ਛੰਦ ਪਰਾਗਾ
'ਛੰਦ' ਕਾਵਿ ਰੂਪ ਹੈ, ਜੋ ਨਿੱਕੀਆਂ ਬੋਲੀਆਂ ਨਾਲ ਮਿਲਦਾ ਜੁਲਦਾ ਹੈ । 'ਪਰਾਗਾ' ਸ਼ਬਦ ਦਾ ਅਰਥ ਹੈ 'ਇਕ ਰੁੱਗ' ਭਾਵ ਸੰਗ੍ਰਿਹ । ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਦੇ ਉਹਦੀ ਸੱਸ ਅਤੇ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ ਕਈ ਸ਼ਗਨ ਕਰਦੀਆਂ ਹਨ । ਛੰਦ ਪਰਾਗੇ ਗੀਤ ਰੂਪ ਵਿੱਚ ਸਾਲੀਆਂ ਲਾੜੇ ਪਾਸੋਂ ਛੰਦ ਸੁਣਦੀਆਂ ਹਨ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡਲੀ।
ਸਹੁਰਾ ਫੁੱਲ ਗੁਲਾਬ ਦਾ, ਸੱਸ ਚੰਬੇ ਦੀ ਕਲੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀਆਂ।
ਸੋਨੇ ਦਾ ਮੈਂ ਮਹਿਲ ਚਣਾਵਾਂ, ਵਿੱਚ ਬਿਠਾਵਾਂ ਸਾਲੀਆਂ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁਰਮਾ।
ਕੁੜੀ ਤੁਹਾਡੀ ਇੰਞ ਰਖੇਸਾਂ, ਜਿਉਂ ਅੱਖਾਂ `ਚ ਸੁਰਮਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਟਹਿਣਾ।
ਦੂਆ ਛੰਦ ਤਾਂ ਪਾਵਾਂ, ਜੇ ਸਹੁਰਾ ਦੇਵੇ ਗਹਿਣਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਜਾਨ।
ਤੁਹਾਡੇ ਵਿੱਚ ਅੜ ਕੇ ਬੈਠੂੰ, ਜਿਉਂ ਗੋਪੀਆਂ ਵਿੱਚ ਕਾਨ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੰਡ।
ਗੋਪੀਆ ਅੱਜ ਕਾਨ ਘੇਰਿਆ, ਬਹਿ ਸੁਣਦਿਆ ਛੰਦ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਤੁਸੀਂ ਮੇਰੀਆਂ ਭੈਣਾਂ ਲੱਗੀਆਂ, ਮੈਂ ਆਂ ਥੋਡਾ ਵੀਰ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਚੱਕੀਆਂ।
ਮਾਂ ਤੁਹਾਡੀ ਡਾਢੀ ਖਚਰੀ, ਤੁਸੀਂ ਛਿਨਾਰਾਂ ਪੱਕੀਆਂ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁੰਮਾਂ।
ਸੱਭੋ ਸਾਲੀਆਂ ਸੋਹਣੀਆਂ, ਮੈਂ ਕੀਹਦਾ ਮੂੰਹ ਚੁੰਮਾਂ?
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ।
ਧੀ ਤੁਹਾਡੀ ਏਦਾਂ ਰਖਸਾਂ, ਜਿਉਂ ਮੁੰਦਰੀ ਵਿਚ ਹੀਰਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀ।
ਹੋਰ ਛੰਦ ਮੈਂ ਤਾਂ ਸੁਣਾਵਾਂ, ਜੇ ਹੱਥ ਜੋੜੇ ਸਾਲੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਮਹਿਣਾ।
ਬੇਟੀ ਨੂੰ ਸਮਝਾ ਦੇਣਾ ਜੀ, ਆਗਿਆ ਦੇ ਵਿਚ ਰਹਿਣਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਰ।
ਲੋਕ ਭਾਰੀਆਂ ਮਾਰਦੇ, ਸੰਜੋਗ ਜੋਰਾਵਰ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ।
ਇੱਕ ਨੂੰ ਤਾਂ ਅਸੀਂ ਲੈ ਹਾਂ ਚੱਲੇ, ਇੱਕ ਸਾਕ ਹੋਰ ਲੈਣਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਬੇਰੀ।
ਵੇਖ ਵੇਖ ਕੇ ਥੱਕੀਆਂ ਅੱਖੀਆਂ, ਝੁਮਕਿਆਂ ਵਾਲੀ ਮੇਰੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡੰਡੀ।
ਸਹੁਰਾ ਮੇਰਾ ਮਾਰਦਾ, ਤੇ ਸੱਸ ਪਾਉਂਦੀ ਭੰਡੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਬਰੂਟੀ।
ਸੌਹਰਾ ਫੁੱਲ ਗੁਲਾਬ ਦਾ, ਸੱਸ ਚੰਬੇ ਦੀ ਬੂਟੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕੇਸਰ।
ਸੱਸ ਤਾਂ ਮੇਰੀ ਪਾਰਬਤੀ, ਸਹੁਰਾ ਮੇਰਾ ਪਰਮੇਸਰ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਆਲਾ।
ਅਕਲਾਂ ਵਾਲੀ ਸਾਲੀ ਮੇਰੀ, ਸੋਹਣਾ ਮੇਰਾ ਸਾਲਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਮੈਂ ਸਾਂ ਰਾਂਝਾ ਜੱਟ ਅੱਗੇ ਹੀ, ਮਿਲ ਗਈ ਮੈਨੂੰ ਹੀਰ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਫੀਤਾ।
ਅਸੀਂ ਸਾਂ ਗਰੀਬ ਆਦਮੀ, ਤੁਸਾਂ ਨੇ ਕੱਜ ਲੀਤਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪੁਲ।
ਕੁੜੀ ਤੁਹਾਡੀ ਕਲੀ ਚੰਬੇ ਦੀ, ਮੈਂ ਗੁਲਾਬ ਦਾ ਫੁਲ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡੋਲਣਾ।
ਬਾਪੂ ਜੀ ਨੇ ਆਖਿਆ ਸੀਗਾ, ਬਹੁਤਾ ਨਹੀਂਗਾ ਬੋਲਣਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਲੇਫ।
ਘੁੰਡ ਚੁੱਕ ਕੇ ਇਕ ਵੇਰ ਤਾਂ, ਵੱਲ ਅਸਾਡੇ ਵੇਖ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਰਾਂ।
ਮੇਰੇ ਵੱਲ ਤੂੰ ਵੇਖ ਹੱਸ ਕੇ, ਮਿੰਨਤਾਂ ਪਿਆ ਮੈਂ ਕਰਾਂ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ।
ਛੇਤੀ ਛੇਤੀ ਟੋਰੋ ਕੁੜੀ ਨੂੰ, ਹੋਰ ਨਹੀਂ ਮੈਂ ਬਹਿਣਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹੰਸ।
ਸੀਤਾ ਤਾਈਂ ਵਿਆਹੁਣ ਆਏ, ਰਾਮ ਜੀ ਸੂਰਜ ਵੰਸ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਘਿਓ।
ਸੱਸ ਲੱਗੀ ਅੱਜ ਤੋਂ ਮਾਂ ਮੇਰੀ, ਸਹੁਰਾ ਲੱਗਾ ਪਿਓ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਾਲੇ।
ਸਾਲੀਆਂ ਮੈਨੂੰ ਭੋਲੀਆਂ ਜਾਪਣ ਚੁਸਤ ਬੜੇ ਨੇ ਸਾਲੇ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ।
ਉਪਰੋਂ ਤਾਂ ਤੁਸੀਂ ਮਿੱਠੀਆਂ, ਦਿਲ ਦੇ ਵਿੱਚ ਖੋਟੀਆਂ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਦਾਤ।
ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ, ਭੁਲ ਚੁੱਕ ਕਰਨੀ ਮੁਆਫ਼।