18.1 C
Los Angeles
Thursday, January 2, 2025

ਅਗਸਤ 1947 ਦੀ ਵਾਰ

ਤੇਰਾ ਸਿੰਘ ਚੰਨ

ਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ ।
ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ।
ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ ਵਿਚ ਬਾਲੀ।
ਕਿ ਹੋ ਗਈ ਗੋਰੇ ਜੁਲਮ ਦੀ, ਦੇਹ ਸੜ ਕੇ ਕਾਲੀ ।
ਚਿਰ-ਸੁੱਤੀਆਂ ਅਣਖਾਂ ਜਾਗ ਕੇ ਆ ਵਾਗ ਸੰਭਾਲੀ।
ਪਈਆਂ ਖੇਤੀਂ ਉਗ ਦਲੇਰੀਆਂ, ਸਿੱਟਿਆਂ ਤੇ ਲਾਲੀ।
ਪਏ ਪਕੜਨ ਉਠ ਸੱਯਾਦ ਨੂੰ ਬਾਗਾਂ ਦੇ ਮਾਲੀ।
ਸਨ ਕਲਮਾਂ ਚੁੰਜਾਂ ਚੁਕੀਆਂ, ਲਜ ਆਪਣੀ ਪਾਲੀ।
ਓਦੋਂ ਸਾਗਰ ਆਪਣੀ ਤਹਿ ‘ਚੋਂ ਸੀ ਅੱਗ ਉਛਾਲੀ।
ਪਏ ਲੰਬੂ ਭੜਕ ਚੁਫੇਰਿਓ, ਕੀ ਕਰੂ ਪਰਾਲੀ।
ਜਦ ਦਿੱਤੀ ਗੋਰੇ ਹਾਕਮਾਂ ਨੂੰ ਮੌਤ ਵਿਖਾਲੀ।
ਉਹਨਾਂ ਆਪਣੀ ਜਿੰਦ ਬਚਾਣ ਲਈ ਇਹ ਵਿਉਂਤ ਬਣਾ ਲੀ ।

ਉਹਨਾਂ ਚੋਣਵੇਂ ਲੀਡਰ ਦੇਸ਼ ਦੇ, ਦਿੱਲੀ ਬੁਲਵਾਏ ।
ਉਹਨਾਂ ਕਿਹਾ: ਤੁਹਾਨੂੰ ਲੀਡਰੋ ਕੋਈ ਕੀ ਸਮਝਾਵੇ?
ਜਿਹੜੇ ਲੋਕੀਂ ਸਾਡੇ ਲਹੂ ਦੇ ਫਿਰਦੇ ਤਰਹਿਆਏ ।
ਨਹੀ ਹੁੰਦੇ ਮਿੱਤਰ ਕਿਸੇ ਦੇ ਸੱਪਾਂ ਦੇ ਜਾਏ ।
ਜੋ ਦਿਨ ਦਿਨ ਕਾਂਗ, ਬਗਾਵਤਾਂ ਦੀ ਚੜ੍ਹਦੀ ਜਾਏ ।
ਇਹ ਤੁਹਾਨੂੰ ਸਾਡੇ ਨਾਲ ਹੀ ਨਾ ਡੋਬ ਮੁਕਾਏ ।
ਆਉ ਬਹਿ ਤਦਬੀਰਾਂ ਸੋਚੀਏ, ਕੋਈ ਕਰੋ ਉਪਾਏ ।
ਭੜ ਭੜ ਮਚਦੀ ਅੱਗ ਤੇ ਘੁੱਟ ਪਾਣੀ ਪਾਏ ।

ਬੰਦ ਕਰਕੇ ਬੂਹੇ-ਬਾਰੀਆਂ ਉਹਨਾਂ ਮਜਲਿਸ ਜੋੜੀ।
ਉਹਨਾਂ ਅੰਦਰੋਂ ਅੰਦਰ ਭੰਨ ਲਈ, ਬੁੱਕਲ ਵਿੱਚ ਰੋੜੀ।
ਉਹਨਾਂ ਲੱਜਾਂ ਸਭੇ ਰੋਲੀਆਂ, ਲੱਜ ਕੰਢੇ ਤੋੜੀ।
ਉਹਨਾਂ ਆਈ ਆਜ਼ਾਦੀ ਆਪਣੇ ਬੂਹੇ ਤੋਂ ਮੋੜੀ।
ਉਹਨਾਂ ਕੰਢੇ ਉੱਤੇ ਆਣ ਕੇ ਸੀ ਬੇੜੀ ਬੋੜੀ।
ਉਹਨਾਂ ਵੇਚੀਆਂ ਕੁੱਲ ਕੁਰਬਾਨੀਆਂ ਤੇ ਰੱਤ ਨਚੋੜੀ।

ਜੱਦ ਸਹੀਆਂ ਖ਼ਾਤਰ ਲੀਡਰਾਂ, ਹੱਥ ਆਪਣੇ ਚੁਕੇ ।
ਤਾਂ ਕੁਲ ਸ਼ਹੀਦਾਂ ਜਾਗ ਕੇ ਵੱਟ ਲੀਤੇ ਮੁੱਕੇ।
ਉਹ ਸ਼ੇਰਾਂ ਵਾਂਗਰ ਉਹਨਾਂ ਦੇ ਮੂਹਰੇ ਬੁੱਕੇ:
ਹੈ ਕਿਹੜਾ ਸਾਡੀਆਂ ਦਾਹੜੀਆਂ ਵਿਚ ਜਿਹੜਾ ਥੁੱਕੇ?

ਤਾਂ ਬੋਲਿਆ ਸੂਰਾ ਭਗਤ ਸਿੰਘ, ਹਥ ਰੱਸਾ ਫੜਿਆ
ਕੀ ਏਸ ਆਜ਼ਾਦੀ ਲਈ ਸਾਂ ਮੈਂ ਫਾਂਸੀ ਚੜ੍ਹਿਆ?
ਕੀ ਸਤਲੁਜ ਕੰਢੇ ਇਸੇ ਲਈ, ਮੈਂ ਜਾ ਕੇ ਸੜਿਆ?
ਕੀ ਇਸ ਲਈ ਵੈਰੀ ਨਾਲ ਮੈਂ ਹਿੱਕ ਡਾਹਕੇ ਲੜਿਆ?

ਤੁਸਾਂ ਅੱਗੇ ਅੱਗੇ ਕਰ ਲਏ, ਕੁਲ ਮੋਟੇ ਮੋਟੇ।
ਤੇ ਪੈਰਾਂ ਮੂਹਰੇ ਸੁਟ ਲਏ, ਕੁਲ ਛੋਟੇ ਛੋਟੇ ।
ਹੈ ਵੱਸੀ ਪ੍ਰੀਤ ਪੰਜਾਬ ਦੀ, ਮੇਰੇ ਪੋਟੇ ਪੋਟੇ ।
ਨਾ ਕਰਨਾ ਇਸ ਦੇ ਪਾਪੀਉ ਅੱਜ ਟੋਟੇ ਟੋਟੇ ।

ਫਿਰ ਜੱਲ੍ਹਿਆਂ ਵਾਲਾ ਬੋਲਿਆ, ਗੁੱਸੇ ਵਿੱਚ ਬਲਿਆ:
ਸੀ ਮੇਰੇ ਇਕ ਇਕ ਲੂੰ ਨੂੰ ਜਿਸ ਗੋਰੇ ਸੱਲਿਆ।
ਜਿਸ ਮੇਰੀ ਪੱਤ ਨੂੰ ਰੋਲਿਆ, ਪੈਰਾਂ ਵਿੱਚ ਦਲਿਆ ।
ਅਜੇ ਓਹਦੇ ਨਾਲ ਬਿਹਾਲੀਆਂ, ਦਿਲ ਰਤਾ ਨਾ ਹੱਲਿਆ?

ਉਸ ਸਾਂਝੇ ਵੀਟੇ ਲਹੂ ਦੀ, ਲਜ ਪਾਲ ਵਿਖਾਲੋ ।
ਨਾ ਦਸਖ਼ਤ ਕਰ ਕੇ ਮੌਤ ਤੇ, ਮੇਰੀ ਗਿਲ ਗਾਲੋ।
ਰੱਤ ਦੇ ਕੇ ਮੇਰੀ, ਕੁਰਸੀਆਂ, ਨਾ ਆਪ ਸੰਭਾਲੋ।
ਨਾ ਮੇਰੇ ਦੇਸ਼ ਪੰਜਾਬ ਦੀ ਇੰਜ ਮਿੱਟੀ ਬਾਲੋ।

ਫਿਰ ਬੋਲੇ ਬਜ ਬਜ ਘਾਟੀਏ ਤੇ ਗਦਰੀ ਸੂਰੇ ।
ਜਿਨ੍ਹਾਂ ਸਹਿ ਸਹਿ ਗੋਰੇ ਜ਼ੁਲਮ ਨੂੰ ਲੱਕ ਕਰ ਲਏ ਦੂਹਰੇ ।
ਲਹੂ ਅੰਦਰ ਭਿਜੀਆਂ ਦਾਹੜੀਆਂ, ਸਿਰ ਚਿੱਟੇ ਭੂਰੇ:
ਤੁਸਾਂ ਲਿਆ ਲੁਕੋ ਅੰਗ੍ਰੇਜ਼ ਨੂੰ ਖ਼ੁਦ ਹੋ ਕੇ ਮੂਹਰੇ।
ਸਾਡੇ ਜੁਸੇ ਤੇ ਹਰ ਡਾਂਗ ਪਈ, ਅਜ ਜਿਸ ਨੂੰ ਘੂਰੇ ।
ਨਾ ਮਾਰੋ ਸਾਡੇ ਮੂੰਹ ਤੇ ਹੁਣ ਏਦਾਂ ਹੂਰੇ ।

ਮੁੜ ਅਗੇ ਹੋ ਜਹਾਜ਼ੀਆਂ, ਇਉਂ ਬੋਲੀ ਬਾਣੀ:
ਅਸਾਂ ਰੰਗਿਆ ਆਪਣੇ ਲਹੂ ਨਾਲ ਸਾਗਰ ਦਾ ਪਾਣੀ ।
ਪਰ ਸਾਡੀ ਵੀਟੀ ਰੱਤ ਨਾ ਅੱਜ ਵੇਚ ਕੇ ਖਾਣੀ ।
ਸਾਡੇ ਸੁਲਗੇ ਹੋਏ ਬਾਰੂਦ ਤੇ ਨਾ ਮਿਟੀ ਪਾਣੀ।

ਜਦ ਲੰਘ ਗਏ ਕੁਲ ਸ਼ਹੀਦ ਉਹਨਾਂ ਦੇ ਮੂਹਰਿਓ ਆ ਕੇ ।
ਉਹਨਾਂ ਦੂਜੇ ਕੰਨ ‘ਚੋਂ ਕੱਢਿਆ, ਇਕ ਕੰਨ ‘ਚੋਂ ਪਾ ਕੇ ।
ਉਹਨਾਂ ਗੋਰੇ ਦੇ ਵਲ ਵੇਖਿਆ ਰਤਾ ਬੁਲ੍ਹ਼ ਮੁਸਕਾ ਕੇ ।
ਮੁੜ ਝੁਕੇ ਦਸਖ਼ਤਾਂ ਕਰਨ ਲਈ , ਕਲਮਾਂ ਨੂੰ ਚਾ ਕੇ ।

ਇਉਂ ਕਾਗਜ਼ ਉੱਤੇ ਦਸਖ਼ਤਾਂ ਲਈ ਕਲਮਾਂ ਟੁਰੀਆਂ।
ਜਿਉਂ ਫਿਰੀਆਂ ਮੇਰੇ ਦੇਸ਼ ਦੇ, ਸੀਨੇ ਵਿਚ ਛੁਰੀਆਂ ।
ਤਾਂ ਢਹਿ ਗਈ ਛਤ ਇਨਸਾਫ਼ ਦੀ, ਤੇ ਨੀਹਾਂ ਖੁਰੀਆਂ।
ਪੈ ਗਈਆਂ ਆ ਤਹਿਜ਼ੀਬ ਦੇ ਚਿਹਰੇ ਤੇ ਝੁਰੀਆਂ।

ਜਦ ਲਿਖੀਆਂ ਸਾਡੇ ਲੀਡਰਾਂ, ‘ਖ਼ੂਨੀਂ’ ਤਹਿਰੀਰਾਂ।
ਤਾਂ ਟੋਟੇ ਕੀਤੇ ਧਰਮ ਦੇ, ਫ਼ਿਰਕੂ ਸ਼ਮਸ਼ੀਰਾਂ।
ਸਾਡੀ ਕੁਲ ਪੁਰਾਣੀ ਸਭਯਤਾ ਹੋਈ ਲੀਰਾਂ ਲੀਰਾਂ।
ਇਉਂ ਵੰਡੀਆਂ ਗਈਆਂ ਸਾਡੀਆਂ ਥਾਂ ਥਾਂ ਤਕਦੀਰਾਂ।
ਇਕ ਪਾਸੇ ਰਾਂਝੇ ਡੁਸਕਦੇ, ਇੱਕ ਪਾਸੇ ਹੀਰਾਂ।

ਜਦ ਵੰਡੀਆਂ ਗੋਰੇ ਗੋਲੀਆਂ ਦੇ ਨਾਲ ਬੰਦੂਕਾਂ ।
ਤਾਂ ਉੱਠੀਆਂ ਮੇਰੇ ਦੇਸ਼ ਦੇ ਸੀਨੇ ‘ਚੋਂ ਹੂਕਾਂ।
ਉਸ ਲਾ ਕੇ ਆਪੇ ਮਾਰੀਆਂ, ਬਲਦੀ ਨੂੰ ਫੂਕਾਂ।
ਆ ਸਧਰਾਂ ਦੇ ਸਾਹ ਘੁਟ ਲਏ, ਵੈਣਾਂ ਤੇ ਕੂਕਾਂ ।

ਇਉਂ ਰੋ ਰੋ ਭੁੱਬਾਂ ਮਾਰੀਆਂ, ਰਲ ਪੰਜ ਦਰਿਆਵਾਂ ।
ਹਾਏ ਕਿਸ ਚੰਦਰੇ ਨੇ ਤੋੜੀਆਂ, ਅਜ ਸਾਡੀਆਂ ਬਾਹਵਾਂ।
ਕਿਨ ਸੇਹ ਦਾ ਤਕਲਾ ਗੱਡਿਆ, ਅਜ ਵਿਚ ਭਰਾਵਾਂ।
ਕਿਸ ਵੈਰੀ ਕੋਲੇ ਵੇਚੀਆਂ, ਅਜ ਸਾਡੀਆਂ ਛਾਵਾਂ।
ਸਾਡੇ ਅੰਦਰੋਂ ਬਲ ਬਲ ਉੱਠੀਆਂ, ਅੱਜ ਠੰਡੀਆਂ ਆਹਵਾਂ।

ਛੱਡ ਆਏ ਫ਼ਸਲਾਂ ਪੱਕੀਆਂ ਧਰਤੀ ਦੇ ਜਾਏ।
ਰਹੇ ਸਿੱਟੇ ਪੱਲੇ ਪਕੜਦੇ, ਪਰ ਕੌਣ ਮਨਾਏ ।
ਪਰ ਦਾਣਿਆਂ ਜੇਡੇ ਅੱਥਰੂ, ਨੈਣਾਂ ਵਿਚ ਆਏ ।
ਲੈ ਟੁਰ ਪਏ ਖ਼ਾਲੀ ਕੰਨੀਆਂ, ਇਉਂ ਭਰੇ ਭਰਾਏ ।

ਪਰ ਅੱਜ ਉਸ ਵਗੀ ਰੱਤ ‘ਚੋਂ ਕਈ ਲਾਟਾਂ ਬਲੀਆਂ ।
ਅੰਗ ਟੁਟੇ ਮੌਲਣ ਲਗ ਪਏ, ਮੁੜ ਬਾਹਵਾਂ ਹਲੀਆਂ।
ਸਿਰ ਉੱਤੇ ਕੁਲ ਮੁਸੀਬਤਾਂ, ਲੋਕਾਂ ਨੇ ਝੱਲੀਆਂ ।
ਹੁਣ ਧੋਖੇ ਭਰੀ ਆਜ਼ਾਦੀਓਂ, ਲੀਰਾਂ ਲਹਿ ਚਲੀਆਂ।
ਲਗ ਗਈਆਂ ਅੱਜ ਕਿਸਾਨ ਦੀ ਦਾਤੀ ਨੂੰ ਬਲੀਆਂ।
ਅਜ ਉੱਠੇ ਪੈਰ ਮਾਨੁਖ ਦੇ, ਨਾ ਲਗਣ ਤਲੀਆਂ।
ਮੁੜ ਜਾਗ ਕੇ ਨੀਂਦੇ ਸੁਪਨਿਆਂ ਨੇ ਅੱਖਾਂ ਮਲੀਆਂ।
ਅੱਜ ਲੋਕਾਂ ਦੇ ਹੱਥ ਹੋਣੀਆਂ, ਜੋ ਕਦੇ ਨਾ ਟਲੀਆਂ ।

ਛੰਦ ਪਰਾਗਾ

'ਛੰਦ' ਕਾਵਿ ਰੂਪ ਹੈ, ਜੋ ਨਿੱਕੀਆਂ ਬੋਲੀਆਂ ਨਾਲ ਮਿਲਦਾ ਜੁਲਦਾ ਹੈ । 'ਪਰਾਗਾ' ਸ਼ਬਦ ਦਾ ਅਰਥ ਹੈ 'ਇਕ ਰੁੱਗ' ਭਾਵ ਸੰਗ੍ਰਿਹ । ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਦੇ ਉਹਦੀ ਸੱਸ ਅਤੇ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ ਕਈ ਸ਼ਗਨ ਕਰਦੀਆਂ ਹਨ । ਛੰਦ ਪਰਾਗੇ ਗੀਤ ਰੂਪ ਵਿੱਚ ਸਾਲੀਆਂ ਲਾੜੇ ਪਾਸੋਂ ਛੰਦ ਸੁਣਦੀਆਂ ਹਨ।ਛੰਦ ਪਰਾਗੇ ਆਈਏ ਜਾਈਏਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡਲੀ।ਸਹੁਰਾ ਫੁੱਲ ਗੁਲਾਬ ਦਾ, ਸੱਸ ਚੰਬੇ ਦੀ ਕਲੀ।ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀਆਂ।ਸੋਨੇ ਦਾ ਮੈਂ...

ਹੁੱਲੇ-ਹੁਲਾਰੇ

ਹੁੱਲੇ-ਹੁਲਾਰੇ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਮ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪ੍ਰੰਪਰਾ ਦੇਵ ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ। ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਸੀ, ਉਹ ਹਰੇਕ ਤੁਕ ਦਾ ਪਹਿਲਾ ਭਾਗ...

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ । ਇਕੋ ਸ਼ਬਦ ਨੂੰ ਵੱਖ-ਵੱਖ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ ਅਤੇ ਬਹੁਤੇ ਸ਼ਬਦ ਅਕਸਰ ਗਲਤ ਲਿਖੇ ਜਾਂਦੇ...