ਨਾ ਕੋਈ ਦੇਸ਼
ਨਾ ਸੂਬਾ
ਨਾ ਜ਼ਿਲ੍ਹਾ
ਨਾ ਪਿੰਡ
ਨਾ ਘਰ
ਨਾ ਕੋਈ ਇਨਸਾਨ!
ਹੈ, ਤਾਂ ਕੇਵਲ ਇੱਕ ਸੋਚ…
ਇੱਕ ਜ਼ਿੱਦ!
ਇੱਕ ਜ਼ਿੱਦ ਐਸੀ,
ਜੋ ਭੁੱਖ ਨੂੰ ਰੱਜ ਨਾਲ
ਲਾਲਸਾ ਨੂੰ ਵੰਡ ਨਾਲ
ਪਿਆਸ ਨੂੰ ਛਬੀਲ ਨਾਲ
ਬੇਆਸ ਨੂੰ ਉਮੀਦ ਨਾਲ
ਬਿਮਾਰ ਨੂੰ ਇਲਾਜ ਨਾਲ
ਜਬਰ ਨੂੰ ਸਬਰ ਨਾਲ
ਹਉਮੈ ਨੂੰ ਨਿਮਰ ਨਾਲ
ਜ਼ੁਲਮ ਨੂੰ ਉਦਾਰ ਨਾਲ
ਕੱਟੜਤਾ ਨੂੰ ਪਿਆਰ ਨਾਲ,
ਖ਼ਤਮ ਕਰਨ ਦੀ ਜ਼ਿੱਦ।
ਇਹ ਜ਼ਿੱਦ ਐਸੀ, ਜੋ
ਕਿਰਤ ਕਰਾਵੇ
ਵੰਡ ਛਕਾਵੇ
ਹੱਸਦੇ ਹੱਸਦੇ
ਤੱਤੀ ਤਵੀ ਬਹਿ ਜਾਵੇ
ਸੀ ਨਾ ਕਰੇ
ਹਿੰਦ ਦੀ ਚਾਦਰ ਬਣ ਜਾਵੇ
ਪੁੱਤ ਪੋਤੇ ਪਰਿਵਾਰ ਵਾਰੇ
ਆਪ ਵਾਰੇ
ਬੱਸ, ਇੱਕ ਜ਼ਿੱਦ
ਧੱਕਾ ਨਾ ਸਹਿਣ ਦੀ
ਨਾ ਡਰਨ ਦੀ
ਨਾ ਡਰਾਉਣ ਦੀ
ਜ਼ਿੱਦ ਸੱਚ ਦੀ
ਜ਼ਿੱਦ ਜੀਣ ਦੀ
ਜ਼ਿੱਦ ਜਿਉਣ ਦੀ
ਜ਼ਿੱਦ ਹੱਸਣ ਦੀ
ਜ਼ਿੱਦ ਹਸਾਉਣ ਦੀ
ਇੱਕ ਜ਼ਿੱਦ ਆਜ਼ਾਦ ਰਹਿਣ ਦੀ
ਕਦੇ ਊਧਮ
ਕਦੇ ਸਰਾਬਾ
ਕਦੇ ਭਗਤ ਸਿੰਘ
ਅਤੇ ਹਰ ਆਮ ਇਨਸਾਨ
ਜੋ ‘ਸਿੱਖ’ ਗਿਆ ‘ਖ਼ਾਲਿਸ’ ਹੋਣਾ
ਨਾ ਰੁਕਣਾ
ਨਾ ਝੁਕਣਾ
ਨਾ ਦਬਣਾ
ਨਾ ਟੁੱਟਣਾ
ਬੱਸ ਪਹਿਰਾ ਦੇਣਾ
ਇਸ ਖ਼ਾਲਿਸ ਸੋਚ ਤੇ
ਕਿ ਅੱਤ ਰੋਕਣਾ ਅੱਤਵਾਦ ਨਹੀਂ,
ਫਰਜ਼ ਹੈ ਹਰ ਵਾਸੀ ਦਾ।
‘ਗਿੱਲਾ’ ਖ਼ਾਲਿਸ ਇਨਸਾਨ
ਸਿਆਸਤ ਨਹੀਂ ਕਰਦੇ
ਆਸ ਨਹੀਂ ਧਰਦੇ
ਅੱਡ ਹੋਣ ਦੀ
ਵੰਡੀਆਂ ਪਾਉਣ ਦੀ
ਕਾਗਜ਼ ਤੇ ਲੀਕਾਂ ਮਾਰ
ਨਵੇਂ ਦੇਸ਼ ਬਣਾਉਣ ਦੀ!