A Literary Voyage Through Time

ਵਿਧਾਤਾ ਸਿੰਘ ਤੀਰ (1901-1972) ਦਾ ਜਨਮ ਪਿੰਡ ਘਗਰੋਟ ਜਿਲ੍ਹਾ ਰਾਵਲਪਿੰਡੀ ਵਿਚ ਆਪਣੇ ਨਾਨਕੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀਦਾ ਨਾਂ ਸਰਦਾਰ ਹੀਰਾ ਸਿੰਘ ਪੁੰਜ ਸੀ । ਪੰਜਾਬੀ ਲੇਖਕ ਗਿਆਨੀ ਹੀਰਾ ਸਿੰਘ ਦਰਦ ਆਪਦੇ ਮਾਮਾ ਜੀ ਸਨ । ਉਨ੍ਹਾਂ ਨੇ ਮੁਢਲੀ ਸਿਖਿਆ ਆਪਣੇ ਮਾਮਾ ਜੀ ਕੋਲੋਂ ਹੀ ਹੀ ਪ੍ਰਾਪਤ ਕੀਤੀ ।ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਦੇਸ਼ ਪਿਆਰ, ਧਾਰਮਿਕ ਅਤੇ ਸਮਾਜਿਕ ਵਧੇਰੇ ਹਨ ।

ਅਕਾਲੀ ਝੰਡਾ

ਇਹ ਝੰਡਾ ਦੂਲੇ ਪੰਥ ਦਾ, ਉੱਚਾ ਲਾਸਾਨੀ ।
ਪਈ ਇਸ ਵਿੱਚ ਚਮਕਾਂ ਮਾਰਦੀ, ਕਲਗ਼ੀ ਨੂਰਾਨੀ ।
ਫੜ ਇਸ ਨੂੰ ਉੱਚਾ ਕਰ ਗਿਆ, ਪੁੱਤਰਾਂ ਦਾ ਦਾਨੀ ।
ਜਿਸ ਰਖੀ ਮੂਲ ਨਾ ਆਪਣੀ, ਜਗ ਵਿੱਚ ਨਿਸ਼ਾਨੀ ।
ਜਿਸ ਪੂਜੀ ਕੁਲ ਦੀ ਰੱਤ ਪਾ, ਸ੍ਰੀ ਮਾਤਾ ਭਾਨੀ ।
ਜਿਸ ਦਿੱਤੀ ਸਾਰੀ ਬੰਸ ਦੀ, ਹੱਸ ਕੇ ਕੁਰਬਾਨੀ ।
ਉਸ ਕਲਗੀਧਰ ਦੀ ਰੀਝ ਦਾ, ਸੂਰਜ ਅਸਮਾਨੀ ।
ਕੀ ਕਲਮ ਕਵੀ ਦੀ ਏਸ ਦਾ ਯੱਸ ਕਰੇ ਜ਼ਬਾਨੀ ।

ਅਕਾਲੀ ਝੰਡੇ ਦੇ ਕਾਰਨਾਮੇ

ਇਸ ਉੱਚੇ ਹੋ ਲਹਿਰਾਂਦਿਆਂ, ਹਨ ਯੁੱਗ ਪਲੱਟੇ ।
ਇਸ ਖੱਟੇ-ਰੰਗੇ, ਜ਼ੁਲਮ ਦੇ ਦੰਦ ਕੀਤੇ ਖੱਟੇ ।
ਇਸ ਡੋਬੀ ਬੇੜੀ ਪਾਪ ਦੀ, ਭਰ ਭਰ ਕੇ ਵੱਟੇ ।
ਇਸ ਹੇਠਾਂ ਨੱਥੇ ਪੰਥ ਨੇ, ਜਰਵਾਣੇ ਢੱਟੇ ।
ਇਹ ਲਿੱਸਿਆਂ ਨੂੰ ਗਲ ਲਾਂਵਦਾ, ਜੋ ਰੁਲਦੇ ਘੱਟੇ ।
ਇਸ ਕੀੜੇ ਕੀਤੇ ਪਾਤਸ਼ਾਹ, ਫੜ ਤਖ਼ਤ ਉਲੱਟੇ ।
ਉਹ ਤੇਗ਼ ਜੀਭ ਸੀ ਏਸ ਦੀ, ਜਿਸ ਜ਼ਾਲਮ ਚੱਟੇ ।
ਇਹ ਲਾਹਵੇ ਗਲੋਂ ਗ਼ੁਲਾਮੀਆਂ, ਸਭ ਸੰਗਲ ਕੱਟੇ ।

ਇਸ ਨੂੰ ਚੁੱਕ ਕੇ ਤੁਰਨ ਵਾਲੇ

ਇਹ ਝੰਡਾ ਚੁੱਕ ਨੰਦੇੜ ਤੋਂ, ਇਕ 'ਬੰਦਾ' ਚੜ੍ਹਿਆ ।
ਉਹ ਘੜਿਆ ਜਿਵੇਂ ਫ਼ੁਲਾਦ ਦਾ, ਲੋਹ-ਬਖ਼ਤਰ ਜੜਿਆ ।
ਉਹ ਅੱਖੋਂ ਅੱਗ ਉਗਲੱਛਦਾ, ਰੋਹ ਅੰਦਰ ਸੜਿਆ ।
ਉਸ ਮੰਤਰ ਗੁਰ ਦਸ਼ਮੇਸ਼ ਤੋਂ, ਸਿੱਖੀ ਦਾ ਪੜ੍ਹਿਆ ।
ਉਸ ਖੰਡਾ ਖੋਹ ਕੇ ਮੌਤ ਦਾ, ਹੱਥ ਸੱਜੇ ਫੜਿਆ ।
ਉਹ ਅੰਦਰ ਖ਼ੂਨੀ ਸ਼ਹਿਰ ਦੇ, ਜਦ ਜਾ ਕੇ ਵੜਿਆ ।
ਤਦ ਹਿੱਲੀ ਨੀਂਹ ਸਰਹੰਦ ਦੀ, ਜੋ ਇੱਟ ਇੱਟ ਝੜਿਆ ।
ਸੀ ਖ਼ੂਬ ਫੱਰਾਟੇ ਮਾਰਦਾ, ਸਿੰਘਾਂ ਹੱਥ ਫੜਿਆ ।

ਦੂਜਾ ਅਣਖੀ

ਫਿਰ ਸੀਸ ਤਲੀ ਤੇ ਰੱਖ ਕੇ, ਇਕ ਗੁਰੂ-ਦੁਲਾਰਾ ।
ਇਹ ਝੰਡਾ ਫੜ ਕੇ ਜੂਝਿਆ, ਕਰ ਸਿਦਕੀ ਕਾਰਾ ।
ਉਸ ਤੇਰ੍ਹਾਂ ਕੋਹ ਵਿੱਚ ਫੇਰਿਆ, ਖੰਡਾ ਦੋ-ਧਾਰਾ ।
ਉਸ ਧੋਤਾ ਆਪਣੀ ਰੱਤ ਪਾ, ਰਾਹ ਪੈਂਡਾ ਸਾਰਾ ।
ਉਹ 'ਦੀਪ ਸਿੰਘ' ਕੁਲ-ਦੀਪ ਸੀ, ਵਰਿਆਮ ਕਰਾਰਾ ।
ਉਸ ਸੀਸ ਤਲੀ ਤੇ ਰੱਖਿਆ, ਸੀ ਅਜਬ ਨਜ਼ਾਰਾ ।
ਧੜ ਰਣ ਵਿੱਚ ਲੜਦਾ ਸਿਰ ਨਹੀਂ, ਵੇਖੇ ਜੱਗ ਸਾਰਾ ।
ਤਦ ਝੂਲ ਝੂਲ ਸੀ ਆਖਦਾ, ਇਹ ਝੰਡਾ ਪਿਆਰਾ ।
ਵਾਹ! ਰੱਖ ਵਿਖਾਈ ਅਣਖ ਤੂੰ, ਸਿੰਘਾ! ਸਰਦਾਰਾ!

ਦੋ ਦਲੇਰ

ਫਿਰ ਉੱਠਿਆ ਬੀਕਾਨੇਰ ਤੋਂ, ਇਕ ਜੋੜ ਹਠੀਲਾ ।
ਇਹ ਝੰਡਾ ਉਸ ਨੇ ਚੁੱਕਿਆ, ਫਿਰ ਕਰ ਕੇ ਹੀਲਾ ।
ਇਕ ਅਣਖੀ 'ਮੀਰਾਂ-ਕੋਟੀਆ' ਹੈ ਸੀ ਫੁਰਤੀਲਾ ।
ਇਕ ਸਿੰਘ 'ਮਾੜੀ ਕੰਬੋ' ਦਾ, ਸਿਰਲੱਥ ਰੰਗੀਲਾ ।
ਉਨ੍ਹਾਂ 'ਹਰਿਮੰਦਰ' ਵਿਚ ਜਾਣ ਦਾ, ਰੱਚ ਲਿਆ ਵਸੀਲਾ ।
ਉਨ੍ਹਾਂ ਇੱਕੋ ਚਾਲੇ ਮਾਰਿਆ, ਮੁਗ਼ਲਾਂ ਦਾ ਫ਼ੀਲਾ ।
ਉਨ੍ਹਾਂ ਪੁਟਿਆ ਅੰਮ੍ਰਿਤਸਰ ਵਿਚੋਂ, ਜਰਵਾਣਾ ਡੀਲਾ ।
ਉਨ੍ਹਾਂ ਸਿਰ ਮੱਸੇ ਦਾ ਲਾਹ ਲਿਆ, ਰਚ ਅਚਰਜ ਲੀਲ੍ਹਾ ।
ਜਿਉਂ ਜੱਟੀ ਲਾਹਵੇ ਚੁਲ੍ਹ ਤੋਂ, ਰਿਝ ਰਿਹਾ ਪਤੀਲਾ ।

ਦੋ ਹੋਰ

ਫਿਰ ਚੜ੍ਹਿਆ ਲਾਟਾਂ ਛਡਦਾ ਇਕ ਮਰਦ 'ਅਕਾਲੀ' ।
ਸਨ ਖ਼ੂਬ ਦੁਮਾਲੇ ਤੇ ਜੜੇ, ਉਸ ਚੱਕਰ ਚਾਲੀ ।
ਸੀ 'ਨਲੂਆ' ਸਾਥੀ ਓਸ ਦਾ, ਅਣਖਾਂ ਦਾ ਵਾਲੀ ।
ਰਲ ਦੋਹਾਂ ਝੰਡੇ ਏਸ ਦੀ, ਲਜ ਵਾਹ ਵਾਹ ਪਾਲੀ ।
ਉਨ੍ਹਾਂ ਪਾਈ ਗਲੇ ਪਠਾਣ ਦੇ, ਬਲ ਨਾਲ ਪੰਜਾਲੀ ।
ਉਨ੍ਹਾਂ ਵਾਹੀ ਵਿਚ ਰਣ-ਖੇਤ ਦੇ, ਹਲ-ਤੇਗ਼ ਨਿਰਾਲੀ ।
ਉਨ੍ਹਾਂ 'ਬਰੂਓਂ ਦੱਭੋਂ' ਖੇਤ ਨੂੰ, ਕਰ ਸੁਟਿਆ ਖ਼ਾਲੀ ।
ਇਸ ਝੰਡੇ ਨੇ ਜਮਰੌਦ ਤੇ, ਤਦ ਸ਼ਾਨ ਵਿਖਾਲੀ ।

ਹੁਣ ਵੀ ਰੰਗ ਵਿਖਾਏਗਾ

ਇਸ ਝੰਡੇ ਹੇਠਾਂ ਖ਼ਾਲਸਾ, ਫਲਿਆ ਤੇ ਫੁਲਿਆ ।
ਇਸ ਝੰਡੇ ਹੇਠਾਂ ਖ਼ਾਲਸਾ, ਤੇਗ਼ਾਂ ਤੇ ਤੁਲਿਆ ।
ਇਸ ਝੰਡੇ ਹੇਠਾਂ ਖ਼ਾਲਸਾ, ਰਾਹ ਕਦੇ ਨਾ ਭੁਲਿਆ ।
ਇਸ ਝੰਡੇ ਹੇਠਾਂ ਪੰਥ ਦਾ, ਰਲ ਕੇ ਲਹੂ ਡੁਲ੍ਹਿਆ ।
ਹੈ ਨਿਸਚਾ ਹੁਣ ਵੀ ਜੇ ਕਦੇ, ਕੁਈ ਝੱਖੜ ਝੁਲਿਆ ।
ਜੇ ਰਾਖਸ਼ ਕਿਸੇ ਸ਼ੈਤਾਨ ਦਾ, ਮੂੰਹ ਏਧਰ ਖੁਲ੍ਹਿਆ ।
ਇਹ ਭੰਨੇਗਾ ਦੰਦ ਓਸ ਦੇ, ਕਰਨੀ ਨਹੀਂ ਭੁਲਿਆ ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.