ਅੱਛੇ ਦਿਨ
ਭੁੱਖਣ ਭਾਣੇ ਜਿੱਥੇ ਸੌਣ ਨਿਆਣੇ
ਅੰਨਦਾਤਾ ਦੇ ਜੋ ਚੁੱਗ ਗਏ ਦਾਣੇ
ਵਿਕਾਸ ਦੀ ਜਾਂ ਸਵੱਛ ਭਾਰਤ ਅਭਿਆਨ ਦੀ?
ਦੱਸੋ ਕੀ ਗੱਲ ਕਰਾਂ, ਇਸ ਸ਼ਾਹੀ ਹੁਕਮਰਾਨ ਦੀ!
ਮਾਸ ਦਾ ਮਸਲਾ, ਲਵ ਜਿਹਾਦ, ਕਦੇ ਨੋਟਬੰਦੀ
ਤੋੜ ਮਸੀਤਾਂ, ਮੰਦਰਾਂ ਨੂੰ ਜੋ ਦਿੱਤੀ ਹਰੀ ਝੰਡੀ
ਜਾਂ ਜਵਾਨੀ ਬੇਬੱਸ, ਬੇਰੁਜ਼ਗਾਰ, ਲਾਚਾਰ ਦੀ?
ਦੱਸੋ ਕੀ ਗੱਲ ਕਰਾਂ, ਐਸੀ ਪਈ ਮਾਰ ਦੀ!
ਮੈਲੇ ਮਨ, ਕਠੋਰ ਦਿਲ ਜਾਂ ਕਿਸੇ ਨਵੀਂ ਪੁਸ਼ਾਕ ਦੀ
ਕੀ ਸੁਣਾਵਾਂ ਕੀਤੀ, ਇੱਕ ਤਰਫ਼ਾ ਮਨ ਕੀ ਬਾਤ ਦੀ
ਲੰਬੀ ਦਾੜੀ ਦੇ ਆਕਾਰ ਜਾਂ ਕਸੂਤੇ ਯੋਗ ਝਾਕ ਦੀ?
ਦੱਸੋ ਕੀ ਗੱਲ ਕਰਾਂ, ਇਸ ਬਹਿਰੂਪੀਏ ਜਵਾਕ ਦੀ!
ਦੱਸੋ ਕੀ ਗੱਲ ਕਰਾਂ, ਇਸ ਲੋਕਤੰਤਰ ਮਜ਼ਾਕ ਦੀ!
ਝੂਠੀਆਂ ਨਿੱਘਰ ਗੱਲਾਂ ਜਾਂ ਮੰਦੀ ਤੇ ਨਿਘਾਰ ਦੀ
ਕਿਵੇਂ ਚੁੱਪ ਕਰਾਵਾਂ ਇਹ ਖ਼ਲਕਤ ਚੀਕਾਂ ਮਾਰਦੀ
ਕਸੂਤੀਆਂ ਜੱਫੀਆਂ, ਜਾਂ ਇਕਾਂਤਵਾਸ ਅਦਾਕਾਰ ਦੀ
ਚਾਹ ਵਾਲੇ ਯਾਰ ਜਾਂ ਫਿਰ ਘੂਕ ਸੁੱਤੇ ਚੌਂਕੀਦਾਰ ਦੀ?
ਦੱਸੋ ਕੀ ਗੱਲ ਕਰਾਂ, ਇਸ ਵਜਨੋ ਹਲਕੇ ਭਾਰ ਦੀ!
ਕਿਵੇਂ ਵੰਡੇ ਲੋਕ, ਸ਼ਾਇਦ ‘ਏਕਤਾ ਦੀ ਮੂਰਤ’ ਵਿਚਾਰ ਦੀ
ਬਣਾਏ ਕਿਵੇਂ ਖਾਲਿਸਤਾਨੀ, ਜੋ ਹੱਕ ਮੰਗਦੇ ਕਿਸਾਨ ਜੀ
ਨਾ ਹੀ ਪੁਛੋ, ਮੀਡੀਆ ਤੇ ਚਲਦੇ, ‘ਅੱਛੇ ਦਿਨ’ ਪਰਚਾਰ ਦੀ
ਦੱਸੋ ਕੀ ਗੱਲ ਕਰਾਂ, ਇੱਥੇ ਕਿੰਨੇ ਕੂੜ ਪੱਤਰਕਾਰ ਜੀ!
ਕਲਮੀ ਡੰਡੇ, ਹਰੇ ਝੰਡੇ ਤੇ ਕਿਸਾਨਵਾਦੀ ਖ਼ੁਮਾਰ ਦੀ
ਜੋ ਜਾਗੀ ਇਹ ਉਮੀਦ, ਇਨਸਾਨਵਾਦੀ ਪਿਆਰ ਦੀ
ਨਾ ਧਰਮ ਦੀ, ਨਾ ਜਾਤ ਦੀ, ਨਾ ਕਿਸੇ ਮਾਰੂ ਹਥਿਆਰ ਦੀ
ਗਿੱਲਾ ਦੱਸ ਕਿਵੇਂ ਤਰੀਫ ਕਰੇਂ, ਇਸ ਸ਼ਾਂਤ ਹਾਹਾਕਾਰ ਦੀ!