ਡੰਗਰਾਂ ਨੂੰ ਕਿੱਲਿਆਂ ਉੱਤੇ ਬੰਨ੍ਹ ਕੇ ਤੇ ਰੋਟੀ ਖਾ ਕੇ ਜੈਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ।
ਵੱਡੇ ਮੁੰਡੇ, ਕੈਲੇ ਦੇ ਅਜੇ ਕਈ ਕੰਮ ਕਰਨ ਵਾਲੇ ਰਹਿੰਦੇ ਸਨ। ਸਾਰੇ ਕੰਮ ਨਿਬੇੜ ਕੇ ਓਸ ਨੇ ਰੋਟੀ ਖਾ ਲਈ ਤੇ ਫਿਰ ਉਸ ਦੀ ਮਾਂ ਭਾਨੋ ਨੇ ਵੀ ਰੋਟੀ ਖਾ ਲਈ। ਹਨੇਰਾ ਗੂਹੜਾ ਹੁੰਦਾ ਜਾ ਰਿਹਾ ਸੀ। ਚੰਦ, ਮੁੰਡਿਆਂ ਦਾ ਪਿਉ ਅਜੇ ਘਰ ਨਹੀਂ ਸੀ ਆਇਆ॥
ਅੱਜ ਤੜਕੇ-ਤੜਕੇ ਕੁਝ ਬੱਦਲਵਾਈ ਸੀ। ਦੁਪਹਿਰ ਵੇਲੇ ਕਣੀਆਂ ਵੀ ਪੈ ਗਈਆਂ ਸਨ। ਪਿਛਲੇ ਪਹਿਰ ਬੱਦਲ ਚੁੱਕੇ ਗਏ ਸਨ ਤੇ ਠੰਢੀ-ਠੰਢੀ ਹਵਾ ਚੱਲ ਪਈ ਸੀ। ਐਨੀ ਠੰਢੀ ਤੇ ਤਿੱਖੀ ਹਵਾ ਕਿ ਸਰੀਰ ਨੂੰ ਚੀਰ ਕੇ ਲੰਘਦੀ ਸੀ। ਰੇਡੀਓ ਨੇ ਖ਼ਬਰਾਂ ਦਿੱਤੀਆਂ ਸਨ ਕਿ ਪਿਛਲੀ ਰਾਤ ਪਹਾੜਾਂ ਉੱਤੇ ਬਰਫ਼ ਦੋ ਦੋ ਫੁੱਟ ਹੋਰ ਚੜ੍ਹ ਗਈ ਹੈ।
ਚੁੱਲ੍ਹੇ-ਚੌਂਕੇ ਦੇ ਭਾਂਡੇ ਮਾਂਜ ਕੇ ਤੇ ਹੋਰ ਨਿੱਕਾ-ਮੋਟਾ ਕੰਮ ਮੁਕਾ ਕੇ ਭਾਨੋ ਨੇ ਮੱਕੀ ਦੇ ਗੁੱਲਾਂ ਦੀ ਅੱਗ ਬਾਲੀ ਤੇ ਚੁੱਲ੍ਹੇ ਦੇ ਵੱਟੇ ਕੋਲ ਬੈਠੀ ਰਹੀ। ਉਹ ਚੰਦ ਨੂੰ ਉਡੀਕ ਰਹੀ ਸੀ। ਕੈਲਾ ਵੀ ਚੁੱਲ੍ਹੇ ਮੂਹਰੇ ਬੈਠਾ ਅੱਗ ਸੇਕਦਾ ਰਿਹਾ। ਮਾਂ-ਪੁੱਤ ਦੋਵੇਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਭਾਨੋ ਦੀ ਹਿੱਕ ਨੂੰ ਪਾਲ਼ੇ ਦੀ ਧੁੜਧੁੜੀ ਚੜ੍ਹੀ ਤੇ ਉਸ ਨੇ ਗੁੱਲਾਂ ਦਾ ਰੁੱਗ ਚੁੱਲ੍ਹੇ ਵਿੱਚ ਸੁੱਟਣ ਲਈ ਕੈਲੇ ਨੂੰ ਕਿਹਾ। ਚੁੱਲ੍ਹੇ ਵਿੱਚ ਗੁੱਲ ਮਸ਼ਾਲਾਂ ਵਾਂਗ ਲਟਲਟਾਅ ਉੱਠੇ।
‘ਤੇਰੇ ਬਾਪ ਨੇ ਦੇਖ ਵੇ ਅੱਜ ਕੀ ਕੀਤੀ ਐ। ਹੁਣ ਤਾਈਂ ਓਸ ਨੂੰ ਘਰ ਈ ਨ੍ਹੀਂ ਦਿਸਿਆ?” ਭਾਨੋ ਨੇ ਸਿਰ ਦੀ ਕਰ ਖੁਰਕ ਕੇ ਖੇਸੀ ਦੀ ਬੁੱਕਲ ਮਾਰ ਲਈ।
‘ਮਸ਼ੀਨ ਉੱਤੇ ਮੱਕੀ ਦਾ ਆਟਾ ਪੀਹਣਾ ਧਰ ਕੇ ਚਮਿਆਰਾਂ ਵਿਹੜੇ ਉੱਠ ਗਿਆ ਹੋਣੈ, ਮਾਂ। ਤੜਕੇ ਦੋ ਦਿਹਾੜੀਏ ਚਾਹੀਦੇ ਨੇ, ਕਣਕ ਗੁੱਡਣ ਨੂੰ। ਹੋਰ ਉਹਨੇ ਕਿੱਥੇ ਜਾਣਾ ਸੀ?’ ਗੁੱਲਾਂ ਦੀ ਅੱਗ ਦਾ ਭਾਂਬੜ ਕੈਲੇ ਦੀਆਂ ਸੁਕੜੰਜਾਂ ਨੂੰ ਸੇਕ ਗਿਆ ਸੀ। ਉਸ ਨੇ ਪੀਹੜੀ, ਜਿਸ ਉੱਤੇ ਬੈਠਾ ਸੀ, ਥੋੜ੍ਹੀ ਜਿਹੀ ਮਗਰ ਨੂੰ ਖਿਸਕਾ ਲਈ।
ਭਾਨੋ ਨੇ ਸਾਗ ਵਾਲਾ ਤਪਲਾ ਚੁੱਲ੍ਹੇ ਮੂਹਰਲੀ ਭੁੱਬਲ ਉੱਤੇ ਧਰ ਦਿੱਤਾ ਤੇ ਮੱਕੀ ਦੀਆਂ ਰੋਟੀਆਂ ਪੋਣੇ ਵਿੱਚ ਵਲ੍ਹੇਟ ਕੇ ਛਾਬੇ ਵਿੱਚ ਰੱਖ ਦਿੱਤੀਆਂ। ਉੱਤੇ ਪਰਾਤ ਮੂਧੀ ਮਾਰ ਦਿੱਤੀ। ‘ਅਹਿ ਪਿਐ ਸਾਗ ਤੇ ਆਹ ਪਈਆਂ ਨੇ ਰੋਟੀਆਂ, ਜਦੋਂ ਆਊ ਆਪੇ ਖਾ ਲੂ। ਚੱਲ ਪੁੱਤ ਆਪਾਂ ਰਜਾਈਆਂ ’ਚ ਵੜੀਏ।’ ਰੋਟੀਆਂ ਵਾਲੇ ਛਾਬੇ ਉੱਤੇ ਮੂਧੀ ਪਈ ਪਰਾਤ ’ਤੇ ਭਾਨੋ ਨੇ ਕੂੰਡਾ ਧਰ ਦਿੱਤਾ ਤਾਂ ਕਿ ਕੋਈ ਕੁੱਤਾ ਬਿੱਲੀ ਰੋਟੀਆਂ ਨੂੰ ਛੇੜੇ ਨਾ।
ਉਹ ਉੱਠਣ ਹੀ ਲੱਗੇ ਸਨ ਕਿ ਦਰਵਾਜੇ ਵਾਲੇ ਤਖ਼ਤੇ ਦੀ ਚੂਲ ਚੀਕੀ। ਮਾਂ-ਪੁੱਤਾਂ ਨੇ ਸੋਚਿਆ ਕਿ ਉਹ ਆ ਗਿਆ ਹੈ। ਵਿਹੜੇ ਵਿੱਚ ਆ ਕੇ ਜੈਲੇ ਨੇ ਜ਼ੋਰ ਦੀ ਛਿੱਕ ਮਾਰੀ- “ਹੇ ਵਾਖਰੂ !’ ਉਹ ਚੁੱਲ੍ਹੇ ਮੂਹਰੇ ਆ ਕੇ ਮਾਂ ਤੇ ਕੈਲੇ ਦੇ ਵਿਚਾਲੇ ਘੁਸੜ ਗਿਆ। ‘ਗੁੱਲਾਂ ਦਾ ਬੁੱਕ ਸਿੱਟ ਓਏ ਐਧਰੋਂ।” ਜੈਲੇ ਨੇ ਕੂਹਣੀ ਨਾਲ ਕੈਲੇ ਦਾ ਡੌਲਾ ਠੋਹਕਰਿਆ। ਉਸ ਨੇ ਜੈਲੇ ਦੇ ਸਿਰ ਉੱਤੇ ਪੋਲਾ ਜਿਹਾ ਧੱਫਾ ਮਾਰ ਕੇ ਪੁੱਛਿਆ- ‘ਕਿੱਥੋਂ ਆਇਐਂ ਐਸ ਵੇਲੇ ਓਇ ਕੁੱਤੇ ਦੀਏ ਪੂਛੇ? ਬਾਪੂ ਨੀ ਦੇਖਿਆ ਕਿਤੇ?’
‘ਬਾਪੂ ਤਾਂ ਨੰਬਰਦਾਰਾਂ ਦੇ ਗੁਰਨਾਮ ਨਾਲ ਜਾਂਦਾ ਸੀ, ਭੱਠੀ ਕੋਲ ਦੀ। ਚੱਕਵੇਂ ਜੇ ਪੈਰੀਂ ਜਾਂਦੇ ਸੀ ਦੋਵੇਂ ਜਣੇ, ਅਸੀਂ ਓਦੋਂ ਭੱਠੀ ’ਤੇ ਬੈਠੇ ਸੇਕਦੇ ਸੀ। ਬਾਤ ਸੁਣਾਈ ਅੱਜ ਇੱਕ ਬਹੁਤ ਵਧੀਆ, ਮਾਂ, ਸੰਤੂ ਬੱਕਰੀਆਂ ਵਾਲੇ ਨੇ। ਬਾਤ ਕਾਹਦੀ ਸੁਣਾਈ ਕੰਜਰ ਦੇ ਕਾਣੇ ਨੇ, ਹੱਸ ਹੱਸ ਦੂਹਰੇ ਹੋ ਗਏ।’ ਚੁੱਲ੍ਹੇ ਵਿੱਚ ਗੁੱਲਾਂ ਦੀ ਲਾਟ ਜਦ ਬਲ ਉੱਠੀ ਤਾਂ ਭਾਨੋ ਦੋਵੇਂ ਮੁੰਡਿਆਂ ਨੂੰ ਚੁੱਲ੍ਹੇ ਮੂਹਰੇ ਛੱਡ ਕੇ ਆਪ ਸਬਾਤ ਅੰਦਰ ਚਲੀ ਗਈ। ਉਸ ਨੇ ਆਪਣਾ ਗਦੈਲਾ ਵਿਛਾਇਆ ਤੇ ਰਜ਼ਾਈ ਦੀ ਤਹਿ ਖੋਲ੍ਹ ਕੇ ਮੁੰਡਿਆਂ ਨੂੰ ਆਵਾਜ਼ ਦਿੱਤੀ- ‘ਚੰਗਾ, ਵੇ ਮੈਂ ਤਾਂ ਪੈਨੀ ਆਂ। ਤੁਸੀਂ ਅਜੇ ਕਿੰਨਾ ਕੁ ਚਿਰ ਬੈਠੋਗੇ। ਸਾਗ ਵਾਲੇ ਤਪਲੇ ’ਤੇ ਦੇਖਿਓ, ਚੱਪਣ ਹੈ ਗਾ?’
‘ਆਹੋ, ਚੱਪਣ ਹੈ ਗਾ। ਤੂੰ ਕਿਧਰੋਂ ਪਾਲ਼ੇ ਨੇ ਖਾ ਲੀ? ਹੁਣੇ ਪੈ ਗੀ, ਮਾਂ?’ ਜੈਲੇ ਦੀ ਕੜਕਵੀਂ ਆਵਾਜ਼ ਆਈ।
ਭਾਨੋ ਬੋਲੀ ਨਹੀਂ।
ਉਹ ਰਜ਼ਾਈ ਦੇ ਚਾਰੇ ਲੜ ਦੱਬ ਕੇ ਪੈ ਗਈ।
ਜੈਲਾ ਤੇ ਕੈਲਾ ਚੁੱਲ੍ਹੇ ਵਿੱਚ ਪੰਜ-ਸੱਤ ਗੁੱਲ ਸੁੱਟ ਲੈਂਦੇ। ਜਦ ਸੇਕ ਘਟ ਜਾਂਦਾ, ਹੋਰ ਗੁੱਲ ਸੁੱਟ ਲੈਂਦੇ। ਉਹ ਬੈਠੇ ਰਹੇ ਕਿ ਉਹਨਾਂ ਦਾ ਪਿਓ ਆਵੇਗਾ ਤੇ ਉਸ ਦੇ ਰੋਟੀ ਖਾਣ ਪਿੱਛੋਂ ਉਹ ਤਿੰਨੇ ਇਕੱਠੇ ਹੀ ਸਬਾਤ ਅੰਦਰ ਚਲੇ ਜਾਣਗੇ। ਉਹਨਾਂ ਦੋਵਾਂ ਨੇ ਨਿੰਮ ਵਾਲੇ ਖੇਤ ਵਿੱਚ ਬੀਜੀ ਕਲਿਆਣ ਕਣਕ ਦੀਆਂ ਗੱਲਾਂ ਛੇੜ ਲਈਆਂ।
ਭਾਨੋ ਦਾ, ਪਈ-ਪਈ ਦਾ ਹਉਕਾ ਜਿਹਾ ਨਿੱਕਲ ਗਿਆ। ਅੱਜ ਪਹਿਲਾ ਦਿਨ ਸੀ, ਜਦੋਂ ਕਿ ਉਸ ਦੇ ਆਦਮੀ ਨੇ ਐਨਾ ਹਨੇਰਾ ਕਰ ਦਿੱਤਾ। ਨਹੀਂ ਤਾਂ ਛੇ ਮਹੀਨੇ ਹੋ ਗਏ ਸਨ, ਉਹ ਦਿਨ ਛਿਪਦੇ ਨਾਲ ਹੀ ਘਰ ਆ ਜਾਂਦਾ ਸੀ। ਉਸ ਨੇ ਕਦੇ ਹੁਣ ਸ਼ਰਾਬ ਨਹੀਂ ਸੀ ਪੀਤੀ। ਹਵਾ ਦੇ ਬੁੱਲ੍ਹੇ ਵਾਂਗ ਇੱਕ ਖ਼ਿਆਲ ਜਿਹਾ ਭਾਨੋ ਦੇ ਦਿਮਾਗ਼ ਵਿੱਚ ਦੀ ਲੰਘ ਗਿਆ ਕਿ ਅੱਜ ਉਸ ਨੇ ਜ਼ਰੂਰ ਸ਼ਰਾਬ ਪੀ ਲਈ ਹੋਣੀ ਹੈ। ਨੰਬਰਦਾਰਾਂ ਦਾ ਗੁਰਨਾਮ ਜਦ ਨਾਲ ਰਲ ਗਿਆ, ਫੇਰ ਤਾਂ ਸ਼ਰਾਬ ਆਪੇ ਹੀ ਪੀਤੀ ਗਈ।
ਭਾਨੋ ਦੇ ਦਿਮਾਗ ਨੂੰ ਘੇਰ ਜਿਹੀ ਚੜ੍ਹ ਗਈ, ਜਦ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ।
ਛੀ ਮਹੀਨੇ ਪਹਿਲਾਂ ਚੰਦ ਦੀਆਂ ਲੋਕ ਗੱਲਾਂ ਕਰਦੇ ਹੁੰਦੇ ਕਿ ਉਹ ਤਾਂ ਬਸ ਅੱਜ ਵੱਢਿਆ, ਕੱਲ੍ਹ ਵੱਢਿਆ। ਪੈਨਸ਼ਨੀਏ ਥਾਣੇਦਾਰ ਦੀ ਤੀਵੀਂ, ਜਿਸ ਦੇ ਜਵਾਕ ਕੋਈ ਨਹੀਂ ਸੀ ਤੇ ਉਮਰ ਚਾਲ੍ਹੀਆਂ ਤੋਂ ਥੱਲੇ ਸੀ, ਥਾਣੇਦਾਰ ਦੇ ਉੱਤੋਂ ਦੀ ਪਈ ਹੋਈ ਸੀ। ਗੁਰਨਾਮ ਤੇ ਚੰਦ ਸ਼ਰਾਬ ਪੀਂਦੇ ਤੇ ਫਿਰ ਗੁਰਨਾਮ ਚੰਦ ਨੂੰ ਥਾਣੇਦਾਰ ਦੇ ਘਰ ਦੀ ਕੰਧ ਟਪਾਅ ਆਉਂਦਾ। ਜਦੋਂ ਕਿ ਥਾਣੇਦਾਰ ਅਜੇ ਸ਼ਰਾਬ ਦੇ ਠੇਕੇ ਉੱਤੇ ਹੀ ਬੈਠਾ ਹੁੰਦਾ। ਸ਼ਰਾਬ ਦੇ ਠੇਕੇ ਵਿੱਚ ਥਾਣੇਦਾਰ ਦਾ ਹਿੱਸਾ ਸੀ ਤੇ ਉਹ ਕਾਫ਼ੀ ਰਾਤ ਪਈ ਤੱਕ ਠੇਕੇ ਉੱਤੇ ਹੀ ਹਮੇਸ਼ਾ ਬੈਠਾ ਰਹਿੰਦਾ ਸੀ। ਬਰਾਂਡੀ ਪਾ ਕੇ ਤੇ ਦਾੜ੍ਹੀ ਉੱਤੇ ਢਾਠੀ ਬੰਨ੍ਹ ਕੇ ਲੰਮੇ-ਲੰਮੇ ਮੁਛਹਿਰਿਆਂ ਨੂੰ ਵੱਟ ਦਿੰਦਾ ਰਹਿੰਦਾ। ਜਿਨ੍ਹਾਂ ਬੰਦਿਆਂ ਨੂੰ ਪਤਾ ਸੀ, ਉਹ ਬਿੜਕ ਵਿੱਚ ਰਹਿੰਦੇ ਸਨ ਕਿ ‘ਜਿੱਦਣ ਚੰਦ ਥਾਣੇਦਾਰ ਦੇ ਅੜਿੱਕੇ ਚੜ੍ਹ ਗਿਆ, ਥਾਣੇਦਾਰ ਦਾ ਤੱਤ ਭੈੜੇ ਉਹਨੇ ਬਸ ਘੰਡੀ ਵੱਢ ਕੇ ਈ ਛੱਡਣੀ ਐ।” ਗੱਲੀਂ-ਗੱਲੀਂ ਤੀਵੀਆਂ ਰਾਹੀਂ ਭਾਨੋ ਨੂੰ ਸਭ ਪਤਾ ਲੱਗ ਗਿਆ ਸੀ। ਪਹਿਲਾਂ-ਪਹਿਲਾਂ ਤਾਂ ਉਸ ਨੇ ਮੂੰਹ ਜਿਹਾ ਵੱਟੀ ਰੱਖਿਆ। ਫਿਰ ਜਿਸ ਦਿਨ ਉਹ ਚੰਦ ਦੇ ਸਾਰੇ ਪੜਦੇ ਉਘੇੜਨ ਲੱਗੀ ਤਾਂ ਚੰਦ ਨੇ ਉਸ ਨੂੰ ਬਹੁਤ ਕੁੱਟਿਆ। ਕੁੱਟ-ਕੁੱਟ ਅੱਧ-ਮਰੀ ਕਰ ਦਿੱਤਾ। ਕੁੱਟ-ਕੁੱਟ ਪਸਲੀਆਂ ਹਿਲਾ ਦਿੱਤੀਆਂ। ਫਿਰ ਜਦ ਵੀ ਉਹ ਥਾਣੇਦਾਰਨੀ ਦਾ ਨਾਉਂ ਲੈਂਦੀ ਤਾਂ ਚੰਦ ਉਸ ਨੂੰ ਲੱਤੀਂ ਮੁੱਕੀਂ ਛੁਲਕ ਦਿੰਦਾ। ਉਹ ਝੋਰਾ ਕਰਦੀ ਕਿ ਉਸ ਦੀ ਸਿਉਨੇ ਵਰਗੀ ਦੇਹ ਪਾਪੀ ਜੱਟ ਨੇ ਮਿੱਟੀ ਵਿੱਚ ਰੋਲ ਰੱਖੀ ਹੈ। ਨਾ ਉਹ ਮਰਨ ਜੋਗੀ, ਨਾ ਜਿਊਣ ਜੋਗੀ। ਹੋਰ ਤੀਵੀਆਂ ਦੇ ਸਮਝਾਉਣ ਨਾਲ ਸਬਰ ਕਰ ਕੇ ਚੁੱਪ ਹੋ ਗਈ ਸੀ। “ਆਦਮੀ ਤਾਂ ‘ਨ੍ਹਾਤਾ ਘੋੜਾ’ ਹੁੰਦੈ। ਘਰ ਦੀ ਆਣ ਇੱਜ਼ਤ ਤਾਂ ਤੀਵੀਂ ਦੀ ਆਣ ਇੱਜ਼ਤ ਨਾਲ ਹੀ ਬਣੀ ਹੁੰਦੀ ਐ। ਆਦਮੀ ਘਰ ਤੋਂ ਬਾਹਰ ਸੌ ਖੇਹ ਖਾ ਆਵੇ, ਘਰੇ ਤੀਵੀਂ ਕੋਲ ਆ ਕੇ ਓਹੋ ਜੇ ਦਾ ਓਹੋ ਜਾ ਹੋ ਜਾਂਦੈ। ਆਦਮੀ ਤਾਂ ‘ਨ੍ਹਾਤਾ ਘੋੜਾ’ ਹੁੰਦੈ…।”
ਇੱਕ ਦਿਨ ਭਾਨੋ ਰੋਈ ਜਾਵੇ ਤੇ ਬਸ ਕੰਬੀ ਜਾਵੇ। ਨਾ ਕੁਝ ਬੋਲੇ ਤੇ ਨਾ ਕੁਝ ਖਾਵੇ ਪੀਵੇ। ਚੰਦ ਉਹਦੇ ਮੂੰਹ ਵੱਲ ਵੇਖਦਾ ਰਿਹਾ ਤੇ ਫਿਰ ਉਸ ਦੇ ਮਨ ਵਿੱਚ ਪਤਾ ਨਹੀਂ ਕੀ ਆਈ, ਉਸ ਨੇ ਤੌੜੇ ਵਿੱਚੋਂ ਪਾਣੀ ਦੀ ਗੜਵੀ ਭਰੀ ਤੇ ਚੂਲੀ ਭਰ ਕੇ ਭਾਨੋ ਨੂੰ ਕਹਿੰਦਾ- ‘ਆਹ ਦੇਖ, ਅੱਗੇ ਤੋਂ ਸ਼ਰਾਬ, ਗਊ ਆਲੀ ਆਣ ਐ ਤੇ ਹੋਰ ਐਸਾ ਵੈਸਾ ਕੰਮ ਬਸ… ਛੱਡ ਦੇ ਸਾਰੀ ਗੱਲ। ਮਿੱਟੀ ਪਾ ਦੇ। ਦਾੜ੍ਹੀ ਮੂਤ ਨਾਲ ਮੁੰਨ ਦੀਂ ਬਿਸ਼ੱਕ।’
ਇਹਨਾਂ ਗੱਲਾਂ ਨੂੰ ਛੀ ਮਹੀਨੇ ਗੁਜ਼ਰ ਗਏ ਸਨ, ਪਰ ਅੱਜ ਫੇਰ ਚੰਦ ਘਰ ਨਹੀਂ ਸੀ ਆਇਆ। ਭਾਨੋ ਦੇ ਮਨ ਵਿੱਚ ਪੂਰਾ ਸ਼ੱਕ ਹੋ ਗਿਆ ਕਿ ਅੱਜ ਉਸ ਨੇ ਜ਼ਰੂਰ ਗੁਰਨਾਮ ਨਾਲ ਸ਼ਰਾਬ ਪੀਤੀ ਹੋਣੀ ਹੈ ਤੇ ਥਾਣੇਦਾਰ ਦੇ ਘਰ ਵੀ ਜ਼ਰੂਰ …। ‘ਤੀਵੀਂ ਸਾਰੀ ਉਮਰ ਜੁੱਤੀਆਂ ਕਿਉਂ ਖਾਂਦੀ ਰਹੇ?’ ਉਹਦੇ ਪੁੱਤ ਗੱਭਰੂ ਸਨ। ‘ਉਹ ਕਿਉਂ ਮਨੁੱਖ ਦੀ ਜੁੱਤੀ ਬਣ ਕੇ ਰਹੇ? ਇਹੋ ਜਿਹੇ ਆਦਮੀ ਨਾਲੋਂ ਤੀਵੀਂ ਨਿੱਧਰੀ ਚੰਗੀ।’ ਭਾਨੋ ਦੇ ਦਿਲ ਵਿੱਚ ਗੁੱਸੇ ਦੀ ਇੱਕ ਚਿਣਗ ਭਖ਼ ਉੱਠੀ। ਉਸ ਨੇ ਸੋਚਿਆ ਕਿ ਹੁਣ ਜੇ ਉਹ ਆ ਗਿਆ ਤਾਂ ਤਿੰਨੇ ਮਾਂ ਪੁੱਤ ਰਲ ਕੇ ਉਸ ਨੂੰ ਘਰੋਂ ਬਾਹਰ ਕੱਢ ਦੇਣ ਤੇ ਕਹਿਣ ਕਿ ਜਾਹ ਜਿੱਧਰੋਂ ਆਇਆ ਹੈਂ। ਭਾਨੋਂ ਦੇ ਉੱਤੇ ਲਈ ਰਜ਼ਾਈ ਦੇ ਲੜ ਢਿੱਲੇ ਪੈਣੇ ਸ਼ੁਰੂ ਹੋ ਗਏ। ਉਸ ਦਾ ਅੰਦਰਲੀ ਕਿਸੇ ਅੱਗ ਨੇ ਜਿਵੇਂ ਬਾਹਰਲੀ ਠੰਢ ਨੂੰ ਮਾਂਦ ਪਾ ਦਿੱਤਾ ਸੀ। ਉਸ ਦਾ ਸਰੀਰ ਭਖਣ ਲੱਗ ਪਿਆ। ਉਹ ਆਪਣੇ ਬਿਸਤਰੇ ਤੋਂ ਉੱਠੀ ਤੇ ਵਿਹੜੇ ਵਿੱਚ ਦੀ ਲੰਘ ਕੇ ਦਰਵਾਜੇ ਦਾ ਕੁੰਡਾ ਲਾ ਆਈ। ਦੋਵੇਂ ਮੁੰਡੇ ਚੁੱਲ੍ਹੇ ਮੂਹਰੇ ਬੈਠੇ ਅੱਗ ਸੇਕ ਰਹੇ ਸਨ ਤੇ ਹੌਲ਼ੀ-ਹੌਲ਼ੀ ਗੱਲਾਂ ਕਰ ਰਹੇ ਸਨ।
‘ਮਾਂ, ਤੂੰ ਕਿੱਧਰ?’ ਜੈਲੇ ਨੇ ਪੁੱਛਿਆ।
‘ਮੈਂ ਕਿੱਧਰ ਹੋਣਾ ਸੀ। ਆ ਜੋ, ਪੈ ਜੋ ਹੁਣ। ਉਹਨੇ ਤਾਂ ਮੁਨਾਅ ’ਤੀ ਦਾੜ੍ਹੀ ਕੰਜਰ ਨੇ। ਆ ਜੋ, ਪੈ ਜੋ ਬਸ। ਆ ਕੇ ਬਾਰ ਖੁਲ੍ਹਾਇਆ ਤਾਂ ਸਾਲ਼ਾ ਨੀ ਲੱਗ ਕੇ ਗਿਆ ਢੱਟਿਆਂ ਦਾ। ਬਾਰ ਖਲ੍ਹੌਣ ਦੇ ਮੇਰੇ ਪਿਓ ਦੇ ਸਾਲ਼ੇ ਨੂੰ। ਪੁੱਠਾ ਨਾ ਮੋੜਿਆ ਤਾਂ ਮੈਨੂੰ ਜੱਟ ਦੀ ਧੀ ਕੌਣ ਆਖੂ?’ ਪਰਾਤ ਥੱਲੇ ਪਈਆਂ ਰੋਟੀਆਂ ਉਸ ਨੇ ਚੁੱਕ ਕੇ ਮਹਿੰ ਦੀ ਖੁਰਲੀ ਵਿੱਚ ਸੁੱਟ ਦਿੱਤੀਆਂ ਤੇ ਸਾਗ ਵਾਲਾ ਤਪਲਾ ਗਲ ਤੋਂ ਫੜ ਕੇ ਕੰਧ ਨਾਲ ਮਾਰਿਆ। ਤਪਲਾ ਠੀਕਰੀ-ਠੀਕਰੀ ਹੋ ਗਿਆ। ਉਸ ਵਿਚਲਾ ਸਾਗ ਕੁਝ ਕੰਧ ਨਾਲ ਲਿੱਪਿਆ ਗਿਆ ਤੇ ਬਾਕੀ ਛਿੱਟ ਛਿੱਟ ਹੋ ਕੇ ਵਿਹੜੇ ‘ਚ ਤਿੜਕ ਗਿਆ। ਜੈਲਾ ਮੁਸਕੜੀਏਂ ਹੱਸਿਆ ਤੇ ਭੱਜ ਕੇ ਸਬਾਤ ਵਿੱਚ ਆ ਕੇ ਰਜ਼ਾਈ ਵਿੱਚ ਵੜ ਗਿਆ। ਕੈਲਾ ਕੁਝ ਨਾ ਬੋਲਿਆ ਤੇ ਗੰਭੀਰ ਹੋ ਗਿਆ। ਬਾਪੂ ਉੱਤੇ ਉਸ ਨੂੰ ਵੀ ਗੁੱਸਾ ਆ ਗਿਆ, ਪਰ ਉਹ ਮਾਂ ਦੇ ਮਨ ਵਾਲੇ ਗੁੱਸੇ ਨੂੰ ਅਜੇ ਨਹੀਂ ਸੀ ਸਮਝ ਸਕਿਆ। ਕੈਲਾ ਤੇ ਉਸ ਦੀ ਮਾਂ ਸਬਾਤ ਵਿੱਚ ਆ ਕੇ ਪੈ ਗਏ। ਦੋਵੇਂ ਮੁੰਡੇ ਚੁੱਪ ਕੀਤੇ ਪਏ ਰਹੇ। ਉਨ੍ਹਾਂ ਦੀ ਮਾਂ ਲੰਮੇ-ਲੰਮੇ ਸਾਹ ਲੈਂਦੀ ਤੇ ‘ਅੱਛਾ ਪਰਮਾਤਮਾ, ਨਿਆਂ ਕਰੀਂ’ ਦੇ ਸ਼ਬਦਾਂ ਵਿੱਚ ਬੁੜ-ਬੁੜ ਕਰਦੀ ਚੁੱਪ ਹੋ ਗਈ।
ਇੱਕ ਘੰਟੇ ਬਾਅਦ ਦਰਵਾਜੇ ਦਾ ਬਾਹਰਲਾ ਕੁੰਡਾ ਖੜਕਿਆ।
ਨਾ ਮਾਂ ਬੋਲੀ ਤੇ ਨਾ ਮੁੰਡੇ।
ਭਾਨੋ ਨੇ ਹਾਕਾਂ ਸੁਣੀਆਂ। ਹਾਕਾਂ ਚੰਦ ਦੀਆਂ ਨਹੀਂ ਸਨ। ਮੂੰਹ ਉੱਤੋਂ ਰਜ਼ਾਈ ਲਾਹ ਕੇ ਭਾਨੋ ਨੇ ਕੰਨ ਲਾ ਕੇ ਸੁਣਿਆ, ਬੋਲ ਕਿਸੇ ਓਪਰੇ ਬੰਦੇ ਦਾ ਸੀ।
‘ਜੈਲਿਆ, ਦੇਖ ਵੇ, ਕੌਣ ਐ ਐਸ ਵੇਲੇ?’ ਮਾਂ ਨੇ ਛੋਟੇ ਮੁੰਡੇ ਨੂੰ ਆਖਿਆ।
ਜੈਲੇ ਨੇ ਵਿਹੜੇ ਵਿੱਚ ਜਾ ਕੇ ਦਰਵਾਜੇ ਦਾ ਕੁੰਡਾ ਖੋਲ੍ਹ ਕੇ ਤਖ਼ਤਾ ਜਦ ਖਿੱਚਿਆ ਤਾਂ ਦੇਖਿਆ ਕਿ ਦੋ ਬੰਦੇ ਉਸ ਦੇ ਪਿਓ ਨੂੰ ਡੌਲਿਆਂ ਤੋਂ ਫੜੀ ਖੜ੍ਹੇ ਸਨ। ਦੋਵੇਂ ਬੰਦਿਆਂ ਨੇ ਧੂਹ ਕੇ ਚੰਦ ਨੂੰ ਦਰਵਾਜੇ ਵਿੱਚ ਡਹੇ ਪਏ ਇੱਕ ਮੰਜੇ ਉੱਤੇ ਲਿਟਾ ਦਿੱਤਾ ਤੇ ਜੈਲੇ ਨੂੰ ਅੰਦਰੋਂ ਲਾਲਟੈਣ ਕਰ ਕੇ ਲਿਆਉਣ ਲਈ ਕਿਹਾ। ਲਾਲਟੈਣ ਲੈ ਕੇ ਜੈਲਾ ਜਦ ਆਇਆ ਤਾਂ ਉਸ ਦੀ ਮਾਂ ਤੇ ਕੈਲਾ ਵੀ ਉਸ ਦੇ ਨਾਲ ਹੀ ਦਰਵਾਜੇ ਵਿੱਚ ਆ ਗਏ। ਦੇਖਿਆ, ਚੰਦ ਦੇ ਸਾਰੇ ਕੱਪੜੇ ਲਹੂ ਨਾਲ ਗੱਚ ਹੋਏ ਪਏ ਸਨ। ਉਸ ਦੇ ਸਿਰ ਵਿੱਚ ਦੋ ਸਿੱਧੇ ਗੰਡਾਸੇ ਵੱਜੇ ਸਨ ਤੇ ਲਹੂ ਉਸ ਦੇ ਕੰਨ ਦੀ ਪੇਪੜੀ ਕੋਲ ਦੀ ਤਤੀਹਰੀ ਬਣ ਕੇ ਅਜੇ ਵੀ ਵਗ ਰਿਹਾ ਸੀ। ਭਾਨੋ ਧਾਹ ਕੇ ਚੰਦ ਦੀ ਹਿੱਕ ਉੱਤੇ ਢੇਰੀ ਹੋ ਗਈ ਤੇ ਭੁੱਬ ਮਾਰੀ, “ਪੱਟ ’ਤਾ ਵੇ ਘਰ, ਵੈਲਣ ਜੱਟੀ ਨੇ।