A Literary Voyage Through Time

ਹਜ਼ਾਰਾ ਸਿੰਘ ਗੁਰਦਾਸਪੁਰੀ

(ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਸਮੇਂ, ਕੇਵਲ ਤੀਹ ਸਿੰਘਾਂ ਨੇ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਦੀ ਜਥੇਦਾਰੀ ਹੇਠ, ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ, ਤੀਹ ਹਜ਼ਾਰ ਅਫ਼ਗਾਨੀ ਫ਼ੌਜਾਂ ਨਾਲ ਲਹੂ ਵੀਟਵੀਂ ਟੱਕਰ ਲਈ, ਅਤੇ ਅੰਤ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹੋਏ ਸ਼ਹੀਦੀਆਂ ਪਾ ਗਏ)

ਜਦੋਂ ਘਰ-ਘਰ ਵਧੀਆਂ ਰਿਕਤਾਂ, ਥਾਂ ਥਾਂ ਨਚਾਕੀ।
ਜਦੋਂ ਇਕ ਦੂਏ ਨੂੰ ਵਿੰਨ੍ਹ ਗਈ, ਬਣ ਤੀਰ ਚਲਾਕੀ।
ਜਦੋਂ ਕੱਖ ਉਡਾਏ ਦੇਸ਼ ਦੇ, ਇਸ ਬੇ-ਇਤਫ਼ਾਕੀ।
ਜਦੋਂ ਲੁੱਟੀ ਗਈ ਨਮੂਜ ਦੀ, ਕੁੱਲ ਟੱਲੀ ਟਾਕੀ।
ਜਦੋਂ 'ਪਾਣੀਪੱਤੋਂ' ਮਰ ਗਏ, ਮਰਹੱਟੇ ਆਕੀ।
ਜਦੋਂ ਟੁੱਟੇ ਐਸ਼ ਪਿਆਲੜੇ, ਫਾਹ ਲੈ ਗਏ ਸਾਕੀ।
ਜਦੋਂ ਬੁੱਝ ਗਿਆ ਦੀਵਾ ਮੁਗਲ ਦਾ, ਧੂੰ ਰਹਿ ਗਿਆ ਬਾਕੀ।
ਉਦੋਂ ਸੱਤਵੀਂ ਵਾਰ ਦੁਰਾਨੀਆਂ, ਲੈ ਫ਼ੌਜ ਲੜਾਕੀ।
ਉਹ ਲੁੱਟਣ ਚੜ੍ਹੇ ਪੰਜਾਬ ਨੂੰ, ਸਭ ਮਾਰ ਪਲਾਕੀ।

ਹੜ੍ਹ ਚੜ੍ਹਿਆ ਮੁੜ ਕੇ ਕਾਬਲੋਂ, ਲੱਖ ਨੌਬਤ ਕੁੱਟੀ।
ਆ ਖੁੱਲ੍ਹਾ ਦਰ ਅਜ਼ਾਬ ਦਾ, ਮੁੜ ਪਰਲੋ ਟੁੱਟੀ।
ਮੁੜ ਮੇਰੇ ਪਿਆਰੇ ਵਤਨ ਦੀ, ਗਈ ਇੱਜ਼ਤ ਲੁੱਟੀ।
ਮੁੜ ਮੇਰੇ ਪਿਆਰੇ ਦੇਸ਼ ਦੀ, ਗਈ ਮਿੱਟੀ ਪੁੱਟੀ।
ਮੁੜ ਔਖੀ ਬਣੀ ਸਵਾਣੀਆਂ, ਆ ਚੋਗ਼ ਨਖੁੱਟੀ।
ਉਹ ਖਾ ਖਾ ਮਰਨ ਕਟਾਰੀਆਂ, ਲੈ ਤੁਰੀਆਂ ਛੁੱਟੀ।
ਮੁੜ ਧੀਆਂ ਮਾਪਿਆਂ ਮਾਰੀਆਂ, ਲੱਖ ਸੰਘੀ ਘੁੱਟੀ।
ਮੁੜ ਜੰਦੇ ਵੱਜੇ ਦੇਸ਼ ਨੂੰ, ਆ ਕਿਸਮਤ ਫੁੱਟੀ।
ਇਹ ਨਿੱਤ ਨਿੱਤ ਜ਼ੁਲਮ ਸਹਾਰਦੀ, ਧਰਤੀ ਵੀ ਹੁੱਟੀ।
ਸਿਰ ਉੱਤੇ ਅੰਬਰ ਪਿੱਟਿਆ, ਲਾ ਲਾ ਕੇ ਝੁੱਟੀ।

ਆ ਮੱਚੀਆਂ ਹਾਲ ਦੁਹਾਈਆਂ, ਆ ਗਏ ਦੁਰਾਨੀ,
ਉਨ੍ਹਾਂ ਖੇਹ ਉਡਾਈ ਯਾਕੀਆਂ, ਚੜ੍ਹ ਗਈ ਅਸਮਾਨੀਂ।
ਉਨ੍ਹਾਂ ਅਜ਼ਮਤ ਫੂਕੀ ਦੇਸ਼ ਦੀ, ਲਾ ਅੱਗ ਮਕਾਨੀਂ।
ਉਨ੍ਹਾਂ ਨਾਲ ਬਲੋਚ 'ਕਲਾਤ' ਦੇ, ਆਫ਼ਤ ਦੇ ਬਾਨੀ।
ਉਹ ਪੋਠੋਹਾਰ ਲਤਾੜ ਕੇ, ਕਰ ਆਏ ਵਿਰਾਨੀ।
ਉਨ੍ਹਾਂ ਫੜ ਲਏ ਸਾਰੇ ਚੌਧਰੀ, ਪਾ ਸੰਗਲ ਆਹਨੀ।
ਉਨ੍ਹਾਂ ਹੇਠਾਂ ਘੋੜੇ ਹਿਣਕਦੇ, ਵੱਡੇ ਖੁਰਸਾਨੀ।
ਉਨ੍ਹਾਂ ਪਾਈਆਂ ਵਰਦੀਆਂ ਕਾਲੀਆਂ, ਖੱਲਾਂ ਬਕਰਾਨੀ।
ਉਨ੍ਹਾਂ ਕੋਲ ਬੰਦੂਕਾਂ ਲੰਮੀਆਂ, ਬੇ-ਓੜਕ ਕਾਨੀ।
ਉਨ੍ਹਾਂ ਹੱਥੀਂ ਛੁਰੇ ਫੌਲਾਦ ਦੇ, ਅਤੇ ਤੇਗ਼ ਮਿਆਨੀ।
ਉਹ ਆਟਾ ਕੱਚਾ ਫੱਕਦੇ, ਤੱਕ ਹੋਏ ਹੈਰਾਨੀ।
ਉਹ ਲੱਥੇ ਜਿੰਨ ਪਹਾੜ ਤੋਂ, ਸੂਰਤ ਇਨਸਾਨੀ।
ਉਹ ਬੋਲਣ ਜਦ ਮੂੰਹ ਟੱਡ ਕੇ, ਕੋਈ ਬੋਲ ਪਠਾਣੀ।
ਡਰ ਬੱਚੇ ਚੀਕਾਂ ਮਾਰਦੇ, ਗ਼ਸ਼ ਖਾਏ ਜ਼ਨਾਨੀ।

'ਰਾਵੀ ਲੰਘ' ਦੁਰਾਨੀਆਂ, ਉਹਨਾਂ ਕੀਤੇ ਸਾਕੇ।
ਉਨ੍ਹਾਂ ਲੁੱਟਿਆ ਸ਼ਹਿਰ ਲਾਹੌਰ ਨੂੰ, ਅੱਠ ਪਹਿਰ ਬਣਾ ਕੇ।
ਉਨ੍ਹਾਂ ਦੌਲਤ ਕੱਢੀ ਦੇਸ਼ ਦੀ, ਸਭ ਪੁੱਟ ਪੁਟਾ ਕੇ।
ਉਨਾਂ ਲਾਹੀ ਪੱਤ ਜ਼ਨਾਨੀਆਂ, ਹੱਥ ਗੁੱਤੀਂ ਪਾ ਕੇ।
ਉਨ੍ਹਾਂ ਮਾਵਾਂ ਕੋਹੀਆਂ ਵੈਰੀਆਂ, ਵੱਢ ਸੁੱਟੇ ਕਾਕੇ।
ਉਨ੍ਹਾਂ ਚੂੜੇ ਤੋੜੇ ਰੰਗਲੇ, ਪਾ ਪਾ ਕੇ ਡਾਕੇ।
ਕੋਈ ਮਾਂ ਦਾ ਪੁੱਤ ਨਾ ਉੱਠਿਆ, ਦਿਲ ਗ਼ੈਰਤ ਖਾ ਕੇ।
ਉਹ ਵੜ ਗਏ ਸਾਰੇ ਅੰਦਰੀਂ, ਜਿੰਦ ਜਾਨ ਛੁਪਾ ਕੇ।
ਜਿਹੜੇ ਖਾਂਦੇ ਰਹੇ ਸੀ ਮਾਮਲੇ, ਨਿੱਤ ਨਿੱਤ ਉਗਰਾਹ ਕੇ।
ਉਨ੍ਹਾਂ ਲੁੱਟੀਆਂ ਮਿਲਖ਼ਾਂ ਸਾਰੀਆਂ, ਭਖ ਲਏ ਇਲਾਕੇ।
ਉਹ ਬੈਠੇ ਤਖ਼ਤ ਮੁਬਾਰਕੀਂ, ਲੱਖ ਢੋਲ ਵਜਾ ਕੇ।
ਸੁਣ ਦਿੱਲੀ ਦਾ ਗੜ੍ਹ ਹਿੱਲਿਆ, ਗੱਲ ਤੁਰ ਗਈ ਢਾਕੇ।

ਅਤਿ ਖ਼ੁਦਾ ਦਾ ਵੈਰ ਹੈ, ਅਤਿ ਹੁੰਦੀ ਮਾੜੀ।
ਆ ਕੀਤੀ ਅਤਿ ਦੁਰਾਨੀਆਂ, ਕਰ ਧਾੜਾ ਧਾੜੀ।
ਉਨ੍ਹਾਂ ਸੋਹਣੀ ਖ਼ਲਕਤ ਰੱਬ ਦੀ, ਕੁਲ ਫੂਕੀ ਸਾੜੀ।
ਉਨ੍ਹਾਂ ਥੇਹ ਕੀਤੇ ਕਈ ਵੱਸਦੇ, ਕੁਲ ਮਿਲਖ਼ ਉਜਾੜੀ।
ਇਹ ਸਭ ਕੁਝ ਕਰ ਜੜ੍ਹ ਪੁੱਟਿਆਂ, ਗੱਲ ਕੀਤੀ ਮਾੜੀ।
ਸ੍ਰੀ ਅੰਮ੍ਰਿਤਸਰ ਦਰਬਾਰ ਨੂੰ, ਚੁੱਕ ਸੈਨਾ ਚਾੜ੍ਹੀ।
ਪਰ ਪੈਂਦੇ ਹੁਣ ਮੁਕਾਬਲੇ, ਜ਼ਰਾ ਸੁਣੋ ਅਗਾੜੀ।

ਸੁਣ ਸੁਣ ਅਹਿਮਦ ਸ਼ਾਹ ਦੇ, ਨਿੱਤ ਨਿੱਤ ਦੇ ਕਾਰੇ।
ਸਿੰਘ ਬਿਫਰੇ ਪਏ ਸੀ ਕਹਿਰ ਦੇ, ਅੱਗੇ ਹੀ ਸਾਰੇ।
ਹੁਣ ਅੰਮ੍ਰਿਤਸਰ ਦੀ ਲੁੱਟ ਨੂੰ, ਭਲਾ ਕੌਣ ਸਹਾਰੇ।
ਆ ਕੱਠੇ ਹੋ ਗਏ ਸੂਰਮੇ, ਛੱਡ ਕੂੰਟਾਂ ਚਾਰੇ।
ਆ ਚੜ੍ਹਿਆ ਜੋਸ਼ ਨਿਹੰਗਾਂ, ਭਖ ਪਏ ਅੰਗਿਆਰੇ।
ਉਨ੍ਹਾਂ ਬਦਲੇ ਬਾਣੇ ਕੇਸਰੀ, ਦੋਹਰੇ ਦਸਤਾਰੇ।
ਉਨ੍ਹਾਂ ਫੜ ਲਈਆਂ ਤੇਗਾਂ ਲੰਮੀਆਂ ਤੇ ਬਰਛੇ ਭਾਰੇ।
ਉਨ੍ਹਾਂ ਚੁੱਕੇ ਪੁੱਤਰ ਕਾਲ ਦੇ, ਖੰਡੇ ਦੋ ਧਾਰੇ।
ਉਹ ਲੈਣ ਸ਼ਹੀਦੀ ਡੋਲੜਾ, ਆ ਬੈਠੇ ਖਾਰੇ।
ਆ ਮੌਤ ਨੇ ਗਾਈਆਂ ਘੋੜੀਆਂ, ਕਲ ਕੀਤੇ ਵਾਰੇ।
ਪਰ ਚਾਅ ਚੜ੍ਹਿਆ ਕਲਜੋਗਣਾਂ, ਸੱਟ ਪਈ ਨਗਾਰੇ।

ਗੁਰਬਖ਼ਸ਼ ਸਿੰਘ ਨਿਹੰਗ, ਹੋਇਆ ਦਲਾਂ ਦਾ ਮੋਹਰੀ।
ਉਨ੍ਹ ਸੀਸ ਦੁਮਾਲਾ ਸਾਜਿਆ, ਰੱਖ ਰੱਬ ਤੇ ਡੋਰੀ।
ਉਨ੍ਹ ਖੰਡਾ ਬੰਨ੍ਹਿਆ ਲੱਕ ਨੂੰ, ਲਾ ਸਾਣੇ ਦੋਹਰੀ।
ਉਨ੍ਹ ਬਰਛਾ ਫੜ ਲਿਆ ਧੜੀ ਦਾ, ਜਿਹਦੀ ਲੰਮੀ ਪੋਰੀ।
ਉਨ੍ਹ ਖਿੱਚੀ ਤੇਗ਼ ਮਿਆਨ 'ਚੋਂ, ਰੱਤ ਪੀਣੀ ਗੋਰੀ।
ਅਤੇ ਪਾ ਸ਼ਹੀਦੀ ਚੋਲੜਾ, ਗਲ ਐਦਾਂ ਤੋਰੀ।
"ਜਿਨ੍ਹ ਰਣ-ਤੱਤੇ ਵਿਚ ਲੈਣੀ, ਅੱਜ ਮੌਤ ਦੀ ਲੋਰੀ।
ਉਹ ਅੱਗੇ ਆ ਜਾਏ ਸੂਰਮਾ, ਢਿੱਲ ਲਾਏ ਨਾ ਭੋਰੀ।
ਜਿਨ੍ਹ ਕਰਕੇ ਜਿੰਦ ਪਿਆਰੀ, ਭੱਜ ਜਾਣਾ ਚੋਰੀ ।
ਉਹ ਹੁਣੇ ਹੀ ਪਤ੍ਰਾ ਵਾਚ ਜਾਏ, ਗੱਲ ਕੀਤੀ ਕੋਰੀ।"

ਗੋਬਿੰਦ ਸਿੰਘ ਦੇ ਪੁੱਤਰਾਂ, ਸੁਣ ਬਚਨ ਕਰਾਰਾ।
ਧੂਹ ਕ੍ਰਿਪਾਨਾਂ ਤਿੱਖੀਆਂ, ਲਿਆ ਜੋਸ਼ ਹੁਲਾਰਾ।
ਉਹ ਕਰਨ ਮਖ਼ੌਲਾਂ ਮੌਤ ਨੂੰ, ਕੀ ਤੁਰਕ ਵਿਚਾਰਾ।
ਉਨ੍ਹਾਂ 'ਸਤਿ ਸ੍ਰੀ ਅਕਾਲ' ਦਾ ਇਕ ਛੱਡ ਜੈਕਾਰਾ।
ਦਲ ਮਾਰ ਛੜੱਪੇ ਆ ਗਿਆ, ਕੁਲ ਅੱਗੇ ਸਾਰਾ।

ਏਨੇ ਚਿਰ ਨ੍ਹੂੰ ਟਾਂਗੂੰਆਂ, ਆ ਖ਼ਬਰ ਸੁਣਾਈ।
ਨ੍ਹੇਰੀ ਚੜ੍ਹੀ ਦੁਰਾਨੀਆਂ, ਹੁਣ ਨੇੜੇ ਆਈ।
ਰਣ-ਤੱਤੇ ਦੇ ਆਸ਼ਕਾਂ, ਸੱਟ ਧੌਂਸੇ ਲਾਈ।
ਸਿੰਘਾਂ ਅਤੇ ਦੁਰਾਨੀਆਂ, ਹੁਣ ਸੁਣੋ ਲੜਾਈ।

'ਹਰਿਮੰਦਰ' ਦੇ ਕੋਲ, ਪਵਿੱਤਰ ਧਰਤੀ ਉੱਤੇ।
ਆ ਵੱਜੇ ਢੋਲ ਦਵੱਲਿਉਂ, ਉਸ ਖ਼ੂਨੀ ਰੁੱਤੇ।
ਆ ਤੀਰਾਂ ਸਿਰੀਆਂ ਚੁੱਕੀਆਂ, ਸੱਪ ਜਾਗੇ ਸੁੱਤੇ।
ਆ ਖੰਡੇ ਨਿਕਲੇ ਸ਼ੁਰ ਕਰ, ਇਕ ਦੂਜੇ ਉੱਤੇ।
ਆ ਨੇਜ਼ਿਆਂ ਹਿੱਕਾਂ ਪਾੜੀਆਂ, ਪਾ ਪਾ ਕੇ ਖੁੱਤੇ।
ਲੱਖ ਮਾਵਾਂ ਔਂਤਰ ਹੋ ਗਈਆਂ, ਲੱਖ ਪਿਓ ਨਿਪੁੱਤੇ।
ਆ ਤੇਗ਼ਾਂ ਕੀਤੇ ਡੱਕਰੇ, ਦੇ ਦੇ ਕੇ ਬੁੱਤੇ।
ਪਰ ਹੱਲਾ ਕਰਕੇ ਕਹਿਰ ਦਾ, ਸਿੰਘ ਚੜ੍ਹ ਗਏ ਉੱਤੇ।

ਵੇਖੀ ਜਦੋਂ ਨਿਹੰਗਾਂ ਦੀ, ਤੇਗ਼ ਪਠਾਣਾਂ।
ਉਨ੍ਹਾਂ ਆਤਿਸ਼ ਖ਼ਾਧੀ ਕਹਿਰ ਦੀ, ਮੱਚਿਆ ਘਮਸਾਣਾ।
ਉਨ੍ਹਾਂ ਜੁੱਸੇ ਚਿਣਗਾਂ ਛੱਡੀਆਂ, ਪਈ ਸੱਟ ਵਦਾਣਾ।
ਉਨ੍ਹਾਂ ਕਲਮਾਂ ਪੜ੍ਹ ਕੇ ਨੱਬੀ ਦਾ, ਖਾ ਕਸਮ ਕੁਰਾਣਾ।
ਉਨ੍ਹਾਂ ਲਾਈ ਅੱਗ ਮੈਦਾਨ ਨੂੰ, ਭੁੰਨ ਸੁੱਟੀਆਂ ਧਾਣਾਂ।
ਉਂਥੇ ਢਾਲਾਂ ਬਣ ਗਈਆਂ ਭਾਬੀਆਂ, ਤੇਗ਼ਾਂ ਨਨਾਣਾਂ।
ਆ ਖ਼ੂਨੀ ਗਿੱਧਾ ਖੜਕਿਆ, ਕਲ ਗਾਇਆ ਗਾਣਾ।
ਉਥੇ ਹੁਸ ਹੁਸ ਡਿੱਗੇ ਸੂਰਮੇ, ਚੁੱਕ ਗਿਆ ਦਾਣਾ।
ਉਥੇ ਟੁੱਟ ਟੁੱਟ ਪੈਣ ਜਵਾਨੀਆਂ, ਜਿਉਂ ਸਾਜ ਪੁਰਾਣਾ।
ਉਥੇ ਮੌਤ ਨੇ ਮਾਰੀ ਕਿਲਕਿਲੀ, ਖਾ ਖਾ ਕੇ ਖਾਣਾ।
ਉਥੇ ਵੱਟਾਂ ਤੋੜੀਆਂ ਲਹੂ ਨੇ, ਭਰ ਗਈਆਂ ਨਵਾਣਾਂ।
ਪਰ ਕਿਹੜੇ ਮਾਂ ਦੇ ਪੁੱਤ ਨੇ, ਅੱਜ ਘਰ ਨੂੰ ਜਾਣਾ।

ਗੁਰਬਖ਼ਸ਼ ਸਿੰਘ ਨਿਹੰਗ ਜਦੋਂ, ਇਹ ਡਿੱਠਾ ਅੱਖੀਂ।
ਭੜਥੂ ਪਾਇਆ ਪਠਾਣਾਂ, ਆ ਚਵੀਂ ਵੱਖੀਂ।
ਉਨੂੰ ਚੜ੍ਹਿਆ ਜੋਸ਼ ਅਗੰਮ ਦਾ, ਅੱਗ ਪੈ ਗਈ ਕੱਖੀਂ।
ਉਨ੍ਹ ਆਖਿਆ ਤੇਗ਼ੇ ਮੇਰੀਏ, ਅੱਜ ਇੱਜ਼ਤ ਰੱਖੀਂ।
ਅੱਜ ਕਾਬਲ ਰੋਣ ਪਠਾਣੀਆਂ, ਢਾਹ ਜਾਏ ਬਲੱਖੀਂ।
ਤੂੰ ਕਰ ਦੇ ਡੱਕਰੇ ਦਲਾਂ ਦੇ, ਕੁੱਲ ਫ਼ੌਜਾਂ ਭੱਖੀਂ।
ਤੂੰ ਖਾ ਜਾ ਵੱਢ ਵੱਢ ਬੋਟੀਆਂ, ਰੱਤ ਵੈਰੀ ਚੱਖੀਂ।
ਉਹ ਵੜ ਗਿਆ ਰਣ ਵਿਚ ੜਿੰਗਦਾ, ਜਿਉਂ ਵਾਢਾ ਰੱਖੀਂ।
ਉਹ ਮਾਰੇ ਤੇਗ਼ ਜਾਂ ਮੋਢਿਉਂ, ਜਾ ਨਿਕਲੇ ਵੱਖੀਂ।
ਉਨ੍ਹ ਕੁੱਤਰੇ ਕੀਤੇ ਸੂਰਮੇ, ਦੇ ਦੇ ਪਰਦੱਖੀਂ।
ਪਰ ਲੂੰਬੇ ਲੱਗੇ ਆਣ ਕੇ, ਹੁਣ ਦੋਵੀਂ ਪੱਖੀਂ।

ਭਾਂਬੜ ਮੱਚੇ ਦੁਵੱਲਿਉਂ, ਹੁਣ ਆ ਕੇ ਚੰਗੇ।
ਰਣ ਤਪਿਆ ਆਰ੍ਹਣ ਵਾਂਗਰਾਂ, ਰੱਤ ਸੜਿਆ ਮੰਗੇ।
ਲੱਖ ਚੱਲਣ ਤੇਗ਼ਾਂ ਬਰਛੀਆਂ, ਅਤੇ ਤੀਰ ਤਫ਼ੰਗੇ।
ਉਥੇ ਸੁਸਰੀ ਵਾਂਗੂੰ ਸੌੰ ਗਏ, ਇਨ੍ਹਾਂ ਦੇ ਡੰਗੇ।
ਉਥੇ ਮਾਵਾਂ ਦੇ ਪੁੱਤ ਸੂਰਮੇ, ਖਾ ਫੱਟ ਬੇ-ਢੰਗੇ।
ਲੱਖ ਬੁਰਕੀ ਬਣ ਗਏ ਮੌਤ ਦੀ, ਹੱਦ ਵੱਟਾਂ ਲੰਘੇ।
ਉਥੇ ਤੜਫ਼ਨ ਧੜ ਬੇ-ਓੜਕੇ, ਸਿਰ ਨੰਗ-ਧੜੰਗੇ।
ਸਿਰ, ਨਿਹੰਗਾਂ, ਸੂਰਿਆਂ, ਚੁੱਕ ਬਰਛੀਂ ਟੰਗੇ।
ਉਥੇ ਭੱਖੀ ਜਾਵੇ ਦਲਾਂ ਨੂੰ, ਜਮ ਮਾਰ ਦੁੜੰਗੇ।
ਪਠਾਣ ਵਾਹੁਣ ਸਰਵਾਹੀਆਂ, ਸਿੰਘ ਰਾਮ-ਜੰਗੇ।
ਪਰ ਦੋਵੇਂ ਧਿਰਾਂ ਦੇ ਸੂਰਿਆਂ, ਹੱਥ ਦੱਸੇ ਚੰਗੇ।

ਦਿਨ ਡੁੱਬਿਆ ਪਈਆਂ ਤੱਕਾਲਾਂ, ਹੋ ਗਈਆਂ ਅਖ਼ੀਰਾਂ।
ਦੋਹਾਂ ਧਿਰਾਂ ਦੀਆਂ ਰੱਜੀਆਂ, ਰੱਤ ਪੀ ਸ਼ਮਸ਼ੀਰਾਂ।
ਥੋੜ੍ਹਾ ਸੀਗਾ ਖ਼ਾਲਸਾ, ਤਦ ਵੀ ਰਣਧੀਰਾਂ।
ਨ੍ਹੇਰੀ ਚੜ੍ਹੀ ਦੁੱਰਾਨੀਆਂ, ਕਰ ਸਿੱਟੀ ਲੀਰਾਂ।
ਗੁਰਬਖ਼ਸ਼ ਸਿੰਘ ਨਿਹੰਗ, ਛੱਡ ਗਿਆ ਨਜ਼ੀਰਾਂ।
ਪਾ ਗਿਆ ਸ਼ਹੀਦੀ ਸੂਰਮਾ, ਘੱਤ ਗਿਆ ਵਹੀਰਾਂ।
ਸੂਰੇ ਮਰ ਗਏ ਧਰਮ ਤੋਂ, ਕਰ ਸਫ਼ਲ ਸਰੀਰਾਂ।
ਜੱਗ ਰਹੀਆਂ ਕਹਾਣੀਆਂ, ਵਾਰਤਾਂ ਲੁਕੀਆਂ ਤਸਵੀਰਾਂ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.