13.3 C
Los Angeles
Wednesday, December 4, 2024

ਚਿੱਟਾ ਲਹੂ – ਅਧੂਰੇ ਕਾਂਡ ਦਾ ਬਾਕੀ ਹਿੱਸਾ (13)

(ਉਪਰੋਕਤ ਘਟਨਾ ਤੋਂ ਦੇ ਸਾਲ ਬਾਅਦ)

ਕਿਤਾਬ ਦੇ ਮੁੱਢ ਵਿਚ ਪਾਠਕ ਪੜ੍ਹ ਆਏ ਹਨ ਕਿ ਰਾਤ ਵੇਲੇ ਗੁਪਤੇਸ੍ਵਰ’ ਨਾਉਂ ਦਾ ਇਕ ਮੁਸਾਫ਼ਰ ਬਾਬੂ ਸ਼ਾਮਦਾਸ ਦੇ ਕਮਰੇ ਵਿਚ ਬੈਠਾ ਉਸ ਨੂੰ ਇਕ ਹੱਥ ਲਿਖਿਆ ਨਾਵਲ ਸੁਣਾ ਰਿਹਾ ਸੀ। ਨਾਵਲ ਕਾਫੀ ਵੱਡਾ ਸੀ, ਪਰ ਬਾਬੂ ਸ਼ਾਮਦਾਸ ਇਕੋ ਬੈਠਕ ਵਿਚ ਸਾਰਾ ਸੁਣਨਾ ਚਾਹੁੰਦਾ ਸੀ।

ਮੁਸਾਫ਼ਰ ਸੁਣਾਦਾ ਗਿਆ ਤੇ ਸ਼ਾਮਦਾਸ ਸੁਣਦਾ ਗਿਆ। ਏਸੇ ਸੁਣੇ ਸੁਣਾਈ ਵਿਚ ਰਾਤ ਬੀਤ ਗਈ।

ਇਸ ਵੇਲੇ ਜਦ ਮੁਸਾਫ਼ਰ ਨੇ ਲਗਪਗ ਸਾਰਾ ਨਾਵਲ ਖ਼ਤਮ ਕਰ ਲਿਆ- ਸ਼ਾਇਦ ਇਕ ਅੱਧ ਕਾਂਡ ਹੀ ਬਾਕੀ ਸੀ, ਤਾਂ ਸਵੇਰ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਕਮਰੇ ਵਿਚ ਦਾਖ਼ਲ ਹੋ ਚੁਕੀਆਂ ਸਨ । ਮੁਸਾਫ਼ਰ ਛੇਕੜਲੇ ਕਾਂਡ ਦੇ ਵਰਕੇ ਇਕਸਾਰ ਕਰਨ ਲੱਗਾ ਤੇ ਇਹਨਾਂ ਦੇ ਠੀਕ ਕਰਨ ਵਿਚ ਉਸ ਨੂੰ ਕਈ ਮਿੰਟ ਲਗ ਗਏ ਕਿਉਂਕਿ ਇਹ ਕਾਂਡ ਵਿਕੋਲਿਤਰੇ ਜਿਹੇ ਕਾਗਜ਼ਾਂ ਉੱਤੇ ਲਿਖਿਆ ਹੋਇਆ ਸੀ- ਕੁਝ ਸਕੂਲੀ ਕਾਪੀਆ ਦੇ ਇਕ ਪਾਸੇ- ਵਰਕੇ ਅਤੇ ਕੁਝ ਅਖ਼ਬਾਰੀ ਸਫਿਆ ਦੇ ਹਾਸ਼ੀਏ ਆਦਿ ਸਫੇ ਤਰਤੀਬਵਾਰ ਕਰਨ ਤੋਂ ਬਾਅਦ ਜਦ ਮੁਸਾਫਰ ਇਹਨਾਂ ਨੂੰ ਪੜ੍ਹਨ ਲੱਗਾ ਤਾਂ ਉਸ ਦੀ ਨਜ਼ਰ ਸ਼ਾਮ ਦਾਸ ਦੇ ਚਿਹਰੇ ਤੇ ਪਈ। ਸ਼ਾਮਦਾਸ

ਦੀਆਂ ਅੱਖਾਂ ਸਾਵਣ ਦੀਆਂ ਝੜੀਆਂ ਲਾ ਰਹੀਆਂ ਸਨ। ਉਸ ਦਾ ਰੰਗ ਮੁਰਦੇ ਵਰਗਾ ਪੀਲਾ ਪੈ ਗਿਆ ਸੀ ਤੇ ਉਸ ਦੇ ਬੁਲ੍ਹ ਕੰਬ ਰਹੇ ਸਨ।

“ਹੈ । ਮੁਸਾਫ਼ਰ ਨੇ ਹਥਲੇ ਵਰਕੇ ਤਰਪਾਈ ਤੇ ਰਖਦਿਆਂ ਕਿਹਾ- ਤੁਸੀਂ ਰੋ ਰਹੇ ਹੋ ਸ੍ਰੀ ਮਾਨ ਜੀ, ਇਹ ਕੋਈ ਏਡੀ ਜ਼ਬਰਦਸਤ ਟਰੈਜਿਡੀ ਤੇ ਨਹੀਂ ਸੀ।”

ਸ਼ਾਮਦਾਸ ਦੇ ਕੰਨਾਂ ਵਿਚ ਜਿਵੇਂ ਇਹ ਗੱਲ ਪਈ ਹੀ ਨਹੀਂ- ਉਸ ਦੇ ਅੱਥਰੂਆਂ ਦਾ ਹੜ੍ਹ ਜ਼ਰਾ ਵੀ ਨਾ ਰੁਕਿਆ।

“ਚੰਗਾ ਇਹ ਅਖ਼ੀਰਲਾ ਕਾਂਡ ਹਾਲੇ ਰਹਿਣ ਦੇਨਾ ਵਾਂ- ਨਾਲੇ ਇਹ ਹੈ ਵੀ ਅਜੇ ਅਧੂਰਾ” ਕਹਿੰਦਿਆਂ ਹੋਇਆਂ ਮੁਸਾਫ਼ਰ ਆਪਣੇ ਥੱਬੇ ਨੂੰ ਤਰਪਾਈ ਤੋਂ ਸਮੇਟਣ ਲਗਾ।

“ਨਹੀਂ ਨਹੀਂ” ਅੱਖਾਂ ਪੂੰਝ ਕੇ ਆਪਣੇ ਆਪ ਨੂੰ ਠੀਕ ਹਾਲਤ ਵਿਚ ਲਿਆਉਂਦਾ ਹੋਇਆ ਸ਼ਾਮ ਦਾਸ ਬੋਲਿਆ- “ਸੁਣਾਓ। ਹੁਣ ਮੈਂ ਬਿਲਕੁਲ ਠੀਕ ਹਾਂ।” ਤੇ ਉਸ ਨੇ ਮੁਸਾਫ਼ਰ ਦਾ ਹੱਥ- ਜਿਹੜਾ ਕਾਗਜ ਪੱਤਰ ਸਮੇਟ ਰਿਹਾ ਸੀ- ਫੜ ਕੇ ਕਿਹਾ- “ਉਹ ! ਕਿਤਨੀ ਦਰਦਨਾਕ ਕਹਾਣੀ ਹੈ ਇਹ।”

ਮੁਸਾਫ਼ਰ ਨੇ ਫਿਰ ਉਹੀ ਇਹ ਗੁੱਦੜ ਜਿਹਾ ਛੇਕੜਲਾ ਕਾਂਡ ਚੁਕਿਆ ਤੇ ਪੜ੍ਹਨਾ ਸ਼ੁਰੂ ਕੀਤਾ।

35

ਗੁਪਤੇਸ੍ਵਰ ਦੇ ਸਿਰਫ਼ ਨਾਮ ਤੋਂ ਹੀ ਲੋਕੀਂ ਵਾਕਫ ਸਨ, ਉਸਦੀ ਸ਼ਕਲ ਤੋਂ ਕੋਈ ਜਾਣੂ ਨਹੀਂ ਸੀ। ਥੋੜ੍ਹੇ ਸਮੇਂ ਵਿਚ ਹੀ ਸਿਰਫ ਦੂੰਹ ਵਰ੍ਹਿਆ ਵਿਚ ਉਹ ਬਹੁਤ ਮਸ਼ਹੂਰ ਹੋ ਗਿਆ ਸੀ। ਪ੍ਰਕਾਸ਼ਕਾਂ ਤੇ ਐਡੀਟਰਾਂ ਨੂੰ ਖ਼ਾਸ ਤੌਰ ਤੇ ਉਸ ਨੂੰ ਵੇਖਣ ਦੀ ਚਾਹ ਸੀ, ਪਰ ਉਹ ਕਈ ਯਤਨ ਕਰਨ ਤੇ ਵੀ ਉਸਦਾ ਪਤਾ ਨਹੀਂ ਸਨ ਪਾ ਸਕੇ। ਗੁਪਤੇਸ੍ਵਰ ਵਲੋਂ ਛਾਪਣ ਵਾਲਾ ਹਰ ਇਕ ਮਜ਼ਮੂਨ ਉਨ੍ਹਾਂ ਲੋਕਾਂ ਨੂੰ ਡਾਕ ਰਾਹੀਂ ਹੀ ਮਿਲਦਾ ਸੀ ਤੇ ਨਾਲ ਹੀ ਇਹ ਵੀ ਲਿਖਿਆ ਹੁੰਦਾ ਸੀ ਕਿ ਉਸ ਦੀ ਉਜਰਤ ਜੇ ਕੁਝ ਉਨ੍ਹਾਂ ਦਾ ਜੀ ਕਰੋ ਫਲਾਣੇ ਪਤੇ ਤੇ ਭੇਜ ਦੇਣ।

ਸੋ ਜਿੰਨਾ ਕਿਸੇ ਕੋਲੋਂ ਸਰਦਾ ਸੀ, ‘ਮੁਸੰਮਾਤ ਸਦਾ ਕੌਰ, ਬੇਵਾ ਸ। ਜੀਵਾ ਸਿੰਘ, ਮੌਜ਼ਿਆ ਦੀਵਾਨਪੁਰ, ਜ਼ਿਲ੍ਹਾ ਅੰਮ੍ਰਿਤਸਰ ‘ ਦੇ ਪਤੇ ਤੇ ਭੇਜ ਦੇਂਦੇ ਸਨ। ਕਈ ਵੇਰਾਂ ਲੋਕਾਂ ਨੇ ਉਸ ਪਤੇ ਟਿਕਾਣੇ ਪੁਰ ਚਿਠੀਆਂ ਪਾ ਪਾ ਕੇ ਗੁਪਤੇਸ਼ਰ ਦੀ ਖੋਜ ਕੀਤੀ, ਪਰ ਉਥੇ ਸਾਰੇ ਪਿੰਡ ਵਿਚ ਗੁਪਤੇਸ੍ਵਰ ਨਾਂ ਦੇ ਕਿਸੇ ਆਦਮੀ ਨੂੰ ਕੋਈ ਨਹੀਂ ਸੀ ਜਾਣਦਾ। ਜਿਸ ਤੀਵੀਂ ਪਾਸ ਰੁਪਏ ਜਾਦੇ ਹੁੰਦੇ ਸਨ, ਉਸ ਪਾਸੋਂ ਵੀ ਕੋਈ ਅਜਿਹਾ ਤਸੱਲੀ ਬਖਸ਼ ਉੱਤਰ ਉਨ੍ਹਾਂ ਨੂੰ ਨਹੀਂ ਸੀ ਮਿਲਦਾ, ਜਿਸ ਤੋਂ ਗੁਪਤੇਸ੍ਵਰ ਲਭ ਸਕੇ।

ਗੁਪਤੇਸ੍ਵਰ ਅੰਮ੍ਰਿਤਸਰ ਵਿਚ ਭਗਤਾਂ ਵਾਲੇ ਦਰਵਾਜ਼ੇ ਦੇ ਅੰਦਰ ਕਰਕੇ ਇਕ ਅੱਠ ਆਨੇ ਮਹੀਨਾ ਕਿਰਾਏ ਦੀ ਨਿੱਕੀ ਜਿਹੀ ਕੋਠੜੀ ਵਿਚ ਰਹਿੰਦਾ ਸੀ।

ਕਿਸੇ ਨਾਲ ਬੋਲਦਾ ਚਾਲਦਾ ਉਸ ਨੂੰ ਕਦੇ ਕਿਸੇ ਨਹੀਂ ਸੀ ਡਿੱਠਾ। ਦਿਨ ਨੂੰ ਹਰ ਵੇਲੇ ਕੋਠੜੀ ਦਾ ਅੰਦਰੋਂ ਕੁੰਡਾ ਮਾਰਕੇ ਉਹ ਲਿਖਦਾ ਰਹਿੰਦਾ ਤੇ ਰਾਤ ਨੂੰ ਸਾਰੀ ਸਾਰੀ ਰਾਤ ਸ਼ਹਿਰੋਂ ਬਾਹਰ ਬਾਗਾਂ ਤੇ ਉਜਾੜਾ ਵਿਚ ਫਿਰਦਾ ਸੀ। ਕਈ ਵਾਰੀ ਬਾਗ਼ ਦੇ ਮਾਲੀਆਂ ਨੇ ਉਸ ਨੂੰ ਕੁਝ ਗਾਉਂਦਿਆਂ ਤੇ ਕਈ ਵਾਰੀ ਰੇਂਦਿਆਂ ਵੀ ਡਿੱਠਾ ਸੀ। ਕਈ ਉਸ ਨੂੰ ‘ਮਸਤ’ ਦੇ ਨਾਮ ਨਾਲ ਸੱਦਦੇ ਸਨ।

ਕਦੀ ਕਦੀ ਉਹ ਅਜਿਹੀਆਂ ਥਾਵਾਂ ਤੇ ਫਿਰਦਾ ਹੁੰਦਾ ਸੀ, ਜਿਥੇ ਆਦਮੀਆ ਦੀ ਵਧੇਰੇ ਭੀੜ ਭਾੜ ਹੋਵੇ। ਕਈ ਵਾਰੀ ਉਹ ਰਾਹ ਜਾਦਿਆਂ ਨੂੰ ਬੁਲਾ ਕੇ ਉਹਨਾਂ ਉਤੇ ਤਰ੍ਹਾਂ ਤਰ੍ਹਾਂ ਦੇ ਬੇ-ਸਿਰ ਪੈਰ ਸੁਆਲ ਕਰਨ ਲਗ ਪੈਂਦਾ ਸੀ। ਬਹੁਤੇ ਤਾਂ ਉਸ ਦੀ ਬਕਬਕ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਰਾਹ ਪੈ ਜਾਦੇ ਸਨ ਤੇ ਕੋਈ ਉਸ ਪਾਸ ਖੜੇ ਵੀ ਜਾਂਦਾ ਸੀ। ਉਸ ਦੀ ਕੋਠੜੀ ਵਿਚ ਮਨੁੱਖ ਦੇ ਨਿਰਬਾਹ ਲਈ ਕੁਝ ਵੀ ਸਾਮਾਨ ਨਹੀਂ ਸੀ। ਇਕ ਨੁਕਰੇ ਸੌਣ ਲਈ ਪਰਾਲੀ ਉੱਤੇ ਤੱਪੜ ਵਿਛਿਆ ਹੋਇਆ ਸੀ ਤੇ ਦੂਜੀ ਨੁੱਕਰੇ ਤਿੰਨ ਇੱਟਾਂ ਜੋੜ ਕੇ ਇਕ ਚੁੱਲ੍ਹਾ ਬਣਿਆ ਹੋਇਆ ਸੀ। ਜਿਸ ਦੇ ਪਾਸ ਹੀ ਇਕ ਛੋਟਾ ਜਿਹਾ ਤਵਾਂ, ਇਕ ਕਸੇਰਾ, ਇਕ ਮਿੱਟੀ ਦੀ ਪਰਾਤ ਤੇ ਕੁਝ ਵਣਛਿੱਟੀਆ ਦਾ ਬਾਲਣ ਸੀ। ਜਿਥੇ ਉਸ ਦੇ ਸੌਣ ਦੀ ਥਾਂ ਸੀ, ਉਥੇ ਇਕ ਇੱਟ ਖੜ੍ਹੀ ਕਰਕੇ ਉਸ ਉਤੇ ਮਿੱਟੀ ਦਾ ਦੀਵਾ ਰਖਿਆ ਹੋਇਆ ਸੀ। ਇਸ ਥਾਂ ਬੈਠ ਕੇ ਗੋਡਿਆਂ ਉਤੇ ਇਕ ਖੋਖੇ ਦੀ ਛੁੱਟੀ ਰਖ ਕੇ ਉਹ ਲਿਖਦਾ ਹੁੰਦਾ ਸੀ।

ਉਸ ਦੀ ਕੋਠੜੀ ਦੇ ਆਰ ਪਾਸ ਟਾਂਗੇ ਮੁਰੰਮਤ ਕਰਨ ਵਾਲੇ ਕਈ ਮੁਸਲਮਾਨ ਲੁਹਾਰ ਇਕ ਦੇ ਗੱਡੇ ਬਣਾਨ ਵਾਲੇ ਤਰਖਾਣ ਤੇ ਦੇ ਹਲਵਾਈਆਂ ਦੀਆਂ ਹੱਟੀਆਂ ਸਨ।

ਅਜ ਸਵੇਰ ਤੋਂ ਹੀ ਉਹ ਆਪਣੀ ਕੋਠੜੀ ਵਿਚ ਬੈਠਕੇ ਲਿਖ ਰਿਹਾ ਸੀ। ਉਸਨੇ ਗੋਡਿਆਂ ਤੇ ਇਕ ਪਾਟਾ ਪੁਰਾਣਾ ਕੰਬਲ ਲਪੇਟਿਆ ਹੋਇਆ ਸੀ। ਮਾਲੂਮ ਹੁੰਦਾ ਸੀ ਉਹ ਰਾਤ ਨੂੰ ਰਜਾਈ ਦਾ ਕੰਮ ਵੀ ਇਸੇ ਪਾਸੋਂ ਲੈਂਦਾ ਹੈ। ਉਸ ਦੇ ਸੱਜੇ ਪਾਸੇ ਬਹੁਤ ਸਾਰੇ ਰੱਦੀ ਕਾਗ਼ਜ਼ ਪਏ ਸਨ, ਜਿਨ੍ਹਾ ਦੇ ਇਕ ਪਾਸੇ ਸਕੂਲ ਦੀ ਲਿਖਾਈ ਮਲੂਮ ਹੁੰਦੀ ਸੀ ਤੇ ਦੂਜਾ ਪਾਸਾ ਵੀ ਉਸ ਦੀ ਫੈਲੀ ਹੋਈ ਸਿਆਹੀ ਨਾਲ ਨੀਲਾ ਹੋਇਆ ਹੋਇਆ ਸੀ।

ਸ਼ਾਮ ਹੋ ਚੁਕੀ ਸੀ। ਸਾਰਾ ਦਿਨ ਲਿਖਦੇ ਰਹਿਣ ਤੋਂ ਬਾਅਦ ਕਲਮ ਹਥ ਰਖ ਕੇ ਤੇ ਲਿਖੇ ਹੋਏ ਵਰਕੇ ਚੁਕ ਕੇ ਉਠ ਖੜੋਤਾ। ਬੂਹੇ ਵਿਚ ਆ ਕੇ ਉਸ ਨੇ ਇਕ ਦੋ ਆਕੜਾਂ ਲਈਆਂ, ਲੱਕ ਸਿੱਧਾ ਕੀਤਾ ਤੇ ਹੱਥ ਦੀਆ ਉਂਗਲਾ ਮਰੇੜ ਕੇ ਕੜਵੱਲ ਕੱਢਣ ਲੱਗਾ।

ਵਰਕਿਆਂ ਨੂੰ ਗਿਣਨ ਤੋਂ ਬਾਅਦ ਉਸ ਨੇ ਅੱਜ ਦਾ ਲਿਖਿਆ ਹੋਇਆ ਸਾਰਾ ਮਜ਼ਮੂਨ ਇਕ ਸਰਸਰੀ ਨਜ਼ਰ ਨਾਲ ਪੜ੍ਹਿਆ ਤੇ ਇਕ ਵਾਰਗੀ ਹੀ ਉਸਦੇ ਮੂੰਹੇ ਨਿਕਲਿਆ

‘ਇਹੇ ਕਾਂਡ, ਬਸ ਇਹੇ ਅਖੀਰਲਾ ਕਾਂਡ ਤੇ ਇਸ ਦਾ ਵੀ ਥੋੜ੍ਹਾ ਜਿਹਾ ਹਿੱਸਾ ਜਿਸ ਨੂੰ ਅੱਜ ਹੀ ਮੁਕਾ ਲਵਾਂਗਾ ਤੇ ਇਸ ਤੋਂ ਬਾਅਦ ਮੈਂ ਹਮੇਸ਼ਾ ਲਈ ਇਸ ਦੁਖਾ ਭਰੀ ਲੁਕਵੀ ਜ਼ਿੰਦਗੀ ਤੋਂ ਖਲਾਸੀ ਪਾ ਲਵਾਂਗਾ। ਪਰ ਆਹ ! ਮੇਰਾ ਦੂਸਰਾ ਕੰਮ ਹਜਾਰ ਜਤਨ ਕਰਨ ਤੇ ਵੀ ਪੂਰਾ ਨਾ ਹੋ ਸਕਿਆ। ਖੈਰ ਨਹੀਂ ਹੋਇਆ ਤਾਂ ਮੇਰੇ ਕੀ ਵੱਸ, ਤੇ ਉਹ ਹੋਣਾ ਵੀ ਨਾ-ਮੁਮਕਿਨ ਹੈ ਜਦ ਕਿ ਮੈਂ ਐਵੇਂ ਹਨੇਰੇ ਵਿਚ ਹੀ ਤਲਵਾਰਾਂ ਚਲਾਈਆ ਹਨ। ਹੱਛਾ । ਕਿਸਮਤ ਵਿਚ ਇਹ ਸੁਰਖਰੂਈ ਨਹੀਂ ਸੀ ਤਾਂ ਮੇਰਾ ਕੀ ਦੇਸ਼। ਬਸ ਹੁਣ ਇਸ ਅਨਹੋਣੇ ਕੰਮ ਲਈ ਮੈਂ ਹੋਰ ਵਕਤ ਨਹੀ ਗੁਆ ਸਕਦਾ ਬਥੇਰਾ ਖੱਜਲ ਹੋ ਗਿਆ ਹਾਂ।

ਇਸ ਤੋਂ ਬਾਅਦ ਝੱਟ ਹੀ ਕੁਝ ਸੋਚ ਕੇ ਉਹ ਕਿਸੇ ਡੂੰਘੀ ਚਿੰਤਾ ਵਿਚ ਲੀਨ ਹੋ ਗਿਆ। ਜਿਸ ਤਰ੍ਹਾਂ ਗੱਡੀ ਤੁਰ ਪੈਣ ਤੋਂ ਬਾਅਦ ਰੇਲ ਚੜ੍ਹੇ ਮੁਸਾਫ਼ਰ ਨੂੰ ਚੇਤਾ ਆਵੇ ਕਿ ਉਸ ਦਾ ਰੁਪਿਆਂ ਵਾਲਾ ਬਟੂਆ ਉਸ ਦੀ ਜੇਬ ਵਿਚ ਨਹੀਂ ਹੈ। ਕਾਗਜ਼ਾਂ ਦੀ ਅਣਹੋਂਦ ਨੇ ਉਸ ਦਾ ਓਹੀ ਹਾਲ ਕਰ ਦਿਤਾ।

ਉਸ ਨੇ ਹੱਥਾਂ ਵਾਲੇ ਕਾਗ਼ਜ਼ ਪੂਣੀ ਕਰਕੇ ਕੋਠੜੀ ਦੀ ਉਸੇ ਠੁਕਰੇ, ਜਿਥੇ ਅਗੇ ਬਹੁਤ ਸਾਰੇ ਲਿਖੇ ਹੋਏ ਕਾਗ਼ਜ਼ ਜਮ੍ਹਾ ਸਨ, ਰਖ ਦਿਤੇ। ਤੇ ਆਪ ਸਿਰ ਹੇਠਾਂ ਬਾਂਹ ਦੇ ਕੇ ਕੰਬਲ ਨੂੰ ਉਪਰ ਓੜ੍ਹ ਕੇ ਲੰਮਾ ਪੈ ਗਿਆ।

ਸ਼ਹਿਰ ਵਿਚ ਪੈਸਾ ਹੀ ਸਭ ਕੁਝ ਹੁੰਦਾ ਹੈ। ਪੈਸੇ ਤੋਂ ਬਿਨਾਂ ਇਥੇ ਸਾਹ ਲੈਣਾ ਵੀ ਔਖਾ ਹੁੰਦਾ ਹੈ, ਤੇ ਉਸ ਪਾਸ ਪੈਸਾ ਨਹੀਂ ਸੀ। ਉਹ ਵੱਡੇ ਵੇਲੇ ਉਠਦਾ ਹੀ ਘਰੇ ਇਸ ਤਰ੍ਹਾਂ ਨਿਕਲ ਤੁਰਿਆ। ਜੀਕਣ ਖੰਭ-ਖੁੱਥਾ ਪੰਛੀ ਚੰਗੇ ਦੀ ਭਾਲ ਵਿਚ।

ਇਸ ਤੋਂ ਛੁਟ ਦੂਜੀ ਮੁਸੀਬਤ ਇਹ ਕਿ ਪਾਲੇ ਦੀ ਰੁਤ ਤੇ ਸਵੇਰ ਦਾ ਪਹਿਰ। ਗ਼ਰੀਬ ਨੂੰ ਇਸ ਕਹਿਰ ਦੀ ਸਰਦੀ ਤੋਂ ਬਚਾਣ ਵਾਲਾ ਇਕ ਪਾਟਾ ਲੰਮਾ, ਬੇਮੇਚਾ ਕੋਟ ਸੀ ਜਿਸ ਦੇ ਬਟਨ ਟੁਟੇ ਹੋਏ ਤੇ ਕਾਜ ਪਾਟੇ ਹੋਏ ਸਨ। ਠੰਢ ਤੋਂ ਬਚਣ ਲਈ ਦੁਪਾਸੀ ਛੇਕ ਕਰਕੇ ਵਿਚ ਸੂਤੜੀ ਦੇ ਸੇਬੇ ਪਾ ਕੇ ਗੰਢਾ ਦਿਤੀਆਂ ਹੋਈਆਂ ਸਨ। ਉਸ ਦੇ ਤੇੜ ਇਕ ਗੋਡਿਆ ਤਕ ਦਾ ਕੱਛਾ ਸੀ। ਪਿੰਨੀਆਂ ਉਸ ਦੀਆਂ ਨੰਗੀਆ ਸਨ, ਜੇ ਮਿੱਟੀ ਘੱਟੇ ਤੇ ਮੈਲ ਨਾਲ ਇਸ ਤਰ੍ਹਾਂ ਕਾਲੀਆਂ ਹੋਈਆਂ ਹੋਈਆਂ ਸਨ, ਜੀਕਣ ਰੇਲਵੇ ਸ਼ੈੱਡ ਵਿਚ ਕੇਲੇ ਦਾ ਕੰਮ ਕਰਨ ਵਾਲੇ ਮਜਦੂਰਾਂ ਦੀਆਂ ਹੁੰਦੀਆਂ ਹਨ। ਇਹੋ ਹਾਲ ਉਸ ਦੇ ਮੂੰਹ ਤੇ ਹੱਥਾਂ ਦਾ ਸੀ, ਪਰ ਉਸ ਦੇ ਗੋਰੇ ਰੰਗ ਉਤੇ ਇਹ ਮੈਲ ਏਨੀ ਬੁਰੀ ਨਹੀਂ ਸੀ ਲਗਦੀ। ਪੈਰੇ ਉਹ ਨੰਗਾ ਸੀ, ਜਿਨ੍ਹਾਂ ਵਿਚ ਬਿਆਈਆਂ ਛੁਟੀਆਂ ਹੋਈਆਂ ਸਨ।

ਉਹ ਸਰਦੀ ਨਾਲ ਠੁਰੂ ਠੁਰੂ ਕਰਦਾ ਕਾਗਜਾਂ ਦਾ ਪ੍ਰਬੰਧ ਕਰਨ ਲਈ ਕਈ ਥਾਈ ਫਿਰਿਆ ਪਰ ਸਭ ਵਿਅਰਥ। ਉਸ ਨੂੰ ਆਪਣੇ ਆਪ ਉੱਤੇ ਤੇ ਆਪਣੀ ਕਿਸਮਤ ਉਤੇ ਸਖਤ ਗੁੱਸਾ ਆ ਰਿਹਾ ਸੀ। ਜਦ ਉਹ ਨਿਰਾਸ ਹੋਕੇ ਘਰ ਵਲ ਮੁੜਿਆ ਤਾਂ ਆਪਣੇ ਅੰਦਰ ਦੀ ਅੱਗ ਨਾਲ ਉਹ ਆਪ ਹੀ ਸੜਦਾ ਜਾਂਦਾ ਸੀ। ਕੋਠੜੀ ਦੇ ਪਾਸ ਆ ਕੇ ਇਕ ਵਾਰੀ ਉਸ ਦਾ ਜੀਅ ਕੀਤਾ ਕਿ ਇਸ ਅਧੂਰੀ ਕਿਤਾਬ ਨੂੰ ਚੁਲ੍ਹੇ ਦੇ ਹਵਾਲੇ ਕਰ ਕੇ, ਨਾਲ ਆਪਣੇ ਦੁਖ-ਮਈ ਜੀਵਨ ਦਾ ਵੀ ਅੰਤ ਕਰ ਲਵੇ। ਉਹ ਇਸ ਕੰਮ ਲਈ ਤਿਆਰ ਵੀ ਹੋ ਪਿਆ। ਇਥੋਂ ਤਕ ਕਿ ਸਾਰੇ ਕਾਗ਼ਜ਼ ਇੱਕਠੇ ਕਰਕੇ ਉਸ ਨੇ ਚੁਲ੍ਹੇ ਵਿਚ ਰੱਖ ਦਿਤੇ, ਪਰ ਜਦ ਉਸ ਨੇ ਤੱਪੜ ਹੇਠੋਂ ਤੀਲ੍ਹੀਆਂ ਵਾਲੀ ਡੱਬੀ ਚੁਕੀ ਤਾਂ ਉਹ ਖ਼ਾਲੀ ਸੀ। ਇਸ ਨਾਲ ਉਸ ਨੂੰ ਹੋਰ ਵੀ ਗੁੱਸਾ ਆਇਆ। ਹੁਣ ਉਹ ਅੱਗ ਜਾਂ ਤੀਲ੍ਹੀਆਂ ਦੀ ਭਾਲ ਵਿਚ ਫੇਰ ਘਰੋਂ ਨਿਕਲਿਆ।

ਇਸ ਦੇ ਨਾਲ ਹੀ ਉਸ ਦੇ ਖ਼ਿਆਲਾਂ ਨੇ ਪਲਟਾ ਖਾਣਾ ਸ਼ੁਰੂ ਕੀਤਾ। ਉਹ ਕਿੰਨਾ ਹੀ ਚਿਰ ਕੰਧ ਦਾ ਢਾਸਣਾ ਲਾਈ ਬਾਹਰ ਬੂਹੇ ਅਗੇ ਖੜੋਤਾ ਰਿਹਾ। ਫਿਰ ਅੰਦਰ ਵੜਿਆ ਤੇ ਓਵੇਂ ਹੀ ਸਾਰੇ ਕਾਗ਼ਜ਼ ਚੁਲ੍ਹੇ ਵਿਚੋਂ ਇੱਕਠੇ ਕਰ ਕੇ ਮੁੜ ਉਥੇ ਹੀ ਜਾ ਰਖੇ, ਜਿਥੋਂ ਉਸ ਨੇ ਚੁਕੇ ਸਨ, ਤੇ ਆਪ ਇਕ ਵੇਰਾਂ ਫਿਰ ਕਿਸਮਤ-ਅਜ਼ਮਾਈ ਲਈ ਘਰੋਂ ਬਾਹਰ ਨਿਕਲਿਆ।

ਜਾਂਦਿਆਂ ਜਾਂਦਿਆਂ ਉਸ ਨੂੰ ਇਕ ਜੁਆਰੀਆਂ ਦੇ ਸ਼ਾਹ ਦਾ ਚੇਤਾ ਆਇਆ। ਉਸ ਪਾਸ ਜਾ ਕੇ ਉਸ ਨੇ ਇਕ ਰੁਪਿਆ ਉਧਾਰਾ ਮੰਗਿਆ। ਉਸ ਨੂੰ ਰੁਪਿਆ ਮਿਲ ਗਿਆ, ਪਰ ਦੇ ਰੁਪਏ ਦੇਣ ਦਾ ਇਕਰਾਰ ਕਰਕੇ। ਉਹ ਸਿੱਧਾ ਘਰ ਆਇਆ। ਸਾਰੇ ਕਾਗ਼ਜ਼ ਇਕੱਠੇ ਕਰਕੇ ਉਨ੍ਹਾ ਦਾ ਇਕ ਥੱਬਾ ਬੰਨ੍ਹ ਕੇ ਕੱਛੇ ਮਾਰਿਆ ਤੇ ਰੇਲ ਦੇ ਸਟੇਸ਼ਨ ਤੇ ਜਾ ਪਹੁੰਚਿਆ। ਉਸ ਤੋਂ ਕੁਝ ਘੰਟਿਆਂ ਬਾਅਦ ਉਹ ਲਾਹੌਰ ਦੇ ਬਾਜ਼ਾਰਾਂ ਵਿਚ ਫਿਰ ਰਿਹਾ ਸੀ। ਨਿਰਾਸਤਾ ਦਾ ਜਾਲ ਉਸ ਦੇ ਚੌਹੀਂ ਪਾਸੀਂ ਤਣਿਆ ਹੋਇਆ ਸੀ। ਉਸ ਦਾ ਖਰੜਾ ਕਿਸੇ ਵੀ ਨਾ ਕਬੂਲਿਆ। ਇਕ ਤਾਂ ਰੱਦੀ ਕਾਗ਼ਜ਼ਾਂ ਦੀ ਪੰਡ ਵੇਖ ਕੇ, ਤੇ ਦੂਜੇ ਉਸ ਦਾ ਆਪਣਾ ਡਰਾਉਣਾ ਹੁਲੀਆ ਵੇਖ ਕੇ। ਇਕ ਦੇ ਪ੍ਰਕਾਸ਼ਕਾਂ ਨੇ ਜੋ ਕੁਝ ਉਸ ਕਿਤਾਬ ਦਾ ਮੁਲ ਪਾਇਆ, ਉਹ ਸਗੋਂ ਉਸ ਲਈ ਦਿਲ-ਚੀਰਵਾਂ ਸੀ- ਦਸ ਪੰਦਰਾਂ ਰੁਪਏ। ਕਾਸ਼ ! ਜੇ ਉਹ ਲੋਕਾਂ ਨੂੰ ਦਸ ਦੇਂਦਾ ਕਿ ਉਹ ਗੁਪਤੇਸ਼ਰ ਹੈ, ਤਾਂ ਲੋਕੀਂ ਉਸ ਦੇ ਪੈਰਾਂ ਦੀ ਮਿੱਟੀ ਮੱਥੇ ਲਾਂਦੇ, ਪਰ ਉਹ ਅਜਿਹਾ ਨਹੀਂ ਸੀ ਕਰ ਸਕਦਾ। ਭਗੌੜੇ ਖ਼ੂਨੀ ਵਾਂਗ ਉਹ ਹਰ ਹੀਲੇ ਆਪਣੇ ਆਪ ਨੂੰ ਲੁਕਾਈ ਰਖਣਾ ਚਾਹੁੰਦਾ ਸੀ।

ਵਾਪਸ ਮੁੜਨ ਲਗਿਆਂ ਉਸ ਪਾਸ ਇਕੋ ਚੁਆਨੀ ਬਾਕੀ ਸੀ, ਤੇ ਉਹ ਵੀ ਖੋਟੀ। ਉਹ ਬਿਨਾਂ ਟਿਕਟ ਲਿਆਂ ਹੀ ਗੱਡੀ ਚੜ੍ਹ ਗਿਆ। ਉਸ ਗੱਡੀ ਦੇ ਫੱਟੇ ਉਤੇ ਅਖ਼ਬਾਰ ਦੇ ਕੁਝ ਵਰਕੇ ਪਏ ਸਨ। ਪਾਸ ਬੈਠੇ ਇਕ ਬਾਬੂ ਪਾਸੋਂ ਪੈਨਸਿਲ ਮੰਗ ਕੇ ਉਸੇ ਅਖਬਾਰ ਦੇ ਹਾਸ਼ੀਏ ਉਤੇ ਉਹ ਆਪਣੇ ਅਧੂਰੇ ਕਾਂਡ ਦਾ ਬਾਕੀ ਹਿੱਸਾ ਲਿਖਣ ਲੱਗ ਪਿਆ, ਪਰ ਉਹ ਅਜੇ ਵੀ ਅਧੂਰਾ ਸੀ…

ਸ਼ਾਮਦਾਸ ਦੀਆਂ ਅੱਖਾਂ ਚੋਂ ਅਜੇ ਤਕ ਅੱਥਰੂ ਜਾਰੀ ਸਨ। ਉਸ ਨੇ ਅਧੀਨਗੀ ਨਾਲ ਵੇਖਿਆ, ਗੁਪਤੇਸ਼ਰ ਇਸ ਵੇਲੇ ਜਿਨ੍ਹਾਂ ਕਾਗ਼ਜ਼ਾਂ ਨੂੰ ਪੜ੍ਹ ਰਿਹਾ ਸੀ, ਉਹ ਸਚਮੁਚ ਕਿਸੇ ਅਖ਼ਬਾਰ ਦੇ ਰੱਦੀ ਕਾਗਜ਼ ਸਨ ਤੇ ਉਨ੍ਹਾਂ ਦੇ ਹਾਸ਼ੀਏ ਪੈਨਸਿਲ ਦੀ ਲਿਖਤ ਨਾਲ ਭਰੇ ਪਏ ਸਨ। ਕਿਤੇ ਵੀ ਕੋਈ ਥਾਂ ਕੋਰਾ ਨਹੀਂ ਸੀ। ਇਸ ਵੇਲੇ ਮੁਸਾਫ਼ਰ ਦੇ ਹੱਥ ਵਿਚ ਸਭ ਤੋਂ ਛੇਕੜਲਾ ਵਰਕਾ ਸੀ- ਓਹੀ ਅਖ਼ਬਾਰੀ ਕਾਗ਼ਜ਼। ਉਸ ਦੇ ਹਾਸ਼ੀਏ ਤੇ ਉਪਰੋਕਤ ਸਤਰਾਂ ਪੜ੍ਹਨ ਤੋਂ ਬਾਅਦ ਮੁਸਾਫ਼ਰ ਰੁਕ ਗਿਆ ਤੇ ਕਾਗ਼ਜ਼ ਉਸ ਨੇ ਤਰਪਾਈ ਤੇ ਰੱਖ ਦਿਤਾ, ਕਿਉਂਕਿ ਉਸ ਦਾ ਕਾਂਡ ਅਧੂਰਾ ਸੀ। ਕਿਤਾਬ ਖ਼ਤਮ ਕਰਨ ਤੋਂ ਬਾਅਦ ਗੁਪਤੇਸ੍ਵਰ ਨੇ ਇਕ ਵਾਰੀ ਫਿਰ ਬਾਬੂ ਸ਼ਾਮਦਾਸ ਵਲ ਤੱਕਿਆ, ਜਿਸ ਦੇ ਚਿਹਰੇ ਦੀ ਪਿਲੱਤਣ ਵਧਦੀ ਹੀ, ਜਾ ਰਹੀ ਸੀ। ਗੁਪਤੇਸ੍ਵਰ ਹਮਦਰਦੀ ਭਰੇ ਲਹਿਜੇ ਵਿਚ ਬੋਲਿਆ

“ਮੇਰਾ ਖ਼ਿਆਲ ਹੈ, ਅਨੀਂਦਰੇ ਕਰ ਕੇ ਤੁਹਾਡੀ ਤਬੀਅਤ ਵਧੇਰੇ ਖ਼ਰਾਬ ਹੋ ਰਹੀ ਹੈ। ਹੁਣ ਤੁਸੀ ਲੰਮੇ ਪੈ ਜਾਓ ਜ਼ਰਾ।” “ਨਹੀਂ ਨਹੀਂ – ਤੁਸੀਂ ਪੜ੍ਹੀ ਜਾਓ।” ਬਾਬੂ ਸ਼ਾਮਦਾਸ ਨੇ ਇਕ ਡੂੰਘਾ ਹਉਕਾ ਭਰ ਕੇ ਕਿਹਾ। “ਬਸ” ਗੁਪਤੇਸ਼ਰ ਨੇ ਉੱਤਰ ਦਿਤਾ, “ਇਹ ਖ਼ਤਮ ਹੋ ਚੁਕਾ ਹੈ। ਸਿਰਫ਼ ਇਸ ਦਾ ਛੇਕੜਲਾ ਕਾਂਡ ਅਜੇ ਅਧੂਰਾ ਹੈ, ਜਿਸ ਨੂੰ ” “ਖ਼ਤਮ ਹੋ ਗਿਆ ?” ਸ਼ਾਮਦਾਸ ਨੇ ਦਿਲ ਦੀ ਕਿਸੇ ਗੁੱਝੀ ਪੀੜ ਨੂੰ ਨੱਪ ਕੇ ਪੁਛਿਆ – “ਤੇ ਕਿੰਨਾ ਕੁ ਬਾਕੀ ਹੈ ਅਜੇ ?

ਬਹੁਤ ਥੋੜ੍ਹਾ” ਕਹਿ ਕੇ ਗੁਪਤੇਸ੍ਵਰ ਨੇ ਫੇਰ ਉਸ ਦੇ ਪ੍ਰੇਸ਼ਾਨ ਚਿਹਰੇ ਵਲ ਤੱਕਿਆ।

ਬਾਬੂ ਨੇ ਪੁੱਛਿਆ ਪਰ ਗੁਪਤੇਸ੍ਵਰ ਸਾਹਿਬ । ਖਿਮਾ ਕਰਨਾ ਇਕ ਗੱਲ ਮੈਂ ਹੋਰ ਪੁਛਦਾ ਹਾਂ। ਇਸ ਨਾਵਲ ਦਾ ਪਲਾਟ ਤੁਹਾੜੀ ਦਿਮਾਗੀ ਕਾਢ ਹੈ ਜਾਂ ਕੁਝ।।”

ਵਿਚੋਂ ਹੀ ਗਿਪਤੇਸ਼ਰ ਬੋਲਿਆ- ਜੀ ਨਹੀਂ। ਇਹ ਇਕ ਅਜਿਹਾ ਵਾਕਿਆ ਹੈ ਜੋ ਸੱਚ ਮੁਚ ਹੀ ਬੀਤ ਚੁਕਾ ਹੈ, ਤੇ ਮੈਂ ਇਸ ਨੂੰ ਕਿਸੇ ਪਾਸੇ ਸੁਣਿਆ ਸੀ। ਮੈਂ ਇਸ ਨੂੰ ਸਿਰਫ਼ ਨਾਵਲ ਦੇ ਰੰਗ ਵਿਚ ਰੰਗਿਆ ਹੈ। ਅਕਸਰ ਨਾਵਲ ਲਈ ਇਹੋ ਜਿਹੇ ਸੱਚੇ ਪਲਾਟ ਬੜੇ ਲਾਭਵੰਦ ਹੋਇਆ ਕਰਦੇ ਨੇ। ਇਹ ਨਾਵਲ ਵਿਚ ਜ਼ਿੰਦਗੀ ਭਰ ਦੇਂਦੇ ਹਨ।”

ਬਾਬੂ ਨੇ ਮੱਥੇ ਦਾ ਮੁੜ੍ਹਕਾ ਰੁਮਾਲ ਨਾਲ ਪੂੰਝਦਿਆਂ ਹੋਇਆ। ਕਿਹਾ- ਪਰ ਕੀ ਤੁਸੀਂ ਦਸ ਸਕਦੇ ਹੋ ਕਿ ਇਹ ਹਾਲ ਤੁਸਾਂ ਕਿਸ ਤੋਂ ਸੁਣਿਆ ਸੀ ?”

‘ਜੀ ਖ਼ੁਦ ਸੁੰਦਰੀ ਦੀ ਜ਼ਬਾਨੀ।”

“ਹੱਛਾ? ਇਹ ਸਭ ਕੁਝ ਸੁੰਦਰੀ ਨੇ ਆਪ ਤੁਹਾਨੂੰ ਸੁਣਾਇਆ ਸੀ ? ਉਹ ਤੁਹਾਨੂੰ ਕਿਥੇ ਮਿਲੀ ਸੀ ਤੇ ਕਦੋਂ ਮਿਲੀ ਸੀ ?” ਕਹਿੰਦਿਆ ਕਹਿੰਦਿਆ ਸ਼ਾਮਦਾਸ ਨੂੰ ਤਰੇਲੀਆ ਛੁਟ ਗਈਆਂ।

“ਜੀ ਇਕ ਪਿੰਡ ਵਿਚ।”
”ਤੇ ਤੁਸਾਂ ਨਾਵਲ ਚੁਕ ਬਣਾਇਆ।”
“ਹਾ ਇਹ ਮਜ਼ਮੂਨ ਮੈਨੂੰ ਬੜਾ ਸੁਆਦਲਾ ਲੱਗਾ ਸੀ।” ਬਾਬੂ ਦੇ ਚਿਹਰੇ ਤੇ ਕ੍ਰੋਧ ਦੀ ਰੇਖਾ ਝਲਕ ਪਈ। ਇਸ ਭਾਵ ਨੂੰ ਲੁਕਾਂਦਾ ਹੋਇਆ ਉਹ ਬੋਲਿਆ – ਖਿਮਾ ਕਰਨਾ, ਤੁਹਾਡੇ ਵਰਗੇ ਉੱਚ ਪਾਏ ਦੇ ਲਿਖਾਰੀ ਨੂੰ ਭਲਾ ਇਸ ਦੀ ਕੀ ਮੁਥਾਜੀ ਸੀ, ਜਦ ਕਿ ਤੁਸੀਂ ਕਲਪਨਾ ਨਾਲ ਹੀ ਚੰਗੇ ਤੋਂ ਚੰਗਾ ਪਲਾਟ ਘੜ ਸਕਦੇ ਹੋ।”

” ਠੀਕ ਹੈ, ਪਰ ਇਸ ਨਾਲ ਮੈਨੂੰ ਵਧੇਰੇ ਕਾਮਯਾਬੀ ਦੀ ਆਸ ‘ਮੁਆਫ ਕਰਨਾ, ਮੇਰੀ ਆਦਤ ਬੜੀ ਭੈੜੀ ਏ, ਕਿ ਮੂੰਹ ਤੇ ਸੱਚ ਕਹਿ ਦਿਆ ਕਰਦਾ ਹਾਂ। ਜਿਥੇ ਤੁਹਾਡੇ ਸਾਹਿਤਕ ਗੁਣਾਂ ਨੇ ਮੈਨੂੰ ਖ਼ਰੀਦ ਲਿਆ ਹੈ, ਉਥੇ ਤੁਹਾਡੀ ਇਹ ਗੱਲ ਰਤਾ ਕੋਝੀ ਜਿਹੀ ਜਾਪੀ ਹੈ। ਤੁਸੀਂ ਤਾਂ ਉਹ ਗੱਲ ਕੀਤੀ, ਜਿਸ ਤਰ੍ਹਾਂ ਕਹਿੰਦੇ ਨੇ – ਇਕ ਵਾਰੀ ਕੋਈ ਤਾਰੀਆ ਤਰਨ ਵਾਲਾ ਖਿਡਾਰੂ ਪਾਣੀ ਵਿਚ ਤਰ ਕੇ ਲੋਕਾਂ ਨੂੰ ਤਮਾਸ਼ਾ ਵਿਖਾਲ ਰਿਹਾ। ਸੀ। ਆਪਣੇ ਕਰਤਬ ਦਾ ਕਮਾਲ ਦੱਸਣ ਲਈ, ਉਹ ਤਾਕਤ ਨਾਲੋਂ ਵੀ ਵਧੀਕ ਜ਼ੋਰ ਲਾ ਕੇ ਜਦ ਸਿੱਧੀਆਂ ਪੁਠੀਆਂ ਤਾਰੀਆਂ ਤਰਨ ਲੱਗਾ, ਤਾਂ ਇਸਦਾ ਫਲ ਇਹ ਹੋਇਆ ਕਿ ਸਾਹ ਉਲਟ ਜਾਣ ਕਰਕੇ ਉਹ ਡੁਬ ਹੀ ਗਿਆ ਤੇ ਉਸ ਦੀ ਮੌਤ ਹੋ ਗਈ। ਢਿੱਡ ਵਿਚ ਪਾਣੀ ਭਰ ਜਾਣ ਕਰਕੇ ਚੋਖਾ ਚਿਰ ਜਦ ਉਹ ਪਾਣੀ ਦੀ ਤਹਿ ਹੇਠਾਂ ਹੀ ਡੁੱਬਿਆ ਰਿਹਾ ਤਾਂ ਓਧਰ ਤਮਾਸ਼ਬੀਨ ਖ਼ੁਸ਼ੀ ਨਾਲ ਤਾੜੀਆਂ ਵਜਾਂਦੇ ਹੋਏ ਕਹਿ ਰਹੇ ਸਨ ਬਈ ਕਮਾਲ ਦਾ ਤਾਰੂ ਹੈ, ਇਤਨੀ ਲੰਬੀ ਟੁੱਭੀ ?’ ਤੇ ਜਦ ਉਸਦੀ ਲੇਥ ਫੁਲ ਕੇ ਉਤਾਂਹ ਤਰ ਪਈ, ਤਾਂ ਲੋਕੀਂ ਵਧੇਰੇ ਖ਼ੁਸ਼ ਹੋਏ ਤੇ ਫ਼ਖਰ ਨਾਲ ਇਕ ਦੂਜੇ ਨੂੰ ਕਹਿਣ ਲੱਗੇ- ‘ਵੇਖੋ ਬਈ। ਬਿਲਕੁਲ ਹੂ-ਬ-ਹੂ ਮੁਰਦੇ ਵਾਂਗ ਤਰ ਰਿਹਾ ਹੈ, ਜਾਣੀਦਾ ਸੱਚ ਮੁੱਚ ਹੀ ਮੁਰਦਾ ਹੈ।” ਸੋ ਇਸੇ ਤਰ੍ਹਾਂ ਉਹ ਵਿਚਾਰੀ ਬਦ-ਨਸੀਬ ਕੁੜੀ ਜਿਸ ਦੇ ਜੀਵਨ ਦਾ ਮਿੰਟ ਮਿੰਟ ਤੜਫ਼ਾ ਦੇਣ ਵਾਲਾ ਸੀ- ਉਸ ਦੇ ਦੁਖੀ ਜੀਵਨ ਪਾਸੋਂ ਤੁਹਾਨੂੰ ਇਹ ਨਾਜਾਇਜ਼ ਫਾਇਦਾ ਨਹੀਂ ਸੀ ਉਠਾਣਾ ਚਾਹੀਦਾ। ਕਿਸੇ ਦੇ ਕਹਿਣ ਵਾਂਗ ਅਖੇ-ਬਕਰਾ ਰੇਵੇ ਜਾਨ ਨੂੰ, ਤੇ ਕਸਾਈ ਰੋਵੇ ਮਾਸ ਨੂੰ।

“ਸੋ ਮੇਰੇ ਮਿਹਰਬਾਨ ਗੁਪਤੇਸ੍ਵਰ ਸਾਹਿਬ ! ਮੈਨੂੰ ਮੁਆਫ਼ ਕਰਨਾ। ਇਹ ਗੱਲ ਤੁਹਾਡੇ ਹੁਨਰ ਨੂੰ ਧੱਬਾ ਲਾਉਣ ਵਾਲੀ ਹੈ, ਨਾਲੇ ਤੁਹਾਡੀ ਕਠੋਰਤਾ ਦੀ ਵੀ ਸੂਚਕ ਹੈ। ਤੁਹਾਨੂੰ ਚਾਹੀਦਾ ਸੀ ਉਸ ਬਦਨਸੀਬ ਲੜਕੀ ਦੀ ਕੁਝ ਮਦਦ ਕਰਦੇ, ਨਾ ਕਿ ਉਲਟਾ ਉਸ ਦੇ ਗਰਮ ਅੱਥਰੂਆਂ ਤੇ ਸਰਦ ਆਰਾ ਨੂੰ ਵੇਚਣ ਦਾ ਇਰਾਦਾ ਕਰ ਕੇ ਆਪਣਾ ਹੀ ਮਤਲਬ ਸਾਰਦੇ।”

ਅੱਖਾਂ ਨੀਵੀਆ ਕਰ ਕੇ ਗੁਪਤੇਸ਼ਰ ਬੋਲਿਆ – “ਵਾਕਿਆ ਹੀ ਇਹ ਮੇਰੀ ਗ਼ਲਤੀ ਸੀ, ਪਰ ਮੇਰੇ ਦਿਲ ਨੇ ਮੈਨੂੰ ਮਜਬੂਰ ਕੀਤਾ, ਜਿਸ ਲਈ ਮੈਨੂੰ ਅਜਿਹਾ ਕਰਨਾ ਪਿਆ।”

ਬਾਬੂ ਬੋਲਿਆ “ਖ਼ੈਰ ਕੋਈ ਐਸੀ ਬੁਰੀ ਗੱਲ ਨਹੀਂ। ਅਤੁਲ ਤਾਂ ਪਰਮਾਤਮਾ ਹੀ ਹੈ, ਪਰ ਮਾਲੂਮ ਹੁੰਦਾ ਹੈ। ਸੁੰਦਰੀ ਨੇ ਮਰਨ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਤੁਹਾਨੂੰ ਆਪਣਾ ਹਾਲ ਸੁਣਾਇਆ ਹੋਵੇਗਾ।”

“”ਜੀ ਹਾਂ, ਡੁਬਣ ਤੋਂ ਸਿਰਫ਼ ਇਕ ਦਿਨ ਪਹਿਲਾਂ ਉਸ ਨੇ ਆਪਣੀ ਸਾਰੀ ਰਾਮ ਕਹਾਣੀ ਮੈਨੂੰ ਸੁਣਾਈ ਸੀ।”

“ਤੇ ਫੇਰ ਤੁਹਾਨੂੰ ਉਸ ਦੇ ਦਰਿਆ ਵਿਚ ਡੁੱਬ ਮਰਨ ਦਾ ਹਾਲ ਕੀਕਣ ਪ੍ਰਤਾ ਲੱਗਾ ?”

“ਉਹਨੀਂ ਦਿਨੀਂ ਮੈਂ ਉਸੇ ਪਿੰਡ ਠਹਿਰਿਆ ਹੋਇਆ ਸਾਂ।”

ਸ਼ਾਮਦਾਸ ਦੇ ਸਰੀਰ ਦੀਆਂ ਬੋਟੀਆਂ ਜਿਵੇਂ ਕੋਈ ਸੰਨ੍ਹੀ ਨਾਲ ਉਖੇੜ ਰਿਹਾ ਸੀ। ਉਸ ਦੀ ਨਾੜ ਨਾੜ ਵਿਚੋਂ ਅੰਗ ਅੰਗ ਵਿਚੋਂ ਪੀੜ ਉਠ ਰਹੀ ਸੀ। ਜ਼ਰਾ ਠਹਿਰ ਕੇ ਉਹ ਬੋਲਿਆ ”ਆਫ਼ਰੀਨ ਗੁਪਤੇਸ੍ਵਰ ਸਾਹਿਬ ! ਤੁਸਾਂ ਕਮਾਲ ਕਰ ਦਿਖਾਇਆ। ਹਾਂ, ਤੇ ਇਹ ਜਿਹੜੇ ਬਾਕੀ ਸਫ਼ੇ ਲਿਖਣੇ ਰਹਿੰਦੇ ਨੇ, ਮੇਰਾ ਖ਼ਿਆਲ ਹੈ- ਗਾਲਬਨ ਮੈਂ ਸਮਝ ਹੀ ਗਿਆ ਹਾਂ ਕਿ ਇਸ ਕਾਂਡ ਵਿਚ ਤੁਸੀਂ ਲਿਖਾਰੀ ਦੀ ਹੈਸੀਅਤ ਵਿਚ ਆਪਣੀ ਜਾਣ ਪਛਾਣ ਕਰਾਉਣੀ ਚਾਹੁੰਦੇ ਹੋ, ਕਿਉਂ ? ਪਰ ਇਹ ਸਫ਼ੇ ਅਜ ਜ਼ਰੂਰ ਲਿਖ ਸੁਟਣੇ। ਇਕ ਅਰਜ਼ ਹੋਰ ਵੀ ਹੈ, ਜੋ ਉਮੀਦ ਹੈ ਨਾ- ਮਨਜ਼ੂਰ ਕਰ ਕੇ ਦਿਲ ਨਹੀਂ ਤੋੜੋਗੇ, ਤੇ ਉਹ ਇਹ ਕਿ ਆਪਣਾ ਡੇਰਾ ਅੱਜ ਤੋਂ ਇਸ ਸੇਵਕ ਪਾਸ ਹੀ ਰੱਖੋ ਤਾਂ ਜੋ ਆਪ ਦੀ ਪਵਿੱਤਰ ਸੰਗਤ ਨਾਲ ਇਸ ਪਾਪੀ ਦੀ ਛੇਕੜਲੀ ਜ਼ਿੰਦਗੀ ਵੀ ਸੌਰ ਜਾਵੇ। ਨਾਲੇ ਉਸ ਬਦਨਸੀਬ ਕੁੜੀ ਬਾਖਤ ਤੁਸੀਂ ਹੋਰ ਵੀ ਜਿੰਨਾ ਕੁਝ ਜਾਣਦੇ ਹੋ, ਮੈਨੂੰ ਸੁਣਾਣਾ।”

ਗੁਪਤੇਸ੍ਵਰ ਨੇ ਖ਼ੁਸ਼ੀ ਨਾਲ ਉੱਤਰ ਦਿੱਤਾ- “ਇਹ ਮੇਰੇ ਲਈ ਖ਼ੁਸ਼-ਕਿਸਮਤੀ ਦੀ ਗੱਲ ਹੁੰਦੀ, ਜੇ ਮੈਂ ਇਸ ਨੂੰ ਪੂਰਾ ਕਰ ਸਕਦਾ।”

“ਕਿਉਂ ? ਇਸ ਦਾ ਕੀ ਮਤਲਬ ?”

“ਮਤਲਬ ਇਹ ਕਿ ਇਸ ਨਾਵਲ ਦੇ ਅਧੂਰੇ ਕਾਂਡ ਵਾਂਗ ਮੇਰੇ ਜੀਵਨ-ਨਾਵਲ ਦਾ ਵੀ ਸਿਰਫ਼ ਛੇਕੜਲਾ ਕਾਂਡ ਹੀ ਬਾਕੀ ਹੈ।”

“ਹੈ ਹੈਂ ! ਕੀ ਕਿਹਾ ਜੇ ? ਤੁਸੀਂ ਤੁਸੀਂ।।”

“ਜੀ ਹਾਂ, ਮੇਰੇ ਜਿਊਣ ਲਈ ਹੁਣ ਨਾ ਕੋਈ ਥਾਂ ਹੈ ਤੇ ਨਾ ਹੀ ਸਮਾਂ। ਮੈਂ ਮੈਂ ਇਹ “ਕਹਿੰਦਾ ਕਹਿੰਦਾ ਗੁਪਤੇਸ੍ਵਰ ਫੇਰ ਰੁਕ ਗਿਆ, ਤੇ ਇਸ ਤੋਂ ਬਾਅਦ ਸ਼ਾਮਦਾਸ ਦੇ ਵਾਰ ਵਾਰ ਪੁੱਛਣ ਤੇ ਵੀ ਉਹ ਹੋਰ ਕੁਝ ਨਾ ਦੱਸ ਸਕਿਆ।

ਥੋੜ੍ਹੀ ਦੇਰ ਠਹਿਰ ਕੇ ਗੁਪਤੇਸ੍ਵਰ ਬੋਲਿਆ ‘ਮੈਂ ਆਪ ਨੂੰ ਇਕ ਹੋਰ ਖੇਚਲ ਦੇਣੀ ਚਾਹੁੰਦਾ ਹਾਂ।”

“ਤੇ ਉਹ ਮੇਰੇ ਲਈ ਸਭ ਤੋਂ ਵੱਡੀ ਖ਼ੁਸ਼ ਕਿਸਮਤੀ ਦਾ ਕਾਰਨ ਹੋਵੇਗੀ। ਫ਼ਰਮਾਓ ਮੈਨੂੰ ਕੀ ਹੁਕਮ ਹੈ ?”

ਕੁਝ ਚਿਰ ਚੁਪ ਰਹਿ ਕੇ ਗੁਪਤੇਸ੍ਵਰ ਬੋਲਿਆ- ਤੁਸੀਂ ਮੈਨੂੰ ਇਸ ਮਨੁੱਖੀ ਜਾਮੇ ਵਿਚ ਸਾਖ਼ਸ਼ਾਤ ਦੇਵਤਾ ਨਜ਼ਰ ਆਏ ਹੈ। ਮੇਰੇ ਦਿਲ ਵਿਚ ਤੁਹਾਡੀ ਕਿੰਨੀ ਕੁ ਇਜ਼ਤ ਹੈ ? ਇਸ ਦਾ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇਕ ਬੜੀ ਭਾਰੀ ਖੇਚਲ ਦੇਣੀ ਚਾਹੁੰਦਾ ਹਾਂ। ਮੇਰਾ ਖ਼ਿਆਲ ਹੈ ਇਹੋ ਜਿਹੇ ਪਰਉਪਕਾਰ ਦੇ ਕੰਮਾਂ ਲਈ ਕੁਦਰਤ ਨੇ ਤੁਹਾਡੇ ਵਰਗੇ ਮਹਾਂ-ਪੁਰਸ਼ਾਂ ਨੂੰ ਹੀ ਸੰਸਾਰ ਤੇ ਭੇਜਿਆ ਹੈ। ਕੀ ਮੇਰਾ ਇਕ ਕੰਮ ਕਰੇਗੇ ?”

ਉਸ ਦੇ ਵਾਕ ਸੁਣ ਕੇ ਬਾਬੂ ਸ਼ਾਮ ਦਾਸ ਦੀਆਂ ਅੱਖਾਂ ਧਰਤੀ ਤੇ ਗੱਡੀਆਂ ਗਈਆਂ। ਉਹ ਬੋਲਿਆ- “ਸਾਰੀ ਉਮਰ ਲਈ ਮੈਨੂੰ ਆਪਣਾ ਗ਼ੁਲਾਮ ਸਮਝੇ। ਜਿਸ ਸੇਵਾ ਦੇ ਵੀ ਯੋਗ ਮੈਨੂੰ ਸਮਝਦੇ ਹੋ ਉਹ ਕੰਮ ਬਿਨਾ’ ਪੁੱਛੇ ਆਪਣੇ ਹੁਕਮ ਵਿਚ ਕਰਾ ਸਕਦੇ ਹੈ। ਪਰ ਰੱਬ ਦੇ ਵਾਸਤੇ ਮੇਰੇ ਲਈ ਇਹ ਵਡਿਆਈ ਦੇ ਲਫ਼ਜ਼ ਨਾ ਵਰਤੋ, ਮੈਂ ਇਕ ਨੀਚ ਤੇ ਗਿਰੀ ਹੋਈ ਜ਼ਮੀਰ ਵਾਲਾ ਆਦਮੀ ਹਾਂ- ਆਪਣੀ ਜ਼ਿੰਦਗੀ ਵਿਚ ਮੈਂ ਜੋ ਜੋ ਪਾਪ ਕੀਤੇ ਨੇ, ਸਭ ਤੋਂ ਵੱਡਾ ਪਾਪ ਜਿਹੜਾ ਮੈਨੂੰ ਕਦੇ ਨਹੀਂ ਭੁਲਣਾ, ਜੇ ਕਦੇ ਤੁਸੀਂ ਸੁਣ ਲਓ ਤਾਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣ। ਇਸੇ ਲਈ ਕਹਿੰਦਾ ਹਾਂ ਕਿ ਮੈਂ ਇਸ ਉਪਮਾ ਦੇ ਯੋਗ ਨਹੀਂ ਹਾਂ – ਇਹ ਸਾਰੀਆ ਵਡਿਆਈਆਂ ਤੁਹਾਨੂੰ ਹੀ ਸੋਭਦੀਆ ਨੇ।”
ਕ੍ਰਿਤਗਯਤਾ ਨਾਲ ਗੁਪਤੇਸ਼ਰ ਦੀਆ ਅੱਖਾ ਵਿਚ ਪਾਣੀ ਆ ਗਿਆ। ਉਹ ਧੰਨਵਾਦ ਨਾਲ ਸਿਰ ਨਿਵਾ ਕੇ ਬੋਲਿਆ- “ਤੁਸੀਂ ਮੈਨੂੰ ਬਹੁਤ ਉੱਚਾ ਲੈ ਜਾ ਰਹੇ ਹੈ। ਮੈਂ ਇਸ ਦਾ ਹਜਾਰਵਾਂ ਹਿੱਸਾ ਵੀ ਆਪਣੇ ਵਿਚ ਕੋਈ ਵਿਸ਼ੇਸ਼ਤਾ ਨਹੀਂ ਵੇਖਦਾ। ਤੁਹਾਡੀ ਇਹ ਨਿੰਮ੍ਰਤਾ ਮੇਰੇ ਦਿਲ ਉਤੇ ਤੁਹਾਡੀ ਬਜ਼ੁਰਗੀ ਦਾ ਹੋਰ ਵੀ ਗਹਿਰਾ ਅਸਰ ਕਰ ਰਹੀ ਹੈ।”

ਮੇਰੇ ਲਈ ਤੁਸੀਂ ਪਰਮਾਤਮਾ ਰੂਪ ਹੋ।”

ਗੁਪਤੇਸ੍ਵਰ ਨੇ ਅੱਖਾਂ ਨੀਵੀਆਂ ਕਰ ਲਈਆਂ।

ਬਾਬੂ ਬੋਲਿਆ- “ਹਾਂ ਛੇਤੀ ਹੁਕਮ ਕਰੋ।”

ਗੁਪਤੇਸ੍ਵਰ ਬੋਲਿਆ-“ਇਕ ਤਾਂ ਇਹ ਕਿ ਕਿਸੇ ਤਰ੍ਹਾਂ ਮੇਰਾ ਉਹ ਰੁਮਾਲ ਮੰਗਵਾ ਦਿਓ, ਜਿਹੜਾ ਮੈਂ ਲਾਹੌਰ ਦੇ ਬਹਿਰੇ ਨੂੰ ਦੇ ਆਇਆ ਸੀ। ਲਾਹੌਰ ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਕਰ ਕੇ ਉਸਦੀ ਦੁਕਾਨ ਹੈ। ਦੂਜਾ ਇਹ ਨਾਵਲ ਛਾਪਣ ਦਾ ਪ੍ਰਬੰਧ ਜੇ ਹੋ ਸਕੇ ਤਾਂ ਤੁਸੀਂ ਹੀ ਕਰੋ, ਤੇ ਇਸ ਤੋਂ ਜਿੰਨੀ ਆਮਦਨ ਹੋਵੇ ਉਹ ਉਸੇ ਪਤੇ ਤੇ ਭੇਜ ਦੇਣੀ, ਜਿਸ ਦਾ ਮੈਂ ਨਾਵਲ ਦੇ ਛੇਕੜਲੇ ਕਾਂਡ ਵਿਚ ਜ਼ਿਕਰ ਕੀਤਾ ਹੈ।”

ਬਾਬੂ ਸ਼ਾਮ ਦਾਸ ਦਾ ਸਰੀਰ ਇਸ ਵੇਲੇ ਮਾਸ ਦਾ ਨਹੀਂ, ਲੱਕੜ ਦਾ ਬਣਿਆ ਹੋਇਆ ਸੀ। ਉਸਦੀਆਂ ਅੱਖਾਂ ਗੁਪਤੇਸ੍ਵਰ ਦੀਆਂ ਅੱਖੀਆਂ ਵਿਚ ਗੱਡੀਆਂ ਹੋਈਆਂ ਸਨ।

ਜਿਵੇਂ ਕੋਈ ਰਾਹੋਂ ਖੁੰਝ ਕੇ ਕੁਰਾਹੇ ਪੈਣ ਤੋਂ ਬਾਅਦ ਪਿਛਾਂਹ ਮੁੜਦਾ ਹੈ— ਗੁਪਤੇਸ਼ਰ ਦੀਆਂ ਗੱਲਾਂ ਵਲ ਧਿਆਨ ਮੋੜਦਾ ਹੋਇਆ ਸ਼ਾਮ ਦਾਸ ਬੋਲਿਆ- “ਮੁਆਫ ਕਰਨਾ ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਸੀ। ਹਾਂ, ਕੀ ਕਹਿ ਰਹੇ ਸੀ ਤੁਸੀਂ ?”

ਮੁਸਾਫ਼ਰ ਨੇ ਆਪਣੀਆਂ ਦੋਹਾਂ ਮੰਗਾਂ ਨੂੰ ਫਿਰ ਦੁਹਰਾਇਆ। ਸ਼ਾਮਦਾਸ ਆਪਣੇ ਅੰਦਰ ਮਚ ਰਹੇ ਭੌਜਲ ਨੂੰ ਸੰਭਾਲਦਾ ਹੋਇਆ।

ਬੋਲਿਆ- ਸਿਰ ਅੱਖਾਂ ਤੇ। ਮੈਨੂੰ ਤੁਹਾਡੇ ਇਹ ਦੋਵੇਂ ਹੁਕਮ ਮੰਨਣ ਵਿਚ ਓੜਕ ਦੀ ਖੁਸ਼ੀ ਹੋਵੇਗੀ। ਉਹ ਕੀ ਨਾਂ ਪੜ੍ਹਿਆ ਸੀ ਤੁਸਾਂ ਮਾਈ ਸਦਾ ਕੌਰ ? ਉਹ ਤੁਹਾਡੀ ਕੋਈ ਰਿਸ਼ਤੇਦਾਰ ਹੈ?”

“ਜੀ ਹਾਂ !”

“ਤੇ ਆਪ ਦਾ ਦੌਲਤਖ਼ਾਨਾ ?”

ਦੌਲਤਖ਼ਾਨਾ ਮੇਰਾ ਹੁਣ ਤਾਂ ਇਥੇ ਆਪ ਦੇ ਚਰਨਾਂ ਵਿਚ ਹੈ। ਇਸ ਲਈ ਮੈਂ ਇਸ ਨੂੰ ਗ਼ਰੀਬਖ਼ਾਨਾ ਨਹੀਂ ਕਹਿ ਸਕਦਾ।”

“ਇਹ ਤਾਂ ਤੁਹਾਡੀ ਜੱਰਾ-ਨਿਵਾਜ਼ੀ ਹੈ, ਪਰ ਪਿਛੇ ਆਪ ਕਿਥੋਂ ਦੇ ਰਹਿਣ ਵਾਲੇ ਹੈ ?”

ਗੁਪਤੇਸ੍ਵਰ ਨੇ ਸਾਰੇ ਕਾਗ਼ਜ਼ ਇਕੱਠੇ ਕਰਦਿਆਂ ਹੋਇਆਂ ਗੱਲ ਟਾਲ ਦਿਤੀ-

“ਮੇਰਾ ਖ਼ਿਆਲ ਹੈ, ਤੁਸੀਂ ਕਾਫ਼ੀ ਥੱਕੇ ਹੋਏ ਹੋ, ਇਸ ਲਈ ਥੋੜ੍ਹਾ ਜਿਹਾ ਆਰਾਮ ਕਰ ਲਓ। ਤੁਸਾਂ ਕੰਮ ਤੇ ਵੀ ਜਾਣਾ ਹੋਵੇਗਾ।”

“ਨਹੀਂ, ਅੱਜ ਤਾਂ ਐਤਵਾਰ ਹੈ। ਖ਼ੈਰ ਇਹ ਗੱਲਾਂ ਫੇਰ ਸਹੀ।” ਰਤਾ ਕੁ ਠਹਿਰ ਕੇ ਬਾਬੂ ਨੇ ਫਿਰ ਕਿਹਾ – “ਹਾਂ ਤੇ ਰੁਮਾਲ, ਅੱਜ ਐਤਵਾਰ ਹੈ, ਮੇਰਾ ਖ਼ਿਆਲ ਹੈ ਮੈਂ ਆਪ ਹੀ ਜਾ ਕੇ ਲੈ ਆਉਂਦਾ ਹਾਂ। ਤੰਦੂਰ ਵਾਲੇ ਦਾ ਪਤਾ ਠਿਕਾਣਾ ਤਾਂ ਤੁਸਾਂ ਦਸ ਹੀ ਦਿਤਾ ਹੈ।”

ਗੁਪਤੇਸ੍ਵਰ ਨੇ ਉਸ ਮਹਿਰੇ ਦਾ ਪਤਾ ਦੁਹਰਾਂਦਿਆਂ ਹੋਇਆਂ ਕਿਹਾ- ‘ਬਾਬੂ ਜੀ ! ਤੁਸੀਂ ਇਥੇ ਕਿੰਨੇ ਕੁ ਚਿਰ ਤੋਂ ਰਹਿੰਦੇ ਹੋ ?”

‘ਸਤਾਰਾਂ ਅਠਾਰਾਂ ਸਾਲ ਹੋ ਗਏ ਨੇ।”

“ਤਾਂ ਤੇ ਇਸ ਸ਼ਹਿਰ ਵਿਚ ਤੁਹਾਡਾ ਚੰਗਾ ਰਸੂਖ਼ ਹੋਵੇਗਾ ?”

“ਜੀ ਹਾਂ ਤੁਹਾਡੀ ਕਿਰਪਾ ਨਾਲ ਬਹੁਤ ਲੋਕ ਮੈਨੂੰ ਜਾਣਦੇ ਨੇ।”

ਗੁਪਤੇਸ੍ਵਰ ਜ਼ਰਾ ਹੌਸਲੇ ਭਰੀ ਆਵਾਜ਼ ਵਿਚ ਬੋਲਿਆ- ”ਤਾਂ ਕੀ ਤੁਸੀਂ ਇਕ ਆਦਮੀ ਦਾ ਪਤਾ ਟਿਕਾਣਾ ਲੱਭਣ ਵਿਚ ਮੇਰੀ ਕੁਝ ਮਦਦ ਕਰ ਸਕਦੇ ਹੋ ? ਮੈਂ ਉਸ ਨੂੰ ਦੁੰਹ ਢਾਈਆਂ ਸਾਲਾਂ ਤੋਂ ਢੂੰਡ ਰਿਹਾ ਹਾਂ, ਅਜੇ ਤਕ ਉਸ ਦਾ ਕੋਈ ਥਹੁ ਪਤਾ ਨਹੀਂ ਲਗ ਸਕਿਆ। ਤੁਸੀਂ ਇਹ ਸੁਣ ਕੇ ਮੇਰੀ ਅਕਲ ਤੇ ਹਸੋਗੇ ਕਿ ਮੈਂ ਉਸ ਦੀ ਸ਼ਕਲ ਵੀ ਅੱਜ ਤਕ ਨਹੀਂ ਵੇਖੀ, ਨਾ ਹੀ ਮੈਨੂੰ ਉਸ ਦੇ ਹੁਲੀਏ ਬਾਬਤ ਕੁਝ ਪਤਾ ਹੈ। ਸ਼ਕਲ ਹੀ ਪਛਾਣਦਾ ਹੁੰਦਾ ਤਾਂ ਖ਼ਬਰੇ ਹੁਣ ਤਕ ਲੱਭ ਹੀ ਲੈਦਾ।”

ਬਾਬੂ ਨੇ ਕਿਹਾ- “ਤੁਸੀਂ ਉਸ ਬਾਬਤ ਜਿੰਨਾ ਕੁਝ ਜਾਣਦੇ ਹੋ। ਮੈਨੂੰ ਦਸ ਦਿਓ। ਮੇਰਾ ਖ਼ਿਆਲ ਹੈ ਕਿਤਿਉਂ ਸੂਹ ਨਿਕਲ ਹੀ ਆਵੇਗੀ। ਰੇਲਵੇ ਦੇ ਕੰਮ ਵਿਚ ਤਾਂ ਰੋਜ਼ ਨਵੇਂ ਤੋਂ ਨਵੇਂ ਆਦਮੀਆਂ ਨਾਲ ਵਾਹ ਪੈਂਦਾ ਰਹਿੰਦਾ ਹੈ। ਦੁਨੀਆ ਦਾ ਕਿਹੜਾ ਆਦਮੀ ਹੈ ਜਿਹੜਾ ਰੇਲਵੇ ਮੁਲਾਜ਼ਮਾ ਦੀਆ ਅੱਖਾਂ ਅਗੋਂ ਨਾ ਲੰਘਦਾ ਹੋਵੇ। ਤੁਸੀਂ ਉਸ ਬਾਬਤ ਜੇ ਕੁਝ ਜਾਣਦੇ ਹੋ ਛੇਤੀ ਦਸੋ।”

ਗੁਪਤੇਸ਼ਰ ਨੇ ਕਿਹਾ- “ਮੈਂ ਸਿਰਫ਼ ਉਸ ਦਾ ਨਾਂ ਹੀ ਜਾਣਦਾ ਹਾਂ ਹੋਰ ਕੁਝ ਨਹੀਂ।”

“ਉਸ ਦਾ ਨਾਂ ਕੀ ਹੈ ?”

“ਨਾਂ ਉਸ ਦਾ ਤਾਰਾ ਚੰਦ ਹੈ… ਹੈ ! ਹੈਂ ਇਹ ਕੀ ? ਮਾਲ੍ਹਮ ਹੁੰਦਾ ਹੈ ਅਨੀਂਦਰੇ ਕਰਕੇ ਤੁਹਾਡੀ ਤਬੀਅਤ ਜ਼ਿਆਦਾ ਖ਼ਰਾਬ ਹੋ ਰਹੀ ਹੈ। ਮੇਰਾ ਖਿਆਲ ਹੈ ਇਨ੍ਹਾਂ ਗੱਲਾਂ ਨੂੰ ਹਾਲੇ ਇਥੇ ਹੀ ਰਹਿਣ ਦਿਓ ਤੇ ਤੁਸੀਂ ਲਾਹੌਰ ਵੀ ਅਜ ਨਾ ਜਾਓ, ਰੁਮਾਲ ਬਾਬਤ ਫਿਰ ਕਦੀ ਵੇਖੀ ਜਾਵੇਗੀ। ਹੁਣ ਥੋੜ੍ਹਾ ਜਿਹਾ ਆਰਾਮ ਕਰ ਲਓ। ਤੁਹਾਡਾ ਰੰਗ ਇਕ ਦਮ ਪੀਲਾ ਪੈ ਗਿਆ ਹੈ।”

ਰੁਮਾਲ ਨਾਲ ਮੱਥਾ ਪੂੰਝ ਕੇ ਤੇ ਖੰਘੂਰੇ ਨਾਲ ਆਵਾਜ਼ ਠੀਕ ਕਰ ਕੇ ਬਾਬੂ ਫਿਰ ਬੋਲਿਆ- “ਨਹੀਂ ਤੁਸੀਂ ਫ਼ਿਕਰ ਨਾ ਕਰੋ, ਮੈਨੂੰ ਕਿਸੇ ਵੇਲੇ ਇਸ ਤਰ੍ਹਾਂ ਦਾ ਘਬਰਾ ਜਿਹਾ ਉਠਦਾ ਹੁੰਦਾ ਹੈ, ਪਰ ਇਹ ਹੁਣੇ ਹੀ ਠੀਕ ਹੋ ਜਾਵੇਗਾ। ਹਾਂ, ਉਹ ਤਾਰਾ ਚੰਦ ਪਹਿਲਾਂ ਕਿੱਥੇ ਰਹਿੰਦਾ ਸੀ ?”

ਪਹਿਲਾਂ ਉਹ ਸਿਆਲਕੋਟ ਰਹਿੰਦਾ ਸੀ। (ਬਾਬੂ ਦੇ ਚਿਹਰੇ ਫਲ ਤਕ ਕੇ) ਨਹੀਂ ਸ੍ਰੀ ਮਾਨ ਜੀ ! ਤੁਹਾਡੀ ਆਵਾਜ਼ ਥਰਥਰਾ ਰਹੀ ਹੈ, ਤੁਸੀ ਉਠ ਕੇ ਮੰਜੇ ਤੇ ਲੰਮੇ ਪੈ ਜਾਓ।”

ਬਾਬੂ ਸ਼ਾਮਦਾਸ ਦੀ ਘਬਰਾਹਟ ਓੜਕ ਤਕ ਪਹੁੰਚਦੀ ਜਾ ਰਹੀ ਸੀ। ਉਹ ਰੁਮਾਲ ਨਾਲ ਆਪਣੇ ਆਪ ਨੂੰ ਹਵਾ ਕਰਦਾ ਹੋਇਆ ਬੋਲਿਆ- “ਉਹ। ! ਉਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ” ਸ਼ਾਮਦਾਸ ਦਾ ਚਿਹਰਾ ਇਸ ਵੇਲੇ ਮੁਰਦੇ ਵਰਗਾ ਹੋ ਰਿਹਾ ਸੀ, ਉਸ ਦੇ ਹੱਥਾਂ ਨੂੰ ਕੁੜੱਲ ਚੜ੍ਹਦੇ ਜਾਂਦੇ ਸਨ ਤੇ ਸਾਹ ਉਸ ਦਾ ਇਸ ਤਰ੍ਹਾਂ ਚਲ ਰਿਹਾ ਸੀ ਜਿਵੇਂ ਦਮੇ ਦੇ ਰੋਗੀ ਦਾ।

“ਜਾਣਦੇ ਹੋ ? ਤੇ ਬਹੁਤ ਚੰਗੀ ਤਰ੍ਹਾਂ ?”

ਗੁਪਤੇਬਰ ਨੇ ਇਹ ਸ਼ਬਦ ਇਸ ਤਰ੍ਹਾਂ ਆਪਣੇ ਆਪ ਤੋਂ ਬਾਹਰ ਹੋ ਕੇ ਕਹੇ, ਜੀਕਣ ਕਿਸੇ ਨੂੰ ਗੁਆਚਾ ਹੋਇਆ ਖ਼ਜ਼ਾਨਾ ਲੱਭ ਪੈਂਦਾ ਹੈ।

ਉਹ ਖ਼ੁਸ਼ੀ ਨੂੰ ਨਾ ਰੋਕ ਸਕਦਾ ਹੋਇਆ ਉਠ ਕੇ ਖੜੇ ਗਿਆ, ਤੇ ਉਸ ਨੂੰ ਬਾਬੂ ਦੀ ਘਬਰਾਹਟ ਦਾ ਵੀ ਚੇਤਾ ਨਾ ਰਿਹਾ। ਉਹ ਕਾਹਲੀ ਨਾਲ ਬੋਲਿਆ- ਕਿਰਪਾ ਕਰਕੇ ਛੇਤੀ ਦਸੇ ਉਹ ਕਿਥੇ ਰਹਿੰਦਾ ਹੈ ? ਕੀ ਤੁਸੀਂ ਉਸ ਨਾਲ ਮੇਰੀ ਮੁਲਾਕਾਤ ਕਰਾ ਸਕਦੇ ਹੋ ?”

ਬਾਬੂ ਨੇ ਕਿਹਾ, “ਇਕ ਵਾਰੀ ਛੱਡ ਕੇ ਸੌ ਵਾਰੀ। ਉਸ ਨਾਲ ਮੇਰੀ ਚੰਗੀ ਜਾਣ ਪਛਾਣ ਹੈ। ਜੁਦਾਈਆਂ ਵਾਂਗ ਅੱਖਾਂ ਫੈਲਾ ਕੇ ਗੁਪਤੇਸ੍ਵਰ ਦੇ ਚਿਹਰੇ ਵਲ ਤਕਦਿਆਂ ਹੋਇਆ ਬਾਬੂ ਸ਼ਾਮਦਾਸ ਨੇ ਕਿਹਾ।

ਗੁਪਤੇਸ੍ਵਰ ਆਪਣੀ ਵਧ ਰਹੀ ਖੁਸ਼ੀ ਤੇ ਖੁਤਖੁਤੀ ਨੂੰ ਰੋਕਦਾ ਹੋਇਆ ਕਾਹਲੀ ਨਾਲ ਪੁਛਣ ਲਗਾ- “ਉਹ ਕਿਥੇ ਰਹਿੰਦਾ ਏ, ਕੀ ਕੰਮ ਕਰਦਾ ਹੈ?”

“ਲਾਹੌਰ ਰਹਿੰਦਾ ਹੈ ਤੇ ਇਕ ਸਰਕਾਰੀ ਦਫ਼ਤਰ ਵਿਚ ਨੌਕਰ
“ਤਾਂ ਕਿਰਪਾ ਕਰਕੇ ਅੱਜ ਹੀ ਮੇਰੀ ਉਸ ਨਾਲ ਮੁਲਾਕਾਤ ਕਰਾ ਹੈ।”
ਦਿਓ, ਕਿਸ ਵੇਲੇ ਕਰਾਉਗੇ ?”
“ਮੇਰਾ ਖਿਆਲ ਹੈ, ਮੈਂ ਸ਼ਾਮ ਤਕ ਉਸਨੂੰ ਨਾਲ ਹੀ ਲੈਂਦਾ ਆਵਾਂਗਾ।”

“ਓ ਮੇਰੇ ਪਿਆਰੇ ਬਾਬੂ ਸਾਹਿਬ ! ਹਜ਼ਾਰ ਵਾਰੀ ਧੰਨਵਾਦ, ਲੱਖ ਵਾਰੀ ਤੇ ਕਰੋੜ ਵਾਰੀ ਧੰਨਵਾਦ । ਤੁਸਾਂ ਮੈਨੂੰ ਮੁਲ ਖ਼ਰੀਦ ਲਿਐ। ਤੁਸੀਂ ਮੇਰੀ ਜ਼ਿੰਦਗੀ ਦੀ ਇਕ ਭਾਰੀ ਮੁਸ਼ਕਲ ਹੱਲ ਕਰ ਦਿਤੀ। ਭਾਵੇਂ ਮੈਂ ਤੁਹਾਡੀ ਥਕਾਵਟ ਤੇ ਤਬੀਅਤ ਦੀ ਖ਼ਰਾਬੀ ਨੂੰ ਖੂਬ ਸਮਝ ਰਿਹਾ ਹਾਂ, ਫਿਰ ਵੀ ਅਰਜ ਕਰਨੇ ਨਹੀਂ ਰੁਕ ਸਕਦਾ ਕਿ ਅੱਜ ਹੀ ਉਸ ਨਾਲ ਮੇਰੀ ਮੁਲਾਕਾਤ ਕਰਾਓ, ਭਾਵੇਂ ਤੁਹਾਨੂੰ ਕਿੰਨੀ ਵੀ ਤਕਲੀਫ ਉਠਾਣੀ ਪਵੇ।”

ਫਿਰ ਕੁਝ ਚਿਰ ਆਰਾਮ ਕਰਨ ਲਈ ਦੇਵੇ ਲੰਮੇ ਪੈ ਗਏ, ਪਰ ਸਾਰੀ ਰਾਤ ਦਾ ਜਾਗਾ ਹੁੰਦਿਆਂ ਹੋਇਆਂ ਵੀ ਦੋਹਾਂ ਦੀਆਂ ਪਲਕਾਂ ਨਾ ਜੁੜੀਆਂ। ਰੋਟੀ ਦਾ ਵੇਲਾ ਹੋਣ ਤੇ ਬਾਬੂ ਦੇ ਨੌਕਰ ਨੇ ਰੋਟੀ ਪਕਾਈ ਤੇ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਦੋਹਾਂ ਖਾਧੀ।

ਨਾਵਲ ਦਾ ਅਧੂਰਾ ਕਾਂਡ ਪੂਰਾ ਕਰਨ ਦੀ ਗੁਪਤੇਸ਼੍ਵਰ ਨੂੰ ਤਾਕੀਦ ਕਰ ਕੇ ਸਵਾ ਬਾਰਾਂ ਵਜੇ ਦੀ ਗੱਡੀ ਸ਼ਾਮ ਦਾਸ ਲਾਹੌਰ ਚਲਾ ਗਿਆ ਕਿ ਗੁਪਤੇਸ਼ਰ ਦੇ ਚਿਹਰੇ ਤੇ ਅੱਜ ਕਾਮਯਾਬੀ ਦੀ ਖ਼ੁਸ਼ੀ ਚਮਕਾ ਮਾਰ ਰਹੀ ਸੀ, ਜਿਹੜੀ ਉਸ ਨੇ ਸਾਰੇ ਜੀਵਨ ਵਿਚ ਕਦੇ ਨਹੀਂ ਸੀ ਵੇਖੀ। ਅੱਜ ਕਾਗਜ਼ ਵੀ ਖੁਲ੍ਹੇ ਸਨ, ਲਿਖਣ ਦਾ ਸਾਮਾਨ ਵੀ ਵਧੀਆ ਸੀ ਤੇ ਥਾਂ ਵੀ ਚੰਗੀ ਸੀ, ਉਸ ਦਾ ਦਿਲ ਵੀ ਅੱਜ ਵਰਗਾ ਖ਼ੁਸ਼ ਕਦੇ ਘਟ ਵਧ ਹੀ ਹੋਇਆ ਹੋਵੇਗਾ, ਪਰ ਅੱਜ ਉਸ ਕੋਲ ਲਿਖਣ ਲਈ ਕੁਝ ਵੀ ਬਾਕੀ ਨਹੀਂ ਸੀ। ਸ਼ਿਕਾਰੀ ਨੂੰ ਸ਼ਿਕਾਰ ਮਿਲਦਾ ਸੀ ਤੇ ਉਸ ਦੇ ਪਾਸ ਫੜਨ ਦਾ ਸਾਮਾਨ ਅਧੂਰਾ ਤੇ ਨਿਕੰਮਾ ਸੀ, ਜਦ ਸ਼ਿਕਾਰ ਖੇਡਣ ਦੇ ਸਾਰੇ ਸਾਮਾਨ ਉਸ ਦੇ ਪਾਸ ਪਏ ਸਨ। ਤਾਂ ਹੁਣ ਉਸ ਦਾ ਸ਼ਿਕਾਰ ਖੇਡਣ ਦਾ ਸ਼ੌਕ ਹੀ ਬਸ ਹੋ ਚੁਕਾ ਸੀ। ਰੋਟੀ ਖਾ ਕੇ ਉਹ ਮੰਜੇ ਤੇ ਲੰਮਾ ਪੈ ਗਿਆ, ਪਰ ਹੋਣ ਵਾਲੀ ਮੁਲਾਕਾਤ ਦੀ ਖੁਤਖੁਤੀ

ਉਸ ਨੂੰ ਨੀਂਦਰ ਨਹੀਂ ਸੀ ਆਉਣ ਦੇਂਦੀ। ਉਹ ਬੜੀ ਕਾਹਲੀ ਨਾਲ ਉਸ ਵੇਲੇ ਦੀ ਉਡੀਕ ਕਰਨ ਲਗਾ ਜਦ ਉਸਦੇ ਮਿਹਰਬਾਨ ਬਾਬੂ ਨੇ ਤਾਰਾ ਚੰਦ ਨੂੰ ਨਾਲ ਲੈ ਕੇ ਆਉਣਾ ਸੀ। ਉਸ ਨੇ ਇਹ ਛੇ ਸੱਤ ਘੰਟੇ, ਮਿੰਟ ਤੇ ਸਕਿੰਟ ਗਿਣ ਗਿਣ ਕੇ ਬਿਤਾਏ। ਉਸ ਦੀ ਨਜ਼ਰ ਸਾਹਮਣੇ ਟੰਗੀ, ਕਲਾਕ ਦੀ ਸੂਈ ਵਲ ਬਰਾਬਰ ਗੱਡੀ ਰਹੀ।

ਅਖ਼ੀਰ ਪੰਜ ਵਜ ਗਏ। ਗੁਪਤੇਸ੍ਵਰ ਬਾਹਰਲੇ ਬੂਹੇ ਵਿਚ ਜਾ ਕੇ ਟਹਿਲਣ ਲਗ ਪਿਆ। ਜਦੋਂ ਵੀ ਸਾਹਮਣੇ ਦਾ ਮੋੜ ਮੁੜ ਕੇ ਕੋਈ ਟਾਂਗਾ ਇਸ ਪਾਸੇ ਆਉਂਦਾ, ਉਸ ਦਾ ਦਿਲ ਧੜਕਣ ਲਗ ਪੈਂਦਾ। ਕਈ ਟਾਂਗੇ ਆਏ ਤੇ ਕਈ ਲੰਘੇ ਗਏ। ਉਸ ਦੀ ਬੇਸਬਰੀ ਪਲ ਪਲ ਵਧਦੀ ਹੀ ਗਈ। ਅਖੀਰ ਇਕ ਟਾਂਗਾ ਆਇਆ,ਪਰ ਬਾਬੂ ਸ਼ਾਮ ਦਾਸ ਇਸ ਤੋਂ ਇਕੱਲਾ ਹੀ ਉਤਰਿਆ। ਆਉਂਦਿਆਂ ਹੀ ਗੁਪਤੇਸ਼ਰ ਦੇ ਦਿਲ ਦੀ ਬੇਕਰਾਰੀ ਨੂੰ ਉਹ ਸਮਝ ਗਿਆ ਤੇ ਬੋਲਿਆ- “ਉਹ ਆ ਰਹੇ ਜੇ।”

ਗੁਪਤੇਸ਼ਵਰ ਦੀ ਜਾਨ ਵਿਚ ਜਾਨ ਆਈ। ਉਸ ਨੇ ਪੁਛਿਆ – “ਕਿਵੇ ?”

ਬਾਬੂ ਇਸ ਵੇਲੇ ਹਫ਼ ਰਿਹਾ ਸੀ। ਉਸ ਦੇ ਚਿਹਰੇ ਤੇ ਹਵਾਈਆਂ ਉੱਡ ਰਹੀਆ ਸਨ ਤੇ ਸਾਰਾ ਸਰੀਰ ਉਸ ਦਾ ਕੰਬ ਰਿਹਾ ਸੀ। ਗੁਪਤੇਸ੍ਵਰ ਨੂੰ ਉਸ ਦੀ ਹਾਲਤ ਵੇਖ ਕੇ ਬੜਾ ਫਿਕਰ ਹੋਇਆ। ਉਸ ਨੇ ਪੁੱਛਿਆ “ਕੀ ਗੱਲ ਏ, ਤੁਸੀ ਇਸ ਤਰ੍ਹਾਂ ਕਿਉਂ ਹੈ ? ਅਜੇ ਤਕ ਤਬੀਅਤ ਠੀਕ ਨਹੀਂ ਹੋਈ ?”

ਬਾਬੂ ਨੇ ਆਪਣੀ ਘਸ਼ਰਾਹਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਬਨਾਵਟੀ ਹਾਸਾ ਹੱਸ ਕੇ ਕਿਹਾ- “ਨਹੀਂ ਕੁਝ ਨਹੀਂ। ਗੱਡੀ ਵਿਚ ਦੇਰ ਸੀ ਤੇ ਮੈਂ ਮੋਟਰ ਵਿਚ ਹੀ ਆ ਗਿਆ। ਰਸਤੇ ਵਿਚ ਇਕ ਐਕਸੀਡੈਂਟ ਹੋ ਗਿਆ। ਲਾਰੀ ਇਕ ਦਰਖ਼ਤ ਨਾਲ ਟਕਰਾ ਗਈ ਸੀ ਤੇ ਕਈਆਂ ਨੂੰ ਸੱਟਾਂ ਲਗੀਆਂ। ਮੈਨੂੰ ਭਾਵੇਂ ਕੋਈ ਬਹੁਤੀ ਸੱਟ ਨਹੀਂ ਲਗੀ, ਪਰ ਹਾਦਸੇ ਨੂੰ ਵੇਖ ਕੇ ਦਿਲ ਦੀ ਘਬਰਾਹਟ ਕਾਫ਼ੀ ਵਧ ਗਈ ਹੈ।”

ਗੁਪਤੇਸ੍ਵਰ ਨੇ ਘਬਰਾ ਕੇ ਕਿਹਾ,”ਤਾਂ ਚਲੇ ਅੰਦਰ ਚਲ ਕੇ ਆਰਾਮ ਕਰੋ, ਮੈਂ ਨੌਕਰ ਨੂੰ ਕਹਿੰਦਾ ਹਾਂ, ਗਰਮ ਗਰਮ ਦੁਧ ਲਿਆਵੇ ਤੇ…।”

ਉਸ ਦੀ ਗੱਲ ਟੋਕ ਕੇ ਬਾਬੂ ਨੇ ਕਿਹਾ-“ਨਹੀਂ ਸ੍ਰੀ ਮਾਨ ਜੀ ! ਅਜੇਹੀ ਕੋਈ ਤਕਲੀਫ ਨਹੀਂ ਕਰਨੀ। ਨਾਲੇ ਮੈਂ ਰਤਾ ਸਟੇਸ਼ਨ ਤਕ ਜਾ ਰਿਹਾ ਹਾਂ। ਸਾਡੇ ਜਨਰਲ ਮੈਨੇਜਰ ਨੇ ਅੱਜ ਕਿਸੇ ਪ੍ਰਾਈਵੇਟ ਕੰਮ ਲਈ ਇਥੋਂ ਲੰਘਣਾ ਏ। ਸੋ ਮੇਰਾ ਤੇ ਕਈ ਹੋਰ ਬਾਬੂਆਂ ਦਾ ਉਥੇ ਹੋਣਾ ਜ਼ਰੂਰੀ ਹੈ। ਐਹ ਲਓ ਰੁਮਾਲ।”

ਰੁਮਾਲ ਗੁਪਤੇਸ੍ਵਰ ਨੂੰ ਫੜਾ ਕੇ ਉਹ ਬਿਨਾਂ ਹੋਰ ਕੋਈ ਗੱਲ-ਬਾਤ ਕੀਤਿਆਂ ਹੀ ਟਾਂਗੇ ਤੇ ਜਾ ਬੈਠਾ ਤੇ ਬੋਲਿਆ-

“ਮਿਸਟਰ ਤਾਰਾ ਚੰਦ ਛੇ ਸਵਾ ਛੇ ਵਜੇ ਆਵੇਗਾ। ਤੁਸੀਂ ਇਥੇ ਹੀ ਉਸ ਦੀ ਉਡੀਕ ਕਰਨੀ। ਉਹ ਮੇਰਾ ਖ਼ਿਆਲ ਹੈ 4-45 ਦੀ ਗੱਡੀ ਚੜ੍ਹਿਆ ਹੋਵੇਗਾ।”

ਟਾਂਗਾ ਸੜਕ ਦਾ ਮੋੜ ਮੁੜ ਕੇ ਅੱਖਾਂ ਤੋਂ ਓਹਲੇ ਹੋ ਗਿਆ। ਸਵਾ ਛਿਆਂ ਦੇ ਥਾਂ ਸੱਤ ਹੋ ਗਏ। ਪਰ ਤਾਰਾ ਚੰਦ ਅਜੇ ਤਕ ਨਾ ਆਇਆ। ਗੁਪਤੇਸ੍ਵਰ ਬੂਹੇ ਵਿਚ ਖੜ੍ਹਾ ਸੜਕ ਤੋਂ ਲੰਘਣ ਵਾਲੇ ਹਰ ਇਕ ਆਦਮੀ ਵਲ ਬੜੇ ਗਹੁ ਨਾਲ ਵੇਖ ਰਿਹਾ ਸੀ।

ਹਨੇਰਾ ਵਧਦਾ ਜਾਂਦਾ ਸੀ। ਇਸ ਵੇਲੇ ਗੁਪਤੇਸ਼ਵਰ ਨੇ ਡਿੱਠਾ ਇਕ ਲੰਮੇ ਕੱਦ ਦਾ ਆਦਮੀ ਆ ਕੇ ਬੂਹੇ ਅਗੇ ਖੜ੍ਹਾ ਹੋ ਗਿਆ ਤੇ ਪੁਛਣ ਲੱਗਾ- “ਬਾਬੂ ਸ਼ਾਮ ਦਾਸ ਦਾ ਇਹੇ ਘਰ ਹੈ?”

ਗੁਪਤੇਸ੍ਵਰ ਸਮਝ ਗਿਆ ਕਿ ਇਹੇ ਤਾਰਾ ਚੰਦ ਹੈ। ਉਹ ਬੋਲਿਆ- “ਆਓ ! ਤੁਹਾਡਾ ਹੀ ਨਾਮ ਮਿਸਟਰ ਤਾਰਾ ਚੰਦ ਹੈ ?”

“ਜੀ ਹਾਂ” ਕਹਿ ਕੇ ਉਹ ਦਬਾ ਦਬ ਅੰਦਰ ਲੰਘ ਆਇਆ। ਗੁਪਤੇਸ੍ਵਰ ਨੇ ਬੈਠਕ ਵਿਚ ਜਾ ਕੇ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ।

ਤਾਰਾ ਚੰਦ ਨੇ ਓਵਰ ਕੋਟ ਪਾਇਆ ਹੋਇਆ ਸੀ, ਤੇ ਸ਼ਾਇਦ ਅੱਖਾਂ ਦੁਖਦੀਆਂ ਹੋਣ ਕਰ ਕੇ ਜਾਂ ਕਿਸੇ ਹੋਰ ਕਾਰਨ, ਧੁਪ ਵਾਲੀ ਐਨਕ ਲਾਈ ਹੋਈ ਸੀ। ਸਿਰ ਤੇ ਪੱਗ ਉਸਨੇ ਬੜੇ ਬੇ-ਢੱਬੇ ਨਾਲ ਬੰਨ੍ਹੀ ਹੋਈ ਸੀ। ਓਵਰ ਕੋਟ ਦੇ ਕਾਲਰ ਚੁਕ ਕੇ ਉਸ ਨੇ ਉਤਾਂਹ ਕੀਤੇ ਹੋਏ ਸਨ, ਜਿਸ ਤੋਂ ਪਤਾ ਲਗਦਾ ਸੀ ਕਿ ਸਰਦੀ ਤੋਂ ਉਹ ਬਹੁਤ ਡਰਦਾ ਹੈ।

ਦੇਵੇ ਕਿੰਨਾ ਹੀ ਚਿਰ ਚੁਪ ਚਾਪ ਆਹਮੋ-ਸਾਹਮਣੇ ਕੁਰਸੀਆਂ ਤੇ ਬੈਠੇ ਰਹੇ। ਅਖੀਰ ਗੁਪਤੇਸ਼ਰ ਨੇ ਹੀ ਇਸ ਚੁਪ ਨੂੰ ਤੋੜਦਿਆਂ ਹੋਇਆ ਪੁੱਛਿਆ- “ਕਿਉਂ ਜੀ, ਤੁਸੀਂ ਹੀ ਤਾਰਾ ਚੰਦ ਹੋ ?”

ਉਹ ਬੋਲਿਆ ਤੇ ਨਾ, ਪਰ ਸਿਰ ਹਿਲਾ ਕੇ ਉਸ ਨੇ ‘ਹਾਂ’ ਵਿਚ ਉੱਤਰ ਦਿੱਤਾ।

ਗੁਪਤੇਸ੍ਵਰ ਨੇ ਫੇਰ ਕਿਹਾ, ”ਤੇ ਕੀ ਮੈਂ ਅਜ ਤਕ ਤੁਹਾਡੀ ਹੀ ਤਲਾਸ਼ ਵਿਚ ਭਟਕਦਾ ਰਿਹਾ ਹਾਂ ? ਦੂਜੇ ਲਫ਼ਜ਼ਾਂ ਵਿਚ ਕੀ ਤੁਹਾਡਾ ਹੀ ਲਹੂ ਪੀਣ ਲਈ ਮੈਂ ਹੁਣ ਤਕ ਜਿਉ ਰਿਹਾ ਹਾਂ?” ਕਹਿੰਦਿਆਂ ਕਹਿੰਦਿਆਂ ਗੁਪਤੇਸ਼੍ਵਰ ਦੀ ਆਵਾਜ਼ ਵਿਚ ਤੇਜ਼ੀ ਆ ਗਈ ਤੇ ਉਸ ਦੀਆਂ ਅੱਖਾਂ ਲਾਲ ਹੋ ਗਈਆਂ।

ਤਾਰਾ ਚੰਦ ਦੀ ਅਡੋਲਤਾ ਵਿਚ ਕੋਈ ਫ਼ਰਕ ਨਾ ਪਿਆ। ਉਹ ਉਸੇ ਤਰ੍ਹਾਂ ਬੈਠਾ ਗੰਭੀਰ ਭਾਵ ਨਾਲ ਬੋਲਿਆ, “ਮੈਂ ਤੁਹਾਡਾ ਮਤਲਬ ਨਹੀਂ ਸਮਝਿਆ।”

ਗੁਪਤੇਸ੍ਵਰ ਹੁਣ ਗੁੱਸੇ ਨਾਲ ਕੰਬ ਰਿਹਾ ਸੀ। ਉਸ ਦੀ ਰਗ ਰਗ ਵਿਚ ਹਿੱਸਾ ਫੁਟ ਰਹੀ ਸੀ। ਉਹ ਆਪਣੇ ਆਪ ਤੋਂ ਬਾਹਰ ਹੋ ਕੇ ਬੋਲਿਆ “”ਕੀ ਕਿਹਾ ਈ ਓਏ ਸ਼ੈਤਾਨ ? ਤੂੰ ਮੇਰਾ ਮਤਲਬ ਨਹੀਂ ਸਮਝਿਆ ?

ਠੀਕ ਏ ਤੇ ਮੈਂ ਮਤਲਬ ਸਮਝਾਣ ਲਈ ਹੀ ਤਾਂ ਤੈਨੂੰ ਇਤਨੇ ਦਿਨਾਂ ਤੋਂ ਢੂੰਡ ਰਿਹਾ ਸਾਂ।”

ਤਾਰਾ ਚੰਦ ਫਿਰ ਬੋਲਿਆ, “ਪਰ ਕੀ ਹੋਰ ਕੋਈ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਡੀ ਜਾਣ ਪਛਾਣ ਬਾਰੇ ਕੁਝ ਪਤਾ ਕਰ ਸਕਦਾ J?”

“ਕਿਉਂ ਨਹੀਂ” ਗੁਪਤੇਸ੍ਵਰ ਨੇ ਕੜਕ ਕੇ ਕਿਹਾ, “ਕੀ ਤੂੰ ਕਿਸੇ ਗੁਰਦੇਈ ਨਾਮ ਦੀ ਤੀਵੀਂ ਨੂੰ ਜਾਣਦਾ ਹੈ ?’”

“ਜਾਣਦਾ ਹਾਂ, ਪਰ ਤੁਹਾਡਾ ਉਸ ਨਾਲ ਕੀ ਰਿਸ਼ਤਾ ਹੈ ?”

“ਰਿਸ਼ਤਾ ਦਸਣ ਲਈ ਹੀ ਤਾਂ ਮੈਂ ਤੈਨੂੰ ਲਭ ਰਿਹਾ ਸਾਂ। ਹਾਂ, ਤੇ ਉਹ ਤੇਰੀ ਕੀ ਲਗਦੀ ਸੀ ?”

“ਉਹ ਮੇਰੀ ਘਰ ਵਾਲੀ ਸੀ।”

“ਤੇ ਉਹ ਹੁਣ ਕਿੱਥੇ ਹੈ ?”

ਤਾਰਾ ਚੰਦ ਨੇ ਕੋਈ ਉੱਤਰ ਨਾ ਦਿਤਾ। ਗੁਪਤੇਸ੍ਵਰ ਨੇ ਫੇਰ ਪੁਛਿਆ- “ਕੀ ਤੂੰ ਉਸ ਬਾਬਤ ਜਾਣਦਾ ਹੈ। ਕਿ ਉਹ ਜਿਊਂਦੀ ਹੈ ਜਾਂ ਮਰ ਗਈ ?”

ਉਸੇ ਤਰ੍ਹਾਂ ਅਡੋਲਤਾ ਨਾਲ ਬੈਠਿਆ ਤਾਰਾ ਚੰਦ ਨੇ ਕਿਹਾ, ”ਮੈਂ ਸੁਣਿਆ ਏ ਕਿ ਉਹ ਮਰ ਗਈ ਏ।”

“ਤੂੰ ਕਿਸ ਤੋਂ ਸੁਣਿਆ ਏ ?”
ਤਾਰਾ ਚੰਦ ਚੁਪ ਰਿਹਾ। ਗੁਪਤੇਸ੍ਵਰ ਫਿਰ ਕੜਕਿਆ,”ਨਹੀਂ, ਤੂੰ ਝੂਠਾ ਏਂ। ਤੂੰ ਸ਼ੈਤਾਨ ਏ। ਤੈਨੂੰ ਉਸ ਮੋਈ ਜਿਊਂਦੀ ਦਾ ਕੋਈ ਪਤਾ ਨਹੀਂ, ਤੇ ਤੈਨੂੰ ਉਸ ਦਾ ਪਤਾ ਕਰਨ ਦੀ ਲੋੜ ਵੀ ਨਹੀਂ ਸੀ। ਤੈਨੂੰ ਸਿਰਫ਼ ਇਤਨਾ ਹੀ ਪਤਾ ਹੈ ਕਿ ਤੂੰ ਉਸ ਨੂੰ ਮੌਤ ਦੇ ਮੂੰਹ ਵਿਚ ਛਡ ਕੇ ਘਰੋਂ ਨਿਕਲ ਗਿਆ ਸੈਂ। ਇਸ ਤੋਂ ਬਾਅਦ ਉਸ ਦੀ ਕੀ ਦੁਰਦਸ਼ਾ ਹੋਈ ? ਇਸ ਦਾ ਤੈਨੂੰ ਕੋਈ ਪਤਾ ਨਹੀਂ।” ਤਾਰਾ ਚੰਦ ਹੁਣ ਅੱਡੀ ਤੋਂ ਚੋਟੀ ਤਕ ਕੰਬ ਰਿਹਾ ਸੀ, ਉਸ ਦੇ ਮੂੰਹੋ ਕੋਈ ਗੱਲ ਨਹੀਂ ਨਿਕਲੀ।

ਗੁਪਤੇਸ੍ਵਰ ਲਈ ਇਸ ਗੁੱਸੇ ਦੀ ਹਾਲਤ ਵਿਚ ਬੈਠਣਾ ਔਖਾ ਹੈ। ਗਿਆ। ਉਹ ਤਿਲਮਿਲਾ ਕੇ ਕੁਰਸੀ ਤੋਂ ਉਠ ਖਲੋਤਾ। ਦੋਵੇਂ ਮੁੱਠਾਂ ਮੀਟਕੇ ਭੁੱਖੇ ਸ਼ੇਰ ਵਾਂਗ ਉਸ ਉਤੇ ਉਲਰਿਆ। ਉਸ ਦੀ ਗਿੱਚੀ ਨੂੰ ਪੀਡਾ ਹੱਥ ਪਾ ਕੇ। ਤੇ ਦੂਜੇ ਹੱਥ ਨਾਲ ਉਸ ਦੇ ਮੋਢੇ ਤੋਂ ਕੋਟ ਫੜ ਕੇ ਜ਼ੇਰ ਦੀ ਹਲੂਣਦਾ ਹੋਇਆ ਬੋਲਿਆ- ‘ਬਦਜਾਤ, ਮੱਕਾਰ ! ਬੋਲਦਾ ਕਿਉਂ ਨਹੀਂ ? ਕੀ ਤੇਰਾ ਖ਼ਿਆਲ ਹੈ ਕਿ ਇਸ ਤਰ੍ਹਾਂ ਪਖੰਡ ਕਰਨ ਨਾਲ ਮੈਂ ਤੈਨੂੰ ਜਿਊਂਦਾ ਛਡ ਦਿਆਂਗਾ ? ਯਾਦ ਰਖ, ਦੁਨੀਆ ਦੀ ਕੋਈ ਤਾਕਤ ਤੈਨੂੰ ਇਸ ਵੇਲੇ ਮੇਰੇ ਕੋਲੋਂ ਨਹੀਂ ਬਚਾ ਸਕਦੀ (ਦੰਦ ਕਰੀਚ ਕੇ) ਮੈਂ ਇਸ ਨੂੰ (ਫੁਰਤੀ ਨਾਲ ਕੋਟ ਦੇ ਹੇਠੋਂ ਇਕ ਤੇਜ਼ ਤੇ ਚਮਕੀਲੀ ਕਟਾਰ ਕਢ ਕੇ) ਤੇਰੀ ਛਾਤੀ ਵਿਚ ਖੋਭ ਕੇ ਤੇਰੇ ਲਹੂ ਦੀਆਂ ਚੁਲ੍ਹੀਆਂ ਪੀਵਾਂਗਾ। ਫੇਰ ਕਿਤੇ ਮੇਰੀ ਅੱਗ ਬੁਝੇਗੀ ਤੇ ਮੇਰਾ ਦਿਲ ਠੰਢਾ ਹੋਵੇਗਾ। ਭਾਵੇਂ ਮੈਂ ਇਹ ਵੀ ਜਾਣਦਾ ਹਾਂ ਕਿ ਬਾਬੂ ਸ਼ਾਮ ਦਾਸ ਵਰਗੇ ਮਹਾਂ ਪੁਰਸ਼ ਦੇ ਮਕਾਨ ਤੇ ਤੇਰੇ ਵਰਗੇ ਚੰਡਾਲ ਆਦਮੀ ਨੂੰ ਲਿਆ ਕੇ ਮੈਂ ਇਕ ਭਾਰੀ ਅਨਿਆਉਂ ਕੀਤਾ ਹੈ ਇਸ ਪਵਿੱਤਰ ਥਾਂ ਉਤੇ ਨਾ-ਪਾਕ ਲਹੂ ਡੋਲ੍ਹ ਕੇ ਮੈਂ ਹੋਰ ਵੀ ਗੁਨਾਹਗਾਰ ਬਣਾਂਗਾ, ਪਰ ਇਸ ਵੇਲੇ ਮੈਨੂੰ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਮੈਨੂੰ ਭਰੋਸਾ ਹੈ ਕਿ ਜਦ ਮੇਰੇ ਬਜ਼ੁਰਗ ਬਾਬੂ ਸ਼ਾਮ ਦਾਸ ਹੁਰਾਂ ਨੂੰ ਤੇਰੀਆਂ ਸ਼ੈਤਾਨੀ ਕਰਤੂਤਾਂ ਦਾ ਪਤਾ ਲਗੇਗਾ ਤਾਂ ਉਹ ਸਿਰਫ਼ ਇਹੋ ਹੀ ਨਹੀਂ ਕਿ ਮੇਰੀ ਇਸ ਭੁਲ ਨੂੰ ਮੁਆਫ਼ ਕਰ ਦੇਣਗੇ, ਸਗੋਂ ਮੈਨੂੰ ਸ਼ਾਬਾਸ਼ ਵੀ ਦੇਣਗੇ ਕਿ ਮੈਂ ਇਕ ਆਦਮਖ਼ੇਰ ਦੈਂਤ ਨੂੰ ਮਾਰ ਕੇ ਧਰਤੀ ਦਾ ਬੋਝ ਹੌਲਾ ਕੀਤਾ ਹੈ।”

“ਦਸ ਛੇਤੀ ਦਸ ! ਖ਼ੈਰ, ਜੇ ਤੂੰ ਕੁਝ ਨਹੀਂ ਦੱਸਣਾ ਚਾਹੁੰਦਾ ਤਾਂ ਮੈਨੂੰ ਇਸ ਦੇ ਪੁੱਛਣ ਦੀ ਲੋੜ ਵੀ ਨਹੀਂ। ਮੇਰੇ ਲਈ ਸਿਰਫ਼ ਇਤਨਾ ਹੀ ਜਾਣਨਾ ਕਾਫ਼ੀ ਹੈ ਕਿ ਤੂੰ ਮੇਰੀ ਮਾਂ ਦਾ ਕਾਤਲ ਹੈਂ— ਉਸ ਦੀ ਅਸਮਤ ਦਾ ਚੋਰ ਹੈਂ ! ਸ਼ੈਤਾਨ, ਜੇ ਮਰਨ ਤੋਂ ਪਹਿਲਾਂ ਕੋਈ ਹੋਰ ਗਲ ਕਹਿਣੀ ਚਾਹੁੰਦਾ ਹੈ ਤਾਂ ਛੇਤੀ ਬੋਲ, ਮੈਂ ਤੈਨੂੰ ਪੰਜਾਂ ਮਿੰਟਾਂ ਦੀ ਮੁਹਲਤ ਦੇਂਦਾ ਹਾਂ।”

ਤਾਰਾ ਚੰਦ ਉਸੇ ਤਰ੍ਹਾਂ ਕੰਬ ਰਿਹਾ ਸੀ, ਉਸ ਦੀਆਂ ਅੱਖਾਂ ਜ਼ਮੀਨ ਤੇ ਸਨ। ਉਪਰੋਕਤ ਗੱਲਾਂ ਦਾ ਕਈ ਵਾਰ ਗੁਪਤੇਸ਼ਰ ਦੇ ਦੁਹਰਾਉਣ ਤੇ ਵੀ ਉਸ ਨੇ ਕੋਈ ਉੱਤਰ ਨਾ ਦਿਤਾ।

ਗੁਪਤੇਸ੍ਵਰ ਨੇ ਫਿਰ ਬਿਜਲੀ ਵਾਂਗ ਕੜਕ ਕੇ ਕਿਹਾ-

“ਓ ਜ਼ਾਲਮ ! ਸੁਣ ਤੇ ਕੰਨ ਖੋਲ੍ਹ ਕੇ ਸੁਣ ! ਇਕ ਅਜਿਹਾ ਮਨੁੱਖ, ਜੋ ਇਕ ਨਿਆਸਰੀ ਅਬਲਾ ਨਾਲ ਵਿਸ਼ਵਾਸ-ਘਾਤ ਕਰਕੇ, ਉਸ ਨੂੰ ਜਾਲ ਵਿਚ ਫਸਾ ਕੇ ਉਸ ਦੀ ਇੱਜ਼ਤ ਨੂੰ ਮਿੱਟੀ ਵਿਚ ਮਿਲਾਣ ਲਗਾ। ਕੁਝ ਵੀ ਸ਼ਰਮ ਨਹੀਂ ਕਰਦਾ, ਤੇ ਫਿਰ ਪ੍ਰਸੂਤ ਦੀ ਹਾਲਤ ਵਿਚ ਉਸ ਨੂੰ ਤੇ ਉਸ ਦੀ ਮਾਸੂਮ ਬੱਚੀ ਨੂੰ ਦਰ ਦਰ ਰੁਲਣ, ਤੇ ਸਾਰੇ ਸੰਸਾਰ ਦੀਆਂ ਮੁਸੀਬਤਾਂ ਦਾ ਸ਼ਿਕਾਰ ਬਣਨ ਲਈ ਦੁਨੀਆ ਦੇ ਹਵਾਲੇ ਕਰਕੇ ਚਲਾ ਜਾਂਦਾ ਹੈ, ਤੇ ਆਖ਼ਰ ਉਸ ਵਿਚਾਰੀ ਨੂੰ ਸ਼ਰਮ ਗੁਆ ਕੇ ਕੰਜਰੀ ਬਣਨ ਲਈ ਮਜਬੂਰ ਹੋਣਾ ਪੈਂਦਾ ਹੈ, ਇਹੋ ਜਿਹੇ ਦੁਰਾਚਾਰੀ ਨੂੰ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ, ਨਾ ਹੀ ਉਸ ਨੂੰ ਜਿਉਂਦੇ ਰਹਿਣ ਦਾ ਕੋਈ ਹੱਕ ਹੈ।”

ਤਾਰਾ ਚੰਦ ਪੱਥਰ ਦਾ ਬੁਤ ਬਣਿਆ ਬੈਠਾ ਸੀ। ਗੁਪਤੇਸ੍ਵਰ ਨੇ ਫਿਰ ਪੁੱਛਿਆ- ” ਕੀ ਅਜਿਹੇ ਚੰਡਾਲ ਨੂੰ ਜਿਉਂਦਾ ਰਹਿ ਕੇ ਇਸ ਧਰਤੀ ਦਾ ਭਾਰ ਵਧਾਣ ਦਾ ਕੋਈ ਹੱਕ ਹੈ ? ਇਸ ਗੱਲ ਦਾ ਨਿਆਉਂ ਮੈਂ ਤੇਰੇ ਤੇ ਹੀ ਛਡਦਾ ਹਾਂ। ਛੇਤੀ ਦਸ, ਕੀ ਅਜਿਹੇ ਗੁਨਾਹਗਾਰ ਨੂੰ ਜਿਉਂਦਾ ਰਹਿਣਾ ਚਾਹੀਦਾ ਹੈ?”

ਉਸ ਨੇ ਸਿਰ ਹਿਲਾ ਕੇ ‘ਨਹੀਂ’ ਵਿਚ ਉੱਤਰ ਦਿਤਾ। ” ਤਾਂ ਕੀ ਤੂੰ ਮਰਨ ਲਈ ਤਿਆਰ ਹੈ ?”

“ਉਸ ਨੇ ਸਿਰ ਹਿਲਾ ਕੇ ‘ਹਾਂ’ ਵਿਚ ਉੱਤਰ ਦਿਤਾ। “ਤਾਂ ਫਿਰ ਲੈ ਤਿਆਰ ਹੋ ਜਾ” ਕਹਿ ਕੇ ਗੁਪਤੇਸ਼ਰ ਨੇ ਕਟਾਰ ਇਸ ਫੁਰਤੀ ਨਾਲ ਉਲਾਰੀ ਕਿ ਜੇ ਤਾਰਾ ਚੰਦ ਦੀ ਥਾਂ ਕੋਈ ਹੋਰ ਹੁੰਦਾ ਤਾਂ ਇਸ ਦ੍ਰਿਸ਼ ਨੂੰ ਵੇਖ ਕੇ ਹੀ ਉਸ ਦਾ ਦਿਲ ਦਹਿਲ ਜਾਂਦਾ। ਇਸ ਵੇਲੇ ਕਮਰੇ ਵਿਚ ਕਾਫ਼ੀ ਹਨੇਰਾ ਹੋ ਚੁਕਾ ਸੀ। ਇਹ ਸੋਚ ਕੇ ਕਿ ਨਿਸ਼ਾਨਾ ਖੁੰਝ ਨਾ ਜਾਵੇ, ਗੁਪਤੇਸ੍ਵਰ ਨੇ ਉਲਾਰਿਆ ਹੋਇਆ ਹੱਥ ਰੋਕ ਲਿਆ। ਝਟ ਪਟ ਬਿਜਲੀ ਦਾ ਬਟਨ ਨੱਪ ਦਿਤਾ। ਜਿਸ ਨਾਲ ਕਮਰਾ ਜਗਮਗਾ ਉਠਿਆ। ਉਸ ਨੂੰ ਇਹ ਫਿਕਰ ਸੀ ਕਿ ਤਾਰਾ ਚੰਦ ਕਿਤੇ ਬਚ ਕੇ ਨਾ ਨਿਕਲ ਜਾਏ, ਕਮਰੇ ਦਾ ਕੁੰਡਾ ਵੀ ਅੜਾ ਦਿਤਾ।

ਉਸ ਦੀ ਨਜ਼ਰ ਜਦ ਚਾਨਣ ਵਿਚ ਉਸ ਉਤੇ ਪਈ ਤਾਂ ਉਸ ਨੇ ਡਿੱਠਾ ਕਿ ਤਾਰਾ ਚੰਦ ਕੰਬਦੇ ਹੱਥਾਂ ਨਾਲ ਕੋਟ ਤੇ ਕਮੀਜ਼ ਦੇ ਬਟਨ ਖੇਲ੍ਹ ਕੇ ਆਪਣੀ ਛਾਤੀ ਨੰਗੀ ਕਰ ਰਿਹਾ ਸੀ।

ਤਾਰਾ ਚੰਦ ਦੀ ਇਸ ਨਿਰਭੈਤਾ ਨੇ, ਮਾਨੋ ਉਹ ਪਹਿਲਾਂ ਤੋਂ ਹੀ ਮਰਨ ਲਈ ਤਿਆਰ ਹੋ ਕੇ ਆਇਆ ਹੈ ਗੁਪਤੇਸ੍ਵਰ ਨੂੰ ਸਕਤੇ ਵਿਚ ਲੈ ਆਂਦਾ। ਫਿਰ ਉਸ ਨੇ ਖ਼ਿਆਲ ਕੀਤਾ, ਇਹ ਸ਼ੈਤਾਨ ਕਿਸੇ ਤਰ੍ਹਾਂ ਮੇਰਾ ਦਿਲ ਨਰਮ ਕਰਕੇ ਮੈਥੋਂ ਜਾਨ ਬਚਾਉਣ ਦਾ ਯਤਨ ਕਰ ਰਿਹਾ ਹੈ।

ਉਸ ਨੇ ਹੋਰ ਦੇਰ ਕਰਨੀ ਮੁਨਾਸਬ ਨਾ ਸਮਝੀ ਤੇ ਕਟਾਰ ਵਾਲਾ ਹੱਥ ਦੁਬਾਰਾ ਉਲਾਰ ਕੇ ਉਸ ਵਲ ਇਤਨੀ ਤੇਜ਼ੀ ਨਾਲ ਲਪਕਿਆ ਜਿਵੇਂ ਇਕੋ ਵਾਰ ਨਾਲ ਉਸ ਦਾ ਸੱਥਰ ਲਾਹ ਸੁਟੇਗਾ, ਪਰ ਉਸ ਦਾ ਹੱਥ ਅਜੇ ਉਸਦੀ ਛਾਤੀ ਤਕ ਵੀ ਨਹੀਂ ਸੀ ਪਹੁੰਚਿਆ ਕਿ ਤਾਰਾ ਚੰਦ ਦੇ ਚਿਹਰੇ ਉਤੇ ਉਸ ਦੀ ਨਜ਼ਰ ਜਾ ਪਈ।

ਗੁਪਤੇਸ਼ਰ ਦਾ ਹੱਥ ਅਗਾਂਹ ਵਧਣੋਂ ਰੁਕ ਕੇ ਪਿੱਛੇ ਹਟ ਗਿਆ ਤੇ ਉਹ ਆਪ ਅਗਾਂਹ ਵਧਿਆ। ਗਿੱਚੀ ਹਲੂਣਨ ਕਰਕੇ ਤਾਰਾ ਚੰਦ ਦੀ ਪਗ ਲੱਥ ਗਈ ਸੀ ਤੇ ਐਨਕ ਦੀ ਕਮਾਨੀ ਵੀ ਪੱਗ ਨਾਲ ਅੜ ਕੇ ਇਕ ਕੰਨ ਤੋਂ ਉਤਰ ਗਈ ਸੀ। ਗੁਪਤੇਸ਼ਰ ਨੇ ਜਦ ਉਸ ਦੇ ਸਰੀਰ ਨੂੰ ਹੱਥ ਲਾਇਆ। ਤਾਂ ਉਹ ਮੁੜ੍ਹਕੇ ਨਾਲ ਨਾੜਾ ਪਿਆ ਤੇ ਠੰਡਾ ਬਰਫ਼ ਵਰਗਾ ਹੋ ਰਿਹਾ ਸੀ।

ਗੁਪਤੇਸ੍ਵਰ ਚਾਂਗਰ ਮਾਰ ਕੇ ਪਿੱਛੇ ਹਟ ਗਿਆ। ਉਸ ਦੀਆਂ ਅੱਖਾਂ ਅਗੇ ਹਨੇਰਾ ਆ ਗਿਆ। ਦੂਜੇ ਪਲ ਉਹ ਫੇਰ ਅਗਾਂਹ ਵਧਿਆ ਤੇ ਤਾਰਾ ਚੰਦ ਦੀ ਐਨਕ ਲਾਹ ਕੇ ਉਸ ਨੇ ਚੰਗੀ ਤਰ੍ਹਾਂ ਉਸ ਦੇ ਚਿਹਰੇ ਨੂੰ ਡਿੱਠਾ। ਉਸ ਦੇ ਮੂੰਹੋਂ ਚੀਕ ਵਰਗੀ ਆਵਾਜ਼ ਨਿਕਲੀ “ਹੈਂ ? ਬਾਬੂ ਸ਼ਾਮ ਦਾਸ ਜੀ?

ਗੁਪਤੇਸ੍ਵਰ ਦੀਆਂ ਅੱਖਾਂ ਅਗੇ ਸਾਰਾ ਕਮਰਾ ਘੁੰਮ ਰਿਹਾ ਸੀ। ਉਸ ਨੂੰ ਇਹ ਸਭ ਕੁਝ ਜਾਦੂ ਦਾ ਖੇਲ੍ਹ ਜਿਹਾ ਮਾਲੂਮ ਹੋਣ ਲਗਾ। ਕਿੰਨਾ ਹੀ ਚਿਰ ਉਹ ਇਸੇ ਤਰ੍ਹਾਂ ਖਲੋਤਾ ਉਸ ਵਲ ਬਿਤਰ ਬਿਤਰ ਤਕਦਾ ਰਿਹਾ। ਇਕ ਵਾਰੀ ਫੇਰ ਉਸ ਦਾ ਕਟਾਰ ਵਾਲਾ ਹੱਥ ਉਤਾਂਹ ਉਠਿਆ, ਪਰ ਫੇਰ ਨੀਵਾਂ ਹੋ ਗਿਆ, ਤੇ ਕਟਾਰ ਉਸਦੇ ਹਥੋਂ ਭੁੰਜੇ ਡਿੱਗ ਪਈ।

ਹੁਣ ਤਾਰਾ ਚੰਦ ਦੀ ਛਾਤੀ ਨਾਲ ਗੁਪਤੇਸ਼ਰ ਲੱਗਾ ਹੋਇਆ ਸੀ- ਪਿਤਾ ਪੁਤਰੀ ਦਾ ਅਨੋਖਾ ਤੇ ਹੈਰਾਨੀ ਭਰਿਆ ਮਿਲਾਪ!

ਬਾਬੂ ਸ਼ਾਮ ਦਾਸ ਉਸ ਨੂੰ ਗਲ ਨਾਲ ਘੁਟ ਕੇ ਅਥਰੂ ਕੇਰਦਾ ਹੋਇਆ ਕਹਿ ਰਿਹਾ ਸੀ – “ਓ ਸ਼ੈਤਾਨ ਪਿਉ ਦੀ ਬਦਨਸੀਬ ਲੜਕੀ। ਸੁੰਦਰੀ । ਤੂੰ ਅਜੇ ਤੀਕ ਆਪਣੇ ਕਸਾਈ ਪਿਉ ਨੂੰ ਜਿਉਂਦਾ ਵੇਖ ਰਹੀ ਹੈ ?”

ਇਸ ਵੇਲੇ ਸ਼ਾਮ ਦਾਸ ਦੀ ਨਜ਼ਰ ਫਰਸ਼ ਤੇ ਪਈ। ਉਹ ਜ਼ਰਾ ਕੁ ਸੁਸਤਾ ਕੇ ਉਠਿਆ ਤੇ ਫਿਰ ਇਕ ਜ਼ੋਰ ਦਾ ਹੰਭਲਾ ਮਾਰਿਆ। ਦੂਜੇ ਪਲ ਉਹੀ ਕਟਾਰ ਉਸ ਦੇ ਹੱਥ ਵਿਚ ਸੀ।

ਸ਼ਾਮ ਦਾਸ ਨੇ ਆਪਣੀ ਛਾਤੀ ਉਤੇ ਕਟਾਰ ਦੀ ਸੇਧ ਕਰ ਕੇ ਹੱਥ ਪਿਛਾਂਹ ਹਟਾਇਆ। ਕਰੀਬ ਸੀ ਕਿ ਕਟਾਰ ਛਾਤੀ ਨੂੰ ਚੀਰ ਕੇ ਰੀੜ੍ਹ ਦੀ ਹੱਡੀ ਨਾਲ ਜਾ ਟਕਰਾਂਦੀ, ਕਿ ਝਟ ਹੀ ਗੁਪਤੇਸ੍ਵਰ ਨੇ ਦੋਹਾਂ ਹੱਥਾਂ ਦੇ ਪੂਰੇ ਜ਼ੋਰ ਨਾਲ ਉਸ ਦੀ ਵੀਣੀ ਫੜ ਲਈ।

ਇਸ ਤੋਂ ਪਹਿਲਾਂ ਕਿ ਕਟਾਰ ਦੀ ਨੋਕ ਸ਼ਾਮ ਦਾਸ ਦੇ ਸੀਨੇ ਨੂੰ ਛੁੰਹਦੀ, ਉਸ ਦੇ ਹੱਥਾਂ ਵਿਚ ਇਸ ਤਰ੍ਹਾਂ ਥਰਥਰਾਹਟ ਹੋਣ ਲਗ ਪਈ। ਜੀਕਣ ਹਵਾ ਵਿਚ ਦੀਵਾ ਕੰਬਦਾ ਹੈ। ਇਸ ਦੇ ਨਾਲ ਹੀ ਉਸ ਨੂੰ ਇਕ ਪਿਆਰ ਭਰੀ ਆਵਾਜ਼ ਆਈ “ਪਿਤਾ ਜੀ ! ਬਸ ਇਹ ਕੰਮ ਨਾ ਕਰਨਾ। ਜੋ ਹੋਣਾ ਸੀ ਹੋ ਚੁੱਕਾ।”

ਸ਼ਾਮ ਦਾਸ ਉਸ ਨੂੰ ਕਹਿ ਰਿਹਾ ਸੀ- “ਮੇਰੀ ਬੱਚੀ ! ਮੈਨੂੰ ਬਖ਼ਸ਼ ਲੈ! ਸੁੰਦਰੀ ! ਇਸ ਦੁਸ਼ਟ ਪਿਉ ਨੂੰ ਬਖ਼ਸ਼ ਲੈ, ਪਰ ਜਿਉਂਦਾ ਰਖ ਕੇ ਨਹੀਂ, ਮਾਰ ਕੇ। ਮੇਰੀ ਬੇਟੀ, ਹੁਣ ਮੇਰਾ ਜਿਉਣਾ, ਤੇ ਫਿਰ ਤੇਰੇ ਸਾਹਮਣੇ ਜਿਉਣਾ, ਹਜ਼ਾਰ ਵਾਰੀ ਮਰਨ ਨਾਲੋਂ ਬਦਤਰ ਹੈ। ਇਸ ਕਰਕੇ ਮੈਂ ਹੁਲੀਆ ਵਟਾ ਕੇ ਤੇਰੇ ਸਾਹਮਣੇ ਮੌਜੂਦ ਹੋਇਆ ਸਾਂ ਜੁ ਤੇਰੇ ਕੰਮ ਵਿਚ ਰੁਕਾਵਟ ਨਾ ਪਵੇ। ਸੁੰਦਰੀ ! ਛੇਤੀ ਕਰ ਤੇ ਇਸ ਹਾਲਤ ਵਿਚ ਮੈਨੂੰ ਜਿਉਂਦਾ ਰਖ ਕੇ ਮੇਰੇ ਪਾਪਾਂ ਦੀ ਪੰਡ ਨੂੰ ਹੋਰ ਭਾਰੀ ਨਾ ਕਰ। ਨਾਲੇ ਆਪਣਾ ਫ਼ਰਜ਼ ਪੂਰਾ ਕਰ, ਹਾਂ ਉਸ ਬਦਨਸੀਬ ਮਾਂ ਦੇ ਹੁਕਮ ਦੀ ਪਾਲਣਾ ਕਰ, ਨਹੀਂ ਤਾਂ ਉਸ ਦੀ ਰੂਹ ਸਦਾ ਲਈ ਕਲਪਦੀ ਰਹੇਗੀ, ਜਿਸ ਦਾ ਪਾਪ ਤੇਰੀ ਗਰਦਨ ਤੇ ਹੋਵੇਗਾ।”

ਸੁੰਦਰੀ ਨੇ (ਗੁਪਤੇਸ਼ਰ ਨੇ ਨਹੀਂ- ਸੁੰਦਰੀ ਨੇ) ਉਸ ਨੂੰ ਬੜੇ ਪਿਆਰ ਨਾਲ ਉਠਾਇਆ ਤੇ ਮੰਜੇ ਤੇ ਬਿਠਾਂਦੀ ਹੋਈ ਉਸ ਦੇ ਗਲੇ ਵਿਚ ਬਾਹਾਂ ਪਾ ਕੇ ਬੋਲੀ- “ਪਿਤਾ ਜੀ ! ਮੇਰਾ ਫ਼ਰਜ਼ ਪੂਰਾ ਹੋ ਗਿਆ। ਮਾਂ ਨੇ ਜਿਸ ਨੂੰ ਮਾਰਨ ਦਾ ਕੰਮ ਮੇਰੇ ਸਪੁਰਦ ਕੀਤਾ ਸੀ, ਉਹ ਮੇਰੇ ਮਾਰਨ ਤੋਂ ਪਹਿਲਾਂ ਹੀ ਮਰ ਚੁੱਕਾ ਹੈ। ਉਸ ਦੀਆਂ ਬੁਰੀਆਂ ਆਦਤਾਂ ਤੇ ਉਸ ਦੇ ਪਾਪ ਸਭ ਇਕ ਇਕ ਕਰ ਕੇ ਮਰ ਚੁਕੇ ਨੇ, ਹੁਣ ਉਹ ਕਿਸੇ ਹੋਰ ਜੀਵਨ ਵਿਚ ਹੈ, ਜਿਸ ਨੂੰ ਮਹਾਂਪੁਰਖਾਂ ਦਾ ਜੀਵਨ ਕਹਿੰਦੇ ਨੇ।”

ਬਾਬੂ ਸ਼ਾਮਦਾਸ ਇਸ ਵੇਲੇ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਸਿਸਕ ਰਿਹਾ ਸੀ। ਸੁੰਦਰੀ ਉਸ ਦੇ ਪਾਸ ਬੈਠ ਗਈ ਤੇ ਪਿਆਰ ਨਾਲ ਆਪਣਾ ਹੱਥ ਉਸ ਦੇ ਮੱਥੇ ਤੇ ਫੇਰਦੀ ਹੋਈ ਬੇਲੀ- “ਪਿਤਾ ਜੀ ! ਤੁਸੀਂ ਜੀਓ ਤੇ ਜੁਗ ਜੁਗ ਜੀਓ ! ਤੁਹਾਡੀ ਅਜੇ ਮੈਨੂੰ ਬੜੀ ਲੋੜ ਹੈ।” ਬਾਬੂ ਦੇ ਮੂੰਹੋਂ ਕੋਈ ਗਲ ਨਹੀਂ ਸੀ ਨਿਕਲਦੀ। ਸੁੰਦਰੀ ਫਿਰ ਬੋਲੀ- “ਪਿਤਾ ਜੀ ! ਉਠੇ ਮੈਨੂੰ ਪਿਆਰ ਕਰੋ ! ਮੈਂ ਤੁਹਾਡੀ ਸੁੰਦਰੀ ਹਾਂ ! ਆਹ !

ਮੇਰੇ ਬਾਪੂ ! ਮੈਨੂੰ ਰਜ ਕੇ ਪਿਆਰ ਕਰੋ।” ਬਾਬੂ ਦੇ ਧੀਰਜ ਦਾ ਬੰਨ੍ਹ ਰੁੜ੍ਹ ਗਿਆ। ਉਸ ਨੇ ਰੋਂਦਿਆਂ ਰੋਂਦਿਆਂ ਸੁੰਦਰੀ ਦਾ ਮੱਥਾ ਚੁੰਮਿਆ, ਪਰ ਉਸ ਦੇ ਮੂੰਹੋਂ ਗੱਲ ਨਹੀਂ ਸੀ ਨਿਕਲਦੀ।

ਇਸ ਤੋਂ ਚੋਖਾ ਚਿਰ ਬਾਅਦ ਤਕ ਦੋਵੇਂ ਇਕ ਦੂਜੇ ਵਲ ਤਕਦੇ ਰਹੇ ਮਾਨੋਂ ਉਨ੍ਹਾਂ ਦੇ ਸਾਰੇ ਅੰਗ,, ਅੱਖਾਂ ਦਾ ਹੀ ਕੰਮ ਕਰ ਰਹੇ ਸਨ। ਸੁੰਦਰੀ ਬੋਲੀ- “ਬਾਊ ਜੀ ! ਤੁਸਾਂ ਮੈਨੂੰ ਪਹਿਲਾਂ ਹੀ ਪਛਾਣ ਲਿਆ ਸੀ ?”

ਬਾਬੂ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ, “ਪੁੱਤਰ ! ਪੂਰੀ ਤਰ੍ਹਾਂ ਤਾਂ ਨਹੀਂ, ਪਰ ਸ਼ੱਕ ਜਿਹਾ ਪੈ ਗਿਆ ਸੀ। ਪਰ ਜਦ ਤੂੰ ਰੁਮਾਲ ਦੀ ਮੰਗ ਕੀਤੀ, ਤਾਂ ਮੇਰਾ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ ਸੀ। ਤੇ ਇਸ ਤੋਂ ਬਾਅਦ ਜਦ ਤੂੰ ਮੇਰਾ ਹੀ ਪਤਾ ਟਿਕਾਣਾ ਪੁੱਛਿਆ, ਉਸ ਵੇਲੇ ਮੈਂ ਤੇਰੀਆਂ ਅੱਖਾਂ ਵਲ ਤਕਿਆ ਤਾਂ ਮੈਨੂੰ ਨਿਸ਼ਚਾ ਹੋ ਗਿਆ ਕਿ ਉਹ ਗੁਪਤੇਸ੍ਵਰ ਹੀ ਸੁੰਦਰੀ ਹੈ ! ਰਹਿੰਦਾ ਖੂੰਹਦਾ ਮਾਮਲਾ ਉਦੋਂ ਸਾਫ਼ ਹੋ ਗਿਆ, ਜਦ ਮੈਂ ਉਹ ਰੁਮਾਲ ਵੇਖਿਆ।”

ਸੁੰਦਰੀ ਨੂੰ ਖ਼ਿਆਲ ਆਇਆ ਕਿ ਬਚਨ ਸਿੰਘ ਦੇ ਫ਼ਾਂਸੀ ਲੱਗਣ ਤੋਂ ਬਾਅਦ ਉਸ ਨੇ ਰੁਮਾਲ ਦੀ ਨੁੱਕਰ ਤੇ ਇਹ ਅੱਖਰ ਸੂਈ ਧਾਗੇ ਨਾਲ ਕੱਢੇ ਹੋਏ ਸਨ, “ਬਦਨਸੀਬ ਸੁੰਦਰੀ ਦੇ ਗੁਆਚੇ ਤਾਜ ਦੀ ਆਖ਼ਰੀ ਨਿਸ਼ਾਨੀ।”

ਆਪਣੀ ਗੱਲ ਨੂੰ ਜਾਰੀ ਰਖਦਾ ਹੋਇਆ ਬਾਬੂ ਸ਼ਾਮ ਦਾਸ ਫੇਰ ਬੋਲਿਆ-ਪੁਤਰੀ ! ਅਸਲ ਵਿਚ ਤਾਂ ਇਸ ਪਛਾਣ ਦਾ ਮੁੱਢ ਇਕ ਤਰ੍ਹਾਂ ਨਾਲ ਉਸ ਵੇਲੇ ਹੀ ਬੱਝਾ ਸੀ, ਜਦ ਮੈਂ ਤੈਨੂੰ ਸਟੇਸ਼ਨ ਤੇ ਗ੍ਰਿਫ਼ਤਾਰ ਕੀਤਾ ਸੀ। ਤੇਰੀਆਂ ਅੱਖਾਂ ਵਲ ਨਜ਼ਰ ਪੈਂਦਿਆਂ ਹੀ ਤੇਰੀ ਮਾਂ (ਗੁਰਦੇਈ) ਦੀ ਤਸਵੀਰ ਮੇਰੇ ਸਾਹਮਣੇ ਆ ਗਈ ਸੀ। ਉਸਦੀਆਂ ਅੱਖਾਂ ਬਿਲਕੁਲ ਤੇਰੇ ਵਰਗੀਆਂ ਸਨ। ਦੂਜੇ ਲਫਜ਼ਾਂ ਵਿਚ ਕੱਲ੍ਹ ਅਠਾਰਾਂ ਉੱਨੀ ਵਰ੍ਹਿਆਂ ਬਾਅਦ ਤੇਰੀ ਮਾਂ ਨੂੰ ਤੇਰੀਆਂ ਹੀ ਅੱਖਾਂ ਵਿਚੋਂ ਵੇਖਿਆ ਸੀ, ਪਰ ਸੁਭਾਵਿਕ ਹੀ ਕਈ ਲੋਕਾਂ ਦਾ ਚਿਹਰਾ ਇਕ ਦੂਜੇ ਨਾਲ ਮਿਲ ਜਾਂਦਾ ਹੈ, ਮੈਂ ਇਸ ਗੱਲ ਵਲ ਖ਼ਾਸ ਗਹੁ ਨਾ ਕੀਤੀ।”

“ਪੁਤਰੀ । ਤੇਰੀ ਸਾਰੀ ਜੀਵਨ-ਕਥਾ ਵਿਚ ਮੈਂ ਇਸ ਰੁਮਾਲ ਦਾ ਜ਼ਿਕਰ ਕਿਤੇ ਨਹੀਂ ਸੁਣਿਆ।” ਸੁੰਦਰੀ ਨੇ ਅੱਖਾਂ ਨੀਵੀਆਂ ਕਰ ਕੇ ਕਿਹਾ- “ਪਿਤਾ ਜੀ ! ਕਿਤਾਬ ਵਿਚ ਤੁਸਾਂ ਸੁਣਿਆ ਨਹੀਂ ਸੀ, ਜਦੋਂ ਬਾਬੇ ਰੋਡ ਦੀ ਕੁੱਲੀ ਵਿਚ ਮੈਂ ਰਹਿੰਦੀ ਸਾਂ, ਤੇ ਉਹ ਇਕ ਦਿਨ ਆਏ ਸਨ। ਜਿੱਦਣ ਸਾਡੀ ਬਾਂਦਰੀ ਗੁਆਚੀ ਸੀ। ਮੈਂ ਜਦ ਰੋਈ ਸਾਂ ਤਾਂ ਉਹਨਾਂ ਰੁਮਾਲ ਕੱਢ ਕੇ ਮੇਰੀਆਂ ਅੱਖਾਂ ਪੂੰਝੀਆਂ ਸਨ। ਇਹ ਉਹੀ ਰੁਮਾਲ ਹੈ, ਜਿਹੜਾ ਉਸ ਤੋਂ ਬਾਅਦ ਮੇਰੇ ਹੀ ਪਾਸ ਰਿਹਾ। ਬਸ ਇਹ ਇਕ ਉਨ੍ਹਾਂ ਦੀ ” ਕਹਿੰਦਿਆਂ ਕਹਿੰਦਿਆਂ ਸੁੰਦਰੀ ਦੀਆਂ ਅੱਖਾਂ ਛਲਕ ਪਈਆਂ ਤੇ ਉਸ ਦਾ ਗਲਾ ਭਰ ਆਇਆ। ਬਾਬੂ ਨੇ ਠੰਡਾ ਸਾਹ ਭਰ ਕੇ ਫਿਰ ਪੁੱਛਿਆ- “ਪਰ ਪੁੱਤਰੀ ! ਤੂੰ ਤਾਂ ਇਸ ਵਿਚ ਲਿਖਿਆ ਹੈ ਕਿ ਸੁੰਦਰੀ ਦਰਿਆ ਵਿਚ ਛਾਲ ਮਾਰ ਕੇ ਡੁਬ ਗਈ ਸੀ।”

“ਮੈਂ ਠੀਕ ਡੁਬ ਗਈ ਸਾਂ, ਪਰ ਮੋਈ ਨਹੀਂ ਸਾਂ। ਮੈਨੂੰ ਇਕ ਬੁੱਦੇ ਮਲਾਹ ਨੇ ਰੁੜ੍ਹੀ ਜਾਂਦੀ ਨੂੰ ਕੱਢ ਕੇ ਬਚਾ ਲਿਆ ਸੀ। ਉਹ ਬੜਾ ਨੇਰੇ ਬੰਦਾ ਸੀ। ਉਸ ਨੂੰ ਮੈਂ ਹੁਣ ਵੀ ਰੋਜ਼ ਕਈ ਵਾਰੀ ਯਾਦ ਕਰਦੀ ਹਾਂ ਨਾ ‘ਤੇ ਪੁਤਰ ਤੂੰ ਫਿਰ ਅੰਮ੍ਰਿਤਸਰ ਆ ਗਈ ?”

“”ਜੀ ਹਾਂ!”

“ਤੇ ਆਪਣਾ ਭੇਸ ਕਿਉਂ ਵਟਾ ਲਿਆ ?”

“ਇਹਦੇ ਕਈ ਕਾਰਨ ਸਨ। ਇਕ ਤਾਂ ਪੁਲਿਸ ਦੇ ਡਰ ਕਰਕੇ– ਕਿਉਂਕਿ ਮੈਂ ਤਿੰਨ ਖੂਨ ਕੀਤੇ ਸਨ, ਦੂਜੇ ਉਹਨਾਂ ਦਾ ਹੁਕਮ ਸੀ ਮਾਈ ਦੀ ਪਰਵਰਿਸ਼ ਦਾ। ਸੋ ਉਸ ਲਈ ਕੁਝ ਪੈਸੇ ਸਾਹਿਤ ਲਿਖਕੇ ਕਮਾਣੇ ਚਾਹੁੰਦੀ ਸਾਂ। ਤੀਜੇ ਮੈਂ ਇਹ ਵੀ ਚਾਹੁੰਦੀ ਸਾਂ, ਕਿ ਹੋਰ ਕਿਤਾਬਾਂ ਤੋਂ ਛੁਟ ਆਪਣੀ ਹੱਡ ਬੀਤੀ, ਤੇ ਨਾਲ ਹੀ ਆਪਣੇ ਸਮਾਜ ਦੇ ‘ਚਿੱਟੇ ਲਹੂ’ ਦੀ ਤਸਵੀਰ ਵੀ ਇਕ ਕਿਤਾਬ ਦੀ ਸ਼ਕਲ ਵਿਚ ਤਿਆਰ ਕਰਾਂ, ਜਿਸ ਤੋਂ ਦੁਨੀਆ ਨੂੰ ਕੁਝ ਲਾਭ ਪਹੁੰਚੇ, ਤੇ ਚੌਥਾ ਕੰਮ ਸੀ, ਤੁਹਾਨੂੰ ” ਕਹਿੰਦੀ ਕਹਿੰਦੀ ਉਹ ਰੁਕ ਗਈ ਅਤੇ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ।

ਬਾਬੂ ਨੇ ਉਹਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਫਿਰ ਕਿਹਾ- ”ਤੇ ਬੇਟੀ ! ਹੁਣ ਤਾਂ ਤੇਰੇ ਸਾਰੇ ਕੰਮ ਪੂਰੇ ਹੋ ਗਏ।”

ਕੁਝ ਚਿਰ ਚੁਪ ਰਹਿਣ ਤੋਂ ਬਾਅਦ ਸੁੰਦਰੀ ਬੋਲੀ- ‘ਜੀ ਹਾਂ ਸਭ ਕੰਮਾਂ ਤੋਂ ਹੁਣ ਮੈਂ ਸੁਰਖ਼ਰੂ ਹਾਂ।”

“ਤਾਂ ਹੁਣ ਤੂੰ ਸਦਾ ਲਈ ਮੇਰੀਆਂ ਅੱਖਾਂ ਦੇ ਸਾਹਮਣੇ ਰਹੇਂਗੀ ?”

“ਹਾਂ ਪਿਤਾ ਜੀ ਜਦ ਤਕ ਜੀਵਾਂਗੀ ਤੁਹਾਡੇ ਪਾਸ ਹੀ ਰਹਾਂਗੀ ?” ਬਾਬੂ ਨੇ ਪ੍ਰੇਮ ਬਿਹਬਲ ਹੋ ਕੇ ਕਿਹਾ- ”ਮੈਂ ਆਪਣੀ ਬੱਚੀ ਲਈ ਹੁਣੇ ਜਾ ਕੇ ਕਪੜੇ ਸੁਆ ਲਿਆਵਾਂਗਾ ਤੇ ਤੂੰ ਆਪਣਾ ਹੁਲੀਆ ਬਦਲ ਲਈ !”

“ਆਹੋ ਪਿਤਾ ਜੀ, ਮੈਂ ਕਲ੍ਹ ਆਪਣਾ ਹੁਲੀਆ ਜ਼ਰੂਰ ਬਦਲ ਲਵਾਂਗੀ ਤੇ ਆਪਣੇ ਅਸਲੀ ਰੰਗ ਰੂਪ ਵਿਚ ਹੋਵਾਂਗੀ।”

“ਤੈਨੂੰ ਉਸ ਰੂਪ ਵਿਚ ਵੇਖ ਕੇ ਮੈਂ ਕਿਡਾ ਖ਼ੁਸ਼ ਹੋਵਾਂਗਾ।”

“ਪਿਤਾ ਜੀ ! ਤੁਹਾਨੂੰ ਜ਼ਰੂਰ ਖੁਸ਼ ਹੋਣਾ ਚਾਹੀਦਾ ਏ। ਜੇ ਤੁਹਾਡਾ ਦਿਲ ਖ਼ੁਸ਼ ਹੋਣ ਨੂੰ ਨਾ ਕਰੇ ਤਾਂ ਵੀ ਹੋਣਾ। ਇਕ ਮੇਰੀ ਕਾਮਯਾਬੀ ਦੀ ਖ਼ੁਸ਼ੀ ਵਿਚ ਤੇ ਦੂਜਾ ਮੇਰੇ ਅਸਲੀ ਰੂਪ ਵਿਚ ਪ੍ਰਗਟ ਹੋਣ ਦੀ ਖ਼ੁਸ਼ੀ ਵਿਚ।”

“ਵਾਹ ! ਮੇਰੀ ਭੋਲੀ ਬੱਚੀ ! ਮੇਰਾ ਦਿਲ ਕਿਉਂ ਨਾ ਖੁਸ਼ ਹੋਵੇਗਾ

ਇਹ ਵੀ ਕੋਈ ਗੱਲ ਹੈ ?”

“ਵਾਹਿਗੁਰੂ ਕਰੇ ਐਸਾ ਹੀ ਹੋਵੇ।”

“ਹਾਂ ਤੇ ਪੁੱਤਰ, ਅਧੂਰੇ ਕਾਂਡ ਦਾ ਬਾਕੀ ਹਿੱਸਾ ?

“ਉਹ ਭਲਕੇ ਵੱਡੇ ਵੇਲੇ ਤੁਹਾਡੇ ਸਾਹਮਣੇ ਹੋਵੇਗਾ।”

ਫਿਰ ਕੁਝ ਚਿਰ ਠਹਿਰ ਕੇ ਸੁੰਦਰੀ ਬੇਲੀ- “ਪਿਤਾ ਜੀ ! ਪਰ ਤੁਸਾਂ ਤੇ ਆਪਣਾ ਹਾਲ ਕੁਝ ਵੀ ਨਹੀਂ ਦਸਿਆ।”

“ਪੁੱਤਰੀ ! ਮੇਰੇ ਹਾਲਾਤ ਐਸੇ ਪਾਪ-ਮਈ ਤੇ ਦੁਰਾਚਾਰ-ਪੂਰਨ ਹਨ ਕਿ ਤੇਰੇ ਸਾਹਮਣੇ ਉਹ ਮੇਰੀ ਜ਼ਬਾਨ ਤੇ ਨਹੀਂ ਆ ਸਕਦੇ, ਸ਼ੁਕਰ ਹੈ ਕਿ ਮੈਂ ਤੈਨੂੰ ਦੱਸ ਨਹੀਂ ਬੈਠਾ। ਸਿਰਫ਼ ਇਤਨਾ ਹੀ ਦਸਦਾ ਹਾਂ ਕਿ ਜਦ ਮੈਂ ਤੇਰੀ ਮਾਂ ਨੂੰ ਮੌਤ ਦੇ ਮੂੰਹ ਵਿਚ ਛਡਕੇ ਤੇ ਸਭ ਕੁਝ ਸਮੇਟ ਕੇ ਨੱਸ ਆਇਆ ਸਾਂ, ਤਾਂ ਕੁਝ ਚਿਰ ਟੱਕਰਾਂ ਮਾਰਨ ਤੋਂ ਬਾਅਦ ਮੈਨੂੰ ਇਥੇ ਰੇਲਵੇ ਵਿਚ ਨੌਕਰੀ ਮਿਲ ਗਈ। ਉਹ ਵੀ ਸਬੱਬ ਹੀ ਬਣ ਗਿਆ ਕਿ ਰੇਲਵੇ ਮੁਲਾਜ਼ਮਾਂ ਦੀਆਂ ਉਹਨੀਂ ਦਿਨੀਂ ਹੜਤਾਲਾਂ ਹੋ ਰਹੀਆਂ ਸਨ ਤੇ ਡਾਕ ਤੋਂ ਛੁੱਟ ਸਭ ਟਰੇਨਾਂ ਬੰਦ ਸਨ। ਅਖ਼ੀਰ ਰੇਲਵੇ ਨੇ ਕੰਮ ਚਲਾਉਣ ਲਈ ਨਵੀਂ ਭਰਤੀ ਸ਼ੁਰੂ ਕੀਤੀ ਤੇ ਮੈਨੂੰ ਇਸ ਤਰ੍ਹਾਂ ਸੀਟ ਮਿਲ ਗਈ। ਤੇ ਨਾਉਂ ਆਪਣਾ ਮੈਂ ਇਸ ਕਰਕੇ ਵਟਾ ਲਿਆ ਸੀ ਕਿ ਮੇਰੀ ਪਿਛਲੀ ਜ਼ਿੰਦਗੀ ਅਜਿਹੀ ਖ਼ਤਰਨਾਕ ਸੀ, ਜਿਸ ਤੋਂ ਮੈਨੂੰ ਕਈ ਤਰ੍ਹਾਂ ਦੇ ਖ਼ਤਰੇ ਭਾਸ ਰਹੇ ਸਨ। ਇਹ ਵੀ ਡਰ ਸੀ ਕਿ ਪਿਛਲੀਆਂ ਜਾਅਲਸਾਜ਼ੀਆਂ ਤੇ ਕੁਕਰਮਾਂ ਕਰ ਕੇ ਅਜਿਹਾ ਨਾ ਹੋਵੇ ਜੋ ਕਦੇ ਮੈਨੂੰ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਹੋਣਾ।

ਇਸ ਤੋਂ ਬਾਅਦ ਸ਼ਾਮ ਦਾਸ ਨੇ ਬਾਜ਼ਾਰੋਂ ਜਾ ਕੇ ਉਸ ਲਈ ਕਪੜੇ ਲੈ ਆਂਦੇ। ਦੋਵੇਂ ਚੋਖੀ ਰਾਤ ਗਈ ਤਕ ਦੁਖ ਸੁਖ ਦੀਆਂ ਗੱਲਾਂ ਕਰਦੇ ਹੋਏ ਸੌਂ ਗਏ।

ਵੱਡੇ ਵੇਲੇ ਜਦ ਸ਼ਾਮ ਦਾਸ ਸੁੰਦਰੀ ਦੇ ਕਮਰੇ ਵਿਚ ਗਿਆ,ਤਾਂ ਉਸ ਨੇ ਵੇਖਿਆ ਕਿ ਹੁਣ ਜ਼ਨਾਨੇ ਪਹਿਰਾਵੇ ਵਿਚ ਸੁੰਦਰੀ ਲੰਮੀਆਂ ਤਾਣੀ ਉੱਤੀ ਹੋਈ ਸੀ। ਉਸ ਨੇ ਆਵਾਜ਼ਾਂ ਦਿੱਤੀਆਂ, ਫਿਰ ਹਲੂਣੇ ਦਿਤੇ, ਪਰ ਉਹ ਨਾ ਬੋਲੀ ਤੇ ਨਾ ਹੀ ਹਿੱਲੀ ਜੂਲੀ। ਉਸ ਨੇ ਜਦ ਉਸ ਦੇ ਮੂੰਹ ਤੋਂ ਕੱਪੜਾ ਲਾਹਿਆ ਤਾਂ ਮੱਥਾ ਫੜ ਕੇ ਬੈਠ ਗਿਆ। ਸੁੰਦਰੀ ਸਦਾ ਦੀ ਨੀਂਦਰ ਸੋ ਚੁੱਕੀ ਸੀ। ਉਸ ਦੇ ਚਿਹਰੇ ਉਤੇ ਕੋਈ ਸ੍ਵਰਗੀ ਕਿਰਨ ਖੇਡ ਰਹੀ ਸੀ ਤੇ ਬੁਲ੍ਹਾਂ ਉਤੇ ਸਫ਼ਲਤਾ ਦੀ ਮੁਸਕਰਾਹਟ। ਕਲ੍ਹ ਵਾਲਾ ਰੁਮਾਲ ਉਸਦੀ ਛਾਤੀ ਤੇ ਸੀ, ਜਿਸ ਨੂੰ ਉਸ ਦੇ ਦੋਹਾਂ ਹੱਥਾਂ ਨੇ ਕੁਝ ਅਜਿਹੇ ਢੰਗ ਨਾਲ ਘੁਟਿਆ ਹੋਇਆ ਸੀ, ਜੀਕਣ ਲੰਮੇ ਵਿਛੋੜੇ ਵੇਲੇ ਕੋਈ ਆਪਣੇ ਪ੍ਰਾਣ ਪਿਆਰੇ ਸੱਜਣ ਦਾ ਹੱਥ ਘੁੱਟਦਾ ਹੈ। ਕਿਉਂਕਿ ਰੁਮਾਲ ਦਾ ਰੰਗ ਗੂੜਾ ਲਾਲ ਸੀ, ਇਸ ਕਰਕੇ ਬਾਬੂ ਸ਼ਾਮ ਦਾਸ ਝਟ ਪਟ ਸਮਝ ਨਾ ਸਕਿਆ। ਕਿ ਕੋਈ ਹੋਰ ਚੀਜ਼ ਇਸ ਰੰਗ ਨੂੰ ਹੋਰ ਵੀ ਗੂੜ੍ਹਾ ਕਰ ਰਹੀ ਹੈ। ਰੁਮਾਲ ਦੇ ਹੇਠ ਉਸ ਨੂੰ ਉਸੇ ਕਲ੍ਹ ਵਾਲੀ ਕਟਾਰ ਦਾ ਦਸਤਾ ਨਜ਼ਰ ਪਿਆ। ਜਿਦ੍ਹਾ ਸਾਰਾ ਫਲ ਸੁੰਦਰੀ ਦੀ ਛਾਤੀ ਵਿਚ ਖੁਭਿਆ ਹੋਇਆ ਸੀ।

ਬਾਬੂ ਦੇ ਕਲੇਜੇ ‘ਚੋਂ ਹੂਕ ਨਿਕਲ ਗਈ ਤੇ ਉਹ ਢਾਹੀਂ ਮਾਰਨ ਲੱਗ ਪਿਆ। ਇਸੇ ਵੇਲੇ ਉਸ ਦੀ ਨਜ਼ਰ ਤਰਪਾਈ ਉਤੇ ਪਏ ਹੋਏ ਕੁਝ ਕਾਗ਼ਜ਼ਾਂ ਉਤੇ ਪਈ, ਇਹ ਸੁੰਦਰੀ ਦੀ ਅੰਤਮ ਚਿੱਠੀ ਸੀ, ਜੋ ਇਸ ਤਰ੍ਹਾਂ ਸੀ

“ਮੇਰੇ ਮਾਨ ਯੋਗ ਪਿਤਾ ਜੀ ਮੈਨੂੰ ਪਤਾ ਹੈ ਕਿ ਤੁਸੀਂ ਬੜੇ ਧੀਰਜ ਤੇ ਹੌਸਲੇ ਵਾਲੇ ਹੋ ਤੇ ਨਾਲੇ ਆਤਮਕ ਗਿਆਨ ਵੀ ਰਖਦੇ ਹੋ। ਮੈਂ ਇਤਨੀ ਛੇਤੀ ਤੁਹਾਥੋਂ ਵਿਛੜ ਰਹੀ ਹਾਂ, ਇਸ ਦਾ ਦੁਖ ਤੁਹਾਨੂੰ ਥੋੜ੍ਹਾ ਜਿਹਾ ਨਹੀਂ ਹੋਵੇਗਾ, ਪਰ ਪਿਤਾ ਜੀ ! ਜੇ ਇਸ ਸੰਬੰਧੀ ਮੇਰੀ ਹਾਲਤ ਦਾ ਅਨੁਮਾਨ ਲਾਉਗੇ। ਤਾਂ ਜ਼ਰੂਰ ਤੁਹਾਡੇ ਦਿਲ ਨੂੰ ਸ਼ਾਂਤੀ ਆ ਜਾਵੇਗੀ।

ਤੁਹਾਨੂੰ ਪਤਾ ਹੈ, ਆਪਣੇ ਜੀਵਨ-ਆਧਾਰ ਤੋਂ ਬਿਨਾਂ ਮੈਂ ਇਹ ਦੇ ਢਾਈ ਸਾਲ ਕਿਸ ਤਰ੍ਹਾਂ ਬਿਤਾਏ ਨੇ। ਇਹ ਕੇਵਲ ਉਹਨਾਂ ਦੇ ਹੁਕਮ ਦੀ ਪਾਲਨਾ ਬਦਲੇ। ਉਹਨਾਂ ਦੇ ਹੁਕਮ ਵਿਚ ਇਹ ਤਾਕਤ ਸੀ ਕਿ ਮੈਂ ਉਹਨਾ ਦੇ ਵਿਛੋੜੇ ਵਿਚ ਹੁਣ ਤਕ ਜਿਉਂਦੀ ਰਹੀ ਹਾਂ ਨਹੀਂ ਤਾਂ ਮੇਰੇ ਲਈ ਉਹਨਾਂ ਤੋਂ ਵਿਛੜਕੇ ਇਕ ਸਾਹ ਲੈਣਾ ਵੀ ਅਣਹੋਣੀ ਗੱਲ ਸੀ।

ਪਰ ਪਿਤਾ ਜੀ, ਇਤਨਾ ਕੁਝ ਹੋਣ ਤੇ ਵੀ ਮੈਨੂੰ ਇਕ ਗੱਲ ਮੁੜ ਮੁੜ ਗੋਤਿਆ ਵਿਚ ਪਾ ਦਿੰਦੀ ਹੈ। ਮੈਥੋਂ ਇਕ ਅਜਿਹਾ ਪਾਪ ਹੋ ਚੁਕਾ ਹੈ- ਕੇਵਲ ਪਾਪ ਹੀ ਨਹੀਂ ਆਪਣੇ ਮਾਲਕ ਦੀ ਹੁਕਮ ਅਦੂਲੀ ਵੀ- ਜਿਸ ਦੇ ਬਦਲੇ ਵਾਹਿਗੁਰੂ ਤਾਂ ਮੈਨੂੰ ਸਜ਼ਾ ਦੇਵੇਗਾ ਹੀ, ਪਰ ਮੈਨੂੰ ਡਰ ਹੈ ਪਤਾ ਨਹੀਂ ਉਹ ਵੀ ਮੈਨੂੰ ਖਿਮਾ ਕਰਨਗੇ ਕਿ ਨਹੀਂ।

ਉਹ ਪਾਪ ਹੈ ਪਾਲਾ ਸਿੰਘ ਤੇ ਉਸ ਦੇ ਸਾਥੀਆ ਦੀ ਜਾਨ ਲੈਣ ਦਾ ਪਰ ਮੈਂ ਉਸ ਵੇਲੇ ਅੰਨ੍ਹੀ ਸਾਂ, ਕ੍ਰੋਧ ਤੇ ਹਿੰਸਾ ਨੇ ਮੇਰੀ ਮੱਤ ਮਾਰ ਦਿਤੀ ਸੀ। ਭਾਵੇਂ ਉਨ੍ਹਾਂ (ਪਤੀ) ਨੇ ਮੈਨੂੰ ਸਮਝਾਣ ਦੀ ਹਦੋਂ ਵਧ ਕੋਸ਼ਿਸ ਕੀਤੀ ਤੇ ਮੈਂ ਸਮਝ ਵੀ ਗਈ, ਪਰ ਫਿਰ ਵੀ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਇਹੋ ਸਮਝਣ ਲੱਗੀ ਕਿ ਉਹਨਾਂ ਦੇ ਖ਼ੂਨ ਦਾ ਬਦਲਾ ਲੈਣ ਲਈ ਇਸ ਤੋਂ ਚੰਗਾ ਤਰੀਕਾ ਕੋਈ ਹੈ ਹੀ ਨਹੀਂ। ਪਰ ਮੈਨੂੰ ਅੱਜ ਪਤਾ ਲਗਾ ਹੈ- ਪਿਤਾ ਜੀ ! ਤੁਹਾਡੇ ਵਲ ਵੇਖ ਕੇ ਮੇਰੀਆਂ ਅੱਜ ਅੱਖਾਂ ਖੁਲ੍ਹੀਆ ਹਨ। ਕਿ ਬਦਲਾ ਲੈਣ ਦਾ ਸਭ ਤੋਂ ਚੰਗਾ ਤੇ ਕੁਦਰਤੀ ਢੰਗ ਇਹੋ ਹੈ ਜਿਸ ਤਰ੍ਹਾਂ ਮੈਂ ਤੁਹਾਥੋਂ ਲਿਆ ਹੈ। ਅਰਥਾਤ ਜਿਸ ਤਰ੍ਹਾਂ ਮੇਰੀਆਂ ਰਚਨਾਵਾਂ ਨੂੰ ਪੜ੍ਹਕੇ ਤੁਹਾਡੇ ਜੀਵਨ ਦੀ ਕਾਇਆ ਪਲਟ ਗਈ ਹੈ। ਇਹੋ ਹਥਿਆਰ ਜੇ ਮੈਂ ਉਨ੍ਹਾ ਕਾਤਲਾਂ ਤੇ, ਅਤੇ ਆਪਣੇ ਸਮਾਜ ਲਈ ਵਰਤਦੀ ਹੋਈ ਦਿਲ ਦੇ ਥਾ ਦਿਮਾਗ਼ ਤੇ ਛੁਰੀ ਦੇ ਥਾਂ ਕਲਮ ਤੋਂ ਹੀ ਕੰਮ ਲੈਂਦੀ ਤੁਰੀ ਜਾਦੀ ਤਾਂ ਕੇਵਲ ਉਹਨਾਂ ਦਾ ਹੀ ਜੀਵਨ ਨਹੀਂ ਸੀ ਪਲਟ ਜਾਣਾ, ਸਗੋਂ ਹੋਰ ਕਈਆਂ ਕੁਰਾਹੀਆਂ ਨੇ ਵੀ ਰਾਹੇ ਪੈ ਜਾਣਾ ਸੀ।
ਪਰ ਬੀਤ ਗਿਆ ਵੇਲ਼ਾ ਹੁਣ ਹੱਥ ਨਹੀਂ ਆਉਂਦਾ। ਸੋ ਮੇਰੇ ਪਿਆਰੇ ਪਿਤਾ ਜੀ ! ਤੁਸੀਂ ਉਸ ਸਿਰਜਣਹਾਰ ਅਗੇ ਇਹੋ ਪ੍ਰਾਰਥਨਾ ਕਰਨੀ ਕਿ ਮੇਰੇ ਉਤੇ ਰਹਿਮ ਕਰੇ। ਮੈਨੂੰ ਉਹਨਾਂ ਦਾ ਹੁਕਮ ਸੀ ਕਿ ਜਦ ਤਕ ਉਹਨਾਂ ਦੀ ਬ੍ਰਿਧ ਮਾਤਾ ਵਲੋਂ ਬੇ-ਫ਼ਿਕਰ ਨਾ ਹੋ ਜਾਵਾਂ ਤਦ ਤਕ ਉਹਨਾਂ ਦੇ ਪਾਸ ਨਾ ਜਾਵਾ। ਸੋ ਪਿਤਾ ਜੀ ! ਹੁਣ ਜਦ ਤੁਸੀਂ ਮੈਨੂੰ ਲੱਭ ਪਏ ਹੋ, ਤਾਂ ਮੈਂ ਆਪਣੀ ਸੱਸ ਵਲੋਂ ਸਦਾ ਲਈ ਬੇ-ਫਿਕਰ ਹੋ ਗਈ ਹਾਂ, ਤੇ ਇਹ ਫ਼ਿਕਰ ਅਜ ਤੋਂ ਤੁਹਾਡੇ ਮੋਦਿਆ ਤੇ ਹੈ।

ਇਸ ਤੋਂ ਛੁਟ ਆਪਣੀ ਮਾਤਾ ਦਾ ਜੋ ਫ਼ਰਜ਼ ਮੇਰੇ ਜ਼ਿੰਮੇ ਸੀ। ਉਸਨੂੰ ਵੀ ਮੈਂ ਉਤਾਰ ਚੱਲੀ ਹਾਂ। ਉਸਦੀ ਆਤਮਾ- ਜੋ, ਤੁਹਾਡੇ ਲਹੂ ਨਾਲ ਸ਼ਾਂਤ ਹੋਣਾ ਚਾਹੁੰਦੀ ਸੀ- ਤੁਹਾਡੇ ਅਥਰੂਆਂ ਨਾਲ ਉਸ ਤੋਂ ਵੀ ਵਧ ਸ਼ਾਤ ਹੋਵੇਗੀ। ਇਸਦੀ ਮੈਨੂੰ ਪੂਰੀ ਉਮੀਦ ਹੈ।

ਚੌਥਾ ਫ਼ਰਜ਼ ਮੇਰਾ ਆਪਣਾ ਮੇਰੇ ਜ਼ਿੰਮੇ ਸੀ ਤੇ ਉਹ ਸੀ ਇਸ ਆਪਣੀ ਹੱਡ ਬੀਤੀ ਨੂੰ ਨਾਵਲ ਦੀ ਸ਼ਕਲ ਵਿਚ ਲਿਖਕੇ ਆਪਣੇ ਕਠੋਰ ਤੇ ਨਿਰਦਈ ਸਮਾਜ ਦਾ ਜਿਊਂਦਾ ਜਾਗਦਾ ਖ਼ਾਕਾ ਖਿੱਚ ਕੇ ਦੁਨੀਆ ਅੱਗੇ ਰੱਖਣਾ। ਇਹ ਕੰਮ ਵੀ ਪੂਰਾ ਹੋ ਗਿਆ ਹੈ। ਹੁਣ ਮੈਂ ਆਪਣੇ ਜੀਵਨ ਦੇ ਸਾਰੇ ਫਰਜ ਪੂਰੇ ਕਰਕੇ ਆਪਣੇ ਸਰੀਰ ਦਾ ਠੀਕਰਾ ਇਸ ਸਮਾਜ ਦੇ ਸਿਰ ਭੰਨ ਕੇ ਆਪਣੇ ਪ੍ਰੀਤਮ ਦੇ ਚਰਨਾਂ ਵਿਚ ਜਾ ਰਹੀ ਹਾਂ।

ਮੇਰੇ ਪਿਆਰੇ ਪਿਤਾ ਜੀ ! ਤੁਸਾ ਆਪ ਹੀ ਰਾਤੀਂ ਕਿਹਾ ਸੀ ਕਿ ਮੈਂ ਪੁਤਰੀ ! ਤੈਨੂੰ ਤੇਰੇ ਅਸਲੀ ਰੂਪ ਵਿਚ ਵੇਖ ਕੇ ਖ਼ੁਸ਼ ਹੋਵਾਂਗਾ’, ਸੋ ਉਮੀਦ ਹੈ ਤੁਸੀਂ ਆਪਣੇ ਬਚਨ ਨੂੰ ਜ਼ਰੂਰ ਪਾਲੋਗੇ ਤੇ ਮੈਨੂੰ ਇਸ ਮੇਰੇ ਅਸਲੀ ਰੂਪ ਵਿਚ ਵੇਖ ਕੇ ਜ਼ਰੂਰ ਪ੍ਰਸੰਨ ਹੋਵੇਗੇ !

ਮੈਂ ਜਿਊਂਦੀ ਰਹਿ ਕੇ ਆਪਣੇ ਪਿਤਾ ਦੀਆਂ ਛਾਵਾਂ ਨਹੀਂ ਮਾਣ ਸਕੀ, ਪਰ ਪਿਤਾ ਜੀ ! ਮੇਰਾ ਜਿਊਣਾ ਹੁਣ ਮਾਹਲ ਤੋਂ ਬਿਨਾਂ ਚਰਖਾ ਕੱਤਣ ਵਾਲੀ ਗੱਲ ਸੀ। ਨਾਲੇ ਟੁੱਟਾ ਹੋਇਆ ਦਿਲ ਤੇ ਜੁੜਿਆ ਹੋਇਆ ਕਿੱਲ ਆਖ਼ਰ ਕਿੰਨੀਆਂ ਕੁ ਸੱਟਾਂ ਸਹਾਰ ਸਕਦਾ ਹੈ ? ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਮੈਂ ਇਕ ਭਗੌੜੇ ਖ਼ੂਨੀ ਦੀ ਹੈਸੀਅਤ ਵਿਚ ਹਾਂ। ਫਾਹੇ ਲੱਗਣ ਨਾਲੋਂ ਛੁਰੀ ਖਾਣੀ ਮੈਨੂੰ ਸੁਖਦਾਈ ਜਾਪਦੀ ਹੈ।

ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ, ਕਿ ਜਦ ਤਕ ਜੀਵਾਂਗੀ ਤੁਹਾਡੇ ਹੀ ਪਾਸ ਰਹਾਂਗੀ। ਸੋ ਤੁਸੀ ਵੇਖ ਰਹੇ ਹੋ, ਮੇਰਾ ਇਹ ਇਕਰਾਰ ਅੰਤ ਤਕ ਸੱਚਾ ਸਿੱਧ ਹੋਇਆ ਹੈ ਨਾਲੇ ਇਸ ਤੋਂ ਛੁਟ ਅਧੂਰੇ ਕਾਂਡ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਵੀ ਤੁਸਾਂ ਮੈਨੂੰ ਕਈ ਵੇਰਾਂ ਤਾਕੀਦ ਕੀਤੀ ਸੀ। ਤੁਸੀਂ ਜਾਣਦੇ ਹੋ ਕਿ ਮੇਰੀ ਕਿਤਾਬ ਤੇ ਮੇਰਾ ਜੀਵਨ, ਅਸਲ ਵਿਚ ਦੋਵੇਂ ਇਕ ਚੀਜ਼ ਹਨ। ਇਸ ਲਈ ਜਿਥੇ ਅਜ ਮੇਰੇ ਨਾਵਲ ਦੇ ਅਧੂਰੇ ਕਾਂਡ ਦਾ ਬਾਕੀ ਹਿੱਸਾ ਸਮਾਪਤ ਹੁੰਦਾ ਹੈ, ਉਥੇ ਨਾਲ ਹੀ ਮੇਰੇ ਜੀਵਨ-ਰੂਪੀ ਨਾਵਲ ਦੇ ਅਧੂਰੇ ਕਾਂਡ ਦਾ ਵੀ ਅੰਤਮ ਹਿੱਸਾ ਪੂਰਾ ਹੋ ਗਿਆ ਹੈ।

ਸੋ ਮੇਰੇ ਪੂਜਯ ਪਿਤਾ ਜੀ ! ਅਸੀਸ ਦਿਓ ਕਿ ਮੈਂ ਸਵਰਗਾਂ ਵਿਚ ਜਾ ਕੇ ਆਪਣੇ ਪ੍ਰੀਤਮ ਦੇ ਗਲ ਲੱਗ ਕੇ ਇਸ ਲੰਮੇ ਵਿਛੋੜੇ ਦੇ ਦੁੱਖਾਂ ਨੂੰ ਭੁਲ ਜਾਵਾਂ ਤੇ ਅਨੰਤ ਕਾਲ ਤਕ ਉਸ ਜੀਵਨ-ਉਦਾਰ ਦੇ ਚਰਨਾਂ ਦੀ ਸੇਵਾ ਕਰਦੀ ਰਹਾਂ।

ਮੇਰੇ ਪਿਆਰੇ ਪਿਤਾ ਜੀ ! ਤੁਹਾਡੀ ਬੱਚੀ ਵਲੋਂ ਅੰਤਮ ਪ੍ਰਨਾਮ ! ਜੀਵਨ ਵਿਚ ਪਹਿਲੀ ਵੇਰਾ ਤੇ ਅੰਤਲੀ ਵੇਰਾ ਮਿਲ ਕੇ ਸਦਾ ਲਈ ਵਿਛੜ ਜਾਣ ਵਾਲੀ ਇਕ ਰਾਹ ਮੁਸਾਫ਼ਰ

“ਤੁਹਾਡੀ ਸੁੰਦਰੀ ।”

ਚਿੱਟਾ ਲਹੂ – ਅਧੂਰਾ ਕਾਂਡ (3)

3 ਪੰਡਤ ਰਾਧੇ ਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ। ਹੈ। ਖ਼ਾਸ ਕਰ ਕੇ ਇਥੋਂ ਦੇ ਅਲਬੇਲੇ ਤੇ ਮੌਜੀ ਗਭਰੂ ਤਾਂ ਆਪ ਨੂੰ ਦੇਵਤਿਆ ਵਾਂਗ ਪੂਜਦੇ ਹਨ। ਉਹਨਾਂ ਵਿਚੋਂ ਕੋਈ ਆਪ ਨੂੰ ‘ਹਾਤਮਤਾਈ’ ਤੇ ਕੋਈ ਰਾਜਾ ‘ਬਿਕ੍ਰਮਾਦਿਤ’ ਦਾ ਅਵਤਾਰ ਕਹਿੰਦਾ ਹੈ। ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲਗੀ ਹੋਈ ਹੈ। ਜਦ ਵੀ ਕਿਸੇ ਉਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ, ਜਾਂ ਕਿਸੇ ਦੇ ਘਰ ਵਿਚ ਹੀ ਕੇਈ ਝਗੜਾ ਝੇੜਾ ਪੈ ਜਾਵੇ, ਤਾਂ ਅਵੱਲ ਤਾਂ ਲੋਕੀਂ ਅਜਿਹੇ ਸਮੇਂ ਆਪਣੇ...

ਚਿੱਟਾ ਲਹੂ – ਅਧੂਰਾ ਕਾਂਡ (2)

1 ਪਤ-ਝੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖ਼ਾਮੋਸ਼ੀ ਵਿਚ ਦਰਖ਼ਤ ਦਾ ਸੁੱਕਾ ਪੱਤਰ ਖੜਖੜ ਕਰਦਾ, ਡਿੱਗ ਪੈਂਦਾ ਹੈ ਤੇ ਫਿਰ ਉਸਦੀ ਆਵਾਜ਼ ਉਸ ਖ਼ਾਮੋਸ਼ੀ ਵਿਚ ਅਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਇਸ ਅੱਧੀ ਰਾਤ ਦੇ ਸਮੇਂ ਰੱਖਾ ਦੀ ਇਕ ਟੁੱਟੀ ਭੱਜੀ ਕੁੱਲੀ ਵਿਚ ਬੈਠੀ ਹੋਈ ਇਕ ਦੁਖੀਆ ਮੁਟਿਆਰ ਜਦ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਤਾਂ ਇਸ ਹਨੇਰੀ ਤੇ ਡਰਾਉਣੀ ਛੰਨ ਵਿਚ ਉਸ ਦੀ ਗਰਮ ਭਾਫ਼ ਵਿਚ ਵਲ੍ਹੇਟੀ ਹੋਈ ਆਵਾਜ਼ ਇਕ ਵਾਰੀ ਮੱਧਮ ਜਿਹੀ ਗੂੰਜ ਪੈਦਾ ਕਰ ਉਥੇ ਹੀ...

ਚਿੱਟਾ ਲਹੂ – ਅਧੂਰਾ ਕਾਂਡ (11)

27 ਘਰ ਜਾ ਕੇ ਇਨ੍ਹਾਂ ਦੁਹਾਂ ਨੇ ਰਾਤ ਦਾ ਤੀਜਾ ਪਹਿਰ ਗੱਲਾਂ ਵਿਚ ਹੀ ਬਿਤਾਇਆ। ਕਮਰੇ ਵਿਚ ਪਹੁੰਚ ਕੇ ਜਦ ਲੈਂਪ ਦੇ ਚਾਨਣ ਵਿਚ ਬਚਨ ਸਿੰਘ ਨੇ ਸੁੰਦਰੀ ਦਾ ਚਿਹਰਾ ਵੇਖਿਆ ਤਾਂ ਉਹ ਡਰ ਜਿਹਾ ਗਿਆ। ਸੁੰਦਰੀ ਦੀਆਂ ਅੱਖਾਂ ਵਿਚੋਂ ਅੰਗਿਆਰੇ ਤਿੜਕ ਰਹੇ ਸਨ ਤੇ ਚਿਹਰੇ ਉੱਤੇ ਡਰਾਉਣੀ ਤੇ ਹਿੰਸਕ ਜਿਹੀ ਮੁਸਕਰਾਹਟ ਸੀ। ਉਹ ਕਾਹਲੀ ਨਾਲ ਸੁੰਦਰੀ ਦਾ ਮੋਢਾ ਟੁੰਬ ਕੇ ਬੋਲਿਆ “ਸੁੰਦਰੀ ਜੀ ! ਕੀ ਗੱਲ ਏ ?” “ਕੁਝ ਨਹੀਂ ਜੀ ! ਸੁਖ ਸਾਂਦ ਏ’ ਕਹਿ ਕੇ ਤੇ ਫਿਰ ਇਹ...