ਸੂਬੇਦਾਰਾ, ਮੈਨੂੰ ਮੁਆਫ ਕਰੀਂ
[ਸਾਂਵਲ ਧਾਮੀ]
ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ।
ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲ਼ੀਆਂ ’ਚ ਸ਼ੁਦੈਣਾ ਵਾਂਗ ਘੁੰਮਦੇ ਵੇਖਿਆ ਹੈ। ਛਿੰਦੋ ਸਾਡੇ ਪਿੰਡ ਦੀ ਧੀ ਸੀ। ਉਹ ਵਿਆਹੀ ਹੋਈ ਸੀ। ਉਹਦੇ ਬੱਚੇ ਸਨ। ਕਦੇ ਉਹ ਸਹੁਰਿਆਂ ਦੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੁੜ ਆਉਂਦੀ। ਬਾਪੂ ਵਾਲੇ ਘਰ ਦੇ ਬੂਹੇ ਖੋਲ੍ਹ ਲੈਂਦੀ। ਉਹਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ। ਉਹ ਸਵਰਨ ਕੌਰ ਦੇ ਪਾਕਿਸਤਾਨ ਤੁਰ ਜਾਣ ਤੋਂ ਛੇਤੀਂ ਬਾਅਦ ਇੰਗਲੈਂਡ ਚਲਾ ਗਿਆ ਸੀ। ਆਪਣੇ ਧੀ-ਪੁੱਤ ਭਰਾ ਕੋਲ ਛੱਡ ਕੇ। ਫਿਰ ਉਹ ਬਾਰ੍ਹਾਂ-ਤੇਰਾਂ ਵਰਿ੍ਹਆਂ ਬਾਅਦ ਪਰਤਿਆ ਸੀ। ਛਿੰਦੋ ਦਾ ਵਿਆਹ ਕਰ ਗਿਆ ਤੇ ਜਸਵੀਰ ਨੂੰ ਆਪਣੇ ਨਾਲ ਲੈ ਗਿਆ। ਅਜਿਹੇ ਗਏ, ਉਹ ਪਿਉ- ਪੁੱਤਰ ਮੁੜ ਕਦੇ ਦੇਸ ਨਾ ਪਰਤੇ। ਛਿੰਦੋ ਉਨ੍ਹਾਂ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ। ਆਖ਼ਰ ਉਹਦਾ ਦਿਮਾਗ਼ ਫਿਰ ਗਿਆ।
ਸਾਡੇ ਘਰ ਦਾ ਦਰਵਾਜ਼ਾ ਲੰਘਦਿਆਂ ਉਹ ਹੱਸਦੀ-ਹੱਸਦੀ ਮੇਰੀ ਮਾਂ ਨੂੰ ਆਵਾਜ਼ ਮਾਰਦੀ-“ਨੀਂ ਭਾਬੀ, ਕਿੱਥੇ ਤੁਰ ਗਈ ਤੂੰ!” ਮਾਂ ਕਦੇ ਰਸੋਈ ਤੇ ਕਦੇ ਕਮਰੇ ’ਚੋਂ ਹੁੰਗਾਰਾ ਭਰਦੀ। ਉਹ ਮਾਂ ਕੋਲ ਜਾ ਬੈਠਦੀ। ਹਰ ਗੱਲ ਹੱਸ ਕੇ ਕਰਦੀ। ਵਕਤ ਵੀਤਦਾ ਗਿਆ। ਮੈਂ ਵੱਡਾ ਹੁੰਦਾ ਗਿਆ ਅਤੇ ਮੇਰੀ ਮਾਂ ਵਾਂਗ ਛਿੰਦੋ ਭੂਆ ਵੀ ਬੁੱਢੀ ਹੁੰਦੀ ਗਈ। ਇੱਕ ਵਾਰ ਉਹ ਤੇਜ਼ ਕਦਮਾਂ ਨਾਲ ਸਾਡੇ ਘਰ ਆਈ।
“ਭਾਬੀ ਨੀਂ ਭਾਬੀ, ਮੇਰਾ ਭਾਪਾ ਵੀ ਮਰ ਗਿਆ।” ਇਹ ਆਖ ਉਹ ਖਿੜਖਿੜਾ ਕੇ ਹੱਸ ਪਈ ਸੀ।
“ਨੀਂ ਸ਼ੁਦੈਣੇ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਆ!” ਮਾਂ ਨੇ ਉਹਨੂੰ ਮਿੱਠਾ ਜਿਹਾ ਝਿੜਕਿਆ।
“ਲੈ ਭਾਬੀ, ਹੁਣ ਮੇਰੇ ਭਰਾ ਨੇ ਭਾਪੇ ਦੇ ਫੁੱਲ ਲੈ ਕੇ ਆਉਣਾ।” ਗੱਲ ਮੁਕਾਉਂਦਿਆਂ ਉਹ ਫਿਰ ਹੱਸ ਪਈ।
ਮੈਂ ਥੋੜ੍ਹਾ ਵੱਡਾ ਹੋਇਆ ਤਾਂ ਬਜ਼ੁਰਗਾਂ ਕੋਲੋਂ ਛਿੰਦੋ ਦੀ ਮਾਂ ਦੀ ਕਹਾਣੀ ਸੁਣੀ। ਉਸ ਦਾ ਪਿੰਡ ਮੈਲ਼ੀ ਸੀ। ਇਹ ਪਿੰਡ ਮਾਹਿਲਪੁਰ ਤੋਂ ਚੜ੍ਹਦੇ ਪਾਸੇ ਨਿੱਕੀਆਂ-ਨਿੱਕੀਆਂ ਪਹਾੜੀਆਂ ਦੇ ਪੈਰਾਂ ’ਚ ਵਸਿਆ ਹੋਇਆ ਸੀ। ਸੰਤਾਲੀ ’ਚ ਇਸ ਪਿੰਡ ’ਤੇ ਵੀ ਹਮਲਾ ਹੋਇਆ ਸੀ। ਛਿੰਦੋ ਦੀ ਮਾਂ ਆਪਣੇ ਪਿਉ ਨੂੰ ਬਚਾਉਂਦੀ ਫੱਟੜ ਹੋ ਗਈ ਸੀ। ਉਹ ਬਹੁਤ ਸੋਹਣੀ ਸੀ। ਧਾੜਵੀ ਉਹਨੂੰ ਚੁੱਕ ਕੇ ਲੈ ਗਏ ਸਨ।
ਸਾਡੇ ਪਿੰਡ ਦੇ ਸੂਬੇਦਾਰ ਮੇਜਰ ਸਿੰਘ ਨੇ ਦੂਜੀ ਵੱਡੀ ਜੰਗ ਤੋਂ ਮੁੜ ਕੇ ਬਲ਼ਦ ਖਰੀਦ ਲਏ ਸਨ ਤੇ ਖੇਤੀ ਕਰਨ ਲੱਗ ਪਿਆ ਸੀ। ਜੰਗ ਦੇ ਛੇ ਵਰਿ੍ਹਆਂ ਨੇ ਉਹਨੂੰ ਵਿਆਹ ਦੀ ਉਮਰੋਂ ਟਪਾ ਦਿੱਤਾ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨੂੰ ਕੋਈ ਪੁੰਨ ਦਾ ਸਾਕ ਨਹੀਂ ਸੀ ਲੱਭਿਆ। ਸੰਤਾਲੀ ਤੱਕ ਪਹੁੰਚਦਿਆਂ ਉਹ ਨਿਰਾਸ਼ ਹੋ ਚੁੱਕਾ ਸੀ। ਵੱਢ-ਉੱਕ ਸ਼ੁਰੂ ਹੋਈ ਤਾਂ ਬਦਮਾਸ਼ਾਂ ਨੇ ਸੂਬੇਦਾਰ ਤੱਕ ਵੀ ਪਹੁੰਚ ਕੀਤੀ। ਉਨ੍ਹਾਂ ਨੂੰ ਪੱਕੇ ਨਿਸ਼ਾਨੇਬਾਜ਼ ਚਾਹੀਦੇ ਸਨ। ਇੱਕ ਬਦਮਾਸ਼ ਨੇ ਉਹਨੂੰ ਆਖਿਆ ਸੀ- ਚੱਲ ਸੂਬੇਦਾਰਾ, ਤੂੰ ਵੀ ਮਨ ਮਰਜ਼ੀ ਦੀ ਕੁੜੀ ਧੂਹ ਲਿਆਈਂ। ਜੰਗ ਦੌਰਾਨ ਮੌਤ ਦਾ ਨੰਗਾ ਨਾਚ ਵੇਖ ਕੇ ਸੂਬੇਦਾਰ ਦਾ ਦਿਲ ਦਰਦ ਨਾਲ ਭਰ ਚੁੱਕਾ ਸੀ। ਉਹ ਘਰ ਤਾਂ ਵਸਾਉਣਾ ਚਾਹੁੰਦਾ ਸੀ, ਪਰ ਕਿਸੇ ’ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ। ਉਹਨੇ ਕੋਰੀ ਨਾਂਹ ਕਰ ਦਿੱਤੀ ਸੀ।
ਹੌਲੀ-ਹੌਲੀ ਮੁਸਲਮਾਨਾਂ ਦੇ ਕੈਂਪ ਖਾਲੀ ਹੋ ਗਏ। ਉਧਾਲੀਆਂ ਔਰਤਾਂ ’ਚੋਂ ਬਹੁਤੀਆਂ ਛੜਿਆਂ ਨੇ ਘਰੀਂ ਵਸਾ ਲਈਆਂ ਸਨ। ਕੁਝ ਔਰਤਾਂ ਅਜਿਹੀਆਂ ਵੀ ਸਨ ਜੋ ਇੱਕ ਤੋਂ ਦੂਜੀ ਥਾਂ ਵਿਕਦੀਆਂ ਰਹੀਆਂ ਸਨ। ਛਿੰਦੋ ਦੀ ਮਾਂ ਵੀ ਅਜਿਹੀਆਂ ਔਰਤਾਂ ’ਚੋਂ ਇੱਕ ਸੀ। ਕੋਈ ਪੰਜ ਕੁ ਮਹੀਨਿਆਂ ਬਾਅਦ ਸੂਬੇਦਾਰ ਨੇ ਬਣਦੀ ਕੀਮਤ ਤਾਰ ਕੇ ਉਹਨੂੰ ਆਪਣੀ ਪਤਨੀ ਬਣਾ ਲਿਆ ਸੀ। ਉਹਦਾ ਅਸਲ ਨਾਂ ਕੋਈ ਨਹੀਂ ਸੀ ਜਾਣਦਾ। ਸੂਬੇਦਾਰ ਨੇ ਉਹਦਾ ਨਾਂ ਸਵਰਨ ਕੌਰ ਰੱਖ ਲਿਆ ਸੀ।
ਦਿਨ ਗੁਜ਼ਰਦੇ ਗਏ। ਸੂਬੇਦਾਰ ਦੀ ਸ਼ਰਾਫ਼ਤ ਨੇ ਸਵਰਨ ਕੌਰ ਦਾ ਦਿਲ ਜਿੱਤ ਲਿਆ। ਪਹਿਲਾਂ ਛਿੰਦੋ ਦਾ ਜਨਮ ਹੋਇਆ ਤੇ ਡੇਢ ਵਰ੍ਹੇ ਬਾਅਦ ਜਸਵੀਰ ਦਾ। ਸੂਬੇਦਾਰ ਮਿਹਨਤੀ ਬੰਦਾ ਸੀ। ਸਵਰਨ ਕੌਰ ਪਤੀ ਨਾਲ ਹਰ ਕੰਮ ’ਚ ਹੱਥ ਵਟਾਉਂਦੀ। ਨਿੱਕੇ ਜਿਹੇ ਵਿਹੜੇ ’ਚੋਂ ਉੱਠਦੀਆਂ ਬੱਚਿਆਂ ਦੀਆਂ ਕਿਲਕਾਰੀਆਂ ਸੂਬੇਦਾਰ ਦਾ ਮਨ ਖ਼ੁਸ਼ੀ ਨਾਲ ਭਰ ਦਿੰਦੀਆਂ। ਇੱਕ ਦੁਪਹਿਰ ਦੀ ਗੱਲ ਏ। ਸੂਬੇਦਾਰ ਖੇਤਾਂ ਵੱਲ ਗਿਆ ਹੋਇਆ ਸੀ।
ਦਰਵਾਜ਼ੇ ’ਤੇ ਦਸਤਕ ਹੋਈ। ਸਵਰਨ ਕੌਰ ਨੇ ਦਰਵਾਜ਼ਾ ਖੋਲਿ੍ਹਆ ਤਾਂ ਸਾਹਮਣੇ ਗਲ਼ ’ਚ ਝੋਲੀ ਪਾਈ ਉਹਦੀ ਮਾਂ ਸਾਹਮਣੇ ਖੜ੍ਹੀ ਸੀ। ਉਹਨੇ ਮਾਂ ਨੂੰ ਕਲਾਵੇ ’ਚ ਲੈ ਲਿਆ। ਸਵਰਨ ਕੌਰ ਦੇ ਮੂੰਹ ’ਤੇ ਹੱਥ ਰੱਖਦਿਆਂ ਉਹਦੀ ਮਾਂ ਧੀਮੀ ਆਵਾਜ਼ ’ਚ ਬੋਲੀ- ਚੁੱਪ ਕਰ ਨਿਕਰਮੀਏ, ਚੁੱਪ ਕਰ! ਰੋਏਂਗੀ ਤਾਂ ਇੱਥੇ ਜੋਗੀ ਰਹਿ ਜਾਏਂਗੀ। ਤੇਰਾ ਪਿਉ ਮਾਰਿਆ ਗਿਆ। ਬਾਕੀ ਟੱਬਰ ਸਹੀ ਸਲਾਮਤ ਓਧਰ ਪਹੁੰਚ ਗਿਆ ਏ। ਮੈਂ ਮੰਗਤੀ ਬਣ ਕੇ ਕਈ ਮਹੀਨਿਆਂ ਤੋਂ ਤੈਨੂੰ ਪਿੰਡ-ਪਿੰਡ ਲੱਭਦੀ ਪਈ ਆਂ। ਮੈਂ ਤੈਨੂੰ ਲੈਣ ਵਾਸਤੇ ਛੇਤੀ ਆਊਂਗੀ। ਮੇਰੇ ਬਾਰੇ ਕਿਸੇ ਨਾਲ ਗੱਲ ਨਾ ਕਰੀਂ।
ਸਵਰਨ ਕੌਰ ਨੇ ਮਾਂ ਦਾ ਹੱਥ ਫੜ ਕੇ ਉਹਨੂੰ ਵਿਹੜੇ ਵੱਲ ਖਿੱਚਿਆ। ਉਹ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਟੱਬਰ ਨਾਲੋਂ ਵਿੱਛੜ ਕੇ ਉਹਨੇ ਕਿਹੜੇ-ਕਿਹੜੇ ਦੁੱਖ ਹੰਢਾਏ ਨੇ। ਸੂਬੇਦਾਰ ਕਿੰਨਾ ਚੰਗਾ ਬੰਦਾ ਏ। ਉਹਦੀ ਮਾਂ ਨੇ ਝਟਕੇ ਨਾਲ ਹੱਥ ਛੁਡਾਇਆ ਤੇ ਅਗਾਂਹ ਤੁਰ ਗਈ।
ਮਾਂ ਨਾਲ ਹੋਈ ਮੁਲਾਕਾਤ ਨੇ ਉਹਨੂੰ ਗੁਆਚੇ ਰਿਸ਼ਤਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਅੱਬਾ ਦੀ ਮੌਤ ਦੀ ਖ਼ਬਰ ਨੇ ਉਹਨੂੰ ਉਦਾਸ ਕਰ ਦਿੱਤਾ ਸੀ। ਖ਼ੁਸ਼ੀ ਇਸ ਗੱਲ ਦੀ ਸੀ ਕਿ ਉਹਦਾ ਬਾਕੀ ਸਾਰਾ ਖਾਨਦਾਨ ਬਚ ਨਿਕਲਿਆ ਸੀ। ਉਹ ਕਈ ਦਿਨ ਕਸ਼ਮ-ਕਸ਼ ’ਚ ਰਹੀ। ਇੱਧਰ ਸੂਬੇਦਾਰ ਤੇ ਬੱਚੇ ਸਨ ਅਤੇ ਓਧਰ ਪੂਰਾ ਖਾਨਦਾਨ ਸੀ। ਆਖਰ ਉਹਨੇ ਫੈਸਲਾ ਕੀਤਾ ਕਿ ਉਹ ਸੂਬੇਦਾਰ ਨਾਲ ਕੋਈ ਗੱਲ ਨਹੀਂ ਕਰੇਗੀ। ਸਵਰਨ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਾਕਿਸਤਾਨੋਂ ਟਰੱਕ ਆਉਂਦੇ ਨੇ ਜੋ ਇੱਧਰ ਰਹਿ ਗਈਆਂ ਮੁਸਲਮਾਨ ਔਰਤਾਂ ਨੂੰ ਲੈ ਜਾਂਦੇ ਨੇ। ਕੋਈ ਡੇਢ ਕੁ ਸਾਲ ਪਹਿਲਾਂ ਇਸ ਪਿੰਡ ’ਚ ਵੀ ਇੱਕ ਟਰੱਕ ਆਇਆ ਸੀ। ਉਸ ਦਿਨ ਸੂਬੇਦਾਰ ਨੇ ਸਵਰਨ ਕੌਰ ਨੂੰ ਕਿਸੇ ਸ਼ਰੀਕ ਦੇ ਘਰ ਲੁਕੋ ਦਿੱਤਾ ਸੀ।
ਦਿਨ ਬੀਤਦੇ ਗਏ। ਲਹਿੰਦੇ ਵੱਲੋਂ ਕੋਈ ਟਰੱਕ ਨਾ ਆਇਆ। ਦਰਅਸਲ, ਉਹਦੀ ਮਾਂ ਮੰਗਦੀ-ਪਿੰਨਦੀ ਕਈ ਦਿਨਾਂ ਬਾਅਦ ਲਾਹੌਰ ਪਹੁੰਚੀ ਸੀ। ਲਾਹੌਰ ਤੋਂ ਉਹ ਲਾਇਲਪੁਰ ਦੇ ਚੱਕ ਫਰਾਲੇ ’ਚ ਪਹੁੰਚੀ ਸੀ। ਸਵਰਨ ਕੌਰ ਦਾ ਭਰਾ ਅਤੇ ਮਾਮੇ ਡਿਜ਼ਕੋਟ ਥਾਣੇ ਗਏ ਤੇ ਉਨ੍ਹਾਂ ਨੂੰ ਗੁਆਚੀ ਔਰਤ ਦੀ ਸਾਰੀ ਕਹਾਣੀ ਜਾ ਸੁਣਾਈ ਸੀ।
ਜਿਸ ਸਵੇਰ ਸਿਪਾਹੀਆਂ ਵਾਲੇ ਟਰੱਕ ਨੇ ਛਾਪਾ ਮਾਰਿਆ ਤਾਂ ਸੂਬੇਦਾਰ ਘਰ ਅੰਦਰ ਹੀ ਸੀ। ਉਹ ਮਾਣ ਜਿਹੇ ’ਚ ਬੋਲਿਆ ਸੀ- ਮੈਂ ਇਹਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ। ਤੁਸੀਂ ਇਹਦੀ ਮਰਜ਼ੀ ਪੁੱਛ ਲਓ। ਇਹਦੀ ਮਰਜ਼ੀ ਬਗੈਰ ਤੁਸੀਂ ਇਹਨੂੰ ਲਿਜਾ ਨਹੀਂ ਸਕਦੇ।
ਭਰਾ ਨੇ ਭੈਣ ਕੋਲੋ ਮਰਜ਼ੀ ਪੁੱਛੀ ਤਾਂ ਉਹ ਭੁੱਲ ਗਈ ਕਿ ਉਹ ਹੁਣ ਸਵਰਨ ਕੌਰ ਏ। ਉਹਦਾ ਪਤੀ ਏ। ਦੋ ਬੱਚੇ ਨੇ। ਸਵਰਨ ਕੌਰ ਦੇ ਅੰਦਰ ਬੈਠੀ ਮੁਸਲਿਮ ਔਰਤ ਨੇ ਪਾਕਿਸਤਾਨ ਜਾਣ ਲਈ ਹੁੰਗਾਰਾ ਭਰ ਦਿੱਤਾ। ਸੂਬੇਦਾਰ ਦਾ ਸਿਰ ਚਕਰਾ ਗਿਆ। ਉਹ ਡਿੱਗ ਜਾਂਦਾ ਜੇ ਕੰਧ ਦਾ ਸਹਾਰਾ ਨਾ ਲੈਂਦਾ।
“ਸਵਰਨ ਕੁਰੇ, ਕੋਈ ਖ਼ਿਆਲ ਕਰ ਸਾਡਾ।” ਲੰਮਾ ਹਉਕਾ ਭਰਦਿਆਂ ਉਹਨੇ ਤਰਲਾ ਲਿਆ। ਸਵਰਨ ਕੌਰ ਨੇ ਧਾਹ ਮਾਰਦਿਆਂ ਬੱਚਿਆਂ ਨੂੰ ਚੁੰਮਿਆ। ਸੂਬੇਦਾਰ ਵੱਲ ਤਰਸਾਈਆਂ ਅਤੇ ਉਦਾਸ ਅੱਖਾਂ ਨਾਲ ਵੇਖਦਿਆਂ ਹੱਥ ਜੋੜੇ ਤੇ ਤੁਰ ਗਈ। ਦਰ ਲੰਘਦਿਆਂ ਉਹਨੇ ਲੇਰ ਮਾਰੀ ਤੇ ਫਿਰ ਡੁਸਕਦੀ ਹੋਈ ਟਰੱਕ ’ਚ ਜਾ ਬੈਠੀ। ਪੌਣੀ ਸਦੀ ਗੁਜ਼ਰ ਗਈ। ਸਵਰਨ ਕੌਰ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਾ।
15 ਤੋਂ 19 ਮਾਰਚ, 2022 ਤੱਕ ਵਰਲਡ ਪੰਜਾਬੀ ਕਾਂਗਰਸ ਵੱਲੋਂ ‘ਅੰਤਰ-ਰਾਸ਼ਟਰੀ ਸਾਹਿਤ ਅਤੇ ਅਮਨ ਕਾਨਫਰੰਸ’ ’ਚ ਮੈਨੂੰ ਵੀ ਲਾਹੌਰ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਪੰਜਾਬੀ ਦੇ ਸ਼ਾਇਰ ਅਫ਼ਜ਼ਲ ਸਾਹਿਰ ਨੂੰ ਮਿਲਿਆ। ਗੱਲਾਂ ਚੱਲੀਆਂ ਤਾਂ ਸੰਤਾਲੀ ਤੱਕ ਪਹੁੰਚ ਗਈਆਂ। ਸਾਹਿਰ ਦੇ ਦਾਦਕੇ ਚੱਬੇਵਾਲ ਅਤੇ ਨਾਨਕੇ ਸ਼ਾਮ ਚੁਰਾਸੀ ਕੋਲ ਜੰਡੀ ਪਿੰਡ ਤੋਂ ਗਏ ਸਨ। ਇਹ ਦੋਵੇਂ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਨੇ। ਮੈਲ਼ੀ ਪਿੰਡ ਦਾ ਜ਼ਿਕਰ ਹੋਇਆ ਤਾਂ ਉਹ ਵਿਲਕ ਕੇ ਬੋਲਿਆ-ਉੱਥੋਂ ਸਾਡੀ ਇੱਕ ਰਿਸ਼ਤੇਦਾਰ ਉਧਾਲ ਲਈ ਗਈ ਸੀ। ਕਿਸੇ ਸੂਬੇਦਾਰ ਨੇ ਉਹ ਸਿੰਗੜੀ ਪਿੰਡ ’ਚ ਵਸਾ ਲਈ ਸੀ। ਫਿਰ ਸਾਡੇ ਬਜ਼ੁਰਗ ਉਹਨੂੰ ਇੱਧਰ ਲੈ ਆਏ। ਬੱਚੇ ਵਿਚਾਰੀ ਦੇ ਓਧਰ ਰਹਿ ਗਏ।
ਮੈਂ ਸਮਝ ਗਿਆ ਕਿ ਉਹ ਛਿੰਦੋ ਦੀ ਮਾਂ ਦੀ ਗੱਲ ਕਰ ਰਿਹਾ ਏ।
“ਉਹਦਾ ਇੱਧਰ ਵੀ ਵਿਆਹ ਹੋਇਆ!” ਮੈਂ ਸਵਾਲ ਕੀਤਾ।
“ਨਾ ਓਏ ਰੱਬ ਦਿਆ ਬੰਦਿਆ, ਨਾ। ਓਸ ਨਿਕਰਮੀ ਦਾ ਵਿਆਹ ਕੀ ਹੋਣਾ ਸੀ! ਸੁਣਿਆ ਕਿ ਉਹ ਚਾਰ ਮਹੀਨਿਆਂ ਬਾਅਦ ਮਰ ਗਈ ਸੀ। ਨਿਆਣਿਆਂ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ ਸੀ। ਸਭ ਨਾਲੋਂ ਵੱਡਾ ਝੋਰਾ ਉਹਨੂੰ ਇਹ ਸੀ ਕਿ ਉਹਨੇ ਸੂਬੇਦਾਰ ਨਾਲ ਧੋਖਾ ਕੀਤਾ ਏ।”
“ਉਹਦਾ ਅਸਲ ਨਾਂ ਕੀ ਸੀ।” ਮੈਂ ਆਖ਼ਰੀ ਸਵਾਲ ਕੀਤਾ।
“ਨਾਂ ਤਾਂ ਉਹਦਾ ਕਰਮੀ ਸੀ, ਪਰ ਅੱਜ ਵੀ ਅਸੀਂ ਉਹਦਾ ਜ਼ਿਕਰ ਨਿਕਰਮੀ ਕਹਿ ਕੇ ਕਰਦੇ ਆਂ। ਸੰਤਾਲੀ ਨੇ ਉਹਨੂੰ ਕਰਮੀ ਤੋਂ ਨਿਕਰਮੀ ਬਣਾ ਦਿੱਤਾ ਸੀ। ਜਦੋਂ ਉਹਨੇ ਦਮ ਤੋੜਿਆ ਤਾਂ ਮੇਰੀ ਮਾਂ ਉਹਦੇ ਕੋਲ ਸੀ। ਉਸ ਵਿਚਾਰੀ ਦੇ ਆਖਰੀ ਬੋਲ ਸਨ-ਸੂਬੇਦਾਰਾ, ਮੈਨੂੰ ਮੁਆਫ ਕਰੀਂ!”
ਅਫ਼ਜ਼ਲ ਸਾਹਿਰ ਨੇ ਗੱਲ ਮੁਕਾਉਂਦਿਆਂ ਲੰਮਾ ਹਉਕਾ ਭਰਿਆ।