A Literary Voyage Through Time

ਦੋਹਿਰਾ

ਦਾਨਿਸ਼ਮੰਦ ਕਚਹਿਰੀਏ, ਕਰਨਾ ਜ਼ਰਾ ਕਿਆਸ ।
ਹਸਨ-ਹੁਸੈਨ ਅਮਾਮ ਦੇ, ਸੁਣਲੋ ਬਚਨ-ਬਿਲਾਸ ।

ਮੁਕੰਦ ਛੰਦ-੧

ਐਹੋ ਜੀ ਸ਼ਹੀਦੀ ਹਸਨ-ਹੁਸੈਨ ਦੀ,
ਰਹੀ ਨਾ ਕਸਰ ਅਸਮਾਨ ਢੈਣ੍ਹ ਦੀ ।
ਨਵੀਂ ਚੱਸ ਚਾੜ੍ਹਨੀ ਕਹਾਣੀ ਬੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਬੀਬੀ ਫ਼ਾਤਮਾ ਦੇ ਟਹਿਕੇ ਸਿਤਾਰਿਆਂ ਨੂੰ,
ਜ਼ਾਲਮ ਜਦੀਦਾ ਮਾਰਦੂ ਦੁਲਾਰਿਆਂ ਨੂੰ ।
ਮੱਲੋ-ਮੱਲੀ ਰੋਣ ਆਜੂਗਾ ਗਰੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਪਹਿਲਾਂ ਜ਼ਹਿਰ ਦੇਤੀ ਹਸਨ ਸ਼ਗੂਫ਼ੇ ਨੂੰ,
ਦਗ਼ੇ ਨਾਲ ਸੱਦ ਲਿਆ ਹੁਸੈਨ ਕੂਫ਼ੇ ਨੂੰ ।
ਚੀਨ ਦੀ ਦੀਵਾਰ ਡੇਗੀ ਲਾਕੇ ਰੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਬਸਰਿਓਂ ਸਦਾਲਿਆ ਇਬਨਜ਼ਾਦ ਨੂੰ,
ਘੇਰ ਲੂ ਸ਼ਿਮਰ ਅਲੀ ਦੀ ਉਲਾਦ ਨੂੰ ।
ਤੋੜਦੇ ਅਮਨ ਦੀ ਰੰਗੀਨੀ ਨੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਮਾਈਆਂ ਬੱਚਿਆਂ ਸਣੇ ਬਿਆਸੀ ਰੂਹਾਂ ਸੀ,
ਵੈਰੀਆਂ ਦਾ ਪੂਰਾ ਵੀਹ ਹਜ਼ਾਰ ਠੂਹਾਂ ਸੀ ।
ਮਾਲਕ ਸੰਭਾਲ ਜੜੀ ਐਹੋ ਜੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਨਦੀ ਉਤੇ ਜਾ ਕੇ ਪਹਿਰੇ ਤੇ ਘਲਿਆਰ ਤੇ,
ਸਾਰੇ ਪਿਆਰੇ ਰੱਬ ਦੇ ਤਿਹਾਏ ਮਾਰਤੇ ।
ਦੇਖੋ ਪਾਪੀ ਕਰਦੇ ਖ਼ਰਾਬੀ ਕੇਹੀ ਨੂੰ ?
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਬੁਰਾ ਹਾਲ ਕੀਤਾ 'ਬਾਬੂ ਜੀ' ਮਹੈਣ ਦਾ,
ਲੈਗੇ ਸੀਸ ਟੰਗ ਨੇਜੇ ਤੇ ਹੁਸੈਣ ਦਾ ।
ਛੱਡਗੇ ਮੈਦਾਨ ਵਿੱਚ ਲਾਸ਼ ਫੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਦੋਹਿਰਾ

ਦੀਨ-ਦੁਨੀ ਦਾ ਬਾਦਸ਼ਾਹ, ਹਜ਼ਰਤ ਪਾਕ ਰਸੂਲ ।
ਸ਼ਿਕਰਮਟਾ ਬੁੱਤ ਤੋੜਤੇ, ਕਰੀ ਤੌਹੀਦ ਕਬੂਲ ।

ਦੋ ਭਾਗ ਛੰਦ-੨

ਦੀਨ ਦੁਨੀਆਂ ਦਾ ਬਾਦਸ਼ਾਹ ਰਸੂਲ ਸੀ,
ਉਸਦਾ ਹੁਕਮ ਕੁੱਲ ਨੂੰ ਕਬੂਲ ਸੀ ।

ਹੋਇਆ ਰਾਜ ਅਬਾਬਕਰ ਸਦੀਕ ਦਾ,
ਉਹਨੇ ਵੀ ਅਦਲ ਕੀਤਾ ਠੀਕ-ਠੀਕ ਦਾ ।

ਫੇਰ ਗੱਦੀ ਬਹਿ ਗਿਆ ਉਮਰ ਕਰੇਸ਼ੀਆ,
ਫ਼ਤਿਹ ਕੀਤਾ ਯੂਰਪ, ਅਫ਼ਰੀਕਾ, ਏਸ਼ੀਆ ।

ਤੀਸਰਾ ਖਲੀਫ਼ਾ ਨਾਮ ਉਸਮਾਨ ਸੀ,
ਜੀਹਨੇ ਜਮ੍ਹਾਂ ਕੀਤਾ ਬੈਠਕੇ ਕੁਰਾਨ ਸੀ ।

ਆਕੇ ਘੇਰੇ ਪਾਲੇ ਵੈਰੀਆਂ ਨੇ ਘਰ ਤੇ,
ਤਲਵਾਰਾਂ ਮਾਰ ਕੇ ਸ਼ਹੀਦ ਕਰਤੇ ।

ਓਦੂੰ ਪਿੱਛੋਂ ਬਣੇ ਉਮੀਆਂ ਦੇ ਪੱਖ ਦੇ,
ਹਾਸ਼ਮੀ ਕਬੀਲੇ ਨਾਲ ਵੈਰ ਰੱਖਦੇ ।

ਬੈਠ ਗਿਆ ਤਖ਼ਤ ਤੇ ਅਲੀ ਮਦੀਨੇ ਮੇਂ,
ਮਾਵੀਆਂ ਦੇ ਭਾਂਬੜ ਮੱਚਣ ਸੀਨੇ ਮੇਂ ।

ਅਲੀ ਦੇ ਹੁਕਮ ਨੂੰ ਮਨਾਣ ਛੱਡ ਗਿਆ,
ਸ਼ਾਮ ਵਿੱਚ ਝੰਡੇ ਮਜ਼ਬੂਤ ਗੱਡ ਗਿਆ ।

ਮਾਵੀਆਂ ਦਾ ਪੁੱਤਰ ਜਦੀਦਾ ਪਾਪੀ ਸੀ,
ਭਲਿਆਂ ਦਾ ਵੈਰੀ, ਬੁਰੇ ਦਾ ਮਿਲਾਪੀ ਸੀ ।

ਹਸਨ ਹੁਸੈਨ ਹੱਕਦਾਰ ਗੱਦੀ ਦੇ,
ਆਕੇ ਜ਼ੋਰ ਚੜ੍ਹਗੇ ਜਦੀਦ ਰੱਦੀ ਦੇ ।

ਹਟੇ ਨਾ ਹਟਾਇਆ ਜ਼ੁਲਮ ਗੁਜ਼ਾਰਤਾ,
ਜ਼ਹਿਰ ਦੇ ਕੇ ਹਸਨ ਸ਼ੁਕੀਨ ਮਾਰਤਾ ।

ਦੂਜਾ ਵੀ ਖਪਾਦਿਉ ਦੂਜਿਆਂ ਨੂੰ ਚੱਕੇ ਜੀ,
ਤਾਂ ਹੁਸੈਨ ਲੱਗ ਗਿਆ ਰਹਿਣ ਮੱਕੇ ਜੀ ।

ਕਹਿਣ ਲੱਗੇ ਪੁੰਨ ਨਾਲੋਂ ਪਾਪ ਫਲਦਾ,
ਕੂਫ਼ੇ ਤੀਕ ਮੂਜ਼ੀ ਦਾ ਹੁਕਮ ਚੱਲਦਾ ।

ਕੂਫ਼ੀ ਕਹਿੰਦੇ ਬਾਦਸ਼ਾਹ ਹੁਸੈਣ ਮਿਲਜੇ,
ਪਾਪੀਆਂ ਦੇ ਰਾਜ ਦੀ ਮੁਨਿਆਦ ਹਿੱਲਜੇ ।

ਭੇਜਦੇ ਮੱਕੇ ਨੂੰ ਚਿੱਠੀਆਂ ਲਿਫ਼ਾਫ਼ੇ ਐ,
ਪੈਰੀਂ ਆ ਕੇ ਸਿੱਟ੍ਹਦੇ ਸਿਰਾਂ ਦੇ ਸਾਫ਼ੇ ਐ ।

ਧੂਣੀਆਂ ਲਗਾ ਕੇ ਬਹਿਗੇ ਵਿੱਚ ਦਰ ਦੇ,
ਰੱਖੀ ਬਿੱਲੀ ਵਾਂਗ ਮਿਆਉਂ ਮਿਆਉਂ ਕਰਦੇ ।

ਨਾਲ ਬੁੱਢੀਆਂ ਵੀ ਆਈਆਂ ਮਿੱਠੋ ਮਾਸੀਆਂ,
ਲੈਣ ਡਾਂਗ-ਡਾਂਗ ਜਿੱਡੀਆਂ ਉਬਾਸੀਆਂ ।

ਝਾਟਿਆਂ ਨੂੰ ਮਹਿੰਦੀ ਬਾਹਲੀਆਂ ਨਮਾਜਣਾਂ,
ਜਾਣੀ ਕਿਤੋਂ ਆਈਆਂ ਮੱਕੇ ਦੀਆਂ ਹਾਜਣਾਂ ।

ਲੈਕੇ ਜਾਣ ਦੀਨ ਤੇ ਦੁਖੀ ਦੇ ਪੀਰ ਨੂੰ,
ਕਹਿਕੇ ਹਾਂ ਹੁਸੈਨ ਮੋੜਤੇ ਅਖ਼ੀਰ ਨੂੰ ।

ਆਹਾ ਗੱਲ ਮੱਕੇ ਦੇ ਸ਼ਰੀਫ਼ ਸੁਣਦੇ,
ਕੂਫ਼ੀ ਪੁਲ ਝੂਠਦੇ ਬੰਨ੍ਹਣ ਹੁਣ ਦੇ ।

ਕੂਫ਼ੇ ਵਾਲਿਆਂ ਦਾ ਇਤਬਾਰ ਕਿੱਥੇ ਐ ?
ਉਥੇ ਮਾਰੋ ਪਾਣੀ ਨਾ ਥਿਉਂਦਾ ਜਿੱਥੇ ਐ ।

ਧਿਆਏ ਇਹ ਵੈਰੀ ਐ ਜੱਦ ਤੇਰੀ ਦੇ,
ਚੜ੍ਹ ਜੀਂ ਨਾ ਧੱਕੇ 'ਅਜ਼ਲ-ਹਨੇਰੀ ਦੇ ।

ਆਗੇ ਧੌਣਾ ਬਾਪ ਭਾਈ ਦੀਆਂ ਕੱਪੀਆਂ,
ਦਗ਼ਾ ਦੇ ਕੇ ਤੈਨੂੰ ਮਰਵਾਉਣਾ ਗੱਪੀਆਂ ।

ਛਾਵੇਂ ਬਹਿ ਬਿਰਛ ਦੇ ਜੜ੍ਹਾਂ ਨੂੰ ਵੱਢਦੇ,
ਇਹ ਨੀ ਮਿੱਤ ਬਣਕੇ ਫ਼ਰਕ ਛੱਡਦੇ ।

ਸਮਝਾਲੋ ਹਟਣ ਫਸਾਦੋਂ ਰਾਂਦੀ ਨਾ,
ਖੋਟੇ ਦੀ ਖੁਟਿਆਈ ਵਿੱਚੋਂ ਧੋਤੀ ਜਾਂਦੀ ਨਾ ।

ਲਾਲਾ ਆਂਹਦੇ 'ਬਾਬੂ ਜੀ' ਸੁਣੌਂਦੇ ਚਿੱਟੀਆਂ,
ਫੇਰ ਵੀ ਹੁਸੈਨ ਖੂੰਡੀਆਂ ਨਾ ਸਿੱਟ੍ਹੀਆਂ ।

ਬੈਂਤ-੩

ਕਈ ਰੋਜ਼ ਹੋਗੇ ਮਿੰਨਤਾਂ ਕਰਦਿਆਂ ਨੂੰ,
ਬਹਿ ਗਿਆ ਖ਼ੌਫ਼ ਜਜੀਦ ਸ਼ਰੀਰ ਦਾ ਜੀ ।

ਆ ਗਿਆ ਤਰਸ ਰਸੂਲ ਦੇ ਦੋਤ੍ਹਰੇ ਨੂੰ,
ਦੇਤਾ ਕੂਚ ਦਾ ਹੁਕਮ ਅਖ਼ੀਰ ਨੂੰ ਜੀ ।

ਸੱਥਾਂ ਸੁੰਨੀਆਂ ਹੋਣ ਬਜ਼ਾਰ ਖ਼ਾਲੀ,
ਲੱਗੇ ਚਿੱਤ ਨਾ ਸ਼ਹਿਰ ਦਿਲਗੀਰ ਦਾ ਜੀ ।

ਸੁਣਕੇ ਰੋਂਦੀਆਂ ਫਿਰਨ ਸ਼ਰੀਫ਼ ਮਾਈਆਂ,
ਨੈਣੋਂ ਵਗੇ ਦਰਿਆ ਪਿਆ ਨੀਰ ਦਾ ਜੀ ।

ਭੈਣਾਂ ਪੌਣ ਵਰਾਗ ਦੇ ਵੈਣ ਬਹਿ ਕੇ,
ਕਹਿਣਾ ਸਾਥ ਨਾ ਛੋੜਨਾ ਵੀਰ ਦਾ ਜੀ ।

ਸਾਰਾ ਨਾਲ ਅਮਾਮ ਦੇ ਤਿਆਰ ਹੋ ਗਿਆ,
ਖ਼ਾਨਦਾਨ ਹੁਸੈਨ ਅਮੀਰ ਦਾ ਜੀ ।

ਸ਼ੁਤਰਵਾਨ ਅਸਵਾਰ ਰਵਾਨ ਹੋਗੇ,
ਜਾਵੇ ਕਾਫ਼ਲਾ ਥਲਾਂ ਨੂੰ ਚੀਰਦਾ ਜੀ ।

ਹੰਸ ਚੁਗਣ ਚੱਲੇ ਚੋਗ ਮੋਤੀਆਂ ਦੀ,
ਸਿੱਟਿਆ ਜ਼ਾਲਮਾਂ ਜ਼ਾਲ ਜ਼ੰਜ਼ੀਰ ਦਾ ਜੀ ।

ਹੋਣਹਾਰ ਨਾ ਟਲੀ ਪੈਗ਼ੰਬਰਾਂ ਤੋਂ,
ਰਹੂ ਚੱਲਕੇ ਤੀਰ ਤਕਦੀਰ ਦਾ ਜੀ ।

'ਰਜਬਲੀ ਖਾਂ' ਜ਼ਿੰਦਗੀ ਚਾਰ ਦਿਨ ਦੀ,
ਢਹਿ ਜੂ ਰੇਤਲਾ ਬੁਰਜ ਸਰੀਰ ਦਾ ਜੀ ।

ਦੋਹਿਰਾ

ਘੋੜਾ ਜੋ ਸਰਦਾਰ ਦਾ, ਫੇਰ ਕਰਬਲਾ ਆਣ ।
ਜ਼ੋਰ ਜ਼ੋਰ ਦੀ ਹਿਣਕਦਾ, ਮੱਲਕੇ ਖੜ੍ਹਾ ਮੈਦਾਨ ।

ਦੋ ਭਾਗ ਛੰਦ-੪

ਜਿੱਥੇ ਘੋੜਾ ਪੀਰ ਦਾ ਖੜੋ ਗਿਆ ਆਣ ਜੀ,
ਕੁੱਲ ਦੁਨੀਆਂ 'ਚੋਂ ਚੰਦਰਾ ਮਦਾਨ ਜੀ ।

ਉਜੜੀ 'ਵੀ ਕੂਟ ਨਿਰਦਈ ਧਰਤੀ,
ਦੂਰ-ਦੂਰ ਤੀਕ ਸੁੰਨਸਾਨ ਵਰਤੀ ।

ਜਿੱਥੇ ਹੋਇਆ ਕੈਰੋਂ-ਪਾਂਡਵਾਂ ਦਾ ਜੰਗ ਜੀ,
ਏਸ ਵੀ ਜ਼ਮੀਨ ਦਾ ਉਹੋ ਜਿਹਾ ਰੰਗ ਜੀ ।

ਉਸ ਜਗ੍ਹਾ ਮਾਂ ਤੇ ਪੁੱਤਰਾਂ ਦਾ ਹਿੱਤ ਨ੍ਹੀ,
ਧੁਪ ਸਹੁਰੀ ਪਵੇ ਮੁਲਤਾਨ ਜਿਤਨੀ ।

ਰੋਹੀ-ਬੀਆਬਾਨ ਖੁਸ਼ਕ ਪਹਾੜੀਆਂ,
ਲੰਘਦਿਆਂ ਨੂੰ ਦੰਦੀਆਂ ਵੱਢਣ ਝਾੜੀਆਂ ।

ਡਰ ਲੱਗੇ ਰੱਤਾਂ ਚੂਸੀਆਂ ਕਿ ਚੂਸੀਆਂ,
ਗਿੱਦੜ ਬਘਿਆੜ ਮਾਰਦੇ ਟਪੂਸੀਆਂ ।

ਤਲਵਾਰਾਂ ਮਾਰਦੇ ਰੁੱਖਾਂ ਦੇ ਪੱਤ ਵੀ,
ਸਿੰਮ-ਸਿੰਮ ਡਿੱਗਦੀ ਜਿਨ੍ਹਾਂ 'ਚੋਂ ਰੱਤ ਵੀ ।

ਜਾਣੀਂ ਚੱਸ ਲਹੂ ਦੀ ਚੜ੍ਹੀ 'ਵੀ ਮਿੱਟੀ ਨੂੰ,
ਲਾਲ-ਲਾਲ ਕਰਦੇ ਪੁਸ਼ਾਕ ਚਿੱਟੀ ਨੂੰ ।

ਕਿਤੇ ਖੇਤੀ ਦਿਸੀ ਨਾ ਕਿਸੇ ਦੀ ਬੋਈ 'ਵੀ,
ਏਤੇ ਸੱਚੇ ਰੱਬ ਦੀ ਕਰੋਪੀ ਹੋਈ 'ਵੀ ।

ਜਿੱਥੇ ਟੋਆ ਪੁਟਕੇ ਗੱਡਣ ਮੁੰਨੀਆਂ,
ਧਰਤੀ 'ਚ ਜਾਂਦੀਆਂ ਲਹੂ 'ਚ ਗੰਨ੍ਹੀਆਂ ।

ਜਿੱਥੇ ਪੌੜ ਘੋੜੇ ਦਾ ਰਤਾ ਕੁ ਖੁੱਬਲੇ,
ਉਸ ਜਗ੍ਹਾ ਲਹੂ ਦਾ ਫੁਹਾਰਾ ਉਬਲੇ ।

ਦੇਖ ਕੇ ਹੁਸੈਨ ਦਾ ਸਰੀਰ ਕੰਬਿਆ,
ਇਹ ਕੀ ਭਾਣਾ ਘੋੜਾ ਤਾਂ ਕਦੇ ਨਾ ਹੰਭਿਆ ?

ਰਾਹੀਆਂ ਕੋਲੋਂ ਪੁੱਛੇ ਨਾਮ ਕੀ ਮਦਾਨ ਦਾ,
ਮੈਂ ਨਾ ਚੰਗੂੰ ਏਸ ਧਰਤੀ ਨੂੰ ਜਾਣਦਾ ।

ਜਾਣ ਵਾਲੇ ਕਹਿੰਦੇ, 'ਕਰਬਲਾ ਕਰਬਲਾ',
ਜਾਣ ਗਿਆ ਹੁਸੈਨ ਏਥੇ ਹੋਣਾ ਗਰਬਲਾ ।

ਨਾਲ ਦਿਆਂ ਨੂੰ ਆਖਦਾ ਸਬਾਬ ਲਾਹ ਦਿਉ,
ਜੀਨ ਲਾਹ ਕੇ ਦਾਣਾ ਘੋੜਿਆਂ ਨੂੰ ਪਾ ਦਿਉ ।

'ਰਜਬ ਅਲੀ' ਆਪਣਾ ਟਿਕਾਣਾ ਏਹੋ ਜੀ,
ਤੰਬੂ ਲਾ ਸਵਾਰੀਆਂ ਨੂੰ ਬੰਨ੍ਹ ਦੇਹੋ ਜੀ ।

ਬੈਂਤ-੫

ਲੱਗੀ ਖ਼ਬਰ ਦਮਿਸ਼ਕ ਜਜੀਦ ਨੂੰ ਜੀ,
ਲਿਖੇ ਇਬਨ ਜਿਆਦ ਨੂੰ ਝੱਪਦੇ ਜੀ ।

ਬਸਰਾ ਛੱਡ ਕੇ ਤੁਰਤ ਰਵਾਨ ਹੋ ਜਾ,
ਕੂਫ਼ੇ ਪਹੁੰਚ ਵਿਹਾਰ ਕੁੱਲ ਠੱਪਦੇ ਜੀ ।

ਮੇਰੇ ਉਤੇ ਨਿਰਾਜ਼ ਉਸ ਸ਼ਹਿਰ ਵਾਲੇ,
ਹੁਣ ਨਾਮ ਹੁਸੈਨ ਦਾ ਜੱਪਦੇ ਜੀ ।

ਦਗੇਬਾਜ਼ ਖ਼ੁਸ਼ਾਮਦੀ ਕੈਰ ਕੂੜੇ,
ਬੈਠ ਕਿਲ੍ਹੇ ਉਸਾਰਦੇ ਗੱਪ ਦੇ ਜੀ ।

ਔਖਾ ਕੰਮ ਕੀ ਮਾਰਨਾ ਲਾਲਚੀ ਨੂੰ,
ਮੌਰਾ ਵੱਢ ਬੇਸ਼ੱਕ ਲੱਪ-ਲੱਪ ਦੇ ਜੀ ।

ਐਸੀ ਚਾਲ ਚੱਲ ਆਪਦੀ ਤਰਫ਼ ਕਰ ਲੈ,
ਕੁੱਲ ਜ਼ੁਲਮ ਹੁਸੈਨ ਸਿਰ ਠੱਪਦੇ ਜੀ ।

ਉਹ ਵੀ ਕੱਲ ਸਵੇਰ ਦੇ ਰਵਾਂ ਹੋਏ,
ਅੱਗੋਂ ਘੇਰ ਲੋ ਕਰਬਲਾ ਟੱਪਦੇ ਜੀ ।

ਜਿਉਂਦਾ ਇੱਕ ਨਾ ਜਾਣ ਦਿਉ ਸੱਯਦਾਂ 'ਚੋਂ,
ਭਾਵੇਂ ਜਾਣ ਅਨੇਕ ਦਲ ਖੱਪਦੇ ਜੀ ।

ਤੀਰ ਮਾਰ ਕੇ ਛਾਣ ਦਿਉ ਛਾਤੀਆਂ ਨੂੰ,
ਗਲੇ ਤੇਜ਼ ਤਲਵਾਰਾਂ ਸੇ ਕੱਪਦੇ ਜੀ ।

ਟੰਗੋ ਨੇਜੇ ਤੇ ਸੀਸ ਹੁਸੈਨ ਦਾ ਜੀ,
ਬਾਕੀ ਵਿੱਚ ਮੈਦਾਨ ਦੇ ਨੱਪਦੇ ਜੀ ।

ਬੋਲ ਹਾਰਗੇ ਕੌਲ-ਕਿਰਾਰ ਕਰਕੇ,
ਬੇਈਮਾਨ ਕੂਫ਼ੀ ਬੱਚੇ ਸੱਪ ਦੇ ਜੀ ।

ਘੇਰਾ ਪਾ ਲਿਆ ਜ਼ਾਲਮਾਂ ਸੱਯਦਾਂ ਨੂੰ,
'ਬਾਬੂ' ਨਿੱਗਲ ਜੂ ਕਾਲ ਗੜੱਪ ਦੇ ਜੀ ।

ਦੋਹਿਰਾ

ਹੁਲੀਆ ਸ਼ਿਮਰ ਚੰਡਾਲ ਦਾ, ਸੁਣੋਂ ਸੁਣਾਵਾਂ ਸ਼ੈਰ ।
ਜਿਸਦਾ ਨਾਲ ਹੁਸੈਣ ਦੇ, ਸਿਰਾਂ ਧੜਾਂ ਦਾ ਵੈਰ ।

ਦੋ ਭਾਗ ਛੰਦ-੬

ਮਿਲੀ ਸਰਦਾਰੀ ਜਾਂ ਛਿਮਰ ਹੱਸੇ ਜੀ,
ਵੱਟਦਾ ਚੰਡਾਲ ਦੋਜ਼ਕਾਂ ਨੂੰ ਰੱਸੇ ਜੀ ।

ਬੜਾ ਕਮਜ਼ਾਤ ਦਾ ਖ਼ਰਾਬ ਅਸਲਾ,
ਸੱਯਦਾਂ ਤੇ ਕਰੇ ਨਾ ਭਲਾਈ ਵੱਸ ਲਾ ।

ਕਿਸੇ ਕੋਲੇ ਗੱਲ ਦੱਸਦਾ ਨਾ ਦਿਲ ਦੀ,
ਮਿਲੇ ਦਿਲ ਪਾੜਦੇ, ਭਜਾ ਦੇ ਮਿਲਦੀ ।

ਰੋਣੀ ਤਸਵੀਰ ਹੱਸਕੇ ਨਾ ਉੱਠਿਆ,
ਹਰ ਵੇਲੇ ਰੱਬ ਨਾਲ ਰਹੇ ਰੁੱਠਿਆ ।

ਜੰਮਕੇ ਤੇ ਕਰੀ ਨਾ ਖ਼ਰੈਤ ਹਰਗਾ,
ਦੂਜਿਆਂ ਦੇ ਖਾਣ ਨੂੰ ਸਤਾਰ੍ਹਾਂ ਵਰਗਾ ।

ਕਰ ਦਿੰਦਾ ਮਾਂ ਤੇ ਬਾਪੂ ਦੀ ਵੀ ਚੁਗ਼ਲੀ,
ਕੰਡਿਆਂ ਵਾਲੀ ਕਿੱਕਰੀ ਕਸੂਤੀ ਉਗ਼ਲੀ ।

ਰੰਗ ਤਵੇ ਵਰਗਾ ਮੱਥੇ ਤੇ ਵਾਲ ਜੀ,
ਥੋੜ੍ਹਾ-ਥੋੜ੍ਹਾ ਰਲਦਾ ਲੰਗੂਰਾਂ ਨਾਲ ਜੀ ।

ਅੱਖ ਮੀਚ ਮੀਚ ਕੇ ਉਘੇੜੇ ਖੁੱਡ ਜੀ,
ਬੱਲਦ ਵਾਂਗੂੰ ਨਿਕਲੀ ਅਗਾਂਹ ਨੂੰ ਹੁੱਡ ਜੀ ।

ਸੋਫੀ ਗੱਲਾਂ ਕਰੇ ਜਿਉਂ ਕਿਤਾਬ ਪੜ੍ਹਦਾ,
ਐਂ ਮਲੂਮ ਹੋਵੇ ਕਿਸੇ ਨਾਲ ਲੜਦਾ ।

ਸਾਧੂਆਂ ਨੂੰ ਦੱਸਦੇ ਲਗਾਦੇ ਚੋਰਾਂ ਨੂੰ,
ਆਪ ਹੋਜੇ ਕੰਨੀਂ ਤੇ ਲੜਾਦੇ ਹੋਰਾਂ ਨੂੰ ।

ਹੱਥ 'ਚ ਹੁਕਮ ਸੌਂਪਤਾ ਕਮੀਣ ਨੂੰ,
ਬੇਕਸੂਰ ਬੰਦਿਆਂ ਦਾ ਲਹੂ ਪੀਣ ਨੂੰ ।

ਜਿਹੜੇ ਸ਼ਿਮਰ ਦੇ ਨਾਲ ਸਰੀਰ ਸੀ,
ਪਾਪ ਕਰਨੇ ਦੀ ਕੱਢਗੇ ਲਕੀਰ ਸੀ ।

ਸਾਰਿਆਂ ਕਰੀ ਸ਼ੈਤਾਨ ਦੀ ਸ਼ਗਿਰਦੀ,
ਵਡਿਆਈ ਕਰੀ ਜਾਣ ਇੱਕੋ ਧਿਰ ਦੀ ।

ਬੜੇ ਪੱਕੇ ਰੋੜ ਰੋੜਾਂ ਵਾਲੇ ਵਾਹਣ ਦੇ,
ਬੇਈਮਾਨ ਯਾਰ ਹੁੰਦੇ ਬੇਈਮਾਨ ਦੇ ।

ਸਿਆਹੀ ਲਾ ਇਮਾਮ ਦੀ ਬੇਦਾਗ਼ ਸ਼ੀਸ਼ੀ ਤੇ,
ਸ਼ਿਮਰ ਚੰਡਾਲ ਨੂੰ ਝੜਾਤਾ ਟੀਸੀ ਤੇ ।

'ਰਜਬਲੀ' ਖ਼ਾਨ ਕੰਮ ਝੋਲੀ ਚੱਕਾਂ ਦੇ,
ਅੰਬਾਂ ਤੋਂ ਬਣਾਤੇ ਮੇਵੇ ਮਿੱਠੇ ਅੱਕਾਂ ਦੇ ।

ਦੋਹਿਰਾ

ਕਰਨ ਲੜਾਈ ਕੂਫ਼ਿਊ, ਬੀਸ ਹਜ਼ਾਰ ਚੰਡਾਲ ।
ਤੇ ਘਬਰਾਗੀ ਵੇਖ ਕੇ, ਨਬੀ ਸਾਬ੍ਹ ਦੀ ਆਲ ।

ਦੋ ਭਾਗ ਛੰਦ-੭

ਸੱਯਦਾਂ ਨੂੰ ਘੇਰਾ ਵੈਰੀਆਂ ਨੇ ਪਾ ਲਿਆ,
ਪਾਣੀ ਨੂੰ ਦਰਿਆ ਦੇ ਉਤੇ ਪਹਿਰਾ ਲਾ ਲਿਆ ।

ਆਖ ਦਿਉ ਹੁਸੈਨ ਨੂੰ ਭਜਾ ਤੇ ਬਰਦੇ,
ਬਾਦਸ਼ਾਹ ਜਜੀਦ ਨੂੰ ਸਲਾਮ ਕਰਦੇ ।

ਵੈਰ ਨਾ ਜੇ ਛੱਡਣਾ ਦਲੀਲ ਤੇਰੀ ਐ,
ਰੱਤ ਦੀ ਧਿਆਈ, ਤਲਵਾਰ ਮੇਰੀ ਐ ।

ਉਹ ਗੱਲ ਸੁਣੀ ਜਾਂ ਹੁਸੈਨ ਇੱਕ ਤੋਂ,
ਜਾਵੇ ਲਾਟ ਅੱਗ ਦੀ ਝਲੂੰਦੀ ਹਿੱਕ ਤੋਂ ।

ਹੋ ਗਿਆ ਸਵਾਰ ਨਾਂ ਖ਼ੁਦਾ ਦਾ ਜਪ ਕੇ,
ਮੱਥੇ ਤੇ ਹੁਸੈਨ ਦੇ ਜਲਾਲ ਟਪਕੇ ।

ਗਲ ਵਿੱਚ ਲਟਕਾ ਲਿਆ ਕੁਰਾਨ ਨੂੰ,
ਜਾ ਕੇ ਕਹਿਣ ਲੱਗਾ ਸ਼ਿਮਰ ਸ਼ੈਤਾਨ ਨੂੰ ।

ਕੂਫ਼ੀਆਂ ਸਦਾਇਆ ਤੈਨੂੰ ਸੱਚ ਦੱਸਤਾ,
ਆਇਆ ਮੈਂ ਦੱਸਣ ਨੇਕੀਆਂ ਦਾ ਰੱਸਤਾ ।

ਕਾਹਨੂੰ ਬੇਗੁਨਾਹਾਂ ਬੱਚਿਆਂ ਨੂੰ, ਮਾਰਦੇ,
ਇਹ ਮਛੋਰ੍ਹ ਸਾਰੇ ਨਾਨੇ ਦੇ ਦੁਆਰ ਦੇ ।

ਆਕੇ ਗੱਦੀ ਸਾਂਭਲੇ ਜਜੀਦ ਕਸਬੀ,
ਫੇਰਿਆ ਕਰੂੰ ਮੈਂ ਖੁਦਾ ਦੇ ਨਾਂ ਦੀ ਤਸਬੀ ।

ਉਹਦਾ ਸਿੱਕਾ ਚੱਲਜੇ ਤਮਾਮ ਦੇਸ਼ ਮੇਂ,
ਮੈਂ ਦਿਹਾੜੇ ਕੱਟਲੂੰ ਫ਼ਕੀਰੀ ਵੇਸ ਮੇਂ ।

ਅਸੀਂ ਧੰਨ-ਮਾਲ ਨਾ ਕਿਸੇ ਦਾ ਵੰਡਣਾ,
ਉਹਨੂੰ ਹੋਵੇ ਤਾਜ ਤਖ਼ਤ ਸੁਮੰਡਣਾ ।

ਜੱਗ ਵਿੱਚ ਭਲੇਮਾਣਸਾਂ ਦਾ ਵੇਲਾ ਨਾ,
ਰਹਿੰਦਾ (ਚੰਗਾ)ਉਦੋਂ ਮੰਨਦਾ ਜੇ ਮੇਲਾ ਨਾ ।

ਐਮੇਂ ਕਾਹਤੋਂ ਹੁੰਨੇ ਐ ਉਤਾਹਾਂ-ਠਾਹਾਂ ਨੂੰ ?
ਤੰਬੂ ਪੱਟ ਮੁੜ ਜਾਨੇ ਐਂ ਪਿਛਾਹਾਂ ਨੂੰ ।

ਮੇਰੇ ਜੇ ਕਸੂਰ ਮੇਰਾ ਸ਼ੀਸ਼ ਵੱਢ ਦਿਉ,
'ਰਜਬਲੀ' ਮੇਰੇ ਨਾਲ ਦਿਆਂ ਨੂੰ ਛੱਡ ਦਿਉ ।

ਦੋਹਿਰਾ

ਖੁੱਲ੍ਹਗੀ ਅੱਖ ਹੁਸੈਨ ਦੀ, ਕੂਫ਼ਾ ਬੜਾ ਸ਼ੈਤਾਨ ।
ਬਿਨਾਂ ਕਸੂਰੋਂ ਮਾਰਨਾ, ਲਿਖਦਾ ਨਹੀਂ ਕੁਰਾਨ ।

ਦੋ ਭਾਗ ਛੰਦ-੮

ਤੁਸੀਂ ਗੱਲ ਕਰੋ ਕੂਫ਼ੇ ਦੇ ਪੰਚੈਤੀਉ,
ਤੋੜਤੀ ਲਿਹਾਜ਼ ਗੂੜ੍ਹਿਉ ਹਮੈਤੀਉ ।

ਛੇਤੀ ਛੇਤੀ ਚਲਦੀ ਜ਼ਬਾਨ ਲੁੱਤਰੀ,
ਕੈਂਚੀ ਨਾਲ ਚਾਹੀਦੀ ਜੜਾਂ ਤੋਂ ਕੁਤਰੀ ।

ਅੱਛਾ ਕੰਮ ਨਹੀਂ ਸਲਿਆ ਵੇ ਛਲਕੇ,
ਵੈਰੀਆਂ ਦੇ ਹੱਥਾਂ 'ਚ ਫੜਾਤੇ ਵਲਕੇ ।

ਘਰੋਂ ਸੱਦ ਮੇਰੇ ਕਿਉਂ ਮਰੌਂਦੇ ਲਾਲ ਜੀ,
ਮੂਰਖੋ ਅਖ਼ੀਰ ਨੂੰ ਨਬੀ ਦੀ ਆਲ ਜੀ ।

ਕਾਹਨੂੰ ਬੇੜੀ ਡੋਬਦੇ ਉੱਤਮ ਕੁਲ ਦੀ,
ਨਬੀਆਂ ਦੀ ਅੰਸ਼ ਫਿਰੂਗੀ ਰੁਲ ਦੀ ।

ਪਿੱਛੇ ਦੋ ਰਸੂਲ ਛੱਡਗੇ ਨਿਸ਼ਾਨੀਆਂ,
ਦੋਹਾਂ ਦੀਆਂ ਲੱਗਗੇ ਕਰਨ ਹਾਨੀਆਂ ।

ਇੱਕ ਆਹ ਕੁਰਾਨ ਦੂਜੀ ਜੱਦ ਓਸ ਦੀ,
ਦੋਵੇਂ ਤੱਜ ਦਿੱਤੇ ਗੱਲ ਅਫ਼ਸੋਸ ਦੀ ।

ਜੇਬ ਵਿੱਚੋਂ ਕੱਢਕੇ ਖਤਾਂ ਦਾ ਡੱਬਾ ਜੀ,
ਰੱਖਤਾ ਅਗੇਰੇ ਕਾਗ਼ਜ਼ਾਂ ਦਾ ਥੱਬਾ ਜੀ ।

ਕੰਨਾਂ ਉਤੇ ਹੱਥ ਧਰਕੇ ਤੇ ਕਿਰਗੇ,
ਕੂਫ਼ੀ ਨੱਕ ਮੋਮ ਦੇ ਜ਼ਬਾਨੋਂ ਫਿਰਗੇ ।

ਪਹਿਲਾ ਕਹਿਣ ਲੱਗਾ ਮੈਂ ਪੜ੍ਹਿਆ 'ਵ ਮੂਲ ਨ੍ਹੀਂ,
ਸਾਡੇ ਬੁੜ੍ਹੇ ਨੇ ਵੀ ਵੇਖਿਆ ਸਕੂਲ ਨ੍ਹੀਂ ।

ਏਵੇਂ ਕਹਿਕੇ ਦੂਸਰਾ ਛੁੜਾ ਗਿਆ ਲੜ ਜੀ,
ਅਸੀਂ ਬਾਰਾਂ ਪੀੜ੍ਹੀਆਂ ਤੋਂ ਅਨਪੜ੍ਹ ਜੀ ।

ਤੀਜਾ ਜਾਣ ਗੱਪ ਮਾਰਨੋਂ ਨੀ ਟਲਦਾ,
ਰਿਹਾ ਮੈਂ ਸਿਆਹੀ ਕੁੜਤੇ ਨੂੰ ਮਲਦਾ ।

ਚੌਥਾ ਕਹੇ ਹਰਫ਼ ਪੈਂਤੀ 'ਚੋਂ ਭੁੱਲਾਂ ਜੀ,
ਮਾਰ ਗਿਆ ਮਹੀਨਾ ਅਲਫੇ ਤੇ ਮੁੱਲਾਂ ਜੀ ।

ਫੇਰ ਮੋੜ ਪੰਜਵੇਂ ਸੁਣਾਇਆ ਊਤਨੇ,
ਐਵੇਂ ਦੋ ਕੁ ਜਾਣਦਾ ਬਲਦ-ਮੂਤਣੇ ।

ਛੀਵਾਂ ਮੈਂ ਨਾ ਜਾਣਾ ਪਾੜ੍ਹਤ ਬਦੇਸਣ ਨੂੰ,
ਲਿਖਣ ਜਾਣਦਾ ਨੀ ਵਾਵਰੋਲਾ ਮੇਸਣ ਨੂੰ ।

'ਰਜਬਲੀ' ਅਸੀਂ ਨਾ ਲਿਫ਼ਾਫ਼ੇ ਭੇਜਲੇ,
ਮਰਵਾਕੇ ਜਾਵੇਗਾ, ਪੁੱਤਰ ਹੇਜਲੇ ।

ਬੈਂਤ-੯

ਫੇਰ ਕਿਹਾ ਹੁਸੈਨ ਨੇ ਕਿਆਮਤਾਂ ਨੂੰ,
ਅਮਲ ਤੁਲਣਗੇ ਸੱਚ ਮਕਾਨ ਤੇ ਜੀ ।

ਅੱਗ-ਪੂਜਣੇ ਬੁੱਤ-ਪ੍ਰਸਤ ਕਾਫ਼ਰ,
ਪਛੋਤਾਉਣਗੇ ਹਾਲ ਵਰਾਨ ਤੇ ਜੀ ।

ਬੇੜੇ ਰੁੜ੍ਹਨ ਦਰਿਆ ਵਿੱਚ ਪਾਪੀਆਂ ਦੇ,
ਜਿਹੜੇ ਰਹਿਣ ਨਾ ਧਰਮ-ਈਮਾਨ ਤੇ ਜੀ ।

ਦਿੰਦੇ ਜੰਮਦੀਆਂ ਮਾਰ ਗਰੀਬ ਧੀਆਂ,
ਹੋਵੇ ਮਾਸ ਮੁਰਦਾਰ ਦਾ ਖਾਣ ਤੇ ਜੀ ।

ਛਿੱਤਰ ਮਾਰਦੇ ਬੁੱਢੜਿਆਂ ਮਾਪਿਆਂ ਨੂੰ,
ਡੇਗੇ ਜਾਣਗੇ ਚਾੜ੍ਹ ਬਬਾਨ ਤੇ ਜੀ ।

ਕਿੱਲੇ ਠੁੱਕਣਗੇ ਵਿੱਚ ਖਰੋਪੜੀ ਦੇ,
ਜ਼ੁਲਮ ਕਰਨ ਯਤੀਮ ਨਦਾਨ ਤੇ ਜੀ ।

ਸੂਲੀ ਟੰਗਕੇ ਚੋਰ ਉਚੱਕਿਆਂ ਨੂੰ,
ਤੀਰ ਮਾਰਦੇ ਰੱਖ ਕਮਾਣ ਤੇ ਜੀ ।

ਪੁੱਠੀ ਲਾਹੁਣਗੇ ਖੱਲ ਸ਼ਰਾਬੀਆਂ ਦੀ,
ਇਥੇ ਲਟਕਦੇ ਫਿਰਨ ਕਿਸ ਸ਼ਾਨ ਤੇ ਜੀ ।

ਪੇਟ ਪਾੜ ਅੰਗਿਆਰ ਵਿੱਚ ਭਰੇ ਜਾਣੇ,
ਜਿਹੜੇ ਵੱਢੀਆਂ ਖਾਣ ਜਹਾਨ ਤੇ ਜੀ ।

ਝੂਠ ਬੋਲਦੇ ਚੁਗ਼ਲੀਆਂ ਕਰਨ ਜਿਹੜੇ,
ਸੱਪ ਵੱਢਣਗੇ ਚੱਕ ਜ਼ਬਾਨ ਤੇ ਜੀ ।

ਮੈਲੀ ਝਾਕਣੀ ਝਾਕ ਦੇ ਬੀਬੀਆਂ ਨੂੰ,
ਪੱਥਰ ਵਰ੍ਹਨ ਬੇਸ਼ਰਮ ਸ਼ੈਤਾਨ ਤੇ ਜੀ ।

'ਰਜਬਲੀ' ਮੁੜ ਨਾਨਕੇ ਯਾਦ ਔਂਦੇ,
ਜਦੋਂ ਸਖ਼ਤੀਆਂ ਬਣਦੀਆਂ ਜਾਨ ਤੇ ਜੀ ।

ਦੋਹਿਰਾ

ਫ਼ੌਜਾਂ ਵਿੱਚ ਸਰਦਾਰ ਸੀ, ਜਿਸ ਦਾ ਨਾਂ ਹੁਰ ਲਾਮ ।
ਉੱਚੀ ਸੁੱਚੀ ਕੌਮ ਨੂੰ, ਮਾਰੋਂ ਕਰ ਬਦਨਾਮ ।

ਦੋ ਭਾਗ ਛੰਦ-੧੦

ਸੀ ਭਲਾ ਲੋਕ ਸਰਦਾਰ ਹੁਰ ਜੀ,
ਪਾਪੀਆਂ ਦੀ ਬੇੜੀ ਲੱਗਣੀ ਨਾ ਧੁਰ ਜੀ ।

ਟਲ ਜਾਵੋ ਨਬੀ ਤੇ ਅਲੀ ਦੀ ਟਾਬਰੀ,
ਆਪਾਂ ਤੋਂ ਨਹੀਂ ਹੋਣੀ ਏਹਨਾਂ ਦੀ ਬਰਾਬਰੀ ।

ਇਹਨਾਂ ਚੁੰਘਿਆ ਬੀਬੀ ਫ਼ਾਤਮਾਂ ਦਾ ਦੂਧ ਜੀ,
ਨੇਕ ਰਾਹ ਤੇ ਲੱਗੋ, ਛੱਡ ਦਿਉ ਖ਼ਰੂਦ ਜੀ ।

ਥੋਨੂੰ ਕਰਾਮਾਤਾਂ ਮੈਂ ਸੁਣਾਵਾਂ ਕਿਹੜੀਆਂ,
ਇਨ੍ਹਾਂ ਬੰਨੇ ਲਾਈਆਂ ਡੁੱਬਦੀਆਂ ਬੇੜੀਆਂ ।

ਤਾਰਤੇ ਮਿਹਰਬਾਨੀ ਹੋਗੀ ਜਿਸਤੇ,
ਖ਼ਿਦਮਤਗਾਰੀ ਕਰਦੇ ਫ਼ਰਿਸ਼ਤੇ ।

ਸਿਉਨੇ ਦੇ ਗਿਲਾਸ ਚਿਣੋਂ ਵਿੱਚ ਆਵੀਆਂ,
ਇਨ੍ਹਾਂ ਦੀਆਂ ਹੂਰਾਂ ਲੱਗੀਆਂ ਚੁੰਘਾਵੀਆਂ ।

ਇਹ ਹੈ ਸੁੱਚੇ ਮੋਤੀ ਬੜੀ ਉਚੀ ਕੁੱਲ ਦੇ,
ਤੇ ਜਜੀਦ ਹੋਰੀਂ ਇਨ੍ਹਾਂ ਦੇ ਨ੍ਹੀਂ ਤੁੱਲ ਦੇ ।

ਰੱਬ ਨੇ ਬਣਾਤੇ ਹੈ ਖਲੀਫ਼ੇ ਜੱਗ ਦੇ,
ਇਹੋ ਰਾਜੇ ਆਪਾਂ ਰਾਜ ਦੇ ਕੀ ਲੱਗਦੇ ।

ਇਹਨਾਂ ਵੱਲੋਂ ਵੇਖ ਕੇ ਕਦੇ ਨਹੀਂ ਝੁਕਣਾ,
ਇਕ ਇਕ ਵੀਹਾਂ ਵੀਹਾਂ ਤੋਂ ਨੀ ਰੁਕਣਾ ।

ਮੁੱਛ ਕਤਰਾਂਦੀ ਛੱਡ ਕੇ ਜੇ ਤੁਰਗੇ,
ਥਾਂ ਤੇ ਭੁੱਜ ਜਾਣਗੇ ਅਸੀਲ ਮੁਰਗੇ ।

ਛੈਣੀਆਂ ਬਣਾਈਆਂ ਪੱਕਾ ਲੋਹਾ ਕੁੱਟਕੇ,
ਧੜ ਵੀ ਲੜਨ ਸਿਰਾਂ ਨਾਲੋਂ ਟੁੱਟਕੇ ।

ਬਣਦਾ ਕੀ ਤੋੜ ਪੁਰਜ਼ੇ ਮਸ਼ੀਨ ਦੇ,
ਵੇਖੀਂ ਥੰਮ੍ਹ ਡੇਗਦੇਂ ਅਲਾਹੀ ਦੀਨ ਦੇ ।

ਸਾਰੀ ਬਣੀ ਜਾਂਦੀ ਹੈ ਮਿਸਲ ਹੁਣ ਦੀ,
ਬੇ-ਗੁਨਾਹ ਦੀ ਅਰਸ਼ੀਂ ਅਵਾਜ਼ ਸੁਣਦੀ ।

ਊਂ ਤਾਂ ਗੱਲਾਂ ਕਾਲਜਿਆਂ ਨੂੰ ਚੀਰੀ ਜਾਂਦੀਆਂ,
ਕੂਫ਼ੀਆਂ ਨਕਾਰਿਆਂ ਚਿੱਤ ਤੇ ਨਾ ਲਿਆਂਦੀਆਂ ।

ਸਗੋਂ ਅੱਗੋਂ ਕਰੇ ਸ਼ਿਮਰ ਮਰੋੜ ਜੀ,
'ਰਜਬਲੀ' ਬੰਨ੍ਹ ਖਾਨ ਦੀ ਕੀ ਲੋੜ ਜੀ ।

ਦੋਹਿਰਾ

ਜ਼ਾਲਮ ਚੜ੍ਹਗੇ ਕੂਫ਼ਿਉਂ, ਫਿਰੇ ਹੁਸੈਨ ਹਰਾਨ ।
ਵੀਰ ਫ਼ਿਕਰ ਵਿੱਚ ਪੈ ਗਿਆ, ਤੜਫੇ ਭੈਣ ਰਕਾਨ ।

ਤਰਜ਼ ਦੋਤਾਰਾ-੧੧

(੧)

ਛੱਡ ਮੱਕੇ-ਮਦੀਨੇ ਨੂੰ ਲਾ ਲਿਆ ਆਣ ਉਜਾੜੀਂ ਡੇਰਾ ।
ਅੱਜ ਬਦਲਿਆ ਦੀਂਹਦਾ ਨੀ, ਸੂਰਮੇ ਸ਼ੇਰ ਭਰਾ ਦਾ ਚਿਹਰਾ ।
ਰੰਗ ਹਲਦੀ ਵਰਗਾ ਨੀ, ਕਿਤੋਂ ਕੀ ਖ਼ਬਰਾਂ ਮਿਲਗੀਆਂ ਬੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੨)

ਅੱਜ ਫਿਰਦਾ ਘਾਬਰਿਆ, ਲਵੇ ਨਾ ਚੈਨ ਪਲਕ ਨਾ ਟਿੱਕਲੇ ।
ਤੇ ਵੜ-ਵੜ ਤੰਬੂਆਂ 'ਚੋਂ, ਬਾਹਰ ਵੱਲ ਦੌੜ-ਦੌੜ ਕੇ ਨਿਕਲੇ ।
ਫਿਰ ਮੁੜ ਪਿਆ ਪੈਰਾਂ ਤੋਂ, ਆ ਗਿਆ ਯਾਦ ਮਨੋਂ ਕੀ ਫੁਰੀਆਂ ?
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੩)

ਬਹਿ ਸੀਸ ਪਲੋਸੇ ਨੀ, ਅੱਖਾਂ 'ਚੋਂ ਨੀਰ ਸਿੱਟ੍ਹੇ ਲੈ ਹੌਕੇ ।
ਤਿੰਨ ਵਾਰ ਭਣੇਵਿਆਂ ਨੂੰ, ਆਣਕੇ ਵੇਖ ਗਿਆ ਭੌਂ-ਭੌਂ ਕੇ ।
ਚੁੰਮ ਹਿੱਕ ਨੂੰ ਲੌਂਦਾ ਸੀ, ਕਾਸਤੋਂ ਬੈਠ ਬਥੇਰਾ ਝੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੪)

ਹੱਥ ਫੜਕੇ ਕਾਸਮ ਦਾ, ਭਲਾ ਕੀ ਕਰੇ ਸਲਾਹਾਂ ਖੂੰਜੇ ?
ਘੁੱਟ ਪਾ ਕੇ ਜੱਫੀਆਂ ਨੂੰ, ਮਿਲੇ ਜਲ ਭਰਦਾ ਨੇਤਰ ਪੂੰਝੇ ।
ਫੜ ਨਿਕੜੇ ਅਸਗਰ ਨੂੰ, ਗੋਦ ਵਿੱਚ ਚੱਕਲੇ ਕਰਕੇ ਖੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੫)

ਕੀ ਸੋਚੀਂ ਪੈ ਗਿਆ ਨੀ, ਕਦੇ ਦਾ ਤਲੀਆਂ ਮਲਦਾ-ਮਲਦਾ ।
ਹਿੱਕ ਕੱਢ ਖੜ੍ਹ ਗਿਆ ਨੀ, ਵੀਰ ਨੇ ਬਟਨ ਖੋਲ੍ਹ ਲਿਆ ਗਲ ਦਾ ।
ਕੰਨ ਲਾ ਕੇ ਸੁਣਦਾ ਨੀ, ਜਿਸ ਤਰ੍ਹਾਂ ਵੱਜਣ ਮੌਤ ਦੀਆਂ ਤੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੬)

ਕਿਉਂ ਉਠਦਾ ਬਹਿੰਦਾ ਨੀ, ਪਲੰਘ ਤੇ ਪਲ-ਪਲ ਪੈਣ ਭੁਲੇਖੇ ।
ਕੀ ਔਂਦਾ ਕੂਫ਼ੇ 'ਚੋਂ, 'ਰਜਬਲੀ' ਨਜ਼ਰ ਉਠਾ ਕੇ ਦੇਖੇ ।
ਹੈ ਦੁਸ਼ਮਣ ਬਾਹਲੇ ਨੀ, ਵੀਰ ਨੂੰ ਲੱਗੀਆਂ ਦਿਸਦੀਆਂ ਪੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

ਦੋਹਿਰਾ

ਤੰਬੂਉਂ ਵੜ-ਵੜ ਨਿਕਲਦਾ, ਬਾਹਰ ਅਮਾਮ ਹੁਸੈਨ ।
ਅੱਜ ਕੀ ਭੀੜਾਂ ਪੈਗੀਆਂ, ਰੋ-ਰੋ ਪੁੱਛਦੀ ਭੈਣ ।

ਤਰਜ਼ ਝੋਕ-੧੨

(੧)

ਵੀਰ ਨੂੰ ਜੈਨਬ ਪੁੱਛਦੀ ਬਾਹਰ ਨੂੰ ਤੱਕਦਾ ਕੀ ।
ਤੰਬੂਆਂ ਵਿੱਚ ਮੁੜ-ਮੁੜ ਵੜਦਾ, ਏਥੋਂ ਕੋਈ ਚੱਕਦਾ ਕੀ ?
ਤੇਰਾ ਰੱਬ ਡਾਢਾ ਮਾਲਕ, ਵੈਰੀ ਕਰ ਸਕਦਾ ਕੀ ?
ਫ਼ਿਕਰਾਂ ਵਿੱਚ ਪੈ ਗਈ ਜਿੰਦੜੀ, ਦਿਲ ਦਾ ਕੁਝ ਭੇਤ ਦੇ ।
ਪਾਣੀ ਨਾ ਮਿਲਦਾ, ਡੇਰੇ ਲਾਲੇ ਵਿੱਚ ਰੇਤ ਦੇ ।
ਤੇਰੇ ਨਾਲ ਰਲਕੇ ਜੰਮੀਂ, ਵੰਡਣ ਨੂੰ ਪੀੜਾਂ ਵੇ ।
ਮਾਲਕ ਹੱਲ ਕਰਦੂ ਮੁਸ਼ਕਲ, ਬਣੀਆਂ ਸਿਰ ਭੀੜਾਂ ਵੇ ।
ਮੱਕੇ ਵਿੱਚ ਰੱਬ ਦੇ ਨਾਂ ਦੀਆਂ ਦੇਗਾਂ ਚੱਲ ਬੀੜਾਂ ਵੇ ।
ਘੜੀ ਪਲ 'ਰਾਮ ਕਰਲੋ, ਤੰਬੂਆਂ ਵਿੱਚ ਘੁਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੨)

ਸੰਭਲ ਕਰ ਤੁਰਨਾ ਏਥੇ, ਨਾਗਾਂ ਦੀ ਵਰਮੀ ਵੇ ।
ਪਾਪਣਾਂ ਚੱਲਣ ਲੋਆਂ ਕਹਿਰ ਦੀ ਗਰਮੀ ਵੇ ।
ਦੁਖੜਿਆਂ ਨੂੰ ਛੱਡ ਗਿਆ ਭਾਈ, ਅਮੜੀ-ਪਿਉ ਧਰਮੀ ਵੇ ।
ਬਾਬਲ ਪਰ ਸ਼ੇਰ ਖ਼ੁਦਾ ਦਾ, ਹੁੰਦਾ ਅੱਜ ਜ਼ਿੰਦਾ ਵੇ ।
ਤੈਨੂੰ ਵਾ ਤੱਤੀ ਵੀਰਾ ਲੱਗਣ ਨਾ ਦਿੰਦਾ ਵੇ ।
ਇਸ ਜਗ੍ਹਾ ਦੁਸ਼ਮਣ ਆਪਣੀ, ਇੱਕੋ-ਇੱਕ ਝਾੜੀ ਐ ।
ਖਾਗੀ ਫੜ ਵੱਡੇ ਭਰਾ ਨੂੰ ਮੌਤ-ਬਘਿਆੜੀ ਐ ।
ਇਧਰੇ ਪਿਉ ਦੀ ਗਰਦਨ ਤੇਗਾਂ ਨਾਲ ਪਾੜੀ ਐ ।
ਬਹਿਕੇ ਘੁੱਟ ਸ਼ਰਬਤ ਪੀ ਲੈ, ਧੁੱਪ ਵਿੱਚ ਸੁੱਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੩)

ਰੋਨਾਂ ਕਿਉਂ ਚੋਰੀ-ਚੋਰੀ, ਤੰਬੂਆਂ ਵਿੱਚ ਵੜਕੇ ਤੂੰ ।
ਹਿੱਕ ਨੂੰ ਚੁੰਮ ਲੌਣਾ ਲਾਡਲੇ, ਅਸਗਰ ਫੜ ਫੜਕੇ ਤੂੰ ।
ਵੇਂਹਦਾ ਦਰਿਆ ਦੇ ਵੱਲ ਕੀ, ਉਚੇ ਥਾਂ ਖੜ੍ਹਕੇ ਤੂੰ ।
ਪਾਣੀ ਨੂੰ ਪਹਿਰੇ ਲੱਗਗੇ, ਦੀਂਹਦੀ ਪਈ ਗਾਰਦ ਵੇ ।
ਆਪਣੇ ਤੇ ਪਾਪਣ ਹੋਣੀ, ਹੋਗੀ ਅੱਜ ਵਾਰਦ ਵੇ ।
ਸੱਯਦਾਂ ਨੇ ਡਿੱਗਣਾ ਨਾਹੀਂ, ਸੱਚ ਦੀਆਂ ਲੈਣਾਂ ਤੋਂ ।
ਚਿਹਰੇ ਤੇ ਦਾਗ਼ ਜੇ ਲੱਗਗੇ, ਇੰਝਾਂ ਡਿੱਗ ਨੈਣਾਂ ਤੋਂ ।
ਉਹਲੇ ਕੀ ਰੱਖਦਾ ਫਿਰਦਾ, ਭੈਣਾਂ ਵਖਤੈਣਾਂ ਤੋਂ ।
ਦਿਲ ਦੀ ਗੱਲ ਦੱਸਦਾ ਨਾਹੀਂ, ਵਿੱਚੇ-ਵਿੱਚ ਸੁੱਕਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੪)

ਹਜ਼ਰਤ ਦੇ ਦੋਹਤੇ ਆਪਾਂ, ਦੀਨ ਦੇ ਰਾਖੇ ਐਂ ।
ਝੱਲਦੇ ਗ਼ਮ ਐਡੇ ਹੋਗੇ, ਦੁੱਖਾਂ ਵਿੱਚ ਗਾਖੇ ਐਂ ।
ਸ਼ਿਮਰ ਕਮਜ਼ਾਤ ਦੇ ਤੂੰ, ਲੱਗਦਾ ਕਿਉਂ ਆਖੇ ਐਂ ?
ਹੋ ਗਿਆ ਮੋਹਿਤ ਸੁਣਕੇ, ਚੋਪੜੀਆਂ ਗੱਲਾਂ ਨੂੰ ।
ਬੱਚਿਆਂ ਦੀ ਰੱਤ ਪਾ ਸਿੰਜਣਾਂ, ਦੀਨ ਦੀਆਂ ਵੱਲਾਂ ਨੂੰ ।
ਨਾਨੇ ਦੀ ਉੱਮਤ ਉਤੇ ਬੱਚੜਿਆਂ ਨੂੰ ਵਾਰ ਦੇ ।
ਤਾਜ ਤੇ ਤਖ਼ਤ ਉਤੇ, ਖੜ੍ਹਕੇ ਲੱਤ ਮਾਰਦੇ ।
ਦੇ ਕੇ ਜਿੰਦ ਹਾਜ਼ਰ ਹੋ ਜਾ, ਸੱਚੀ ਸਰਕਾਰ ਦੇ ।
ਉੱਠ ਕੇ ਸ਼ਮਸ਼ੀਰ ਧੂਲੈ, ਦੁਸ਼ਮਣ ਨੂੰ ਝੁਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੫)

ਫ਼ਾਤਮਾਂ ਬੀਬੀ ਜਦੋਂ, ਅਜਲ ਨੇ ਘੇਰੀ ਸੀ ।
'ਬਾਬੂ' ਫੜਾਗੀ ਮੈਨੂੰ, ਫੜਕੇ ਬਾਂਹ ਤੇਰੀ ਸੀ ।
ਸਖ਼ਤ ਤਕੀਦਾਂ ਕਰੀਆਂ, ਆਖਿਆ ਕਈ ਵੇਰੀ ਸੀ ।
ਵੀਰ ਦੀ ਮੱਦਦ ਕਰਨੀ, ਕਹਿਰ ਦੀਆਂ ਘੜੀਆਂ ਮੇਂ ।
ਵੇਖੀਂ ਨਾ ਡਰਦਾ ਆਜੀਂ, ਦੁਸ਼ਮਣ ਦੀਆਂ ਤੜੀਆਂ ਮੇਂ ।
ਭੁਜਜੋ ਭਮੱਕੜਾਂ ਵਾਂਗੂੰ, ਮਰਨਾ ਇੱਕ ਵਾਰੀ ਐ ।
ਆਪਾਂ ਨੂੰ ਜਿੰਦੜੀ ਨਾਲੋਂ, ਆਖ਼ਰ ਅੱਜ ਪਿਆਰੀ ਐ ।
ਮੈਨੂੰ ਹੁਣ ਚੇਤੇ ਆਗੀ, ਮਾਂ ਦੀ ਗੱਲ ਸਾਰੀ ਐ ।
ਆਖਗੀ ਦੁੱਖ ਵੰਡਾਉਣੇ, ਕਹੇ ਲੱਗ ਉੱਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

ਦੋਹਿਰਾ

ਬੈਂਤ ਅਮਾਮ ਹੁਸੈਨ ਨੇ, ਕੀਤੀ ਨਹੀਂ ਕਬੂਲ ।
ਬਿਨਾਂ ਲੜਾਈਓਂ ਫ਼ੈਸਲਾ ਹੋ ਨਾ ਸਕਦਾ ਮੂਲ ।

ਦੋ ਭਾਗ ਛੰਦ-੧੩

ਹੋਊ ਜੰਗ ਗੱਲਾਂ ਆ ਕਿਸੇ ਨੇ ਕਰੀਆਂ,
ਪਲ ਵਿੱਚ ਮਾਈਆਂ ਫ਼ਿਕਰਾਂ ਨੇ ਚਰੀਆਂ ।

ਅੱਜ ਭੀੜ ਬਣੀ ਸਾਰੇ ਪਰਿਵਾਰ ਤੇ,
ਕਰਾਂਗੇ ਕੀ ਜਦੋਂ ਸਰਦਾਰ ਮਾਰਤੇ ?

ਅੱਖੀਆਂ ਦੇ ਵਿੱਚੋਂ ਚੱਲਣ ਤਤੀਰ੍ਹੀਆਂ,
ਕੀਹਨੇ ਛੱਡਣੀਆਂ ਨਿੱਕੀਆਂ ਪਨੀਰੀਆਂ ?

ਹੁਣ ਧੌਣ ਜਾਊਗੀ ਭਰਾ ਦੀ ਕੁਤਰੀ,
ਰੋਣ ਲੱਗੀ ਜੈਨਬ, ਅਲੀ ਦੀ ਪੁੱਤਰੀ ।

ਬੁਰੇ ਸਾਕ ਭੈਣ ਤੇ ਬਰਾ ਦੇ ਮੱਚੜੇ,
ਲਾਲੇ ਦੋਹੀਂ ਉਂਗਲੀਂ ਨਿਆਣੇ ਬੱਚੜੇ ।

ਜਾਕੇ ਦੋਵੇਂ ਪੇਸ਼ ਕਰਤੇ ਹੁਸੈਨ ਦੇ,
ਪਹਿਲਾਂ ਭੇਟਾ ਚਾੜ੍ਹਦੇ ਪੁੱਤਰ ਭੈਣ ਦੇ ।

ਸਿਰੋਂ ਨੰਗੀ ਮੈਂ ਕੱਟ ਲਿਆ ਰੰਡੇਪ ਵੇ,
ਸਾਨੂੰ ਤੇਰੇ ਖਾਧਿਆਂ ਟੁੱਕਾਂ ਦੀ ਝੇਪ ਵੇ ।

ਕਦੇ ਨਾ ਭੁਲਾਵਾਂ ਦਿਲੋਂ ਮਾਂ ਦੀ ਗੱਲ ਨੂੰ,
ਅਲਕ ਵਛੇਰੇ ਪਾਲੇ ਕਿਹੜੀ ਗੱਲ ਨੂੰ ।

ਕੀ ਪਿਆਰ ਤੇਰੇ ਸੀਸ ਉਤੋਂ ਵਾਰੇ ਨਾ ?
ਭੈਣ ਨੂੰ ਭਰਾ ਤੋਂ ਪੁੱਤਰ ਪਿਆਰੇ ਨਾ ।

ਸੁਣ ਕੇ ਵੈਰਾਗ ਰੋਣ ਲੱਗੂ ਦੁਨੀਆਂ,
ਭੈਣ ਦੀਆਂ ਗੱਲਾਂ ਜਾਂ ਭਰਾ ਨੇ ਸੁਣੀਆਂ ।

ਹਿੱਕ ਨਾਲ ਲਾ ਲੇ ਐ ਭਣੇਵੇਂ ਫੜਕੇ,
ਰੋ ਪਿਆ ਹੁਸੈਨ ਡੁੱਸ-ਡੁੱਸ ਕਰਕੇ ।

ਅੱਜ ਤੇਰੇ ਪੁੱਤ ਦੁੱਧ ਦੀਆਂ ਦੰਦੀਆਂ,
ਗਾਲ੍ਹਾਂ ਦੇਣ ਲੱਗੇ ਨਾਨੀਆਂ ਨੂੰ ਗੰਦੀਆਂ ।

ਅਜੇ ਕੱਚੇ ਗੋਭੇ ਉਮਰਾਂ ਦੇ ਲੈਰੇ ਐ,
ਅਜੇ ਦੋਵੇਂ ਸੁੱਤੇ ਜਾਗਦੇ ਦੁਪਹਿਰੇ ਐ ।

ਅਜੇ ਤੀਕ ਬੰਦੇ ਓਪਰੇ ਤੋਂ ਸੰਗਦੇ,
ਅਜੇ ਇਹ ਪਠੋਹਰ ਟੁੱਕ ਰੋ ਕੇ ਮੰਗਦੇ ।

ਅਜੇ ਚੰਗੂੰ ਧੋਣ ਜਾਣਦੇ ਨੀ ਕੁੜਤੇ,
ਅਜੇ ਰੁੱਸ ਜਾਂਦੇ ਮਖਣੀ ਤੇ ਗੁੜ ਤੇ ।

ਅਜੇ ਪਾੜ ਦਿੰਦੇ ਐ ਕਿਤਾਬਾਂ ਪੜ੍ਹਕੇ,
ਅਜੇ ਤੀਕ ਵੇਖੇ ਨੀ ਹਥਿਆਰ ਫੜਕੇ ।

ਜਦੋਂ ਤੀਕ ਧੌਣ ਸਾਬਤ ਹੁਸੈਨ ਦੀ,
ਉਦੋਂ ਤੀਕ ਰਹੂ ਹਿੱਕ ਠੰਡੀ ਭੈਣ ਦੀ ।

'ਰਜਬਲੀ' ਆਹਾ ਗੱਲ ਇੱਕੋ ਮੁੱਲ ਦੀ,
ਕਿਹੜਾ ਲਾਜੇ ਮੇਰੇ ਭਾਣਜਿਆਂ ਨੂੰ ਫੁੱਲ ਵੀ ।

ਮਨੋਹਰ ਭਵਾਨੀ ਛੰਦ-੧੪

ਗੱਲ ਗੁੰਦਕੇ ਤੇ ਔਂਦੀ, ਤੇਲ ਸਾਬਣ ਮੰਗੌਂਦੀ, ਮਲ-ਮਲ ਕੇ ਨਹੌਂਦੀ,
ਲੈਕੇ ਠੰਡਿਆਂ ਨੀਰਾਂ ਨੂੰ । ਲਾਲੀ ਚੜ੍ਹੀ ਜਾਵੇ ਗੁੰਦਮਿਆਂ ਸਰੀਰਾਂ ਨੂੰ ।
ਵਿੱਚੋਂ ਹੋ ਗਈ ਹਰਾਸ, ਪਿਆਰ ਦੇ ਬਹਾਲੇ ਪਾਸ, ਪਾਵੇ ਰੇਸ਼ਮੀ ਲਿਬਾਸ,
ਦੱਸ ਤਾਰਾਂ ਦਿੱਤੀਆਂ । ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਤੇੜ ਬੰਨ੍ਹੇ ਸਾਲੂ ਰੰਗੇ, ਗਲਾਂ ਨੂੰ ਰੁਮਾਲ ਚੰਗੇ, ਫੇਰੇ ਬੋਦੀਆਂ ਤੇ ਕੰਘੇ,
ਪੁੱਤਰਾਂ ਦੀ ਮਮਤਾ । ਰੱਬ ਦੇ ਹਵਾਲੇ ਪੁੱਤ ਹੋਜੋ ਰਮਤਾ ।
ਜੱਫੀ ਵਿੱਚ ਲੈ ਕੇ ਘੁੱਟੇ, ਨਾ ਥਿਉਂਦੇ ਬਾਜ਼ ਛੁੱਟੇ, ਨਾ ਜਜੀਦ ਪਾਪੀ ਲੁੱਟੇ,
ਸੀ ਭੜੌਂਦੀ ਭਿੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਕਦੇ ਗੋਦ 'ਚ ਬਹਾਲੇ, ਕਦੇ ਹਿੱਕ ਨਾਲ ਲਾ ਲੇ, ਕਦੇ ਸਾਹਮਣੇ ਖੜ੍ਹਿਆਲੇ,
ਚੌਧਮੀਂ ਦੇ ਚੰਦਾਂ ਨੂੰ । ਚੁੰਮਦੀ ਨਾ ਰੱਜੇ ਚਿੱਟੇ-ਚਿੱਟੇ ਦੰਦਾਂ ਨੂੰ ।
ਕਦੇ ਰੋਵੇ ਬਹਿ ਕੇ ਖੂੰਜੇ, ਕਦੇ ਆਂਸੂਆਂ ਨੂੰ ਪੂੰਝੇ, ਜੰਗ ਦਾ ਮੈਦਾਨ ਗੂੰਜੇ,
ਨਾ ਦਲੀਲਾਂ ਰਿੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਉਥੇ ਲਾਵਣਾ ਨਾ ਢਿਲ, ਔਣਾ ਮੌਤ ਨਾਲ ਮਿਲ, ਕਦੇ ਲੱਗਣੇ ਨਾ ਦਿਲ,
ਜੈਨਬ ਦੇ ਉੱਕੜੇ । ਜੁਦਾ ਹੋਣ ਲੱਗੇ ਕਾਲਜੇ ਦੇ ਟੁੱਕੜੇ ।
ਊਂਤਾਂ ਵੱਗਦੇ ਨਾ ਜੇਰੇ, ਹੱਥ ਜਿਸਮਾਂ ਤੇ ਫੇਰੇ, ਹੇਠ ਕੋਤਲ ਵਛੇਰੇ,
ਜਾ ਲਤਾੜੇ ਖਿੱਤੀਆਂ । ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਨਾਲੇ ਪਤਲੂਣ ਪਾਤੀ, ਪੇਟੀ ਲੱਕ ਨੂੰ ਬਨ੍ਹਾਤੀ, ਕੋਟ ਨੂੰ ਕੰਤੂਨ ਲਾਤੀ,
ਤੇ ਜ਼ੰਜੀਰੀ ਜਾਮੇ ਨੂੰ । ਵੇਖਿਉ ਕਿਤੇ ਹਾਨੀ ਨਾ ਦਵਾਉਣੀ ਮਾਮੇ ਨੂੰ ।
ਜਾਕੇ ਮਾਰ ਦੇਵੋ ਪਾਪੀ, ਹੱਥੀਂ ਤੋਰ ਤੇ ਮਲਾਪੀ, ਵੇ ਜਹਾਨ ਦੇਵੇ ਥਾਪੀ,
ਜੇ ਲੜਾਈਆਂ ਜਿੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਛੇਤੀ ਤਲਵਾਰਾਂ ਫੜੋ, ਉਠੋ ਜੰਗ ਉੱਤੇ ਚੜ੍ਹੋ, ਜਾ ਭਰਿੰਡ ਵਾਂਗੂੰ ਲੜੋ,
ਉਡਣੇ ਸਪੋਲੀਓ । ਵੇਖਿਉ ਕਿਤੇ ਭੱਜ ਜਾਵਣਾ ਨਾ ਰੋਲੀਉ ।
'ਰਜਬਲੀ ਖਾਂ' ਨਾ ਪੌਰੂ, ਵੱਜੇ ਜੰਗ ਵਾਲਾ ਡੌਰੂ, ਜਾਂਦੇ-ਸਾਰ ਪਾਦਿਉ ਖੌਰੂ,
ਕਾਹਦੀਆਂ ਇਲੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਬੈਂਤ-੧੫

ਲਿਖਿਆ ਇਬਨ ਜ਼ਿਆਦ ਨੇ ਸ਼ਿਮਰ ਨੂੰ ਸੀ,
ਰਾਹ 'ਚ ਘੇਰ ਕੇ ਮਾਰ ਲੈ ਡਾਕਿਆਂ ਨੂੰ ।

ਟਿੱਡੀ ਦਲ ਉਤਾਰ ਕੇ ਕਰਬਲਾ ਮੇਂ,
ਵੈਰੀ ਮੱਲ ਕੇ ਬੈਠ ਗੇ ਨਾਕਿਆਂ ਨੂੰ ।

ਨਹੀਂ ਮੱਕੇ ਸ਼ਰੀਫ਼ ਨੂੰ ਮੁੜਨ ਦਿੰਦੇ,
ਹਿੱਲਣ ਦੇਣ ਗੁਲਾਮ ਨਾ ਆਕਿਆਂ ਨੂੰ ।

ਪਹਿਰੇ ਲੱਗਗੇ ਨਦੀ ਫਰਾਤ ਤੇ ਜੀ,
ਤੰਗ ਕਰਨ ਪਿਆਸ ਦੇ ਫਾਕਿਆਂ ਨੂੰ ।

ਲੱਗੇ ਖੋਹਣ ਜਜੀਦ ਦੇ ਮੁਲਕ ਨੂੰ ਜੀ,
ਆਗੇ ਕਰਨ ਖ਼ਰਾਬ ਇਲਾਕਿਆਂ ਨੂੰ ।

ਬੱਚਿਆਂ ਸਣ੍ਹੇ ਸਰਦਾਰ ਤਰੇਹਟ ਬੱਚੇ,
ਗਲੇ ਕੱਟਲੋ ਮਾਰ ਦਬਾਕਿਆਂ ਨੂੰ ।

ਹੋਗੇ ਜੰਗ ਨੂੰ ਤਿਆਰ ਪੁੱਤ ਜੈਨਬੇ ਦੇ,
ਰੁਨੀ ਮਾਂ ਹਥਿਆਰ ਲਾ ਕਾਕਿਆਂ ਨੂੰ ।

ਦੇਵੇ ਪਿਆਰ ਹੁਸੈਨ ਭਣੇਵਿਆਂ ਨੂੰ,
ਤੋਰੇ ਜੰਗ ਦੀ ਤਰਫ਼ ਲੜਾਕਿਆਂ ਨੂੰ ।

ਚੜ੍ਹੇ ਮਾਰ ਪਲਾਕ ਵਛੇਰਿਆਂ ਤੇ,
ਤੇਗਾਂ ਧੂਲੀਆਂ ਚੱਕਤਾ ਝਾਕਿਆਂ ਨੂੰ ।

ਧੂੜਾਂ ਉਠਦੀਆਂ ਵਿੱਚ ਮੈਦਾਨ ਦੇ ਜੀ,
ਜਾਕੇ ਲੱਗਗੇ ਪੌਣ ਪਟਾਕਿਆਂ ਨੂੰ ।

ਪਵੇ ਧਮਕ ਤਲਵਾਰ ਦੀ ਦੂਰ ਤੋਂ ਜੀ,
ਦੋ-ਦੋ ਮੀਲ ਤੋਂ ਸੁਣਨ ਧਮਾਕਿਆਂ ਨੂੰ ।

ਨਾਲ ਲਹੂ ਦੇ ਛੱਪੜੀਆਂ ਭਰਤੀਆਂ ਜੀ,
ਤੁਰਤ ਭਾਜੜਾਂ ਪੈਣ ਇਲਾਕਿਆਂ ਨੂੰ ।

ਹੁਣ ਤੱਕ ਜਹਾਨ ਤਰੀਫ਼ ਕਰਦਾ,
'ਵੈਰੀ ਗੁਡ' ਵਖਾਗੇ ਸਾਕਿਆਂ ਨੂੰ ।

ਐਨੇ ਮਾਰੇ ਚੰਡਾਲ ਸ਼ੁਮਾਰ ਨਾਹੀਂ,
ਹੋਗੇ ਆਪ ਸ਼ਹੀਦ ਕਰ ਵਾਕਿਆਂ ਨੂੰ ।

'ਰਜਬਲੀ ਖਾਂ' ਸ਼ੈਰ ਪਰੀਤ ਲਾਕੇ,
ਜੰਗ ਕਰਬਲਾ ਦੇ ਖਿੱਚੀਂ ਖਾਕਿਆਂ ਨੂੰ ।

ਦੋਹਿਰਾ

ਲੈਗੇ ਟਿਕਟ ਜਹਾਜ਼ ਦਾ, ਦੋਵੇਂ ਕੌਰ ਸ਼ੁਕੀਨ ।
ਦੁਖੀ ਭੈਣ ਦੇ ਵੀਰ ਨੂੰ, ਝੱਲ ਦੀ ਨਹੀਂ ਜ਼ਮੀਨ ।

ਮੁਕੰਦ ਛੰਦ-੧੬

ਗੋਡੇ ਮੁੱਢ ਬੈਠਕੇ ਦੁਖਿਆਰੀ ਭੈਣ ਦੇ,
ਠਣ-ਠਣ ਇੰਝਾਂ ਡਿੱਗਣ ਹੁਸੈਨ ਦੇ ।
ਉਚੀ ਭੁੱਬਾਂ ਮਾਰੇ ਪੁੱਤਾਂ ਦੀ ਸਨੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਤੇਰੇ ਭੈਣੇ ਐਹੋ ਜੀ ਤਸੀਰ ਦੁੱਧ ਮੇਂ,
ਜਾਂਦੇ ਸਾਰ ਫੇਰਤੀ ਦੁਹਾਈ ਯੁੱਧ ਮੇਂ ।
ਬੜਾ ਵੀਰ ਛੋਟੇ ਨੂੰ ਦਲੇਰੀ ਚੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਮਾਰਦੇ ਵਡਿਆਈਆਂ ਸੀ ਸ਼ਿਮਰ ਵਰਗੇ,
ਤੇਰੇ ਦੋਹਾਂ ਸੂਰਮਿਆਂ ਪੁੱਤਾਂ ਤੋਂ ਡਰਗੇ ।
ਭਾਵੀ ਨੇ ਝੜਾਤੇ ਉਤੇ ਕਾਲ ਭੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਜੰਗ ਦੇ ਮੈਦਾਨ 'ਚ ਫਿਰਨ ਉਡਦੇ,
ਜਾਣੀ ਰਹੇ ਕਰਦੇ ਲੜਾਈ ਮੁੱਢਦੇ ।

ਲਗੜਾਂ ਅੜਿੱਕੇ ਆ ਗਏ ਬੱਚੇ ਕਾਉਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਰੱਖੀ ਫੌਜ ਵੈਰੀ ਦੀ ਬਥੇਰੀ ਖੇਤ ਮੇਂ,
ਨੈ ਲਹੂ ਦੀ ਮਾਰਕੇ ਚਲਾਤੀ ਰੇਤ ਮੇਂ ।
ਚਿੱਤਰੇ ਜੋਸ਼ੀਲੇ ਖੁੱਭੇ ਵਿੱਚ ਰੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਜੋਸ਼ ਵਿੱਚ ਇੱਕ ਦੂਸਰੇ ਤੋਂ ਨਿੱਖੜੇ,
ਘੇਰਾ ਪਾਕੇ ਵੈਰੀ ਦੇ ਸਿਪਾਹੀ ਬਿੱਖੜੇ ।
ਦੋਵੇਂ ਜਾਣੇ ਵਿੱਚ ਆ ਗੇ ਸੀ ਅੜੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਇੱਕ ਦਾ ਦੋ ਦਾਰੂ ਦੋ ਦਾ ਦਾਰੂ ਚਾਰ ਜੀ,
'ਰਜਬਲੀ' ਮਾਰੇ ਤਲਵਾਰਾਂ ਮਾਰ ਜੀ ।
ਚੰਦ ਰੋਜ਼ ਮੇਲੇ ਜਿੰਦੜੀ ਪਰ੍ਹੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਦੋਹਿਰਾ

ਕਾਸਮ ਸ਼ੇਰ ਦਲੇਰ ਸੀ, ਸ਼ਾਹ ਦਾ ਬੜਾ ਭਤੀਜ ।
ਉਹਨੂੰ ਸਾਰੇ ਦੇਸ਼ 'ਚੋਂ, ਉਹੋ ਪਿਆਰੀ ਚੀਜ਼ ।

ਦੋ ਭਾਗ ਛੰਦ-੧੭

ਇੱਕ ਕਾਸਮ ਹੁਸੈਨ ਦਾ ਭਤੀਜ ਸੀ,
ਉਹਨੂੰ ਉਹੋ ਦੇਸ਼ 'ਚੋਂ ਪਿਆਰੀ ਚੀਜ਼ ਸੀ ।

ਮੌਤ ਡੁੱਬ ਜਾਣੀ ਲਿਆ ਹਸਨ ਮਾਰ ਸੀ,
ਉਹ ਦੋਂਹ ਦਾ ਬਹੁਤ ਰੱਖਦਾ ਪਿਆਰ ਸੀ ।

ਮੰਨਣਾ ਪਿਆ ਭਰਾ ਮਰੇ ਦਾ ਵਾਕ ਸੀ,
ਕਰਤਾ ਹੁਸੈਨ ਨੇ ਕੁੜੀ ਦਾ ਸਾਕ ਸੀ ।

ਵੈਰੀਆਂ ਨੇ ਭੂਆ ਦੇ ਪੁੱਤਰ ਮਾਰਲੇ,
ਜੰਗ ਨੂੰ ਇਰਾਕੀ ਕਾਸਮ ਸ਼ਿੰਗਾਰਲੇ ।

ਫੇਰ ਰੋ ਕੇ ਕਰਦਾ ਅਰਜ਼ ਚਾਚੇ ਨੂੰ,
ਯੁੱਧ ਵਿੱਚ ਵੇਖ ਭੇਜ ਕੇ ਤਮਾਚੇ ਨੂੰ ।

ਆਹ ਗੱਲ ਸੋਚਦਾ ਹੁਸੈਨ ਚਿਰ ਤੋਂ,
ਪੁੱਤਰੀ ਨਕਾਹ ਦਿਆਂ ਭਾਰ ਲਾਹ ਦਿਆਂ ਸਿਰ ਤੋਂ ।

ਪੁੱਤਾਂ ਦੇ ਵੈਰਾਗ ਵੈਣ ਪੌਣ ਬੁੱੜ੍ਹੀਆਂ,
ਵਿੱਚੇ ਗੀਤ ਸ਼ਗਨਾਂ ਦੇ ਗੌਣ ਕੁੜੀਆਂ ।

ਨਾਲੇ ਮਾਤਾ ਗੇਰੇ ਅੱਖੀਆਂ 'ਚੋਂ ਨੀਰ ਨੂੰ,
ਨਾਲੇ ਮਲੀ ਜਾਵੇ ਵੱਟਣਾ ਸਰੀਰ ਨੂੰ ।

ਨਾਲੇ ਹੱਥਾਂ ਪੈਰਾਂ ਨੂੰ ਲਗਾਈਆਂ ਮਹਿੰਦੀਆਂ,
ਧੰਨ ਮਾਵਾਂ ਦੁੱਖੜੇ ਪੁੱਤਾਂ ਦੇ ਸਹਿੰਦੀਆਂ ।

ਖਾਰੇ ਚਾੜ ਕੀਤੇ ਸ਼ਗਨ ਬਥੇਰੇ ਐ,
ਬੰਨ੍ਹ ਦਿੱਤੇ ਮੱਥੇ ਤੇ ਜ਼ਰੀ ਦੇ ਸੇਹਰੇ ਐ ।

ਰੇਸ਼ਮੀ ਪੁਸ਼ਾਕ ਤੇ ਸਤਾਰੇ ਚੀਰੇ ਨੂੰ,
ਮਾਂ ਦਾ ਚਿੱਤ ਕਰੇ ਮੈਂ ਲਕੋਲਾਂ ਹੀਰੇ ਨੂੰ ।

ਨਾਲ 'ਬੀਬੀ ਜੋਗ' ਦੇ ਪੜ੍ਹਾਤੇ ਕਲਮੇਂ,
ਦਾਜ ਦੀ ਪਟਾਰੀ ਲਟਕਾਤੀ ਗਲ ਮੇਂ ।
'ਰਜਬਲੀ' ਲੈਂਦਾ ਸੀ ਸ਼ਿੰਗਾਰ ਰਾਕੀ ਨੂੰ,
ਵਿਆਹ ਕੇ ਛੱਡ ਚੱਲਿਆ ਬੇਕਸੂਰ ਕਾਕੀ ਨੂੰ ।

ਬੈਂਤ-੧੮

ਜ਼ੋਹਰਾ ਪਕੜ ਅਸਤੀਨ ਨੂੰ ਕਹਿਣ ਲੱਗੀ,
ਪਤੀ ਜੰਗ ਨੂੰ ਮੋੜਦੇ ਵਾਗ ਦੇਖੇ ।

ਮੈਨੂੰ ਰਹੀ ਨਾ ਸੁਰਤ ਸੰਭਾਲ ਕੋਈ,
ਐਸੇ ਚੰਦਰੇ ਖੁਆਬ ਨਿਭਾਗ ਦੇਖੇ ।

ਕਾਲੇ ਮੁੱਖ ਲੰਗੂਰਾਂ ਦੀ ਫ਼ੌਜ ਸਾਰੀ,
ਦਿੱਤੇ ਤੋੜ ਕਮਾਦ ਨਾ ਆਗ ਦੇਖੇ ।

ਡੇਰੇ ਹਸਨ-ਹੁਸੈਨ ਦੇ ਮਹਿਲ ਜਾਣੀ,
ਪੈ ਗਿਆ ਨ੍ਹੇਰ ਕੁੱਲ ਗੁੱਲ ਚਰਾਗ਼ ਦੇਖੇ ।

ਤੇਨੂੰ ਘੇਰ ਕੇ ਵੈਰੀਆਂ ਤੀਰ ਮਾਰੇ,
ਛਾਤੀ ਵਿੱਚ ਤਲਵਾਰ ਦੇ ਦਾਗ਼ ਦੇਖੇ ।

ਪੌਣ ਖਿੱਲੀਆਂ ਗਿੱਦੜੀਆਂ ਲੋਥ ਉਤੇ,
ਪਾਪੀ ਹੱਡੀਆਂ ਚੂਸਦੇ ਕਾਗ ਦੇਖੇ ।

ਸੁੰਨੀ ਸੇਜ ਤੇ ਰੰਗਲਾ ਪਲੰਘ ਤੇਰਾ,
ਉਤੇ ਲੇਟਦੇ ਕਾਲੜੇ ਨਾਗ ਦੇਖੇ ।

ਟੁਟਿਆ ਫੁੱਲ ਗੁਲਾਬ ਦਾ ਹਾਰ ਵਿੱਚੋਂ,
ਅੱਖਾਂ ਨਾਲ ਉਜਾੜੀ ਦੇ ਬਾਗ ਦੇਖੇ ।

ਕੰਨੀ ਸੁਣੇ ਕੁਰਲਾਟ ਵਿੱਚ ਤੰਬੂਆਂ ਦੇ,
ਮਾਵਾਂ ਪੌਂਦੀਆਂ ਵੈਣ ਵਰਾਗ ਦੇਖੇ ।

ਅਜੇ ਨਹੀਂ ਰੰਡੇਪੇ ਦਾ ਵਕਤ ਮੇਰਾ,
ਕਦੋਂ ਮੌਜ-ਬਹਾਰ ਸੁਹਾਗ ਦੇਖੇ ।

ਤੂੰ ਵੀ ਮਾਣ ਜਵਾਨੀਆਂ ਛੈਲ ਲਾੜਿਆ,
ਮੈਂ ਵੀ ਭੱਲ ਮਟਿਆਰ ਨਾ ਚਾਗ ਦੇਖੇ ।

ਰੋਂਦੀ ਰਹੂੰ ਉਡੀਕਦੀ ਰਾਹ ਤੇਰਾ,
ਇੱਕ ਘੜੀ ਖੜੋਤੇ ਨਾ ਲਾਗ ਦੇਖੇ ।

ਨਾ ਮੈਂ ਚੋਟ ਵਿਜੋਗ ਦੀ ਸਹਿਣ ਜੋਗੀ,
'ਬਾਬੂ' ਸੁੱਖ-ਅਰਾਮ ਨਾ ਤਿਆਗ ਦੇਖੇ ।

ਬੈਂਤ-੧੯

ਕਾਸਮ ਕਹੇ ਤੂੰ ਵੇਖ ਖ਼ਿਆਲ ਕਰਕੇ,
ਆਕੇ ਪਾ ਲਿਆ ਦੁਸ਼ਮਣਾ ਘੇਰਿਆਂ ਨੂੰ ।

ਵੈਰੀ ਮਾਰਦੇ ਸੱਦ ਰਣ-ਭੂਮਿਕਾ ਮੇਂ,
ਮਾਰ ਛੋਟਿਆਂ ਵੀਰਨਾ ਮੇਰਿਆਂ ਨੂੰ ।

ਪਾਣੀ ਨਹੀਂ ਸਦਾਤ ਨੂੰ ਪੀਣ ਦਿੰਦੇ,
ਪੌਣ ਨਦੀ ਫਰਾਤ ਤੇ ਫੇਰਿਆਂ ਨੂੰ ।

ਮੈਨੂੰ ਜੰਗ ਨੂੰ ਤੋਰ ਨਿਹਾਲ ਹੋ ਕੇ,
ਛੇੜਾਂ ਮਾਰ ਪਲਾਕੀ ਵਛੇਰਿਆਂ ਨੂੰ ।

ਐਰ-ਗੈਰ ਨਾ ਦੋਹਤੀ ਹਜ਼ਰਤਾਂ ਦੀ,
ਕੱਟ ਸਬਰ ਸੇ ਵਖ਼ਤ ਉਖੇਰਿਆਂ ਨੂੰ ।

ਅਲੀ ਸ਼ੇਰ ਖ਼ੁਦਾ ਦਾ ਪੋਤਰਾ ਮੈਂ,
ਵੜ ਦਲੀਂ ਦਬੱਲ ਦਿਆਂ ਵੇਰ੍ਹਿਆਂ ਨੂੰ ।

ਤਿੜੇ ਫਿਰਨ ਮਜਾਲ ਕੀ ਗਿੱਦੜਾਂ ਦੀ,
ਚੈਲੰਜ-ਲੜਨ ਦਾ ਦੇਣ ਬਘੇਰਿਆਂ ਨੂੰ ।

ਦੁੱਧ ਚੁੰਘ ਕੇ ਅਰਬ ਦੀ ਸ਼ੇਰਨੀ ਦਾ,
ਪਾ ਦੂੰ ਸੱਥਰੀਆਂ ਵੱਢ ਬਥੇਰਿਆਂ ਨੂੰ ।

ਪੈਣ ਭਾਜੜਾਂ ਕੂਫ਼ੀਆਂ ਬੁਜ਼ਦਿਲਾਂ ਨੂੰ,
ਜਦੋਂ ਪੈ ਗਿਆ ਬਾਜ਼ ਬਟੇਰਿਆਂ ਨੂੰ ।

ਸਾਕੇ ਹੋਣ ਮੈਦਾਨ ਮੇਂ ਗੱਭਰੂਆਂ ਦੇ,
ਖੜ੍ਹ ਕੇ ਦੇਖ ਦਲੇਰ ਦੇ ਜੇਰਿਆਂ ਨੂੰ ।

ਮੇਰੀ ਤੜਫਦੀ ਤੇਗ਼ ਮਿਆਨ ਅੰਦਰ,
ਫਿਰੂ ਕੱਟਦੀ ਸੀਸ ਲਲੇਰਿਆਂ ਨੂੰ ।

ਨੇਜ਼ੇ ਨਾਲ ਸਰੀਰ ਪਰੁੰਨ੍ਹ ਦੂੰਗਾ,
ਦੇ ਦੂੰ ਤੀਰ ਤੁਫੰਗ ਦੇ ਨੇਰਿਆਂ ਨੂੰ ।

ਰੱਤ ਨਾਲ ਉਛਾਲ ਦੂੰ ਛੱਪੜਾਂ ਨੂੰ,
ਵਾਹਣਾਂ ਵਿੱਚ ਖਲਾਰ ਦੂੰ ਬੇਰਿਆਂ ਨੂੰ ।

ਫੇਰ ਮਿਲਾਂਗੇ ਹਸ਼ਰ ਦਿਹਾਰੜੇ ਨੂੰ,
ਰੱਜ-ਰੱਜ ਕੇ ਵੇਖ ਲਈਂ ਚੇਹਰਿਆਂ ਨੂੰ ।

'ਬਾਬੂ' ਫਟੀ ਅਸਤੀਨ ਤੋਂ ਸਿਆਣ ਲੈਣਾ,
ਚੀਰਾ ਲਾਲ ਸਵਰਨ ਦੇ ਸੇਰ੍ਹਿਆਂ ਨੂੰ । ।

ਦੋਹਿਰਾ

ਕਾਸਮ ਚੜ੍ਹ ਗਿਆ ਲੜਨ ਨੂੰ, ਵੇਖ ਯਰਕਦੇ ਜੁਆਨ ।
ਨਾਲ ਹੰਨੇਂ ਦੇ ਲਟਕਦੀ, ਹੀਰੇ ਜੜੀ ਕਮਾਨ ।

ਦੋ ਭਾਗ ਛੰਦ-੨੦

ਸੀਸ ਤੇ ਸੋਂਹਦਾ ਚੀਰਾ ਲਾਲ ਰੰਗ ਦਾ,
ਸੂਰਮੇ ਨੇ ਪਹਿਨ ਲਿਆ ਲਿਬਾਸ ਜੰਗ ਦਾ ।
ਹੱਥ 'ਚ ਸੁਨਹਿਰੀ ਤਲਵਾਰ ਚਮਕੇ,
ਘੋੜਾ ਲਾਰੇ ਲਾ ਲਿਆ ਜ਼ਮੀਨ ਧਮਕੇ ।

ਸੁਆਦ ਆਜੇ ਘੋੜੇ ਹਥਿਆਰ ਸ਼ੁੱਧ ਦਾ,
ਲਾਲੀਆਂ ਭਖਣ ਚਾਅ ਚੜ੍ਹਿਆ 'ਵਿਆ ਯੁੱਧ ਦਾ ।
ਉਮਰ ਛੁਟੇਰੀ ਰੁੱਤ ਪੀਣ-ਖਾਣ ਦੀ,
ਦੰਗ ਰਹਿਗੇ ਵੇਖਕੇ ਦਲੇਰੀ ਜੁਆਨ ਦੀ ।

ਕਾਸਮ ਦਲਾਂ ਦੇ ਵਿੱਚ ਫਿਰੇ ਕੁੱਦ ਦਾ,
ਲਾਲੀਆਂ ਭਖਣ ਚਾਅ ਚੜ੍ਹਿਆ 'ਵਿਆ ਯੁੱਧ ਦਾ ।
ਜੋਸ਼ ਨਾਲ ਗਿੱਚੀ ਦੀ ਖੜੋਗੀ ਝੰਡ ਜੀ,
ਸੂਰਮਾਂ ਨਾ ਰਣਾਂ 'ਚ ਦਿਖਾਊ ਕੰਡ ਜੀ ।

ਨਬੀ ਜੋ ਰਸੂਲ ਦਾ ਸਦੌਂਦਾ ਦੋਹਤਰਾ,
ਸ਼ੇਰ ਜੋ ਖ਼ੁਦਾ ਦਾ ਅਲੀ ਉਹਦਾ ਪੋਤਰਾ ।
ਅੰਗ-ਅੰਗ ਵਿੱਚੋਂ ਫਿਰੇ ਜੋਸ਼ ਮੁੱਧ ਦਾ,
ਕਰੂਗਾ ਸਫ਼ਲ ਮਾਂ ਦੇ ਚੁੰਘੇ ਦੁੱਧ ਦਾ ।

ਲੱਗੀ ਦ੍ਹੀਦੀ ਸੱਜਰੀ ਹੱਥਾਂ ਨੂੰ ਮਹਿੰਦੀ ਐ,
ਲਾਲ ਵਾਂਗੂੰ ਮੱਥੇ 'ਚੋਂ ਝਲਕ ਪੈਂਦੀ ਐ ।

ਕੰਬਗੀ ਧਰਤ ਸੁਣਕੇ ਬਚਿੱਤਰਾ,
ਖੜਾ ਲਲਕਾਰੇ ਜਗਮੇਲ ਚਿਤਰਾ ।
'ਬਾਬੂ' ਵਿਰਾਗ 'ਚ ਕੰਠ ਰੁੱਧ ਦਾ ।
ਪਾਦੂ ਭਾਜ ਉਡਕੇ ਬਰੋਲਾ ਧੁੰਦ ਦਾ ।

ਦੋ ਭਾਗ ਛੰਦ-੨੧

ਆਂਵਦਾ ਲੜਨ ਸਰਦਾਰ ਸ਼ਾਮੀ ਐ,
ਗੱਭਰੂ ਦੇ ਬੰਨ੍ਹ ਲਿਆ ਚੱਕਰ ਲਾਮ੍ਹੀਐ ।

ਜ਼ੋਰ ਨਾਲ ਨੇਜ਼ੇ ਨੂੰ ਦਬਾਇਆ ਧਰਕੇ,
ਅਕਬਰ ਥੋੜਾ ਜਿਹਾ ਪਿਛਾਂਹ ਨੂੰ ਸਰਕੇ ।

ਤਾਂਘਦਾ ਕਦਮ ਜਾਂ ਰਕਾਬੋਂ ਪੱਟਿਆ ਗਿਆ,
ਨਾਲੇ ਖੱਬੇ ਹੱਥ ਨੂੰ ਰਤਾ ਕੁ ਵੱਟਿਆ ਗਿਆ ।

ਅਕਬਰ ਫੇਰ ਤੀ ਵਿਚਾਲਿਉਂ ਤੇਗ਼ ਜੀ,
ਦਿੱਤੇ ਦੋਵੇਂ ਟੁੱਕੜੇ ਜ਼ਿਮੀਂ ਤੇ ਡੇਗ ਜੀ ।

ਗੜ੍ਹਕੇ ਮੈਦਾਨ 'ਚ ਖਲੋਤਾ ਖੁਮਰਾ,
ਦੂਜੀ ਵਾਰੀ ਆ ਗਿਆ ਜਵਾਨ ਉਮਰਾ ।

ਨਾਲੇ ਨੇਜਾ ਮਾਰਦਾ ਉਲਾਰ ਹਿੱਕ ਨੂੰ,
ਲੰਘ ਗਿਆ ਦੁੱਸਰ ਪਾੜ ਕੇ ਤੇ ਹਿੱਕ ਨੂੰ ।

ਫੇਰ ਵਾਰੀ ਆ ਗਈ ਮਿਸਰ ਜਵਾਨ ਦੀ,
ਛੇਤੀ ਦੇ ਕੇ ਤੰਦੀ ਚਾੜ ਗਿਆ ਕਮਾਣ ਦੀ ।

ਲੈ ਸ਼ਿਸ਼ਤ ਮਾਰਦਾ ਖੜੋਕੇ ਤੀਰ ਨੂੰ,
ਗੱਭਰੂ ਨੇ ਵਿੰਨ੍ਹ ਦੇਣਾ ਸੀ ਸਰੀਰ ਨੂੰ ।

ਅਕਬਰ ਕਰੇ ਫੁਰਤੀ ਕਮਾਲ ਦੀ,
ਰੋਕ ਜਾਂਦਾ ਰੋਕ ਕੇ ਸ਼ਤਾਬੀ ਢਾਲ ਦੀ ।

ਦੂਜੀ ਵਾਰੀ ਔਣ ਨਾ ਕਮਾਣੋਂ ਤੀਰ ਤਾਂ,
ਰਾਕੀ ਨੂੰ ਭਜਾ ਕੇ ਜਾ ਵਿਚਾਲਿਉਂ ਚੀਰ ਤਾ ।

ਫੇਰ ਹੋਇਆ ਨਾਲ ਤਲਾ ਦੇ ਮੁਕਾਬਲਾ,
ਉਹ ਵੀ ਸੀਸ ਲੌਣੇ ਰੱਖ ਤਾ ਉਤਾਬਲਾ ।

ਫੇਰ ਵੈਰੀ ਨੇ ਸੀ ਘਲ੍ਹਿਆ ਤੁਫ਼ੈਲ ਨੂੰ,
ਅਲੀ ਅਕਬਰ ਦੀ ਦਬੱਲ ਮੈਲ ਨੂੰ ।

ਆਉਣੋਂ ਲਲਕਾਰਾ ਮਾਰਿਆ ਨਦਾਨ ਨੇ,
ਆ ਕੇ ਘੇਰਾ ਪਾ ਲਿਆ ਹਜ਼ਾਰ ਜੁਆਨ ਨੇ ।

ਡਰਨਾ ਕੀ ਦੁੱਧ ਸ਼ੀਹਣੀਆਂ ਦੇ ਚੁੰਘਲੇ,
ਉਨ੍ਹਾਂ ਵਿੱਚੋਂ ਸੀਸ ਵੀ ਕਈਆਂ ਦੇ ਡੁੰਗਲੇ ।

ਅਫ਼ਰੀਨ ਮਾਰੀ-ਮਾਰੀ ਦਾ ਵੀ ਗਰਜੇ,
'ਰਜਬਲੀ' ਲੈ ਗਿਆ ਸ਼ਹੀਦੀ ਦਰਜੇ ।

ਦੋਹਿਰਾ

ਨਿਆਣੇ ਧਿਆਏ ਵਿਲਕਦੇ, ਤੰਬੂਆਂ ਵਿੱਚ ਕੁਰਲਾਟ ।
ਦੇਖੇ ਜੁਆਨ ਅਬਾਸ ਜੀ ਗਿਆ ਕਾਲਜਾ ਪਾਟ ।

ਦੋ ਭਾਗ ਛੰਦ-੨੨

ਸਾਰੀ ਦਰਦਾਂ ਭਰੀ ਵੀ ਕਹਾਣੀ ਐਂ,
ਤਿੰਨ ਦਿਨ ਹੋਗੇ ਨਾ ਥਿਔਂਦਾ ਪਾਣੀ ਐਂ ।

ਮਰਨ ਤਿਹਾਏ ਨਾ ਕਿਸੇ ਨੂੰ ਸੁੱਧ ਜੀ,
ਬੀਬੀਆਂ ਦੇ ਸੁੱਕ ਗਏ ਥਣਾਂ 'ਚੋਂ ਦੁੱਧ ਜੀ ।

ਲੈਣ ਸਾਰੇ ਪਾਣੀ ਨੂੰ ਜਵਾਕ ਤਰਲੇ,
ਮੋਢੇ ਉਤੇ ਮਸ਼ਕ ਅਬਾਸ ਧਰਲੇ ।

ਲੁੱਕ-ਲੁੱਕ ਪਹੁੰਚ ਗਿਆ ਨਦੀ ਦੇ ਉਤੇ ਜੀ,
ਵੇਖਗੇ ਸ਼ਿਮਰ ਦੇ ਸਿਪਾਹੀ ਕੁੱਤੇ ਜੀ ।

ਚੱਕਕੇ ਮਸ਼ਕ ਜਦੋਂ ਦੌੜ ਚੱਲਿਆ,
ਵੈਰੀਆਂ ਮਗਰ ਲੱਗਕੇ ਦਵੱਲਿਆ ।

ਜਾਂਦਾ ਸੀ ਰੁਹਾਲ ਚਾਲ ਕੋਡਾ-ਕੋਡਾ ਜੀ,
ਤਲਵਾਰ ਮਾਰ ਕੇ ਉਡਾਤਾ ਮੋਢਾ ਜੀ ।

ਘੇਰਕੇ ਖੜੋਗੇ ਲੜੇ ਨਾਲ ਜਿਨ੍ਹਾਂ ਦੇ,
ਮਾਰ ਸੀਸ ਜੁਆਨ ਨੇ ਉਡਾਤੇ ਤਿੰਨਾਂ ਦੇ ।

ਰੋਕ ਕੇ ਤੇ ਵਾਰ ਬੋਚ ਕੇ ਸਰੀਰ ਨੂੰ,
ਫੇਰ ਮਾਂ ਦਾ ਪੁੱਤ ਘੱਤ ਗਿਆ ਵਹੀਰ ਨੂੰ ।

ਜਦੋਂ ਅੱਧੀ ਮੀਲ ਕੁ ਟਿਕਾਣਾ ਰਹਿ ਗਿਆ,
ਦੂਜੀ ਵਾਰ ਘੇਰਾ ਜ਼ਾਲਮਾਂ ਦਾ ਪੈ ਗਿਆ ।

ਉਤੇ ਮੀਂਹ ਦੇ ਵਾਂਗ ਹਥਿਆਰ ਵਰ੍ਹਦੇ,
ਇੱਕ ਹੱਥ ਫੱਟੜ ਕਈਆਂ ਨੂੰ ਕਰਦੇ ।

ਵੈਰੀਆਂ ਮੋਢੇ 'ਚ ਤਲਵਾਰ ਗੱਡਤੀ,
ਕਰੇ ਕੀ ਵਿਚਾਰਾ ਦੂਜੀ ਬਾਂਹ ਵੀ ਵੱਢਤੀ ।

ਕੋਈ ਨਾ ਹਮੈਤੀ ਦੀਂਹਦਾ ਰੋਹੀ ਰੰਦਾਂ ਮੇਂ,
ਫੜਲੀ ਮਸ਼ਕ ਘੁੱਟ ਕੇ ਤੇ ਦੰਦਾਂ ਮੇਂ ।

ਦੂਜੀ ਵਾਰ ਮਾਰ ਲਲਕਾਰਾ ਗੱਜ ਗਿਆ,
ਫੇਰ ਮਾਂ ਦਾ ਪੁੱਤ ਪੈਂਦੀਆਂ 'ਚੋਂ ਭੱਜ ਗਿਆ ।

ਦੇਖਕੇ ਤੇ ਔਂਦੇ ਨੂੰ ਨਿਆਣੇ ਟੱਪਦੇ,
ਹੁਣ ਪਾਣੀ ਨਿਆਣਿਆਂ ਨੂੰ ਪਿਆਦੂ ਛੱਪਦੇ ।

ਸੁਣ-ਸੁਣ ਵਾਰਤਾ ਸਰੀਰ ਕੰਬੂ ਜੀ,
ਜਦੋਂ ਰਹਿ ਗੇ ਦਸ-ਵੀਹ ਕਦਮ ਤੰਬੂ ਜੀ ।

'ਰਜਬਲੀ' ਕਿਸੇ ਧੌਣ 'ਚ ਧਲੀਰਤੀ,
ਸਾਰਾ ਪਾਣੀ ਡੁੱਲ੍ਹ ਗਿਆ ਮਸ਼ਕ ਚੀਰਤੀ ।

ਦੋਹਿਰਾ

ਬੀਬੀ ਕਹੇ ਹੁਸੈਨ ਨੂੰ, ਅਸਗਰ ਨੂੰ ਨਾ ਹੋਸ਼ ।
ਪਾਣੀ ਪਿਆ ਲਿਆ ਛਿਮਰ ਤੋਂ ਐਂ ਕੀ ਕਹਿਣਾ ਓਸ ?

ਦੋ ਭਾਗ ਛੰਦ-੨੩

ਬੀਬੀ ਸ਼ੇਰਬਾਨੋ ਆਖਦੀ ਹੁਸੈਨ ਨੂੰ,
ਕਰਦਾ ਵੀ ਚਿੱਤ ਕਰਦਾ ਨੀ ਕਹਿਣ ਨੂੰ ।

ਐਨੇ ਵੈਰੀ ਹੋਣੇ ਨੀ ਕਠੋਰ ਦਿਲ ਕੇ,
ਏਨੂੰ ਪਾਣੀ ਪਿਆ ਲਿਆ ਜਵਾਕ ਵਿਲਕੇ ।

ਉਸੇ ਵੇਲੇ ਤੁਰਪੇ ਅਮਾਮ ਪੋਲੇ ਜੀ,
ਲੈਗੇ ਰੋਂਦੇ ਬੱਚੇ ਨੂੰ ਛਿਮਰ ਕੋਲੇ ਜੀ ।

ਮੇਰੇ ਨਾਲ ਵੈਰ ਮੈਨੂੰ ਮਾਰ ਕੁੱਟ ਤੂੰ,
ਧਿਆਇਆ ਬੱਚਾ ਪਾਣੀ ਦੀ ਪਿਆ ਦੇ ਘੁੱਟ ਤੂੰ ।

ਜੁਆਕ ਦੀ ਬੁਝਾਦੇ ਪਿਆਸ ਕੰਮ ਸਾਰਦੀਂ,
ਮੇਰੇ ਚਾਰ ਤਲਵਾਰਾਂ ਵੱਧ ਮਾਰਦੀਂ ।

ਹੱਸ-ਹੱਸ ਜ਼ਾਲਮ ਚੰਡਾਲ ਬੋਲਦੇ,
ਚੰਗਾ ਫੜ ਏਸ ਦੀ ਜ਼ਬਾਨ ਖੋਲਦੇ ।

ਖੋਲ ਦਿੱਤਾ ਮੁੱਖ ਪਹੁੰਚ ਕੇ ਕਰੀਬ ਤੋਂ,
ਛਿਮਰ ਚੰਡਾਲ ਤੀਰ ਮਾਰੇ ਜੀਭ ਤੋਂ ।

ਛੱਡ ਗਿਆ ਪਰਾਣ ਇੱਕ ਲੈ ਕੇ ਧੁਰਲੀ,
ਮੂੰਹ ਦੇ ਵਿੱਚ ਡੁੱਲ੍ਹਗੀ ਲਹੂ ਦੀ ਕੁਰਲੀ ।

ਮੁੜਕੇ ਜਾਂ ਆਇਆ ਮਾਂ ਦੁੱਖੀ ਨੇ ਪੁੱਛ ਲਿਆ,
ਨੈਣਾਂ ਵਿੱਚੋਂ ਲਹੂ ਦਾ ਫੁਹਾਰਾ ਉਛਲਿਆ ।

ਹਿੱਕ ਨਾਲ ਲਾ ਲਿਆ ਬੁਝਾ ਦੇ ਅਗਨੀ,
ਮੇਰੇ ਪਿੱਛੇ ਪੈਗੀ ਸੌਰ੍ਹੀ ਮੌਤ ਠੱਗਣੀ ।

ਪੂੰਝਦੀ ਰੁਮਾਲ ਨਾਲ ਲਹੂ ਬੁਲ੍ਹਾਂ ਤੋਂ,
ਵੈਰੀ ਨੇ ਕੀ ਲੈਣਾ ਤੋੜ ਕੱਚੇ ਫੁੱਲਾਂ ਤੋਂ ।

ਜਾਗ ਪੁੱਤ ਕਿੱਥੇ ਆਗੀ ਐਨੀ ਨਿੰਦਰਾ,
ਕੀਹਨੇ ਲਾਤਾ ਚਿੱਟਿਆਂ ਦੰਦਾਂ ਨੂੰ ਜਿੰਦਰਾ ।

ਕਦੇ ਵੀ ਬੁਲਾਵਾਂ ਦੇਹ ਜੁਆਬ ਹੰਨਸਾ,
ਲਾ ਗਿਆ ਮਾਂ ਬੁੱਢੀ ਨੂੰ ਉਮਰਾਂ ਦਾ ਸੰਨਸਾ ।

ਜਾਗ ਵਾਜ ਮਾਰ ਮਾਲਕ ਸਮਾਨੀ ਨੂੰ,
ਮੈਨੂੰ ਲੈਜੇ ਮੌਤ ਤੂੰ ਹੰਡਾਲੇਂ ਜੁਆਨੀ ਨੂੰ ।

ਗੁੰਮ ਹੋਗੀ ਮਾਤਾ ਪੌਂਦੀ-ਪੌਂਦੀ ਕੀਰਨੇ,
ਇੱਕੋ ਵਾਰੀ ਖਾਧੀ ਜੁੰਬਸ ਸਰੀਰ ਨੇ ।

'ਰਜਬਲੀ' ਫੇਰ ਦਾੜ ਦੇਣੇ ਗਿਰਗੀ,
ਪੈਗੀਆਂ ਸੀ ਦੰਦਲਾਂ ਬਗੌੜ ਫਿਰਗੀ ।

ਦੋਹਿਰਾ

ਜੰਗ ਨੂੰ ਚੜੇ ਹੁਸੈਨ ਜੀ, ਕੁਲ ਫਰਕਦੇ ਅੰਗ ।
ਵਾਜਾਂ ਮਾਰੇ ਨਫ਼ਰ ਨੂੰ, ਕੱਸਦੇ ਤੁਰਤ ਤੁਰੰਗ ।

ਮੁਕੰਦ ਛੰਦ-੨੪

ਜਦੋਂ ਸਾਰੀ ਫ਼ੌਜ ਵੈਰੀਆਂ ਨੇ ਮਾਰੀ ਐ,
ਆਖਦਾ ਹੁਸੈਨ ਆਗੀ ਮੇਰੀ ਵਾਰੀ ਐ ।

ਨੈਂ 'ਚ ਬੇੜ੍ਹੀ ਰੁੜ੍ਹੇ ਉੱਤਮ ਘਰਾਣੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਪਾਦੇ ਵਾਗਾਂ ਰੇਸ਼ਮੀ ਲਗਾਮ ਵੱਧਕੇ,
ਚੰਗੀ ਤਰ੍ਹਾਂ ਜੀਨ ਵੇਖ ਲਈਂ ਉਲੱਦ ਕੇ ।
ਮਖਮਲ ਝਾੜ ਸਬਜ਼ ਪਲਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਉਤੇ ਪਾਦੇ ਗੱਦੀਆਂ ਜਿਨ੍ਹਾਂ 'ਚ ਨਮਦੇ,
ਨਾਲੇ ਪੈੜੇ ਕੱਸਦੇ ਵਿਗਾਨੀ ਚਮਦੇ ।
ਫੜ ਜ਼ੇਰਬੰਦ ਨੂੰ ਨਗਾਦੇ ਮਿਆਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਬਕਸੂਏ ਕਸਦੇ ਵਲੈਤੀ ਰੰਗਾਂ ਦੇ,
ਜੀਹਤੇ ਜੜੇ ਹੀਰੇ 'ਵੇ ਕਮਾਲ ਰੰਗਾਂ ਦੇ ।
ਕਾਨਪੁਰੀ ਬੰਨਦੇ ਹਜ਼ਾਰ ਕਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਕੱਢ ਲਿਆ ਬਕਸ 'ਚੋਂ ਪਿਤਾ ਦੀ ਬਰਦੀ,
ਮੇਰੀ ਅੱਜ ਜੰਗ ਨੂੰ ਦਲੀਲ ਕਰਦੀ ।
ਕਰਲੂ ਕੀ ਮੈਲ ਸ਼ਿਮਰ ਜ਼ਮਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਕੱਢ ਮਿਆਨ ਤੋੜ ਕੇ ਜ਼ੁਲਫ਼ਕਾਰ ਦੀ,
ਜਿਹੜੀ ਵਧ-ਵਧ ਵੈਰੀਆਂ ਨੂੰ ਮਾਰਦੀ ।
ਤੇਹ ਬੁਝਾਲੇ ਰੱਤ ਪੀਕੇ ਤੇ ਬਗਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਜੇਹੜੀ ਪੱਕੀ ਬਣੀ ਸੜਕ ਰਸੂਲ ਦੀ,
ਸਿੱਧੀ ਝੰਡੀ ਜਾਊ ਸੱਯਦਾਂ ਦੀ ਝੂਲਦੀ ।
'ਰਜਬਲੀ' ਬੈਂਤ ਕਰਾਂ ਨਾ ਨਿਮਾਣੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਦੋਹਿਰਾ

ਵੱਧ-ਵੱਧ ਤੇਗ਼ਾਂ ਮਾਰਦਾ, ਬੁਰਾ ਹਾਸ਼ਮੀ ਜੋਸ਼ ।
ਮਾਰ ਦਵੱਲੇ ਜੁਆਨ ਨੇ, ਜਿਮੇਂ ਸ਼ੇਰ ਖ਼ਰਗੋਸ਼ ।

ਮੁਕੰਦ ਛੰਦ-੨੫

ਪੀੜ ਕੇ ਗੁਲਾਮ ਨੇ ਲਿਆਂਦਾ ਜੁਲਜਣਾ,
ਹੋਗੇ ਅਸਵਾਰ ਜ਼ਿਆਦਾ ਕੀ ਕੁਲਜਣਾ ।
ਸੁੱਚੀ ਜੀਨ ਸੱਜ ਦੀ ਸਬਜ਼ ਟਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਤਾਜ ਉਤੇ ਮੋਤੀ ਦੂਰ ਤੋਂ ਚਮਕਣੇ,
ਪਹੁੰਚਿਆ ਹੁਸੈਨ ਅੱਖ ਦੇ ਝਮਕਣੇ ।
ਥਾਂ ਤੋਂ ਛਾਲ ਚੱਕੀ ਘੋੜੇ ਨੇ ਚਲਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਹੱਥ 'ਚ ਜ਼ੁਲਫਕਾਰ ਫਿਰੇ ਨੱਚ ਦੀ,
ਸੁੱਚੇ ਲੋਹੇ ਮੂਹਰੇ ਕੀ ਮਨਿਆਦ ਕੱਚ ਦੀ ।
ਕੌਣ ਤਾਬ ਝੱਲੇ ਅੰਸ ਲੜਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਦੇਖਕੇ ਦਲੇਰੀ ਕੰਬਣ ਫ਼ਰਿਸ਼ਤੇ,
ਉਹ ਨੀ ਮਾਂ ਨੂੰ ਜੰਮਿਆਂ ਚਲਾਤੀ ਜਿਸਤੇ ।
ਏਥੇ ਤਾਕਤ ਕੀ ਇਨਸਾਨ ਖਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਵੈਰੀਆਂ ਉਦਾਲੇ ਦਿੰਦਾ ਫਿਰੇ ਹੇਲੀਆਂ,
ਭੁੱਖੇ ਬਘਿਆੜ ਤੋਂ ਡਰਨ ਲੇਲੀਆਂ ।
ਕਿਤੇ ਟੈਰ ਥਿਆਵੇ ਨਾ ਛਿਮਰ ਆਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਲੋਥਾਂ ਦੇ ਲਗਾਤੇ ਢੇਰ ਮੀਲ-ਮੀਲ ਜੀ,
ਟਿੱਬਿਆਂ 'ਚ ਬਣਗੀ ਲਹੂ ਦੀ ਝੀਲ ਜੀ ।
ਰੋੜ੍ਹੇ ਪਾਤੇ ਸੀਸ ਜਿਵੇਂ ਗੇਂਦ ਹਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਜੇਹੜੇ ਵੈਰੀ ਮਾਰਦੇ ਵਡਿਆਈਆਂ ਤਿੜ੍ਹਦੇ,
ਸੂਰਮੇ ਅਨੇਕਾਂ ਵਿੱਚ ਰੱਖੇ ਪਿੜ ਦੇ ।
'ਰਜਬਲੀ' ਫ਼ੌਜ ਤਾਂ ਭਜਾਤੀ ਬਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਦੋਹਿਰਾ

ਮਾਈਆਂ ਝੁਰਨ ਬਥੇਰੀਆਂ, ਰੋ-ਰੋ ਕਰਦੀਆਂ ਸੋਚ ।
ਮਰਨ ਦ੍ਹੋਤਰੇ ਦੋਹਤੀਆਂ, ਰਿਹਾ ਬੜਾ ਮਨ ਲੋਚ ।

ਦੋ ਭਾਗ ਛੰਦ-੨੬

ਪਰਵਾਰ ਦੀਆਂ ਵੇਖਕੇ ਨਿਸ਼ਾਨੀਆਂ,
ਜ਼ਾਰ-ਜ਼ਾਰ ਰੋਂਦੀਆਂ ਮਦੀਨੇ ਨਾਨੀਆਂ ।

ਸਾਕ-ਸੈਲ ਸਾਰੇ ਕਤਰਾਗੇ ਕੰਨੀਆਂ,
ਬਿਸਮਿਲ ਕਰਕੇ ਰਜ਼ਾਈਂ ਮੰਨੀਆਂ ।

ਮੁੱਖ ਮੋੜ ਚੱਲੀ ਉਮਤ ਰਸੂਲ ਦੀ,
ਦੁਖੀਆਂ ਨੂੰ ਕੇਹੜਾ ਕਬਰ ਕਬੂਲਦੀ ।

ਨੈਂਅ ਕਿਨਾਰੇ ਰੁੱਖ ਦੋ ਪੁਰਾਣੇ ਬਾਹਲੇ ਐ,
ਅਸੀਂ ਅੱਜ ਕੱਲ੍ਹ ਨੂੰ ਢੈਹਣ ਵਾਲੇ ਐ ।

ਦੋਹਤਰੇ ਵਛੋੜੇ ਰੱਬ ਜ਼ੋਰਾਵਰ ਨੇ,
ਐਨੀ ਪਤਾ ਅਜੇ ਕੀ ਤਸੀਹੇ ਭਰਨੇ ।

ਇੱਕ ਤਾਂ ਬੁਢੇਪੇ ਦੇ ਚੁਬਣ ਕਰਚੇ,
ਹੁੰਦੇ ਜੋ ਨਿਆਣੇ ਕੋਲੇ ਚਿੱਤ ਪਰਚੇ ।

ਮੁੜ-ਮੁੜ ਕਰਨ ਝੁਰੇਵੇਂ ਬੁੜ੍ਹੀਆਂ,
ਛੋਪ ਪਾਕੇ ਲੌਂਦੀਆਂ ਕਚਹਿਰੀ ਕੁੜੀਆਂ ।

ਹੋਣੀਆਂ ਨਾ ਦੋਹਤੀਆਂ ਬਗੈਰੀਂ ਰੌਣਕਾਂ,
ਅੱਜ ਸਾਡੇ ਚੰਦਰੇ ਬਨੇਰੇ ਢੋਣ ਕਾਂ ।

ਪੜ੍ਹਦੇ ਜਾਂ ਬੀਬੀ ਜੈਨਬਾਂ ਦੇ ਕਾਕੇ ਜੇ,
ਜਾਨ ਤੋਂ ਪਿਆਰੇ ਲੱਗਦੇ ਪਟਾਕੇ ਜੇ ।

ਇੱਕ-ਇੱਕ ਗੋਦ ਵਿੱਚ ਲੈ ਕੇ ਬਹਿੰਦੀਆਂ,
ਚਿੱਤ ਲੱਗ ਜਾਂਦੇ ਕਿਉਂ ਉਦਾਸ ਰਹਿੰਦੀਆਂ ।

ਨਿੱਕੇ ਅਸਗਰ ਦੀ ਕਰਨ ਗੱਲ ਵੀ,
ਉਹ ਤਾਂ ਨਾਨੀਆਂ ਨੂੰ ਭੁਲਦਾ ਨਾ ਪਲ ਵੀ ।

ਦੋ ਰੁਮਾਲ ਅਕਬਰ ਦੇ ਬਣਾਏ ਪਏ,
ਕਾਸਮ ਦੀ ਪੱਗ ਨੂੰ ਸਿਤਾਰੇ ਲਾਏ ਪਏ ।

ਜ਼ੋਹਰਾਂ ਦੀ ਬਣਾਈ ਲੋਗਣੀ ਦੀ ਪੱਖੀ ਪਈ,
ਜਿਲਦ ਕੁਰਾਨ ਦੀ ਬੰਨ੍ਹਾਕੇ ਰੱਖੀ ਪਈ ।

ਨਾਲੇ ਸੱਚੀਂ ਲਿਆਤੀਆਂ ਬਨਾਤੀ ਪੱਖੀਆਂ,
ਨੈਣਾਂ ਨੇ ਉਛਾਲਾ ਮਾਰਿਆ ਰੋਣ ਅੱਖੀਆਂ ।

ਥੋੜਾ ਜਿਹਾ ਨਿਸ਼ਾਸਤਾ ਪੰਜੀਰੀ ਕਰੀ ਪਈ,
ਮਿੱਠਿਆਂ ਖੜੌਣਿਆਂ ਦੀ ਚੰਗੇਰ ਭਰੀ ਪਈ ।

ਔਂਦਾ ਜਾਂਦਾ ਮਿਲ ਗਿਆ ਮੱਕੇ ਨੂੰ ਰਾਹੀ ਜੇ,
'ਬਾਬੂ' ਜੀ ਫੜਾਦਿਆਂ ਖੁਦਾ ਨੇ ਚਾਹੀ ਜੇ ।

ਦੋਹਿਰਾ

ਹੋਈਆਂ ਰੋ-ਰੋ ਕਮਲੀਆਂ, ਨਾ ਚੱਲ ਸਕਦੀ ਪੇਸ਼ ।
ਸੁਹਾਗ ਪੌਂਦੀ ਕੀਰਨੇ, ਬਾਬਲ ਗਿਆ ਪ੍ਰਦੇਸ਼ ।

ਦੋ ਭਾਗ ਛੰਦ-੨੭

ਦੋਵੇਂ ਬਹਿਕੇ ਸੰਨਸੇ ਕਰਨ ਮਾਈਆਂ ਜੀ,
ਕਈ ਵਾਰ ਢੇਰੀਆਂ ਉਸਾਰ ਢਾਈਆਂ ਜੀ ।

ਮੱਚੀ ਜਾਂਦੇ ਕਾਲਜੇ ਦਲੀਲਾਂ ਡੇਗੀਆਂ,
ਬਣਦਾ ਕੀ ਹਾਰ ਤਕਦੀਰਾਂ ਦੇਗੀਆਂ ।

ਐਨੇ ਬੀਬੀ ਸੁਹਾਗ ਖਲੋਗੀ ਅੰਦਰੇ,
ਲੱਗੀ ਬਹਿਕੇ ਸੁਫਨੇ ਸਨੌਣ ਚੰਦਰੇ ।

ਜਾਣੀਂ ਬੈਠੀ ਵੈਣ ਪਾਈ ਜਾਵੇ ਧਰਤੀ,
ਕਹਿੰਦੀ ਪਾਪੀਆਂ ਨੇ ਪਾਪ ਨਾਲ ਭਰਤੀ ।

ਇੱਕ ਭਰੀ ਹੋਈ ਨੈਂ ਲਹੂ ਦੀ ਵਗਦੀ,
ਬੇੜੀ ਰੁੜ੍ਹੀ ਜਾਵੇ ਨਾ ਕਿਨਾਰੇ ਲੱਗਦੀ ।

ਰਹਿ ਗਿਆ ਭੁਲੇਖਾ ਲੱਗੀਆਂ ਨਾ ਖ਼ਬਰਾਂ,
ਰੋਹੀ ਬੀਆਬਾਨ 'ਚ ਪੱਟਣ ਕਬਰਾਂ ।

ਟਿੱਬਿਆਂ 'ਤੋਂ ਉਚੀਆਂ ਕਨਾਤਾਂ ਤਾਣੀਆਂ,
ਪਾਣੀ ਬਿਨਾ ਮਰਨ ਤਿਹਾਈਆਂ ਰਾਣੀਆਂ ।

ਆਹੋ ਗੱਲ ਯਾਦ ਰਹਿਗੀ ਹੋਰ ਭੁੱਲੀਆਂ,
ਬੁੱਢੀਆਂ ਦੇ ਜ਼ੁਲਫ਼ਾਂ ਗਲਾਂ 'ਚ ਖੁੱਲ੍ਹੀਆਂ ।

ਲੋਥਾਂ ਉਤੇ ਪਾਂਵਦੇ ਗਿਦੜ ਖਿੱਲੀਆਂ,
ਰੋਹੀ ਖੋਹੀ ਜਾਂਦੀਆਂ ਤਿੱਤਰ ਬਿੱਲੀਆਂ ।

ਧੱਕੇ ਚੜ੍ਹੇ ਪਰਦੇਸੀ ਜ਼ੋਰਾਵਰ ਦੇ,
ਰੱਤ ਪੀ ਕੇ ਕਾਣੇ ਕਾਂ ਕਲੋਲਾਂ ਕਰਦੇ ।

ਵਿਆਹ ਦੇ ਵਿੱਚ ਲਾੜਾ ਮਾਰਤਾ ਫਸਾਦੀਆਂ,
ਗ਼ਮੀ ਦਾ ਲਿਬਾਸ ਪਹਿਨ ਲੈਣ ਸ਼ਾਦੀਆਂ ।

ਸੁਫਨੇ ਦੀ ਗੱਲ ਨਾ ਚੰਗੀ ਸੀ ਨਿੱਬੜੀ,
ਲਹੂ ਨਾਲ ਜੁਆਕ ਦੀ ਪੁਸ਼ਾਕ ਲਿੱਬੜੀ ।

ਵੇਖ ਨਾਨੀ ਮਾਰੀ ਮੈਂ ਚੰਗਿਆੜ ਡਰਕੇ,
ਕੰਬਿਆ ਸਰੀਰ ਥਰ-ਥਰ ਕਰਕੇ ।

ਚੰਗੀ ਤਰ੍ਹਾਂ ਕਰਨੀ ਕਿਆਸ ਬਾਤ ਦੀ,
ਉਦੋਂ ਦੀ ਮੈਂ ਫਿਰਾਂ ਘਬਰਾਈ ਰਾਤ ਦੀ ।

ਐਤਨੇ ਨੂੰ ਇੱਕ ਸਾਂਢਨੀ ਸਵਾਰ ਜੀ,
ਬਾਰ ਕੋਲ ਆ ਕੇ ਖਿੱਚ ਲੀ ਮੁਹਾਰ ਜੀ ।

ਭਿਸ਼ਤੀ ਜਨੌਰ ਉੱਪਰ ਫ਼ਰਿਸ਼ਤਾ,
ਕਹਿੰਦਾ ਮੱਕੇ ਸ਼ਹਿਰ ਮੇਂ ਪੁਰਾਣਾ ਰਿਸ਼ਤਾ ।

ਲੈਜਾ 'ਬਾਬੂ' ਚਿੱਠੀ ਭੇਜਣੀ ਹੁਸੈਨ ਨੂੰ,
ਰੱਬ ਰਾਜ਼ੀ ਰੱਖੇ ਅਲੀ ਦੀ ਮਹੈਣ ਨੂੰ ।

ਦੋਹਿਰਾ

ਖਤ ਲਿਖਦੀ ਸੀ ਬਾਲਕੀ, ਗਈ ਫ਼ਿਕਰ ਵਿੱਚ ਬੀਤ ।
ਫ਼ਿਕਰੇ ਭਰੇ ਪ੍ਰੇਮ ਦੇ, ਲਿਕ-ਲਿਖ ਨਿਕਲੂ ਸੀਤ ।

ਮੁਕੰਦ ਛੰਦ-੨੮

ਖਤ ਲਿਖਦੀ ਪ੍ਰੇਮ ਨਾਲ ਸੁਗਰੋ,
ਕਿੱਥੇ ਖੋਗੇ ਬਾਲਿਉ ਭਰਾਵੋ ਉਗਰੋ ।
ਪਿਆਰੀ ਬੱਚੀ ਨੂੰ ਭੁਲਾਤਾ ਕਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਨਰਮ ਸਰੀਰ ਸੰਨਸਿਆਂ ਨੇ ਖਾ ਲਿਆ,
ਲੈਜਾ ਬਾਪੂ ਬਹੁਤਿਆਂ ਪਿਆਰਾਂ ਵਾਲਿਆ ।
ਨੈਣੋਂ ਨੀਰ ਦੀ ਨਦੀ ਸੀ ਵਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਐਂ ਜੇ ਛੱਡ ਜਾਣ ਦੀ ਦਲੀਲ ਤੇਰੀ ਸੀ,
ਜੰਮਦੀ ਨੂੰ ਰੱਤੀ ਫ਼ੀਮ ਦੀ ਬਥੇਰੀ ਸੀ ।
ਰਹਾਂ ਲੰਮੇ-ਲੰਮੇ ਹੌਕੇ ਲੈਂਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਕਹਿਗੇ ਮੱਕੇ ਜਾਕੇ ਸੱਦਵਾਲਾਂਗੇ ਕੁੜੇ,
ਮੈਨੂੰ ਅਕਬਰ ਵੀਰ ਲੈਣ ਨਾ ਮੁੜੇ ।
ਮਰਜੂ ਅਖ਼ੀਰੀ ਦੁੱਖ ਸਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਜਦੋਂ ਕੋਈ ਛੇੜੇ ਮਾਪਿਆਂ ਦੀ ਗੱਲ ਜੀ,
ਨੈਣੋਂ ਜਾਵੇ ਤਰਿਪ-ਤਰਿਪ ਜਲ ਜੀ ।
ਭਰੇ ਫੋੜੇ ਵਾਂਗ ਫਿੱਸ ਪੈਂਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਡੁੱਲ੍ਹੇ ਮਨ ਨੂੰ ਤਾਂ ਪ੍ਰਚੌਣ ਨਾਨੀਆਂ,
ਧਾਹਾਂ ਮਾਰਾਂ ਦੇਖ ਮਾਂ ਦੀਆਂ ਨਿਸ਼ਾਨੀਆਂ ।
ਤੇ ਮੈਂ ਗ਼ਸ਼ ਖਾ ਜ਼ਿੰਮੀਂ ਤੇ ਢਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਜਿੰਦੜੀ ਬਚਾ ਲੈ ਰੁੜ੍ਹ ਚੱਲੀ ਹੜ੍ਹ ਮੇਂ,
'ਰਜਬਲੀ' ਸੁਫਨੇ ਡਰੌਣ ਕੜਮੇਂ ।
ਮਾਰਕੇ ਚੰਗਿਆੜਾਂ ਉਠ ਬਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਦੋਹਿਰਾ

ਫੇਰ ਕਰਬਲਾ ਆਣਕੇ, ਪਹੁੰਚ ਗਿਆ ਅਸਵਾਰ ।
ਸਣ੍ਹੇ ਸੁਗਾਤਾਂ ਕਾਗਜ਼ੀ, ਦੇਵੇ ਪੇਸ਼ ਗੁਜ਼ਾਰ ।

ਦੋ ਭਾਗ ਛੰਦ-੨੯

ਆਖਦਾ ਅਸਵਾਰ ਅਸਲਾਮਾਲੇਕਮ ਐ,
ਬੋਲਦਾ ਹੁਸੈਨ ਅੱਗੋਂ ਮਿੱਠੀ ਟੇਕ ਮੈਂ ।

ਫੇਰ ਨਿਆਣੀ ਧੀ ਦਾ ਕਾਗਜ਼ ਫੜਾ ਲਿਆ,
ਚੁੰਮ ਕੇ ਤੇ ਪਿਉ ਨੇ ਸੀਨੇ ਨਾਲ ਲਾ ਲਿਆ ।

ਹੋਰ ਜੋ ਸੁਗਾਤਾਂ ਘੱਲੀਆਂ ਸੀ ਨਾਨੀਆਂ,
ਹੱਥ ਬੰਨ੍ਹ ਸਭ ਦੇਤੀਆਂ ਨਿਸ਼ਾਨੀਆਂ ।

ਚਿੱਠੀ ਮਿਲਣੀ ਸੀ ਕਿ ਸਬੱਬ ਜੁੜ ਗਿਆ,
ਛੱਡ ਕੇ ਮੈਦਾਨ ਤੰਬੂਆਂ ਨੂੰ ਮੁੜ ਗਿਆ ।

ਵੀਰ ਨੂੰ ਬੁਲਾਵੇ ਵਾਜ ਮਾਰੀ ਜਾਫਰਾ,
ਲੈ ਜਾ ਤੂੰ ਸੁਨੇਹਾ ਜਾਂਦਿਆ ਮੁਸਾਫ਼ਰਾ ।

ਫੇਰ ਅਸਗਰ ਦੇ ਸਿਰਾਣੇ ਖੜ੍ਹਕੇ,
ਹੌਲੀ ਹੌਲੀ ਲੋਥ ਨੂੰ ਹਿਲਾਵੇ ਫੜਕੇ ।

ਗੂਹੜੀ ਨੀਂਦ ਸੌਂਗੇ ਨਾਨੀਆਂ ਦੇ ਹੇਜਲੇ,
ਨਾਨੀਆਂ ਨੇ ਸੁੱਚੇ ਦੋ ਰੁਮਾਲ ਭੇਜਲੇ ।

ਫੇਰ ਵਾਜ ਮਾਰੀ ਕਾਸਮ ਸਲੱਗ ਨੂੰ,
ਬੰਨ੍ਹ ਬੱਚਾ ਸੀਸ ਤੇ ਸਿਤਾਰੇ ਪੱਗ ਨੂੰ ।

ਕੀਹਨੇ ਮੈਨੂੰ ਜੱਗੋਂ ਵੱਸਦਾ ਉਜਾੜਿਆ,
ਉਠ ਮੇਰਿਆ ਸੋਹਣਿਆਂ ਜੰਨਾਂ ਦਿਆ ਲਾੜਿਆ ।

ਪਿੱਛੋਂ ਜਾ ਪਿਆਰ ਦੇਵੇ ਅਸਗਰ ਤੇ,
ਮਿੱਠੇ ਜੇ ਖੜ੍ਹੌਨੇ ਸੀ ਸਰ੍ਹਾਣੇ ਧਰਤੇ ।

ਉਠ ਮਠਿਆਈ ਖਾ ਲੈ ਮੇਰੇ ਭਪੂਆ,
ਰੁੜ੍ਹੀ ਜਾਂਦੀ ਬੇੜੀ ਬੰਨੇ ਲਾਦੇ ਚਪੂਆ ।

ਵੇਲਣੇ 'ਚ ਆਗੀ ਗੰਨੇ ਦੀਏ ਪੋਰੀਏ,
ਉਠ ਮੇਰੇ ਬੁੱਢੇ ਵੇਲੇ ਦੀ ਡੰਗੋਰੀਏ ।

ਜਾਗ ਤੈਨੂੰ ਸੁਗਰਾ ਜਗਾਇਆ ਭੈਣ ਨੇ,
ਬੋਲਦਾ ਨੀ ਮੂੰਹੋਂ ਖਾ ਲਿਆ ਮੌਤ ਡੈਣ ਨੇ ।

ਨਾਲ ਪੱਖੀ ਦੇਤੀ ਸੁਗਰਾਂ ਰਕਾਨ ਦੀ,
ਆਹਲੈ ਪੁੱਤ ਬੰਨ੍ਹੀਂ ਜਿਲਦ ਕੁਰਾਨ ਦੀ ।

ਸ਼ੇਰਬਾਨੋ ਰੱਬ ਨੇ ਮਿਲਾਏ ਹੁਣ ਲੈ,
ਆਕੇ ਨਿਆਣੀਂ ਬੱਚੀ ਦੇ ਸੁਨੇਹੇ ਸੁਣ ਲੈ ।

'ਰਜਬਲੀ' ਧਾਹੀਂ-ਧਾਹੀਂ ਰੋਣ ਡੈਹਿ ਗਿਆ,
ਤੰਬੂਆਂ ਦੇ ਵਿੱਚ ਕੁਰਲਾਟ ਪੈ ਗਿਆ ।

ਦੋਹਿਰਾ

ਭੈਣਾਂ ਭਾਈਆਂ ਚਾਚੀਆਂ, ਪੌਣ ਖੜੋਕੇ ਵੈਣ ।
ਉਸੇ ਰੰਗ ਵਿੱਚ ਛੋੜਕੇ, ਜਾਂਦਾ ਲੜਨ ਹੁਸੈਨ ।

ਦੋ ਭਾਗ ਛੰਦ-੩੦

ਉਸੇ ਤਰ੍ਹਾਂ ਮਾਈਆਂ ਰੋਂਦੀਆਂ ਨੂੰ ਛੋੜਕੇ,
ਪਿੱਛੇ ਵਾਗਾਂ ਲੈ ਗਿਆ ਹੁਸੈਨ ਮੋੜਕੇ ।

ਜਾ ਕੇ ਵਿੱਚ ਦਲਾਂ ਦੇ ਮਚਾਤਾ ਸ਼ੋਰ ਜੀ,
ਮਾਰ-ਮਾਰ ਜੁਆਨ ਨੇ ਉਡਾਤੇ ਮੋਰ ਜੀ ।

ਜਾਂਵਦਾ ਨਾ ਜੋਸ਼ ਝੱਲਿਆ ਸਰੀਰ ਦਾ,
ਫੱਟੇ ਸ਼ੇਰ ਵਾਂਗ ਵੈਰੀਆਂ ਨੂੰ ਚੀਰਦਾ ।

ਜਿਹੜਾ ਵੈਰੀ ਆ ਜੇ ਤਲਵਾਰ ਅੱਗੇ ਜੀ,
ਸਿੱਟ੍ਹਦਾ ਜ਼ਮੀਨ ਤੇ ਸਕਿੰਟ ਲੱਗੇ ਜੀ ।

ਡਿੱਗਦੇ ਦਿੱਸਣ ਵੈਰੀਆਂ ਦੇ ਸੀਸ ਜੀ,
ਹੋਵੇ ਨਾ ਹੁਸੈਨ ਦੀ ਕਿਸੇ ਤੋਂ ਰੀਸ ਜੀ ।

ਲੋਆਂ ਪਈਆਂ ਜਾਂਦੀਆਂ ਦੁਪੈਰ੍ਹਾ ਜੇਠ ਦਾ,
ਤਾਂਬੇ ਵਾਂਗੂੰ ਤੱਪਦਾ ਫ਼ਰਸ਼ ਹੇਠ ਦਾ ।

ਬੁਰੀ ਧੁੱਪ ਚੰਦਰੀ ਅਰਬ ਦੇਸ਼ ਦੀ,
ਜਾਂਮਦੀ ਨਾ ਗਰਮੀ ਸਹਾਰੀ ਏਸ ਦੀ ।

ਚਾਰੇ ਪਾਸੇ ਦਿਸਦੇ ਤੰਦੂਰ ਤਪਦੇ,
ਬੰਦੇ ਦਾ ਕੀ ਸਰਦਾ ਜਨੌਰ ਛਪਦੇ ।

ਤਿੰਨ ਦਿਨ ਹੋਗੇ ਨਾ ਥਿਔਂਦਾ ਪਾਣੀ ਐ,
ਜਿੰਦੜੀ ਪਿਆਸੇ ਦੀ ਨਿਕਲ ਜਾਣੀ ਐ ।

ਵੈਰੀਆਂ ਨੂੰ ਮਾਰਦਾ ਜੁਆਨ ਹੁੱਟ ਗਿਆ,
ਹੋ ਗਿਆ ਸੀ ਬੇਦਿਲ ਲਗਾਮ ਛੁੱਟ ਗਿਆ ।

ਚੱਲਗੇ ਹਜ਼ਾਰਾਂ ਤੀਰ ਉੱਤੇ ਇੱਕ ਦੇ,
ਸੱਤਰ ਜ਼ਖ਼ਮ ਹੋਗੇ ਵਿੱਚ ਹਿੱਕ ਦੇ ।

ਜ਼ਾਲਮਾਂ ਹੁਸੈਨ ਨੂੰ ਜ਼ਿੰਮੀ ਤੇ ਡੇਗ ਲਿਆ,
ਸੀਨੇ ਉੱਤੇ ਬੈਠ ਗਿਆ ਛਿਮਰ ਤੇਗ਼ ਲਿਆ ।

ਮਾਰੇ ਤਲਵਾਰਾਂ ਬੇਦਰਦ ਕੌਮ ਜੀ,
ਇੱਕ ਨਾ ਹੁਸੈਨ ਦਾ ਕੱਟੀਦਾ ਰੋਮ ਜੀ ।

ਆਖਦਾ ਹੁਸੈਨ ਮੈਂ ਅਲੀ ਦੀ ਬਿੰਦ ਜੀ,
ਸਿੱਜਦੇ 'ਚ ਨਿਕਲੂ ਹਮਾਰੀ ਜਿੰਦ ਜੀ ।

ਕਰ ਮੇਰਾ ਮੁੱਖ ਕਿਬਲੇ ਦੇ ਰੁੱਖ ਨੂੰ,
ਪੀ ਲੈ ਰੱਤ ਜ਼ਾਲਮਾਂ ਮਿਟਾ ਲੈ ਭੁੱਖ ਨੂੰ ।

ਮਾਰ ਤਲਵਾਰਾਂ ਕਰਤਾ ਸ਼ਹੀਦ ਜੀ,
'ਰਜਬਲੀ, ਲੈਗੇ ਦੋਜ਼ਕ ਖਰੀਦ ਜੀ ।

ਬੈਂਤ-੩੧

ਮਾਰੀ ਆਲ ਰਸੂਲ ਦੀ ਜ਼ਾਲਮਾਂ ਨੇ,
ਆਗੀ ਸਮਝ ਕਚੈਰੀਆਂ ਸਾਰੀਆਂ ਨੂੰ ।

ਕੱਚੇ ਤੋੜ ਮੇਵੇ ਅਲੀ ਮੁਕਤ ਜਾਂਦੇ,
ਉਨ੍ਹਾਂ ਤੋੜ ਮਰੋੜਤਾ ਡਾਹਣੀਆਂ ਨੂੰ ।

ਪਕੜ ਮੌਤ ਦੇ ਘਾਟ ਉਤਾਰ ਦਿੱਤੇ,
ਕਾਸਮ ਸ਼ੇਰ ਦਲੇਰ ਦੇ ਹਾਣੀਆਂ ਨੂੰ ।

ਮੈਨੂੰ ਕਸਮ ਹੈ ਜ਼ੁਲਮ ਦੀ ਹੱਦ ਹੋਗੀ,
ਕੀਤਾ ਬੰਦ ਦਰਿਆ ਦੇ ਪਾਣੀਆਂ ਨੂੰ ।

ਬੱਚੇ ਵਿਲਕਦੇ ਵਿਲਕਦੇ ਫ਼ੌਤ ਹੋਗੇ,
ਦੇਣ ਪੀਣ ਨਾ ਘੁੱਟ ਆ ਪਾਣੀਆਂ ਨੂੰ ।

ਸਭੇ ਰੋਂਦੀਆਂ ਰੋਂਦੀਆਂ ਗੁੰਮ ਹੋਈਆਂ,
ਗ਼ਸ਼ਾਂ ਪੈਂਦੀਆਂ ਸੀ ਧੀਆਂ ਰਾਣੀਆਂ ਨੂੰ ।

ਕੁਝ ਤੰਬੂਆਂ ਵਿੱਚ ਕੁਰਲਾਟ ਪੈਗੀ,
ਮਾਵਾਂ ਰੋਣ ਬਹਿਕੇ ਮੌਜਾਂ ਮਾਣੀਆਂ ਨੂੰ ।

ਬਾਂਦਾਂ ਬੰਨ੍ਹ ਦਮਿਸ਼ਕ ਦੇ ਵਿੱਚ ਲੈਗੇ,
ਪੈ ਗਈ ਭੀੜ ਅਮੀਰ ਸੱਯਦਾਣੀਆਂ ਨੂੰ ।

ਚੜੂ ਫੇਰ ਹਨੀਫ਼ ਜਾ ਵੈਰੀਆਂ ਤੇ,
ਮਾਰ ਮਾਰ ਉਲਝਾਦੂਗਾ ਤਾਣੀਆਂ ਨੂੰ ।

ਹਲ ਫੇਰਦੂ ਉਚਿਆਂ ਮੰਦਰਾਂ ਤੇ,
ਦੇਊ ਫੂਕ ਚੰਡਾਲ ਦੀਆਂ ਢਾਣੀਆਂ ਨੂੰ ।

ਪਾਪੀ ਛਿਮਰ ਜਜੀਦ ਨੂੰ ਮਾਰਨੇ ਤੇ,
ਖਾਰਾਂ ਕੱਢਲੂ ਜੁਆਨ ਪੁਰਾਣੀਆਂ ਨੂੰ ।

'ਰਜਬਲੀ' ਕਿਤਾਬ ਮੇਂ ਦਰਦ ਭਰਕੇ,
ਕੀਤਾ ਖ਼ਤਮ ਮੈਂ ਦਰਦ ਕਹਾਣੀਆਂ ਨੂੰ ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.