A Literary Voyage Through Time

ਸਾਇਕਲ ਉੱਤੇ ਜਦ ਮੈਂ ਉਸ ਦੇ ਕੋਲ ਦੀ ਲੰਘਿਆ, ਉਹ ਸੜਕ ਦੇ ਵਿਚਾਲੇ ਡਿੱਗਿਆ ਪਿਆ ਸੀ। ਉਸ ਦੇ ਸਿਰ ਵਿੱਚੋਂ ਲਹੂ ਦੀਆਂ ਤਤ੍ਹੀਰੀਆਂ ਫੁੱਟ ਰਹੀਆਂ ਸਨ। ਬਿੰਦੇ-ਬਿੰਦੇ ਆਪਣੇ ਸਿਰ ਨੂੰ ਉਤਾਂਹ ਉਠਾਉਂਦਾ ਤੇ ਫਿਰ ਗਿੱਚੀ-ਪਰਨੇ ਡਿੱਗ ਪੈਂਦਾ। ਉਸ ਦੇ ਮੂੰਹ ਵਿੱਚੋਂ ਜਾਂ ਸ਼ਾਇਦ ਨਾਸਾਂ ਵਿੱਚੋਂ ਕੋਈ ਆਵਾਜ਼ ਨਿਕਲ ਰਹੀ ਸੀ। ਉਸ ਦੀਆਂ ਦੋਵੇਂ ਲੱਤਾਂ ਸਾਇਕਲ ਦੇ ਫਰੇਮ ਵਿੱਚ ਅੜੀਆਂ ਹੋਈਆਂ ਸਨ। ਸਾਇਕਲ ਨੇ ਹੀ ਸ਼ਾਇਦ ਉਸ ਨੂੰ ਸੜਕ ਵਿਚਕਾਰ ਸੁੱਟ ਲਿਆ ਹੋਵੇਗਾ। ਇੱਕ ਬਿੰਦ ਮੇਰੇ ਮਨ ਵਿੱਚ ਆਈ ਕਿ ਖਤਾਨਾਂ ਵਿੱਚ ਖੜ੍ਹੇ ਮੀਂਹ ਦੇ ਪਾਣੀ ਦਾ ਬੁੱਕ ਭਰ ਕੇ ਉਸ ਦੇ ਮੂੰਹ ਵਿੱਚ ਪਾ ਦੇਵਾਂ, ਪਰ ਦੂਜੇ ਬਿੰਦ ਹੀ ਮੇਰਾ ਕਾਲਜਾ ਕੰਬ ਗਿਆ। ਮੇਰੇ ਸਾਇਕਲ ਨੂੰ ਬਰੇਕ ਲੱਗਦੇ-ਲੱਗਦੇ ਰੁਕ ਗਏ। ਖ਼ਬਰੈ ਇਹਦੇ 'ਚ ਕੋਈ ਟਰੈਕਟਰ, ਟਰੱਕ, ਕਾਰ ਜਾਂ ਬੱਸ ਲੱਗੀ ਹੋਵੇ? ਚਲੋ ਆਪਾਂ ਕੀ ਲੈਣੈ। ਪਰ ਉਸ ਦੇ ਸਿਰ ਵਿੱਚੋਂ ਡੁੱਲ੍ਹ ਰਿਹਾ ਖੂਨ ਮੇਰੀਆਂ ਅੱਖਾਂ ਸਾਹਮਣੇ ਆ ਕੇ ਮੇਰੇ ਦਿਮਾਗ਼ ਨੂੰ ਚੜ੍ਹਨ ਲੱਗ ਪਿਆ ਸੀ। ਇਸ ਦੇ ਮੂੰਹ ਵਿੱਚ ਪਾਣੀ ਪਾਉਂਦਾ ਜੇ ਮੈਨੂੰ ਕਿਸੇ ਨੇ ਦੇਖ ਲਿਆ ਤਾਂ ਇਉਂ ਗੱਲ ਨਾ ਬਣ ਜਾਵੇ ਕਿ ਮੈਂ ਹੀ ਉਸ ਦੇ ਸਾਇਕਲ ਵਿੱਚ ਸਾਇਕਲ ਮਾਰ ਕੇ ਉਸ ਨੂੰ ਡੇਗਿਆ ਹੈ। ਮੇਰੇ ਪੈਡਲ ਰੁਕਦੇ-ਰੁਕਦੇ ਫਿਰ ਤੇਜ਼ ਚੱਲਣ ਲੱਗ ਪਏ। ‘ਚਲੋ ਆਪਾਂ ਨੂੰ ਕੀ?’ ਥੋੜ੍ਹੀ ਦੂਰ ਜਾ ਕੇ ਤਿੰਨ ਚਾਰ ਛੋਟੇ-ਛੋਟੇ ਮੁੰਡੇ ਮੈਨੂੰ ਟੱਕਰੇ। ਮੈਂ ਉਹਨਾਂ ਨੂੰ ਕਾਹਲੀ ਵਿੱਚ ਆਖਿਆ- ‘ਉਹਦੇ ਮੂੰਹ 'ਚ ਪਾਣੀ ਪਾ ਦਿਓ ਓਏ। ਬਚ ਜੂ ਵਿਚਾਰਾ।’ ਸਾਰੇ ਮੁੰਡਿਆਂ ਨੇ ਸਿਰ ਮਾਰ ਦਿੱਤਾ- ‘ਨਾ ਭਾਈ, ਸਾਡੇ ਸਿਰ ਲੱਗ ਜੂ।’ ਪਲ਼ ਦੀ ਪਲ਼ ਮੈਂ ਪਿੱਛੇ ਨੂੰ ਮੁੜ ਕੇ ਦੇਖਿਆ ਤੇ ਫਿਰ ਦੱਬ ਕੇ ਪੈਡਲ ਘੁਮਾ ਦਿੱਤੇ।

⁠ਇੱਕ ਮੀਲ ਅਜੇ ਮੈਂ ਲੰਘਿਆ ਹੋਵਾਂਗਾ ਕਿ ਹੋਰ ਬੰਦਾ ਹਫੇ ਸਾਹੀਂ ਸਾਇਕਲ ਉੱਤੇ ਚੜ੍ਹਿਆ ਮੇਰੇ ਨਾਲ ਆ ਰਲਿਆ। ਸ਼ੱਕੀ ਨਜ਼ਰਾਂ ਨਾਲ ਮੈਂ ਉਸ ਦੇ ਚਿਹਰੇ ਵੱਲ ਝਾਕਿਆ । ਉਹ ਵੀ ਮੇਰੇ ਚਿਹਰੇ ਉੱਤੇ ਸ਼ੱਕੀ ਨਜ਼ਰਾਂ ਸੁੱਟ ਰਿਹਾ ਸੀ। ਕੁਝ ਚਿਰ ਅਸੀਂ ਦੋਵੇਂ ਹੀ ਗੂੰਗੇ ਬਣੇ ਚਲਦੇ ਰਹੇ। ਫਿਰ ਮੈਂ ਉਸ ਤੋਂ ਪੁੱਛਿਆ- “ਕਿਉਂ ਬਈ, ਸੜਕ ਤੇ ਡਿੱਗਿਆ ਪਿਆ ਉਹ ਬੰਦਾ ਮਰ ਗਿਆ ਜਾਂ ਅਜੇ ਜਿਉਂਦੈ?' ਉਸ ਬੰਦੇ ਨੇ ਪਹਿਲਾਂ ਤਾਂ ਚੁੱਪ ਹੀ ਵੱਟ ਲਈ। ਪਰ ਫਿਰ ਮਲਵੀਂ ਜਿਹੀ ਜੀਭ ਨਾਲ ਦੱਸਿਆ ਕਿ ਉਹ ਬੰਦਾ ਅਜੇ ਸੁੰਧਕਦਾ ਸੀ। ਉਸਨੇ ਇਹ ਵੀ ਦੱਸਿਆ ਕਿ ਕੋਈ ਵੀ ਉਸ ਦੇ ਨੇੜੇ ਨਹੀਂ ਗਿਆ। ਦੋ ਮੀਲ ਅਸੀਂ ਹੌਲ਼ੀ-ਹੌਲ਼ੀ ਸਾਇਕਲ ਚਲਾਉਂਦੇ ਗਏ। ਓਸੇ ਦੀਆਂ ਗੱਲਾਂ ਕਰਦੇ ਰਹੇ ਤੇ ਅੰਦਾਜ਼ੇ ਲਾਉਂਦੇ ਰਹੇ ਕਿ ਉਸ ਵਿਚਾਰੇ ਨਾਲ ਇਹ ਘਟਨਾ ਆਖ਼ਰ ਵਾਪਰੀ ਕਿਵੇਂ। ਤੇਜ਼-ਤੇਜ਼ ਸਾਡੇ ਪਿੱਛੋਂ ਦੀ ਦੋ ਸਾਇਕਲ ਹੋਰ ਆ ਕੇ ਰਲ ਗਏ। ਸਾਡੀਆਂ ਗੱਲਾਂ ਚੱਲੀਆਂ ਸੁਣ ਕੇ ਉਹਨਾਂ ਨੇ ਵੀ ਝਿਜਕ ਜਿਹੀ ਨਾਲ ਗੱਲ ਤੋਰ ਲਈ।

⁠ਹੁਣ ਅਸੀਂ ਚਾਰੇ ਜਣੇ ਸਾਇਕਲਾਂ ਨੂੰ ਨੇੜੇ-ਨੇੜੇ ਕਰਕੇ ਗੱਲਾਂ ਕਰ ਰਹੇ ਸਾਂ। ਚਾਰਾਂ ਦੇ ਮਨਾਂ ਵਿੱਚ ਇੱਕ ਸਹਿਮ ਜਿਹਾ ਸੀ। ਮੈਨੂੰ ਚਰਜ ਲੱਗਿਆ ਹੋਇਆ ਸੀ ਕਿ ਆਦਮੀ ਉਹ ਪਤਾ ਨਹੀਂ ਕੌਣ ਮਰ ਗਿਐ, ਕੀਹਨੇ ਮਾਰ ਦਿੱਤੈ, ਕਿਵੇਂ ਮਾਰ ਦਿੱਤੈ, ਪਰ ਸਾਨੂੰ ਇਹ ਪਾਲ਼ਾ ਜਿਹਾ ਕਿਉਂ ਚੜ੍ਹਿਆ ਹੋਇਐ?

⁠ਪਿੰਡ ਆ ਕੇ ਆਪਣੇ ਘਰ ਮੈਂ ਰੋਟੀ ਖਾਣ ਬੈਠਾ ਤਾਂ ਮੇਰੀਆਂ ਅੱਖਾਂ ਸਾਹਮਣੇ ਉਸ ਬੰਦੇ ਦੇ ਸਿਰ ਵਿੱਚੋਂ ਵਹਿ ਰਿਹਾ ਖ਼ੂਨ ਦਿਸਣ ਲੱਗ ਪਿਆ। ਮੈਂ ਅਜੇ ਇੱਕ ਬੁਰਕੀ ਹੀ ਮੁੰਹ ਵਿੱਚ ਪਾਈ ਕਿ ਮੇਰੀ ਛੋਟੀ ਕੁੜੀ ਨੇ ਥਾਲੀ ਵਿੱਚੋਂ ਖੰਨਾ-ਰੋਟੀ ਚੁੱਕ ਕੇ ਬੁਰਕੀ ਤੋੜ ਲਈ। ਉਸਦੇ ਹੱਥ ਗਾਰੇ ਨਾਲ ਲਿਬੜੇ ਹੋਏ ਸਨ। ਲਿੱਬੜੇ ਹੱਥ ਨਾਲ ਹੀ ਉਸਨੇ ਬੁਰਕੀ ਮੇਰੀ ਦਾਲ ਵਾਲੀ ਕੌਲੀ ਵਿੱਚ ਘਸੋ ਦਿੱਤੀ। ਦਾਲ ਵਾਲੀ ਕੌਲੀ ਵਿੱਚ ਗ਼ਾਰਾ ਮਲਿਆਈ ਵਾਂਗ ਤੈਰਨ ਲੱਗ ਪਿਆ। ਇੱਕ ਦਮ ਮੈਨੂੰ ਹਰਖ਼ ਆਇਆ ਤੇ ਮੈਂ ਕੁੜੀ ਨੂੰ ਧੱਕਾ ਦੇ ਕੇ ਪਰ੍ਹੇ ਸੁੱਟ ਦਿੱਤਾ। ਕੁੜੀ ਗਿੱਚੀ-ਪਰਨੇ ਪੱਕੇ ਫ਼ਰਸ਼ ਉੱਤੇ ਡਿੱਗੀ। ਉਸਦੀ ਲੇਰ ਨਿਕਲ ਗਈ। ਰੋਟੀ ਵਿੱਚੇ ਛੱਡ ਕੇ ਮੈਂ ਭੱਜ ਕੇ ਉਸ ਨੂੰ ਚੁੱਕਿਆ ਤੇ ਹਿੱਕ ਨਾਲ ਲਾ ਲਿਆ। ਨਾਲ ਦੀ ਨਾਲ ਮੇਰੇ ਦਿਮਾਗ਼ ਵਿੱਚ ਗਿੱਚੀ ਪਰਨੇ ਡਿੱਗੇ ਪਏ ਉਸ ਬੰਦੇ ਦਾ ਖ਼ਿਆਲ ਘੁੰਮਣ-ਘੇਰੀ ਖਾ ਗਿਆ। ਕੁੜੀ ਨੂੰ ਵਰਿਆ ਕੇ, ਉਸ ਦੇ ਹੱਥ ਧੋ ਕੇ, ਉਸਨੂੰ ਆਪਣੇ ਨਾਲ ਰੋਟੀ ਖਵਾਈ। ਆਪ ਜਿਵੇਂ ਮੈਂ ਰੋਟੀ ਖਾਧੀ ਨਹੀਂ, ਨਿਗਲ ਲਈ ਸੀ। ਕਾਫ਼ੀ ਰਾਤ ਤਾਈਂ ਮੇਰੇ ਅੰਦਰ ਉੱਸਲਵੱਟੇ ਉੱਠਦੇ ਰਹੇ। ਅੱਚਵੀ ਲੱਗੀ ਰਹੀ। ਜੇ ਮੈਂ ਉਸਦੇ ਮੁੰਹ ਵਿੱਚ ਪਾਣੀ ਪਾ ਦਿੰਦਾ ਤਾਂ ਸ਼ਾਇਦ ਉਹ ਬਚ ਹੀ ਰਹਿੰਦਾ। ਮੇਰੇ ਕਿਹੜਾ ਮੱਲੋਮੱਲੀ ਕੋਈ ਰੱਸਾ ਪਾ ਲੈਂਦਾ। ਜਾਂ ਕੋਈ ਹੋਰ ਉਸਨੂੰ ਸਾਂਭ ਲੈਂਦਾ ਤਾਂ ਕੀ ਉਦਾ ਬਿਗੜ ਜਾਂਦਾ? ਮੈਂ ਆਪਣੇ ਆਪ ਉੱਤੇ ਲਾਹਣਤਾਂ ਪਾਈਆਂ। ਮੇਰੀ ਅੰਤਰ-ਆਤਮਾ ਕਿੰਨੀ ਨਿੱਘਰ ਗਈ ਸੀ। ਮੈਂ ਇੱਕ ਮਰਦੇ ਹੋਏ ਮਨੁੱਖ ਦੇ ਮੁੰਹ ਵਿੱਚ ਪਾਣੀ ਵੀ ਨਹੀਂ ਪਾ ਸਕਿਆ? ਮੇਰੇ ਨਾਲ ਪਿੱਛੋਂ ਰਲਿਆ ਬੰਦਾ ਵੀ ਨਿਘਰਿਆ ਹੋਇਆ ਸੀ। ਉਸ ਤੋਂ ਪਿੱਛੋਂ ਦੋ ਹੋਰ ਰਲੇ ਬੰਦੇ ਵੀ। ਕੋਲ ਦੇ ਪਿੰਡ ਵਾਲੇ ਬੰਦੇ, ਮੁੰਡੇ ਤੇ ਬੁੜ੍ਹੀਆਂ, ਜਿਨ੍ਹਾਂ ਨੇ ਉਹ ਬੰਦਾ ਸੜਕ ਉੱਤੇ ਕਿਸੇ ਤਰ੍ਹਾਂ ਡਿੱਗਦਾ ਦੇਖਿਆ ਸੀ, ਉਹਨਾਂ ਦੇ ਭਾਅ ਦਾ ਤਾਂ ਜਿਵੇਂ ਕੋਈ ਕੁੱਤਾ ਬਿੱਲਾ ਮਰ ਗਿਆ ਹੈ। 

⁠ ਚਾਰ-ਪੰਜ ਦਿਨਾਂ ਪਿੱਛੋਂ ਮੈਂ ਓਸੇ ਸੜਕ ਉੱਥੋਂ ਦੀ ਲੰਘਿਆ। ਉਸ ਥਾਂ ਉੱਤੇ ਸੜਕ ਲਹੂ ਨਾਲ ਅਜੇ ਵੀ ਰੰਗੀ ਪਈ ਸੀ। ਉੱਥੇ ਹੀ ਮੈਂ ਆਪਣੇ ਸਾਇਕਲ ਉੱਤੋਂ ਉੱਤਰ ਪਿਆ ਤੇ ਖੜ੍ਹਾ-ਖੜ੍ਹਾ ਸੋਚਾਂ ਵਿੱਚ ਡੁੱਬ ਗਿਆ। ਐਨੇ ਨੂੰ ਇੱਕ ਬਜ਼ੁਰਗ ਮੇਰੇ ਕੋਲ ਆ ਖੜ੍ਹਾ। ਉਹ ਮੱਕੀ ਦੀ ਰਾਖੀ ਬੈਠਾ ਸੀ ਤੇ ਚਿੜੀਆਂ ਹਕਾਰਨ ਵਾਲਾ ਗੋਪੀਆ ਬਣਾ ਰਿਹਾ ਸੀ।

⁠‘ਕੀ ਦੇਖਦੈਂ ਭਾਈ, ਅਣਿਆਈ ਮੌਤ ਮਰ ਗਿਆ ਪੂਰਬੀਆ ਵਿਚਾਰਾ।’ ਬੁੜ੍ਹੇ ਨੇ ਆਪਣੇ-ਆਪ ਮੂੰਹੋਂ ਗੱਲ ਕੱਢੀ।

⁠‘ਪੂਰਬੀਆ?’

⁠‘ਹਾਂ, ਪੂਰਬੀਆ, ਬੜੇ ਚਿਰ ਤੋਂ ਐਥੇ ਰਹਿੰਦਾ ਸੀ।’ ਬੁੜ੍ਹੇ ਨੇ ਸਭ ਕੁਝ ਉਸ ਬਾਰੇ ਦੱਸਣਾ ਸ਼ੁਰੂ ਕੀਤਾ- ‘ਭੱਠੇ ’ਤੇ ਪਥੇਰ ਦਾ ਕੰਮ ਕਰਦਾ ਸੀ। ਐਸੇ ਪਿੰਡ ਇੱਕ ਨਿੱਕੇ ਜਿਹੇ ਕੱਚੇ ਘਰ ’ਚ ਰਹਿੰਦਾ ਸੀ। ਘਰ ਵਾਲੀ ਤੇ ਚਾਰ ਬਲੂੰਗੜੇ ਜਵਾਕ ਨੇ ਉਹਦੇ। ਛੋਟੀ ਜੀ ਟੱਬਰੀ ਐ। ਚੰਗੀ ਰੋਟੀ ਹੁਣ ਤਾਂ ਉਹ ਖਾਣ ਲੱਗ ਪਿਆ ਸੀ।’

⁠‘ਬਾਬਾ, ਫਿਰ ਉਹ ਐਥੇ ਮਰ ਕਿਵੇਂ ਗਿਆ?’ ਮੈਂ ਇਕਦਮ ਪੁੱਛਿਆ।

⁠ਬੁੜ੍ਹਾ ਸੜਕ ਨਾਲ ਪਈ ਰੋੜੀ ਦੀ ਠੇਕੀ ਉੱਤੇ ਪੈਰਾਂ ਭਾਰ ਬੈਠ ਗਿਆ। ਗੋਡਿਆਂ ਉੱਤੇ ਕੂਹਣੀਆਂ ਰੱਖ ਕੇ ਹੱਥ ਦੇ ਇਸ਼ਾਰਿਆਂ ਨਾਲ ਉਹ ਸਮਝਾ ਰਿਹਾ ਸੀ। ਅਧਬਣਿਆ ਗੋਪੀਆ ਉਸਨੇ ਰੋੜੀ ਉੱਤੇ ਰੱਖ ਦਿੱਤਾ ਸੀ। ਬੁੜ੍ਹੇ ਨੇ ਦੱਸਿਆ- ‘ਪੂਰਬੀਆ ਇੱਕ ਟੁੱਟੇ ਜ੍ਹੇ ਸੈਂਕਲ ’ਤੇ ਇੱਕ ਖੁੱਸੜ ਜਿਹੀ ਬੋਰੀ ਵਿੱਚ ਐਧਰੋਂ-ਕਿਧਰੋਂ ਗੁਆਰੇ ਦਾ ਕੁਤਰਾ ਲਈ ਔਂਦਾ ਸੀ। ਐਧਰੋਂ ਸ਼ਹਿਰ ਕੰਨੀਓਂ ਇੱਕ ਟਰੱਕ ਔਂਦਾ ਸੀ। ਬਾਹਲਾ ਈ ਕਾਹਲਾ-ਸਿਰਮੁੱਧ, ਅੱਗ ਲੱਗੀ ਹੁੰਦੀ ਐ ਸਾਲ਼ਿਆਂ ਨੂੰ ਜਿਵੇਂ। ਟਰੱਕ ਆਲੇ ਨੇ ਭੋਰਾ ਨੀ ਪਰ੍ਹੇ ਵੱਟਿਆ। ਪੂਰਬੀਆ ਫੇਟ ਲੱਗ ਕੇ ਡਿੱਗ ਪਿਆ ਤੇ ਸਿਰ ਉੱਤੋਂ ਦੀ ਟਰੱਕ ਦਾ ਪਿਛਲਾ ਪਹੀਆ ਲੰਘ ਗਿਆ। ਢਾਕ ਉੱਤੇ ਹੱਥ ਧਰੀਂ ਬੁੜ੍ਹੇ ਦੇ ਕੋਲ ਖੜ੍ਹਾ ਮੈਂ ਉਸਦੀ ਸਾਰੀ ਗੱਲ ਸੁਣ ਰਿਹਾ ਸਾਂ। ਉਹ ਬੋਲਦਾ ਰਿਹਾ- ‘ਟਰੱਕ ਆਲਿਆਂ ਨੇ ਥੋੜ੍ਹਾ ਜਿਹਾ ਗਹਾਂ ਹੋ ਕੇ ਟਰੱਕ ਖੜ੍ਹਾਅ ਵੀ ਲਿਆ ਸੀ। ਇੱਕ ਬਿੰਦ ਥੱਲੇ ਉੱਤਰ ਕੇ ਡਰੈਵਰ ਨੇ ਪੂਰਬੀਏ ਕੰਨੀਂ ਦੇਖਿਆ ਤੇ ਫਿਰ ਪਤਾ ਨਹੀਂ ਉਹਦੇ ਦਿਲ ’ਚ ਕੀ ਆਈ, ਦਬਾ ਸੱਟ ਟਰੱਕ ਲੈ ਕੇ ਭੱਜ ਗਿਆ। ਜਮਾਂ ਦਰਦ ਨੀ ਮੰਨਿਆ, ਪੱਟੇ ਵਿਆਂ ਨੇ।’ ਬੁੜ੍ਹੇ ਦੀਆਂ ਗੱਲਾਂ ਸੁਣ ਕੇ ਮੈਂ ਹਉਕਾ ਭਰਿਆ। ਮੈਂ ਸੋਚਿਆ, ਪੂਰਬੀਏ ਦੇ ਟੱਬਰ ਦਾ ਹੁਣ ਕੀ ਬਣੇਗਾ? ਟਰੱਕ ਵਾਲੇ ਤਾਂ ਫੜੇ ਗਏ ਹੋਣਗੇ ਜਾਂ ਫੜੇ ਜਾਣਗੇ। ਪੂਰਬੀਏ ਦੀ ਹਸਪਤਾਲ ਵਾਲਿਆਂ ਨੇ ਚੀਰ ਫਾੜ ਕਰ ਦਿੱਤੀ ਹੋਵੇਗੀ।ਟਰੱਕ ਡਰਾਈਵਰ ਨੂੰ ਕੈਦ ਹੋ ਜਾਏਗੀ ਜਾਂ ਸ਼ਾਇਦ ਬਰੀ ਹੀ ਹੋ ਜਾਏ। ਪਰ ਪੁਰਬੀਏ ਦੇ ਟੱਬਰ ਦਾ ਕੀ ਬਣੇਗਾ?

⁠‘ਪੂਰਬੀਏ ਦੀ ਲੋਥ ਦਾ ਕੀ ਬਣਿਆ ਫੇਰ, ਬਾਬਾ?’ ਮੈਂ ਪੁੱਛਿਆ। 

⁠‘ਬਣਨਾ ਕੀ ਸੀ, ਤੜਕੇ ਨੂੰ ਚੱਕ ਕੇ ਫੂਕ ’ਤੀ।’ ਬੁੜ੍ਹੇ ਨੇ ਜਵਾਬ ਦਿੱਤਾ। 

⁠‘ਕੀਹਨੇ? ਮੈਂ ਪੁੱਛਿਆ।

⁠‘ਜੀਤੇ ਨੰਬਰਦਾਰ ਨੇ, ਹੋਰ ਕੀਹਨੇ। ਸ਼ਹਿਰ ਦੇ ਵੱਡੇ ਸੇਠ ਮੁਕੰਦੀ ਲਾਲ ਦਾ ਟਰੱਕ ਸੀ ਓਹੋ।’ ਬੁੜ੍ਹੇ ਨੇ ਦੱਸਿਆ।

⁠‘ਮੁਕੰਦੀ ਲਾਲ ਕਿਹੜਾ?’ ਮੈਂ ਸਵਾਲ ਕੀਤਾ।

⁠‘ਮੁਕੰਦੀ ਲਾਲ ਨਹੀਂ ਜਾਣਦਾ? ਜਿਹੜਾ ਤੇਲ ਦਾ ਵਪਾਰੀ ਐ ਵੱਡਾ।’ ਬੁੜ੍ਹੇ ਨੇ ਦੱਸਿਆ ਤੇ ਫਿਰ ਸੰਵਾਰ ਕੇ ਗੱਲ ਖੋਲ੍ਹੀ ਕਿ ਜਿਸ ਦਿਨ ਉਹ ਟਰੱਕ ਥੱਲੇ ਆ ਗਿਆ, ਉਸੇ ਰਾਤ ਹੀ ਮੁਕੰਦੀ ਲਾਲ ਦੇ ਦੋ ਬੰਦੇ ਆਏ। ਉਹਨਾਂ ਨੇ ਪਿੰਡ ਦੇ ਜੀਤੇ ਨੰਬਰਦਾਰ ਨੂੰ ਗੱਠਿਆ। ਦੋ ਸੌ ਰੁਪਈਆ ਉਹਦੀ ਜੇਬ ਵਿੱਚ ਪਾ ਦਿੱਤਾ। ਜੀਤੇ ਨੇ ਉਹਨਾਂ ਤੋਂ ਪੰਜ ਸੌ ਰੁਪਈਆ ਲੈ ਕੇ ਉਸ ਦੀ ਦੁਹੱਥੜੀਂ ਪਿੱਟਦੀ ਤੇ ਸਿਰ ਦੇ ਵਾਲ਼ ਖੋਹੰਦੀ ਘਰ ਵਾਲੀ ਨੂੰ ਮੱਲੋਮੱਲੀ ਦੇ ਦਿੱਤਾ ਤੇ ਉਸ ਦਿਲਜਮੀ ਦਿੱਤੀ- ‘ਮਰਨ ਆਲਾ ਤਾਂ ਮਰ ਗਿਆ, ਹੁਣ ਇਹਦੀ ਮਿੱਟੀ ਨੂੰ ਸਾਂਭੀਏ। ਪਰਮਾਤਮਾ ਦੀ ਕਰੋਪੀ ਸਮਝ ਬੱਚਿਆਂ ਆਲੀਏ। ਤੇਰੇ ਬੱਚਿਆਂ ਦਾ ਵਾਲ਼ ਵਿੰਗਾ ਨਹੀਂ ਹੋਣ ਦਿੰਦੇ। ਤੇਰੇ ਖਾਣ-ਪੀਣ ਦਾ ਹੀਲਾ ਸਭ ਪਿੰਡ ਕਰੂ। ਭਾਵੇਂ ਸੌ ਸਾਲ ਤੂੰ ਬੈਠੀ ਰਹਿ।’ ਤੇ ਫਿਰ ਬੁੜ੍ਹੇ ਨੇ ਦੱਸਿਆ ਕਿ ਦਿਨ ਚੜ੍ਹਦੇ ਨਾਲ ਜੀਤੇ ਨੰਬਰਦਾਰ ਨੇ ਲੋਥ ਸਿਵਿਆਂ ਵਿੱਚ ਲਿਜਾ ਕੇ ਫੁਕਵਾ ਦਿੱਤੀ।

⁠‘ਪੁਲਸ ਵਾਲਿਆਂ ਨੇ ਕੀ ਕੁਸ ਕੀਤਾ?’ ਮੈਂ ਪੁੱਛਿਆ-

⁠‘ਪੁਲਸ ਆਲਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ। ਜੇ ਪਤਾ ਲੱਗ ਵੀ ਗਿਆ ਹੋਊ ਤਾਂ ਉਹਨਾਂ ਨੂੰ ਮੁਕੰਦੀ ਲਾਲ ਨੇ ਚੁੱਪ ਕਰਾ ’ਤਾ ਹੋਊ।’ ਤੇ ਫਿਰ ਉਸਨੇ ਦੱਸਿਆ ਕਿ ਪਿੰਡ ਵਿੱਚ ਚਬਾ-ਚਬੀ ਬੜੀ ਹੋ ਰਹੀ ਹੈ, ਓਸੇ ਰਾਤ ਟਰੱਕ ਵਾਲਿਆਂ ਨੇ ਦੂਜੇ ਸ਼ਹਿਰ ਇੰਜਣ ਖੁਲ੍ਹਵਾ ਦਿੱਤਾ ਸੀ ਅਤੇ ਗੱਲ ਇਹ ਬਣਾ ਲਈ ਸੀ ਕਿ ਟਰੱਕ ਤਾਂ ਉਸ ਵਰਕਸ਼ਾਪ ਵਿੱਚ ਚਾਰ ਦਿਨ ਤੋਂ ਸੰਵਰ ਰਿਹਾ ਹੈ। ਬੁੜ੍ਹੇ ਦੇ ਰੂੜ੍ਹੇ ਤਪਲੇ ਵਿੱਚੋਂ ਪਾਣੀ ਪੀ ਕੇ ਮੈਂ ਸਾਇਕਲ ’ਤੇ ਚੜ੍ਹ ਗਿਆ ਤੇ ਫਿਰ ਕਈ ਦਿਨਾਂ ਤੱਕ ਮੇਰੇ ਦਿਮਾਗ਼ ਵਿੱਚ ਉਸ ਪੂਰਬੀਏ ਦੀ ਮੌਤ ਘੁੰਮਦੀ ਰਹੀ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.