।।ਦੋਹਿਰਾ।।
ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ ।
ਹਵਾ ਵਿਚ ਘਲਿਆਰ ‘ਤਾ, ਬਿਨ ਥੰਮ੍ਹੀਉਂ ਅਸਮਾਨ ।
।।ਮਨੋਹਰ ਭਵਾਨੀ ਛੰਦ।।
ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,
ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।
ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।
ਹੇਠਾਂ ਥੰਮ੍ਹ ਨਾ ਘਲਿਆਰੇ, ਕੀ ਅਕਾਸ਼ ਨੂੰ ਸਹਾਰੇ,
ਵੇਖ ਕੇ ਹੈਰਾਨ ਸਾਰੇ, ਕੁਦਰਤ ਮਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,
ਖਾ ‘ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?
ਕਿਸ ਬਿਧ ਪਾਣੀ ‘ਤੇ ਟਿਕਾਈ ਧਰਤੀ ?
ਲੋਅ ਗਰਮ ਵਗੇ ਫੇਰ, ਕਿਤੋਂ ਚੜ੍ਹ ਆਉਂਦਾ ਨ੍ਹੇਰ,
ਜਿਸ ਵੇਲੇ ਹੋ ਜੇ ਮੇਹਰ, ਸੱਚੀ ਪਾਤਸ਼ਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਕਿਤੇ ਝਾੜ ਨਾਲ ਝਾੜ, ਕਿਤੇ ਜੰਗਲ ਪਹਾੜ,
ਕਿਤੇ ਧਰਤੀ ਨੂੰ ਪਾੜ, ਕੇ ਵਗਾਈਆਂ ਨਦੀਆਂ ।
ਵਗਦੀਆਂ ਨੂੰ ਚੱਲਆਿਂ ਗੁਜ਼ਰ ਸਦੀਆਂ ।
ਹਰੇ ਰੁੱਖ ਫੁੱਲ ਬੂਰ, ਮੇਵੇ ਨਾਲ ਭਰਪੂਰ,
ਛਾਵੇਂ ਬਹਿ ਕੇ ਹੋ ‘ਜੇ ਦੂਰ, ਤਕਲੀਫ਼ ਰਾਹੀ ਦੀ ।
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਪਰਵਾਹ ਕੀ ਤੇਰੇ ਘਰ, ਜ਼ਰੀ, ਪੱਟ ਦੀ ਨਾ ਸਰ,
ਸੋਨਾ ਚਾਂਦੀ ਦਿੱਤੇ ਕਰ, ਤੂੰ ਮਿੱਟੀ ‘ਚੋਂ ਪੈਦਾ ਹੈ,
ਹੀਰੇ ਮੋਤੀਆਂ ਦੀ ਭਟਕ ਅਲਹਿਦਾ ਹੈ ।
ਬਾਲੂ-ਸ਼ਾਹੀ ਤੇ ਬਦਾਨੇ, ਪੇੜੇ, ਰਿਉੜੀਆਂ, ਮਖਾਣੇ,
ਬੰਦਿਆ ਲੈ ਲਾ ਮਨ ਭਾਣੇ, ਜਿਹੜੀ ਚੀਜ਼ ਚਾਹੀਦੀ ?
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਇਨਸਾਨ ਬੇ-ਯਕੀਨਾ, ਕਿਤੇ ਟਿਕੇ ਨਾ ਟਿਕੀਨਾ,
ਲਾਈਆਂ ਪੇਟ ‘ਚ ਮਸ਼ੀਨਾਂ, ਦੁੱਧ ਬਣੇ ਰੱਤ ਦਾ,
ਕੌਣ ਅੰਦਾਜ਼ਾ ਲਾਵੇ ਤੇਰੀ ਮੱਤ ਦਾ ।
ਕੇਹੋ-ਕੇਹੋ ਜੇ ਸਰੀਰ, ਕਿਤੇ ਸੋਹਣੀ ਕਿਤੇ ਹੀਰ,
ਤੇਰੇ ਜੈਸੀ ਤਸਵੀਰ, ਨਾ ਕਿਸੇ ਤੋਂ ਲਾਹੀਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਜੱਗ ਰੰਗਲਾ ਬਣਾ ‘ਤਾ, ਜੋ ਸ਼ੈ ਮੰਗੇ ਰੂਹ ਰਜਾ ‘ਤਾ,
ਤੂਂ ਹੈਂ ਦਾਤਿਆਂ ਦਾ ਦਾਤਾ, ਦੇ ਕੇ ਪਛਤਾਉਂਦਾ ਨ੍ਹੀਂ,
ਤੇਰੀ ਮਿਹਰ ਬਾਨੀ ਦਾ ਅੰਤ ਆਉਂਦਾ ਨ੍ਹੀਂ ?
ਮਾਂ ਤੇ ਬਾਪ, ਪੁੱਤ, ਧੀ ਦੀ, ਚੋਗ ਮੁੱਕ ਜਾਂਦੀ ਜੀਹਦੀ,
ਫੜੀ ਜਾਂਦੇ ਦੀ ਨਾ ਦੀਹਦੀ, ਸ਼ਕਲ ਸਿਪਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਲੈ ਕੇ ਆਵੇ ਜਾਂ ਮਨੋਸ਼, ਤੇ ਟਿਕਾਣੇ ਆਵੇ ਹੋਸ਼,
ਹੋ ਜੇ ਚਾਰੇ ਪਾਸੇ ਰੋਸ਼,ਨੀ, ਅੰਧੇਰਾ ਚੱਕ ਦੇ,
ਖੁਲ੍ਹ ਜਾਣ ਦੋਵੇਂ ਨੇਤਰ ਪਟੱਕ ਦੇ ?
ਕੋਈ ਲਗਦਾ ਨਾ ਪਤਾ, ਚੰਗੂੰ ਦੱਸ ਵਜ਼੍ਹਾ-ਕਤਾ,
‘ਰਜ਼ਬ ਅਲੀ ਖਾਂ’ ਦੀ ਖ਼ਤਾ, ਬਖ਼ਸ਼ ਗੁਨਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?