ਰੋਡਾ ਜਲਾਲੀ
ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿਸੇਂ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇਂ ਵਿੱਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ
ਕਿੱਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ
ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ
ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ
ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ
ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ
ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ
ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ
ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ
ਜੇ ਤੂੰ ਭੁੱਖਾ ਰੰਨਾ ਦਾ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ
ਨਾ ਮੈਂ ਭੁੱਖਾ ਰੰਨਾ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ
ਦਰ ਵਿੱਚੋਂ ਧੂਣਾ ਚੁੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ
ਦਰ ਵਿੱਚੋਂ ਧੂਣਾ ਨਾ ਚੁੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ