15.1 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (11)

27

ਘਰ ਜਾ ਕੇ ਇਨ੍ਹਾਂ ਦੁਹਾਂ ਨੇ ਰਾਤ ਦਾ ਤੀਜਾ ਪਹਿਰ ਗੱਲਾਂ ਵਿਚ ਹੀ ਬਿਤਾਇਆ। ਕਮਰੇ ਵਿਚ ਪਹੁੰਚ ਕੇ ਜਦ ਲੈਂਪ ਦੇ ਚਾਨਣ ਵਿਚ ਬਚਨ ਸਿੰਘ ਨੇ ਸੁੰਦਰੀ ਦਾ ਚਿਹਰਾ ਵੇਖਿਆ ਤਾਂ ਉਹ ਡਰ ਜਿਹਾ ਗਿਆ। ਸੁੰਦਰੀ ਦੀਆਂ ਅੱਖਾਂ ਵਿਚੋਂ ਅੰਗਿਆਰੇ ਤਿੜਕ ਰਹੇ ਸਨ ਤੇ ਚਿਹਰੇ ਉੱਤੇ ਡਰਾਉਣੀ ਤੇ ਹਿੰਸਕ ਜਿਹੀ ਮੁਸਕਰਾਹਟ ਸੀ। ਉਹ ਕਾਹਲੀ ਨਾਲ ਸੁੰਦਰੀ ਦਾ ਮੋਢਾ ਟੁੰਬ ਕੇ ਬੋਲਿਆ “ਸੁੰਦਰੀ ਜੀ ! ਕੀ ਗੱਲ ਏ ?”

“ਕੁਝ ਨਹੀਂ ਜੀ ! ਸੁਖ ਸਾਂਦ ਏ’ ਕਹਿ ਕੇ ਤੇ ਫਿਰ ਇਹ ਖ਼ਿਆਲ ਕਰਕੇ ਕਿ ਬਚਨ ਸਿੰਘ ਉਸ ਦੇ ਦਿਲੀ-ਖ਼ਿਆਲਾ ਦਾ ਮਜ਼ਮੂਨ ਉਸ ਦੇ ਚਿਹਰੇ ਤੋਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਏ, ਉਸ ਨੇ ਸਾਰਾ ਜ਼ੋਰ ਲਾ ਕੇ ਆਪਣੇ ਅੰਦਰੂਨੀ ਤੂਫ਼ਾਨ ਨੂੰ ਰੋਕਣ ਦਾ ਯਤਨ ਕੀਤਾ। ਫਿਰ ਉਹ ਖ਼ਿਆਲ ਬਦਲਣ ਲਈ ਬੋਲੀ – ਫੇਰ ਜੰਜ ਵਾਲਿਆਂ ਵਲ ਗਏ ਸਾਓ ?”

“ਨਹੀਂ ਘਰ ਹੀ ਰਿਹਾ ਹਾਂ।” ਕਹਿ ਕੇ ਬਚਨ ਸਿੰਘ ਨੇ ਪੁੱਛਿਆ “ਸੁੰਦਰੀ ਜੀ ! ਤੁਹਾਡੀਆਂ ਅੱਖਾਂ ਅੱਜ ਬੜੀਆਂ ਲਾਲ ਨੇ, ਕੀ ਗੱਲ ਏ ?”

ਉਹ ਪੇਟਿਆਂ ਨਾਲ ਅੱਖਾਂ ਨੂੰ ਇਸ ਤਰ੍ਹਾਂ ਮਲਦੀ ਹੋਈ, ਮਾਨੇ ਅਨੀਂਦਰੇ ਦਾ ਵਿਖਾਲਾ ਕਰ ਰਹੀ ਹੋਵੇ, ਬੇਲੀ, “ਇਹ ਸਭ ਤੁਹਾਡੀ ਹੀ ਕ੍ਰਿਪਾ ਦਾ ਫਲ ਏ।”

” ਕਿਉਂ ?”

“ਤੁਸਾਂ ਕੰਮ ਜੁ ਉਹ ਸੌਂਪ ਦਿਤਾ।”

ਉਤਸ਼ਾਹਿਤ ਢੰਗ ਨਾਲ ਸੁੰਦਰੀ ਦੇ ਉਪ੍ਰੋਕਤ ਉੱਤਰ ਤੋਂ ਹੀ ਬਚਨ ਸਿੰਘ ਸਮਝ ਗਿਆ ਕਿ ਉਹ ਆਪਣੇ ਮਨੋਰਥ ਵਿਚ ਕਿਸੇ ਹੱਦ ਤਕ ਸਫ਼ਲ ਹੋ ਗਈ ਹੈ। ਤਸੱਲੀ ਕਰਨ ਲਈ ਉਸ ਨੇ ਫੇਰ ਪੁੱਛਿਆ, ਹਾਂ ਤੇ ਫਿਰ ਸੁਣਾਓ ਕੀ ਬਣਿਆ ?”

“ਬਣਿਆ ਉਹੋ ਜੋ ਕੁਝ ਕਰਨ ਗਈ ਸਾਂ।”

‘ਸਫਲਤਾ ?”

“ਪੂਰੀ ਪੂਰੀ !”

“ਨਾਮੁਮਕਿਨ

“ਮੁਮਕਿਨ ਤੋਂ ਵੀ ਵਧੀਕ !”

“ਅਰਥਾਤ ?”

ਇਸ ਦੇ ਉਤਰ ਵਿਚ ਸੁੰਦਰੀ ਨੇ ਇਤਨਾ ਹੀ ਦੱਸਿਆ ਕਿ ਉਸ ਅਨਵਰ ਪਾਸੋਂ ਪ੍ਰਣ ਲੈ ਲਿਆ ਹੈ ਕਿ ਮੁਜਰਾ ਉਹ ਨਹੀਂ ਕਰੇਗੀ। ਬਚਨ ਸਿੰਘ ਅਣਮੰਨੀ ਨਜ਼ਰ ਨਾਲ ਉਸ ਵਲ ਤਕ ਕੇ ਫੇਰ ਬੋਲਿਆ ਸੁੰਦਰੀ ਜੀ ! ਉਸ ਨੇ ਤੁਹਾਨੂੰ ਟਾਲਣ ਲਈ ਮਾਲੂਮ ਹੁੰਦਾ ਏ. ਧੋਖਾ ਦਿੱਤਾ ਏ।”

ਸੁੰਦਰੀ ਦੇ ਚਿਹਰੇ ਤੇ ਦ੍ਰਿੜ੍ਹਤਾ ਸੀ। ਉਹ ਫੇਰ ਬੇਲੀ, “ਕੁਝ ਵੀ ਹੋਵੇ, ਪਰ ਉਹ ਮੁਜਰਾ ਨਹੀਂ ਕਰੇਗੀ। ਤੁਹਾਨੂੰ ਪਤਾ ਲਗ ਜਾਊ।”

“ਸੁੰਦਰੀ ਜੀ ! ਜੇ ਉਹ ਨਾ ਨੱਚੀ ਤਾਂ ਮੈਂ ਇਹੋ ਸਮਝਾਂਗਾ ਕਿ ਤੁਸਾਂ ਰੇਤੇ ‘ਚੋਂ ਤੇਲ ਕੱਢ ਲਿਆਂਦਾ ਹੈ। ਮੰਨ ਲਓ, ਉਹ ਸਵੇਰ ਦਾ ਡੰਗ ਨਾ ਹੀ ਮੁਜਰਾ ਕਰੂ, ਪਰ ਜੰਜ ਨੇ ਤਾਂ ਅਜੇ ਪਰਸੋਂ ਕਿਤੇ ਵਿਦਿਆ ਹੋਣਾ। ਏ। ਤੁਹਾਨੂੰ ਉਸ ਪਾਸੋਂ ਇਹ ਪ੍ਰਣ ਲੈਣਾ ਚਾਹੀਦਾ ਸੀ ਕਿ ਜਿੰਨਾ ਚਿਰ ਉਹ ਦੀਵਾਨਪੁਰ ਵਿਚ ਹੈ, ਮੁਜਰਾ ਨਹੀਂ ਕਰੇਗੀ।”

ਸੁੰਦਰੀ ਨੇ ਬੁੱਲ੍ਹਾ ਵਿਚ ਹੱਸਦਿਆਂ ਕਿਹਾ,”ਬਲਕਿ ਇਸ ਨਾਲੋਂ ਵੀਂ ਵੱਧ ।”

“ਕੀ ?”

“ਉਹ ਜਦ ਤਕ ਜਿਊਂਦੀ ਰਹੇਗੀ ਇਹ ਕੰਮ ਨਹੀਂ ਕਰੇਗੀ। ਮੇਰਾ ਮਤਲਬ ਹੈ ਕਿ ਇਹ ਪੇਸ਼ਾ ਉਹ ਸਦਾ ਲਈ ਛਡ ਦੇਵੇਗੀ। ਸਮਝੋ ਕਲ੍ਹ ਵਾਲਾ ਮੁਜਰਾ ਉਸ ਦਾ ਅਖੀਰੀ ਮੁਜਰਾ ਸੀ।”

“”ਇਹ ਕਿਸ ਤਰ੍ਹਾਂ ਹੋ ਸਕਦਾ ਏ ਸੁੰਦਰੀ ਜੀ ?” ਬਚਨ ਸਿੰਘ ਨੇ ਇਸ ਸ਼ੰਕੇ ਨੂੰ ਦੂਰ ਕਰਨ ਲਈ ਕਿ ਸੁੰਦਰੀ ਮਖੌਲ ਤਾਂ ਨਹੀਂ ਕਰ ਰਹੀ। ਉਸਦੇ ਚਿਹਰੇ ਵਲ ਤਕਦਿਆਂ ਹੋਇਆ ਕਿਹਾ “ਗਿਰਤ ਪਾਸੋਂ ਸਦਾ ਲਈ ਮੁਰਦੇ ਖਾਣ ਦੀ ਵਾਦੀ ਛੁਡਾ ਕੇ ਵੈਸਨੇਪਣ ਦਾ ਪ੍ਰਣ ਲੈਣਾ ਇਹ ਨਾਮੁਮਕਿਨ ਜਿਹੀ ਗੱਲ ਹੈ।

ਸੁੰਦਰੀ ਨੇ ਉਸਨੂੰ ਨਿਸ਼ਚਾ ਕਰਾ ਦਿੱਤਾ, ਪਰ ਜੋ ਕੁਝ ਉਸ ਨਾਲ ਵਾਪਰੀ ਸੀ, ਉਸ ਬਾਬਤ ਕੁਝ ਨਾ ਦੱਸਿਆ। ਉਸ ਨੂੰ ਇਸ ਗੱਲ ਦਾ ਖ਼ਤਰਾ ਸੀ ਕਿ ਜਿਸ ਗੱਲ ਦਾ ਉਹ ਆਪਣੀ ਮਾਂ ਸਾਹਮਣੇ ਪ੍ਰਣ ਕਰ ਆਈ ਹੈ, ਜੇ ਇਸਨੂੰ ਪਤਾ ਲਗ ਗਿਆ ਤਾਂ ਇਹੋ ਹੀ ਨਹੀਂ ਕਿ ਉਸ ਦੀ ਹਾਸੀ ਉਡਾਏਗਾ, ਬਲਕਿ ਆਪਣਾ ਅਸਰ ਪਾ ਕੇ ਇਸ ਨੇ ਉਸ ਨੂੰ ਆਪਣੇ ਪ੍ਰਣ ਤੋਂ ਡੇਗ ਦੇਣਾ ਹੈ।

ਬਚਨ ਸਿੰਘ ਖ਼ੁਸ਼ੀ ਨਾਲ ਕਪੜਿਆ ਵਿਚ ਨਹੀਂ ਸੀ ਸਮਾਉਂਦਾ। ਸਭ ਤੋਂ ਪਹਿਲੀ ਹੀ ਇਤਨੀ ਵੱਡੀ ਸਫਲਤਾ ਤੇ ਫਿਰ ਸੁੰਦਰੀ ਦੇ ਹੱਥੋਂ।

ਉਹ ਗਦ ਗਦ ਹੋ ਕੇ ਬੋਲਿਆ – “ਸੁੰਦਰੀ ਜੀ ! ਤਾਂ ਤੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ।”

ਆਪਣੇ ਪ੍ਰੀਤਮ ਦੇ ਲਹਿਜੇ ਨੂੰ ਭਾਂਪ ਕੇ ਸੁੰਦਰੀ ਬੇਲੀ – “ਨਹੀਂ, ਸਗੋਂ ਇਉਂ ਕਹੋ ਕਿ ਅਸੀਂ ਕਾਮਯਾਬ ਹੋ ਚੁਕੇ ਹਾਂ।”

“ਸੁੰਦਰੀ ਜੀ ! ਅਸੀਂ ਦੋ ਤੋਂ ਇਕ ਹੋਵਾਂਗੇ ?

“ਇਹ ਵੀ ਹੋ ਚੁਕੇ ਹਾਂ।”

“ਨਹੀਂ ਸੁੰਦਰੀ ਜੀ, ਅਜੇ ਅਸੀਂ ਦੋ ਹੀ ਹਾਂ । ਇਸੇ ਤਰ੍ਹਾਂ ਕਾਮਯਾਬੀ ਵੀ ਅਜੇ ਚੋਖੀ ਦੂਰ ਹੈ, ਜਿਸ ਦਾ ਹਾਲੇ ਪਹਿਲਾ ਹੀ ਕਦਮ ਚੁੱਕਿਆ ਹੈ।”

“ਕੀ ਕਿਹਾ ਜੇ ਅਸੀਂ ਦੇ ਹਾਂ ? ਨਹੀਂ ਅਸੀਂ ਸਦਾ ਲਈ ਇਕ ਹਾਂ, ਇਹ ਏਕਤਾ ਸਦਾ ਅਟਲ ਤੇ ਅਮਰ ਰਹੇਗੀ।”

“ਰੂਹਾਨੀ ਨੁਕਤਾ-ਨਿਗਾਹ ਨਾਲ ਇਹ ਠੀਕ ਹੈ, ਪਰ ਸੁੰਦਰੀ ਜੀ, ਸਮਾਜ ਦੀਆਂ ਅੱਖਾਂ ਨੂੰ ਅਜੇ ਅਸੀਂ ਇਕ ਨਹੀਂ ਦਿਸਦੇ।”

ਸੁੰਦਰੀ ਪਿਆਰ ਨਾਲ ਬਚਨ ਸਿੰਘ ਦਾ ਹੱਥ ਆਪਣੇ ਹੱਥਾਂ ਵਿਚ ਫੜਕੇ ਬੋਲੀ – “ਸਮਾਜ ? ਕਿਹੜੇ ਸਮਾਜ ਦੀ ਗੱਲ ਕਰਦੇ ਓ ? ਉਸੇ ਸਮਾਜ ਬਾਬਤ ਕਹਿ ਰਹੋ ਓ ਜਿਸ ਦੀਆਂ ਅੱਖਾਂ ਵਿਚ ਦੁਬਿਧਾ, ਈਰਖਾ, ਸ਼ੈਤਾਨੀ ਤੇ ਨਿਕਦਰੀ ਦੇ ਰੋਗਾਂ ਕਰਕੇ ਮੋਤੀਆ ਬਿੰਦ ਹੋਇਆ ਹੋਇਆ ਹੈ ? ਇਸ ਸਮਾਜ ਨੂੰ ਜੇ ਅਸੀਂ ਇਕ ਨਹੀਂ ਦਿਸਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਚਮੁਚ ਇਕ ਨਹੀਂ ਹਾਂ। ਇਹ ਕਸੂਰ ਉਸ ਦੀਆਂ ਆਪਣੀਆਂ ਹੀ ਅੱਖਾਂ ਦਾ ਏ, ਜਿਨ੍ਹਾਂ ਨੂੰ ਕੋਈ ਕਰੋੜ ਜਨਮਾਂ ਵਿਚ ਵੀ ਤੰਦਰੁਸਤ ਨਹੀਂ ਕਰ ਸਕਦਾ। ਸਮਾਜ ਤੁਸੀਂ ਇਸ ਸਮਾਜ ਨੂੰ ਆਦਮੀਆਂ ਦੀ ਜਮਾਤ ਸਮਝਦੇ ਓ, ਪਰ ਮੈਂ…”

ਗੱਲ ਕਰਦਿਆਂ ਕਰਦਿਆਂ ਸੁੰਦਰੀ ਦਾ ਚਿਹਰਾ ਬਨਾਤ ਵਾਂਗ ਲਾਲ ਹੋ ਗਿਆ। ਉਸ ਦਾ ਸਾਹ ਤੇਜ਼ ਚਲਣ ਲੱਗ ਪਿਆ।

ਇਕ ਵਾਰਗੀ ਹੀ ਉਸਦਾ ਇਹ ਰੰਗ ਢੰਗ ਵੇਖਕੇ ਬਚਨ ਸਿੰਘ ਡਰ ਗਿਆ। ਜਦ ਉਸ ਨੇ ਸੁੰਦਰੀ ਦੇ ਚਿਹਰੇ ਤੇ ਅੱਖਾਂ ਵਲ ਗਹੁ ਨਾਲ ਤੱਕਿਆ ਤਾਂ ਉਸ ਨੂੰ ਉਸ ਦੇ ਪਾਗ਼ਲ ਹੋਣ ਦਾ ਸ਼ੱਕ ਹੋਣ ਲੱਗਾ।

ਕਹਿੰਦੇ ਹਨ ਜਿਨ੍ਹਾਂ ਰੋਗਾਂ ਨੂੰ ‘ਅਸਾਧ ਰੋਗ’ ਦੇ ਨਾਉਂ ਨਾਲ ਪੁਕਾਰਿਆ ਜਾਂਦਾ ਹੈ ਅਵੱਲ ਤਾਂ ਥੋੜ੍ਹੇ ਕੀਤੇ ਉਹ ਹਟ ਹੀ ਨਹੀਂ ਸਕਦੇ, ਪਰ ਜੇ ਕਿਸੇ ਕਾਮਲ ਹਕੀਮ ਦੀ ਮੇਹਨਤ ਨਾਲ ਰੋਗੀ ਨੂੰ ਕੁਝ ਫ਼ਰਕ ਪੈ ਵੀ ਜਾਵੇ, ਤਾਂ ਰਤਾ ਜਿੰਨੀ ਬਦ-ਪਰਹੇਜ਼ੀ ਹੋ ਜਾਣ ਕਰਕੇ ਉਸ ਰੋਗ ਦਾ ਨਵੇਂ ਸਿਰੇ ਫੁੱਟ ਪੈਣਾ ਜ਼ਰੂਰੀ ਗੱਲ ਹੁੰਦੀ ਹੈ।

ਇਹੋ ਹਾਲਤ ਇਸ ਵੇਲੇ ਸੁੰਦਰੀ ਦੀ ਸੀ। ਬਚਨ ਸਿੰਘ ਨੇ ਉਸ ਨੂੰ ਬੜੇ ਯਤਨਾਂ ਨਾਲ ਗ਼ਲਤ ਰਸਤੇ ਤੋਂ ਮੋੜ ਕੇ ਸਿੱਧੇ ਰਸਤੇ ਲਿਆਉਣ ਲਈ ਕੇਵਲ ਤਿਆਰ ਹੀ ਕੀਤਾ ਸੀ, ਹਾਲੇ ਲਿਆਂਦਾ ਨਹੀਂ ਸੀ, ਪਰ ਅਨਵਰ ਜਾਨ ਵਾਲੀ ਨਵੀਂ ਘਟਨਾ ਨੇ ਉਸ ਦੇ ਖ਼ਿਆਲਾਂ ਨੂੰ ਮੁੜ ਆਪਣੇ ਪਹਿਲੇ ਥਾਂ ਤੇ ਲੈ ਆਂਦਾ ।

“ਸੁੰਦਰੀ ਜੀ, ਅਜ ਤੁਹਾਨੂੰ ਕੀ ਹੋ ਗਿਆ ਹੈ ?” ਬਚਨ ਸਿੰਘ ਨੇ ਉਸ ਦੀ ਬਾਂਹ ਹਲੂਣ ਕੇ ਕਿਹਾ- “ਅਜ ਫੇਰ ਤੁਸੀਂ ਹਿੰਸਾ ਦੇ ਅਵਤਾਰ ਨਜ਼ਰ ਆ ਰਹੇ ਹੋ, ਇਹ ਕੀ ਗੱਲ ਏ ?”

ਫਿਰ ਉਸ ਨੂੰ ਖ਼ਿਆਲ ਆ ਗਿਆ ਜੁ ਇਸ ਵੇਲੇ ਇਸ ਵਿਸ਼ੇ ਤੇ ਗੱਲ-ਬਾਤ ਕਰਨ ਨਾਲ ਸੁੰਦਰੀ ਦੀ ਤਬੀਅਤ ਵਧੇਰੇ ਚੰਚਲ ਹੋ ਜਾਵੇਗੀ। ਇਹ ਸੋਚ ਕੇ ਉਸ ਨੇ ਇਸ ਮਸਲੇ ਨੂੰ ਕਿਸੇ ਹੋਰ ਵੇਲੇ ਲਈ ਛੱਡ ਦਿਤਾ ਤੇ ਉਸ ਦਾ ਦਿਲ ਹੋਰਥੇ ਪਾਣ ਲਈ ਕਿਹਾ – “ਖ਼ੈਰ ਇਹਨਾਂ ਗੱਲਾ ਨੂੰ ਹਾਲੇ ਛਡੇ। ਹਾਂ ਸੱਚ ਸੁੰਦਰੀ ਜੀ ! ਸਾਨੂੰ ਹੁਣ ਅੱਗੇ ਲਈ ਪ੍ਰੋਗਰਾਮ ਬਨਾਣਾ ਚਾਹੀਦਾ ਏ। ਇਸ ਬਾਬਤ ਤੁਹਾਡਾ ਕੀ ਖ਼ਿਆਲ ਏ ?”

ਇਤਨੇ ਚਿਰ ਵਿਚ ਸੁੰਦਰੀ ਨੇ ਆਪਣੇ ਆਪ ਨੂੰ ਸੰਭਾਲ ਲਿਆ। ਉਹ ਦਿਲ ਦੀ ਕਮਜ਼ੋਰੀ ਤੇ ਪਛਤਾ ਰਹੀ ਸੀ ਕਿ ਜਿਹੜੀ ਗੱਲ ਬਚਨ ਸਿੰਘ ਅੱਗੇ ਨਹੀਂ ਸੀ ਪ੍ਰਗਟ ਕਰਨਾ ਚਾਹੁੰਦੀ, ਉਸ ਦੀ ਝਲਕ ਇਸ ਵਤੀਰੇ ਨੇ ਕਿਉਂ ਉਸ ਤਕ ਪ੍ਰਗਟ ਹੋਣ ਦਿੱਤੀ। ਪਰ ਇਹ ਸੋਚ ਕੇ ਕਿ ਇਸ ਵਿਸ਼ੇ ਤੇ ਹੋਰ ਵਧੇਰੇ ਗੱਲ ਬਾਤ ਕਰਨ ਨਾਲ ਪਤਾ ਨਹੀਂ ਕੀ ਕੀ ਮੂੰਹੇ ਨਿਕਲ ਜਾਵੇ, ਸੁੰਦਰੀ ਨੇ ਵੇਲਾ ਟਾਲਣਾ ਹੀ ਠੀਕ ਸਮਝਿਆ ਤੇ ਬਚਨ ਸਿੰਘ ਦੀ ਗੱਲ ਦਾ ਉੱਤਰ ਦੇਣ ਲੱਗੀ ‘ਪਰ ਤੁਸਾਂ ਛੇਕੜਲੇ ਖ਼ਤ ਵਿਚ ਲਿਖਿਆ ਸੀ ਕਿ ਅਜੇ ਤੁਸੀਂ ਕਿਤੇ ਦੂਰ ਨੇੜੇ ਨਹੀਂ ਜਾ ਸਕਦੇ, ਫਿਰ ਇਸ ਹਾਲਤ…

“ਠੀਕ ਏ, ਪਰ ਜਦ ਤਕ ਇਥੇ ਰਹਿਣਾ ਏਂ, ਇਸ ਸਮੇਂ ਵਿਚ ਵੀ ਤਾਂ ਕੋਈ ਨਾ ਕੋਈ ਕੰਮ ਜਾਰੀ ਰੱਖਣਾ ਚਾਹੀਦਾ ਏ। ਇਸ ਪਹਿਲੇ ਕੰਮ ਵਿਚ ਸਫ਼ਲਤਾ ਵੇਖਕੇ ਸੁੰਦਰੀ ਜੀ ! ਮੇਰਾ ਹੌਸਲਾ ਬਹੁਤ ਵਧ ਗਿਆ ਏ, ਪਰ ਸਿਰਫ਼ ਤੁਹਾਡੀ ਆਸ ਤੇ । ਜਿਸ ਕੰਮ ਨੂੰ ਮੈਂ ਹਫ਼ਤਿਆਂ ਬੱਧੀ ਖੱਜਲ ਹੋ ਕੇ ਨਹੀਂ ਸਾਂ ਕਰ ਸਕਿਆ, ਉਸਨੂੰ ਤੁਸਾਂ ਇਕ ਫੇਰੇ ਨਾਲ ਹੀ ਕਰ ਦਿਖਾਇਆ। ਇਸੇ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਛੇਤੀ ਤੋਂ ढेडी……..”

ਸੁੰਦਰੀ ਬੋਲੀ – “ਮੈਂ ਤਾਂ ਕੁਝ ਵੀ ਨਹੀਂ ਕੀਤਾ, ਜੋ ਕੁਝ ਰਤੀ ਮਾਸਾ ਕੀਤਾ ਵੀ ਹੈ ਇਹ ਸਭ ਤੁਹਾਡੀ ਹੀ ਸਿੱਖਿਆ ਤੇ ਸੰਗਤ ਦਾ ਫਲ ਏ. ਨਹੀਂ ਤਾਂ ਇਕ ਬਾਂਦਰੀ ਪਾਸੋਂ ਕੀ ਆਸ ਹੋ ਸਕਦੀ ਏ। ਤੇ ਫੇਰ ਤੁਸੀਂ ਇਸ ਸੰਬੰਧੀ ਕੀ ਕਰਨਾ ਚਾਹੁੰਦੇ ਓ ?”

“ਮੈਂ ਜੋ ਕੁਝ ਚਾਹੁਨਾ ਵਾਂ ਉਹ ਉਹੋ ਕੁਝ ਹੈ, ਜਿਸ ਨੂੰ ਸੁਣ ਕੇ ਹੁਣੇ ਤੁਹਾਡੀ ਤਬੀਅਤ ਖ਼ਰਾਬ ਹੋ ਗਈ ਸੀ।”

“ਅਰਥਾਤ ?”

“ਅਰਥਾਤ ਵਿਆਹ ਦੀ ਰਸਮ, ਤਾਂ ਜੁ ਅਸੀਂ ਮਨੋਰਥ ਦੀ ਸਫ਼ਲਤਾ ਲਈ ਖੁਲ੍ਹੇ ਤੌਰ ਤੇ ਮੈਦਾਨ ਵਿਚ ਨਿਕਲੀਏ !”

ਸੁੰਦਰੀ ਸੰਕੋਚ ਰਲਵੇਂ ਹਾਸੇ ਨਾਲ ਬੋਲੀ “ਪਰ ਕੀ ਇਸ ਤੋਂ ਬਿਨਾਂ ਅਸੀਂ ਆਪਣੇ ਮਨੋਰਥ ਵਿਚ ਸਫ਼ਲ ਨਹੀਂ ਹੋ ਸਕਦੇ ?”

“ਨਹੀਂ ਸੁੰਦਰੀ ਜੀ ! ਇਹ ਅਸੰਭਵ ਹੈ।”

“ਪਰ ਮੈਂ ਤਾਂ ਇਸ ਨੂੰ ਅਸੰਭਵ ਨਹੀਂ ਸਮਝਦੀ।”

“ਤਾਂ ਤੁਸੀਂ ਹੀ ਆਪਣਾ ਵਿਚਾਰ ਦਸੋ।”

“ਇਹੋ ਕਿ ਅਸੀਂ ਕੁਝ ਚਿਰ ਲਈ ਇਕ ਦੂਜੇ ਤੋਂ ਵੱਖ ਹੋ ਕੇ ਕੰਮ ਕਰੀਏ ਤੇ ਜਦੋਂ ਆਪਣਾ ਆਪਣਾ ਕੰਮ ਪੂਰਾ ਕਰ ਲਈਏ ਤਾਂ ਫਿਰ ਉਦੋਂ ਤੱਕ ਲਈ, ਜਦ ਤੀਕ ਪ੍ਰਕ੍ਰਿਤੀ ਦਾ ਢਾਂਚਾ ਖੜ੍ਹਾ ਹੈ. ਇਕ ਹੋ ਜਾਈਏ।”

“ਸੁੰਦਰੀ ਜੀ ! ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਡਰ ਲਗ ਰਿਹਾ . ਮੈਂ ਤੁਹਾਡਾ ਮਤਲਬ ਨਹੀਂ ਸਮਝਿਆ।”

ਏ “ਪ੍ਰੇਮ ਦੇ ਰਸਤੇ ਵਿਚ ਵੀ ਡਰ ਨੂੰ ਕੋਈ ਥਾਂ ਹੁੰਦੀ ਏ ? ਇਹ ਤਾਂ ਤੁਹਾਡੇ ਮੂੰਹੋਂ ਅੱਜ ਓਪਰੀ ਜਿਹੀ ਗੱਲ ਸੁਣੀ ਏ। ਮੇਰੇ ਕਹਿਣ ਦਾ ਮਤਲਬ ਇਹ ਵੇ ਕਿ ‘

ਗੱਲ ਕਰਦੀ ਕਰਦੀ ਸੁੰਦਰੀ ਚੁਪ ਹੋ ਗਈ। ਬਚਨ ਸਿੰਘ ਦੀ ਘਬਰਾਹਟ ਹੋਰ ਵਧ ਗਈ ਏ ਉਹ ਬੋਲਿਆ

“ਹਾਂ ਕੀ ਮਤਲਬ ?”

“ਮੇਰੇ ਕਹਿਣ ਦਾ ਮਤਲਬ ਇਹੋ ਵੇ ਕਿ ਤੁਸੀਂ. ਲਈ ਮੈਨੂੰ ਭੁੱਲ ਜਾਓ।” ਕੁਝ ਚਿਰ

“ਤੁਹਾਨੂੰ ਭੁਲ ਜਾਵਾਂ ?” ਤੜਫਦਿਆਂ ਹੋਇਆਂ ਬਚਨ ਸਿੰਘ ਨੇ ਕਿਹਾ – “ਸੁੰਦਰੀ ਜੀ ! ਇਹ ਤੁਸੀਂ ਕੀ ਕਹਿ ਰਹੇ ਹੋ ? ਅਨਵਰ ਦੇ ਮਕਾਨ ਵਲ ਜਾਣ ਤੋਂ ਪਹਿਲਾਂ ਤੇ ਤੁਹਾਡੀ ਇਹ ਹਾਲਤ ਨਹੀਂ ਸੀ।”

“ਹਾਂ ! ਭੁੱਲ ਜਾਓ।” ਬਿਨਾਂ ਉਸਦੀ ਗੱਲ ਵਲ ਧਿਆਨ ਕੀਤਿਆਂ ਸੁੰਦਰੀ ਬੋਲੀ – ”ਜੇ ਭੁੱਲ ਨਹੀਂ ਸਕਦੇ ਤਾਂ ਮੇਰੀ ਯਾਦ ਨੂੰ ਹੀ ਸੁੰਦਰੀ ਸਮਝ ਕੇ ਸਦਾ ਲਈ ਆਪਣੇ ਦਿਲ ਵਿਚ ਰਖੋ।”

ਬਚਨ ਸਿੰਘ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ। ਉਹ ਬਿਹਬਲਤਾ ਨਾਲ ਸੁੰਦਰੀ ਦਾ ਹੱਥ ਫੜ ਕੇ ਬੋਲਿਆ “ਸੁੰਦਰੀ ਜੀ ! ਰੱਬ ਦੇ ਵਾਸਤੇ ਅਜਿਹੀਆਂ ਗੱਲਾਂ ਨਾ ਕਰੋ। ਮੇਰੇ ਤੇ ਰਹਿਮ ਕਰਕੇ ਮੇਰੇ ਦਿਲ ਦੀ ਹਾਲਤ ਨੂੰ ਅਨੁਭਵ ਕਰੇ।”

ਸੁੰਦਰੀ ਨੇ ਬਚਨ ਸਿੰਘ ਦੇ ਹੱਥ ਨੂੰ ਘੁਟ ਕੇ ਦੁਹਾਂ ਹੱਥਾਂ ਵਿਚ ਫੜ ਲਿਆ ਤੇ ਦਿਲ ਦੀ ਚੰਚਲਤਾ ਨੂੰ ਦਬਾਂਦੀ ਹੋਈ ਬੋਲੀ ”ਤੁਸੀਂ ਇਸ ਤਰ੍ਹਾਂ ਕਿਉਂ ਹੁੰਦੇ ਜਾਂਦੇ ਓ ! ਮੈਂ ਤੁਹਾਡੀ ਤੇ ਕੇਵਲ ਤੁਹਾਡੀ ਹਾਂ. ਸਦਾ ਲਈ ਤੁਹਾਡੀ। ਅੱਥਰੂ ਵਹਾ ਕੇ ਮੇਰੇ ਸਬਰ ਦਾ ਬੰਨ੍ਹ ਨਾ ਰੋੜ੍ਹ, ਮੇਰੇ ਪ੍ਰਣ ਦਾ ਕਿਲਾ ਨਾ ਤੋੜੇ।” ਬਚਨ ਸਿੰਘ ਦੇ ਦਿਲ ਦੀ ਅੱਗ ਬੁਝਾਣ ਲਈ ਇਸ ਵੇਲੇ ਸੁੰਦਰੀ ਪਾਸ ਜਿਹੜਾ ਪਾਣੀ ਸੀ ਮਾਨੇ ਉਹ ਵੀ ਅੱਗ ਦੇ ਰੂਪ ਵਿਚ ਵਟ ਗਿਆ। ਇਸ ਵੇਲੇ ਸੁੰਦਰੀ ਅੱਗ ਤੇ ਅੱਗ ਪਾ ਕੇ ਉਸ ਨੂੰ ਬੁਝਾਣ ਦਾ ਯਤਨ ਕਰ ਰਹੀ ਸੀ। ਉਸ ਨੂੰ ਆਪਣੇ ਦਿਲ ਦੀ ਅੱਗ ਬੁਝਾਣ ਲਈ ਵੀ ਪਾਣੀ ਦੀ ਲੋੜ ਸੀ, ਪਰ ਦੂਜੇ ਪਾਸੇ ਵੀ ਅੱਗ ਹੀ ਸੀ। ਇਸ ਦਾ ਸਿੱਟਾ ਬਾਰੀ ਹੋਇਆ, ਜਿਸ ਤਰ੍ਹਾਂ ਇਕ ਮਕਾਨ ਨੂੰ ਅੱਗ ਲਗੀ ਹੋਈ ਹੋਵੇ, ਪਰ ਉਸ ਨੂੰ ਬੁਝਾਣ ਵਾਲਾ ਇੰਜਨ ਵੀ ਬਲ ਰਿਹਾ ਹੋਵੇ।

ਬਚਨ ਸਿੰਘ ਫੇਰ ਬੋਲਿਆ – ਪਾਓ, ਆਪਣੇ ਦਿਲ ਦੀ ਗੱਲ ਸਾਫ਼ ਸਾਫ਼ “ਸੁੰਦਰੀ ਜੀ ! ਬੁਝਾਰਤਾਂ ਨਾ ਦੱਸੇ।”

ਸੁੰਦਰੀ ਨੇ ਬਦੋਬਦੀ ਹੱਸਣ ਦਾ ਯਤਨ ਕਰਦਿਆਂ ਹੋਇਆ ਕਿਹਾ “ਸਾਫ਼ ਸਾਫ਼ ਗੱਲ ਦੱਸਾਂਗੀ। ਕੇਵਲ ਮੇਰੀ ਖ਼ਾਤਰ ਹੀ ਤੁਹਾਨੂੰ ਅੱਜ ਤਕ ਜੋ ਜੇ ਮੁਸੀਬਤਾਂ ਸਹਿਣੀਆਂ ਪਈਆਂ ਨੇ, ਉਹ ਮੈਥੋਂ ਗੁਝੀਆਂ ਨਹੀਂ। ਜੇ ਏਥੇ ਹੀ ਬਸ ਹੋ ਜਾਂਦੀ ਤਾਂ ਵੀ ਮੈਂ ਸਹਿ ਲੈਂਦੀ, ਪਰ ਮੈਂ ਵੇਖ ਰਹੀ ਹਾਂ, ਮੇਰੀ ਹੋਂਦ ਨਾਲ ਤੁਹਾਨੂੰ ਅਜੇ ਹੋਰ ਬਹੁਤ ਕੁਝ ਵੇਖਣਾ ਪਵੇਗਾ। ਸੋ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਹਾਲੇ ਕੁਝ ਚਿਰ ਲਈ ਮੈਨੂੰ ਆਪਣੇ ਤੋਂ ਵਖ ਕਰ ਦਿਓ। ਤੁਸੀਂ, ਜਦ ਤਕ ਤੁਹਾਡੀ ਮਾਤਾ ਜੀ ਦਾ ਦਮ ਹੈ, ਉਹਨਾਂ ਦੀ ਸੇਵਾ ਕਰੋ। ਉਹਨਾਂ ਦੀ ਸਭ ਤੋਂ ਵਡੀ ਸੱਧਰ ਪੂਰੀ ਕਰੋ। ਘਰ ਵਿਚ ਵਹੁਟੀ ਵੇਖਕੇ ਉਹਨਾਂ ਨੂੰ ਸਾਰੇ ਦੁਖ ਭੁੱਲ ਜਾਣਗੇ।”

ਬਚਨ ਸਿੰਘ ਦੀ ਛਾਤੀ ਵਿਚ ਤੀਰ ਵਜ ਰਹੇ ਸਨ। ਉਹ ਇਕ ਹੱਥ ਆਪਣੀਆਂ ਅੱਖਾਂ ਅਗੇ ਦੇ ਕੇ ਦੂਜੇ ਹੱਥ ਨਾਲ ਸੁੰਦਰੀ ਨੂੰ ਚੁਪ ਰਹਿਣ ਦਾ ਇਸ਼ਾਰਾ ਕਰਦਾ ਹੋਇਆ ਬੋਲਿਆ ”ਸੁੰਦਰੀ ਜੀ, ਰੱਬ ਦੇ ਵਾਸਤੇ ਇਸ ਕਥਾ ਦਾ ਭੋਗ ਪਾਓ। ਜੇ ਤੁਹਾਥੋਂ ਬਿਨਾਂ ਕਿਸੇ ਹੋਰ ਨਾਲ ਮੈਨੂੰ ਵਿਆਹ ਕਰਾਉਣਾ ਪਿਆ ਤਾਂ ਉਹ ਸਿਰਫ਼ ਮੌਤ ਹੀ ਹੋਵੇਗੀ। ਇਸ ਤੋਂ ਵਧ ਮੈਂ ਕੁਝ ਨਹੀਂ ਕਹਿ ਸਕਦਾ ਨਾ ਸੁਣ ਸਕਦਾ ਹਾਂ।’

ਸੁੰਦਰੀ ਦਾ ਇਨ੍ਹਾਂ ਗੱਲਾਂ ਵਲ ਧਿਆਨ ਨਹੀਂ ਸੀ। ਉਹ ਕਿਸੇ ਡੂੰਘੀ ਸੋਚ ਵਿਚ ਲੀਨ ਸੀ। ਬਚਨ ਸਿੰਘ ਨੇ ਵੀ ਉਸ ਵੇਲੇ ਹੋਰ ਕੁਝ ਕਹਿਣਾ ਮੁਨਾਸਬ ਨਾ ਸਮਝ ਕੇ ਉਠਣ ਦੀ ਤਿਆਰੀ ਕੀਤੀ। ਉਸ ਦਾ ਖ਼ਿਆਲ ਸੀ, ਫਿਰ ਕਿਸੇ ਹੋਰ ਵੇਲੇ ਜਦ ਸੁੰਦਰੀ ਦੀ ਤਬੀਅਤ ਪ੍ਰਸੰਨ ਵੇਖਾਂਗਾ ਤਾਂ ਉਸ ਦੇ ਦਿਲੇ ਇਹ ਗਲਤ ਖ਼ਿਆਲ ਕੱਢਣ ਦਾ ਯਤਨ ਕਰਾਂਗਾ।

ਉਧਰ ਸੁੰਦਰੀ ਵੀ ਇਹੋ ਸੋਚ ਰਹੀ ਸੀ ਕਿ ਐਸੀਆਂ ਉਕਤੀਆਂ ਕਲੀਲਾਂ ਸੱਚੀਆਂ ਜਾਣ, ਜਿਨ੍ਹਾਂ ਨਾਲ ਉਹ ਬਚਨ ਸਿੰਘ ਨੂੰ ਆਪਣੇ ਖ਼ਿਆਲਾ ਦਾ ਬਣਾ ਸਕੇ ਤੇ ਉਹ ਉਸ ਨਾਲ ਕੇਵਲ ਆਤਮਕ ਰਿਸ਼ਤਾ ਹੀ ਰਖਦਾ ਹੋਇਆ, ਛੇਤੀ ਕਿਸੇ ਚੰਗੇ ਘਰਾਣੇ ਵਿਚ ਵਿਆਹ ਕਰਾ ਕੇ ਆਪਣੇ ਕੰਡੇਦਾਰ ਜੀਵਨ ਨੂੰ ਇਕ ਵਾਰੀ ਪ੍ਰਫੁੱਲਤ ਬਣਾ ਲਵੇ।

ਪ੍ਰਭਾਤ ਦੀ ਸਫੈਦੀ ਹੌਲੀ ਹੌਲੀ ਹਨੇਰੇ ਦੀ ਥਾਂ ਮਲ ਰਹੀ ਸੀ। ਰਾਤ ਦਾ ਬਾਕੀ ਹਿੱਸਾ ਛਾਲਾਂ ਮਾਰਦਾ ਲੰਘ ਗਿਆ। ਬਚਨ ਸਿੰਘ ਉਠ ਕੇ ਆਪਣੇ ਕਮਰੇ ਵਿਚ ਜਾਣ ਲਈ ਤਿਆਰ ਹੋਇਆ ਤਾਂ ਸੁੰਦਰੀ ਨੇ ਉਸ ਫਲ ਪਿਆਰ ਭਰੀ ਚਿਤਾਵਨੀ ਨਾਲ ਤੱਕ ਕੇ ਕਿਹਾ – “ਜਾ ਰਹੇ ਹੋ ?

“ਫੇਰ ਕਿਸੇ ਵੇਲੇ ਤੁਹਾਡੇ ਇਨ੍ਹਾਂ ਵਹਿਮੀ ਖ਼ਿਆਲਾਂ ਨੂੰ ਤੁਹਾਡੇ ਦਿਲ ‘ਚੋਂ ਕੱਢਣ ਦੀ ਕੋਸ਼ਿਸ਼ ਕਰਾਂਗਾ।”

“ਰੱਬ ਕਰਦਾ ਇਹ ਖ਼ਿਆਲ ਵਹਿਮ ਹੀ ਹੁੰਦੇ।” ਇਸ ਤੋਂ ਬਾਅਦ ਬਚਨ ਸਿੰਘ ਉਠ ਕੇ ਆਪਣੇ ਕਮਰੇ ਵਲ ਚਲਾ ਗਿਆ। ਸੁੰਦਰੀ ਦੀਆਂ ਬੇਨੀਂਦ ਅੱਖਾਂ ਵਿਚ ਅਨਵਰ ਫਿਰ ਰਹੀ ਸੀ, ਤੇ ਏਸੇ ਹਾਲਤ ਵਿਚ ਉਸਦੀ ਅੱਖ ਲਗ ਗਈ।

28

ਤਿੰਨ ਪਹਿਰ ਦੇ ਅਨੀਂਦੇ ਬਾਅਦ ਚੌਥੇ ਪਹਿਰ ਦੀ ਠੰਢੀ ਹਵਾ ਨੇ ਸੁੰਦਰੀ ਦੀਆਂ ਅੱਖਾਂ ਵਿਚ ਨੀਂਦਰ ਭਰ ਦਿਤੀ, ਪਰ ਬੜੇ ਡਰਾਉਣੇ ਤੇ ਸਹਿਮ ਭਰੇ ਸੁਪਨਿਆਂ ਵਾਲੀ ਨੀਂਦਰ। ਮਾਨੋ ਨੀਂਦਰ ਨੇ ਉਸ ਨੂੰ ਚੁੱਕ ਕੇ ਕਿਸੇ ਖ਼ੂਨੀ ਦੁਨੀਆ ਵਿਚ ਲੈ ਜਾ ਸੁੱਟਿਆ, ਜਿਥੋਂ ਦੀ ਜ਼ਿਮੀਂ, ਅਸਮਾਨ, ਚੰਨ, ਸੂਰਜ ਸਭ ਕੁਝ ਖ਼ੂਨ ਦਾ ਬਣਿਆ ਹੋਇਆ ਸੀ। ਉਸ ਦੀਆਂ ਅੱਖਾਂ ਕੰਨਾਂ ਥਾਣੀ, ਜਿਵੇਂ ਛੁਰੀਆਂ, ਕਟਾਰਾਂ ਛਵੀਆਂ, ਟੇਕਿਆਂ ਦੇ ਥੱਬੇ ਉਸ ਦੇ ਦਿਮਾਗ਼ ਵਿਚ ਉਤਰਦੇ ਜਾਂਦੇ ਸਨ। ਧਰਤੀ ਦਾ ਚੱਪਾ ਚੱਪਾ ਥਾਂ ਖ਼ੂਨ-ਖੂਨ ਕੁਰਲਾ ਰਿਹਾ ਸੀ। ਦਰਖ਼ਤਾਂ ਤੇ ਬੈਠੇ ਪੰਛੀ ਵੀ ਖੂਨ ਖੂਨ ਗਾ ਰਹੇ ਸਨ। ਤੇ ਨਦੀਆਂ, ਖੂਹਾਂ, ਟੋਭਿਆਂ ਦਾ ਸਾਰਾ ਪਾਣੀ ਖ਼ੂਨ ਬਣ ਗਿਆ ਸੀ। ਉਹ ਜਿਸ ਪਾਸੇ ਜਾਂਦੀ ਖੂਨ ਦੇ ਸੋਹਲੇ ਹੀ ਉਸ ਨੂੰ ਸੁਣਾਈ ਦੇਂਦੇ ਸਨ। ਉਸ ਦੇ ਕਪੜਿਆ ਵਿਚੋਂ. ਵਾਲਾਂ ਵਿਚੋਂ, ਅੱਖਾਂ ਤੇ ਜ਼ਬਾਨ ਵਿਚੋਂ ਖੂਨ ਹੀ ਖੂਨ ਚੋ ਰਿਹਾ ਸੀ। ਖੂਨ ਦੀ ਨਦੀ ਵਿਚ ਰੁੜ੍ਹਦੀ ਹੋਈ ਉਹ ਡੂੰਘੀ ਤੋਂ ਡੂੰਘੀ ਉਤਰਦੀ ਜਾ ਰਹੀ ਸੀ, ਜਿਥੇ ਛੋਟੀਆਂ ਮੱਛੀਆਂ ਤੋਂ ਲੈ ਕੇ ਵਡੇ ਵਡੇ ਮਗਰ ਮੱਛਾਂ ਦੇ ਪੇਟ ਖੂਨ ਨਾਲ ਭਰੇ ਹੋਏ ਸਨ। ਇਹਨਾਂ ਜਲ-ਜੰਤੂਆਂ ਨੂੰ ਜਿਵੇਂ ਮਨੁੱਖੀ ਜਬਾਨਾ ਲਗੀਆਂ ਹੋਈਆਂ ਸਨ ਤੇ ਉਹ ਖੂਨ ਖ਼ੂਨ ਦਾ ਸ਼ੇਰ ਮਜ਼ਾਦ ਹੋਏ ਇਕ ਦੂਜੇ ਦੇ ਮਗਰ ਦੌੜ ਰਹੇ ਸਨ। ਜ਼ਾਲਮ ਵੀ, ਸ਼ਿਕਾਰ ਵੀ ਤੇ ਸ਼ਿਕਾਰੀ ਵੀ ਸਭ ਦੀ ਜ਼ਬਾਨ ਵਿਚ ਇਕੋ ਸ਼ਬਦ ਸੀ

ਖੂਨ ਖੂਨ ਖੂਨ। ਸੁੰਦਰੀ ਆਪਣੇ ਆਪ ਨੂੰ ਇਸ ਵੇਲੇ ਖੂਨੀ ਨਦੀ ਦੀ ਧੁਰ ਤਹਿ ਤਕ ਪਹੁੰਚੀ ਮਹਿਸੂਸ ਕਰ ਰਹੀ ਸੀ। ਉਸ ਦਾ ਸਾਹ ਘੁਟ ਰਿਹਾ ਸੀ, ਉਸ ਨੇ ਘਬਰਾ ਕੇ- ਬੁੜਬੁੜਾ ਕੇ ਚੀਕ ਮਾਰੀ, ਪਰ ਸ਼ਾਇਦ ਇਹ ਚੀਕ ਉਸ ਦੇ ਬੁਲ੍ਹਾਂ ਚੋਂ ਨਿਕਲੀ ਨਹੀਂ, ਅੰਦਰੇ ਗੁੰਮ ਹੋ ਗਈ। ਉਸਨੇ ਤ੍ਰਬਕ ਕੇ ਪਾਸ ਪਰਤਿਆ ਤਾਂ ਉਸਨੇ ਆਪਣੇ ਦੋਵੇਂ ਹੱਥ ਛਾਤੀ ਤੇ ਵੇਖੇ। ਕਮਰੇ ਵਿਚ ਸੂਰਜ ਦੀਆਂ ਕਿਰਨਾਂ ਚਮਕ ਰਹੀਆਂ ਸਨ, ਜਿਹੜੀਆਂ ਸੁੰਦਰੀ ਨੂੰ ਪੀਲੀਆਂ ਦੇ ਥਾਂ ਲਾਲ ਲਾਲ ਖੂਨ ਨਾਲ ਰੰਗੀਆਂ ਜਾਪੀਆ। ਖੂਨ ਖੂਨ ਦਾ ਰੋਲਾ ਅਜੇ ਤੱਕ ਉਸ ਦੇ ਕੰਨਾਂ ਵਿਚ ਗੂੰਜ ਰਿਹਾ ਸੀ।

ਉਸ ਦੀਆਂ ਅੱਖਾਂ ਖੁਲ੍ਹੀਆਂ, ਪਰ ਡਰ ਨਾਲ ਉਸ ਨੇ ਫੇਰ ਮੀਟ ਲਈਆਂ। ਖ਼ੂਨ ਖੂਨ ਦਾ ਰੌਲਾ ਅਜੇ ਤਕ ਉਸ ਦੇ ਕੰਨਾਂ ਦੇ ਪਰਦੇ ਪਾੜ ਰਿਹਾ ਸੀ, ਉਸ ਨੇ ਫੇਰ ਅੱਖਾਂ ਖੋਲ੍ਹੀਆਂ ਤੇ ਝਟ ਪਟ ਮੰਜੇ ਤੋਂ ਉਠ ਬੈਠੀ। ਸੂਰਜ ਚੋਖਾ ਚੜ੍ਹ ਆਇਆ ਸੀ। ਉਸ ਨੂੰ ਜਾਪਿਆ ਜਿਵੇਂ ਸਾਰਾ ਮਕਾਨ ਆਦਮੀਆਂ ਨਾਲ ਘਿਰਿਆ ਹੋਇਆ ਹੈ ਤੇ ਹਰ ਪਾਸੇ ਖ਼ੂਨ ਖ਼ੂਨ ਦੀਆਂ। ਆਵਾਜ਼ਾਂ ਆ ਰਹੀਆਂ ਹਨ।

ਉਹ ਝਟ ਪਟ ਕਮਰੇ ਚੋਂ ਬਾਹਰ ਨਿਕਲੀ। ਸਾਰਾ ਪਿੰਡ ਬਚਨ ਸਿੰਘ ਦੇ ਦੁਆਲੇ ਜੁੜਿਆ ਹੋਇਆ ਸੀ। ਬਚਨ ਸਿੰਘ ਨੂੰ ਪੁਲਸ ਨੇ ਹੱਥਕੜੀਆਂ ਲਾਈਆਂ ਹੋਈਆਂ ਸਨ। ਉਸ ਦੀ ਮਾਂ ਪਿੱਟ ਪਿੱਟ ਕੇ ਨੀਲੀ ਹੋ ਰਹੀ ਸੀ। ਇਕ ਪਾਸਿਓਂ ਆਵਾਜ਼ ਆਈ- “ਬਚਨ ਸਿੰਘ ਨੇ ਤਿੰਨ ਖੂਨ ਕਰ ਦਿਤੇ- ਇਕ ਕੰਜਰੀ, ਇਕ ਬੁੱਢਾ ਪੰਡਤ ਤੇ ਇਕ ਲਾੜੇ ਦਾ ਭਰਾ ਕਰਮ ਚੰਦ।”

“ਹੈ ! ਤਿੰਨ ਖੂਨ ! ਤੇ ਬਚਨ ਸਿੰਘ ਨੇ !” ਸੁੰਦਰੀ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਇਸ ਵੇਲੇ ਪੁਲਿਸ ਬਚਨ ਸਿੰਘ ਨੂੰ ਠਾਣੇ ਲਈ ਜਾ ਰਹੀ ਸੀ।

ਮਕਾਨ ਚੋਂ ਨਿਕਲ ਕੇ ਭੀੜ ਨੂੰ ਚੀਰਦੀ ਹੋਈ ਸੁੰਦਰੀ ਅਭੜਵਾਹੀ ਨੱਸ ਕੇ ਬਚਨ ਸਿੰਘ ਨੂੰ ਜਾ ਲਿਪਟੀ ਤੇ ਇਕ ਚੀਕ ਮਾਰ ਕੇ ਉਸ ਦੇ ਪੈਰਾਂ ਵਿਚ ਹੀ ਬੇਹੋਸ਼ ਹੋ ਕੇ ਡਿੱਗ ਪਈ। ਭੀੜ ਅਗਾਂਹ ਲੰਘ ਗਈ ਤੇ ਉਹ ਓਸੇ ਤਰ੍ਹਾਂ ਪਈ ਰਹੀ।

ਬਚਨ ਸਿੰਘ ਨੂੰ ਇਹ ਸਭ ਕੁਝ ਸੁਪਨਾ ਜਿਹਾ ਮਾਲੂਮ ਹੋ ਰਿਹਾ ਸੀ. ਪਰ ਸੁੰਦਰੀ ਦਾ ਹਾਲ ਤੱਕ ਕੇ ਉਸ ਦਾ ਦਿਲ ਹੱਥੋਂ ਜਾਂਦਾ ਰਿਹਾ। ਉਸ ਕਈ ਵੇਰਾਂ ਪਿਛਾਂਹ ਮੁੜ ਮੁੜ ਕੇ ਤੱਕਿਆ- ਇਕ ਦੇ ਵਾਰੀ ਖਲੋਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਿਪਾਹੀਆਂ ਦੇ ਧੱਕਿਆਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿਤੀ। ਪਲ ਦੀ ਪਲ ਵਿਚ ਸੁੰਨਸਾਨ ਹੋ ਗਈ।

ਸਾਰੇ ਪਿੰਡ ਵਿਚ ਖ਼ਬਰ ਧੁੰਮ ਗਈ- “ਬਚਨ ਸਿੰਘ ਨੇ ਇਕੋ ਰਾਤ ਵਿਚ ਤਿੰਨ ਖੂਨ ਕਰ ਸੁੱਟੇ।”

ਕੁਝ ਚਿਰ ਪਿਛੋਂ ਜਦ ਸੁੰਦਰੀ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਘੱਟੇ ਵਿਚ ਲੱਥ ਪੱਥ ਆਪਣੀ ਰਵਾਣੀ ਵਾਲੀ ਕੋਠੜੀ ਵਿਚ ਵੇਖਿਆ। ਰਵਾਣੀ ਦੇ ਕੁਝ ਬੰਦਿਆਂ ਨੇ ਉਸ ਨੂੰ ਬੇਹੋਸ਼ੀ ਵਿਚ ਚੁਕ ਕੇ ਏਥੇ ਪਹੁੰਚਾ ਦਿਤਾ ਸੀ- ਕੋਲ ਹੀ ਕਈ ਹੋਰ ਮਨੁੱਖ ਵੀ ਸਨ। ਉਹ ਉਠੀ ਤੇ ਇਸ ਵੇਲੇ ਫੇਰ ਕਿਤੋਂ ਉਸ ਦੇ ਕੰਨੀਂ ਆਵਾਜ਼ ਪਈ- “ਬਚਨ ਸਿੰਘ ਨੇ ਤਿੰਨ ਖੂਨ ਕਰ ਦਿੱਤੇ।”

ਸੁੰਦਰੀ ਦੀਆਂ ਅੱਖਾਂ ਅੱਗੇ ਬੰਬਲ-ਤਾਰੇ ਫਿਰਨ ਲਗੇ। ਉਸ ਨੂੰ ਇਸ ਤਰ੍ਹਾਂ ਮਾਲੂਮ ਹੁੰਦਾ ਸੀ ਜੀਕਣ ਉਸ ਦੇ ਸਿਰ ਵਿਚ ਕੋਈ ਬੰਬ ਫਟ ਕੇ ਤੇ ਉਸ ਨੂੰ ਪੁਰਜ਼ੇ ਪੁਰਜ਼ੇ ਕਰਕੇ ਉਡਾ ਲੈ ਗਿਆ ਹੈ। ਪੰਜ ਕੁ ਮਿੰਟ ਉਹ ਇਸੇ ਹਾਲਤ ਵਿਚ ਪਈ ਰਹੀ। ਉਸ ਦੇ ਦਿਮਾਗ਼ ਵਿਚ ਸੋਚਣ ਦੀ ਸ਼ਕਤੀ ਨਹੀਂ ਸੀ। ਇਸ ਤੋਂ ਬਾਅਦ ਉਸ ਨੂੰ ਇਕ ਹਨੇਰਨੀ ਜਿਹੀ ਆਈ ਤੇ ਉਹ ਫੇਰ ਬੇਹੋਸ਼ ਹੋ ਗਈ।

ਪਤਾ ਨਹੀਂ ਕਿੰਨਾ ਚਿਰ ਉਹ ਉਸੇ ਤਰ੍ਹਾਂ ਪਈ ਰਹੀ। ਜਦ ਉਸ ਨੂੰ ਦੂਜੀ ਵਾਰੀ ਹੋਸ਼ ਆਈ ਤਾਂ ਉਸ ਨੂੰ ਇਹੋ ਮਲੂਮ ਹੁੰਦਾ ਸੀ ਜੀਕਣ ਉਸ ਨੇ ਬਚਨ ਸਿੰਘ ਦੇ ਫੜੇ ਜਾਣ ਦੀ ਖ਼ਬਰ ਸੁਪਨੇ ਵਿਚ ਸੁਣੀ ਹੈ।

ਉਹ ਪਾਗਲਾਂ ਵਾਂਗ ਡਿਗਦੀ ਡੋਲਦੀ ਉਠ ਕੇ ਦੀਵਾਨ ਪੁਰ ਦੀ ਸੜਕ ਵਲ ਤੁਰ ਪਈ । ਕਈਆਂ ਨੇ ਉਸ ਨੂੰ ਰੋਕਿਆ, ਪਰ ਉਹ ਨਾ ਰੁਕੀ ! ਸੜਕ ਤੇ ਇਕ ਟਾਂਗਾ ਜਾ ਰਿਹਾ ਸੀ, ਉਸ ਤੇ ਚੜ੍ਹ ਬੈਠੀ।

ਬਚਨ ਸਿੰਘ ਦੇ ਘਰ ਪਹੁੰਚ ਕੇ ਉਸ ਵੇਖਿਆ, ਬਚਨ ਸਿੰਘ ਦੀ ਮਾਂ ਮੰਜੇ ਤੇ ਬੇਹੋਸ਼ ਪਈ ਸੀ ਤੇ ਕਈ ਗੁਆਂਢਣਾਂ ਉਸ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕਰ ਰਹੀਆਂ ਸਨ।

ਸੁੰਦਰੀ ਪਾਗਲਾਂ ਵਾਂਗ ਹਰ ਇਕ ਵੱਲ ਵੇਖ ਰਹੀ ਸੀ, ਪਰ ਉਸ ਨੇ ਕੁਝ ਵੀ ਨਾ ਪੁੱਛਿਆ ਤੇ ਨਾ ਹੀ ਉਸ ਨੂੰ ਕਿਸੇ ਬੁਲਾਇਆ। ਇੰਨੇ ਨੂੰ ਬਚਨ ਸਿੰਘ ਦੀ ਮਾਂ ਨੇ ਅੱਖਾਂ ਖੋਲ੍ਹੀਆਂ। ਸੁੰਦਰੀ ਭਜਕੇ ਉਸ ਪਾਸ ਗਈ।

ਸਦਾ ਕੌਰ ਨੇ ਜਦ ਸੁੰਦਰੀ ਨੂੰ ਸਾਹਮਣੇ ਵੇਖਿਆ ਤਾਂ ਗੁੱਸੇ ਨਾਲ ਉਸਦ ਚਿਹਰਾ ਲਾਲ ਹੋ ਗਿਆ। ਬਾਂਹ ਦਾ ਝਟਕਾ ਦੇ ਕੇ ਉਸਨੂੰ ਪਰੇ ਧਕਦੀ ਹੋਈ ਬੋਲੀ, ‘ਚਲੀ ਜਾ ਇਥੋਂ ਕਮਜਾਤੇ ਕੁੱਤੀਏ ! ਦਫ਼ਾ ਹੋ ਜਾ ਕਲਹਿਣੀਏ! ਸਾਰੇ ਸਿਆਪੇ ਤੇਰੇ ਹੀ ਪਾਏ ਨੇ। ਹੋਣੀਏ! ਜਿਸ ਦਿਨ ਦਾ ਤੇਰਾ ਚੰਦਰਾ ਮੂੰਹ ਵੇਖਿਆ ਸੂ ਉਸ ਦਿਨ ਦਾ ਮੁੰਡਾ ਮਿੱਟੀ ਵਿਚ ਮਿਲ ਗਿਆ ਏ। ਕਰਮਾਂ ਸੜੀਏ ! ਨਿੱਜ ਤੂੰ ਆਉਂਦੀਓਂ ਤੇ ਨਿੱਜ ਮੇਰਾ ਜਹਾਨ ਲੁਟਿਆ ਜਾਂਦਾ। ਜਾ ਰਬ ਤੇਰਾ ਦੋਹਾਂ ਜਹਾਨਾਂ ਵਿਚ ਮੂੰਹ ਕਾਲਾ ਕਰੇ। ਕਹਿੰਦੀ ਕਹਿੰਦੀ ਸਦਾ ਕੌਰ ਏਨੇ ਜੋਸ਼ ਵਿਚ ਆ ਗਈ ਕਿ ਮੰਜੇ ਤੋਂ ਉਠ ਕੇ ਹੰਭਲੇ ਮਾਰਨ ਲਗ ਪਈ।”

ਸੁੰਦਰੀ ਜੇ ਕਿਸੇ ਹੋਰ ਵੇਲੇ ਇਹੋ ਜਿਹੀਆਂ ਗੱਲਾਂ ਸੁਣਦੀ ਤਾਂ ਪਤਾ ਨਹੀਂ ਕੀ ਕਰ ਗੁਜ਼ਰਦੀ, ਪਰ ਇਸ ਵੇਲੇ ਉਸਨੇ ਇਨ੍ਹਾਂ ਗੱਲਾਂ ਨੂੰ ਉਸੇ ਤਰ੍ਹਾਂ ਸਹਾਰਿਆ ਜੀਕਣ ਇਕ ਜੰਗਲ ਵਿਚ ਰਹਿਣ ਵਾਲਾ ਸ਼ੇਰ- ਜੋ ਕਦੇ ਚਿੜੀ ਨਹੀਂ ਫਟਕਣ ਦੇਂਦਾ ਸੀ- ਪਰ ਚਿੜੀਆ ਘਰ ਦੇ ਪਿੰਜਰੇ ਵਿਚ ਆ ਕੇ ਬਾਂਦਰਾਂ ਤੇ ਰਿੱਛਾਂ ਨੂੰ ਆਪਣੀਆਂ ਸਾਂਗਾਂ ਲਾਂਦੇ ਵੇਖ ਕੇ ਠੰਢੇ ਦਿਲ ਨਾਲ ਸਹਿ ਲੈਂਦਾ ਹੈ। ਉਹ ਪਿਛਲੇ ਪੈਰੀਂ ਮੁੜ ਕੇ ਠਾਣੇ ਵਲ ਉੱਠ ਨੱਸੀ।

ਜਿਸ ਤਰ੍ਹਾਂ ਸਰੀਰ ਉੱਤੇ ਵੱਟੇ ਵਜ ਜਾਣ ਕਰਕੇ ਤੱਤੇ ਘਾ ਪੀੜ ਨਹੀਂ ਮਾਲੂਮ ਹੁੰਦੀ, ਪਰ ਕੁਝ ਚਿਰ ਬਾਅਦ, ਜਦ ਜ਼ਖ਼ਮ ਠੰਢਾ ਹੁੰਦਾ ਹੈ, ਤਾਂ ਆਦਮੀ ਉਸ ਦੀ ਪੀੜ ਨਾਲ ਵਿਆਕੁਲ ਹੋ ਉਠਦਾ ਹੈ। ਇਸੇ ਤਰ੍ਹਾਂ ਸੁੰਦਰੀ ਨੂੰ ਰਾਹੇ ਰਾਹ ਤੁਰੇ ਜਾਂਦਿਆਂ ਹੁਣ ਆਪਣੀ ਅਵਸਥਾ ਦਾ ਗਿਆਨ ਹੋਇਆ-‘ਹੈ ! ਖ਼ੂਨ ਦੇ ਮੁਕਦਮੇ ਵਿਚ ?’ ਇਹ ਗੱਲ ਮਾਨੋ ਹੁਣ ਹੀ ਉਸ ਦੇ ਖ਼ਿਆਲ ਵਿਚ ਆਈ। ਉਸ ਦੀ ਹਾਲਤ ਇਸ ਵੇਲੇ ਉਸ ਹਰਨੀ ਵਰਗੀ ਸੀ, ਜਿਸ ਦੇ ਸਾਹਮਣੇ ਕਈ ਸ਼ਿਕਾਰੀ ਬੰਦੂਕਾਂ ਦੀ ਸ਼ਿਸਤ ਬੰਨ੍ਹੀ ਖੜੇ ਹੋਣ, ਪਿਛਲੇ ਪਾਸੇ ਜੰਗਲ ਨੂੰ ਅੱਗ ਲਗੀ ਹੋਵੇ, ਸੱਜੇ ਪਾਸੇ ਦਰਿਆ ਵਹਿ ਰਿਹਾ ਹੋਵੇ ਤੇ ਖੱਬੇ ਪਾਸੇ ਵਸਤੀ ਹੋਵੇ।

ਉਸ ਨੇ ਜਦ ਇਕ ਵਾਰੀ ਨਵੇਂ ਸਿਰੇ ਆਪਣੀ ਹਾਲਤ ਵਲ ਨਜ਼ਰ ਮਾਰੀ ਤਾਂ ਉਹ ਡਰ ਨਾਲ ਕੰਬ ਉਠੀ। ਉਸ ਦਾ ਪ੍ਰੀਤਮ-ਜਿਸ ਦੀ ਹੋਂਦ ਉਸ ਲਈ ਸਾਰੇ ਸੰਸਾਰ ਦਾ ਰਾਜ ਸੀ, ਖ਼ੂਨ ਦੇ ਝੂਠੇ ਕੇਸ ਵਿਚ ਫਸ ਚੁੱਕਾ ਸੀ, ਜਿਸਦੀ ਬੁੱਢੀ ਮਾਂ ਵਿਚਾਰੀ ਕਾਸੇ ਜੋਗੀ ਨਹੀਂ ਸੀ। ਜਿਹੜੇ ਸ਼ਰੀਕ ਸਕੇ ਇਸ ਵੇਲੇ ਉਸ ਦੇ ਦੁਆਲੇ ਝੁਰਮਟ ਪਾਈ ਝੂਠੀ ਹਮਦਰਦੀ ਦੇ ਅਥਰੂ ਵਹਾ ਰਹੇ ਹਨ, ਇਹ ਸਭ ਬੂਰ ਦੇ ਲੱਡੂ ਹਨ। ਇਸ ਉੱਤੇ ਵਾਧਾ ਇਹ ਕਿ ਸਾਰਾ ਪਿੰਡ ਜਿਹੜਾ ਅੱਗੇ ਹੀ ਬਚਨ ਸਿੰਘ ਦੇ ਵੈਰ ਪਿਆ। ਹੋਇਆ ਹੈ, ਇਹ ਕੋਈ ਬੜੀ ਗੱਲ ਨਹੀਂ ਕਿ ਲੋਕਾਂ ਨੂੰ ਉਸ ਦੇ ਖੂਨੀ ਹੋਣ ਦਾ ਨਿਸ਼ਚਾ ਵੀ ਹੋਵੇ।

ਉਹ ਆਪਣੇ ਆਪ ਨੂੰ ਅਜਿਹੀ ਬੇੜੀ ਵਿਚ ਬੈਠੀ ਵੇਖ ਰਹੀ ਸੀ. ਜਿਸ ਦਾ ਮਲਾਹ ਕਿਸੇ ਮਗਰ-ਮੱਛ ਦੇ ਕਾਬੂ ਆ ਚੁਕਾ ਹੋਵੇ, ਤੇ ਬੇੜੀ ਇਕ ਡਰਾਉਣੀ ਘੁੰਮਣਘੇਰੀ ਵਿਚ ਭੰਬੀਰੀ ਵਾਂਗ ਭਉਂ ਰਹੀ ਹੋਵੇ। ਰੋਡ ਦਾ ਦਮ ਸੀ, ਉਹ ਜ਼ਾਲਮਾਂ ਨੇ ਖਾ ਲਿਆ। ਮਾਂ ਉਸ ਨੂੰ ਮਿਲੀ, ਪਰ ਹਨੇਰੇ ਆਕਾਸ਼ ਵਿਚ ਇਕੋ ਵਾਰੀ ਬਿਜਲੀ ਵਾਂਗ ਕੜਕ ਦੇ ਸਦਾ ਲਈ ਅਲੋਪ ਹੋ ਗਈ। ਇਸ ਤੋਂ ਛੁਟ ਉਸਨੂੰ ਇਹ ਵੀ ਪਤਾ ਸੀ ਕਿ ਰਵਾਣੀ ਵਿਚ ਵੀ ਹੁਣ ਉਸ ਨੂੰ ਰਹਿਣ ਨਹੀਂ ਦਿਤਾ ਜਾਵੇਗਾ, ਕਿਉਂਕਿ ਪਾਲਾ ਸਿੰਘ ਤੇ ਉਸ ਦੀ ਪਾਰਟੀ ਪਾਸੋਂ ਪਿੰਡ ਡਰਦਾ ਸੀ। ਇਹੋ ਕਾਰਨ ਸੀ ਕਿ ਬਚਨ ਸਿੰਘ ਦੇ ਖ਼ਿਆਲਾਂ ਦੇ ਹਾਮੀ ਹੁੰਦਿਆਂ ਵੀ ਰਵਾਣੀ ਦੇ ਲੋਕਾਂ ਨੇ ਇਸ ਵੇਲੇ ਉਸ ਦੀ ਕੋਈ ਸਹਾਇਤਾ ਨਾ ਕੀਤੀ। ਇਥੋਂ ਤਕ ਕਿ ਜਿਹੜੇ ਬਚਨ ਸਿੰਘ ਦੀ ਵਧ ਚੜ੍ਹ ਕੇ ਹਮਾਇਤ ਦਾ ਦਮ ਭਰਨ ਵਾਲੇ ਸਨ, ਉਹ ਵੀ ਘੇਗਲ ਕੰਨੇ ਹੋ ਕੇ ਰਸਤਾ ਵਲਾ ਗਏ।

ਇਸ ਸਾਰੀ ਹਾਲਤ ਦਾ ਅਨੁਮਾਨ ਲਾ ਕੇ ਸੁੰਦਰੀ ਸੋਚਣ ਲਗੀ, ਹੁਣ ਮੇਰਾ ਇਥੇ ਰਹਿਣਾ ਬੇ-ਫ਼ਾਇਦਾ ਹੀ ਨਹੀਂ, ਖ਼ਤਰਨਾਕ ਵੀ ਹੈ। ਪਰ ਜਾਵਾਂਗੀ ਕਿਥੇ, ਤੇ ਫਿਰ ਉਸ ਵੇਲੇ ਜਦ ਕਿ ਮੇਰਾ ਸਰਬੰਸ ਮੌਤ ਦੇ ਮੂੰਹ ਵਿਚ ਹੈ। ਦੀਵਾਨ ਪੁਰ ਦੇ ਲੋਕੀਂ ਅਗੇ ਹੀ ਜਾਂ ਮੈਨੂੰ ਘਿਰਨਾ ਨਾਲ ਜਾਂ ਕਾਮੀਆਂ ਵਾਲੀ ਨਿਗਾਹ ਨਾਲ ਵੇਖਦੇ ਹਨ।

ਉਸ ਨੂੰ ਅੱਜ ਪਹਿਲੀ ਵੇਰਾਂ ਇਸ ਗਲ ਦਾ ਅਨੁਭਵ ਹੋਇਆ। ਕਿ ਇਸਤਰੀ ਜਾਤੀ ਕਿੰਨੀ ਬਲ-ਹੀਣ ਤੇ ਅਸਮਰਥ ਹੈ।

ਇਨ੍ਹਾਂ ਹੀ ਖ਼ਿਆਲਾਂ ਵਿਚ ਉਹ ਕਈ ਮਨਸੂਬੇ ਬੰਨ੍ਹਦੀ ਤੇ ਢਾਹੁੰਦੀ ਤੁਰੀ ਗਈ, ਪਰ ਕਿਸੇ ਵੀ ਸਿੱਟੇ ਤੇ ਨਾ ਪੁਜ ਸਕੀ। ਸਭ ਤੋਂ ਵਡਾ ਦੁਖ ਉਸ ਨੂੰ ਇਸ ਗੱਲ ਦਾ ਸੀ ਕਿ ਉਹ ਆਪਣੇ ਪ੍ਰੀਤਮ ਦੀ ਕੋਈ ਸਹਾਇਤਾ ਨਹੀਂ ਸੀ ਕਰ ਸਕਦੀ। ਉਸ ਨੂੰ ਆਪਣੇ ਆਪ ਪਾਸੋਂ ਘਿਰਨਾ ਹੋਣ ਲਗੀ ਤੇ ਉਸ ਦਾ ਇਹੋ ਦਿਲ ਕੀਤਾ ਕਿ ਕਿਸੇ ਹੋਰ ਦੁਖ ਨੂੰ ਵੇਖਣ ਤੋਂ ਪਹਿਲਾਂ ਹੀ ਇਸ ਜੀਵਨ ਦਾ ਅੰਤ ਕਰ ਲਵੇ। ਇਸ ਤਰ੍ਹਾਂ ਕਰਨ ਨਾਲ ਸਾਰੇ ਦੁੱਖਾਂ ਤਸੀਹਿਆਂ ਤੋਂ ਉਸ ਨੂੰ ਛੁਟਕਾਰਾ ਮਿਲ ਜਾਏਗਾ। ਪਰ ਅੰਦਰਲੀ ਕਿਸੇ ਗੁਪਤ ਤਾਕਤ ਨੇ ਉਸ ਨੂੰ ਇਹ ਵੀ ਨਾ ਕਰਨ ਦਿਤਾ। ਉਹ ਘੜੀ ਮੁੜੀ ਸੋਚਦੀ- ਮੇਰੀ ਮਾਂ ਨੇ ਕਿਤਨੀ ਜਲਦਬਾਜ਼ੀ ਕੀਤੀ। ਜੇ ਉਸ ਨੇ ਆਪਣੇ ਦੁਸ਼ਮਣਾਂ ਨੂੰ ਮਾਰ ਕੇ ਖ਼ੁਦਕਸ਼ੀ ਹੀ ਕਰਨੀ ਸੀ, ਤਾਂ ਕੋਈ ਚਿੱਠੀ ਹੀ ਲਿਖ ਕੇ ਰੱਖ ਜਾਂਦੀ, ਜਿਸ ਨਾਲ ਦੂਸਰਿਆਂ ਉਤੇ ਮੁਸੀਬਤ ਤੇ ਨਾ ਆਉਂਦੀ।

ਇਹਨਾਂ ਹੀ ਖ਼ਿਆਲਾਂ ਵਿਚ ਭਟਕਦੀ ਹੋਈ ਸੁੰਦਰੀ ਠਾਣੇ ਪਹੁੰਚੀ। ਉਸ ਨੇ ਬਚਨ ਸਿੰਘ ਨਾਲ ਮੁਲਾਕਾਤ ਕਰਨ ਲਈ ਬੜੀ ਵਾਹ ਲਾਈ, ਪਰ ਪੁਲਿਸ ਦੇ ਧੱਕੇ ਤੇ ਗਾਲ੍ਹਾਂ ਖਾਣ ਤੋਂ ਬਿਨਾਂ ਉਸ ਨੂੰ ਕੁਝ ਵੀ ਪ੍ਰਾਪਤ ਨਾ ਹੋ ਸਕਿਆ।

ਸਾਰਾ ਦਿਨ ਹੀ ਉਹ ਇਸ ਤਰ੍ਹਾਂ ਖੱਜਲ-ਖ਼ੁਆਰ ਹੁੰਦੀ ਰਹੀ। ਪਿੰਡ ਦੇ ਕਈ ਰਸੂਖ਼ ਵਾਲੇ ਬੰਦਿਆਂ ਪਾਸ ਜਾ ਕੇ ਨੱਕ ਮੱਥਾ ਰਗੜਿਆ,

ਵਾਸਤੇ ਪਾਏ ਕਿ ਪੁਲਿਸ ਨੂੰ ਕਹਿ ਕੇ ਇਕ ਵਾਰੀ ਬਚਨ ਸਿੰਘ ਨਾਲ ਮੁਲਾਕਾਤ ਕਰਾਈ ਜਾਵੇ, ਪਰ ਉਸਦੀ ਕਿਸੇ ਨਾ ਸੁਣੀ। ਜਿਥੇ ਜਾਂਦੀ ਬਸ ਤਿੜਕਾਂ ਤੇ ਜਾਂ ਟਿਚਕਰਾਂ, ਇਹੋ ਹੀ ਦੋ ਚੀਜ਼ਾਂ ਉਸ ਦੇ ਪੱਲੇ ਪੈਂਦੀਆਂ ਸਨ।

ਅਖ਼ੀਰ ਰੋਂਦੀ ਘਰਕਦੀ ਉਹ ਤਰਕਾਲਾਂ ਨੂੰ ਰਵਾਣੀ, ਆਪਣੀ ਕੋਠੜੀ ਵਿਚ ਜਾ ਡਿੱਗੀ।

ਇਹ ਦਿਨ ਸਾਰਾ ਹੀ ਉਸਨੇ ਉਸੇ ਤਰ੍ਹਾਂ ਬਿਤਾਇਆ ਜੀਕਣ ਇਕ ਪੰਛੀ- ਜਿਹੜਾ ਅਜੇ ਹੁਣੇ ਹੀ ਆਕਾਸ਼ ਵਿਚ ਉਡਾਰੀਆਂ ਲੈ ਰਿਹਾ ਸੀ, ਕਿਸੇ ਅਚਾਨਕ ਉਸ ਦੇ ਖੰਭ ਤੋੜ ਕੇ ਭੁੱਬਲ ਵਿਚ ਸੁੱਟ ਦਿਤਾ ਹੋਵੇ। ਰਾਤੀਂ ਵੀ ਸਾਰੀ ਰਾਤ ਉਹ ਬਿਨਾਂ ਕੁਝ ਖਾਧਿਆਂ, ਪੀਤਿਆਂ ਉਸੇ ਤਰ੍ਹਾਂ ਪਈ ਰਹੀ। ਅੱਜ ਉਸ ਨੂੰ ਕਿਸੇ ਵੀ ਆ ਕੇ ਬੁਲਾਇਆ ਚਲਾਇਆ ਨਹੀਂ ਤੇ ਇਸ ਦੀ ਉਸ ਨੂੰ ਲੋੜ ਵੀ ਨਹੀਂ ਸੀ।

ਸਵੇਰੇ ਮੂੰਹ ਹਨੇਰੇ ਹੀ ਉਸ ਨੂੰ ਬਾਹਰੋਂ ਕਿਸੇ ਨੇ ਆਵਾਜ਼ ਦਿਤੀ। ਇਹ ਇਕ ਪੁਲਿਸ ਦਾ ਸਿਪਾਹੀ ਸੀ, ਜਿਸ ਦੇ ਹੱਥ ਬਚਨ ਸਿੰਘ ਨੇ ਇਕ ਚਿੱਠੀ ਭੇਜੀ ਸੀ। ਚਿੱਠੀ ਦੇ ਕੇ ਸਿਪਾਹੀ ਝਟ ਪਟ ਚਲਾ ਗਿਆ ਤੇ ਸੁੰਦਰੀ ਅੰਦਰ ਆ ਕੇ ਪੜ੍ਹਨ ਲਗੀ। ਲਿਖਿਆ ਸੀ – ਸੁੰਦਰੀ ਜੀ,

ਆਹ ! ਜਿਸ ਗੱਲ ਦਾ ਸੁਪਨੇ ਵਿਚ ਵੀ ਖ਼ਿਆਲ ਨਹੀਂ ਸੀ ਉਹੀ ਹੋ ਗਈ। ਦਿਲ ਦੀਆਂ ਸਾਰੀਆਂ ਉਮੰਗਾਂ ਤੇ ਸੱਧਰਾਂ ਉਤੇ ਇਕੋ ਵਾਰੀ ਗੜੇ ਮਾਰ ਹੋ ਗਈ। ਮੇਰੇ ਫੜੇ ਜਾਣ ਕਰ ਕੇ ਤੁਹਾਡੇ ਦਿਲ ਦੀ ਕੀ ਹਾਲਤ ਹੋਵੇਗੀ, ਇਹ ਮੈਥੋਂ ਭੁੱਲੀ ਨਹੀਂ। ਉਹ ! ਕਿਤਨੀ ਜਲਨ ਹੈ, ਜਿਸ ਤਰ੍ਹਾਂ ਦਿਲ ਵਿਚ ਭੱਠ ਬਲ ਰਿਹਾ ਹੈ। ਜਦ ਮੈਂ ਵੇਖਦਾ ਹਾਂ ਕਿ ਜਿਸ ਹੀਰੇ ਨੂੰਮੈਂ ਬੜੀਆਂ ਮੁਸ਼ਕਲਾਂ ਨਾਲ ਇਸ ਲਈ ਪ੍ਰਾਪਤ ਕੀਤਾ ਸੀ ਕਿ ਉਸਨੂੰ ਆਪਣੀ ਮਾਲਾ ਵਿਚ ਸ਼ਰਮੇਣੀ ਮਣਕੇ ਦੀ ਥਾਂ ਪਰੋਕੇ ਗਲ ਵਿਚ ਪਾਵਾਂਗਾ, ਉਹ ਅੱਜ ਘੱਟੇ ਵਿਚ ਰੁਲ ਰਿਹਾ ਹੈ ਤੇ ਦੁਨੀਆ.. ਆਹ ! ਨਾਦਾਨਦੁਨੀਆ ਦੀ ਨਿਗਾਹ ਵਿਚ ਉਸ ਦਾ ਮੁੱਲ ਇਕ ਫੁੱਟੀ ਕੌਡੀ ਵੀ ਨਹੀਂ।

ਸੁੰਦਰੀ ਜੀ. ਕਾਸ਼ ! ਤੁਹਾਨੂੰ ਇਕ ਵਾਰੀ ਸੁਖੀ ਬਣਾ ਸਕਦਾ। ਪਰ ਮੈਂ ਬੜਾ ਬਦਨਸੀਬ ਹਾਂ, ਮੇਰੇ ਵਰਗੇ ਅਭਾਗ ਲਈ ਇਤਨੀ ਵੱਡੀ ਖ਼ੁਸ਼ੀ ਨਹੀਂ ਸੀ ਲਿਖੀ। ਸੁੰਦਰੀ ਜੀ ! ਤੁਹਾਡੀ ਚਿੱਠੀ ਦੇ ਉਹ ਸ਼ਬਦ, ਜਿਨ੍ਹਾਂ ਨੂੰ ਮੈਂ ਪੜ੍ਹ ਕੇ ਹੱਸ ਛੱਡਿਆ ਸੀ- ਅੱਜ ਅੱਖਰ ਅੱਖਰ ਸੱਚ ਨਿਕਲੇ। ਤੁਹਾਡੀ ‘ਫੁੱਲ’ ਤੇ ‘ਹਵਾ’ ਵਾਲੀ ਉਕਤੀ ਸੱਚ ਮੁਚ ਇਕ ਗੂੜ੍ਹ ਫਿਲਾਸਫੀ ਸੀ, ਜਿਸ ਨੂੰ ਅੱਜ ਹੀ ਸਮਝ ਸਕਿਆ ਹਾਂ।

ਮੇਰੀ ਸ੍ਵਰਗੀ ਦੇਵੀ ! ਦਿਲ ਕਹਿ ਰਿਹਾ ਹੈ ਕਿ ਅਸੀਂ ਹੁਣ ਸਦਾ ਲਈ ਵਿਛੜਨ ਲਗੇ ਹਾਂ। ਅੰਦਰੋਂ ਕੋਈ ਚੀਜ਼ ਸ਼ਾਹਦੀ ਦੇ ਰਹੀ ਹੈ ਕਿ ਮਿਲਣ ਦਾ ਸੁਖ ਸਾਡੇ ਨਸੀਬਾਂ ਵਿਚ ਏਨਾ ਹੀ ਸੀ, ਜਿੰਨਾ ਅਸੀਂ ਭੋਗ ਚੁਕੇ ਹਾਂ। ਇਹ ਮੁਕੱਦਮਾ, ਜੋ ਮੇਰੇ ਉਤੇ ਇਕੱਠੇ ਤਿੰਨਾਂ ਖ਼ੂਨਾਂ ਦਾ ਬਣਾਇਆ ਗਿਆ ਹੈ. ਸੁੰਦਰੀ ਜੀ, ਇਹ ਕੋਈ ਸਾਧਾਰਨ ਮੁਕੱਦਮਾ ਨਹੀਂ, ਜਿਸ ਤੋਂ ਮੈਂ ਬਚ ਨਿਕਲਣ ਦੀ ਆਸ ਰੱਖ ਸਕਾਂ। ਪਿੰਡ ਵਾਲੇ ਜਿਸ ਢੰਗ ਨਾਲ ਇਸ ਦੀ ਰਚਨਾ ਰਚ ਰਹੇ ਹਨ, ਤੇ ਜੋ ਕੁਝ ਉਸ ਸੰਬੰਧੀ ਮੇਰੇ ਸੁਣਨ ਵਿਚ ਆਇਆ ਹੈ, ਜੇ ਉਹ ਸੱਚ ਹੈ ਤਾਂ ਸਮਝੋ ਤੁਹਾਡਾ ਮੇਰਾ ਮਿਲਾਪ ਬਸ ਏਨਾ ਹੀ ਸੀ।

ਪਰ ਸੁੰਦਰੀ ਜੀ ! ਕੀ ਤੁਹਾਨੂੰ ਵੀ ਮੇਰੀ ਸਚਿਆਈ ਤੇ ਸ਼ੱਕ ਹੈ ? ਕੀ ਮੇਰੇ ਖ਼ੂਨੀ ਹੋਣ ਦੀ ਤੁਹਾਡਾ ਦਿਲ ਵੀ ਸ਼ਾਹਦੀ ਦੇਂਦਾ ਹੈ ? ਮੈਨੂੰ ਬੇਸ਼ਕ ਸਾਰੀ ਦੁਨੀਆ ਕਾਤਲ ਕਹੇ, ਅਦਾਲਤ ਵੀ ਮੈਨੂੰ ਖ਼ੂਨੀ ਸਮਝ ਕੇ ਫ਼ਾਂਸੀ ਲਟਕਾ ਦੇਵੇ, ਇਸ ਦਾ ਮੈਨੂੰ ਕੋਈ ਦੁਖ ਨਹੀਂ। ਪਰ ਸੁੰਦਰੀ ਜੀ ! ਜੇ ਤੁਸੀਂ ਵੀ ਅਜਿਹਾ ਹੀ ਸਮਝੋਗੇ, ਤਾਂ ਮੇਰੇ ਭਾਣੇ ਪਰਲੋ ਆ ਜਾਵੇਗੀ।

ਬਹੁਤ ਲਿਖਣ ਦਾ ਸਮਾਂ ਨਹੀਂ ਏਨੀਆਂ ਸਤਰਾਂ ਤੁਹਾਡੇ ਤਕ ਪਹੁੰਚਾਉਣ ਦਾ ਵੀ ਬੜੀ ਮੁਸ਼ਕਲ ਨਾਲ ਪ੍ਰਬੰਧ ਕੀਤਾ ਹੈ। ਇਹੋ ਆਦਮੀ ਫੇਰ ਤੁਹਾਡੇ ਪਾਸ ਆਵੇਗਾ। ਚਿੱਠੀ ਦਾ ਉੱਤਰ ਲਿਖ ਕੇ ਅਛੋਪਲੇ ਇਸ ਨੂੰ ਫੜਾ ਦੇਣਾ, ਕਿਉਂਕਿ ਵਿਚਾਰੇ ਨੂੰ ਆਪਣੀ ਇੱਜ਼ਤ ਤੇ ਨੌਕਰੀ ਦਾ ਵੀ ਖਤਰਾ ਹੈ।

ਇਸ ਦੇ ਨਾਲ ਹੀ ਅਜ ਇਕ ਖ਼ਤ ਗਿਆਨੀ ਜੀ ਨੂੰ ਲਿਖ ਰਿਹਾ ਹਾਂ, ਉਹ ਅੱਜ ਕੱਲ੍ਹ ਹਰਦੁਆਰ ਰਹਿੰਦੇ ਨੇ। ਉਹ ਝਟਪਟ ਆ ਕੇ ਤੁਹਾਨੂੰ ਆਪਣੇ ਪਾਸ ਲੈ ਜਾਣਗੇ। ਦੀਵਾਨ ਪੁਰ ਦੇ ਲਾਗੇ ਚਾਗੇ ਰਹਿਣਾ ਤੁਹਾਡੇ ਲਈ ਖ਼ਤਰੇ ਤੋਂ ਖ਼ਾਲੀ ਨਹੀਂ।

ਇਕ ਗੱਲ ਹੋਰ ਦਸਾਂ, ਮੇਰੇ ਨਾਲ ਮੁਲਾਕਤ ਕਰਨ ਦਾ ਕਦੇ ਖ਼ਿਆਲ ਨਾ ਕਰਨਾ ਜੇ ਸੁਖ ਚਾਹੁੰਦੇ ਹੋ। ਚਿੱਠੀ ਚੱਪਠੀ ਮੈਂ ਕਿਸੇ ਹੀਲੇ ਲਿਖਦਾ ਹੀ ਰਿਹਾ ਕਰਾਂਗਾ। ਬਸ ਚਿੱਠੀਆਂ ਨੂੰ ਹੀ ਮੁਲਾਕਾਤ ਸਮਝਣਾ। ਜਾਣਦੇ ਹੋ ਤੁਹਾਨੂੰ ਵੇਖ ਕੇ ਮੇਰਾ ਕੀ ਹਾਲ ਹੋਵੇਗਾ ? ਮੇਰੇ ਸਬਰ ਦਾ ਕੜ ਪਾਟ ਜਾਵੇਗਾ। ਇਥੋਂ ਤਕ ਕਿ ਮੈਂ ਮੌਤ ਆਉਣ ਤੋਂ ਪਹਿਲਾਂ ਹੀ ਮਰ ਜਾਵਾਂਗਾ। ਇਸ ਤੋਂ ਛੁੱਟ ਸ਼ਾਇਦ ਤੁਹਾਡਾ ਆਪਣਾ ਹਾਲ ਵੀ ਇਸ ਤੋਂ ਘਟ ਨਹੀਂ ਹੋਵੇਗਾ।

ਮੈਂ ਵੇਖਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਇਮਤਿਹਾਨ ਵਿਚ ਆਪਣੇ ਦਿਲ ਨੂੰ ਕਿੰਨਾ ਕੁ ਤਕੜਾ ਰੱਖ ਸਕਦੇ ਹੋ। ਅਸਲ ਵਿਚ ਸੁੰਦਰੀ ਜੀ ! ਇਹ ਗਲ ਮੈਂ ਲਿਖ ਤਾਂ ਰਿਹਾ ਹਾਂ, ਪਰ ਮੇਰੀ ਆਪਣੀ ਹਾਲਤ ਬਹੁਤ ਖ਼ਰਾਬ ਹੈ। ਥਾਣੇ ਦੀ ਘੜੀ, ਘੰਟੇ ਘੰਟੇ ਪਿਛੋਂ ਟੰਨ ਟੰਨ ਕਰਦੀ ਹੈ ਤਾਂ ਮੈਨੂੰ ਇਹ ਮਾਲੂਮ ਹੁੰਦਾ ਹੈ ਕਿ ਹਰ ਘੰਟਾ ਮੇਰੇ ਲਈ ਕੋਈ ਨਵੀਂ ਤੋਂ ਨਵੀਂ ਮੁਸੀਬਤ ਲਿਆ ਕੇ ਜਮ੍ਹਾ ਕਰ ਰਿਹਾ ਹੈ। ਦਿਲ ਵਿਚ ਪੀੜ ਜਿਹੀ ਉਠਦੀ ਹੈ ਤੇ ਕਲੇਜਾ ਵੱਸੋਂ ਬਾਹਰ ਹੁੰਦਾ ਜਾਂਦਾ ਹੈ।

ਕੀ ਦੱਸਾਂ ਸੁੰਦਰੀ ਜੀ, ਮੈਂ ਤੁਹਾਨੂੰ ਆਪਣੇ ਦਿਲ ਦਾ ਹਾਲ ? ਮੈਂ ਤੁਹਾਨੂੰ ਤਾਂ ਧੀਰਜ ਦੇ ਰਿਹਾ ਹਾਂ, ਪਰ ਇਥੇ ਮੈਨੂੰ ਧੀਰਜ ਦੇਣ ਵਾਲਾ ਕੋਈ ਨਹੀਂ। ਹੱਛਾ ! ਪ੍ਰਾਲਬਧ ਵਿਚ ਜੋ ਲਿਖਿਆ ਹੈ, ਹੋ ਕੇ ਹੀ ਰਹੇਗਾ। ਇਸ ਵੇਲੇ ਮੈਨੂੰ ਮਾਲੂਮ ਹੁੰਦਾ ਹੈ। ਸੱਚ ਮੁੱਚ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਤੇ ਇਨ੍ਹਾਂ ਵਿਚੋਂ ਕਿੰਨਾ ਸੁਖ ਮਿਲ ਰਿਹਾ ਹੈ, ਘੜੀ ਦੀ ਘੜੀ ਲਈ ਸੰਸਾਰ ਦੇ ਸਾਰੇ ਦੁਖ ਤੇ ਭਵਿੱਖਤ-ਦੁੱਖਾਂ ਦੀ ਚਿੰਤਾ, ਇਹ ਸਭ ਚੀਜ਼ਾਂ ਮੈਥੋਂ ਦੂਰ ਹੋ ਗਈਆਂ ਹਨ।

ਤੁਹਾਡਾ – ਬਚਨ ਸਿੰਘ

ਚਿੱਠੀ ਪੜ੍ਹਦਿਆ ਪੜ੍ਹਦਿਆਂ ਸੁੰਦਰੀ ਦੇ ਚਿਹਰੇ ਨੇ ਕਈ ਰੰਗ ਬਦਲੇ, ਅਖ਼ੀਰ ਵਿਚ ਆ ਕੇ ਉਸ ਦਾ ਮੱਥਾ ਚਮਕ ਰਿਹਾ ਸੀ, ਅੱਖਾ ਵਿਚ ਹਿੰਸਾ ਝਲਕ ਰਹੀ ਸੀ ਤੇ ਹੌਸਲਾ ਉਸ ਦੀ ਰਗ ਰਗ ਵਿਚੋਂ ਉਮਲ ਰਿਹਾ प्ती।

ਉਹ ਝਟ ਪਟ ਉਠੀ ਤੇ ਕਲਮ ਦੁਆਤ ਲੈ ਕੇ ਉੱਤਰ ਲਿਖਣ ਲੱਗੀ-

ਮੇਰੇ ਜੀਵਨ-ਸਰਬੰਸ

ਪਤ੍ਰਿਕਾ ਪੜ੍ਹੀ। ਤੁਸੀਂ ਇਤਨੀ ਛੇਤੀ ਘਬਰਾ ਗਏ ? ਇਕ ਮਰਦ ਤੇ ਫਿਰ ਬੇਕਸੂਰ ਹੁੰਦੇ ਹੋਏ ਵੀ ਘਬਰਾ ਰਹੇ ਹੋ ? ਕਿਹੜੀ ਗੱਲੋਂ, ਕਿਸ ਦੁਖ ਦੀ ਸੰਭਾਵਨਾ ਤੋਂ ? ਕੀ ਮੇਰਾ ਖ਼ਿਆਲ ਕਰਕੇ ?

ਓ ਮੇਰੇ ਭੋਲੇ ਪ੍ਰੀਤਮ ! ਇਸ ਗਲ ਦਾ ਮੁੜ ਕੇ ਜ਼ਿਕਰ ਨਾ ਕਰਨਾ। ਮੇਰਾ ਦਿਲ ਜਿਹੜਾ ਤੁਹਾਡੇ ਨਾਲ ਸਭ ਤੋਂ ਪਹਿਲੀ ਮੁਲਾਕਾਤ ਹੋਣ ਵੇਲੇ ਫੁੱਲਾਂ ਦੀਆਂ ਪੱਤੀਆਂ ਦਾ ਬਣਿਆ ਹੋਇਆ ਸੀ, ਉਹ ਕੁਝ ਦਿਨਾ ਬਾਅਦ (ਜਦ ਬਾਬੇ ਦੀ ਮੌਤ ਤੇ ਤੁਹਾਡੇ ਉਤੇ ਅਤਿਆਚਾਰ ਸ਼ੁਰੂ ਹੋਏ) ਕਾਠ ਦਾ ਬਣ ਗਿਆ ਸੀ, ਤੁਹਾਡੀ ਚਿੱਠੀ ਪੜ੍ਹਨ ਤੋਂ ਬਾਅਦ ਹੁਣ ਇਹ ਫੌਲਾਦ ਦਾ ਬਣ ਗਿਆ ਹੈ।

ਪ੍ਰੀਤਮ ! ਜੇ ਦੁਨੀਆ ਦੀ ਨਿਗਾਹ ਵਿਚ ਮੇਰਾ ਮੁੱਲ ਫੁਟੀ ਕੌਡੀ ਨਹੀਂ ਤਾਂ ਇਸ ਖ਼ੁਦਗ਼ਰਜ਼ ਤੇ ਮੱਕਾਰ ਦੁਨੀਆ ਨੂੰ ਮੈਂ ਕੌਡੀ ਦੀਆ ਚਾਰ ਚਾਰ ਵੀ ਨਹੀਂ ਸਮਝਦੀ। ਕੀ ਕਿਹਾ ਜੇ ਤੁਸੀਂ ਮੈਨੂੰ ਸੁਖੀ ਨਹੀਂ ਬਣਾ ਸਕੇ ? ਇਹ ਤੁਹਾਡੀ ਭੁਲ ਹੈ ਪ੍ਰੀਤਮ ! ਜੇ ਸੁਖ ਤੁਸਾਂ ਮੈਨੂੰ ਦਿਤਾ ਹੈ ਇਹ ਕੇਵਲ ਮੇਰੇ ਹੀ ਹਿੱਸੇ ਆਇਆ ਹੈ। ਜਦੋਂ ਮੈਂ ਤੁਹਾਨੂੰ ਆਪਣੀ ਚਿੱਠੀ ਵਿਚ ‘ਫੁੱਲ’ ਤੇ ‘ਹਵਾ’ ਦਾ ਦ੍ਰਿਸ਼ਟਾਂਤ ਲਿਖਿਆ ਸੀ, ਉਦੋਂ ਮੈਂ ਪ੍ਰੇਮ ਦੇ ਰਾਹ ਤੋਂ ਅਨਜਾਣ ਸਾਂ, ਪਰ ਹੁਣ ਮੈਂ ਇਸ ਦੇ ਮਹੱਤਵ ਤੇ ਇਸ ਦੀ ਉੱਚਤਾ ਤੋਂ ਕੇਵਲ ਜਾਣੂ ਹੀ ਨਹੀਂ ਹੋ ਗਈ, ਸਗੋਂ ਇਸ ਨੂੰ ਆਪਣੇ ਜੀਵਨ ਦਾ ਸਹਾਰਾ ਬਣ ਚੁੱਕੀ ਹਾਂ। ਇਹੋ ਕਾਰਣ ਹੈ ਕਿ ਉਦੋਂ ਦੀਆਂ ਗੱਲਾਂ ਅਜ ਮੈਨੂੰ ਥੋਥੀਆਂ ਤੇ ਤਜਰਬੇ ਤੋਂ ਸਖਣੀਆਂ ਜਾਪਦੀਆਂ ਹਨ।

ਮੇਰੇ ਮਾਲਕ ! ਅਗੇ ਮੇਰਾ ਪ੍ਰੇਮ ਤੁਹਾਡੇ ਸਰੀਰ ਨਾਲ ਸੀ, ਜਿਸ ਕਰਕੇ ਮੈਨੂੰ ਖ਼ਤਰੇ ਸਨ, ਪਰ ਹੁਣ ਮੇਰਾ ਪ੍ਰੇਮ ਤੁਹਾਡੀ ਆਤਮਾ ਨਾਲ ਹੈ,

ਜਿਸ ਕਰਕੇ ਮੈਨੂੰ ਕੋਈ ਵੀ ਖ਼ਤਰਾ ਨਹੀਂ ਤੇ ਮੈਂ ਜਾਣਦੀ ਹਾਂ ਕਿ ਪ੍ਰਲੈ ਕਾਲ ਤਕ ਤੁਹਾਨੂੰ ਮੇਰੇ ਪਾਸੋਂ ਕੋਈ ਖੋਹ ਨਹੀਂ ਸਕਦਾ।

ਮੇਰੇ ਸਿਰਤਾਜ ! ਕਿਸ ਚੀਜ਼ ਦਾ ਖ਼ਿਆਲ ਕਰ ਕੇ ਘਬਰਾ ਰਹੇ ਹੈ-ਮੌਤ ਦਾ ? ਕੀ ਉਸ ਮੌਤ ਦਾ, ਜਿਸ ਨੂੰ ਸੰਸਾਰੀ ਬੋਲੀ ਵਿਚ ਮੌਤ ਕਹਿੰਦੇ ਹਨ, ਪਰ ਅਸਲ ਵਿਚ ਉਸ ਦਾ ਨਾਮ ਜੀਵਨ-ਮੰਜ਼ਲ ਦਾ ਪੜਾਉ ਹੈ ? ਮਾਲੂਮ ਹੁੰਦਾ ਹੈ ਇਸ ਜੀਵਨ-ਮੰਜ਼ਲ ਦੇ ਪੜਾਉ ਦੀ ਤੁਹਾਨੂੰ ਕਦਰ ਨਹੀਂ ਤੇ ਜਾਂ ਖ਼ਬਰ ਹੀ ਨਹੀਂ। ਮੇਰੇ ਸਿਰ ਦੇ ਸਾਈਂ ! ਜਿਥੇ ਜਾ ਕੇ ਅਸੀਂ ਇਕ ਰੂਪ ਹੋ ਜਾਵਾਂਗੇ, ਜਿਥੇ ਪਹੁੰਚ ਕੇ ਦੁਨੀਆ ਦੀਆਂ ਈਰਖਾ ਨਾਲ ਸੜੀਆ ਹੋਈਆਂ ਅੱਖਾਂ ਸਾਡੇ ਅਟੁੱਟ ਪ੍ਰੇਮ ਵਿਚ ਰੁਕਾਵਟ ਨਹੀਂ ਪਾ ਸਕਣਗੀਆਂ ਤੇ ਜਿਥੇ ਜਾ ਕੇ ਸਾਨੂੰ ਦੰਪਤੀ-ਰਾਜ ਦਾ ਉਹ ਸਿੰਘਾਸਨ ਪ੍ਰਾਪਤ ਹੋਵੇਗਾ, ਜਿਥੇ ਬੈਠਿਆ ਦੀਆਂ ਸਾਡੀਆਂ। ਇਕ ਦੂਜੇ ਦੇ ਗਲੇ ਵਿਚ ਪਈਆਂ ਬਾਹਵਾਂ ਦੀ ਗਲਵਕੜੀ ਨੂੰ ਇੰਦਰ ਬ੍ਰਹਮਾ ਵੀ ਨਹੀਂ ਛੁੜਾ ਸਕੇਗਾ ! ਕੀ ਉਸ ਨੂੰ ਤੁਸੀ ਮੌਤ ਦਾ ਨਾਮ ਦੇਂਦੇ ਹੋ ? ਅਨਿਆਉਂ ! ਮੇਰੇ ਪ੍ਰੀਤਮ ! ਸਖ਼ਤ ਅਨਿਆਉਂ ਹੈ!

ਕੀ ਤੁਹਾਡਾ ਦਿਲ ਮੰਨਦਾ ਹੈ ਕਿ ਅਸੀਂ ਸਦਾ ਲਈ ਵਿਛੜ ਰਹੇ ਹਾਂ ? ਨਹੀਂ ਪ੍ਰੀਤਮ ਨਹੀਂ, ਮੇਰਾ ਦਿਲ ਕਹਿ ਰਿਹਾ ਹੈ ਕਿ ਅਸੀਂ ਸਦਾ ਲਈ ਦੇ ਤੋਂ ਇਕ ਹੋ ਰਹੇ ਹਾਂ।

ਤੁਹਾਡੀ -ਸਚਿਆਈ, ਤੇ ਉਸ ਉਤੇ ਮੈਨੂੰ ਸ਼ੱਕ ? ਇਹ ਅਣਹੋਣੀ ਗੱਲ ਹੈ। ਨਾ ਕੇਵਲ ਮੈਂ ਤੁਹਾਨੂੰ ਬੇਗੁਨਾਹ ਸਮਝਦੀ ਹਾਂ, ਬਲਕਿ ਇਹ ਵੀ ਜਾਣਦੀ ਹਾਂ ਕਿ ਅਸਲ ਕਾਤਲ ਕੌਣ ਹੈ। ਪਰ ਕਿਸ ਨੂੰ ਕਹਿ ਕੇ ਪਤਿਆਵਾਂ, ਕੀ ਮੇਰੀ ਗੱਲ ਦਾ ਕੋਈ ਇਤਬਾਰ ਕਰੇਗਾ ?

ਮੇਰਾ ਯਕੀਨ ਹੈ ਕਿ ਅਨਵਰ ਨੇ ਹੀ ਉਨ੍ਹਾਂ ਦੋਹਾਂ ਨੂੰ ਕਤਲ ਕਰਕੇ ਖ਼ੁਦਕਸ਼ੀ ਕੀਤੀ ਹੈ। ਜਦੋਂ ਮੈਂ ਉਸ ਨਾਲ ਗੱਲਾਂ ਕਰਨ ਤੋਂ ਬਾਅਦ ਚਲੀ ਆਈ ਸਾਂ, ਤਾਂ ਅਨਵਰ ਨੇ ਦੁਬਾਰਾ ਉਹਨਾਂ ਦੁਹਾ ਨੂੰ ਸੱਦ ਘੱਲਿਆ ਹੋਵੇਗਾ। ਤੇ ਇਸ ਤੋਂ ਬਾਅਦ ਇਹ ਕਾਰਾ ਕਰ ਗਈ। ਪਰ ਮੈਂ ਵਾਰ ਵਾਰ ਇਹੋ ਸੋਚ ਰਹੀ ਹਾਂ ਕਿ ਇਸ ਸਚਿਆਈ ਨੂੰ ਅਦਾਲਤ ਵਿਚ ਕਿਵੇਂ ਪ੍ਰਗਟ ਕਰਾਂ ?

ਗਿਆਨੀ ਜੀ ਨੂੰ ਤੁਸਾਂ ਸੱਦ ਭੇਜਿਆ ਹੈ, ਇਹ ਚੰਗਾ ਕੀਤਾ ਜੇ. ਪਰ ਤੁਹਾਨੂੰ ਮੌਤ ਦੇ ਮੂੰਹ ਛੱਡ ਉਨ੍ਹਾਂ ਨਾਲ ਹਰਦੁਆਰ ਚਲੀ ਜਾਵਾਂ, ਇਹ ਮੇਰੇ ਲਈ ਅਸੰਭਵ ਹੈ। ਕੀ ਮੈਂ ਤੁਹਾਨੂੰ ਬਚਾਉਣ ਲਈ ਕੁਝ ਵੀ ਨਾ ਕਰ ਸਕਾਂਗੀ ? ਭਾਵੇਂ ਮੈਂ ਜਾਣਦੀ ਹਾਂ ਕਿ ਮੇਰੇ ਵਰਗੀ ਅਬਲਾ ਕਿਸ ਵੀ ਯੋਗ ਨਹੀਂ, ਪਰ ਕੀ ਤੁਹਾਡੇ ਚਲਾਏ ਹੋਏ ਸੁਧਾਰ ਦੇ ਕੰਮ ਨੂੰ ਵੀ ਮੈਂ ਅਧਵਾਟੇ ਹੀ ਛੱਡ ਦਿਆਂਗੀ ? ਹੋਰ ਨਹੀਂ ਤਾਂ ਮੈਂ ਆਪਣੀ ਕਲਮ ਦੇ ਜ਼ੋਰ ਨਾਲ ਹੀ ਆਪਣੇ ਦੇਸ਼ ਵਿਚ ਸੁਧਾਰ ਦਾ ਉਹ ਹੜ੍ਹ ਲਿਆਵਾਂਗੀ, ਜਿਸ ਦੇ ਅੱਗੇ ਇਹ ਸਭ ਸਮਾਜਕ ਕੂੜਾ ਕਰਕਟ ਰੁੜ੍ਹ ਜਾਵੇਗਾ।

ਪਰ ਮੇਰੇ ਸ਼ਾਮੀ ! ਤੁਹਾਡਾ ਦਿਲ ਇਤਨਾ ਕਮਜ਼ੋਰ ਹੈ, ਇਸ ਗੱਲ ਦਾ ਤਾਂ ਮੈਨੂੰ ਕਦੇ ਖ਼ਿਆਲ ਨਹੀਂ ਸੀ। ਬਸ ਦਿਲ ਨੂੰ ਮਜ਼ਬੂਤ ਕਰੋ ਤੇ ਡਰ ਭਉ ਨੂੰ ਨੇੜੇ ਨਾ ਫਟਕਣ ਦਿਓ। ਮੈਂ ਤੁਹਾਡੀ ਮੁਲਾਕਾਤ ਲਈ ਕਲ੍ਹ ਤੋਂ ਯਤਨ ਕਰ ਰਹੀ ਹਾਂ। ਤੁਸਾਂ ਮਿਲਣੋਂ ਰੋਕਿਆ ਹੈ, ਪਰ ਇਕ ਵਾਰੀ ਮਿਲਣ ਦੀ ਅਭਿਲਾਸ਼ਾ ਪੂਰੀ ਕਰਨ ਲਈ ਖਿਮਾ ਮੰਗਦੀ ਹਾਂ।

ਪ੍ਰੀਤਮ ! ਇਮਤਿਹਾਨ ਵਿਚ ਤਕੜਿਆਂ ਹੋਣ ਦੀ ਮੈਨੂੰ ਤਕੜਾਈ ਕਰ ਰਹੇ ਹੋ, ਪਰ ਮੇਰੇ ਵਲੋਂ ਬੇਫ਼ਿਕਰ ਰਹਿ ਕੇ ਇਹ ਉਪਦੇਸ਼ ਆਪਣੇ ਹੀ ਦਿਲ ਨੂੰ ਦਿਓ। ਮੇਰੇ ਸਿਰਤਾਜ ! ਜੇ ਮੈਨੂੰ ਸੁਖੀ ਰਖਣਾ ਲੋੜਦੇ ਹੋ ਤਾਂ ਮੇਰੇ ਸੁਖ ਦੀ ਕੁੰਜੀ ਬਸ ਇਹੋ ਹੈ ਕਿ ਇਸ ਦੇ ਉੱਤਰ ਵਿਚ ਤੁਹਾਨੂੰ ਪੂਰੇ ਹੌਸਲੇ ਵਿਚ ਡੱਟੇ ਹੋਏ ਵੇਖਾਂ।

ਸਦਾ ਲਈ ਤੁਹਾਡੇ ਵਿਚ ਲੀਨ ਹੋ ਚੁਕੀ- ਤੁਹਾਡੀ – ਸੁੰਦਰੀ

29

ਜਿਸ ਦਿਨ ਦਾ ਬਚਨ ਸਿੰਘ ਗ੍ਰਿਫ਼ਤਾਰ ਹੋਇਆ ਹੈ। ਸੁੰਦਰੀ ਨੇ ਪੜ੍ਹਾਣ ਦਾ ਕੰਮ ਨਹੀਂ ਕੀਤਾ, ਨਾ ਹੀ ਉਸ ਨੂੰ ਆਪਣੇ ਤਨ ਬਦਨ ਦੀ ਹੋਸ਼ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੀਕ ਕਦੇ ਕਿਸੇ ਦੇ ਬੂਹੇ ਤੇ ਕਦੇ ਕਿਸੇ ਦੇ ਘਰ ਨੰਠੀ ਫਿਰਦੀ ਹੈ, ਕਦੇ ਵਕੀਲਾਂ ਪਾਸ ਕਦੇ ਮੁਨਸ਼ੀਆਂ ਦੇ ਘਰੀ, ਤੇ ਕਦੇ ਗਵਾਹਾਂ ਦੇ ਤਰਲੇ ਕੱਢਦੀ ਫਿਰਦੀ ਹੈ। ਉਸਨੂੰ ਖਾਣ ਪੀਣ ਜਾ ਕਪੜੇ ਲੱਤੇ ਤਕ ਬਦਲਣ ਦੀ ਸੁਧ ਨਹੀਂ। ਪਰ ਏਨਾ ਕੁਝ ਕਰਨ ਤੇ ਵੀ ਉਸਨੂੰ ਕਿਤੋਂ ਸਫ਼ਲਤਾ ਦੀ ਆਸ ਦਿਖਾਈ ਨਾ ਦਿੱਤੀ। ਬਚਨ ਸਿੰਘ ਦੀ ਮਾਂ ਵਲੋਂ ਪੋਰਵੀ ਹੋ ਰਹੀ ਹੈ। ਪਰ ਉਸ ਦੇ ਰਿਸ਼ਤੇਦਾਰਾਂ ਦੀ ਅੰਦਰੋ ਅੰਦਰੀ ਇਹੋ ਕੋਸ਼ਿਸ਼ ਹੈ ਕਿ ਬਚਨ ਸਿੰਘ ਦਾ ਕੰਡਾ ਕੱਢ ਕੇ ਉਹ ਉਸਦੀ ਭੋਇੰ ਭਾਂਡੇ ਉਤੇ ਕਬਜ਼ਾ ਕਰ ਲੈਣ। ਦੂਜੇ ਪਾਸੇ ਪਾਲਾ ਸਿੰਘ ਵੀ ਇਸੇ ਟੋਹ ਵਿਚ ਹੈ ਕਿ ਕਿਹੜਾ ਵੇਲਾ ਹੋਵੇ ਜਦ ਸੁੰਦਰੀ ਨੂੰ ਪ੍ਰਾਪਤ ਕਰਕੇ ਉਹ ਆਪਣੇ ਘਰ ਦਾ ਬੂਹਾ ਖੋਲ੍ਹੇ। ਉਸਦੇ ਰਸਤੇ ਦੀ ਰੋਕ ਬਹੁਤ ਕੁਝ ਹਟ ਚੁਕੀ ਹੈ।

ਪਾਲਾ ਸਿੰਘ ਦੀ ਹਿੰਮਤ ਨਾਲ ਸਾਰਾ ਬਾਨ੍ਹਣ ਐਸੀ ਸਫ਼ਾਈ ਨਾਲ ਬੰਨ੍ਹਿਆ ਗਿਆ ਹੈ ਕਿ ਬਚਨ ਸਿੰਘ ਦੇ ਬਚਣ ਦੀ ਕੋਈ ਆਸ ਬਾਕੀ ਨਹੀਂ ਰਹੀ।

ਪੁਲਿਸ ਦੀ ਕਾਰਵਾਈ ਮੁਕੰਮਲ ਹੋ ਚੁਕੀ ਹੈ, ਜਿਸਦੇ ਆਧਾਰ ਤੇ ਦਫ਼ਾ 302 ਹੇਠ ਬਚਨ ਸਿੰਘ ਦਾ ਚਲਾਨ ਹੋ ਚੁੱਕਾ ਹੈ। ਸੇਠ ਰਲਾ ਰਾਮ ਤੇ ਉਸਦੇ ਪੁੱਤਰ ਨੇ ਪੁਲਿਸ ਵਿਚ ਬਿਆਨ ਦਿਤਾ ਹੈ ਕਿ ਬਚਨ ਸਿੰਘ ਅਨਵਰ ਦਾ ਮੁਜਰਾ ਰੋਕਣ ਲਈ ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆ ਪੈਸਾ ਦੇਂਦਾ ਰਹਿੰਦਾ ਸੀ, ਪਰ ਜਦ ਅਸਾਂ ਉਸ ਦਾ ਕਹਿਣਾ ਨਾ ਮੰਨਿਆ। ਤਾਂ

ਜਾਦਾ ਹੋਇਆ ਕਹਿ ਗਿਆ- ‘ਚੰਗਾ, ਮੈਂ ਉਸ ਨੂੰ ਦੂਜੀ ਤਰ੍ਹਾਂ ਰੋਕਾਂਗਾ।’ ਪਾਲਾ ਸਿੰਘ ਨੇ ਲਿਖਾਇਆ- ‘ਵਕੂਏ ਤੋਂ ਇਕ ਦਿਨ ਪਹਿਲਾ ਬਚਨ ਸਿੰਘ ਮੈਨੂੰ ਮਿਲਿਆ ਸੀ ਤੇ ਕਹਿੰਦਾ ਸੀ-ਮੈਨੂੰ ਕੋਈ ਐਸਾ ਬੰਦਾ ਦਸ ਜਿਹੜਾ ਸੌ ਡੂਢ ਸੌ ਰੁਪਿਆ ਲੈ ਕੇ ਦੋ ਤਿੰਨ ਖੂਨ ਕਰ ਸਕੇ। ਪਰ ਜਦ ਮੈਂ ਉਸ ਨੂੰ ਏਸ ਗੱਲੋਂ ਮਨ੍ਹੇ ਕੀਤਾ ਤਾ ਕਹਿਣ ਲੱਗਾ- ਮੈਂ ਆਪੇ ਹੀ ਸਭ ਕੁਝ ਕਰ ਲਵਾਂਗਾ।’

ਇਸ ਤੋਂ ਛੁਟ ਪਾਲਾ ਸਿੰਘ ਦੇ ਸਾਥੀਆਂ ਵਿਚੋਂ ਕਿਸੇ ਨੇ ਕਿਹਾ- ‘ਮੈਂ ਉਸ ਰਾਤ ਉਸ ਨੂੰ ਇਕ ਛੁਰਾ ਲਈ ਅਨਵਰ ਦੇ ਬੂਹੇ ਅੱਗੇ ਫੇਰੇ ਪਾਦਿਆਂ ਦੇਖਿਆ ਸੀ। ਕਿਸੇ ਨੇ ਕਿਹਾ- ‘ਮੈਂ ਪਰਭਾਤ ਵੇਲੇ ਉਸ ਨੂੰ ਖੂਹ ਤੇ ਲਹੂ ਲਿੱਬੜੇ ਕਪੜੇ ਧੋਂਦਿਆਂ ਡਿੱਠਾ ਸੀ ਤੇ ਕਿਸੇ ਨੇ ਕਿਹਾ- ਵਕੂਏ ਵਾਲੀ ਰਾਤ ਮੈਂ ਖ਼ੁਦ ਉਸਨੂੰ ਅਨਵਰ ਦੇ ਚੁਬਾਰੇ ਚੜ੍ਹਦਿਆਂ ਤੱਕਿਆ ਸੀ ਜਦ ਕਿ ਕਰਮ ਚੰਦ ਤੇ ਪੰਡਤ ਹੁਰੀਂ ਵੀ ਅਨਵਰ ਦੀ ਬੈਠਕ ਵਿਚ ਮੁਜਰੇ ਬਾਰੇ ਕੁਝ ਸਲਾਹ ਕਰਨ ਲਈ ਮੌਜੂਦ ਸਨ।

ਇਸ ਤੋਂ ਛੁਟ ਇਕ ਲੁਹਾਰ ਨੇ ਉਹ ਛੁਰਾ-ਜਿਹੜਾ ਲਹੂ ਨਾਲ ਭਰਿਆ ਹੋਇਆ ਅਨਵਰ ਦੇ ਚੁਬਾਰੇ ਵਿਚੋਂ ਲੱਭਾ ਸੀ- ਵੇਖ ਕੇ ਕਹਿ ਦਿਤਾ ਕਿ ਇਹ ਮੇਰੀ ਦੁਕਾਨ ਦਾ ਬਣਿਆ ਹੋਇਆ ਹੈ, ਤੇ ਬਚਨ ਸਿੰਘ ਮੈਥੋਂ ਮੁੱਲ ਲੈ ਗਿਆ ਸੀ।

ਸਾਰਾ ਮੁਕੱਦਮਾ ਹੀ ਬਚਨ ਸਿੰਘ ਦੇ ਵਿਰੁੱਧ ਸੀ। ਸੁੰਦਰੀ ਨੇ ਸਭ ਤੋਂ ਪਹਿਲਾਂ ਵਕੀਲ ਪਾਸ- ਜਿਹੜਾ ਬਚਨ ਸਿੰਘ ਦੀ ਮਾਂ ਨੇ ਖੜ੍ਹਾ ਕੀਤਾ ਸੀ- ਰਾਤ ਦੀ ਅਨਵਰ ਵਾਲੀ ਮੁਲਾਕਾਤ ਦਾ ਸਾਰਾ ਹਾਲ ਦੱਸਣ ਦੀ ਸਲਾਹ ਕੀਤੀ, ਪਰ ਇਸ ਤੋਂ ਪਹਿਲਾਂ ਉਸ ਨੇ ਇਹ ਸਾਰਾ ਭੇਦ ਬਚਨ ਸਿੰਘ ਪਾਸ ਖੋਲ੍ਹਣਾ ਜ਼ਰੂਰੀ ਸਮਝਿਆ।

ਦੋ ਤਿੰਨਾਂ ਦਿਨਾਂ ਦੀ ਭੱਜੇ ਨੱਸੀ ਤੋਂ ਬਾਅਦ ਅਖ਼ੀਰ ਸੁੰਦਰੀ ਨੂੰ ਮੁਲਾਕਾਤ ਦੀ ਆਗਿਆ ਮਿਲ ਹੀ ਗਈ।

30

ਜੇਲ੍ਹ ਦੀ ਸੰਗੀਨ ਕੋਠੜੀ ਵਿਚ ਬਚਨ ਸਿੰਘ ਬੰਦ ਸੀ ਜਿਸ ਸਿਪਾਹੀ ਰਾਹੀਂ ਉਸ ਨੇ ਸੁੰਦਰੀ ਨੂੰ ਚਿੱਠੀ ਭੇਜ ਕੇ ਉੱਤਰ ਮੰਗਵਾਇਆ ਸੀ. ਉਸੇ ਦੀ ਮਦਦ ਨਾਲ ਅੱਜ ਬਚਨ ਸਿੰਘ ਨਾਲ ਸੁੰਦਰੀ ਦੀ ਮੁਲਾਕਾਤ ਦਾ ਦਿਨ ਨਿਯਤ ਸੀ।

ਸ਼ਾਮ ਦੇ ਪੰਜ ਵਜੇ ਦਾ ਵੇਲਾ ਸੀ। ਮੁਲਾਕਾਤ ਵਾਲੇ ਕੈਦੀਆਂ ਨੂੰ ਉਹਨਾਂ ਦੀਆਂ ਕੋਠੜੀਆਂ ਵਿਚੋਂ ਕੱਢ ਕੇ ਜੇਲ੍ਹ ਦੀ ਡਿਉਢੀ ਨਾਲ ਲਗਦੇ ਸੀਖਾ ਵਾਲੇ ਵਰਾਂਡੇ ਵਿਚ ਲਿਆਂਦਾ ਗਿਆ। ਇਹਨਾਂ ਵਿਚ ਬਚਨ ਸਿੰਘ ਵੀ ਮੌਜੂਦ ਸੀ।

ਸੀਖਾਂ ਵਿਚੋਂ ਤਕਦਾ ਹੋਇਆ ਬਚਨ ਸਿੰਘ ਕਿਸੇ ਦੀ ਉਡੀਕ ਕਰ ਰਿਹਾ ਸੀ। ਉਸ ਨੇ ਸੁੰਦਰੀ ਨੂੰ ਦੂਰੋਂ ਆਉਂਦਿਆਂ ਵੇਖਿਆ। ਉਹ ਕਲੇਜਾ ਫੜ ਕੇ ਬੈਠ ਗਿਆ। ਸੁੰਦਰੀ ਦੀ ਹਾਲਤ ਇਸ ਵੇਲੇ ਵੇਖਣ ਤੋਂ ਬਾਹਰੀ ਸੀ। ਉਸ ਦੇ ਸਰੀਰ ਵਿਚ ਮਾਨੋ ਰੱਤ ਦਾ ਨਿਸ਼ਾਨ ਨਹੀਂ ਸੀ। ਚਿਹਰੇ ਦਾ ਹੁਲੀਆ ਇਕ-ਦਮ ਮੁਰਦੇ ਵਰਗਾ ਸੀ, ਕਪੜੇ ਮੈਲੇ ਤੇ ਵਾਲ ਖਿਲਰੇ ਹੋਏ। ਸਿਰ ਤੋਂ ਪੈਰਾਂ ਤਕ ਗ਼ਮ ਦੀ ਮੂਰਤ ਬਣੀ ਹੋਈ। ਉਹ ਇਸ ਤਰ੍ਹਾਂ ਝੁਟਲਾਉਂਦੀ ਹੋਈ ਤੁਰੀ ਆ ਰਹੀ ਸੀ, ਜਿਵੇਂ ਹੁਣੇ ਡਿੱਗੀ ਕਿ ਡਿੱਗੀ।

“ਸੁੰਦਰੀ ਜੀ, ਤੁਹਾਡਾ ਉਹ ਹੌਸਲਾ ਕਿੱਥੇ ਗਿਆ ? ਤੁਸੀਂ ਤੇ ਮੈਨੂੰ ਮੱਤਾਂ ਦੇਂਦੇ ਸਾਓ”, ਬਚਨ ਸਿੰਘ ਨੇ ਸੀਖਾਂ ਵਿਚੋਂ ਹੱਥ ਕੱਢ ਕੇ ਉਸ ਦੀ ਬਾਂਹ ਹਿਲਾਂਦਿਆਂ ਹੋਇਆਂ ਕਿਹਾ, ਪਰ ਸੁੰਦਰੀ ਨੂੰ ਪਤਾ ਵੀ ਨਹੀਂ ਸੀ ਕਿ ਉਸ ਨੂੰ ਕੀ ਕੁਝ ਕਿਹਾ ਜਾ ਰਿਹਾ ਹੈ। ਇਤਨੇ ਦਿਨਾਂ ਤੋਂ ਉਹ ਇਹੋ ਸਮਝ ਰਹੀ ਸੀ ਕਿ ਉਸ ਦਾ ਦਿਲ ਬੜਾ ਤਕੜਾ ਹੈ। ਉਸ ਨੇ ਇਕ ਅਥਰ ਵੀ ਨਹੀਂ ਸੀ ਕੇਰੀ। ਪਰ ਬਚਨ ਸਿੰਘ ਦੇ ਸਾਹਮਣੇ ਹੋਣ ਦੀ ਦੇਰ ਸੀ, ਕਿ ਉਸ ਦੀਆਂ ਅੱਖਾਂ ‘ਚੋਂ ਘੜਿਆਂ ਪਾਣੀ ਉਛਲ ਪਿਆ, ਸ਼ਾਇਦ ਇਹ ਏਨੇ ਦਿਨਾਂ ਤੋਂ ਜਮ੍ਹਾ ਹੋ ਕੇ ਰੁਕਿਆ ਪਿਆ ਸੀ।

“ਸੁੰਦਰੀ ਜੀ, ਵਕਤ ਬਹੁਤ ਥੋੜ੍ਹਾ ਹੈ” ਬਚਨ ਸਿੰਘ ਨੇ ਉਸ ਨੂੰ ਧੀਰਜ ਦੇਂਦਿਆਂ ਹੋਇਆਂ ਕਿਹਾ। ਸੁੰਦਰੀ ਨੂੰ ਆਪਣੀ ਭੁਲ ਦਾ ਚੇਤਾ ਆ ਗਿਆ। ਉਸ ਦੇ ਅੱਥਰੂ ਇਕ ਦਮ ਬੰਦ ਹੋ ਗਏ ਤੇ ਅੱਖਾਂ ਨੂੰ ਪੂੰਝਦੀ ਹੋਈ ਬਚਨ ਸਿੰਘ ਵਲ ਤੱਕ ਕੇ ਬੋਲੀ- “ਮੈਂ ਬਹੁਤ ਵਕਤ ਗੁਆ ਦਿਤਾ ਏ ?”

ਬਚਨ ਸਿੰਘ ਨੇ ਆਪਣੇ ਗਲੇ ਦੀ ਆਵਾਜ਼ ਨੂੰ ਠੀਕ ਕਰ ਕੇ ਕਿਹਾ- “ਨਹੀਂ, ਮਸੇ ਪੰਜ ਕੁ ਮਿੰਟ ਹੋਏ ਨੇ, ਵੀਹ ਪੰਝੀ ਮਿੰਟ ਅਜੇ ਬਾਕੀ ਨੇ। ਸੁੰਦਰੀ ਜੀ, ਇਸੇ ਕਰ ਕੇ ਮੈਂ ਤੁਹਾਨੂੰ ਲਿਖ ਭੇਜਿਆ ਸੀ ਕਿ ਮੇਰੇ ਨਾਲ ਮੁਲਾਕਾਤ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਣਾ।”

“ਪਰ ਮੈਂ ਕੀ ਕਰਦੀ।” ਸੁੰਦਰੀ ਨੇ ਹਟਕੇਰਾ ਭਰ ਕੇ ਕਿਹਾ-
“ਇਕ ਕੰਮ ਲਈ ਮਿਲਣਾ ਜ਼ਰੂਰੀ ਸੀ।”
“ਕੀ ਕੰਮ ਸੀ ਇਹੇ ਜਿਹਾ ?”
“ਮੈਂ ਤੁਹਾਡੇ ਨਾਲ ਧੋਖਾ ਕੀਤਾ- ਅਸਲ ਗੱਲ ਤੁਹਾਨੂੰ ਨਹੀਂ ਸੀ ਦੱਸੀ।”
“ਕੀ ਮਤਲਬ ?”

ਇਸ ਦੇ ਉੱਤਰ ਵਿਚ ਸੁੰਦਰੀ ਨੇ ਉਸ ਰਾਤ ਵਾਲੀ ਘਟਨਾ- ਉਸ ਨੇ ਬਚਨ ਸਿੰਘ ਤੋਂ ਲੁਕਾ ਰਖੀ ਸੀ- ਸਾਰੀ ਕਹਿ ਸੁਣਾਈ। ਜੋ ਸੁਣ ਕੇ ਬਚਨ ਸਿੰਘ ਹੱਕਾ ਬੱਕਾ ਰਹਿ ਗਿਆ। ਉਸ ਦਾ ਹੁਣ ਤਕ ਇਹੋ ਖ਼ਿਆਲ ਸੀ ਕਿ ਉਸ ਨੂੰ ਫਸਾਉਣ ਲਈ ਪਾਲਾ ਸਿੰਘ ਨੇ ਹੀ ਇਹ ਕਾਰਾ ਕੀਤਾ ਹੈ ਤੇ ਇਹ ਤਿੰਨ ਖੂਨ ਪਾਲਾ ਸਿੰਘ ਜਾਂ ਉਸ ਦੀ ਪਾਰਟੀ ਨੇ ਕੀਤੇ ਹਨ। ਭਾਵੇਂ ਉਹਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਜੇ ਉਸ ਨੂੰ ਫਸਾਣ ਤੇ ਅਨਵਰ ਦਾ ਗਹਿਣਾ ਗੱਟਾ ਲੁਟਣਾ ਹੀ ਪਾਲਾ ਸਿੰਘ ਦਾ ਮਨੋਰਥ ਸੀ, ਤਾਂ ਉਸ ਨੇ ਕਰਮ ਚੰਦ ਤੇ ਪੰਡਤ ਰਾਧੇ ਕ੍ਰਿਸ਼ਨ ਦਾ ਖੂਨ ਕਿਉਂ ਕੀਤਾ ? ਪਰ ਫਿਰ ਇਹ ਸੋਚ ਕੇ ਉਸ ਦੀ ਸ਼ੰਕਾ ਮਿਟ ਗਈ ਕਿ ਖ਼ਬਰੇ ਉਸ ਸਮੇਂ ਇਹ ਦੇਵੇਂ ਭੱਦਰ ਪੁਰਸ਼ ਮੌਕੇ ਤੇ ਆ ਪਹੁੰਚੇ ਹੋਣਗੇ ਅਤੇ ਪਾਲਾ ਸਿੰਘ ਨੇ ਇਹਨਾਂ ਦੁਹਾਂ ਨੂੰ ਵੀ ਥਾਂ ਰਖਿਆ ਹੋਵੇਗਾ।

ਪਰ ਅੱਜ ਸੁੰਦਰੀ ਦੇ ਮੂੰਹੋਂ ਇਸ ਮਾਮਲੇ ਦੀ ਅਸਲੀਅਤ ਸੁਣਕੇ ਕਿ ਅਨਵਰ ਨੇ ਪਹਿਲਾਂ ਉਨ੍ਹਾਂ ਦੁਹਾਂ ਦਾ ਖ਼ੂਨ ਕਰਕੇ ਫਿਰ ਆਪਣੀ ਛਾਤੀ ਵਿਚ ਛੁਰਾ ਮਾਰ ਲਿਆ ਸੀ, ਬਚਨ ਸਿੰਘ ਕੰਬਣ ਲੱਗ ਪਿਆ। ਇਸ ਤੋਂ ਛੁਟ ਸੁੰਦਰੀ ਦੀ ਮਾਂ (ਅਨਵਰ) ਦਾ ਭਿਆਨਕ ਅੰਤ ! ਇਸ ਨੇ ਉਸ ਦੀ ਹੋਸ਼ ਹੀ ਗੁੰਮ ਕਰ ਦਿਤੀ। ਕਿੰਨਾ ਹੀ ਚਿਰ ਉਸ ਦੇ ਮੂੰਹੋਂ ਗੱਲ ਨਾ ਨਿਕਲ ਸਕੀ।

‘ਅਜ ਬਚਨ ਸਿੰਘ ਮੈਨੂੰ ਵੇਸਵਾ ਦੀ ਧੀ ਸਮਝ ਰਿਹਾ ਹੈ’, ਇਹ ਖ਼ਿਆਲ ਕਰਕੇ ਸੁੰਦਰੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ।

ਓਧਰ ਬਚਨ ਸਿੰਘ ਵੀ ਸੁੰਦਰੀ ਦੇ ਮਨੋਭਾਵਾਂ ਨੂੰ ਸਮਝ ਰਿਹਾ ਸੀ। ਇਸੇ ਕਰ ਕੇ ਉਹ ਇਸ ਵਿਸ਼ੇ ਤੇ ਹੋਰ ਗੱਲ ਕਥ ਨਹੀਂ ਸੀ ਕਰਨਾ ਚਾਹੁੰਦਾ। ਉਹ ਬੋਲਿਆ-“ਹੱਛਾ ਜੋ ਹੋਈ ਸੋ ਹੋਈ, ਪਰ ਸੁੰਦਰੀ ਜੀ ! ਮਾਮਲਾ ਕਿੱਡਾ ਅਜੀਬ ਏ। ਹਾਂ.ਸੱਚ ਗਿਆਨੀ ਹੁਰੀਂ ਅਜੇ ਨਹੀਂ ਆਏ?”

“ਨਹੀਂ, ਸ਼ਾਇਦ ਅਜ ਸ਼ਾਮ ਤੀਕ ਆ ਜਾਣ।”
“ਤਾਂ ਤੁਸੀਂ ਸਵੇਰੇ ਦੀ ਗੱਡੀ ਉਨ੍ਹਾਂ ਨਾਲ ਚਲੇ ਜਾਉਗੇ ਨਾ ?”
“ਨਹੀਂ, ਮੈਂ ਅਜੇ ਨਹੀਂ ਜਾ ਸਕਦੀ।”
“ਕਿਉਂ ?”
“ਮੈਂ ਅਦਾਲਤ ਵਿਚ ਬਿਆਨ ਦੇਣਾ ਏ”
“ਕੀ ਬਿਆਨ ?”

“ਇਹੋ ਜਿਹੜਾ ਤੁਹਾਨੂੰ ਸੁਣਾਇਆ ਏ। ਇਸ ਦੀ ਮਦਦ ਨਾਲ ਮੈਂ ਤੁਹਾਨੂੰ ਨਿਰਦੇਸ਼ ਸਾਬਤ ਕਰਾਂਗੀ।”

ਬਚਨ ਸਿੰਘ ਨੂੰ ਹਾਸਾ ਆ ਗਿਆ। ਉਹ ਬੋਲਿਆ- “ਸੁੰਦਰੀ ਜੀ ! ਤੁਹਾਡੀਆਂ ਇਹਨਾਂ ਗੱਲਾਂ ਦਾ ਕੌਣ ਇਤਬਾਰ ਕਰੇਗਾ ? ਹਾਂ, ਜੇ ਕਦੇ ਅਨਵਰ ਆਪਣੀ ਇਸ ਕਰਨੀ ਬਾਬਤ ਹੋਈ ਹੱਥੀਂ ਲਿਖਿਆ ਸਬੂਤ ਛੱਡ ਜਾਂਦੀ, ਜਾਂ ਮਰਦੀ ਹੋਈ ਪੁਲਿਸ ਪਾਸ ਕੋਈ ਇਸ ਕਿਸਮ ਦਾ ਬਿਆਨ ਲਿਖਾ ਜਾਂਦੀ ਤਾਂ ਭਾਵੇਂ ਕੁਝ ਬਚਾਉ ਹੋ ਸਕਦਾ, ਪਰ ਹੁਣ ਤੇ ਛੁਟ ਇਸ ਤੋਂ ਕਿ ਲੋਕ ਹਾਸੀ ਉਡਾਉਣ, ਹੋਰ ਕੋਈ ਫ਼ਾਇਦਾ ਨਹੀਂ ਹੋਣਾ।”

ਸੁੰਦਰੀ ਜੋਸ਼ ਵਿਚ ਬੋਲੀ-“ਇਹੋ ਕਹਿ ਕੇ ਮੇਰੀ ਹਾਸੀ ਉਡਾਉਣਗੇ ਨਾ ਕਿ ਸੁੰਦਰੀ ਇਕ ਕੰਜਰੀ ਦੀ ਧੀ ਏ, ਇਕ ਵਾਰੀ ਨਹੀਂ ਹਜ਼ਾਰ ਵਾਰ ਕਹਿ ਲੈਣ ਦਿਓ, ਮੈਨੂੰ ਇਸ ਦੀ ਕੋਈ ਪਰਵਾਹ ਨਹੀਂ।”

“ਨਹੀਂ ਸੁੰਦਰੀ ਜੀ ! ਮੈਂ ਨਹੀਂ ਸਹਾਰ ਸਕਦਾ ਕਿ ਤੁਹਾਡਾ ਇਹ ਭੇਦ ਖੁਲ੍ਹੇ। ਜੇ ਮੇਰੇ ਨਾਲ ਤੁਹਾਡਾ ਸੱਚਾ ਪਿਆਰ ਹੈ ਤਾਂ ਇਸ ਭੇਦ ਨੂੰ ਲੁਕਾਈ ਰਖੋ। ਦੂਜੀ ਗੱਲ ਇਹ ਕਿ ਅਦਾਲਤ ਨੇ ਤੁਹਾਡੇ ਏਸ ਬਿਆਨ ਨੂੰ ਇਤਬਾਰਯੋਗ ਨਹੀਂ ਮੰਨਣਾ। ਇਸ ਦੀ ਪੁਸ਼ਟੀ ਲਈ ਤੁਹਾਡੇ ਕੋਲ ਕੋਈ ਸਬੂਤ ਨਹੀਂ।” ਕੁਝ ਚਿਰ ਸੋਚ ਕੇ ਬਚਨ ਸਿੰਘ ਫਿਰ ਬੋਲਿਆ- ‘ਪਰ ਮੈਨੂੰ ਤੇ ਅਸਚਰਜ ਆਉਂਦਾ ਏ ਕਿ ਉਹ ਕੋਈ ਲਿਖਤ ਕਿਉਂ ਨਾ ਛੱਡ ਗਈ ?”

“ਜਿਥੋਂ ਤਕ ਮੇਰਾ ਕਿਆਸ ਕਹਿੰਦਾ ਏ, ਲਿਖਤ ਉਹ ਨਹੀਂ ਸੀ ਛੱਡ ਸਕਦੀ, ਕਿਉਂਕਿ ਉਸ ਦੇ ਅਜਿਹਾ ਕਰਨ ਨਾਲ ਮੇਰਾ ਵੀ ਜ਼ਿਕਰ ਆਉਂਦਾ ਸੀ। ਪਰ ਉਹ ਸ਼ਾਇਦ ਨਹੀਂ ਸੀ ਚਾਹੁੰਦੀ ਕਿ ਲੋਕਾਂ ਨੂੰ ਇਹ ਪਤਾ ਲਗੇ ਕਿ ਸੁੰਦਰੀ ਉਸ ਦੀ ਧੀ ਹੈ। ਦੂਜਾ ਉਸ ਨੂੰ ਏਸ ਗੱਲ ਦਾ ਵੀ ਕੀ ਪਤਾ ਸੀ ਕਿ ਉਸ ਦੀ ਏਸ ਕਰਨੀ ਦਾ ਫਲ ਤੁਹਾਨੂੰ ਈ…. ਕਹਿੰਦਿਆਂ ਕਹਿੰਦਿਆਂ ਸੁੰਦਰੀ ਦਾ ਗਲਾ ਭਰ ਆਇਆ. ਤੇ ਉਹ ਕੁਝ ਨਾ ਬੋਲ ਸਕੀ ਦੁਹਾਂ ਵਿਚ ਮਸੇ ਏਨੀਆਂ ਹੀ ਗੱਲਾਂ ਹੋਈਆ ਸਨ- ਦੁਖੀ ਦਿਲ ਦੇ ਕਈ ਲੰਮੇ ਅਫ਼ਸਾਨੇ ਸੁਣਾਉਣੇ ਅਜੇ ਬਾਕੀ ਸਨ, ਕਿ ਮੁਲਾਕਾਤਾਂ ਖ਼ਤਮ ਹੋਣ ਦੀ ਘੰਟੀ ਵਜਦਿਆਂ ਹੀ ਸਾਰੇ ਕੈਦੀ ਆਪਣੀ ਮਰਜ਼ੀ ਨਾਲ ਅਥਵਾ ਸਿਪਾਹੀਆਂ ਦੇ ਧੱਕਿਆਂ ਨਾਲ, ਮੁਲਾਕਾਤੀ ਜੰਗਲੇ ਛੱਡੇ ਤੁਰੇ। ਬਚਨ ਸਿੰਘ ਅਗੇ ਫੋਲਣ ਲਈ ਸੁੰਦਰੀ ਦੇ ਦਿਲ ਵਿਚ ਜਿਹੜੇ ਦੁਖਾਂ ਦੇ ਦਫ਼ਤਰ ਭਰੇ ਪਏ ਸਨ, ਸਾਰੇ ਧਰੇ ਧਰਾਏ ਹੀ ਰਹਿ ਗਏ। ਬਚਨ ਸਿੰਘ ਤੋਂ ਵਖ ਹੋਣ ਵੇਲੇ ਉਸ ਦੀਆਂ ਅੱਖਾਂ ਅੱਗੇ ਹਨੇਰਾ ਸੀ, ਤੇ ਉਸ ਨੂੰ ਪਤਾ ਹੀ ਨਾ ਲਗਾ ਜੁ ਕਿਹੜੇ ਵੇਲੇ ਬਚਨ ਸਿੰਘ ਉਸ ਦੀਆਂ ਅੱਖਾਂ ਸਾਹਮਣਿਉਂ ਹਟ ਗਿਆ, ਅਥਵਾ ਜਾਣ ਲੱਗਿਆਂ ਜਿਹੜੇ ਅੰਤਮ ਵਾਕ ਉਸ ਨੇ ਕਹੇ, ਉਹ ਕੀ ਸਨ।

31

ਨਿਰਾਸਤਾ, ਸਭ ਪਾਸੀਂ ਨਿਰਾਸਤਾ ਹੀ ਨਿਰਾਸਤਾ। ਦੂਰ ਤਕ- ਜਿਥੋਂ ਤਕ ਅੱਖਾਂ ਦੀ ਨਜ਼ਰ ਤੇ ਮਨ ਦੀ ਕਲਪਣਾ ਪਹੁੰਚ ਸਕਦੀ ਸੀ, ਸੁੰਦਰੀ ਨੂੰ ਨਿਰਾਸਤਾ ਹੀ ਨਿਰਾਸਤਾ ਦਿਖਾਈ ਦੇ ਰਹੀ ਸੀ। ਗਿਆਨੀ ਜੀ ਵੀ ਦੂਜੇ ਦਿਨ ਆ ਗਏ। ਮੁਕੱਦਮਾ ਕਿਉਂਕਿ ਅੰਮ੍ਰਿਤਸਰ ਦੀ ਅਦਾਲਤ ਵਿਚ ਚਲ ਰਿਹਾ ਸੀ, ਇਸ ਲਈ ਗਿਆਨੀ ਜੀ ਤੇ ਸੁੰਦਰੀ, ਦੋਵੇਂ ਅੰਮ੍ਰਿਤਸਰ ਵਿਚ ਰਹਿ ਕੇ ਮੁਕੱਦਮੇ ਦੀ ਪੈਰਵੀ ਕਰਨ ਲਗੇ। ਰਵਾਣੀ ਜਾਂ ਦੀਵਾਨਪੁਰ ਰਹਿਣਾ ਸੁੰਦਰੀ ਲਈ ਬੜਾ ਬੇਲੋੜਾ ਤੇ ਖ਼ਤਰਨਾਕ ਸੀ।

ਬਚਨ ਸਿੰਘ ਦਾ ਮੁਕੱਦਮਾ ਹੇਠਲੀ ਅਦਾਲਤ ਵਿਚ ਚਲ ਰਿਹਾ ਸੀ, ਤੇ ਇਸ ਦਾ ਅੰਤਮ ਫ਼ੈਸਲਾ ਕੀ ਹੋਵੇਗਾ ? ਇਹ ਸਭ ਦੀਆਂ ਅੱਖਾਂ ਅੱਗੇ ਸੀ, ਕਿਉਂਕਿ ਮੁਕੱਦਮੇ ਦੀ ਬਣਤਰ ਹੀ ਐਸੀ ਬਣ ਚੁਕੀ ਸੀ ਕਿ ਮੁਲਜ਼ਮ ਦੇ ਬਚਣ ਲਈ ਕੋਈ ਰਸਤਾ ਬਾਕੀ ਨਹੀਂ ਸੀ। ਮੁਜਰੇ ਦੀ ਵਿਰੋਧਤਾ ਬਾਰੇ ਬਚਨ ਸਿੰਘ ਦੀ ਕਈਆ ਦਿਨਾਂ ਦੀ ਦੌੜ ਭੱਜ, ਉਸ ਦੇ ਖ਼ੂਨੀ ਹੋਣ ਦਾ ਸਭ ਤੋਂ ਵਡਾ ਕਾਰਨ ਮਿਥਿਆ ਗਿਆ। ਇਸ ਤੋਂ ਛੁਟ ਕਤਲ ਵਾਲੀ ਰਾਤ, ਅਨਵਰ ਦੇ ਬੂਹੇ ਅੱਗੇ ਉਸ ਦਾ ਫੇਰੇ ਮਾਰਨਾ ਵੀ ਸਾਬਤ ਹੋ ਚੁਕਾ ਸੀ, ਤੇ ਇਹ ਇਕੱਲਾ ਸਬੂਤ ਹੀ ਸੌ ਵਰਗਾ ਸੀ। ਉਤੋਂ ਪਾਲਾ ਸਿੰਘ ਤੇ ਉਸ ਦੀ ਪਾਰਟੀ ਦੀ ਹਿੰਮਤ ਨਾਲ ਬਨਾਉਟੀ ਗਵਾਹਾਂ ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ।

ਵਾਰਦਾਤ ਕਿਵੇਂ ਹੋਈ ? ਉਸ ਰਾਤ ਜਿਸ ਵੇਲੇ ਸੁੰਦਰੀ ਅਨਵਰ ਪਾਸੋਂ ਵਾਪਸ ਚਲੀ ਗਈ ਸੀ, ਉਸੇ ਵੇਲੇ ਅਨਵਰ ਨੇ ਆਪਣਾ ਇਕ ਸਾਜ਼ੀ ਤੇਜ ਕੇ ਕਰਮ ਚੰਦ ਤੇ ਪੰਡਤ ਰਾਧੇ ਕ੍ਰਿਸ਼ਨ ਨੂੰ ਸਦ ਭੇਜਿਆ ਸੀ। ਅਨਵਰ ਦਾ ਸੱਦਾ ਦੋਹਾਂ ਲਈ ਰੱਬ ਦੀ ਰਹਿਮਤ ਦੇ ਤੁਲ ਸੀ। ਦੋਵੇਂ ਉਸਦੀ ਬੈਠਕ ਵੱਲ ਭੱਜੇ ਗਏ। ਅਨਵਰ ਨੇ ਦੁਹਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਖੂਬ ਪ੍ਰੇਮ ਦਾ ਨਾਟਕ ਰਚਿਆ। ਕੁਝ ਤਾਂ ਉਹ ਦੋਵੇਂ ਅੱਗੇ ਹੀ ਪੀ ਪੀ ਕੇ ਅੰਨ੍ਹੇ ਹੋਏ ਹੋਏ ਸਨ। ਉਤੋਂ ਉਸ ਨੇ ਹੋਰ ਪਿਆਣੀ ਸ਼ੁਰੂ ਕੀਤੀ। ਅਖ਼ੀਰ ਜਦ ਦੋਵੇਂ ਗੁਟ ਹੋ ਗਏ, ਤਾਂ ਅਨਵਰ ਨੇ ਆਪਣੇ ਛੁਰੇ ਦੇ ਇਕ ਇਕ ਵਾਰ ਨਾਲ ਦੋਹਾਂ ਦੀ ਜ਼ਿੰਦਗੀ ਦਾ ਦੀਵਾ ਗੁਲ ਕਰ ਦਿਤਾ, ਤੇ ਤੀਜੇ ਵਾਰ ਨਾਲ ਆਪਣਾ।

ਰੋਜ਼ ਵਾਂਗ ਸਵੇਰੇ ਜਦ ਅੰਨਾ (ਅਨਵਰ ਦੀ ਬੁੱਢੀ ਨੌਕਰਾਣੀ) ਅੰਦਰ ਆਈ ਤਾਂ ਅੰਦਰ ਦਾ ਦ੍ਰਿਸ਼ ਵੇਖਕੇ ਉਸ ਨੇ ਜ਼ੋਰ ਦੀ ਚੀਕ ਮਾਰੀ, ਜਿਸ ਨੂੰ ਸੁਣ ਕੇ ਕਈ ਲੋਕ ਉਪਰ ਆ ਗਏ। ਹੁੰਦਿਆਂ ਹੁੰਦਿਆਂ ਉਥੇ ਚੋਖੀ ਭੀੜ ‘ਕੱਠੀ ਹੋ ਗਈ- ਸਾਰਾ ਅੰਦਰ ਖ਼ੂਨ ਨਾਲ ਲੱਥ ਪੱਥ ਸੀ ਤੇ ਤਿੰਨੇ ਲੇਥਾਂ ਉਸ ਵਿਚ ਤਰ ਰਹੀਆਂ ਸਨ।

ਪਾਲਾ ਸਿੰਘ ਹੁਰਾਂ ਨੂੰ ਜਦ ਪਤਾ ਲਗਾ ਤਾਂ ਉਹਨਾਂ ਦੀ ਖ਼ੁਸ਼ੀ ਦਾ ਕੋਈ ਅੰਤ ਨਾ ਰਿਹਾ। ਉਨ੍ਹਾਂ ਨੇ ਅਗਲਵਾਂਢੇ ਹੀ ਪੁਲਿਸ ਸੱਦ ਲਿਆਂਦੀ ਤੇ ਇਸ ਸਾਰੇ ਖ਼ੂਨੀ ਨਾਟਕ ਦਾ ਹੀਰੇ ਬਚਨ ਸਿੰਘ ਨੂੰ ਪ੍ਰਗਟ ਕੀਤਾ ਗਿਆ।

ਖ਼ੂਨ ਕਿਉਂ ਹੋਏ ਤੇ ਕਿਸ ਨੇ ਕੀਤੇ ? ਇਸ ਗਲ ਦਾ ਅਸਲੀ ਭੇਦ ਛੁਟ ਸੁੰਦਰੀ ਤੋਂ ਕਿਸੇ ਨੂੰ ਵੀ ਮਾਲੂਮ ਨਹੀਂ ਸੀ, ਪਰ ਪਚਾਨਵੇਂ ਫ਼ੀਸਦੀ ਲੋਕਾਂ ਦਾ ਸ਼ੱਕ ਬਚਨ ਸਿੰਘ ਉਤੇ ਹੀ ਸੀ। ‘ਨਿਸ਼ਚੇ’ ਦੇ ਥਾਂ ‘ਸ਼ੱਕ’ ਕਿਉਂ ਸੀ ? ਸਿਰਫ਼ ਇਕ ਖ਼ਿਆਲ ਕਰ ਕੇ ਕਿ ਅਨਵਰ ਨੂੰ ਤਾਂ ਭਲਾ ਉਸ ਨੇ ਸੁਧਾਰ ਦੇ ਜੋਸ਼ ਵਿਚ ਕਤਲ ਕਰ ਦਿਤਾ ਸਹੀ, ਪਰ ਦੂਜੇ ਦੋਹਾਂ ਨੂੰ ਜਿਨ੍ਹਾਂ ਨਾਲ ਉਸ ਦੀ ਨਾ ਕੋਈ ਜਾਣ ਪਛਾਣ ਤੇ ਨਾ ਕੋਈ ਅਦਾਵਤ ਸੀ- ਉਸ ਨੇ ਕਿਉਂ ਕਤਲ ਕੀਤਾ ? ਪਰ ਲੋਕਾਂ ਦਾ ਇਹ ‘ਸ਼ੱਕ’ ਵੀ ਦੂਰ ਹੋ ਗਿਆ, ਤੇ ਬਚਨ ਸਿੰਘ ਦੇ ਦੋਸ਼ੀ ਹੋਣ ਦਾ ਸਭ ਨੂੰ ‘ਨਿਸ਼ਚਾ’ ਹੈ। ਗਿਆ, ਜਦ ਕੁਝ ਗਵਾਹਾਂ ਨੇ ਸਾਬਤ ਕਰ ਦਿੱਤਾ ਕਿ ਪੰਡਤ ਰਾਧੇ ਕ੍ਰਿਸ਼ਨ ਤੇ ਕਰਮ ਚੰਦ, ਅਨਵਰ ਦੇ ਮਕਾਨ ਉਤੇ, ਦੂਜੇ ਦਿਨ ਹੋਣ ਵਾਲੇ ਮੁਜਰੇ ਬਾਬਤ ਸਲਾਹ ਕਰਨ ਲਈ ਪਹੁੰਚੇ ਸਨ, ਕਿ ਬਚਨ ਸਿੰਘ ਅਨਵਰ ਦਾ ਖੂਨ ਕਰ ਕੇ ਛੁਰਾ ਹੱਥ ਵਿਚ ਲਈ ਪਰਤਿਆ, ਤਾਂ ਭੇਦ ਖੁਲ੍ਹ ਜਾਣ ਦੇ ਡਰੋਂ ਉਸ ਨੇ ਉਨ੍ਹਾਂ ਦੇਹਾਂ ਨੂੰ ਵੀ ਪਾਰ ਬੁਲਾਇਆ। ਵਿਚਾਰੀ ਸਦਾ ਕੌਰ ਪਛਾੜਾਂ ਤੇ ਪਛਾੜਾਂ ਖਾ ਰਹੀ ਸੀ। ਏਧਰ ਸੁੰਦਰੀ ਦੀ ਇਕ ਲੱਤ ਕਚਹਿਰੀ ਤੇ ਦੂਸਰੀ ਵਕੀਲ ਦੀ ਬੈਠਕੇ।

ਬਚਨ ਸਿੰਘ ਦੇ ਵਕੀਲ ਨੇ ਸੁੰਦਰੀ ਦੀ ਸ਼ਹਾਦਤ ਨੂੰ ਸਫਾਈ ਦੇ ਗਵਾਹਾਂ ਵਿਚ ਦਰਜ ਕਰ ਲਿਆ। ਜਦ ਬਚਨ ਸਿੰਘ ਉਤੇ ਫ਼ਰਦ ਜੁਰਮ ਲਗ ਗਿਆ ਤਾਂ ਸੁੰਦਰੀ ਦੀ ਗਵਾਹੀ ਹੋਈ। ਉਸ ਨੇ ਸ਼ੁਰੂ ਤੋਂ ਅਖ਼ੀਰ ਤਕ, ਜੋ ਕੁਝ ਜਿਸ ਤਰ੍ਹਾਂ ਹੋਇਆ ਸੀ, ਸਭ ਬਿਆਨ ਕਰ ਦਿਤਾ, ਪਰ ਮੁਕੱਦਮੇ ਨਾਲ ਉਸ ਦੀ ਲੰਮੀ ਰਾਮ ਕਹਾਣੀ ਦਾ ਕੁਝ ਵੀ ਸੰਬੰਧ ਨਾ ਸਮਝਿਆ ਗਿਆ। ਅਨਵਰ ਕੌਣ ਸੀ, ਪੰਡਤ ਰਾਧਾ ਕ੍ਰਿਸ਼ਨ ਤੇ ਕਰਮ ਚੰਦ ਦੇ ਚਾਲ ਚਲਣ ਕਿਹੋ ਜਿਹੇ ਸਨ, ਅਨਵਰ ਨੂੰ ਕਿਹੜੇ ਕਾਰਨਾਂ ਕਰ ਕੇ ਵੇਸਵਾ ਦਾ ਜੀਵਨ ਧਾਰਨ ਕਰਨਾ ਪਿਆ ? ਸੁੰਦਰੀ ਨੇ ਇਹਨਾਂ ਗੱਲਾਂ ਉਤੇ ਲਗਦੀ ਵਾਹ ਚਾਨਣ ਪਾਣ ਦਾ ਯਤਨ ਕੀਤਾ, ਪਰ ਸੁੰਦਰੀ ਪਾਸ ਇਹਨਾਂ ਗੱਲਾਂ ਦੀ ਸਚਾਈ ਦਾ ਕੀ ਸਬੂਤ ਸੀ ? ਜਿਨ੍ਹਾਂ ਪਾਸੋਂ ਸੁੰਦਰੀ ਦੇ ਖ਼ਿਆਲਾਂ ਦੀ ਪੁਸ਼ਟੀ ਹੋਣ ਦੀ ਆਸ ਹੋ ਸਕਦੀ ਸੀ, ਉਹ ਤਿੰਨੇ ਕਤਲ ਹੋ ਚੁਕੇ ਸਨ। ਇਸ ਤੋਂ ਛੁਟ ਉਹ ਚੌਥਾ ਮਹੱਲੇਦਾਰ ਵੀ ਸੁੰਦਰੀ ਦੇ ਬਿਆਨ ਅਨੁਸਾਰ ਅਨਵਰ ਦੇ ਹਥੋਂ ਮਾਰਿਆ ਜਾ ਚੁਕਾ ਸੀ, ਹੁਣ ਜੇ ਕੋਈ ਜਿਉਂਦਾ ਗਵਾਹ ਬਾਕੀ ਸੀ, ਤਾਂ ਉਹ ਸੀ ਤਾਰਾ ਚੰਦ,, ਜਿਸ ਬਾਬਤ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਉਂਦਾ ਹੈ ਜਾਂ ਮਰਿਆ, ਅਥਵਾ ਕਿਥੇ ਹੈ।

ਸਫ਼ਾਈ ਦੇ ਵਕੀਲ ਨੇ ਬੜੀ ਨਿਰਾਸਤਾ ਵਿਚ ਸੁੰਦਰੀ ਨੂੰ ਕਿਹਾ- “ਲੜਕੀ ? ਜੇ ਅੱਜ ਤੇਰਾ ਪਿਉ (ਤਾਰਾ ਚੰਦ) ਮੌਜੂਦ ਹੁੰਦਾ ਤਾਂ ਹੋ ਸਕਦਾ ਸੀ. ਏਸ ਮਾਮਲੇ ਵਿਚ ਕੁਝ ਮਦਦ ਮਿਲ ਸਕਦੀ ਹੈ। ਅਜੇ ਵੀ ਜੇ ਤੂੰ ਕਿਸੇ ਤਰ੍ਹਾਂ ਉਸ ਨੂੰ ਢੂੰਡ ਲਵੇ ਤਾਂ ਬੜਾ ਚੰਗਾ ਹੋਵੇ।”

ਬਾਕੀ ਰਹੀ ਇਹ ਗਲ ਕਿ ਖੂਨ ਕਿਸ ਨੇ ਕੀਤਾ? ਏਸ ਬਾਬਤ ਤਾਂ ਸੁੰਦਰੀ ਦੀ ਗਵਾਹੀ ਦੀ ਕੋਈ ਕੀਮਤ ਨਹੀਂ ਸੀ ਸਮਝੀ ਜਾ ਸਕਦੀ। ਭਾਵੇਂ ਸੁੰਦਰੀ ਨੇ ਆਪਣੇ ਬਿਆਨ ਵਿਚ ਸਾਫ਼ ਕਹਿ ਦਿਤਾ ਕਿ ਉਸ ਦੀ ਮਾਂ (ਅਨਵਰ) ਨੇ ਉਹਨਾਂ ਦੋਹਾਂ ਨੂੰ ਮਾਰਨ ਦਾ ਉਸ ਦੇ ਸਾਹਮਣੇ ਪ੍ਰਣ ਦੁਹਰਾਇਆ ਸੀ, ਪਰ ਅਦਾਲਤ ਨੂੰ ਕੀ ਪਤਾ ਦੁਹਰਾਇਆ ਸੀ ਕਿ ਨਹੀਂ। ਸੁੰਦਰੀ ਖ਼ੁਦ ਤਾਂ ਵਾਰਦਾਤ ਵੇਲੇ ਮੌਕੇ ਤੇ ਹੈ ਹੀ ਨਹੀਂ ਸੀ। ਅਦਾਲਤ ਨੇ ਸੁੰਦਰੀ ਦੇ ਸਾਰੇ ਬਿਆਨ ਨੂੰ ਬਨਾਵਟੀ ਕਹਾਣੀ ਅਥਵਾ ਪਾਗਲਪਨ ਹੀ ਖ਼ਿਆਲ ਕੀਤਾ।

ਮੁਕਦੀ ਗੱਲ ਕਿ ਸੁੰਦਰੀ ਦੇ ਸਭ ਕੁਝ ਜਾਣਦਿਆਂ ਹੋਇਆਂ ਵੀ ਉਸ ਦੀ ਗਵਾਹੀ ਦਾ ਮੁਲਜ਼ਮ ਨੂੰ ਕੋਈ ਫ਼ਾਇਦਾ ਨਾ ਪਹੁੰਚ ਸਕਿਆ ਤੇ ਮੁਕੱਦਮਾ ਅਖ਼ੀਰ ਸੈਸ਼ਨ ਸਪੁਰਦ ਹੋ ਗਿਆ।

ਸੁੰਦਰੀ ਨੂੰ ਸਾਰੀ ਨਠ-ਭੱਜੀ ਵਿਚੋਂ ਜੇ ਕੋਈ ਚੀਜ਼ ਮਿਲੀ ਤਾਂ ਇਹ ਕਿ ਅੱਗੇ ਲੋਕ ਉਸੇ ਨੂੰ ‘ਅਛੂਤਾਂ ਦੀ ਕੁੜੀ’ ਕਹਿੰਦੇ ਸਨ ਹੁਣ ‘ਕੰਜਰਾਂ ਦੀ ਕੁੜੀ’ ਕਹਿਣ ਲਗ ਪਏ।

ਅਦਾਲਤੀ ਕਾਨੂੰਨ, ਧਨਵਾਨਾਂ ਦਾ ਨੌਕਰ ਤੇ ਨਿਰਧਨਾਂ ਦਾ ਮਾਲਕ ਹੈ। ਉਹ ਅਮੀਰਾਂ ਦੇ ਹੁਕਮ ਵਿਚ ਤੁਰਦਾ ਹੈ ਤੇ ਗ਼ਰੀਬ ਨੂੰ ਆਪਣੇ ਹੁਕਮ ਵਿਚ ਤੇਰਦਾ ਹੈ।

ਮੁਕੱਦਮੇ ਦੇ ਵਿਚਾਲੇ ਕਈ ਵਾਰ ਬਚਨ ਸਿੰਘ ਦੀਆਂ ਸੁੰਦਰੀ,

ਸਦਾ ਕੌਰ ਤੇ ਗਿਆਨੀ ਜੀ ਨਾਲ ਮੁਲਾਕਾਤਾਂ ਹੋਈਆਂ, ਜਿਨ੍ਹਾਂ ਦਾ ਦੁਖ-ਦ੍ਰਿਸ਼ ਵਿਖਾ ਕੇ ਅਸੀਂ ਪਾਠਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਸੈਸ਼ਨ ਅਦਾਲਤ ਨੇ ਕੁਝ ਪੇਸ਼ੀਆਂ ਤੋਂ ਬਾਅਦ ਬਚਨ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿਤਾ। ਬਦਨਸੀਬ ਸਦਾ ਕੌਰ ਲਈ ਇਹ ਅਸਹਿ ਵਾਰ, ਮਾਰੂ ਸਾਬਤ ਹੋਇਆ। ਇਹ ਖ਼ਬਰ ਸੁਣਦਿਆਂ ਹੀ ਉਸ ਦੇ ਹੋਸ਼ ਹਵਾਸ ਕੁਝ ਚਿਰ ਲਈ ਜਵਾਬ ਦੇ ਗਏ।

ਬਚਨ ਸਿੰਘ ਦੇ ਵਾਰਸਾਂ ਵਲੋਂ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ।
ਸੁੰਦਰੀ ਲਈ ਵੀ ਇਹ ਸੱਟ ਕੋਈ ਸਾਧਾਰਨ ਨਹੀਂ ਸੀ, ਪਰ ਉਸ ਦੇ ਅੰਦਰ ਜਿਹੜੀ ਬਦਲੇ ਦੀ ਅੱਗ ਮਘ ਰਹੀ ਸੀ, ਉਸ ਦੀ ਗਰਮੀ ਨੇ ਉਸ ਨੂੰ ਡੋਲਣ ਨਾ ਦਿਤਾ, ਸਗੋਂ ਉਸ ਦੇ ਦਿਲ ਨੂੰ ਹੋਰ ਵੀ ਅਡੋਲ ਤੇ ਦ੍ਰਿੜ੍ਹ ਕਰ ਦਿਤਾ।

ਚਿੱਟਾ ਲਹੂ – ਅਧੂਰਾ ਕਾਂਡ (2)

1 ਪਤ-ਝੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖ਼ਾਮੋਸ਼ੀ ਵਿਚ ਦਰਖ਼ਤ ਦਾ ਸੁੱਕਾ ਪੱਤਰ ਖੜਖੜ ਕਰਦਾ, ਡਿੱਗ ਪੈਂਦਾ ਹੈ ਤੇ ਫਿਰ ਉਸਦੀ ਆਵਾਜ਼ ਉਸ ਖ਼ਾਮੋਸ਼ੀ ਵਿਚ ਅਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਇਸ ਅੱਧੀ ਰਾਤ ਦੇ ਸਮੇਂ ਰੱਖਾ ਦੀ ਇਕ ਟੁੱਟੀ ਭੱਜੀ ਕੁੱਲੀ ਵਿਚ ਬੈਠੀ ਹੋਈ ਇਕ ਦੁਖੀਆ ਮੁਟਿਆਰ ਜਦ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਤਾਂ ਇਸ ਹਨੇਰੀ ਤੇ ਡਰਾਉਣੀ ਛੰਨ ਵਿਚ ਉਸ ਦੀ ਗਰਮ ਭਾਫ਼ ਵਿਚ ਵਲ੍ਹੇਟੀ ਹੋਈ ਆਵਾਜ਼ ਇਕ ਵਾਰੀ ਮੱਧਮ ਜਿਹੀ ਗੂੰਜ ਪੈਦਾ ਕਰ ਉਥੇ ਹੀ...

ਚਿੱਟਾ ਲਹੂ – ਅਧੂਰਾ ਕਾਂਡ (12)

32 ਅੰਮ੍ਰਿਤਸਰ ਦੀ ਇਕ ਛੋਟੀ ਜਿਹੀ ਗਲੀ ਵਿਚ ਮਕਾਨ ਕਿਰਾਏ ਤੇ ਲੈ ਕੇ, ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਚਨ ਸਿੰਘ ਨੂੰ ਬਚਾਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ, ਫ਼ਾਂਸੀ ਦੇ ਹੁਕਮ ਦੇ ਵਿਰੁਧ ਹਾਈਕੋਰਟ ਵਿਚ ਭਾਵੇਂ ਅਪੀਲ ਕੀਤੀ ਜਾ ਚੁਕੀ ਸੀ, ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ। ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ। ਤਾਰਾ ਚੰਦ ਨੂੰ ਢੂੰਡਣ ਦੀ ਤੀਬਰਤਾ ਉਸਦੇ ਦਿਲ ਵਿਚ ਦਿਨੋ ਦਿਨ ਵਧਦੀ ਜਾ ਰਹੀ ਸੀ, ਪਰ ਇਹ ਵੀ ਨਿਰੀ...

ਚਿੱਟਾ ਲਹੂ – ਅਧੂਰਾ ਕਾਂਡ (3)

3 ਪੰਡਤ ਰਾਧੇ ਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ। ਹੈ। ਖ਼ਾਸ ਕਰ ਕੇ ਇਥੋਂ ਦੇ ਅਲਬੇਲੇ ਤੇ ਮੌਜੀ ਗਭਰੂ ਤਾਂ ਆਪ ਨੂੰ ਦੇਵਤਿਆ ਵਾਂਗ ਪੂਜਦੇ ਹਨ। ਉਹਨਾਂ ਵਿਚੋਂ ਕੋਈ ਆਪ ਨੂੰ ‘ਹਾਤਮਤਾਈ’ ਤੇ ਕੋਈ ਰਾਜਾ ‘ਬਿਕ੍ਰਮਾਦਿਤ’ ਦਾ ਅਵਤਾਰ ਕਹਿੰਦਾ ਹੈ। ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲਗੀ ਹੋਈ ਹੈ। ਜਦ ਵੀ ਕਿਸੇ ਉਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ, ਜਾਂ ਕਿਸੇ ਦੇ ਘਰ ਵਿਚ ਹੀ ਕੇਈ ਝਗੜਾ ਝੇੜਾ ਪੈ ਜਾਵੇ, ਤਾਂ ਅਵੱਲ ਤਾਂ ਲੋਕੀਂ ਅਜਿਹੇ ਸਮੇਂ ਆਪਣੇ...