸਾਜ਼ ਬੰਨ੍ਹਣ ਦਾ ਇਸ਼ਾਰਾ ਕੀਤਾ। ਸਾਰੰਗੀ ਨੇ ਅੱਜ ਉਮੀਦ ਤੋਂ ਵੱਧ ਆਪਣੀ ਨੌਕਰੀ ਵਜਾਈ ਸੀ। ਉਸ ਦਾ ਢਿੱਡ ਰੁਪਿਆਂ ਤੇ ਨੋਟਾਂ ਨਾਲ ਭਰ ਗਿਆ। ਸਾਜ਼ੀ ਆਪਣਾ ਟੰਬਾ ਟੀਹਾ ਸੰਭਾਲਦੇ ਹੋਏ ਆਪਣੇ ਚੁਬਾਰੇ ਵਿਚ, ਜਿਹੜਾ ਉਹਨਾਂ ਲਈ ਨੀਅਤ ਕੀਤਾ ਗਿਆ ਸੀ, ਜਾ ਪੁਜੇ ਤੇ ਸਰੋਤੇ ਵੀ ਝੂਮਦੇ ਉਠ ਤੁਰੇ। ਕਈ ਜਿਹੜੇ ਬਹੁਤ ਹੀ ਜ਼ਿਆਦਾ ਪੀ ਚੁਕੇ ਸਨ, ਉਥੇ ਹੀ ਲੰਮੇ ਪਏ ਰਹੇ ।

25

ਰਾਤ ਦੇ ਅੱਠ ਕੁ ਵਜੇ ਬਚਨ ਸਿੰਘ ਜਦ ਰਵਾਣੀ ਜਾ ਕੇ ਸੁੰਦਰੀ ਦੇ ਮਕਾਨ ਤੇ ਪੁੱਜਾ ਤਾਂ ਨਿਰਾਸਤਾ ਨੇ ਉਸਦੀ ਅਜਬ ਹਾਲਤ ਕੀਤੀ ਹੋਈ ਸੀ। ਸੁੰਦਰੀ ਉਸਦਾ ਹਾਲ ਵੇਖ ਕੇ ਬੜੀ ਘਬਰਾਈ ਤੇ ਪਿਆਰ ਨਾਲ ਉਸਦਾ ਹੱਥ ਫੜ ਕੇ ਬੋਲੀ – “ਕਿਉਂ, ਇਸ ਤਰ੍ਹਾਂ ਹੋ ! ਸੁਖ ਤੇ ਹੈ ?”

ਠੰਢਾ ਸਾਹ ਭਰ ਕੇ ਬਚਨ ਸਿੰਘ ਨੇ ਮੰਜੇ ਤੇ ਬਹਿੰਦਿਆਂ ਹੋਇਆ ਕਿਹਾ – “ਸੁੰਦਰੀ ਜੀ ! ਮੈਂ ਨਾ-ਕਾਮਯਾਬ ਰਿਹਾ” ਤੇ ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਕਲ੍ਹ ਉਹ ਸਾਰਾ ਦਿਨ ਫਿਰਦਾ ਰਿਹਾ, ਪਰ ਹਰ ਥਾਂ ਤੋਂ ਉਸ ਨੂੰ ਮੂੰਹ ਦੀ ਖਾਣੀ ਪਈ। ਫਿਰ ਉਸ ਨੇ ਅੱਜ ਵਾਲੇ ਮੁਜਰੇ ਦਾ ਹਾਲ ਸੁਣਾਇਆ ਕਿ ਦੀਵਾਨ ਪੁਰ ਵਿਚ ਕਿਸ ਤਰ੍ਹਾਂ ਸ਼ਰਾਬ ਦੀਆਂ ਨਹਿਰਾਂ ਵਗ ਰਹੀਆਂ ਤੇ ਚਾਂਦੀ ਸੋਨੇ ਦਾ ਮੀਂਹ ਪੈ ਰਿਹਾ ਹੈ।

ਸੁੰਦਰੀ ਦਾ ਗੁਲਾਬੀ ਚਿਹਰਾ ਪੀਲਾ ਪੈ ਗਿਆ। ਉਹ ਇਸ ਖ਼ਿਆਲ ਨਾਲ ਪਰੇਸ਼ਾਨ ਹੋ ਰਹੀ ਸੀ ਜੁ ਆਪਣੇ ਪ੍ਰੀਤਮ ਦੇ ਇਸ ਕੰਮ ਵਿਚ ਕੁਝ ਵੀ ਸਹਾਇਤਾ ਨਹੀਂ ਸੀ ਕਰ ਰਹੀ ਜਿਸ ਦਾ ਭਾਰ ਦੋਹਾਂ ਨੇ ਸਿਰ ਲਿਆ ਸੀ, ਉਸ ਨੂੰ ਬਚਨ ਸਿੰਘ ਇੱਕਲਾ ਹੀ ਚੁੱਕ ਕੇ ਗਿੱਚੀ ਤੁੜਾ ਰਿਹਾ।

ਸੋਚ ਸੋਚ ਕੇ ਅੰਤ ਉਸ ਦੇ ਦਿਲ ਵਿਚ ਕੋਈ ਐਸਾ ਖ਼ਿਆਲ ਆਇਆ ਜਿਸ ਨੇ ਉਸ ਦੀ ਚਿੰਤਾ ਕਿਸੇ ਹੱਦ ਤੱਕ ਦੂਰ ਕਰ ਦਿਤੀ। ਉਸ ਦੇ ਚਿਹਰੇ ਤੇ ਖ਼ੁਸ਼ੀ ਝਲਕਣ ਲੱਗੀ, ਤੇ ਉਹ ਅਬੜਵਾਹੇ ਬੋਲ ਉਠੀ ਤਾਂ ਫਿਰ ਹੁਣ ਮੇਰੀ ਵਾਰੀ ਹੈ।”

“ਤੁਹਾਡੀ ?” ਬਚਨ ਸਿੰਘ ਹੈਰਾਨੀ ਨਾਲ ਬੋਲਿਆ – “ਸੁੰਦਰੀ ਜੀ, ਤੁਸੀਂ ਇਸ ਵਿਚ ਕੀ ਸਵਾਰ ਸਕਦੇ ਹੋ ? ਜਿਸ ਕੰਮ ਨੂੰ ਮੇਰੀ ਇਤਨੇ ਦਿਨਾਂ ਦੀ ਕੋਸ਼ਿਸ਼ ਨਹੀਂ ਕਰ ਸਕੀ। ਉਸ ਕੰਮ ਵਿਚ ਤੁਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹੋ ?”

ਸੁੰਦਰੀ ਹੌਸਲੇ ਨਾਲ ਬੋਲੀ “ਜੇ ਕਾਮਯਾਬ ਨਾ ਹੋਵਾਂਗੀ ਤਾਂ ਕੀ ਹਰਜ ਏ, ਮੈਂ ਵੀ ਮੁੜ ਆਵਾਂਗੀ। ਆਪਣੇ ਵਲੋਂ ਤਾਂ ਯਤਨ ਈ ਕਰਨਾ ਏਂ, ਸਫ਼ਲਤਾ ਦੇਣੀ ਤਾਂ ਵਾਹਿਗੁਰੂ ਦੇ ਹੱਥ ਏ।”

“ਨਹੀਂ, ਸੁੰਦਰੀ ਜੀ ਨਹੀਂ, ਮੈਂ ਤੁਹਾਨੂੰ ਇਸ ਖ਼ਤਰਨਾਕ ਕੰਮ ਵਿਚ ਪੈਣ ਦੀ ਸਲਾਹ ਨਹੀਂ ਦੇ ਸਕਦਾ।

“ਤੁਸੀਂ ਸੁਣੇ ਤੇ ਸਹੀ।”

” ਹਾਂ ।”

“ਮੈਨੂੰ ਇਕ ਹੋਰ ਤਰਕੀਬ ਸੁੱਝੀ ਏ।”

“ਕੀ ?”

“ਟਹਿਣੀਆਂ ਫੜਨ ਦਾ ਖ਼ਿਆਲ ਛੱਡ ਕੇ ਜੇ ਮੁੱਢ ਨੂੰ ਹੀ ਹੱਥ ਪਾਇਆ ਜਾਏ ਤਾਂ ?”

“ਅਰਥਾਤ ?”

“ਅਰਥਾਤ ਉਸ ਵੇਸਵਾ ਨੂੰ ਹੀ ਕਿਉਂ ਨਾ ਸਮਝਾਇਆ ਜਾਏ।” ਬਚਨ ਸਿੰਘ ਬੇਤਹਾਸ਼ਾ ਹੱਸਦਾ ਹੋਇਆ- “ਵਾਹ ਸੁੰਦਰੀ ਜੀ ! ਜਿਸ ਮੰਤਰ ਨਾਲ ਭੂੰਡਾਂ ਦੀ ਖੱਖਰ ਨਹੀਂ ਕਾਬੂ ਆਉਂਦੀ, ਉਸ ਮੰਤਰ ਨਾਲ ਤੁਸੀਂ ਸੱਪ ਫੜਨਾ ਚਾਹੁੰਦੇ ਹੋ? ਭਲਾ ਇਹ ਵੀ ਕਦੀ ਹੋ ਸਕਦਾ ਏ ?”

‘ਬੰਦੂਕ ਦੀ ਜਿਸ ਗੋਲੀ ਨਾਲ ਆਦਮੀ ਇਕ ਵੇਲੇ ਸਹੇ ਨੂੰ ਨਹੀਂ ਮਾਰ ਸਕਦਾ, ਹੋ ਸਕਦਾ ਹੈ ਉਹੀ ਗੋਲੀ ਸ਼ੇਰ ਨੂੰ ਮਾਰਨ ਲਈ ਕੰਮ ਦੇ ਜਾਵੇ। ਤੁਸੀਂ ਮੈਨੂੰ ਆਗਿਆ ਦੇ ਦਿਓ।”

“ਚੰਗਾ ਜੇ ਤੁਹਾਡੀ ਇਹੋ ਮਰਜ਼ੀ ਹੈ ਤਾਂ ਮੈਂ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ, ਪਰ ਹੈ ਇਹ ਪਾਣੀ ਰਿੜਕਣ ਵਾਲਾ ਕੰਮ।”

“ਕੁਝ ਵੀ ਹੋਵੇ।”

“ਬਹੁਤ ਹੱਛਾ, ਤੁਹਾਡੀ ਮਰਜ਼ੀ।”

“ਤਾਂ ਚਲੇ ਮੈਨੂੰ ਹੁਣੇ ਦੀਵਾਨਪੁਰ ਲੈ ਚਲੇ।” ਮੈਂ ਵੀ ਇਕ ਵਾਰੀ ਆਪਣਾ ਜ਼ੋਰ ਲਾ ਵੇਖਾਂ।”

“ਪਰ ਇਤਨੀ ਰਾਤ ਗਈ ਤੁਸੀਂ ਏਥੇ ਵਾਪਸ ਕੀਕਣ ਆ ਸਕੋਗੇ ?”

“ਵਾਪਸ ਆਉਣ ਦੀ ਲੋੜ ਨਹੀਂ, ਮੈਂ ਰਾਤ ਦਾ ਬਾਕੀ ਹਿੱਸਾ। ਤੁਹਾਡੇ ਘਰ ਹੀ ਰਹਿ ਕੇ ਗੁਜ਼ਾਰ ਲਵਾਂਗੀ।”

“ਚੰਗਾ ਚਲੇ” ਕਹਿਣ ਤੋਂ ਬਾਅਦ ਬਚਨ ਸਿੰਘ ਨੇ ਸੁੰਦਰੀ ਨੂੰ ਨਾਲ ਲਿਆ ਤੇ ਦੋਵੇਂ ਦੀਵਾਨਪੁਰ ਵਲ ਤੁਰ ਪਏ।

26

ਰਾਤ ਦੇ ਦੱਸ ਵਜ ਚੁਕੇ ਸਨ। ਅਨਵਰ ਜਾਨ ਦੇ ਚੁਬਾਰੇ ਤੇ ਹੁਣ ਤਕ ਬਹੁਤ ਸਾਰੇ ਪਤਵੰਤਿਆਂ ਦੀ ਭੀੜ ਸੀ, ਪਰ ਉਸ ਨੇ ਸਿਰ ਪੀੜ ਦਾ ਬਹਾਨਾ ਬਣਾ ਕੇ ਮਸੇ ਮਸੇ ਕਈਆਂ ਤੋਂ ਖਹਿੜਾ ਛੁਡਾਇਆ ਹੈ। ਉਸ ਦੀ ਨੌਕਰਾਣੀ ਨੇ ਬੂਹਾ ਬੰਦ ਕਰ ਕੇ ਅਨਵਰ ਦੀ ਵਿਛਾਈ ਕੀਤੀ ਤੇ ਉਹ ਜਾ ਕੇ ਲੰਮੀ ਪੈ ਗਈ।

ਉਹਦੀ ਅੱਖ ਲੱਗਣ ਹੀ ਲਗੀ ਸੀ ਕਿ ਥੱਲਿਉਂ ਫੇਰ ਬੂਹਾ ਖੜਕਣ ਦੀ ਆਵਾਜ਼ ਆਈ। ਉਹ ਛਿੱਥੀ ਹੋ ਕੇ ਬੜਬੜਾਣ ਲੱਗੀ “ਕਮਬਖ਼ਤ ਦੇ ਘੜੀਆਂ ਨੀਂਦਰ ਵੀ ਨਹੀਂ ਲੈਣ ਦੇਂਦੇ। ਮਸੇ ਮਸੇ ਦਫ਼ਾ ਕੀਤੇ ਸਨ।”

ਪਹਿਲਾਂ ਤਾਂ ਉਸਦਾ ਦਿਲ ਚਾਹਿਆ ਕਿ ਨੌਕਰਾਣੀ ਤੋਂ ਅਖਵਾ ਦੇਵੇ ਕਿ ਸੌਂ ਗਈ ਹੈ, ਪਰ ਫਿਰ ਉਸਨੇ ਬੂਹਾ ਖੋਲ੍ਹਣ ਲਈ ਭੇਜ ਹੀ ਦਿੱਤਾ। ਆਉਣ ਵਾਲੇ ਦੇ ਕਦਮਾਂ ਦਾ ਖੜਾਕ ਸੁਣ ਕੇ ਅਨਵਰ ਉਠ ਬੈਠੀ। ਇਸ ਵੇਲੇ ਉਸ ਡਿੱਠਾ, ਨੌਕਰਾਣੀ ਦੇ ਪਿਛੇ ਪਿਛੇ ਇਕ ਸੋਲ੍ਹਾਂ ਸਤਾਰਾਂ ਵਰ੍ਹਿਆਂ ਦੀ ਮੁਟਿਆਰ ਤੁਰੀ ਆ ਰਹੀ ਸੀ – ਪਤਲੀ ਲੰਮੀ ਲਗਰ ਜਿਹੀ ਡਾਦੇ ਪਿਆਰੇ ਨਕਸ਼ਾਂ ਵਾਲੀ, ਉਹ ਹੈਰਾਨ ਸੀ ਕਿ ਇਸ ਕੁੜੀ ਦਾ ਇਥੇ ਕੀ ਕੰਮ ? ਉਸ ਨੇ ਆਦਰ ਨਾਲ ਉਸ ਨੂੰ ਪਾਸ ਆਉਣ ਦਾ ਇਸ਼ਾਰਾ ਕਰਦਿਆ ਹੋਇਆਂ ਕਿਹਾ – “ਆ ਬੇਟੀ ! ਤੂੰ ਕਿਧਰ ਆਈ ਏ ਇਸ देले ?”

ਸੁੰਦਰੀ ਨੇ ਕਿਸੇ ਤੀਵੀਂ ਦੇ ਮੂੰਹੋਂ ਆਪਣੇ ਆਪ ਨੂੰ ‘ਬੇਟੀ’ ਸ਼ਬਦ ਕਹਿੰਦਿਆ ਸ਼ਾਇਦ ਸਾਰੇ ਜੀਵਨ ਵਿਚ ਅਜ ਪਹਿਲੀ ਵੇਰਾਂ ਸੁਣਿਆ। ਉਹ ਨਿੱਕੇ ਹੁੰਦਿਆ ਜਦ ਹੋਰ ਮੁੰਡਿਆਂ ਕੁੜੀਆਂ ਨੂੰ ਵੇਖਦੀ ਸੀ ਕਿ ਉਹਨਾ ਦੀਆ ਮਾਵਾਂ ਉਨ੍ਹਾਂ ਨੂੰ ਪੁੱਤਰ ਬੱਚੀ ਕਰ ਕੇ ਬੁਲਾ ਰਹੀਆਂ ਹਨ, ਤਾਂ ਉਸਦੇ ਦਿਲ ਵਿਚ ਕੁਝ ਕੁਝ ਹੋਣ ਲੱਗ ਪੈਂਦਾ ਸੀ। ਉਹ ਸੋਚਦੀ ਹੁੰਦੀ ਸੀ ਜੇ ਮੇਰੀ ਮਾਂ ਹੁੰਦੀ ਤਾਂ ਮੈਨੂੰ ਵੀ ਇਸ ਤਰ੍ਹਾਂ ਬੁਲਾਂਦੀ। ਮਾਨੇ ਉਸ ਦੇ ਕੰਨਾ ਨੂੰ ਇਹ ਛੋਟਾ ਜਿਹਾ ਸ਼ਬਦ ਸੁਣਨ ਦੀ ਜਨਮ ਤੋਂ ਲੈ ਕੇ ਹੀ ਸਿੱਕ ਜਿਹੀ ਸੀ। ਉਹ ਜਿਨ੍ਹਾ ਖ਼ਿਆਲਾ ਨੂੰ ਦਿਲ ਵਿਚ ਲੈ ਕੇ ਪੌੜੀਆਂ ਚੜ੍ਹੀ ਸੀ ਉਹ ਇਸ ‘ਬੇਟੀ’ ਸ਼ਬਦ ਦੇ ਸੁਣਨ ਨਾਲ ਹੀ ਇਸ ਤਰ੍ਹਾਂ ਅਲੋਪ ਹੋ ਗਏ ਜੀਕਣ ਅੱਗ ਬਲਣ ਨਾਲ ਧੂੰਆ।

ਉਹ ਸੋਚਦੀ ਆਈ ਸੀ। ਇਸਤ੍ਰੀ-ਜਾਤੀ ਦੇ ਗੌਰਵ ਨੂੰ ਮਿੱਟੀ ਵਿਚ ਰੁਲਾਣ ਵਾਲੀ ਇਸ ਨੀਚ ਤੇ ਕੁਲਟਾ ਕੰਜਰੀ ਦੇ ਸਾਹਮਣੇ ਮੈਂ ਕੀਕਣ ਜਾਵਾਂਗੀ। ਜਿਸ ਦੇ ਕਮਰੇ ਦੀ ਹਰ ਇਕ ਚੀਜ਼ ਉਤੇ ਦੁਰਾਚਾਰ ਤੇ ਪਾਪ ਦਾ ਪੇਚਾ ਫਿਰਿਆ ਹੋਇਆ ਹੈ, ਮੈਂ ਉਸ ਨੂੰ ਕੀਕਣ ਵਹਾਂਗੀ, ਆਦਿ। ਉਸਦਾ ਖ਼ਿਆਲ ਸੀ ਕਿ ਉਹ ਦੂਰੇ ਹੀ ਖਲੇ ਕੇ ਉਸ ਨਾਲ ਗੱਲ ਕਰੇਗੀ। ਪਰ ਉਹ ਆਪ ਮੁਹਾਰੀ ਹੀ ਖਿਚੀਦੀ ਉਸ ਦੇ ਮੰਜੇ ਪਾਸ ਜਾ ਪਹੁੰਚੀ। ਇਸ ਵੇਲੇ ਅਨਵਰ ਦੀ ਨੌਕਰਾਣੀ ਆਪਣੀ ਕੋਠੜੀ ਵਿਚ ਜਾ ਚੁੱਕੀ ਸੀ। ਸੁੰਦਰੀ ਚੁਪ ਚਾਪ ਖੜ੍ਹੀ ਰਹੀ। ਅਨਵਰ ਨੇ ਫੇਰ ਪੁੱਛਿਆ।

‘ਬੱਚੀ ! ਮੇਰੇ ਨਾਲ ਕੋਈ ਕੰਮ ਸੀ ?”

ਉਸਦੇ ਪਹਿਲੇ ਸ਼ਬਦ ਨੇ ਸੁੰਦਰੀ ਦੇ ਦਿਲ ਨੂੰ ਟਰਕਾਰ ਲਾਈ ਤੇ ਉਸਦੀ ਸਾਰੀ ਘਿਰਨਾ ਦੂਰ ਹੋ ਗਈ ਸੀ ਪਰ ਉਸ ਦੇ ਦੁਬਾਰਾ ਬੱਚੀ ਸ਼ਬਦ ਨੇ ਸੁੰਦਰੀ ਦੇ ਦਿਲ ਵਿਚਲੀ ਕੋਈ ਮੋਹ-ਤਾਕੀ ਖੋਹਲ ਦਿੱਤੀ। ਉਹ ਸਿਰ ਨੀਵਾਂ ਕੀਤੀ ਬੋਲੀ – ਹਾਂ ਮਾਂ ਜੀ ! ਕੰਮ ਸੀ।” ਅਨਵਰ ਨੂੰ ਉਹਦੀ ਅਦਾ ਬੜੀ ਪਿਆਰੀ ਲਗੀ। ਤੇ ਇੰਜ ਮਾ ਜੀ’ ਸ਼ਬਦ ਨੇ ਜਿਵੇਂ ਉਸ ਦੇ ਕੰਨਾਂ ਵਿਚ ਮਿਸ਼ਰੀ ਘੋਲ ਦਿਤੀ। ਸੁੰਦਰੀ ਦਾ ਹੱਥ ਫੜ ਕੇ ਉਸ ਨੂੰ ਮੰਜੇ ਤੇ ਬਿਠਾਂਦੀ ਹੋਈ ਬੋਲੀ – ਦੱਸ ਸੁੰਦਰੀ ਬਿਨਾਂ ਮੌਕੇ ਤੱਕੀ ਮੰਜੇ ਤੇ ਬੈਠ ਗਈ ਤੇ ਉਸ ਵੱਲ ਤੱਕਦੀ ਹੋਈ ਬੋਲੀ ‘ਮਾਂ ਜੀ ! ਮੈਂ ਇਕ ਅਰਜ਼ ਕਰਨ ਲਈ ਆਈ ਆ ਪਰ ਉਹ ਚੁਪ ਹੋ ਗਈ। ਅਨਵਰ ਨੇ ਉਸਦੇ ਚਿਹਰੇ ਤੇ ਇਕ ਡੂੰਘੀ ਨਜ਼ਰ ਸੁਟਕੇ ਉਸਦਾ ਭਾਵ ਮਾਲੂਮ ਕਰਨਾ ਚਾਹਿਆ, ਪਰ ਉਹ ਕੁਝ ਵੀ ਸਮਝ ਨਾ ਸਕੀ। ਬਾਹ ਵਧਾ ਕੇ ਸੁੰਦਰੀ ਦੀ ਪਿੱਠ ਤੇ ਹੱਥ ਫੇਰਦੀ ਤੇ ਉਸਦੇ ਮੋਦੇ ਨੂੰ ਫੜਕੇ ਪਿਆਰ ਨਾਲ ਥੋੜਾ ਜਿਹਾ ਆਪਣੇ ਵੱਲ ਖਿੱਚਦੀ ਹੋਈ ਬੋਲੀ – “ਦੱਸ ਬੱਚੀ ਦੱਸਦੀ ਕਿਉਂ ਨਹੀਂ ?”

ਵੇਸਵਾ ਦੇ ਜਿਸ ਹੱਥ ਨੂੰ ਉਹ ਨਾ-ਪਾਕ ਤੇ ਘ੍ਰਿਣਤ ਸਮਝਦੀ ਸੀ। ਉਹ ਹੱਥ ਆਪਣੇ ਪਿੰਡੇ ਨਾਲ ਛੱਹਦਿਆਂ ਉਸਦੇ ਸਰੀਰ ਨੂੰ ਕੋਈ ਮਿੱਠਾ ਜਿਹਾ ਨਿੱਘ ਪ੍ਰਤੀਤ ਹੋਇਆ। ਸੁੰਦਰੀ ਨੇ ਉਸ ਦਾ ਦੂਸਰਾ ਹਥ ਆਪਣੇ ਦਹਾਂ ਹੱਥਾਂ ਵਿਚ ਲੈ ਲਿਆ, ਤੇ ਸਿਰ ਨੂੰ ਉਸ ਦੀ ਬਾਹ ਨਾਲ ਜੋੜ ਕੇ ਬੇਲੀ – “ਮਾਂ ਜੀ ! ਮੇਰਾ ਕੰਮ ਬਹੁਤ ਔਖਾ ਏ। ਕਹਿੰਦਿਆਂ ਮੈਨੂੰ ਸੰਗ ਆਉਂਦੀ ਏ।”

ਅਨਵਰ ਨੇ ਦੂਸਰਾ ਹੱਥ ਉਸਦੇ ਹੱਥਾਂ ‘ਚੋਂ ਹੋਲੀ ਜਿਹੇ ਛੁੜਾ ਕੇ ਬਾਹ ਉਸ ਦੇ ਲੋਕ ਦੁਆਲੇ ਲਪੇਟ ਕੇ ਕਿਹਾ- “ਨਹੀ ਬੇਟੀ, ਸੰਗਦੀ ਕਿਉਂ ਏਂ ? ਤੂੰ ਜੇ ਕਹੇਗੀ ਮੈਂ ਮੰਨਾਂਗੀ। ਪਰ ਸ਼ਾਇਦ ਉਹ ਇਹ ਗੱਲ ਕਾਹਲੀ ਦੇ ਵੱਸ ਹੈ ਕੇ ਕਹਿ ਗਈ ਸੀ। ਫੇਰ ਸੋਚਣ ਲੱਗੀ, ਮੈਨੂੰ ਬਿਨਾਂ ਗੱਲ ਪੁੱਛੇ ਉਸ ਦੇ ਪੂਰੇ ਕਰਨ ਦਾ ਇਕਰਾਰ ਨਹੀਂ ਸੀ ਕਰਨਾ ਚਾਹੀਦਾ। ਸੁੰਦਰੀ ਉਸਦੇ ਸਰੀਰ ਨਾਲ ਜੁੜੀ ਬੈਠੀ ਸੀ। ਉਹ ਬੋਲੀ – ਮਾ ਜੀ ” ਤੇ ਉਹ ਦੇ ਮੂੰਹੇ ਹੋਰ ਕੁਝ ਨਾ ਨਿਕਲਿਆ। ਉਹ ਆਪਣੇ ਆਪ ਵਿਚ ਇਸ ਤਰ੍ਹਾਂ ਅਨੁਭਵ ਕਰ ਰਹੀ ਸੀ ਜੀਕਣ ਇਹ ਮਾ ਜੀ ਸ਼ਬਦ ਕਹਿਣ ਨਾਲ ਉਸਦੇ ਅੰਦਰ ਕੋਈ ਅੰਮ੍ਰਿਤ ਦਾ ਘੁੱਟ ਆ ਜਾਂਦਾ ਹੈ। ਤੇ ਉਸਦੀ ਰਗ ਰਗ ਵਿਚ ਮੋਹ ਤੇ ਪਿਆਰ ਦੀ ਝਰਨਾਟ ਜਿਹੀ ਫਿਤ ਜਾਂਦੀ ਹੈ। ਫੁੱਲ ਨੂੰ ਸੁੰਘਣ ਨਾਲ ਜਿਸ ਤਰ੍ਹਾਂ ਆਦਮੀ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਉਹ ਮੁੜ ਮੁੜ ਉਸਨੂੰ ਸੁੰਘਦਾ ਹੈ। ਇਸੇ ਤਰ੍ਹਾਂ ਸੁੰਦਰੀ ਦਾ ਜੀਅ ਕਰਦਾ ਜੁ ਉਹ ਘੜੀ ਮੁੜੀ ਇਸੇ ਸ਼ਬਦ ਨੂੰ ਦੁਹਰਾਂਦੀ ਜਾਵੇ। ਉਹ ਫੇਰ ਬੋਲੀ ” ਮਾਂ ਜੀ ।”

ਅਨਵਰ ਨੇ ਉਸ ਦੀ ਗੱਲ ਸ਼ਾਇਦ ਨਹੀਂ ਸੁਣੀ। ਉਸ ਨੇ ਉਸ ਨੂੰ ਉਵੇਂ ਹੀ ਖਿੱਚ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਪਿਆਰ ਭਰੇ ਹੱਥਾਂ ਨਾਲ ਉਸ ਦੇ ਸਿਰ ਦੇ ਵਾਲਾਂ ਨੂੰ ਬਿਠਾਣ ਲੱਗੀ। ਉਸ ਨੂੰ ਇਸ ਗੱਲ ਦਾ ਕੁਝ ਚਿਰ ਲਈ ਖ਼ਿਆਲ ਹੀ ਨਾ ਰਿਹਾ ਕਿ ਉਹ ਉਸ ਤੋਂ ਕੀ ਪੁਛ ਰਹੀ ਸੀ। ਉਸ ਨੂੰ ਕੁਦਰਤ ਦੇ ਕਾਰੀਗਰ ਦਾ ਘੜਿਆ ਹੋਇਆ ਇਹ ਸੁਬਕ ਜਿਹਾ ਖਿਡੌਣਾ ਡਾਢਾ ਪਿਆਰਾ ਲੱਗ ਰਿਹਾ ਸੀ। ਉਸ ਨੂੰ ਉਸ ਵਿਚੋਂ ਕਿਸੇ ਰਸ ਦਾ ਅਨੁਭਵ ਹੋ ਰਿਹਾ ਸੀ – ਸ਼ਾਇਦ ਵਾਤਸਲ ਰਸ ਦਾ, ਜਿਸ ਦੀ ਅਣਹੋਂਦ ਕਰ ਕੇ ਹਮੇਸ਼ਾ ਉਸ ਦਾ ਕਲੇਜਾ ਤਪਦਾ ਰਹਿੰਦਾ ਸੀ।

ਸੁੰਦਰੀ ਨੇ ਉਸ ਦੇ ਸੀਨੇ ਨਾਲ ਆਪਣਾ ਸਿਰ ਜੋੜ ਲਿਆ ਤੇ ਫੇਰ ਉਸਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਬੋਲੀ”ਮਾਂ।ਜੀ !”

ਅਨਵਰ ਨੇ ਜਦ ਧਿਆਨ ਨਾਲ ਡਿੱਠਾ ਤਾਂ ਸੁੰਦਰੀ ਦੀਆਂ ਅੱਖਾਂ ਡੁਬਡੁਬਾ ਰਹੀਆਂ ਸਨ। ਉਸ ਨੇ ਸਰ੍ਹਾਣੇ ਹੇਠੋਂ ਰੁਮਾਲ ਖਿਚ ਕੇ ਉਸ ਦੀਆਂ ਅੱਖਾਂ ਪੂੰਝੀਆਂ ਤੇ ਪਤਾ ਨਹੀਂ ਕਿਹੜੇ ਵੇਲੇ ਉਸ ਦੇ ਬੁਲ੍ਹ ਸੁੰਦਰੀ ਦੇ ਮੱਥੇ ਨਾਲ ਬਦੋ-ਬਦੀ ਜਾ ਜੁੜੇ।

ਸੁੰਦਰੀ ਨੇ ਹੁਣ ਆਪਣੀਆਂ ਦੋਵੇਂ ਬਾਹਾਂ ਉਸ ਦੇ ਗਲ ਵਿਚ ਪਾਈਆਂ ਹੋਈਆਂ ਸਨ।

ਅਨਵਰ ਦਾ ਦਿਲ ਭਰ-ਭਰ ਆਉਂਦਾ ਸੀ। ਉਸ ਨੂੰ ਫੇਰ ਗੱਲ ਪੁੱਛਣ ਦਾ ਖ਼ਿਆਲ ਆ ਗਿਆ ਤੇ ਪਿਆਰ ਨਾਲ ਉਸਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ “ਬੇਟੀ ! ਦੱਸ ਕੀ ਕਹਿਣ ਲੱਗੀ ਸੈਂ ! ਤੂੰ ਮੈਨੂੰ ਜੇ ਕਹੇਗੀ, ਮੰਨਾਂਗੀ।”

ਸੁੰਦਰੀ ਉਸ ਦੇ ਚਿਹਰੇ ਉਤੇ ਉਸ ਦੇ ਕਹੇ ਹੋਏ ਵਾਕਾ ਦੀ ਸਰਿਆਈ ਨੂੰ ਮਾਪਦੀ ਹੋਈ ਬੋਲੀ ਨਫ਼ਰਤ ਨਹੀਂ ਹੁੰਦੀ ?” “ਮਾਂ ਜੀ। ਤੁਹਾਨੂੰ ਇਸ ਕੰਮ ਤੋਂ “ਨਫ਼ਰਤ ?” ਅਨਵਰ ਉਸ ਦੀਆਂ ਅੱਖਾਂ ਵਿਚੋਂ ਕੁਝ ਲੱਭਣ ਦਾ ਜਤਨ ਕਰਦੀ ਹੋਈ ਬੋਲੀ ਹੈ ਜਿੰਨੀ ਤੈਨੂੰ।” “ਮੈਨੂੰ ਇਸ ਕੰਮ ਤੋਂ ਉਨੀ ਹੀ ਨਫ਼ਰਤ “ਤੇ ਫੇਰ ਤੁਸੀਂ ਇਹ ਕੰਮ ਛੱਡ ਕਿਉਂ ਨਹੀਂ ਦੇਂਦੇ ਮਾਂ ਜੀ ?”

“ਕਿਉਂਕਿ ਮੇਰੇ ਲਈ ਇਸ ਦੁਨੀਆ ਵਿਚ ਹੋਰ ਕੋਈ ਥਾਂ ਨਹੀਂ।” ਅਨਵਰ ਦੀਆਂ ਅੱਖਾਂ ਵਿਚੋਂ ਇਕ ਨਿਰਦੇਸ਼ ਅਪਰਾਧੀ ਵਾਲੇ ਭਾਵ ਪ੍ਰਗਟ ਹੋ ਰਹੇ ਸਨ।
“ਇਸ ਦਾ ਮਤਲਬ ?” ਸੁੰਦਰੀ ਨੇ ਪ੍ਰਸ਼ਨ ਕੀਤਾ।

“ਇਸ ਦਾ ਮਤਲਬ ਤੂੰ ਨਹੀਂ ਸਮਝ ਸਕਦੀ ਬੇਟੀ।”

“ਕਿਉਂ ਮਾਂ ਜੀ ?”

“ਤੂੰ ਸ਼ਾਇਦ ਅਜੇ ਕੁਆਰੀ ਏ – ਕਿਉਂ ?”

“ਹਾਂ” ਸੁੰਦਰੀ ਨੇ ਅੱਖਾਂ ਨੀਵੀਆਂ ਕਰਕੇ ਉੱਤਰ ਦਿਤਾ।

“ਇਸੇ ਕਰਕੇ ਮੈਂ ਕਿਹਾ ਏ ਕਿ ਤੂੰ ਮੇਰੀ ਇਸ ਹਾਲਤ ਨੂੰ ਨਹੀਂ ਸਮਝ ਸਕਦੀ, ਨਾ ਹੀ ਇਸ ਦੇ ਸਬੱਬਾਂ ਨੂੰ। ਮੇਰੀਆਂ ਗੱਲਾਂ ਦਾ ਮਤਲਬ ਕੋਈ ਉਹ ਜ਼ਨਾਨੀ ਸਮਝ ਸਕਦੀ ਏ, ਜਿਹੜੀ ਵਿਆਹੀ ਹੋਈ ਹੋਵੇ ਤੇ ਡੇਲਿਓਂ ਨਿਕਲਦੀ ਹੀ ਜਿਹੜੀ ਰੰਡੀ ਹੋ ਗਈ ਹੋਵੇ ਤੇ ਰੰਡੀ ਹੁੰਦਿਆਂ ਹੀ ਜਿਸ ਨੂੰ ਘਰ ਵਾਲਿਆਂ ਨੇ ਦੁੱਧ ਵਿਚੋਂ ਮੱਖੀ ਵਾਂਗ ਕੱਢ ਕੇ ਬਾਹਰ ਸੁਟ ਦਿੱਤਾ ਹੋਵੇ, ਤੇ ਸੁੱਟਿਆ ਵੀ ਹੋਵੇ, ਬਦਮਾਸ਼ਾਂ, ਮੱਕਾਰਾਂ ਤੇ ਸ਼ੈਤਾਨਾਂ ਦੀ ਦੁਨੀਆ ਵਿਚ—–।”

ਕਹਿੰਦਿਆਂ ਕਹਿੰਦਿਆਂ ਅਨਵਰ ਦੇ ਚਿਹਰੇ ਉਤੋਂ ਬਾਗੀਆਨਾ ਤੇ ਹਿੰਸਕ ਜਿਹੇ ਭਾਵ ਟੱਪਕਣ ਲਗੇ। ਉਸ ਦੇ ਮੱਥੇ ਦੀਆਂ ਨਾੜਾਂ ਫੁਲ ਗਈਆਂ ਤੇ ਅੱਖਾਂ ਵਿਚੋਂ ਜਿਵੇਂ ਖ਼ੂਨ ਉਤਰਦਾ ਆ ਰਿਹਾ ਸੀ

ਸੁੰਦਰੀ ਨੂੰ ਹੁਣ ਉਸ ਪਾਸੋਂ ਡਰ ਆਉਣ ਲਗਾ, ਜਿਵੇਂ ਉਸ ਦੇ ਸਾਹਮਣੇ ਕੋਈ ਭੁੱਖੀ ਸ਼ੇਰਨੀ ਦਹਾੜ ਰਹੀ ਹੋਵੇ। ਉਸ ਦਾ ਦਿਲ ਧੜਕਣ ਲਗ ਪਿਆ। ਉਹ ਅੱਖ ਬਚਾ ਕੇ ਏਥੋਂ ਨੱਠ ਜਾਣ ਲਈ ਸੋਚਣ ਲਗੀ। ਅਨਵਰ ਆਪਣੇ ਅੱਗ ਵਰ੍ਹਾਉਂਦੇ ਵਾਕ ਬੋਲਦੀ ਗਈ

ਦੁਨੀਆ ਵਿਚ ਜਿਥੇ ਕਦਮ ਕਦਮ ਉਤੇ ਧੋਖੇਬਾਜ਼ੀ, ਬੇਈਮਾਨੀ, ਮਿੱਤਰ ਧਰੇਹੀ ਤੇ ਬੇ-ਗ਼ੈਰਤੀ ਇਨਸਾਨੀ ਸ਼ਕਲਾਂ ਵਿਚ ਬੋਲ ਰਹੀ ਹੋਵੇ, ਜਿਥੇ ਮੇਰੇ ਵਰਗੀ ਬਦ-ਨਸੀਬ ਲਈ ਰੋਟੀ ਦਾ ਟੁਕੜਾ ਹਾਸਲ ਕਰਨ ਲਈ ਸਿਵਾਇ ਅਸਮਤ-ਫ਼ਰੋਸ਼ੀ ਤੋਂ ਕੋਈ ਚਾਰਾ ਬਾਕੀ ਨਾ ਰਹੇ, ਜਿਥੇ ਕੋਈ ਪਿਉ ਬਣ ਕੇ ਤੇ ਕੋਈ ਭਰਾ ਬਣ ਕੇ ਮੇਰੇ ਵਰਗੀਆਂ ਬੇ-ਘਰੀਆਂ ਦੀ ਇੱਜ਼ਤ ਨਾਲ ਖੇਡਣਾ ਚਾਹੁੰਦਾ ਹੋਵੇ, ਜਿਥੇ ਕਿਸੇ ਮਾਂ ਦੇ ਕਲੇਜੇ ਦੀ ਟੁਕੜੀ ਆਹ।। ਕਿਸੇ ਦੀ ਦੁਧ ਚੁੰਘਦੀ ਬੱਚੀ ਨੂੰ ਉਸ ਦੀਆਂ ਛਾਤੀਆਂ ਨਾਲੋਂ ਤੋੜ ਕੇ ਕਾਵਾਂ ਕੁੱਤਿਆ ਅੱਗੇ ਸੁੱਟਦਿਆਂ ਦਰੇਗ ਨਾ ਕੀਤੀ ਜਾਵੇ, ਉਸ ਦੁਨੀਆ ਵਿਚ ਸਿਵਾਏ ਇਸ ਪੇਸ਼ੇ ਦੇ ਹੋਰ ਕਿਹੜੀ ਥਾਂ ਬਾਕੀ ਰਹਿ ਜਾਂਦੀ ਏ? ਸ਼ਾਇਦ ਮੈਂ ਹੁਣੇ ਕਿਹਾ ਹੈ ਕਿ ਮੈਨੂੰ ਇਸ ਪੇਸ਼ੇ ਤੋਂ ਨਫ਼ਰਤ ਹੈ…। ਨਹੀਂ ਨਹੀਂ, ਬਿਲਕੁਲ ਨਹੀਂ। ਮੈਨੂੰ ਇਸ ਪੇਸ਼ੇ ਤੋਂ ਨਫ਼ਰਤ ਨਹੀਂ, ਮੈਂ ਕਿਉਂ ਨਫ਼ਰਤ ਕਰਾਂ ਉਸੇ ਚੀਜ਼ ਨੂੰ ਜਿਸਦੀ ਮਿਹਰਬਾਨੀ ਨਾਲ ਅੱਜ ਵੱਡੇ ਵੱਡੇ ਅਮੀਰ, ਕਬੀਰ, ਵੱਡੇ ਵੱਡੇ ਲੀਡਰ ਤੇ ਚੌਧਰੀ ਮੇਰੀਆਂ ਦਲੀਜ਼ਾਂ ਤੇ ਆ ਆ ਕੇ ਸਿਜਦੇ ਕਰਦੇ ਨੇ। ਮੈਂ ਤੇ ਇਸ ਪੇਸ਼ੇ ਨੂੰ ਮੁਅਜਜ਼ਾ, ਕਰਾਮਾਤ, ਰੱਬ ਦੀ ਰਹਿਮਤ ਸਭ ਕੁਝ ਸਮਝਦੀ ਹਾਂ। ਇਸ ਪੇਸ਼ੇ ਨੇ ਮੈਨੂੰ ਕੀ ਕੁਝ ਨਹੀਂ ਦਿੱਤਾ ? ਇਜ਼ਤ, ਦੌਲਤ, ਐਸ਼, ਨਾਮਣਾ, ਸਭ ਕੁਝ। ਜੇ ਇਸ ਨੇ ਕਿਸੇ ਚੀਜ਼ ਤੋਂ ਮੈਨੂੰ ਮਹਿਰੂਮ ਰਖਿਆ ਹੈ ਤਾਂ ਉਹ ਸਿਰਫ਼ ਮੇਰੀ ਬੱਚੀ, ਜਿਸ ਨੂੰ ਸੂਤਕ ਦੇ ਦਿਨਾਂ ਵਿਚ ਹੀ ਕਿਸੇ ਜ਼ਾਲਮ, ਕਿਸੇ ਸ਼ੈਤਾਨ ਨੇ ਧੋਖੇ ਨਾਲ ਮੇਰੇ ਕੋਲੇ ਖੋਹ ਕੇ ਉਫ ! ਕਿਤਨੀ ਅੱਗ ਬਲ ਰਹੀ ਏ ਮੇਰੇ ਅੰਦਰ। ਮੈਂ ਮੈਂ ਸੜ ਕੇ ਸੁਆਹ ਕਰ ਸੁਟਾਂਗੀ ਉਸ ਮੈਂ ਉਹਨਾਂ । ਉਹ ! ਉਹ !” ਬਰਬਾਦ ਕਰ ਦਿਆਂਗੀ ਕਹਿੰਦੀ ਕਹਿੰਦੀ ਅਨਵਰ ਇਸ ਤਰ੍ਹਾਂ ਹਉਂਕਣ ਲਗ ਪਈ, ਜਿਵੇਂ ਉਸਦਾ ਸਰੀਰ ਪਾਟ ਕੇ ਪੁਰਜਾ “हिम

ਪੁਰਜਾ ਹੋ ਜਾਵੇਗਾ। ਉਹ ਤਕੀਏ ਉਤੇ ਮੂੰਹ ਪਰਨੇ ਢਹਿ ਪਈ ਤੇ ਫੁਟ ਫੁਟ ਕੇ ਰੋਣ ਲਗੀ।

ਇਹ ਦ੍ਰਿਸ਼ ਵੇਖ ਕੇ ਸੁੰਦਰੀ ਦਾ ਦਿਮਾਗ਼ ਚਕਰਾ ਗਿਆ। ਡਰ ਤੇ ਪ੍ਰੇਸ਼ਾਨੀ ਨਾਲ ਉਸ ਦੀਆਂ ਅੱਖਾਂ ਅੱਗੇ ਗੋਲ ਚੱਕਰ ਫਿਰਨ ਲੱਗੇ ਤੇ ਬਿਨਾਂ ਕੁੱਝ ਹੋਰ ਸੁਣਿਆਂ, ਅਸਫਲਤਾ ਦੇ ਥਕੇਵੇਂ ਨਾਲ ਚੂਰ ਹੋਈ ਹੋਈ ਉਹ ਉਥੋਂ ਉਠ ਕੇ ਪੌੜੀਆਂ ਉਤਰ ਗਈ – ढइवे। ਅਨਵਰ ਨੂੰ ਉਸੇ ਹਾਲਤ ਵਿਚ

ਹੇਠਾਂ ਉਤਰ ਕੇ ਉਹ ਜਿਧਰੋਂ ਆਈ ਓਧਰੇ ਸੀ ਮੁੜ ਪਈ। ਪਰ ਦਸ ਪੰਦਰਾਂ ਕਦਮ ਜਾ ਕੇ ਰੁਕੀ। ਤੇ ਉਸਨੂੰ ਪਤਾ ਈ ਨਾ ਲਗਾ ਜਦ ਮੁੜ ਅਨਵਰ ਦੇ ਦਰਵਾਜ਼ੇ ਅੱਗੇ ਪਹੁੰਚੀ। ਇਉਂ ਕਿਉਂ ? ਏਸ ਦਾ ਉਸ ਨੂੰ ਕੋਈ ਕਾਰਨ ਨਹੀਂ ਸੀ ਜਾਪ ਰਿਹਾ।

ਪੌੜੀਆਂ ਦਾ ਬੂਹਾ ਅਜੇ ਤਕ ਖੁਲ੍ਹਾ ਸੀ। ਉਸ ਨੇ ਜਿਉਂ ਹੀ ਅੰਦਰ ਪੈਰ ਰੱਖਿਆ, ਹਨੇਰੇ ਵਿਚ ਉਸ ਨੂੰ ਕਿਸੇ ਦੀ ਟੱਕਰ ਵੱਜੀ, ਤੇ ਸੁੰਦਰੀ ਨੇ ਡਰ ਕੇ ਉਸ ਚੀਜ ਨੂੰ ਇਉਂ ਜੱਫੀ ਪਾ ਲਈ, ਜਿਸ ਤਰ੍ਹਾਂ ਸੁੱਤਾ ਸੁੱਤਾ ਅੰਞਾਣਾ ਬਾਲ ਡਰ ਕੇ ਮਾਂ ਨੂੰ ਘੁੱਟ ਲੈਂਦਾ ਹੈ।

ਸੁੰਦਰੀ ਦੇ ਚਲੇ ਜਾਣ ਤੋਂ ਬਾਅਦ ਅਨਵਰ ਉਵੇਂ ਹੀ ਆਪਣੇ ਦਿਲ ਦਾ ਗੁਬਾਰ ਅੱਖਾ ਤੇ ਗਲੇ ਥਾਣੀਂ ਕੱਢਦੀ ਰਹੀ, ਤੇ ਜਦ ਉਸ ਨੇ ਤੱਕੀਏ ਤੋਂ ਸਿਰ ਚੁਕ ਕੇ ਕਮਰੇ ਵਿਚ ਨਜ਼ਰ ਫੇਰ ਕੇ ਡਿੱਠਾ ਤਾਂ ਉਹ ਮੁਟਿਆਰ ਉਥੇ ਨਹੀਂ ਸੀ। ਅਨਵਰ ਦੇ ਕਲੇਜੇ ਨੂੰ ਧੂਹ ਪੈਣ ਲੱਗੀ, ਤੇ ਉਹ ਅਚਾਨਕ ਹੀ ਉਠ ਕੇ ਪੌੜੀਆਂ ਉਤਰ ਗਈ। ਹੇਠਾਂ ਪਹੁੰਚਦਿਆਂ ਹੀ ਉਸ ਨੂੰ ਹਨੇਰੇ ਵਿਚ ਕਿਸੇ ਬਾਹਰੋਂ ਆਈ ਚੀਜ਼ ਦੀ ਟੱਕਰ ਵੱਜੀ, ਜਿਹੜੀ ਹੁਣ ਉਸ ਦੀ ਛਾਤੀ ਨਾਲ ਲਿਪਟੀ ਹੋਈ ਸੀ। ਇਹੀ ਉਹੋ ਮੁਟਿਆਰ ਸੀ ਸੁੰਦਰੀ।

ਦੋਵੇਂ ਬਿਨਾ ਕੁਝ ਬੋਲੇ ਚਾਲੇ ਫੇਰ ਉਪਰ ਚੜ੍ਹ ਕੇ ਉਸੇ ਕਮਰੇ ਵਿਚ ਆ ਪਹੁੰਚੀਆਂ। ਕੁਝ ਚਿਰ ਬਾਅਦ ਸੁੰਦਰੀ ਅਨਵਰ ਦੀ ਗੋਦ ਵਿਚ ਸੀ। ਥੋੜ੍ਹਾ ਚਿਰ ਠਹਿਰ ਕੇ ਅਨਵਰ ਨੇ ਉਸ ਦੀਆਂ ਅੱਖਾਂ ਵਿਚ ਤਕਦਿਆਂ ਪੁੱਛਿਆ “ਬੇਟੀ, ਤੇਰਾ ਨਾ ਕੀ ਏ ?”

“ਸੁੰਦਰੀ”

ਤੇ ਤੂੰ ਕਿੱਥੇ ਰਹਿੰਦੀ ਏ ? ਬੇਟੀ, ਪਤਾ ਨਹੀਂ ਕਿਉਂ ਤੇਰੇ ਨਾਲ ਮੇਰਾ ਦਿਲ ਮੁਹੱਬਤ ਕਰਨ ਲੱਗ ਪਿਆ ਏ। ਜੇ ਤੂੰ ਹੇਠਾਂ ਬੂਹੇ ਵਿਚ ਨਾ ਮਿਲ ਪੈਂਦੀਉਂ ਤਾਂ ਮੈਨੂੰ ਦੂਰ ਤਕ ਤੇਰੇ ਮਗਰ ਜਾਣਾ ਪੈਣਾ ਸੀ। ਹੈ ਤੇਰਾ ਪਿਉ ਕੀ ਕੰਮ ਕਰਦਾ ਏ ਬੇਟੀ ?”

ਸੁੰਦਰੀ ਬੋਲੀ “ਉਹ ਚੜ੍ਹਾਈ ਕਰ ਗਿਆ ਏ।”

“ਕੀ ਕੰਮ ਕਰਦਾ ਸੀ ?”

ਉਹ ਕਲੰਦਰ ਸੀ ?”

ਕਲੰਦਰ ? ਬਾਦਰਾਂ ਰਿੱਛਾਂ ਨੂੰ ਨਚਾਣ ਵਾਲੇ ?”

“ਜੀ ”

ਅਨਵਰ ਨੇ ਇਕ ਵਾਰ ਫਿਰ ਨਜ਼ਰ ਭਰ ਕੇ ਉਸ ਦੇ ਚਿਹਰੇ ਵੱਲ ਤੱਕਿਆ ਤੇ ਸੋਚਣ ਲੱਗੀ ਇਤਨੀ ਸੁੰਦਰਤਾ ਕਲੰਦਰਾਂ ਦੇ ਘਰ ?

ਫਿਰ ਉਹ ਬੋਲੀ ” ਤੇ ਮਾਂ ਤੇਰੀ ?

“ਮਾਂ ਮੇਰੀ ਕੋਈ ਨਹੀਂ।”

“ਓਹੋ ! ਵਿਚਾਰੀ ਯਤੀਮ ਬੱਚੀ ! ਪੁੱਤਰ ! ਕਿੰਨਾ ਚਿਰ ਹੋਇਆ

ਈ ਮਾਂ ਮੇਈ ਨੂੰ ?”

“ਪਤਾ ਨਹੀਂ ਜੀ।”

”ਪਤਾ ਨਹੀਂ ?”

“ਮੇਰੀ ਮਾਂ ਕੋਈ ਨਹੀਂ ਸੀ।”

ਅਨਵਰ ਇਸ ਉੱਤਰ ਨੂੰ ਸੁਣ ਕੇ ਹੱਸ ਪਈ ਤੇ ਫਿਰ ਬੋਲੀ – ‘ਤੇਰੇ ਨਿੱਕੇ ਹੁੰਦਿਆ ਈ ਮਰ ਗਈ ਸੀ ?”

“ਨਹੀ ।”

“ਤਾਂ ਫੇਰ?”

“ਉਹ ਹੈ ਈ ਨਹੀਂ ਸੀ।”

”ਤੇ ਫੇਰ ਤੂੰ ਕੀਕਣ ਜੰਮੀ ?”

‘ਮੈਂ ਜੰਮੀ ਨਹੀਂ ਸਾਂ” ਕਾਹਲੀ ਨਾਲ ਸੁੰਦਰੀ ਦੇ ਮੂੰਹੋਂ ਨਿਕਲ ਗਿਆ, ਪਰ ਉਹ ਆਪਣੇ ਇਸ ਮੂਰਖ਼ਤਾ ਭਰੇ ਉੱਤਰ ਦਾ ਖ਼ਿਆਲ ਕਰਕੇ ਦਿਲ ਵਿਚ ਪਚੀ ਹੋਣ ਲੱਗੀ। ਉਸ ਨੇ ਕਿਹਾ, “ਨਾ ਸੱਚ, ਮੇਰੇ ਬਾਬੇ ਨੇ ਮੈਨੂੰ ਝਾੜੀ ਥੱਲਿਉਂ ਲੱਭ ਕੇ ਲਿਆਂਦਾ ਸੀ।”

ਅਨਵਰ ਦੇ ਚਿਹਰੇ ਤੇ ਕਈ ਤਰ੍ਹਾਂ ਦੇ ਉਤਾਰ ਚੜਾਉ ਵੇਖ ਕੇ ਸੁੰਦਰੀ ਸੋਚਣ ਲਗੀ, ਮੈਂ ਕੇਵਲ ਇਸ ਦੀ ਨੀਂਦਰ ਹੀ ਖਰਾਬ ਕਰ ਰਹੀ ਹਾਂ, ਮੈਨੂੰ ਹੁਣ ਜਾਣਾ ਚਾਹੀਦਾ ਹੈ। ਉਹ ਉਠਦੀ ਹੋਈ ਬੋਲੀ – “ਚੰਗਾ ਮਾਂ ਜੀ। ਮੈਨੂੰ ਹੁਣ ਇਜਾਜ਼ਤ ਦਿਓ। ਤੁਹਾਡਾ ਬੜਾ ਵਕਤ ਹਰਜ ਕੀਤਾ ਏ। ਤੁਸੀਂ ਸ਼ਾਇਦ ਔਖੇ ਹੋ ਰਹੇ ਹੋ। ਫੇਰ ਕਿਸੇ ਵੇਲੇ ਮਿਲਾਂਗੀ।”

ਉਸਦੀ ਦੀ ਬਾਂਹ ਫੜ ਕੇ ਬਿਠਾਂਦਿਆਂ ਹੋਇਆ ਅਨਵਰ ਨੇ ਪੁੱਛਿਆ – ”ਤੇ ਉਸ ਨੇ ਪੁੱਤਰ, ਤੈਨੂੰ ਕਿਹੜੇ ਪਿੰਡੋਂ ਲੱਭ ਕੇ ਲਿਆਦਾ ਸੀ ?”

ਸੁੰਦਰੀ ਬੇਲੀ – ਆਪਣੀ ਕੁੱਲੀ ਦੇ ਲਾਗਿਉਂ “ਹੋਰ ਕਿਸੇ ਪਿੰਡੋਂ ਨਹੀਂ, ਇਸੇ ਪਿੰਡੋਂ ਬਾਹਰ ਈ।”

ਇਸ ਤੋਂ ਬਾਅਦ ਸੁੰਦਰੀ ਨੇ ਉਸ ਥਾਂ ਦਾ ਪਤਾ ਟਿਕਾਣਾ ਦੱਸਿਆ। ਤੇ ਫਿਰ ਆਪਣੇ ਅੱਜ ਤੱਕ ਦੇ ਹਾਲ ਇਕ ਇਕ ਕਰ ਕੇ ਉਸ ਨੂੰ ਸੁਣਾਏ। ਜਦ ਉਸ ਨੇ ਅਨਵਰ ਵਲ ਤਕਿਆ ਤਾਂ ਉਹ ਫਰਨ ਫਰਨ ਰੋ ਰਹੀ ਸੀ, ਉਸਦੀ ਹਿੱਚਕੀ ਬੱਝੀ ਹੋਈ ਸੀ।

ਸੁੰਦਰੀ ਨੇ ਸੋਚਿਆ, ਇਸਦਾ ਵੀ ਕੋਈ ਮੁੰਡਾ ਕੁੜੀ ਮਰ ਜਾ ਗੁਆਚ ਗਿਆ ਹੋਣਾ ਹੈ, ਜਿਸ ਨੂੰ ਯਾਦ ਕਰਕੇ ਰੋ ਰਹੀ ਹੈ। ਉਸਨੇ ਪਿਆਰ ਨਾਲ ਉਸ ਨੂੰ ਜੱਫੀ ਪਾ ਕੇ ਪੁੱਛਿਆ – “ਮਾਂ ਜੀ! ਤੁਸੀਂ ਕਿਉਂ ਰੋਂਦੇ ਹੈ ?”

ਅਨਵਰ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ। ਉਸ ਨੇ ਸੁੰਦਰੀ ਨੂੰ ਘੁੱਟ ਕੇ ਗਲ ਨਾਲ ਲਾ ਲਿਆ। ਰੋਦਿਆਂ ਰੋਂਦਿਆਂ ਉਸ ਦਾ ਸਰੀਰ ਨਿਸੱਤਾ ਹੋ ਗਿਆ। ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਗਲੇ ਚੋਂ ਆਵਾਜ਼ ਸਾਫ਼ ਨਹੀਂ ਸੀ ਨਿਕਲਦੀ। ਬੜੀ ਮੁਸ਼ਕਲ ਨਾਲ ਬੋਲੀ -“ਮੇਰੀ ਬਦਨਸੀਬ ਬੱਚੀਏ ! ਮੈਂ ਹੀ ਤੇਰੀ ਮਾਂ ਹਾਂ, ਜਿਸ ਪਾਸੋਂ ਤੈਨੂੰ ਧੋਖੇ ਨਾਲ ਖੋਹ ਕੇ ਜੰਗਲ ਵਿਚ ਸੁੱਟ ਦਿੱਤਾ ਗਿਆ ਸੀ।”

“ਹੈ ਸੱਚ ਮੁੱਚ ?” ਕਹਿਣ ਤੋਂ ਬਾਅਦ ਸੁੰਦਰੀ ਨੂੰ ਬੇਹੋਸ਼ੀ ਜਿਹੀ ਆਉਣ ਲਗੀ। ਇਸ ਤੋਂ ਬਾਅਦ ਦੋਵੇਂ ਕਿੰਨਾ ਹੀ ਚਿਰ ਇਕ ਦੂਜੀ ਦੇ ਗਲ ਲਗ ਕੇ ਰੋਂਦੀਆਂ ਰਹੀਆਂ।

ਤੇ ਜਦ ਦੁਹਾਂ ਦੇ ਅੰਦਰ ਇਕ ਅੱਥਰ ਵੀ ਬਾਕੀ ਨਾ ਰਹੀ ਤਾਂ ਮਦਹੋਸ਼ੀ ਦੀ ਹਾਲਤ ਵਿਚ ਉਹ ਇਕ ਦੂਜੀ ਵਲ ਕਿੰਨਾ ਚਿਰ ਤੱਕਦੀਆ ਰਹੀਆਂ। ਸੁੰਦਰੀ ਦੇ ਅੰਦਰੋਂ ਫਿਰ ਮੇਹ ਦੀ ਨਦੀ ਉਮਡੀ ਤੇ ਉਹ ਚੀਕ ਮਾਰ ਕੇ ਅਨਵਰ ਦੇ ਗਲੇ ਨਾਲ ਲਗ ਕੇ ਬੇਲੀ ……ਮਾਂ ਜੀ । “ਮਾਂ ਜੀ

ਪਰ ਅਨਵਰ ਨੇ ਕੋਈ ਉੱਤਰ ਨਾ ਦਿੱਤਾ। ਉਸ ਨੂੰ ਪਤਾ ਨਹੀਂ ਕੀ ਸੁਝੀ, ਅਭੜਵਾਹੀ ਉਠ ਕੇ ਸੁੰਦਰੀ ਪਾਸੋਂ ਆਪਣੇ ਆਪ ਨੂੰ ਛੁਡਾਂਦੀ ਹੋਈ ਕਈ ਕਦਮ ਪਿੱਛੇ ਹਟ ਕੇ ਬੋਲੀ “ਉਹੋ ! ਮੇਰੀ ਬੱਚੀ ! ਮੇਰੇ ਇਸ ਨਾਪਾਕ ਤੇ ਗੁਨਾਹਗਾਰ ਜਿਸਮ ਨੂੰ ਛੁਹ ਕੇ ਤੂੰ ਕਿਤਨੀ ਗ਼ਲਤੀ ਕੀਤੀ। ਕਮਬਖ਼ਤ ਮਾਂ ਦੀ ਬੱਚੀ! ਇਸ ਗਲੀਜ਼ ਤੋਂ ਨਫ਼ਰਤ ਕਰ ! ਜਿਸ ਥਾਂ ਦੀ ਰੱਤੀ ਰੱਤੀ ਚੀਜ਼ ਗੁਨਾਹਾਂ ਦੀ ਗੰਦਗੀ ਨਾਲ ਲਿਬੜੀ ਪਈ ਏ। ਉਸ ਥਾਂ ਤੇ ਮੇਰੀ ਪਾਕ ਦਾਮਨ ਬੱਚੀ ! ਤੈਨੂੰ ਇਕ ਮਿੰਟ ਵੀ ਠਹਿਰਨ ਦਾ ਹੱਕ ਨਹੀਂ ! ਬਸ ਛੇਤੀ ਤੋਂ ਛੇਤੀ ਤੂੰ ਇਥੋਂ” ਇਸ ਦੇ ਨਾਲ ਹੀ ਉਹ ਆਪਣੇ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਸੁਕੇੜ ਰਹੀ ਸੀ ਮਾਨੋ ਹਵਾ ਬਣ ਕੇ ਇਸ ਕਮਰੇ ਵਿਚੋਂ ਉਡ ਜਾਣਾ ਚਾਹੁੰਦੀ ਹੈ। ਹੁਣੇ ਹੁਣੇ ਉਹਦੇ ਦਿਲ ਵਿਚ ਜੋ ਪ੍ਰੇਮ-ਤਰੰਗਾਂ ਉਠ ਉਠ ਕੇ ਉਸ ਨੂੰ ਗਦ ਗਦ ਕਰ ਰਹੀਆਂ ਸਨ। ਉਨ੍ਹਾਂ ਦੀ ਥਾਂ ਉਸ ਦੇ ਦਿਲ ਵਿਚ ਸ਼ਰਮਿੰਦਗੀ। ਗਿਲਾਨੀ ਤੇ ਪਛਤਾਵਾ ਸੀ। ਮੇਰੀ ਧੀ ਆਪਣੇ ਆਪ ਨੂੰ ਅਜ ਇਕ ਕੰਜਰੀ ਦੀ ਧੀ ਸਮਝ ਕੇ ਦਿਲ ਵਿਚ ਕੀ ਖ਼ਿਆਲ ਕਰ ਰਹੀ ਹੋਵੇਗੀ। ਇਹ ਖ਼ਿਆਲ ਆਉਂਦਿਆਂ ਹੀ ਉਹ ਪਾਗਲਾਂ ਵਾਂਗ ਦੌੜ ਕੇ ਇਕ ਨੁੱਕਰ ਵਿਚ ਲੁਕ ਗਈ ਤੇ ਡਾਡਾਂ ਮਾਰ ਕੇ ਰੋਣ ਲੱਗੀ।

ਸੁੰਦਰੀ ਨੂੰ ਇਸ ਵੇਲੇ ਕੁਝ ਚਿਰ ਲਈ ਪਤਾ ਨਹੀਂ ਸੀ ਰਿਹਾ ਕਿ ਉਹ ਕੀ ਵੇਖ ਰਹੀ ਹੈ। ਉਹਨੂੰ ਇਹ ਸਭ ਕੁਝ ਸੁਪਨਾ ਹੀ ਮਾਲੂਮ ਹੁੰਦਾ ਸੀ। ਅਨਵਰ ਦੀ ਫਿਰ ਆਵਾਜ਼ ਆਈ। ਉਹ ਪਾਗਲਾਂ ਵਾਂਗ ਇਸ ਤਰ੍ਹਾਂ ਬੁੜਬੁੜਾ ਰਹੀ ਸੀ, ਜੀਕਣ ਕੋਈ ਇਮਿਤਹਾਨ ਵਿਚ ਫੇਲ੍ਹ ਹੋਣ ਵਾਲਾ ਮੁੰਡਾ ਆਪਣੇ ਮਾਪਿਆਂ ਦੀ ਕਰੋਪੀ ਦੂਰ ਕਰਨ ਲਈ ਆਪਣੇ ਬੇ-ਕਸੂਰ ਹੋਣ ਦਾ ਸੂਬਤ ਦੇ ਰਿਹਾ ਹੁੰਦਾ ਹੈ। ਉਸ ਦੀ ਆਵਾਜ਼ ਥਰਥਰਾ ਰਹੀ ਸੀ। ਸੁੰਦਰੀ ਵਲ ਦੋਵੇਂ ਹਥ ਫੈਲਾ ਕੇ ਉਹ ਹਿਚਕੀਆਂ ਲੈਂਦੀ ਹੋਈ ਕਹਿ ਰਹੀ ਸੀ “ਨਹੀਂ ਨਹੀਂ ਬੇਟੀ, ਇਸ ਵਿਚ ਮੇਰਾ ਜ਼ਰਾ ਵੀ ਕਸੂਰ ਨਹੀਂ, ਮੈਂ ਜਾਣ ਕੇ ਕੁਝ ਵੀ ਨਹੀਂ ਕੀਤਾ। ਇਹ ਸਭ ਕੁਝ ਮੈਥੋਂ ਕਿਸ ਨੇ ਕਰਵਾਇਆ ਜਦ ਤੂੰ ਇਹ ਹਾਲ ਸੁਣੇਗੀ ਤਾਂ ਖ਼ੁਦ ਮੰਨ ਜਾਏਂਗੀ ਕਿ ਮੈ ਬੇ-ਕਸੂਰ ਹਾਂ।” ਸੁੰਦਰੀ ਦੇ ਸਰੀਰ ਦੀਆਂ ਕੋਈ ਬੇਟੀਆਂ ਤੋੜ ਰਿਹਾ ਸੀ। ਉਸਦੇ ਕਲੇਜੇ ਵਿਚ ਬਰਛੀਆਂ ਵਜ ਰਹੀਆਂ ਸਨ। ਝਟ ਦੌੜ ਕੇ ਅਨਵਰ ਉੱਤੇ ਜਾ ਡਿੱਗੀ ਤੇ ਉਸ ਨੂੰ ਸੰਭਾਲਦੀ ਹੋਈ ਬੋਲੀ “ਮਾਂ ਜੀ! ਤੁਹਾਡੇ ਬੇਕਸੂਰ ਹੋਣ ਵਿਚ ਮੈਨੂੰ ਰਤੀ ਵੀ ਸ਼ੱਕ ਨਹੀਂ, ਪਰ ਤੁਸੀਂ ਇਹ ਤਾਂ ਦੱਸੋ ਜੁ ਕਿਸ ਜ਼ਾਲਮ ਨੇ ਤੁਹਾਨੂੰ ਇਸ ਹਾਲਤ ਵਿਚ ਪੁਚਾਇਆ ?”

ਅਨਵਰ ਨੇ ਧੀ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਆਪਣੇ ਆਪ ਨੂੰ ਸੰਭਾਲਿਆ, ਤੇ ਫੇਰ ਉਸੇ ਤਰ੍ਹਾਂ ਆ ਕੇ ਮੰਜੇ ਤੇ ਬੈਠ ਗਈ। ਇਸ ਤੋਂ ਬਾਅਦ ਉਸਨੇ ਮੁੱਢ ਤੋਂ ਲੈ ਕੇ ਉਸ ਦਿਨ ਤਕ ਦਾ ਸਾਰਾ ਹਾਲ ਸੁੰਦਰੀ ਨੂੰ ਕਹਿ ਸੁਣਾਇਆ, ਜਿਸ ਦਿਨ ਉਹ ਉਸ ਨੂੰ ਬੇਟ ਜਿਹੀ ਨੂੰ ਜੰਗਲ ਵਿਚ ਛੱਡ ਕੇ ਚਲੀ ਗਈ ਸੀ।

ਸੁਣ ਕੇ ਸੁੰਦਰੀ ਦੇ ਦਿਲ ਵਿਚ ਲਾਂਬੂ ਬਲ ਉਠੇ। ਜਿਸ ਭਾਈਚਾਰੇ ਦੇ ਅੱਤਿਆਚਾਰ ਤੋਂ ਉਹ ਪੇਟਾ ਪੋਟਾ ਦੁਖੀ ਸੀ, ਜਿਸ ਸਮਾਜ ਨੇ ਉਸ ਦੇ ਪ੍ਰੇਮੀ ਨੂੰ ਤੇ ਉਸ ਦੇ ਧਰਮ ਪਿਤਾ ਨੂੰ ਸਤਾਇਆ ਸੀ। ਓਸੇ ਹੀ ਸਮਾਜ ਨੇ ਉਸ ਦੀ ਸੁਨੇਹ-ਮਈ ਮਾਂ ਦਾ ਇਹ ਹਾਲ ਕੀਤਾ ਹੈ। ਇਹ ਸੁਣ ਕੇ ਸੁੰਦਰੀ ਸਿਰ ਤੋਂ ਪੈਰਾਂ ਤਕ ਬਲ ਉਠੀ। ਇਸ ਵੇਲੇ ਬਚਨ ਸਿੰਘ ਦੇ ਸਾਰੇ ਉਪਦੇਸ਼ ਉਸ ਦੇ ਦਿਲ ਚੋਂ ਉੱਡ ਪੁਡ ਗਏ। ਉਸ ਲਈ ਬੈਠੇ ਰਹਿਣਾ ਔਖਾ ਹੋ ਗਿਆ ਤੇ ਉਠ ਕੇ ਭਾਫ਼ ਵਾਲੇ ਇੰਜਨ ਵਾਂਗ ਉੱਚੇ ਉੱਚੇ ਸਾਹ ਲੈਣ ਲਗ ਪਈ। ਉਸ ਦਾ ਸਰੀਰ ਕੰਬਣ ਲਗ ਪਿਆ। ਪਰ ਅਜੇ ਹੋਰ ਹਾਲ ਸੁਣਨਾ ਬਾਕੀ ਹੈ। ਇਹ ਸੋਚ ਕੇ ਉਹ ਆਪਣੇ ਆਪ ਨੂੰ ਬੰਨ੍ਹਣ ਦਾ ਯਤਨ ਕਰਦੀ ਹੋਈ ਬੈਠ ਗਈ ਤੇ ਬੋਲੀ “ਫੇਰ ਮਾਂ ਜੀ ?”

ਅਨਵਰ ਨੇ ਕਹਿਣਾ ਸ਼ੁਰੂ ਕੀਤਾ – “ਬੱਚੀ ! ਤੇਰੇ ਨਿੱਕੇ ਜਿਹੇ ਲੇਖੜੇ ਲਈ ਮੇਰੇ ਦਿਲ ਵਿਚ ਕਿੰਨਾ ਮੋਹ ਸੀ, ਇਹ ਦੱਸਣ ਦੀ ਮੇਰੇ ਵਿਚ ਤਾਕਤ ਨਹੀਂ। ਮੋਕਲੇ ਅਸਮਾਨ ਥੱਲੇ ਸਿਰਫ਼ ਚੀਲਾਂ ਤੇ ਗਿਰਜਾਂ ਦੀ ਖ਼ੁਰਾਕ ਬਣਨ ਲਈ ਤੈਨੂੰ ਸੁੱਟ ਦਿੱਤਾ ਗਿਆ। ਜਦ ਤੇਰਾ ਜ਼ਾਲਮ ਪਿਉ (ਤਾਰਾ ਚੰਦ) ਮੈਨੂੰ ਬਿਮਾਰੀ ਦੀ ਹਾਲਤ ਵਿਚ ਸੁਟ ਕੇ ਚਲਾ ਗਿਆ ਤਾਂ ਉਸ ਵੇਲੇ ਮੇਰੇ ਘਰ ਵਿਚ ਨਾ ਤਾਂ ਇਕ ਪੈਸਾ ਸੀ ਤੇ ਨਾ ਹੀ ਚੌਂਕੇ ਦੇ ਚਹੁੰ ਭਾਂਡਿਆਂ ਤੋਂ ਛੁਟ ਕੋਈ ਚੀਜ਼। ਸਭ ਕੁਝ ਉਹ ਪਹਿਲਾਂ ਹੀ ਸਮੇਟ ਕੇ ਲੈ ਜਾ ਚੁੱਕਾ मी।”

ਸੁੰਦਰੀ ਨੇ ਵੇਖਿਆ ਕਿ ਤਾਰਾ ਚੰਦ ਦਾ ਜ਼ਿਕਰ ਕਰਦਿਆਂ ਕਰਦਿਆਂ ਅਨਵਰ ਦੇ ਚਿਹਰੇ ਤੇ ਉਹੀ ਚਿੰਨ੍ਹ ਆ ਜਾਂਦੇ, ਜਿਹੜੇ ਕਿਸੇ ਅਜਿਹੇ ਮਨੁੱਖ ਦੇ ਚਿਹਰੇ ਤੇ ਹੁੰਦੇ ਹਨ ਜਿਹੜਾ ਕਿਸੇ ਦਾ ਖੂਨ ਕਰਨ ਲਈ ਜਾ ਰਿਹਾ ਹੋਵੇ। ਉਸ ਨੂੰ ਸਾਹ ਚੜ੍ਹ ਜਾਂਦਾ ਸੀ ਤੇ ਛਾਤੀ ਉਸ ਦੀ ਲੁਹਾਰ ਦੀ ਧੌਂਕਣੀ ਵਾਂਗ ਫੁਲ ਰਹੀ ਸੀ। ਇਥੋਂ ਤਕ ਕਿ ਗੱਲ ਕਰਦਿਆਂ ਕਰਦਿਆਂ ਉਸ ਨੂੰ ਗੱਲ ਹੀ ਭੁੱਲ ਗਈ। ਫਿਰ ਉਹ ਉਠੀ ਤੇ ਗਲਾਸ ਪਾਣੀ ਦਾ ਪੀਣ ਤੋਂ ਬਾਅਦ ਫਿਰ ਬੋਲੀ “ਉਹ ਚਲਾ ਗਿਆ ਤੇ ਮੈਂ ਸਥਰ ਪਈ ਅੱਡੀਆਂ ਰਗੜਦੀ ਰਹੀ। ਰਾਤ ਦੇ ਕੋਈ ਦੇ ਵਜੇ ਸਨ ਦੂਰ ਦੂਰ ਤਕ ਕੋਈ ਖਤਰੰਮਾ ਘਰ ਨਹੀਂ ਸੀ। ਇੰਨੇ ਨੂੰ ਦੋ ਮੁਸਲਮਾਨ ਤੀਵੀਆਂ ਨਾਲ ਦਾ ਕੋਠਾ ਟੱਪ ਕੇ ਆਈਆਂ। ਸ਼ਾਇਦ ਉਨ੍ਹਾਂ ਮੇਰੇ ਘਰ ‘ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਲਈ ਸੀ ਭਲਾ ਹੋਵੇ ਜਿਨ੍ਹਾਂ ਆ ਕੇ ਸੰਭਾਲਿਆ। ਜਾਨ ਕਮਬਖਤ ਕਿਤਨੀ ਢੀਠ ਸੀ ਇਤਨਾ ਹੋਣ ਤੇ ਵੀ ਨਾ ਨਿਕਲੀ ਤੇ ਮੈਂ ਬਚ ਗਈ। ਉਨ੍ਹਾਂ ਵਿਚੋਂ ਹੀ ਇਕ ਥੋੜ੍ਹਾ ਬਹੁਤਾ ਦਾਈ ਦਾ ਕੰਮ ਜਾਣਦੀ ਸੀ, ਜਿਸ ਨੇ ਮੇਰੀ ਦਿਲ ਲਾ ਕੇ ਟਹਿਲ ਕੀਤੀ।

“ਦੂਜੇ ਦਿਨ ਉਹਨਾਂ ਨੇ ਆਦਮੀਆਂ ਦੇ ਨਾਲ ਦੇ ਇਕ ਖਤਰੰਮੇ ਮਹੱਲੇ ਵਿਚ ਖ਼ਬਰ ਕੀਤੀ ਤੇ ਮਹੱਲੇਦਾਰ ਨੂੰ ਨਾਲ ਲੈ ਹੀ ਆਏ। ਪਰ ਜਦ ਉਹ ਮੇਰੇ ਪਾਸ ਪੁੱਜਾ ਤਾਂ ਖੋਟੇ ਕਰਮਾਂ ਨੂੰ ਇਕ ਮੁਸਲਮਾਨ ਨੇ – ਜਿਸ ਦੀ ਵਹੁਟੀ ਨੇ ਅਸਲੋਂ ਮੇਰੀ ਜਾਨ ਬਚਾਈ ਸੀ ਕਹਿ ਦਿੱਤਾ ਕਿ ਅਸੀਂ ਰਾਤ ਦੀ ਇਸ ਦੀ ਸੇਵਾ ਕਰ ਰਹੇ ਹਾਂ। ਉਸ ਨੇ ਇਹ ਵੀ ਕਿਹਾ ਕਿ ਪਹਿਲਾਂ ਇਸਦੇ ਮੂੰਹ ਵਿਚ ਪਾਣੀ ਪਾ ਕੇ ਸਾਡੀਆਂ ਤੀਵੀਆਂ ਨੇ ਇਸ ਨੂੰ ਹੋਸ਼ ਵਿਚ ਲਿਆਂਦਾ, ਫਿਰ ਗਰਮ ਦੁੱਧ ਤੇ ਹੋਰ ਕਈ ਤਰ੍ਹਾਂ ਦੀਆਂ ਗਰਮੈਸ਼ਾਂ ਇਸ ਨੂੰ ਦਿੱਤੀਆਂ ਗਈਆਂ ਤਾਂ ਜਾ ਕੇ ਮਸੇ ਇਸ ਦੀ ਜਾਨ ਬਚੀ। –

“ਇਹ ਸੁਣਨ ਦੀ ਦੇਰ ਸੀ ਮਹੱਲੇਦਾਰ ਕੰਨਾਂ ਤੇ ਹੱਥ ਧਰ ਕੇ ਉਥੋਂ ਨੱਸ ਗਿਆ ਤੇ ਜਾਂਦਾ ਹੋਇਆ ਕਹਿ ਗਿਆ “ਮੁਸਲਮਾਨਾਂ ਦੇ ਹੱਥਾਂ ਦਾ ਖੀ ਪੀ ਕੇ ਹੁਣ ਇਹ ਸਾਡੀਆਂ ਦਲੀਜ਼ਾਂ ਨਹੀਂ ਲੰਘ ਸਕਦੀ ਇਸਦਾ ਧਰਮ ਭ੍ਰਿਸ਼ਟ ਹੋ ਗਿਆ ਏ।’

“ਮੁਸਲਮਾਨ ਵਿਚਾਰੇ ਹੱਕੇ ਬੱਕੇ ਰਹਿ ਗਏ ਤੇ ਆਪਣੇ ਕੀਤੇ ਤੇ ਪਛਤਾਣ ਲੱਗੇ। ਮੈਂ ਉਸ ਵਕਤ ਚੰਗੀ ਸੁਰਤ ਵਿਚ ਸਾਂ। ਕੁਝ ਮੇਰੇ ਨਾਲ ਮੁੱਢ ਤੋਂ ਹੀ ਇਹੋ ਵਰਤਾਰਾ ਹੁੰਦਾ ਆਇਆ ਸੀ ਤੇ ਕੁਝ ਚੌਧਰੀ ਦੀ ਨਿਰਦੈਤਾ ਨੇ ਹੋਰ ਵੀ ਮੇਰੇ ਦਿਲ ਨੂੰ ਪੱਥਰ ਕਰ ਦਿੱਤਾ। ਮੈਂ ਜੋਸ਼ ਵਿਚ ਆ ਕੇ ਉਹਨਾਂ ਮੁਸਲਮਾਨਾਂ ਨੂੰ ਕਿਹਾ ਵੀਰ ਜੀ, ਜੇ ਹਿੰਦੂ ਮੈਨੂੰ ਆਪਣੇ ਪਾਸ ਆਸਰਾ ਨਹੀਂ ਦਿੰਦੇ ਤਾਂ ਕੀ ਤੁਸੀਂ ਵੀ ਮੈਨੂੰ ਦੱਸ ਦਿਨ ਆਪਣੇ ਘਰ ਨਹੀਂ ਟਿਕਣ ਦਿਉਗੇ ?”

“ਉਨ੍ਹਾਂ ਵਿਚੋਂ ਇਕ ਬੋਲਿਆ ‘ਭੈਣ ਜੀ, ਦੱਸ ਦਿਨ ਛਡਕੇ ਤੁਸੀਂ ਦੱਸ ਸਾਲ ਸਾਡੇ ਪਾਸ ਟਿਕੇ ਰਹੋ ਤੇ ਜਿਹੇ ਜਿਹਾ ਸਾਡੀਆਂ ਆਪਣੀਆਂ ਧੀਆਂ ਭੈਣਾਂ ਬਿਹਾ-ਸਿੰਨਾ ਖਾ ਰਹੀਆਂ ਨੇ, ਸਭ ਤੋਂ ਪਹਿਲਾਂ ਤੁਹਾਡੇ ਅੱਗੇ ਰਖਾਂਗੇ ਪਰ ਕੀ ਕਰੀਏ ਸਾਨੂੰ ਤੇ ਇਹ ਫ਼ਿਕਰ ਹੈ ਕਿ ਇਥੇ ਰਹਿਣ ਕਰਕੇ ਤੁਹਾਡਾ ਹਿੰਦੂ ਸਮਾਜ ਇਤਰਾਜ਼ ਕਰੇਗਾ।”

ਮੈ ਗੁੱਸੇ ਨਾਲ ਤਿਲਮਲਾ ਕੇ ਉਹਨਾਂ ਨੂੰ ਕਿਹਾ “ਹਿੰਦੂ ਸਮਾਜ ? ਜਿਸ ਸਮਾਜ ਨੇ ਮੈਨੂੰ ਗਲੀਆਂ ਦੇ ਕੱਖਾਂ ਨਾਲੋਂ ਹੌਲੀ ਕਰ ਦਿੱਤਾ। ਜਿਸਨੇ ਮੈਨੂੰ ਬਿਨਾਂ ਕਿਸੇ ਕਸੂਰ ਤੋਂ ਮਿੱਟੀ ਵਿਚ ਰੁਲਾ ਦਿਤਾ, ਕੀ ਉਸ ਸਮਾਜ ਨੂੰ ਮਨੁੱਖਾਂ ਦੀ ਜਮਾਤ ਸਮਝਦੇ ਹੋ ? ਨਹੀਂ, ਮੈਂ ਅਜਿਹੇ ਸਮਾਜ ਨੂੰ ਨਫ਼ਰਤ ਕਰਦੀ ਹਾਂ ਤੇ ਮਰਦੇ ਦਮ ਤਕ ਕਰਦੀ ਰਹਾਂਗੀ। ਜੇ ਤੁਹਾਡੇ ਦਿਲਾ ਵਿਚ ਰੱਬ ਦੇ ਬੰਦੇ ਲਈ ਦਰਦ ਹੈ ਤਾਂ ਮੈਨੂੰ ਕੁਝ ਦਿਨ ਇਥੇ ਹੀ ਪਈ ਰਹਿਣ ਦਿਓ।

‘ਫਿਰ ਇਕ ਦੂਸਰਾ ਕਹਿਣ ਲੱਗਾ – ‘ਭੈਣ ਜੀ ? ਤੂੰ ਸਾਡੀ ਅੰਮਾ ਜਾਈ ਭੈਣ ਨਾਲੋਂ ਵੱਧ ਹੈ। ਅਸੀਂ ਲਗਦੀ ਵਾਹ ਤੈਨੂੰ ਸੁਖੀ ਰਖਣ ਵਿਚ ਕੋਈ ਕਮਰ ਨਹੀਂ ਛਡਾਂਗੇ ਪਰ ਕੀ ਕਰੀਏ ਅਸੀਂ ਮਜ਼ੂਰ ਪੇਸ਼ਾ ਲੋਕ ਹਾਂ। ਤੇ ਇਤਨੇ ਗ਼ਰੀਬ ਹਾਂ ਕਿ ਤੇਰੇ ਲਈ ਕਿਸੇ ਹਿੰਦੂ ਰਸੋਈਏ ਦਾ ਬੰਦੋਬਸਤ ਨਹੀਂ ਕਰ ਸਕਦੇ। ਮੈਂ ਉਨ੍ਹਾਂ ਨੂੰ ਕਿਹਾ ਮੈਨੂੰ ਇਸ ਦੀ ਲੋੜ ਨਹੀਂ ਮੈਂ ਤੁਹਾਡੇ ਹੱਥਾਂ ਦਾ ਰਿੱਧਾ-ਪੱਕਾ ਖਾਵਾਂਗੀ। ਮੈਂ ਹਿੰਦੂ ਮਜ਼ਹਬ ਨੂੰ ਨਫ਼ਰਤ ਕਰਦੀ ਹਾਂ।”

“ਉਸ ਦਿਨ ਤੋਂ ਬਾਅਦ ਉਹ ਮੇਰੀ ਵਿਤੋਂ ਵੱਧ ਟਹਿਲ ਸੇਵਾ ਕਰਨ ਲੱਗੇ। ਮੇਰਾ ਵਾਲ ਵਾਲ ਉਹਨਾਂ ਨੂੰ ਅਸੀਸਾਂ ਦੇਣ ਲੱਗਾ। ਦੋ ਕੁ ਹਫ਼ਤੇ ਉਹਨਾਂ ਦੇ ਘਰ ਹੀ ਕੱਟੇ।”

ਅਨਵਰ ਨੇ ਆਪਣਾ ਬਿਆਨ ਜਾਰੀ ਰਖਿਆ – ਤੇਰੇ ਜੰਮਣ ਤੋਂ ਪੰਦਰਵੇਂ ਦਿਨ ਬਾਅਦ ਉਹੀ ਮਹੱਲੇਦਾਰ ਫੇਰ ਮੇਰੇ ਪਾਸ ਆਇਆ ਤੇ ਬੜੇ ਪਿਆਰ ਨਾਲ ਕਹਿਣ ਲਗਾ – ਬੀਬੀ ਮੈਂ ਉਸੇ ਦਿਨ ਤੋਂ ਤੇਰੇ ਲਈ ਫਿਕਰ ਕਰ ਰਿਹਾ ਸਾਂ, ਤੇ ਹੁਣ ਤੈਨੂੰ ਦਿੱਲੀ ਦੇ ਇਕ ਵਿਧਵਾ ਆਸ਼ਰਮ ਵਿਚ ਭੇਜਣ ਦਾ ਪ੍ਰਬੰਧ ਕਰ ਲਿਆ ਹੈ। ਉਥੇ ਤੈਨੂੰ ਹਰ ਤਰ੍ਹਾਂ ਨਾਲ ਆਰਾਮ ਮਿਲੇਗਾ, ਨਾਲੇ ਵਿੱਦਿਆ ਵੀ ਪੜ੍ਹਾਈ ਜਾਵੇਗੀ।

ਮੈਂ ਪਹਿਲੇ ਤਾਂ ਰਜਾਮੰਦ ਨਾ ਹੋਈ, ਕਿਉਂਕਿ ਉਸਦਾ ਉਸ ਦਿਨ ਵਾਲਾ ਸਲੂਕ ਮੈਨੂੰ ਯਾਦ ਸੀ। ਪਰ ਮੇਰੇ ਮੁਸਲਮਾਨ ਭਰਾਵਾਂ ਨੇ ਮੈਨੂੰ ਮਜਬੂਰ ਕੀਤਾ ਤੇ ਅਖੀਰ ਮੈਂ ਜਾਣ ਲਈ ਤਿਆਰ ਹੋ ਪਈ।

“ਦੂਜੇ ਦਿਨ ਉਹ ਆਇਆ ਤੇ ਮੈਨੂੰ ਟਾਂਗੇ ਤੇ ਬਿਠਾਲ ਕੇ ਲੈ ਗਿਆ। ਉਸੇ ਦਿਨ ਅਸੀਂ ਦੇਵੇ ਦਿੱਲੀ ਦੇ ਟਿਕਟ ਲੈ ਕੇ ਗੱਡੀ ਚੜ੍ਹ ਗਏ। ਉਸ ਦੇ ਧੀਰਜ ਦਿਲਾਸੇ ਤੇ ਮਿੱਠੀ ਬੋਲੀ ਨਾਲ ਮੇਰੇ ਦਿਲ ਨੂੰ ਕਾਫ਼ੀ ਤਸੱਲੀ ਹੋਈ।

“ਗੱਡੀ ਤੇਜ਼ ਤੇਰੇ ਜਾ ਰਹੀ ਸੀ, ਮੈਂ ਬਾਰੀ ਵਲ ਢਾਸਣਾ ਲਾਕੇ ਬੈਠੀ ਸਾਂ ਉਹ ਮੇਰੇ ਸਾਹਮਣੇ ਫੱਟੇ ਤੇ ਸੀ। ਆਸ਼ਰਮ ਸੰਬੰਧੀ ਉਹ ਮੈਨੂੰ ਉਥੋਂ ਦੇ ਵਧੀਆ ਪ੍ਰਬੰਧ ਬਾਰੇ ਕਈ ਤਰ੍ਹਾਂ ਦੇ ਹਾਲ ਸੁਣਾ ਰਿਹਾ ਸੀ। ਅਖੀਰ ਉਹ ਕੁਝ ਫ਼ਿਕਰਮੰਦ ਜਿਹਾ ਹੋ ਕੇ ਬੋਲਿਆ – ਦਾ ਤਾਂ ਹੁਣ ਖ਼ਿਆਲ ਹੀ ਨਹੀਂ ਆਇਆ।” ‘ਪਰ ਇਕ ਗੱਲ

ਮੈਂ ਪੁੱਛਿਆ”ਕੀ ?”

ਉਹ ਬੋਲਿਆ “ਉਸ ਆਸ਼ਰਮ ਦਾ ਇਹ ਨਿਯਮ ਹੈ ਕਿ ਦਾਖ਼ਲ ਹੋਣ ਵਾਲੀ ਦੇ ਕੁੱਛੜ ਦੁੱਧ ਚੁੰਘਦਾ ਬੱਚਾ ਨਹੀਂ ਹੋਣਾ ਚਾਹੀਦਾ।”

“ਬੱਚੀ ! ਤੈਨੂੰ ਉਸ ਵੇਲੇ ਮੈਂ ਦੁੱਧ ਚੁੰਘਾ ਰਹੀ ਸਾਂ ਤੇਰੇ ਚਿਹਰੇ ਵਲ ਮੈਂ ਅਰਮਾਨ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ – ਫੇਰ।”

ਉਹ ਕਹਿਣ ਲੱਗਾ “ਅਗਲੇ ਸਟੇਸ਼ਨ ਤੋਂ ਨੇੜੇ ਹੀ ਮੇਰਾ ਰਿਸ਼ਤੇਦਾਰ ਰਹਿੰਦਾ ਹੈ, ਜੇ ਤੂੰ ਕਹੇਂ ਤਾਂ ਲੜਕੀ ਹਾਲੇ ਉਸਦੇ ਹਵਾਲੇ ਕਰ ਦਿੱਤੀ ਜਾਵੇ।

ਜਦੋਂ ਇਹ ਦੁੱਧ ਛੱਡ ਦੇਵੇਗੀ, ਫਿਰ ਇਸ ਨੂੰ ਮੰਗਵਾ ਲਵਾਂਗੇ। ” ਮੈਂ ਉਸਦੀ ਗੱਲ ਸੁਣ ਕੇ ਡਰ ਗਈ ਤੇ ਮੇਰ ਦਿਲ ਵਿਚ ਪਤਾ ਨਹੀਂ ਕੀ ਹੋਣ ਲਗ ਪਿਆ। ਅਖ਼ੀਰ ਉਸ ਨੇ ਕਈ ਤਰ੍ਹਾਂ ਦੇ ਵਲ ਫੇਰ ਪਾ ਕੇ ਮੈਨੂੰ ਇਸ ਕੰਮ ਲਈ ਰਾਜ਼ੀ ਕਰ ਹੀ ਲਿਆ। ਇਸ ਤੋਂ ਬਾਅਦ ਅਗਲੇ ਸਟੇਸ਼ਨ ਤੇ ਉਹ ਉਤਰ ਖੜੋਤਾ ਤੇ ਮੈਨੂੰ ਵੀ ਉਤਰਨ ਲਈ ਕਿਹਾ। ਇਕ ਟਾਂਗਾ ਕਰਕੇ ਅਸੀਂ ਇਕ ਪਿੰਡ ਪਹੁੰਚੇ ਬਾਬਤ ਮੈਨੂੰ ਮਗਰੋਂ ਪਤਾ ਲੱਗਾ। ਉਹ ਇਹੋ ਦੀਵਾਨਪੁਰ ਸੀ,

‘ਮੈਨੂੰ ਇਸ ਪਿੰਡੋਂ ਬਾਹਰ ਇਕ ਦਰਖ਼ਤ ਥੱਲੇ ਬਿਠਾ ਕੇ ਉਹ ਆਪ ਚਲਾ ਗਿਆ, ਤੇ ਥੋੜ੍ਹੇ ਚਿਰ ਪਿੱਛੋਂ ਆ ਕੇ ਕਹਿਣ ਲੱਗਾ, ਮੈਂ ਆਪਣੇ ਸੰਬੰਧੀ ਦੇ ਜੁੰਮੇ ਕੁੜੀ ਨੂੰ ਪਾਲਣ ਦਾ ਕੰਮ ਸੌਂਪ ਆਇਆ ਹਾਂ। ਤੂੰ ਜਾ ਕੇ ਇਸਨੂੰ ਉਨ੍ਹਾਂ ਝਾੜੀਆਂ ਦੇ ਵਿਚਕਾਰ ਔਹ ਜਿਹੜੀ ਉੱਚੀ ਸਾਰੀ ਝਾੜੀ ਹੈ, ਉਸ ਝੌਂਪੜੀ ਦੇ ਲਾਗੇ, ਉਸ ਝਾੜੀ ਦੇ ਹੇਠਾਂ ਲਹਿੰਦੇ ਦੀ ਨੁਕਰੇ ਰੱਖ ਆ ਆਪੇ ਉਹ ਆ ਕੇ ਉਥੋਂ ਲੈ ਜਾਣਗੇ। ਤੈਨੂੰ ਉਹਨਾਂ ਦੇ ਸਾਹਮਣੇ ਕਰਨਾ ਮੁਨਾਸਬ ਨਹੀਂ ਸਮਝਦਾ। ਮੈਂ ਅੱਲੜ੍ਹ ਨੇ ਡਕੇ ਡੋਲੇ ਖਾਂਦਿਆਂ ਦਿਲ ਨੂੰ ਮੁਠ ਵਿਚ ਲੈ ਕੇ ਉਸੇ ਤਰ੍ਹਾਂ ਕੀਤਾ। ਪਰ ਪਿਛੋਂ ਜਾ ਕੇ ਮੈਨੂੰ ਪਤਾ ਲੱਗਾ ਕਿ ਇਹ ਉਸਦਾ ਫਰੇਬ ਸੀ – ਅਸਲ ਵਿਚ ਉਹ ਕਿਸੇ ਨੂੰ ਵੀ ਤੇਰੀ ਸੌਂਪਣੀ ਕਰਕੇ ਨਹੀਂ ਸੀ ਆਇਆ।

“ਇਸ ਤੋਂ ਬਾਅਦ ਉਸ ਨੇ ਮੈਨੂੰ ਧੀਰਜ ਦੇ ਕੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਥੋੜ੍ਹੇ ਦਿਨਾਂ ਨੂੰ ਜਦ ਕੁੜੀ ਜ਼ਰਾ ਸਿਆਣੀ ਹੈ। ਜਾਵੇਗੀ ਤਾਂ ਕੁੜੀ ਨੂੰ ਉਹ ਮੇਰੇ ਕੋਲ ਪਹੁੰਚਾ ਦੇਵੇਗਾ। ਮੇਰਾ ਖ਼ਿਆਲ ਹੈ, ਜੇ ਉਹ ਮੈਨੂੰ ਇਹ ਗਲ ਕਰਕੇ ਧੀਰਜ ਨਾ ਦੇਂਦਾ ਤਾਂ ਮੈਂ ਉਥੇ ਹੀ ਬੇਹੋਸ਼ ਹੋ ਜਾਂਦੀ।

“ਦਿੱਲੀ ਪਹੁੰਚ ਕੇ ਅਸਾਂ ਇਕ ਵਧੀਆ ਬੈਠਕ ਵਿਚ ਉਤਾਰਾ ਕੀਤਾ ਜੋ ਬੜੇ ਕੀਮਤੀ ਸਮਾਨ ਨਾਲ ਸੱਜੀ ਹੋਈ ਸੀ। ਉਸ ਵਿਚ ਹੋਰ ਕੋਈ ਨਹੀਂ ਸੀ ਉਹ ਮੈਨੂੰ ਕਹਿਣ ਲੱਗਾ – ਇਹ ਮੇਰੇ ਦੋਸਤ ਦਾ ਮਕਾਨ ਹੈ।”

“ਰਾਤੀਂ ਉਹ ਇਕ ਨੌਕਰਾਣੀ ਨੂੰ ਮੇਰੇ ਪਾਸ ਛੱਡ ਕੇ, ਆਪ ਇਹ ਕਹਿ ਕੇ ਚਲਾ ਗਿਆ, ਸਵੇਰੇ ਆ ਕੇ ਤੈਨੂੰ ਵਿਧਵਾ-ਆਸ਼ਰਮ ਵਿਚ ਦਾਖ਼ਲ ਕਰਾ ਆਵਾਂਗਾ।

“ਮੈਂ ਰਾਤ ਉਂਜ ਆਰਾਮ ਨਾਲ ਕੱਟੀ, ਪਰ ਤੇਰਾ ਖ਼ਿਆਲ ਮੈਨੂੰ ਘੜੀਮੁੜੀ ਬੇਚੈਨ ਕਰ ਦੇਂਦਾ ਸੀ – ਸਾਰੀ ਰਾਤ ਨੀਂਦਰ ਨਾ ਪਈ। ਨੌਕਰਾਣੀ ਨੇ ਮੇਰੀ ਹਰ ਤਰ੍ਹਾਂ ਨਾਲ ਸੇਵਾ ਟਹਿਲ ਕੀਤੀ, ਪਰ ਮੇਰੇ ਅਥਰੂ ਨਹੀਂ ਸਨ। ਠੱਲ੍ਹਦੇ।

“ਸਵੇਰੇ ਜਾਂ ਮੈਂ ਨਹਾ ਧੋ ਕੇ ਵਿਹਲੀ ਹੋਈ ਤਾਂ ਇੰਨੇ ਨੂੰ ਮੈਂ ਕੀ ਡਿੱਠਾ ਜੁ ਇਕ ਬੁੱਢੀ ਫਾਫਾਂ, ਜੇ ਪਹਿਰਾਵੇ ਤੋਂ ਕੰਜਰੀ ਜਾਪਦੀ ਸੀ, ਆ ਕੇ ਮੇਰੇ ਪਾਸ ਬੈਠ ਗਈ। ਮੇਰੇ ਕੋਈ ਗਲ ਕਰਨ ਤੋਂ ਪਹਿਲਾਂ ਹੀ ਉਹ ਬੋਲੀ ਬੇਟੀ ਰਾਤੀਂ ਕਿਸੇ ਗੱਲ ਦੀ ਤਕਲੀਫ਼ ਤੇ ਨਹੀਂ ਹੋਈ ? ਮੈਂ ਤਾਂ ਕਈ ਕੰਮਾ ਕਰਕੇ ਆ ਹੀ ਨਹੀਂ ਸਕੀ ਪਰ ਇਹ ਬੁੱਢੀ ਨੌਕਰਾਣੀ ਬੜੀ ਵਫਾਦਾਰ ਏ, ਉਮੀਦ ਹੈ ਇਸ ਨੇ ਤੈਨੂੰ ਹਰ ਤਰ੍ਹਾਂ ਦਾ ਆਰਾਮ ਪਹੁੰਚਾਇਆ ਹੋਵੇਗਾ।”

“ਮੈਂ ਉਹਦੀਆਂ ਗੱਲਾਂ ਸੁਣ ਕੇ ਹੱਕੀ ਬੱਕੀ ਹੋ ਗਈ, ਤੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਤੱਕਦਿਆਂ ਹੋਇਆਂ ਪੁੱਛਿਆ ਤੁਹਾਡਾ ਏ ?” “ਇਹ ਮਕਾਨ

“ਹਾਂ ਬੱਚੀ ਉਸ ਖੁਦਾਵੰਦ ਕਰੀਮ ਦਾ ਏ।
ਮੈਂ ਉਸ ਨੂੰ ਪੁੱਛਿਆ – “ਲਾਲਾ ਹੁਰੀਂ ਅਜੇ ਨਹੀਂ ਆਏ।
“ਉਹ ਬੋਲੀ – ਕਿਹੜੇ ਲਾਲਾ ਹੁਰੀ ?”

ਮੈਂ ਕਿਹਾ “ਉਹੀ, ਜਿਹੜੇ ਮੈਨੂੰ ਵਿਧਵਾ-ਆਸ਼ਰਮ ਵਿਚ ਦਾਖ਼ਲ ਕਰਾਣ ਆਏ ਸਨ।”

ਉਹ ਮੇਰੀ ਗੱਲ ਉਤੇ ਹੱਸਦੀ ਹੋਈ ਬੋਲੀ – “ਬੇਟੀ ! ਇਸ ਮਕਾਨ ਉਤੇ ਲਾਲਿਆਂ ਤੇ ਖਾਂ ਸਾਹਿਬਾਂ ਦੀ ਭਲਾ ਗਿਣਤੀ ਕੌਣ ਰੱਖ ਸਕਦਾ ਏ ਜਿਥੇ ਦਿਨ ਵਿਚ ਸੈਂਕੜੇ ਆਉਂਦੇ ਤੇ ਸੈਂਕੜੇ ਜਾਂਦੇ ਨੇ। ਪਰ ਮੈਂ ਸਮਝ ਗਈ ਹਾਂ, ਤੂੰ ਉਸ ਬਾਬਤ ਪੁਛਨੀ ਏਂ ਜਿਹੜਾ ਤੈਨੂੰ ਮੇਰੇ ਪਾਸ ਵੇਚ ਗਿਆ ਏ। ਉਹ ਤਾਂ ਰਾਤ ਦੀ ਗੱਡੀ ਹੀ ਵਾਪਸ ਚਲਾ ਗਿਆ ਤੇ ਆਪਣਾ ਇਕਰਾਰ ਜੋ ਉਸ ਨੇ ਤੇਰੇ ਨਾਲ ਕੀਤਾ ਸੀ – ਪੂਰਾ ਕਰ ਗਿਆ ਏ। ਬੱਚੀ ! ਉਹ ਤੈਨੂੰ ਵਿਧਵਾ-ਆਸ਼ਰਮ ਵਿਚ ਹੀ ਦਾਖ਼ਲ ਕਰਾ ਕੇ ਗਿਆ ਏ – ਹੋਰ ਕਿਤੇ ਨਹੀਂ। ਤੇ ਜਿਸ ਨੂੰ ਤੂੰ ਵਿਧਵਾ-ਆਸ਼ਰਮ ਸਮਝਦੀ ਏਂ, ਉਹ ਤਾਂ ਐਵੇਂ ਢਕੌਂਸਲਾ ਏ। ਇਹੇ ਅਸਲੀ ਵਿਧਵਾ-ਆਸ਼ਰਮ ਹੈ, ਜਿੱਥੇ ਸਾਡੇ ਦੇਸ਼ ਦੀਆਂ ਹਜ਼ਾਰਾਂ ਲੱਖਾ ਵਿਧਵਾਵਾਂ ਪਰਵਰਸ਼ ਪਾਂਦੀਆਂ ਤੇ ਐਸ਼ ਇਸ਼ਰਤ ਦੀ ਜ਼ਿੰਦਗੀ ਬਸਰ ਕਰਦੀਆਂ ਨੇ।

“ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਕਾਠ ਮਾਰ ਗਿਆ ਪਰ ਕੀ ਹੋ ਸਕਦਾ ਸੀ ਮੈ ਬਥੇਰੀ ਰੋਈ ਚਿੱਲਾਈ ਕਈ ਦਿਨ ਭੁੱਖੀ ਤਿਹਾਈ ਵੀ ਰਹੀ ਪਰ ਇਸਦਾ ਉਸ ਦੇ ਦਿਲ ਤੇ ਕੋਈ ਅਸਰ ਨਾ ਹੋਇਆ। ਉਹ ਬੁੱਢੀ ਬਰਾਬਰ ਤਰ੍ਹਾਂ ਤਰ੍ਹਾਂ ਦੇ ਲੋਭ ਤੇ ਰੰਗ ਰੰਗ ਦੇ ਸਬਜ਼ ਬਾਗ਼ ਦਸ ਦੱਸ ਕੇ ਮੈਨੂੰ ਕਾਬੂ ਕਰਨ ਦੇ ਯਤਨਾਂ ਵਿਚ ਲੱਗੀ ਰਹੀ। ਇਸ ਨਾਲ ਵੀ ਜਦ ਮੈਂ ਨਰਮ ਨਾ ਹੋਈ, ਤਾਂ ਉਸ ਨੇ ਇਕ ਮੁਟਿਆਰ ਨੂੰ ਇਹ ਕੰਮ ਸੌਂਪਿਆ, ਜਿਹੜੀ ਦਿਨ ਰਾਤ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ ਲੱਗੀ ਰਹਿੰਦੀ ਸੀ। ਅਖ਼ੀਰ ਉਸ ਨੇ ਮੈਨੂੰ ਇਸ ਰਾਹ ਤੇ ਲੈ ਹੀ ਆਦਾ। ਫੇਰ ਵੀ ਮੈਂ ਪਤਾ ਨਹੀਂ ਆਪਣੀ ਅੜੀ ਛਡਦੀ ਕਿ ਨਾ, ਪਰ ਉਸ ਨੇ ਮੈਨੂੰ ਆਪਣੀ ਕਥਾ ਸੁਣਾਈ ਤੇ ਦੱਸਿਆ ਕਿ ਉਹ ਵੀ ਕਿਸੇ ਦਿਨ ਬ੍ਰਾਹਮਣ ਦੀ ਸੰਤਾਨ ਤੇ ਉੱਚੀ ਕੁੱਲ ਦੀ ਬਹੂ ਬੇਟੀ ਸੀ ਪਰ ਇਸ ਸਮਾਜ ਨੇ ਜੇ ਜੇ ਅਨਿਆਉਂ ਤੇ ਕੁਕਰਮ ਕੀਤੇ ਉਸ ਦਾ ਸਿੱਟਾ ਹੈ ਕਿ ਅਜ ਉਹ ਨੀਚ ਪੇਸ਼ਾ ਲੈ ਕੇ ਬੈਠੀ ਹੈ। ਉਸ ਦਾ ਹਾਲ ਸੁਣ ਕੇ ਮੇਰਾ ਦਿਲ ਨਰਮ ਹੋ ਗਿਆ ਤੇ ਮੈਂ ਆਪਣੀ ਅਸਮਤ ਨੂੰ ਸਦਾ ਲਈ ਵੇਚ ਕੇ ਇਹ ਜ਼ਲੀਲ ਪੇਸ਼ਾ ਕਰਨ ਲਈ ਤਿਆਰ ਹੋ ਗਈ।

“ਇਸ ਤੋਂ ਬਾਅਦ ਮੈਂ ਵੀ ਉਸ ਨੂੰ ਆਪਣਾ ਹਾਲ ਸੁਣਾਇਆ। ਮੈਨੂੰ ਮਾਲੂਮ ਹੁੰਦਾ ਸੀ ਜੀਕਣ ਮੇਰਾ ਹਾਲ ਸੁਣ ਕੇ ਉਹ ਤੜਫ ਉਠੀ। ਅਤੇ ਉਸ ਨੂੰ ਹੋਰ ਵੀ ਮਸਾਲਾ ਮਿਲ ਗਿਆ ਮੈਨੂੰ ਡੇਗਣ ਦਾ। ਉਹ ਕਹਿਣ ਲੱਗੀ – “ਕੀ ਤੂੰ ਉਨ੍ਹਾਂ ਲੋਕਾਂ ਲਈ ਹੀ ਤਰਲੋ-ਮੱਛੀ ਹੋ ਰਹੀ ਏਂ, ਜਿਨ੍ਹਾਂ ਤੈਨੂੰ ਬਿਨਾਂ ਕਸੂਰੋਂ ਅਸਮਾਨ ਤੋਂ ਚੁਕ ਕੇ ਧਰਤੀ ਤੇ ਪਟਕਾ ਮਾਰਿਆ ? ਬਸ ਅਜਿਹੇ ਲੋਕਾਂ ਤੇ ਇਹੋ ਜਿਹੇ ਸਮਾਜ ਲਈ ਹੁਣ ਸਾਡਾ ਫ਼ਰਜ਼ ਹੈ ਕਿ ਅਸੀਂ ਇਸ ਸਮਾਜ ਦਾ ਸਰੇ-ਬਾਜ਼ਾਰ ਨੱਕ ਵੱਢ ਕੇ ਥਾਲੀ ਵਿਚ ਰੱਖ ਕੇ ਤੇ ਵਿਚ ਚੌਮੁਖੀਆ ਦੀਵਾ ਬਾਲ ਕੇ ਸ਼ਹਿਰ ਸ਼ਹਿਰ ਤੇ ਗਲੀ ਕੂਚੇ ਫਿਰੀਏ “ਬੱਸ ਉਸ ਦਿਨ ਤੋਂ ਮੈਂ ਆਪਣੇ ਸਤ ਧਰਮ, ਆਪਣੀ ਮਾਨ ਮਰਯਾਦਾ ਨੂੰ ਜੋ ਅੱਗੇ ਹੀ ਲਗ ਭਗ ਨਸ਼ਟ ਹੋ ਚੁਕੀ ਸੀ ਰਹਿੰਦੀ ਖੂੰਹਦੀ ਵੀ ਪੈਰਾਂ ਵਿਚ ਮਿੱਧ ਕੇ ਪਰੇ ਸੁੱਟ ਦਿੱਤੀ ਤੇ ਗੁਰਦੇਈ ਤੋਂ ਅਨਵਰ ਜਾਨ ਬਣ ਕੇ ਨੱਚਣਾ ਗਾਣਾ ਸਿੱਖਣ ਲੱਗ ਪਈ। ਰੰਗ ਰੂਪ ਤਾਂ ਮੈਨੂੰ ਰੱਬ ਨੇ ਅੱਗੇ ਹੀ ਚੰਗਾ ਦਿੱਤਾ ਹੋਇਆ ਸੀ। ਦਿਨਾਂ ਵਿਚ ਹੀ ਮੈਂ ਆਪਣੇ ਕੰਮ ਵਿਚ ਇਤਨੀ ਮਾਹਰ ਹੋ ਗਈ ਕਿ ਮੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ।

“ਬੱਚੀ ! ਅੱਜ ਤੂੰ ਵੇਖ ਰਹੀ ਏਂ ਇਸ ਭਾਈਚਾਰੇ ਦੀ ਹਾਲਤ ? ਜਦ ਮੈਂ ਹਿੰਦੂ ਧਰਮ ਦੀ ਪਵਿੱਤਰ ਤੇ ਬੇ-ਐਬ ਕੰਨਿਆ ਸੀ, ਤਾਂ ਮੈਨੂੰ ਇਸ ਸਮਾਜ ਨੇ ਜੁੱਤੀ ਦੀ ਠੋਕਰ ਮਾਰ ਕੇ ਇਸ ਤਰ੍ਹਾਂ ਪਰੇ ਸੁੱਟ ਦਿੱਤਾ। ਜੀਕਣ ਇਕ ਮੇਈ ਹੋਈ ਚੂਹੀ ਨੂੰ। ਪਰ ਅੱਜ ? ਮੈਂ ਮੁਸਲਮਾਨੀ ਹਾਂ ਤੇ ਨਾਲੇ ਕੰਜਰੀ ਹਾਂ ਪਰ ਅੱਜ ਉਹੀ ਸਮਾਜ ਤੇ ਉਸਦੇ ਵੱਡੇ ਕਰਤੇ ਧਰਤੇ – ਜਿਹੜੇ ਆਪਣੇ ਆਪ ਨੂੰ ਸਭਿਅਤਾ ਤੇ ਧਰਮ ਦੇ ਠੇਕੇਦਾਰ ਸਦਾਦੇ ਨੇ, ਅੱਜ ਮੇਰੀ ਬੈਠਕ ਤੇ ਆ ਕੇ ਮੇਰੀਆਂ ਜੁੱਤੀਆ ਦੇ ਤਲੇ ਚੱਟਦੇ ਨੇ ਤੇ ਇਸੇ ਵਿਚ ਆਪਣੀ ਇਜ਼ਤ ਸਮਝਦੇ ਨੇ। ਦੂਜੇ ਲਫਜ਼ਾਂ ਵਿਚ ਜਦੋਂ ਮੈਂ ਸਮਾਜ ਦਾ ਅਰੋਗ ਤੇ ਸਡੌਲ ਅੰਗ ਸਾਂ, ਉਦੋਂ ਉਸ ਨੇ ਮੈਨੂੰ ਆਪਣੇ ਨਾਲੋਂ ਤੋੜ ਕੇ ਗੰਦਗੀ ਵਿਚ ਸੁੱਟ ਦਿੱਤਾ ਸੀ, ਪਰ ਅੱਜ ਉਸ ਸਮਾਜ ਦੇ ਅੱਗ ਨੂੰ ਜਿਹੜਾ ਗੰਦਾ ਤੇ ਸੜਿਆ ਹੋਇਆ ਏ ਕੁਰਬਲ ਕੁਰਬਲ ਕਰ ਰਹੇ ਨੇ ਉਸ ਵਿਚ ਕੀੜੇ ਜਿਨ੍ਹਾਂ ਦੀ ਬਦਬੂ ਇਕ ਚੰਗੇ ਭਲੇ ਮਨੁੱਖ ਨੂੰ ਵੀ ਕੋਹੜ ਕਰ ਦੇਵੇ – ਚੁੰਮਣ ਚੱਟਣ ਲਈ ਸਿਰ ਮੱਥੇ ਤੇ ਰੱਖਣ ਲਈ ਉਹੀ ਸਮਾਜ ਲਾਲਾਂ ਟਪਕਾ ਰਿਹਾ ਏ।

“ਜਾਣਦੀ ਏਂ ਬੇਟੀ ਇਹ ਕਿਸ ਦੇ ਵਿਆਹ ਦੀ ਧੂਮ ਧਾਮ ਹੋ ਰਹੀ ਏ ? ਇਹ ਮੇਰੇ ਸੁਤੇਲੇ ਪੁਤਰ ਦਾ ਵਿਆਹ ਏ। ਜੇ ਤੂੰ ਅੱਧਾ ਘੰਟਾ ਪਹਿਲਾ ਆਉਂਦੀਓਂ ਤਾਂ ਮੈਂ ਤੈਨੂੰ ਇਕ ਹੋਰ ਤਮਾਸ਼ਾ ਦਿਖਾਂਦੀ। ਉਹੀ ਕਰਮ ਚੰਦ – ਲਾੜੇ ਦਾ ਭਰਾ, ਮੇਰਾ ਵੱਡਾ ਸੁਤੇਲਾ ਪੁੱਤਰ – ਜਿਸ ਨੇ ਇਕ ਟੁਕੜਾ ਰੋਟੀ ਦੇਣ ਬਦਲੇ, ਮੈਨੂੰ ਅਧਮੋਈ ਕਰ ਕੇ ਘਰੋਂ ਕੱਢ ਦਿੱਤਾ ਸੀ, ਤੇ ਕੇਵਲ ਇਕ ਰਾਤ ਇਕ ਨੇਕ ਮੁਸਲਮਨ ਦੇ ਘਰ ਰਹਿਣ ਦਾ ਬਹਾਨਾ ਲਾ ਕੇ ਉਸ ਨੇ ਮੇਰਾ ਸਦਾ ਲਈ ਉਸ ਦੇ ਘਰ ਰਹਿਣਾ ਸਿਰਫ਼ ਸਹਾਰ ਹੀ ਨਹੀਂ ਸੀ ਲਿਆ, ਸਗੋਂ ਆਪ ਇਹ ਤਜਵੀਜ਼ ਕੀਤੀ ਸੀ। ਉਹ ਹੁਣੇ ਇਥੇ ਆਇਆ ਸੀ ਤੇ ਉਸ ਦੇ ਨਾਲ ਉਹ ਸ਼ੈਤਾਨ ਪੰਡਤ ਵੀ। ਸੁਣਨਾ ਚਾਹੁੰਦੀ ਏ ਉਹ ਦੋਵੇਂ ਕਿਸ ਕੰਮ ਲਈ ਆਏ ਸਨ ? ਕਰਮ ਚੰਦ ਆਇਆ ਸੀ ਆਪਣੀ ਮਾਂ ਨਾਲ ਪ੍ਰੇਮ ਕਲੋਲ ਕਰਨ ਲਈ, ਇਕ ਕੰਜਰੀ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਪਾਸੋਂ ਪ੍ਰੇਮ ਦੀ ਭਿਛਿਆ ਮੰਗਣ ਤੇ ਉਹ ਬੁੱਢਾ ਖੰਡੂ ਪੰਡਤ – ਜਿਸ ਨੇ ਪਹਿਲਾਂ ‘ਪੁੱਤਰੀ ਪੁੱਤਰੀ’ ਕਹਿ ਕੇ ਮੈਨੂੰ ਆਸਰਾ ਦਿਤਾ ਸੀ ਤੇ ਮਗਰੋਂ ਉਸ ਪਾਪੀ ਨੇ ਤੇਰੇ ਪਿਉ (ਤਾਰਾ ਚੰਦ) ਪਾਸ ਵੇਚ ਦਿੱਤਾ ਸੀ – ਉਹ ਆਇਆ ਸੀ ਆਪਣੀ ਜਜਮਾਨ – ਕੰਨਿਆ ਪਾਸੋਂ ਪ੍ਰੇਮ ਦਾ ਦਾਨ ਮੰਗਣ ਤੇ ਸੁੰਦਰੀ । ਉਨ੍ਹਾਂ ਦੋਹਾਂ ਪ੍ਰੇਮੀਆਂ ਦੀ ਪ੍ਰੇਮ-ਵੇਦਨਾ ‘ਹਾਇ ਮਰ ਗਿਆ ਹਾਇ ਤੇਰੇ ਨੈਣਾ ਨੇ ਵਿੰਨ੍ਹ ਸੁੱਟਿਆ। ਹਾਇ ਤੇਰੀ ਅਦਾ ਨੇ ਲੁੱਟ ਲਿਆ, ‘ਜੇ ਤੂੰ ਕਦੇ ਸੁਣ ਲੈਦੀਉਂ ਤੇ ਫਿਰ ਇਹ ਸੁਣਦੀਉਂ ਕਿ ਇਕ ਪੁੱਤਰ ਮਾਂ ਪਾਸੋਂ ਤੇ ਦੂਜਾ ਪਿਉ ਧੀ ਪਾਸੋਂ, ਪ੍ਰੇਮ ਦਾ ਦਾਨ ਮੰਗ ਰਿਹਾ ਏ, ਤਾਂ ਮੇਰਾ ਖ਼ਿਆਲ ਏ ਤੂੰ ਖਲੀ-ਖਲੋਤੀ ਜ਼ਿਮੀਂ ਵਿਚ ਗਰਕ ਹੋ ਜਾਂਦੀਓ। ਉਹਨਾਂ ਅੱਜ ਸਾਰੀ ਰਾਤ ਮੇਰੇ ਬੂਹੇ ਅਗੋਂ ਹਿਲਣਾ ਨਹੀਂ ਸੀ ਜੇ ਮੈਂ ਉਹਨਾਂ ਨੂੰ ਕਲ੍ਹ ਦਾ ਇਕਰਾਰ ਕਰਕੇ ਨਾ ਟਾਲਦੀ।

ਤੇ ਇਹ ਵੀ ਸੁਣਨਾ ਚਾਹੁੰਦੀ ਏਂ ਜੋ ਮੈਂ ਕਿਉਂ ਇੱਥੇ ਕੀ ਕਰਨ ਆਈ ਹਾਂ ? ਮੁਜਰਾ ਕਰਨ, ਫਿਰ ਉਹਨਾਂ ਲੋਕਾਂ ਵਿਚ ਹੀ ? ਇਹ ਮੈਂ ਕਦੇ ਵੀ ਨਹੀਂ ਸਾਂ ਕਰਨ ਲੱਗੀ ਜੇ ਮੈਨੂੰ ਇਕ ਅਜਿਹੀ ਖਾਹਿਸ਼ ਨਾ ਹੁੰਦੀ, ਜਿਸ ਨੇ ਮੇਰਾ ਖਾਣਾ ਪੀਣਾ ਹਰਾਮ ਕਰ ਰਖਿਆ ਸੀ। ਸੁੰਦਰੀ ! ਮੇਰੀ ਬੱਚੀ ! ਸੁਣ ਮੈਂ ਇਹਨਾਂ ਦੋਹਾਂ ਦਾ ਲਹੂ ਪੀਣ ਲਈ ਆਈ ਹਾਂ ਤੇ ਇਸ ਲਈ ਮੈਂ ਕਿੰਨੇ ਚਿਰ ਤੋਂ ਇਸ ਵਿਆਹ ਦੀ ਉਡੀਕ ਵਿਚ ਸਾਂ। ਇਸ ਕੰਮ ਲਈ ਮੈਂ ਆਪਣੇ ਚਾਰ ਦਲਾਲਾਂ ਨੂੰ ਵੀ ਮੁਕਰਰ ਕਰ ਛਡਿਆ ਹੋਇਆ ਸੀ। ਤੇ ਤੀਜਾ ਕਸਾਈ ਜਿਸ ਨੇ ਮੈਨੂੰ ਕੰਜਰੀ ਪਾਸ ਵੇਚਿਆ ਸੀ ਉਸ ਨੂੰ ਤਾਂ ਮੈਂ ਕਦੇ ਦੀ ਟਿਕਾਣੇ ਲਾ ਚੁਕੀ ਹਾਂ, ਅੱਜ ਤਕ ਉਸ ਦੀ ਉੱਘ ਸੁੱਘ ਹੀ ਨਹੀਂ ਨਿਕਲਣ ਦਿੱਤੀ। ਇਹ ਬਹੁਤ ਲੰਮੀ ਕਹਾਣੀ ਏ ਤੇ ਉਸ ਦੇ ਕਤਲ ਦਾ ਹਾਲ ਸੁਣਾ ਕੇ ਮੈਂ ਤੇਰੇ ਨਾਜ਼ਕ ਦਿਲ ਤੇ ਸੱਟ ਨਹੀਂ ਮਾਰਦੀ। ਹਾਂ ਇਕ ਅਰਮਾਨ ਹੈ, ਜਿਸ ਨੂੰ ਮੈਂ ਸੀਨੇ ਵਿਚ ਹੀ ਲੈਕੇ ਮਰਾਂਗੀ, ਤੇ ਉਹ ਹੈ ਉਸ ਕਸਾਈ (ਤਾਰਾ ਚੰਦ) ਦੇ ਲਹੂ ਵਿਚ ਹੱਥ ਰੰਗਣੇ। ਪਰ ਅਫ਼ਸਸ ਕੋਸ਼ਿਸ਼ ਕਰਨ ਤੇ ਵੀ ਮੈਂ ਉਸ ਨੂੰ ਨਾ ਢੂੰਡ ਸਕੀ। ਜੇ ਕਦੇ ਇਕ ਵਾਰੀ ਮਿਲ ਗਿਆ

ਸੁੰਦਰੀ ਵਿਚ ਹੁਣ ਹੋਰ ਸੁਣਨ ਦਾ ਜੇਰਾ ਨਹੀਂ ਸੀ ਰਿਹਾ, ਉਸ ਦਾ ਸਾਰਾ ਸਰੀਰ ਅੰਗਾਰਾਂ ਵਾਂਗ ਭੱਖ ਰਿਹਾ ਸੀ। ਬਚਨ ਸਿੰਘ ਦੇ ਉਪਦੇਸ਼ਾ ਨੇ ਜੋ ਥੋੜ੍ਹਾ ਬਹੁਤ ਉਸ ਦੇ ਖ਼ਿਆਲਾਂ ਨੂੰ ਪਲਟਾ ਦਿਤਾ ਸੀ, ਉਹ ਇਸ ਤਰ੍ਹਾਂ ਉਡ ਗਏ, ਜੀਕਣ ਕੋਈ ਛੋਟੇ ਜਿਹੇ ਬੂਟੇ ਨੂੰ ਵਾੜ ਦੇ ਕੇ ਬਚਾਂਦਾ ਰਿਹਾ ਹੋਵੇ, ਪਰ ਹਨੇਰੀ ਦਾ ਇਕ ਬੁਲਾ ਉਸ ਨੂੰ ਜੜ੍ਹਾਂ ਤੋਂ ਪੁੱਟ ਕੇ ਲੈ ਜਾਵੇ। ਉਸ ਨੂੰ ਪੈਰਾਂ ਹੇਠੋਂ ਧਰਤੀ ਖਿਸਕਦੀ ਮਾਲੂਮ ਹੁੰਦੀ ਤੇ ਮਕਾਨ ਦੀ ਹਰ ਇਕ ਚੀਜ਼ ਉਸ ਦੀਆਂ ਅੱਖਾ ਅਗੇ ਗੋਲ ਚੱਕਰ ਵਿਚ ਫਿਰਦੀ ਜਾਪਦੀ ਸੀ ।

ਅਨਵਰ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਉਸ ਦੀ ਛੇਕੜਲੀ ਗੱਲ ਨੂੰ ਅਧਵਾਟਿਉਂ ਹੀ ਫੜ ਕੇ ਸੁੰਦਰੀ ਜੋਸ਼ ਵਿਚ ਉਠ ਕੇ ਬੋਲੀ ਉਸ ਦਾ ਲਹੂ ਮੈਂ ਪੀਆਂਗੀ ਮਾਂ ! ਜੇ ਮੈਂ ਤੇਰੀ ਔਲਾਦ ਹਾਂ ਉਸ ਦਾ ਲਹੂ ਪੀ ਕੇ ਆਪਣੇ ਤੇ ਤੇਰੇ ਦੋਹਾਂ ਦਿਲਾਂ ਦੀ ਅੱਗ ਬੁਝਾਵਾਂਗੀ। ਮੈਂ ਹੁਣ ਤੋਂ ਹੀ ਉਸ ਨੂੰ ਢੂੰਡਣ ਦੀ ਕੋਸ਼ਿਸ਼ ਸ਼ੁਰੂ ਕਰ ਦਿਆਂਗੀ।” ਕਹਿੰਦੀ ਕਹਿੰਦੀ ਸੁੰਦਰੀ ਉਥੋਂ ਉਠੀ ਤੇ ਦਗੜ ਦਗੜ ਪੌੜੀਆਂ ਉਤਰ ਗਈ। ਸੁੰਦਰੀ ਨੂੰ ਆਪਣੇ ਉਤੇ ਪਾਗਲਪਨ ਜਿਹਾ ਸਵਾਰ ਹੋ ਰਿਹਾ ਜਾਪਦਾ ਸੀ।

ਸੁੰਦਰੀ ਚਲੀ ਗਈ ਤੇ ਅਨਵਰ ਬੁੱਤ ਵਾਂਗ ਬੈਠੀ ਰਹੀ। ਉਸ ਦੇ ਦਿਮਾਗ਼ ਵਿਚ ਆਪਣੇ ਕਹੇ ਹੋਏ ਵਾਕ ਗੂੰਜ ਰਹੇ ਸਨ, “ਮੈਂ ਸੱਚੇ ਦਿਲੋਂ ਇਕਰਾਰ ਕਰਦੀ ਹਾਂ ਰਹੀ ਸੀ। ” ਅੱਜ ਦੀ ਘਟਨਾ ਉਸ ਨੂੰ ਸੁਪਨਾ ਮਾਲੂਮ ਹੋ

ਸੁੰਦਰੀ ਨੇ ਹੇਠਾਂ ਉਤਰ ਕੇ ਵੇਖਿਆ, ਬਚਨ ਸਿੰਘ ਉਸ ਦੀ ਉਡੀਕ ਵਿਚ ਏਧਰ ਉਧਰ ਟਹਿਲ ਰਿਹਾ ਸੀ। ਰਾਤ ਦੇ ਦੋ ਪਹਿਰ ਬੀਤ ਕੇ ਤੀਜਾ ਸ਼ੁਰੂ ਸੀ, ਜਦ ਬਚਨ ਸਿੰਘ, ਸੁੰਦਰੀ ਨੂੰ ਨਾਲ ਲੈ ਕੇ ਆਪਣੇ ਘਰ ਵਲ ਤੁਰ ਪਿਆ।

ਚਿੱਟਾ ਲਹੂ – ਅਧੂਰਾ ਕਾਂਡ (1)

“ਸੰਤਰੀ ! ਇਸ ਬਦਮਾਸ਼ ਨੂੰ ਖੜ੍ਹਾ ਰੱਖ” ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲਗ ਪਿਆ। ਸ਼ਾਮ ਦੇ ਸਤ ਵਜੇ ਦਾ ਵੇਲਾ ਸੀ। ਲੋਕ ਟਿਕਟਾਂ ਦੇ ਕੇ ਫਾਟਕ ਵਿਚੋਂ ਲੰਘਦੇ ਜਾ ਰਹੇ ਸਨ। ਸਿਪਾਹੀ ਨੇ ਮੁਸਾਫਰ ਦੀ ਬਾਂਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇਕ ਪਾਸੇ ਖੜ੍ਹਾ ਕਰ ਦਿਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿਚੋਂ ਪੂਣੀ ਹੋਏ ਹੋਏ ਕਾਗਜ਼ਾਂ ਦਾ ਇਕ ਥੱਬਾ ਹੇਠਾਂ ਡਿੱਗ ਪਿਆ, ਜਿਸ ਨੂੰ...

ਚਿੱਟਾ ਲਹੂ – ਅਧੂਰਾ ਕਾਂਡ (2)

1 ਪਤ-ਝੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖ਼ਾਮੋਸ਼ੀ ਵਿਚ ਦਰਖ਼ਤ ਦਾ ਸੁੱਕਾ ਪੱਤਰ ਖੜਖੜ ਕਰਦਾ, ਡਿੱਗ ਪੈਂਦਾ ਹੈ ਤੇ ਫਿਰ ਉਸਦੀ ਆਵਾਜ਼ ਉਸ ਖ਼ਾਮੋਸ਼ੀ ਵਿਚ ਅਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਇਸ ਅੱਧੀ ਰਾਤ ਦੇ ਸਮੇਂ ਰੱਖਾ ਦੀ ਇਕ ਟੁੱਟੀ ਭੱਜੀ ਕੁੱਲੀ ਵਿਚ ਬੈਠੀ ਹੋਈ ਇਕ ਦੁਖੀਆ ਮੁਟਿਆਰ ਜਦ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਤਾਂ ਇਸ ਹਨੇਰੀ ਤੇ ਡਰਾਉਣੀ ਛੰਨ ਵਿਚ ਉਸ ਦੀ ਗਰਮ ਭਾਫ਼ ਵਿਚ ਵਲ੍ਹੇਟੀ ਹੋਈ ਆਵਾਜ਼ ਇਕ ਵਾਰੀ ਮੱਧਮ ਜਿਹੀ ਗੂੰਜ ਪੈਦਾ ਕਰ ਉਥੇ ਹੀ...

ਤਾਸ਼ ਦੀ ਆਦਤ

"ਰਹੀਮੇ !"ਸ਼ੇਖ਼ ਅਬਦੁਲ ਹਮੀਦ ਸਬ-ਇੰਨਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, "ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ"।ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ।ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ਪਿਆ ਹੋਇਆ ਸੀ। ਇਕ ਨੁੱਕਰੇ ਕੁਝ ਮੋਟੀਆਂ-ਪਤਲੀਆਂ, ਕਾਨੂੰਨੀ ਅਤੇ ਗੈਰ-ਕਾਨੂੰਨੀ, ਆਦਿ ਕਿਤਾਬਾਂ ਉਸਰੀਆਂ ਹੋਈਆਂ ਸਨ, ਦੂਜੀ ਨੁੱਕਰੇ ਚਿੱਟੇ-ਪੀਲੇ ਉੱਘੜ-ਦੁੱਘੜ ਕਾਗਜ਼ਾਂ ਨਾਲ ਤੂਸੀਆਂ ਹੋਈਆਂ ਕਈ ਫ਼ਾਈਲਾਂ। ਵਿਚਕਾਰ ਕਲਮਦਾਨ ਅਤੇ ਉਸ ਦੇ ਲਾਗੇ ਕਰ...