A Literary Voyage Through Time

ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਸੀ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ। ਉਨ੍ਹਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ-ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸੀ ਤੁਰਿਆ। ਆਪਣੀਆਂ ਦੋ ਭੈਣਾਂ ਦੇ ਵਿਆਹ, ਜਿਹੜੇ ਉਸ ਨੇ ਆਪ ਹੀ ਕੀਤੇ ਸਨ, ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ। ਕਰਜ਼ਾ ਦਿਨੋ-ਦਿਨ ਟਿੱਬੇ ਦੀ ਰੇਤ ਵਾਂਗ ਵਧੀ ਜਾਂਦਾ ਸੀ। ਉਸ ਨੇ ਉਨ੍ਹਾਂ ਸਮਿਆਂ ਵਿਚ ਦੋ ਘੁਮਾਂ ਜ਼ਮੀਨ ਪਿੰਡ ਦੇ ਇਕ ਨਰੋਏ ਜ਼ਿਮੀਂਦਾਰ ਸੁਰਤਾ ਸਿੰਘ ਕੋਲ ਗਹਿਣੇ ਧਰ ਕੇ, ਉਸ ਬਾਣੀਏ ਦੇ ਸਾਰੇ ਕਰਜ਼ੇ ਦਾ ਜੂੜ ਵੱਢ ਦਿੱਤਾ ਸੀ।

ਕਹਿੰਦੇ, ਜੇ ਜੱਟ ਤਕੜਾ ਹੋਵੇ ਤਾਂ ਜ਼ਮੀਨ ਨੂੰ ਸਾਰੀ ਉਮਰ ਖਾਂਦਾ ਰਹਿੰਦਾ ਹੈ ਤੇ ਜੱਟ ਮਾੜਾ ਹੋਵੇ ਤਾਂ ਜ਼ਮੀਨ ਉਲਟੀ ਜੱਟ ਨੂੰ ਖਾ ਜਾਂਦੀ ਹੈ। ਹਲ-ਵਾਹੀ ਦੇ ਕੰਮ ਵਿਚ ‘ਚਉ’ ਦਾ ਕੰਮ ਧਰਤੀ ਨੂੰ ਪੋਲਾ ਕਰਨਾ ਹੁੰਦਾ ਹੈ। ਧਰਤੀ ਨੂੰ ਪੋਲਾ ਜਿੰਨਾ ਕੋਈ ਜੱਟ ਬਹੁਤਾ ਕਰੇ, ਉਨ੍ਹਾਂ ਉਸ ਵਿਚੋਂ ਬਹੁਤਾ ਅੰਨ-ਪਦਾਰਥ ਨਿਕਲਦਾ ਹੈ, ਜੇ ਜੱਟ ਚਉ ਨੂੰ ਧਰਤੀ ਵਿਚ ਬਹੁਤਾ ਨਾ ਵਰਤੇ, ਤਾਂ ਉਹ ਚਉ ਧਰਤੀ ਨੂੰ ਪੋਲਾ ਕਰਨ ਦੀ ਥਾਂ ਜੱਟ ਨੂੰ ਪੋਲਾ ਕਰ ਦਿੰਦੀ ਹੈ। ਅੰਨ-ਪਦਾਰਥ ਦੀ ਥਾਂ ਫਿਰ ਜੱਟ ਵਿਚੋਂ ਨਿਕਲਦਾ ਹੈ, ‘ਸ਼ਾਹ ਦਾ ਕਰਜ਼ਾ’, ‘ਡੂਢੀਆਂ-ਸਵਾਈਆਂ’, ‘ਕੁੜੀਆਂ ਦੇ ਪੈਸੇ ਵੱਟਣੇ’ ਅਤੇ ‘ਮੁੰਡਿਆਂ ਨੂੰ ਪੈਸੇ ਦੇ ਕੇ ਵਿਆਹੁਣਾ।’

ਦੋ ਘੁਮਾਂ ਜ਼ਮੀਨ ਤਾਂ ਉਨਾਂ ਦੇ ਪਿਓ ਨੇ ਸੁਰਤਾ ਸਿੰਘ ਕੋਲ ਗਹਿਣੇ ਧਰੀ ਹੋਈ ਸੀ, ਪਰ ਕਦੇ ਸੌ, ਕਦੇ ਦੋ ਸੌ ਕਰ ਕੇ ਹੋਰ ਦੋ ਹਜ਼ਾਰ ਰੁਪਈਆ ਵਿਆਜੂ ਵੀ ਸੁਰਤਾ ਸਿੰਘ ਨੇ ਉਸ ਦੇ ਸਿਰ ਕਰ ਲਿਆ ਸੀ। ਹਾੜ੍ਹੀ ਸਾਉਣੀ ਮੋੜ-ਮੋੜ ਕੇ ਵੀ ਰਕਮ ਓਨੀ ਦੀ ਓਨੀ ਖੜ੍ਹੀ ਰਹਿੰਦੀ, ਕਦੇ ਗਾਂ ਦਾ ਰੱਸਾ ਫੜਾ ਦਿੱਤਾ, ਕਦੇ ਵੱਛੇ ਦਾ ਰੱਸਾ ਫੜਾ ਦਿੱਤਾ ਤੇ ਕਦੇ ਕੋਈ ਝੋਟੀ ਦੇ ਦਿੱਤੀ ਅਤੇ ਜਿੰਨਾ ਚਿਰ ਉਨ੍ਹਾਂ ਦਾ ਪਿਓ ਜਿਉਂਦਾ ਰਿਹਾ, ਉਸ ਤੋਂ ਸੁਰਤਾ ਸਿੰਘ ਕੋਲੋਂ ਕਦੇ ਵੀ ਖਹਿੜਾ ਨਾ ਛੁਡਾਇਆ ਗਿਆ। ਸਾਲ ਵਿਚ ਜਿੰਨਾ ਰੁਪਈਆ ਉਹ ਉਤਾਰਦਾ ਸੀ, ਓਦੂੰ ਦੁਗਣਾ ਹੋਰ ਲੈ ਲੈਂਦਾ ਸੀ। ਗਿੰਦਰ ਦਾ ਜਦੋਂ ਵਿਆਹ ਕੀਤਾ, ਉਦੋਂ ਵੀ ਚਾਰ ਹਜ਼ਾਰ ਸੁਰਤਾ ਸਿੰਘ ਨੇ ਹੀ ਦਿੱਤਾ ਸੀ ਤੇ ਜਦ ਚੰਦ ਦਾ ਵਿਆਹ ਕੀਤਾ, ਉਦੋਂ ਦੋ ਹਜ਼ਾਰ ਵਿਆਜੂ ਲਿਆ ਸੀ ਤੇ ਦੋ ਹਜ਼ਾਰ ਦੀ ਦੋ ਘੁਮਾਂ ਜ਼ਮੀਨ ਹੋਰ ਗਹਿਣੇ ਧਰ ਦਿੱਤੀ ਸੀ। ਜਦੋਂ ਉਨ੍ਹਾਂ ਦਾ ਪਿਓ ਮਰਿਆ, ਉਨ੍ਹਾਂ ਦੀ ਚਾਰ ਘੁਮਾਂ ਜ਼ਮੀਨ ਗਹਿਣੇ ਸੀ ਤੇ ਚਾਰ ਹਜ਼ਾਰ ਰੁਪਈਆ ਦੇਣਾ ਰਹਿੰਦਾ ਸੀ।
ਦੋਵੇਂ ਭਰਾ ਪੂਰੇ ਜਿੱਚ ਸਨ ਕਿ ਉਹ ਸੁਰਤਾ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਤਾਰਨ? ਉਨ੍ਹਾਂ ਨੂੰ ਗਹਿਣੇ ਧਰੀ ਜ਼ਮੀਨ ਦਾ ਐਨਾ ਫਿਕਰ ਨਹੀਂ ਸੀ ਜਿੰਨਾ ਝੋਰਾ ਉਨ੍ਹਾਂ ਨੂੰ ਵਿਆਜੂ ਰੁਪਈਆਂ ਦਾ ਸੀ।

ਸੁਰਤਾ ਸਿੰਘ ਸੁਭਾਅ ਦਾ ਬੜਾ ਮਿੱਠਾ ਸੀ। ਦੇਖਣ ਵਿਚ ਇਉਂ ਲਗਦਾ ਜਿਵੇਂ ਉਹਦੇ ਨਾਲ ਦਾ ਪਿੰਡ ਵਿਚ ਧਰਮਾਤਮਾ ਬੰਦਾ ਹੋਰ ਕੋਈ ਨਹੀਂ। ਅੱਧ ਕੁ ਦਾ ਹੋ ਕੇ ਗੱਲ ਕਰਦਾ, ਪਿੰਡ ਦੇ ਹਰ ਬ੍ਰਾਹਮਣ ਨੂੰ ‘ਮਹਾਰਾਜ’ ਬੁਲਾਉਂਦਾ, ਸੜੇ ਤੋਂ ਸੜੇ ਬਾਣੀਏ ਨੂੰ ਵੀ ‘ਰਾਮ-ਰਾਮ’ ਕਹਿੰਦਾ। ਝਿਊਰ, ਨਾਈ, ਛੀਂਬੇ, ਤਖਾਣ, ਘੁਮਿਆਰ, ਮਜ਼੍ਹਬੀ ਤੇ ਰਮਦਾਸੀਏ-ਸਭ ਨੂੰ ਉਹ ਆਦਰ ਨਾਲ ਬੁਲਾਉਂਦਾ। ਐਨਾ ਮਿੱਠਾ ਬੰਦਾ ਪਿੰਡ ਵਿਚ ਹੋਰ ਕੋਈ ਨਹੀਂ ਸੀ। ਐਨਾ ਸਾਦਾ ਬੰਦਾ ਪਿੰਡ ਵਿਚ ਹੋਰ ਕੋਈ ਨਹੀਂ ਸੀ। ਪੈਰੀਂ ਖੱਲ-ਧੌੜੀ ਦੀ ਜੁੱਤੀ। ਜੁੱਤੀ ਉਸ ਦੇ ਚਲਦੀ ਬਹੁਤ ਸੀ। ਪੰਜ-ਪੰਜ ਛੀ-ਛੀ ਵਾਰੀ ਗੰਢਾ ਕੇ ਵੀ ਉਹ ਜੁੱਤੀ ਹੰਢਾਈ ਜਾਂਦਾ। ਤੇੜ, ਖੱਦਰ ਦੀ ਧੋਤੀ। ਗਲ ਖੱਦਰ ਦੀ ਬੋਸਕੀ ਦਾ ਕੁੜਤਾ। ਸਿਰ ਉਤੇ ਮੋਟੀ ਵੈਲ ਦਾ ਚਿੱਟਾ ਸਾਫਾ। ਬਾਰਾਂ ਮਹੀਨੇ ਤੀਹ ਦਿਨ ਓਸ ਦੇ ਇਹੀ ਪਹਿਰਾਵਾ ਹੁੰਦਾ। ਸਿਆਲਾਂ ਵਿਚ ਦੋੜੇ ਵਰਗੇ ਮੋਟੇ ਖੱਦਰ ਦੀ ਜਾਕਟ ਤੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਜ਼ਰੂਰ ਵਧ ਜਾਂਦੀ, ਨਹੀਂ ਤਾਂ ਬੱਸ ਉਸ ਦਾ ਇਕੋ ਪਹਿਰਾਵਾ ਰਹਿੰਦਾ। ਉਹਦੇ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ। ਉਸ ਨੇ ਬਹੁਤ ਸਾਰੀ ਜ਼ਮੀਨ ਲੋਕਾਂ ਦੀ ਬੈਅ ਵੀ ਲੈ ਰੱਖੀ ਸੀ। ਗਹਿਣੇ ਦੀਆਂ ਜ਼ਮੀਨਾਂ ਤਾਂ ਉਸ ਕੋਲ ਕਈ ਘਰਾਂ ਦੀਆਂ ਸਨ। ਦੋ ਉਹਦੇ ਮੁੰਡੇ ਸਨ। ਦੋਵੇਂ ਦਿਨ ਰਾਤ ਵਾਹੀ ਦਾ ਕੰਮ ਹੀ ਕਰਦੇ ਰਹਿੰਦੇ। ਦੋਵੇਂ ਪਿਓ ਨਾਲੋਂ ਚੜ੍ਹਦੇ ਸਨ, ਐਨੇ ਕੰਜੂਸ ਕਿ ਕੀੜੀ ਦੇ ਰਾਹ ਦਾਣਾ ਨਹੀਂ ਸੀ ਜਾਣ ਦਿੰਦੇ। ਦਿਹਾੜੀਏ, ਜਿਹੜੇ ਉਨ੍ਹਾਂ ਦੇ ਕਦੇ-ਕਦੇ ਕੰਮ ਕਰਨ ਜਾਂਦੇ, ਦੱਸਦੇ ਹੁੰਦੇ ਕਿ ਜਦੋਂ ਵੀ ਅਸੀਂ ਕਦੇ ਇਨ੍ਹਾਂ ਦੇ ਜਾਂਦੇ ਹਾਂ, ਕਦੇ ਵੀ ਸਾਨੂੰ ਦਾਲ ਜਾਂ ਸਬਜ਼ੀ ਨਾਲ ਰੋਟੀ ਨਹੀਂ ਮਿਲੀ, ਹਮੇਸ਼ਾ ਗੰਢਿਆਂ ਦੀ ਚਟਣੀ ਜਾਂ ਪਚਰੰਗੇ ਆਚਾਰ ਨਾਲ ਰੋਟੀ ਖਾਧੀ ਐ।

ਨਾਮਾ-ਪੱਤਾ ਸੁਰਤਾ ਸਿੰਘ ਦਾ ਪਿੰਡ ਵਿਚ ਬਹੁਤ ਚਲਦਾ ਸੀ। ਇਸ ਕੰਮ ਵਿਚ ਉਹ ਐਨਾ ਚੜ੍ਹ ਗਿਆ ਸੀ ਕਿ ਕੋਈ ਬਾਣੀਆ ਵੀ ਉਹਦੇ ਮੁਕਾਬਲੇ ਵਿਚ ਨਹੀਂ ਸੀ; ਸਗੋਂ ਕਈ ਬਾਣੀਏ ਵੀ ਉਹਦੀ ਈਨ ਮੰਨਦੇ ਸਨ। ਸੁਰਤਾ ਸਿੰਘ ਪੈਸੇ ਦੇ ਤਾਂ ਹਰ ਇਕ ਨੂੰ ਦਿੰਦਾ ਸੀ, ਪਰ ਨਾਮਾ ਉਗਰਾਹੁਣ ਵਿਚ ਉਹ ਬੜਾ ਕਰੜਾ ਸੀ। ਜੇ ਕਿਸੇ ਨਾਲ ਝਗੜਾ ਹੈ ਜਾਂਦਾ, ਤਾਂ ਝੱਟ ਓਸ ਝਗੜੇ ਨੂੰ ਕਚਹਿਰੀ ਵਿਚ ਲੈ ਜਾਂਦਾ। ਡਰਦਾ ਉਹਦੀ ਰਕਮ ਕੋਈ ਦਬਦਾ ਨਹੀਂ। ਉਸ ਨੇ ਕਈ ਘਰਾਂ ਦੀ ਕੁਰਕੀ ਕਰਵਾਈ ਸੀ। ਜਿਸ ਬੰਦੇ ਦਾ ਉਸ ਨਾਲ ਵਾਹ ਪੈ ਜਾਂਦਾ, ਉਸ ਨੂੰ ਤਾਂ ਉਸ ਪੂਰੀ ਤਰ੍ਹਾਂ ਮੁੰਨ ਕੇ ਛੱਡਦਾ। ਜੇ ਕਿਸੇ ਨੂੰ ਸੌ ਰੁਪਈਆ ਦੇਣਾ ਹੁੰਦਾ, ਤਾਂ ਨੱਬੇ ਦੇ ਕੇ ਸੌ ਲਿਖਦਾ ਤੇ ਵਿਆਜ ਵੱਖਰਾ। ਵਿਆਜ ਵੀ ਉਹਦਾ ਦੂਜਿਆਂ ਨਾਲੋਂ ਕਰੜਾ ਸੀ।

ਵਿਆਜੂ ਰੁਪਈਆ ਤਾਂ ਕਹਿੰਦੇ ਖੱਬਲ ਵਾਂਗ ਸੂਈ ਜਾਂਦਾ ਹੈ। ਗਿੰਦਰ ਝੋਰਾ ਕਰਦਾ ਕਿ ਸੁਰਤਾ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਤਾਰਿਆ ਜਾਵੇ। ਇਕੋ ਸਾਲ ਵਿਚ ਉਹ ਐਨਾ ਰੁਪਈਆ ਲਾਹ ਨਹੀਂ ਸੀ ਸਕਦਾ। ਦੋ ਭਰਾ ਸਨ। ਦੋ ਬੰਦਿਆਂ ਦੀ ਕਮਾਈ ਕਿੰਨੀ ਕੁ ਹੋ ਸਕਦੀ ਹੈ। ਉਨ੍ਹਾਂ ਕੋਲ ਛੀ ਘੁਮਾਂ ਜ਼ਮੀਨ ਹੀ ਤਾਂ ਹਲ ਹੇਠ ਸੀ। ਕੁਝ ਜ਼ਮੀਨ ਉਹ ਹਿੱਸੇ ਉਤੇ ਲੈ ਲੈਂਦੇ ਤੇ ਕੁਝ ਠੇਕੇ ਉਤੇ। ਵਾਹੀ ਚੰਗੀ ਕਰਦੇ ਸਨ। ਜਾਨ ਤੋੜ ਕੇ ਕੰਮ ਕਰਦੇ। ਖਰਚ ਬਹੁਤ ਘੱਟ ਕਰਦੇ। ਵਿਆਹਾਂ ਵਿਚ ਨਾ ਜਾਣ ਕਰ ਕੇ ਦੋ ਤਿੰਨ ਰਿਸ਼ਤੇਦਾਰ ਵੀ ਉਨ੍ਹਾਂ ਨਾਲੋਂ ਟੁੱਟ ਗਏ ਸਨ। ਵਿਉਂਤ ਅਨੁਸਾਰ ਉਹ ਕੰਮ ਕਰਦੇ ਸਨ। ਸਣੇ ਵਿਆਜ ਇਕ-ਇਕ ਹਜ਼ਾਰ ਹਰ ਸਾਲ ਦੇ ਕੇ, ਉਨ੍ਹਾਂ ਨੇ ਚਾਰ-ਪੰਜ ਸਾਲਾਂ ਵਿਚ ਲਾਹ ਦਿੱਤਾ।

ਹੁਣ ਚਾਰ ਘੁਮਾਂ ਜ਼ਮੀਨ ਰਹਿੰਦੀ ਸੀ। ਦੋ ਘੁਮਾਂ ਜ਼ਮੀਨ ਪਹਿਲਾਂ ਜਿਹੜੀ ਉਨ੍ਹਾਂ ਦੇ ਪਿਓ ਨੇ ਧਰੀ ਸੀ, ਉਹ ਵੀ ਉਨ੍ਹਾਂ ਨੇ ਦੋ ਕੁ ਸਾਲਾਂ ਵਿਚ ਛੁਡਾ ਲਈ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਕਦੋਂ ਚੜ੍ਹਦਾ ਹੈ ਤੇ ਕਦੋਂ ਛਿਪਦਾ ਹੈ। ਉਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਹੁਣ ਬੱਸ ਦੋ ਘੁਮਾਂ ਉਨ੍ਹਾਂ ਦੀ ਗਹਿਣੇ ਰਹਿੰਦੀ ਸੀ। ਉਨ੍ਹਾਂ ਦੀਆਂ ਜ਼ਨਾਨੀਆਂ ਵੀ ਬਹੁਤ ਕੰਮ ਕਰਦੀਆਂ: ਖੇਤੀ-ਪੱਤੀ ਦੇ ਕੰਮ ਤੋਂ ਬਿਨਾ ਉਹ ਹੋਰ ਕੰਮ ਵੀ ਕਰਦੀਆਂ ਰਹਿੰਦੀਆਂ। ਦਰੀਆਂ ਬੁਣਦੀਆਂ। ਤਾਣੀ ਬੁਣਨ ਲਈ ਉਨ੍ਹਾਂ ਨੇ ਘਰ ਖੱਡੀ ਵੀ ਲਾਈ ਹੋਈ ਸੀ। ਛੋਟੀ ਬਹੂ ਘਰ ਦੇ ਕਪੜੇ ਮਸ਼ੀਨ ਉਤੇ ਆਪ ਹੀ ਸਿਉਂ ਲੈਂਦੀ ਸੀ। ਦੋਵੇਂ ਬਹੂਆਂ ਨੇ ਨਾ ਕਦੇ ਰੱਜ ਕੇ ਖਾਧਾ ਸੀ, ਤੇ ਨਾ ਕਦੇ ਜੀਅ ਭਰ ਕੇ ਹੰਢਾਇਆ ਸੀ। ਉਹ ਵੀ ਆਪਣੇ ਆਦਮੀਆਂ ਵਾਂਗ ਹੀ ਦੇਹ ਵੇਲਦੀਆਂ ਰਹਿੰਦੀਆਂ। ਸੁਭਾਅ ਦੀਆਂ ਪੁੱਜ ਕੇ ਚੰਗੀਆਂ। ਕਦੇ ਕੋਈ ਬਹੂ ਕਿਸੇ ਨਾਲ ਲੜਦੀ ਨਹੀਂ ਸੀ। ਵਿਹੜਕੀ ਦੀਆਂ ਸਾਰੀਆਂ ਬੁੜ੍ਹੀਆਂ ਉਨ੍ਹਾਂ ਬਹੂਆਂ ਨੂੰ ਸਰਾਹੁੰਦੀਆਂ ਨਹੀਂ ਸਨ ਰਜਦੀਆਂ। ਕੰਮ ਦੀ ਧੁੰਮ ਪਾ ਰੱਖੀ ਸੀ, ਉੁਨ੍ਹਾਂ ਨੇ। ਵੱਡੀ ਬਹੂ ਤਾਂ ਅੰਦਰ ਕੰਮ ਵਿਚ ਨੜੇ ਵਾਂਗ ਉਧੜਦੀ ਫਿਰਦੀ। ਨਾ ਗਿੰਦਰ ਮੁੰਡਿਆਂ ਵਰਗਾ ਮੁੰਡਾ ਸੀ ਤੇ ਨਾ ਚੰਦ ਮੁੰਡਿਆਂ ਵਰਗਾ ਮੁੰਡਾ ਸੀ। ਦੋਵੇਂ ਭਰਾਵਾਂ ਨੇ ਸ਼ਰਾਬ ਕਦੇ ਮੂੰਹ ਉਤੇ ਧਰ ਕੇ ਨਹੀਂ ਸੀ ਦੇਖੀ। ਸ਼ਰਾਬ ਪੀਣ ਉਲਥ ਮੁੰਡਿਆਂ ਦੀ ਟਾਹਣੀ ਵਿਚ ਬੈਠਣ ‘ਤੇ ਉਹ ਬਹੁਤ ਸੰਗਦੇ। ਕਿਸੇ ਕੋਲ ਖੜ੍ਹਨ ਬੈਠਣ ਦੀ ਉਨ੍ਹਾਂ ਕੋਲ ਵਿਹਲ ਵੀ ਕਦੋਂ ਸੀ। ਉਨ੍ਹਾਂ ਨੇ ਕਦੇ ਮਾਸ-ਮੱਛੀ ਨੂੰ ਮੂੰਹ ਵੀ ਨਹੀਂ ਸੀ ਲਾਇਆ। ਅਗਵਾੜ ਦੇ ਕਈ ਛੁਰਛਰੇ ਮੁੰਡੇ ਬੱਕਰਾ ਵੱਢ ਕੇ ਰਿੰਨ੍ਹ-ਰਿੰਨ੍ਹ ਖਾਂਦੇ। ਘਰ ਦੀ ਕੱਢੀ ਸ਼ਰਾਬ ਪੀਂਦੇ, ਪਰ ਗਿੰਦਰ ਤੇ ਚੰਦ ਹੋਰਾਂ ਦਾ, ਜੇ ਕਦੀ ਬਹੁਤਾ ਜੀਅ ਲਲਚਾਉਂਦਾ, ਤਾਂ ਮੱਕੀ ਜਾਂ ਛੋਲਿਆਂ ਦੇ ਦਾਣੇ ਭੁੰਨਾਂ ਕੇ ਗੁੜ ਨਾਲ ਚੱਬ ਲੈਂਦੇ। ਕਣਕ ਦੇ ਮਰੀਂਡੇ, ਘਾਠ, ਤਿਲਾਂ ਦੇ ਤਿਲੋਏ ਤੇ ਮੱਕੇ ਦੇ ਭੂਤ-ਪਿੰਨੇ ਉਨ੍ਹਾਂ ਲਈ ਛੱਤੀ-ਪਦਾਰਥ ਸਨ। ਲਵੇਰੀ ਮੱਝ ਹਮੇਸ਼ਾ ਹੀ ਉਨ੍ਹਾਂ ਦੇ ਕਿੱਲੇ ਉਤੇ ਰਹਿੰਦੀ ਸੀ। ਸਾਰਾ ਟੱਬਰ ਖੱਟੀ ਲੱਸੀ ਪੀਣ ਦਾ ਬਹੁਤ ਸ਼ੌਕੀਨ ਸੀ। ਆਥਣ ਵੇਲੇ ਰੋਟੀ ਤੋਂ ਬਾਅਦ ਸਾਰਾ ਟੱਬਰ ਕੜ੍ਹਿਆ ਦੁੱਧ ਪੀਂਦਾ, ਡੱਕਵਾਂ। ਅਗਵਾੜ ਦੇ ਚੱਕਵੇਂ ਮੁੰਡੇ ਦੋਵੇਂ ਭਰਾਵਾਂ ਨੂੰ ਕਿਸੇ ਗੱਲ ਵਿਚ ਪਤੀਜਦੇ ਨਹੀਂ ਸਨ। ਕੋਈ ਵੀ ਗੱਲ ਛਿੜਦੀ, ਤੇ ਜੇ ਗੱਲ ਗਿੰਦਰ ਦੇ ਘਰ ਉਤੇ ਆ ਜਾਂਦੀ, ਤਾਂ ਮਖੌਲ ਵਿਚ ਉਹ ਉਨ੍ਹਾਂ ਨੂੰ ਕਹਿੰਦੇ,

‘ਓਏ ਉਹ ਕੀ ਕਰਨਗੇ, ਖੱਟੀ ਲੱਸੀ ਪੀਣ ਵਾਲੇ!’

ਦੀਵਾਲੀ ਦੀ ਰਾਤ ਸੀ। ਚਾਰ ਪੰਜ ਮੁੰਡੇ ਇਕ ਮੁੰਡੇ ਦੇ ਬਾਹਰਲੇ ਘਰ, ਘਰ ਦੀ ਕੱਢੀ ਸ਼ਰਾਬ ਪੀ ਰਹੇ ਸਨ ਤੇ ਬੱਕਰਾ ਵੀ ਉਥੇ ਹੀ ਰਿੱਝ ਰਿਹਾ ਸੀ। ਗਿੰਦਰ ਨੂੰ ਉਸ ਰਾਤ ਮੋਘੇ ਦਾ ਪਾਣੀ ਮਿਲਣਾ ਸੀ। ਉਸ ਨੂੰ ਕਹੀ ਦੀ ਲੋੜ ਸੀ। ਉਹ ਉਸ ਮੁੰਡੇ ਦੇ ਬਾਹਰਲੇ ਘਰ ਕਹੀ ਮੰਗਣ ਗਿਆ, ਤਾਂ ਉਸ ਢਾਣੀ ਨੇ ਉਸ ਨੂੰ ਉਥੇ ਹੀ ਬਾਹੋਂ ਫੜ ਲਿਆ, ‘ਬਾਈ ਗਿੰਦਰਾ, ਇਕ ਹਾੜਾ ਲਾ ਲੈ।’ ਗਿੰਦਰ ਕਹਿੰਦਾ, ‘ਢਾਂਡੀ ਆਲੀ ਆਣ ਐ ਜੇ ਕਦੇ ਮੂੰਹ ਤੇ ਧਰੀ ਹੋਵੋ।’ ਇਕ ਸ਼ਰਾਬੀ ਜਿਸ ਨੇ ਸਭ ਤੇ ਵਧ ਪੀਤੀ ਹੋਈ ਸੀ, ਕਹਿੰਦਾ, ‘ਐਧਰ, ਆਸ਼ਕਾਂ ਨੂੰ ਦੇਹ, ਇਹ ਖੱਟੀ ਲੱਸੀ ਪੀਣ ਆਲਾ ਕੀ ਕਰੂ?’ ਤੇ ਗਲਾਸ ਫੜ ਕੇ ਗਟ-ਗਟ ਚਾੜ੍ਹ ਗਿਆ।

ਇਕ ਵਾਰੀ ਚੋਲੇ ਵਾਲੇ ਬਾਬੇ ਦੇ ਡੇਰੇ, ਭੜੀਂ ਪਾਉਣ ਸਾਰਾ ਅਗਵਾੜ ਗਿਆ। ਜਦ ਆਥਣ ਜਿਹਾ ਹੋ ਗਿਆ, ਮੁੰਡੇ ਜਿਦ ਪਏ, ਅਖੇ ਸਭ ਤੋਂ ਵੱਧ ਮਿੱਟੀ ਦਾ ਭਰਿਆ ਟੋਕਰਾ ਕਿਹੜਾ ਮੁੰਡਾ ਚੁੱਕ ਕੇ ਬਾਬੇ ਦੀ ਸਮਾਧ ਵਾਲੇ ਚੌਂਤਰੇ ਉਤੇ ਲਿਜਾ ਸਕਦਾ ਹੈ। ਜਿਥੋਂ ਮਿੱਟੀ ਪੁੱਟ ਕੇ ਟੋਕਰਾ ਭਰਨਾ ਸੀ, ਉਥੋਂ ਬਾਬੇ ਦੀ ਸਮਾਧ ਕੋਈ ਸੌ ਕਰਮ ਦੂਰ ਸੀ। ਉਨ੍ਹਾਂ ਕੋਲ ਇਕ ਐਸਾ ਤਕੜਾ ਨਰੋਆ ਤੇ ਚੌੜਾ ਟੋਕਰਾ ਸੀ ਜਿਸ ਵਿਚ ਪੰਜ ਮਣ ਤੋਂ ਵੱਧ ਵੀ ਮਿੱਟੀ ਪੈ ਸਕਦੀ ਸੀ। ਇਕ ਮੁੰਡੇ ਨੇ ਟੋਕਰਾ ਖਾਸਾ ਹੀ ਭਰ ਦਿੱਤਾ। ਟੋਕਰਾ ਉਹ ਕਿਸੇ ਤੋਂ ਨਾ ਹਿਲਿਆ। ਸਾਰੇ ਖੜ੍ਹੇ ਦੇਖੀ ਜਾਣ। ਚੰਦ ਨੇ ਚਹੁੰ ਮੁੰਡਿਆਂ ਤੋਂ ਟੋਕਰਾ ਚੁਕਵਾ ਕੇ ਆਪਣੇ ਸਿਰ ਉਤੇ ਧਰਿਆ ਤੇ ਬਾਬੇ ਦੇ ਚੌਂਤਰੇ ਉਤੇ ਅਹੁ ਜਾ ਕੇ ਮੂਧਾ ਮਾਰਿਆ। ਸਾਰਾ ਇਕੱਠ ਹੈਰਾਨ ਰਹਿ ਗਿਆ, ‘ਸਾਲਿਓ, ਖੱਟੀ ਲੱਸੀ ਪੀਣ ਆਲਾ ਈ ਨਿੱਤਰ ਗਿਆ।’

ਦੋਵੇਂ ਭਰਾ ਕਮਾਈ ਕਰਦੇ ਸਨ, ਬੇਥਾਹ। ਨਾ ਕਿਸੇ ਦਾ ਕੁਝ ਡੋਲ੍ਹਦੇ, ਨਾ ਵਿਗਾੜਦੇ। ਕਿਸੇ ਨਾਲ ਕਦੇ ਲੜੇ ਨਹੀਂ ਸਨ। ਕਿਸੇ ਨਾਲ ਕੋਈ ਝਗੜਾ ਨਹੀਂ ਸੀ ਪਾਇਆ। ਸਾਰਾ ਅਗਵਾੜ ਉਨ੍ਹਾਂ ਨੂੰ ਸਮਝਦਾ ਸੀ ਕਿ ਇਹ ਮੁੰਡੇ ਤਾਂ ਦੇਵਤਾ ਹਨ। ਦੋਵੇਂ ਭਰਾ ਹੁਣ ਇਸੇ ਫਿਕਰ ਵਿਚ ਰਹਿੰਦੇ ਕਿ ਕਿਵੇਂ ਦੋ ਘੁਮਾਂ ਜ਼ਮੀਨ ਸੁਰਤਾ ਸਿੰਘ ਕੋਲੋਂ ਛੁਡਵਾਈ ਜਾਵੇ। ਦੋ ਹਜ਼ਾਰ ਦੀ ਸਾਰੀ ਗੱਲ ਸੀ। ਜਿਥੇ ਉਨ੍ਹਾਂ ਨੇ ਚਾਰ ਹਜ਼ਾਰ ਲਾਹ ਦਿੱਤਾ ਸੀ, ਮਗਰੋਂ ਦੋ ਘੁਮਾਂ ਛੁਡਵਾ ਵੀ ਲਈ ਸੀ, ਹੁਣ ਉਨ੍ਹਾਂ ਨੂੰ ਦੋ ਹਜ਼ਾਰ ਦੇਣਾ ਕੀ ਬਾਹਲਾ ਸੀ। ਉਨ੍ਹਾਂ ਨੇ ਹੌਲੀ-ਹੌਲੀ ਦੋ ਹਜ਼ਾਰ ਇਕੱਠਾ ਕੀਤਾ ਅਤੇ ਸੁਰਤਾ ਸਿੰਘ ਨੂੰ ਕਿਹਾ ਕਿ ਉਹ ਆਪਣੀ ਰਕਮ ਖਰੀ ਕਰੇ ਤੇ ਜ਼ਮੀਨ ਛੱਡੇ।

ਸੁਰਤਾ ਸਿੰਘ ਪਰ ਲੱਤ ਨਹੀਂ ਸੀ ਲਾਉਂਦਾ। ਉਹਦਾ ਵਤੀਰਾ ਸੀ ਕਿ ਜੇ ਕੋਈ ਉਹਦਾ ਵਿਆਜ ਨਾ ਮੋੜਦਾ ਜਾਂ ਅਸਲ ਰਕਮ ਵਿਚੋਂ ਬਿਲਕੁਲ ਹੀ ਨਾ ਝੜਦਾ, ਤਾਂ ਉਹ ਉਸ ਨੂੰ ਠਿੱਠ ਕਰੀ ਰੱਖਦਾ, ਪਰ ਜੇ ਕੋਈ ਆਪਣਾ ਸਾਰਾ ਹਿਸਾਬ-ਕਿਤਾਬ ਉਸ ਨਾਲ ਮੁਕਦਾ ਕਰਨਾ ਚਾਹੁੰਦਾ, ਤਾਂ ਉਸ ਨੂੰ ਸੱਤੇ ਕਪੜੀਂ ਅੱਗ ਲੱਗ ਜਾਂਦੀ। ਉਸ ਨੂੰ ਆਪਣੀ ਸਾਮੀ ਹੱਥਾਂ ਵਿਚੋਂ ਨਿਕਲ ਗਈ ਲਗਦੀ।
ਗਿੰਦਰ ਨੇ ਸੁਰਤਾ ਸਿੰਘ ਨੂੰ ਬਹੁਤ ਵਾਰੀ ਕਿਹਾ ਕਿ ਉਹ ਆਪਣਾ ਦੋ ਹਜ਼ਾਰ ਖਰਾ ਦੁੱਧ ਵਰਗਾ ਲੈ ਲਵੇ ਤੇ ਜ਼ਮੀਨ ਦਾ ਕਬਜ਼ਾ ਛੱਡ ਦੇਵੇ, ਪਰ ਹਰ ਵਾਰੀ ਸੁਰਤਾ ਸਿੰਘ ਟਾਲ-ਮਟੋਲ ਕਰਦਾ।

ਕੁਝ ਦਿਨ ਪਾ ਕੇ ਸੁਰਤਾ ਸਿੰਘ ਆਪਣੀ ਬਹੀ ਕੱਢ ਲਿਆਇਆ। ਧੀਰੂ ਮੱਲ ਸੇਠ ਦੀ ਦੁਕਾਨ ਉਤੇ ਉਸ ਨੇ ਗਿੰਦਰ ਨੂੰ ਬੁਲਵਾ ਲਿਆ। ਕਹਿੰਦਾ, ‘ਗਿੰਦਰ ਸਿਆਂ, ਦੋ ਸਾਲ ਹੋ ਗੇ ਆਪਾਂ ਨੂੰ, ਨਾਮਾ ਕਰੇ ਨੂੰ। ਇਕ ਹਜ਼ਾਰ ਤੇਰੇ ਕੰਨੀਂ ਅਜੇ ਖੜੈ, ਪਹਿਲਾਂ ਇਹ ਨਿਬੇੜ ਲੈ। ਜੇ ਨਾਮਾ ਕਰਨੈ, ਨਾਮਾ ਕਰ ਲੈ।’

ਸੁਰਤਾ ਸਿੰਘ ਦੇ ਬੋਲ ਸੁਣ ਕੇ ਗਿੰਦਰ ਦੀਆਂ ਪਾਤਲੀਆਂ ਭਖਣ ਲੱਗ ਪਈਆਂ। ਇਹ ਗੱਲ ਜਿਵੇਂ ਉਸ ਨੂੰ ਸਮਝ ਨਹੀਂ ਸੀ ਆਈ। ਲਾਲਾ ਵੀ ਬਹੀ ਪੜ੍ਹ ਕੇ ਇਹੀ ਗੱਲ ਕਹਿ ਰਿਹਾ ਸੀ। ਸੁਰਤਾ ਸਿੰਘ ਇਉਂ ਬੋਲ ਰਿਹਾ ਸੀ, ਜਿਵੇਂ ਸੱਚਮੁਚ ਹੀ ਇਕ ਹਜ਼ਾਰ ਵਿਆਜੂ ਰੁਪਈਆ ਅਜੇ ਰਹਿੰਦਾ ਹੋਵੇ। ਗਿੰਦਰ ਦੇ ਮੱਥੇ ਵਿਚ ਠੱਕ-ਠੱਕ ਹੋਣ ਲੱਗ ਪਈ। ਉਸ ਨੂੰ ਕਿਸੇ ਵੀ ਗੱਲ ‘ਤੇ ਯਕੀਨ ਨਹੀਂ ਸੀ ਆ ਰਿਹਾ। ਵਿਆਜੂ ਰੁਪਈਆਂ ਦਾ ਸਾਰਾ ਹਿਸਾਬ-ਕਿਤਾਬ ਹਥਨੀ ਵਰਗੀ ਮਹਿੰ ਦੇ ਕੇ ਉਸ ਨੇ ਮੁਕਾ ਤਾਂ ਦਿੱਤਾ ਸੀ। ਇਹ ਇਕ ਹਜ਼ਾਰ ਕਿਥੋਂ ਨਿਕਲ ਆਇਆ। ਨਾਮੇ-ਪੱਤੇ ਦੀ ਸਾਰੀ ਲਿਖਤ-ਪੜ੍ਹਤ ਧੀਰੂ ਮੱਲ ਹੀ, ਸਾਰੇ ਅਗਵਾੜ ਦੀ, ਕਰ ਕੇ ਦਿੰਦਾ। ਗਿੰਦਰ ਦਾ ਮੱਥਾ ਠਣਕਿਆ ਕਿ ਇਹ ਸਾਰੀ ਠੱਗੀ ਸੁਰਤਾ ਸਿੰਘ ਨੇ ਧੀਰੂ ਮੱਲ ਨਾਲ ਰਲ ਕੇ ਕੀਤੀ ਐ। ਧੀਰੂ ਮੱਲ ਕਿਹੜਾ ਦੁੱਧ-ਧੋਤਾ ਸੀ? ਗਿੰਦਰ ਸਿਉਂਤੇ ਮੂੰਹ ਉਠ ਕੇ ਘਰ ਨੂੰ ਆ ਗਿਆ।

ਦੋ ਹਜ਼ਾਰ ਰੁਪਈਆ ਗਹਿਣੇ ਵਾਲਾ ਉਸ ਨੇ ਸਰਪੰਚ ਕੋਲ ‘ਮਾਨਤ ਰੱਖ ਦਿੱਤਾ। ਦੋ ਘੁਮਾਂ ਗਹਿਣੇ ਵਾਲੀ ਜ਼ਮੀਨ ਵਿਚ ਸੁਰਤਾ ਸਿੰਘ ਨੇ ਵਹਾ ਕੇ ਸੁਹਾਗੀ ਮਰਵਾਈ ਪਈ ਸੀ। ਜ਼ਮੀਨ ਫਸਲ ਬੀਜਣ ਦੇ ਵੱਤ ਸੀ। ਪਹਿਰ ਦੇ ਤੜਕੇ ਉਠ ਕੇ ਗਿੰਦਰ ਤੇ ਚੰਦ ਨੇ ਜਾ ਕੇ, ਉਸ ਵਿਚ ਮੋਟੇ-ਮੋਟੇ ਨੱਕ ਵਾਲੀ ਮੱਕੀ ਬੀਜ ਦਿੱਤੀ।

ਮੱਕੀ ਬੀਜ ਕੇ ਦੋਵੇਂ ਭਰਾ ਘਰ ਨੂੰ ਜਦ ਆ ਰਹੇ ਸਨ, ਤਾਂ ਉਹ ਉਚੀ ਉਚੀ ਬੋਲਦੇ ਸਨ, ਜਿਵੇਂ ਉਨ੍ਹਾਂ ਨੂੰ ਕਿਸੇ ਪਰੇਤ ਦੀ ਕਸਰ ਹੋ ਗਈ ਹੋਵੇ। ਗਿੰਦਰ ਬੋਲ ਰਿਹਾ ਸੀ, ਹੱਕ ਦੀ ਗੱਲ ‘ਤੇ ਸੀਸ ਦੇ ਦਿਆਂਗੇ। ਚੰਦ ਕੂਕ ਰਿਹਾ ਸੀ, ਤਲਾ ਮੂਲ ਪੱਟ ਦਿਆਂਗੇ ਸੁਰਤੇ ਦਾ। ਸਮਝਦਾ ਕੀਹ ਐ?

ਸਾਰੇ ਪਿੰਡ ਵਿਚ ਚਰਚਾ ਛਿੜ ਗਈ, ‘ਖੱਟੀ ਲੱਸੀ ਪੀਣ ਵਾਲਿਆਂ ਨੇ ਹੱਦ ਕਰ’ਤੀ ਬਈ।’

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.