ਕਿਹਰੇ ਦੀ ਵਾਰ
ਪ੍ਰੋਫੈਸਰ ਮੋਹਨ ਸਿੰਘ
ਹਰੀ ਭਰੀ ਬਿਆਸਾ ਦੀ ਬੇਟ,
ਮੱਝਾਂ ਤੁਰਤ ਭਰੇਂਦੀਆਂ ਪੇਟ,
ਜਟ ਚਾੜ੍ਹਨ ਮੁੱਛਾਂ ਨੂੰ ਵੇਟ,
ਰਜ ਖਾਵਣ ਦੀਆਂ ਹੋਵਣ
ਸੱਭੋ ਮਸਤੀਆਂ ।੧।
ਇਸ ਬੇਟੋਂ ਲੰਘੇ ਇਕ ਨਈਂ,
ਆਖਣ ਜਿਸ ਨੂੰ ਕਾਲੀ ਬਈਂ,
ਕਿਧਰੇ ਦਿਸਦੀ ਕਿਧਰੇ ਨਹੀਂ,
ਜੁੜੀਆਂ ਇਸ ਦੇ ਨਾਲ
ਕਥਾਵਾਂ ਬੀਤੀਆਂ ।੨।
ਕੰਢਿਆਂ ਤੇ ਪਿੰਡ ਨਿੱਕੇ ਨਿੱਕੇ,
ਬਾਂਕੇ ਗਭਰੂ, ਬਾਲ ਲਡਿੱਕੇ,
ਰੰਨਾਂ ਪਹਿਨਣ ਘਗਰੇ ਝਿੱਕੇ,
ਲੌਣਾਂ ਉੱਤੇ ਕੱਢੀਆਂ,
ਸੁੰਦਰ ਬੂਟੀਆਂ ।੩।
ਇਸ ਬੇਈਂ ਦੇ ਅਸਲੋਂ ਨਾਲ,
ਧੰਨੇ ਜਟ ਦਾ ਖੂਹ ਵਿਸ਼ਾਲ,
ਚੀਕਣ ਢੋਲ, ਝਵਕਲੀ, ਮਾਹਲ,
ਬਲਦਾਂ ਦੇ ਗਲ ਖੜਕਣ,
ਜੰਗ ਤੇ ਟੱਲੀਆਂ ।੪।
ਏਥੇ ਈ ਢਾਰੇ ਵਿਚਕਾਰ,
ਧੰਨਾ ਰਹੇ ਸਣੇ ਪਰਵਾਰ,
ਹੋਇਆ ਚਿਰ ਵਿਛੜ ਗਈ ਨਾਰ,
ਛਡ ਪਿੱਛੇ ਤਿੰਨ ਬੱਚੇ,
ਉਮਰਾਂ ਬਾਲੀਆਂ ।੫।
ਪਚਵੰਜਾ ਦਾ ਅੱਸੂ ਚੜ੍ਹਿਆ,
ਅਤ ਤੂਫ਼ਾਨੀ ਬੱਦਲ ਵਰ੍ਹਿਆ,
ਤਿੰਨ ਦਿਨ ਤਿੰਨ ਰਾਤਾਂ ਨਹੀਂ ਖਰਿਆ,
ਕੜ ਪਾਟਾ ਅਸਮਾਨੀ,
ਝੜੀਆਂ ਲੱਗੀਆਂ ।੬।
ਰੱਜ ਗਏ ਟੋਭੇ, ਕਸੀਆਂ, ਖਾਲ
ਭਰ ਗਏ ਖੂਹ ਹੜ੍ਹਾਂ ਦੇ ਨਾਲ,
ਨੱਚਣ ਲੱਗਾ ਕਾਲ ਵਿਕਰਾਲ,
ਵਿਕਣ ਲੱਗੀਆਂ ਜਾਨਾਂ,
ਬਹੁਤ ਸਵੱਲੀਆਂ ।੭।
ਵਧਿਆ ਜਦ ਪਾਣੀ ਦਾ ਜ਼ੋਰ,
ਲੈ ਗਿਆ ਤਕੜੇ ਬਿਰਛ ਮਰੋੜ,
ਢੱਠੇ ਕੋਠੇ, ਰੁੜ੍ਹੇ ਜਨੌਰ,
ਦੈਂਤ ਪਾਣੀ ਦਾ ਪਾਵਣ,
ਲੱਗਾ ਜੁਲੀਆਂ ।੮।
ਧੰਨੇ ਚੇਤਿਆ ਗੁਰੂ ਅਕਾਲ,
ਕਾਠ ਦੀ ਖੁਰਲੀ ਵਿਚ ਬਹਾਲ,
ਅਠ, ਦਸ, ਬਾਰਾਂ ਦੇ ਤਰੈ ਬਾਲ,
ਦੌੜਿਆ ਪਿੰਡ ਦੇ ਵਲ
ਬਚਾਵਣ ਜਿੰਦੜੀਆਂ ।੯।
ਇਕ ਪਾਸਿਓਂ ਸੀ ਪਿੰਡ ਉਚੇਰਾ
ਲੋਕਾਂ ਲਾਇਆ ਉਥੇ ਡੇਰਾ,
ਪੁਜਿਆ ਧੰਨਾ ਕਰਕੇ ਜੇਰਾ,
ਬੇਟ ਉਤੇ ਤਰਕਾਲਾਂ,
ਉਤਰਨ ਲੱਗੀਆਂ ।੧੦।
ਧੰਨੇ ਕਰ ਖਲੀਆਂ ਬਾਹੀਂ,
ਪਿੰਡ ਦੇ ਅੱਗੇ ਪਾਈ ਦੁਹਾਈ,
"ਜਿੰਦਾਂ ਤਿੰਨ ਬਚਾ ਲਓ ਭਾਈ,
ਔਹ ਵੇਖੋ ਖੂਹ ਉਤੇ,
ਪਾਣੀ ਘੇਰੀਆਂ" ।੧੧।
ਪਿੰਡ ਦੇ ਸਾਰੇ ਸੁਘੜ ਸਿਆਣੇ,
ਦੇਖਣ ਲਗ ਪਏ ਰੱਬ ਦੇ ਭਾਣੇ,
ਹੜ੍ਹ ਨੇ ਕੀਤੇ ਹੋਰ ਧਿਙਾਣੇ,
ਕਢ ਖੁਰਲੀ ਨੂੰ ਪੈਰੋਂ
ਲਹਿਰਾਂ ਲੈ ਗਈਆਂ ।੧੨।
ਖੁਰਲੀ ਨੂੰ ਪਏ ਲਗਣ ਛਲੱਕੇ,
ਬਿਟ ਬਿਟ ਸਾਰਾ ਪਿੰਡ ਪਿਆ ਤਕੇ,
ਜੁਆਨ ਕਰੇਂਦੇ ਜੱਕੋ ਤੱਕੇ,
ਕਿਹੜਾ ਜਿੰਦ ਨੂੰ ਹੂਲ,
ਬਚਾਵੇ ਜਿੰਦੜੀਆਂ ।੧੩।
ਕਿਹਰਾ ਕਿਹਰਾ ਇਕ ਜੁਆਨ,
ਡਾਢਾ ਛਟਿਆ ਤੇ ਸ਼ੈਤਾਨ,
ਦਾਰੂ ਛਵ੍ਹੀਆਂ ਦੀ ਪਹਿਚਾਨ,
ਬਾਝੋਂ ਜਿਸ ਨੂੰ ਸੁਰਤਾਂ,
ਰੱਬ ਨਾ ਦਿੱਤੀਆਂ ।੧੪।
ਬੋਲਿਆ ਆਕੇ ਵਿਚ ਵਰਾਗ,
ਜਿਵੇਂ ਪਵੇ ਕੋਈ ਇਕ ਦਮ ਜਾਗ,
"ਧੰਨ ਸਮਝਾਂ ਮੈਂ ਅਪਣੇ ਭਾਗ,
ਜੇ ਮੈਂ ਅਜ ਬਚਾਲਾਂ,
ਜਿੰਦਾਂ ਰੁੜ੍ਹਦੀਆਂ ।੧੫।
"ਕਈ ਪਾਪਾਂ ਤੇ ਕਈ ਖੂਨਾਂ ਦੇ,
ਦਾਗ਼ ਨੇ ਮੇਰੇ ਹੱਥਾਂ ਉਤੇ,
ਖਵਰੇ ਅਜ ਜਾਵਣ ਇਹ ਧੋਤੇ,
ਸਤਿਗੁਰ ਪੂਰੇ ਦਿਤੀਆਂ,
ਜੇ ਕਰ ਹਿੰਮਤਾਂ" ।੧੬।
ਫਿਰ ਬੋਲਿਆ ਉਹ ਵਿਚ ਜਲਾਲ,
"ਉਠੋ ਜੁਆਨੋ ਲਿਆਵੋ ਭਾਲ,
ਲਾਲਟੈਣ, ਕੁਝ ਲੱਜਾਂ ਨਾਲ,
ਰੱਖਣੀਆਂ ਜੇ ਚਾਹੋ,
ਲੱਜਾਂ ਪਿੰਡ ਦੀਆਂ" ।੧੭।
ਲਾਲਟੈਣ ਖੂੰਡੇ ਤੇ ਟੰਗ,
ਪਾਣੀ ਵਿਚ ਵੜ ਗਿਆ ਨਿਸੰਗ,
ਨਾਲ ਲਹਿਰਾਂ ਦੇ ਕਰਦਾ ਜੰਗ,
ਖੁਰਲੀ ਉਤੇ ਨਜ਼ਰਾਂ,
ਸਭ ਦੀਆਂ ਗੱਡੀਆਂ ।੧੮।
ਰੁੜ੍ਹਦੀ ਖੁਰਲੀ ਅਤੇ ਅੰਜਾਣ,
ਨ੍ਹੇਰੇ ਦੇ ਵਿਚ ਗੁੰਮਦੇ ਜਾਣ,
ਲਾਲਟੈਨ ਦਾ ਦੇਖ ਨਿਸ਼ਾਨ,
ਪਰ ਖੁਰਲੀ ਵਲ ਵਧਦਾ,
ਆਸਾਂ ਬਝਦੀਆਂ ।੧੯।
ਆਖ਼ਰ ਕਰਕੇ ਲੰਮਾ ਘੋਲ,
ਕਿਹਰਾ ਪੁਜਿਆ ਖੁਰਲੀ ਕੋਲ,
ਲੱਕ ਦੇ ਨਾਲੋਂ ਲੱਜ ਨੂੰ ਖੋਹਲ,
ਖੁਰਲੀ ਦੇ ਕੁੰਡੇ ਨੂੰ,
ਗੰਢਾਂ ਮਾਰੀਆਂ ।੨੦।
ਕਿੰਜ ਅਠ, ਦਸ, ਬਾਰਾਂ ਦੇ ਬਾਲ,
ਝਲਦੇ ਰਹੇ ਮੀਂਹ ਦੀ ਝਾਲ,
ਨਿੱਕਿਆਂ ਨਿੱਕਿਆਂ ਬੁਕਾਂ ਨਾਲ,
ਰਹੇ ਝੱਟਦੇ ਪਾਣੀ,
ਅਕਲਾਂ ਹਾਰੀਆਂ ।੨੧।
ਕਿਹਰੇ ਲਾ ਕੇ ਸਾਰਾ ਜ਼ੋਰ,
ਧੂਹ ਖੁਰਲੀ ਨੂੰ ਲਿਆਂਦਾ ਮੋੜ,
ਇਕ ਉਚੇ ਕਿੱਕਰ ਦੇ ਕੋਲ,
ਵਲ ਤਣੇ ਦੇ ਨਾਲ,
ਬਚਾਈਆਂ ਜਿੰਦੜੀਆਂ ।੨੨।
ਪਹਿਰ ਇਕ ਜਦ ਗੁਜ਼ਰਿਆ ਆਣ,
ਧੰਨਾ ਤੇ ਕੁਝ ਹੋਰ ਜੁਆਨ,
ਲਾਲਟੈਨ ਨੂੰ ਰਖ ਨਿਸ਼ਾਨ,
ਪੁਜ ਗਏ ਕਿੱਕਰ ਲਾਗੇ,
ਕਰਕੇ ਹਿੰਮਤਾਂ ।੨੩।
ਇਉਂ ਕਿਹਰੇ ਦੀ ਹਿੰਮਤ ਨਾਲ,
ਬਚ ਗਏ ਤਿੰਨ ਨਿਆਣੇ ਬਾਲ,
ਸਫ਼ਲੀ ਹੋਈ ਪਿੰਡ ਦੀ ਘਾਲ,
ਸ਼ੇਰ ਕਿਹਰੇ ਦਾ ਮੱਥਾ,
ਬੁਢੀਆਂ ਚੁੰਮਦੀਆਂ ।੨੪।
ਹੁਣ ਵੀ ਵਗਦੀ ਕਾਲੀ ਬਈਂ,
ਕੰਢਿਆਂ ਉਤੇ ਚਰਦੀਆਂ ਮਹੀਂ,
ਕਿਧਰੇ ਦਿਸਦੀ ਕਿਧਰੇ ਨਹੀਂ,
ਘਰ ਘਰ ਚਲਦੀਆਂ ਵਾਰਾਂ,
ਕਿਹਰੇ ਜਟ ਦੀਆਂ ।੨੫।