ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,
ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।
ਛਾਂਟਮੇਂ ਸ਼ਰੀਰ ਵਾਲੇ, ਤੇ ਧਣਸ਼ ਤੀਰ ਵਾਲੇ,
ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।
ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।
ਰਾਜਧਾਨੀ ਰਾਜਾਂ ਵਾਲੇ, ਜੋੜੇ ਘੋੜੇ ਸਾਜ਼ਾਂ ਵਾਲੇ,
ਚਿੱਟਿਆਂ ਚਿੱਟਿਆਂ ਬਾਜਾਂ ਵਾਲੇ, ਦਾਸ ਦਾ ਆਦੇਸ ਗੁਰ ।
ਉੱਚਿਆਂ ਜੈਕਾਰਿਆਂ ਵਾਲੇ, ਤਾਜ ਝਮਕਾਰਿਆਂ ਵਾਲੇ,
ਸੋਹਣਿਆਂ ਦੁਲਾਰਿਆਂ ਵਾਲੇ, ਸੀ ਰਖਾ ਗਏ ਕੇਸ ਗੁਰ ।
ਸੱਚ ਤੇ ਅੜਨ ਵਾਲੇ, ਪਾਪ ਸੇ ਲੜਨ ਵਾਲੇ,
ਜੰਗ ਤੇ ਚੜ੍ਹਨ ਵਾਲੇ, ਹਿੰਦ ਰੱਖੀ ਏਸ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।
ਬੜੇ ਉੱਚੇ ਸ਼ਾਨ ਵਾਲੇ, ਸੁੱਚੇ ਖ਼ਾਨਦਾਨ ਵਾਲੇ,
ਤੀਰ ਤੇ ਕਮਾਨ ਵਾਲੇ, ਮਾਰਦੇ ਮਲੇਸ਼ ਗੁਰ ।
ਛੂਤ ਨੂੰ ਕੱਢਣ ਵਾਲੇ, ਮਾੜੇ ਨੂੰ ਛੱਡਣ ਵਾਲੇ,
ਵੈਰੀ ਨੂੰ ਵੱਢਣ ਵਾਲੇ, ਚੱਕ ‘ਤੇ ਕਲੇਸ਼ ਗੁਰ ।
ਬੁੱਧੂ ਸ਼ਾਹ ਜੇ ਸੁਰ ਵਾਲੇ, ਤੇ ਆਨੰਦ ਪੁਰ ਵਾਲੇ,
ਛਾਤੀ ਉਤੇ ਬੁਰ ਵਾਲੇ, ਫਿਰੇ ਦੇਸ ਪਰਦੇਸ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।
ਸਰਸਾ ਲੰਘਣ ਵਾਲੇ, ਚਮਕੌਰ ‘ਚ ਖੰਘਣ ਵਾਲੇ,
ਰੇਤ ਨੂੰ ਰੰਗਣ ਵਾਲੇ, ਲੜ ਲਾ ਗਏ ਰੇਸ ਗੁਰ ।
ਸਾਕ ਤੇ ਸਕੀਰੀ ਵਾਲੇ, ਨਿੱਕੀ ਜ੍ਹੀ ਪਨੀਰੀ ਵਾਲੇ,
ਉੱਚ-ਪੀਰ ਪੀਰੀ ਵਾਲੇ, ਸੀ ਵਟਾ ਗਏ ਭੇਸ ਗੁਰ ।
ਦੁੱਖ ਮਾਝੇ ਦੇ ਵੰਡਣ ਵਾਲੇ, ਟੁੱਟੀ ਸਿੱਖੀ ਨੂੰ ਗੰਢਣ ਵਾਲੇ,
ਡੱਲੇ ਨੂੰ ਭੰਡਣ ਵਾਲੇ, ਤਲਵੰਡੀ ਪ੍ਰਵੇਸ਼ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।