10.4 C
Los Angeles
Sunday, March 9, 2025

ਲੋਹੇ ਦਾ ਗੇਟ

ਤੇ ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ। ਮੈਂ ਸੁਖ ਦਾ ਸਾਹ ਲਿਆ। ਚੱਲ, ਅੱਜ ਤਾਂ ਲੱਗ ਹੀ ਜਾਏਗਾ। ਨਹੀਂ ਤਾਂ ਪਹਿਲਾਂ 15 ਦਿਨ ਤੋਂ ਦਰਵਾਜ਼ਾ ਖੁੱਲ੍ਹਾ ਪਿਆ ਸੀ, ਚਾਹੇ ਦੋਵੇਂ ਥਮ੍ਹਲਿਆਂ ਵਿਚਾਲੇ ਆਦਮੀ ਦੇ ਮੋਢੇ ਤੱਕ ਦੀਵਾਰ ਬਣਾ ਦਿਤੀ ਗਈ ਸੀ। ਕੋਈ ਡੰਗਰ-ਪਸੂ. ਅੰਦਰ ਨਹੀਂ ਸੀ ਵੜਦਾ। ਫੇਰ ਵੀ ਰਾਤ ਨੂੰ ਕੁੱਤੇ ਕੰਧ ਟੱਪ ਕੇ ਆ ਜਾਂਦੇ ਤੇ ਵਿਹੜੇ ਦੇ ਜੂਠੇ ਭਾਂਡੇ ਸੁੰਘਦੇ ਫਿਰਦੇ। ਬਹੁਤਾ ਡਰ ਚੋਰ ਦਾ ਰਹਿੰਦਾ। ਏਸ ਕਰਕੇ ਮੈਨੂੰ ਵਿਹੜੇ ਵਿਚ ਸੌਣਾ ਪੈਂਦਾ। ਗਰਮੀ ਦਾ ਮਹੀਨਾ, ਬੇਸ਼ੁਮਾਰ ਮੱਛਰ। ਗੇਟ ਬੰਦ ਹੋਵੇ ਤਾਂ ਅੰਦਰ ਬਿਜਲੀ ਦੇ ਪੱਖੇ ਹੇਠ ਮੌਜ ਨਾਲ ਸੁੱਤਾ ਜਾ ਸਕਦਾ ਸੀ। ਕਮਰਿਆਂ ਵਿਚ ਤਾਂ ਕੂਲਰ ਵੀ ਸੀ। ਹਰ ਰੋਜ਼ ਖਿਝ ਚੜ੍ਹਦੀ-ਇਹ ਪਾਪੀ ਤਖਾਣ ਗੇਟ ਬਣਾ ਕੇ ਦਿੰਦਾ ਕਿਉਂ ਨਹੀਂ? ਜਦੋਂ ਵੀ ਜਾਈਦੈ, ਨਵਾਂ ਲਾਰਾ ਲਾ ਦਿੰਦੈ। ਗੇਟ ਦਾ ਫਰੇਮ ਬਣਾ ਕੇ ਰੱਖ ਛੱਡਿਐ। ਕਹੇਗਾ, “ਬੱਸ ਕੱਲ੍ਹ ਨੂੰ ਥੋਡਾ ਜਿੰਦਾਕੁੰਡਾ ਲਗਦਾ ਕਰ ਦਿਆਂਗੇ।” ਏਸੇ ਤਰ੍ਹਾਂ ਕਈ ਕਲ੍ਹਾਂ ਲੰਘ ਚੁੱਕੀਆਂ ਸਨ। ਹੋਰ ਕੋਈ ਬਹਾਨਾ ਨਾ ਹੁੰਦਾ ਤਾਂ ਉਹਨੇ ਪੁਛਣ ਲੱਗ ਪੈਣਾ, “ਗੇਟ ਦਾ ਡਜੈਨ ਕਿਹੋ ਜਿਹਾ ਰਖੀਏ?” ਮੈਨੂੰ ਅੱਗ ਲਗ ਜਾਂਦੀ। “ਬਾਬਿਓ, ਡਿਜ਼ਾਇਨ ਤਾਂ ਪਹਿਲੇ ਦਿਨ ਹੀ ਥੋਡੀ ਕਾਪੀ ਵਿਚ ਲਿਖਵਾ ਦਿਤਾ ਸੀ। ਹੁਣ ਇਹ ਪੁੱਛਣ ਦਾ ਕੀ ਮਤਲਬ? ਇਹ ਤਾਂ ਉਹ ਗੱਲ ਐ, ਕਿਸੇ ਦਰਜੀ ਕੋਲ ਤੁਸੀਂ ਇਕਰਾਰ ਵਾਲੇ ਦਿਨ ਆਪਣੀ ਕਮੀਜ਼ ਲੈਣ ਜਾਓ ਤੇ ਉਹ ਅੱਗੋਂ ਪੁੱਛਣ ਲੱਗ ਪਵੇ-ਕਾਲਰ ਕਿਹੋ ਜੇ ਬਣਾਉਣੇ ਨੇ? ਬਟਨ ਕਿੰਨੇ ਲਾਈਏ? ਜੇਬਾਂ ਦੋ ਜਾਂ ਇਕ?” ਅਸਲ ਵਿਚ ਗੱਲ ਇਹ ਸੀ ਕਿ ਉਹ ਆਲੇ ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਗਾਹਕਾਂ ਦਾ ਕੰਮ ਕਰ ਕੇ ਦੇਈ ਜਾ ਰਹੇ ਸਨ ਤੇ ਮੈਂ ਲੋਕਲ ਸਾਂ। ਮੈਂ ਕਿਧਰ ਜਾਣਾ ਸੀ! ਮੇਰਾ ਤਾਂ ਉਹ ਕਦੋਂ ਵੀ ਕਰ ਕੇ ਦੇ ਦਿੰਦੇ। ਮੇਰੀ ਉਨ੍ਹਾਂ ਨਾਲ ਕੁਝ ਜਾਣ ਪਛਾਣ ਵੀ ਸੀ। ਹੋਰ ਕੋਈ ਹੁੰਦਾ ਤਾਂ ਆਖ ਦਿੰਦਾ, “ਨਹੀਂ ਬਣਾ ਕੇ ਦੇਣਾ ਗੇਟ, ਨਾ ਬਣਾਓ। ਮੈਂ ਹੋਰ ਕਿਧਰੇ ਸਾਈ ਫੜਾ ਦਿੰਨਾਂ।” ਪਰ ਉਨ੍ਹਾਂ ਅੱਗੇ ਅੱਖਾਂ ਦੀ ਸ਼ਰਮ ਮਾਰਦੀ। ਤੇ ਫਿਰ ਫਰੇਮ ਬਣਾ ਕੇ ਸਾਹਮਣੇ ਰਖਿਆ ਪਿਆ ਸੀ।
ਬੁੱਢਾ ਬਾਬਾ ਕੁਰਸੀ ਡਾਹ ਕੇ ਸਾਹਮਣੇ ਬੈਠਾ ਰਹਿੰਦਾ। ਕੰਮ ਚਾਰ ਹੋਰ ਬੰਦੇ ਕਰਦੇ। ਇਨ੍ਹਾਂ ਵਿਚੋਂ ਇਕ ਅੱਧਖੜ ਉਮਰ ਦਾ ਸੀ, ਤਿੰਨ ਨੌਜਵਾਨ। ਉਹ ਮਾਹਵਾਰ ਤਨਖਾਹ ਲੈਂਦੇ। ਬਾਬੇ ਦਾ ਮੁੰਡਾ ਵੀ ਸੀ। ਉਹ ਉਤਲੇ ਕੰਮ ਉਤੇ ਸਕੂਟਰ ਲੈ ਕੇ ਘੁੰਮਦਾ ਫਿਰਦਾ ਰਹਿੰਦਾ। ਵਰਕਸ਼ਾਪ ਵਿਚ ਲੋਹੇ ਦੇ ਗੇਟ ਤੇ ਖਿੜਕੀਆਂ ਦੀਆਂ ਗਰਿਲਾਂ ਬਣਦੀਆਂ। ਮੁੰਡਾ ਗਾਹਕਾਂ ਦੇ ਘਰੀਂ ਜਾ ਕੇ ਗੇਟਾਂ ਤੇ ਖਿੜਕੀਆਂ ਦੇ ਨਾਪ ਲੈਂਦਾ। ਜਾਂ ਫੇਰ ਬਾਜ਼ਾਰ ‘ਚੋਂ ਲੋਹਾ ਖਰੀਦ ਕੇ ਲਿਆਉਂਦਾ। ਕਦੇ ਕਦੇ ਵੱਡੇ ਸ਼ਹਿਰੀਂ ਵੀ ਜਾਂਦਾ। ਨੌਜਵਾਨ ਮਿਸਤਰੀਆਂ ਵਿਚੋਂ ਚਰਨੀ ਸਭ ਤੋਂ ਛੋਟਾ ਸੀ। ਸਾਰੇ ਉਹਨੂੰ ਮਖੌਲ ਕਰਦੇ। ਬਾਬਾ ਤਾਂ ਝਿੜਕ ਵੀ ਦਿੰਦਾ। ਪਰ ਚਰਨੀ ਹਸਦਾ ਰਹਿੰਦਾ। ਉਹ ਕਿਸੇ ਦੀ ਗੱਲ ਦਾ ਗੁੱਸਾ ਨਾ ਕਰਦਾ। ਬੁੱਢਾ ਬਾਬਾ ਬਹੁਤਾ ਤਾਂ ਉਹਦੇ ‘ਤੇ ਉਦੋਂ ਖਿਝਦਾ ਜਦੋਂ ਉਹ ਗੱਲੀਂ ਲੱਗ ਕੇ ਹੱਥਲਾ ਕੰਮ ਛੱਡ ਬੈਠਦਾ। ਕੋਈ ਗਾਹਕ ਗੇਟ ਬਣਵਾਉਣ ਲਈ ਪੁੱਛਣ ਆਉਂਦਾ ਤਾਂ ਬਾਬਾ ਸਵਾਲ ਕਰਦਾ, “ਕਿੰਨਾ ਚੌੜਾ, ਕਿੰਨਾ ਉਚਾ? ਜਾਂ ਪੁੱਛਦਾ, “ਐਥੇ ਈ ਐ ਮਕਾਨ ਜਾਂ ਕੋਈ ਹੋਰ ਪਿੰਡ ਐ?”
ਚਰਨੀ ਮੂੰਹ ਚੁੱਕ ਕੇ ਗਾਹਕ ਵੱਲ ਝਾਕਣ ਲਗਦਾ ਤੇ ਸਵਾਲ ਕਰ ਬੈਠਦਾ, “ਕਿੰਨੇ ਕਮਰੇ ਨੇ ਮਕਾਨ ਦੇ?” ਬਾਬਾ ਟੁੱਟ ਕੇ ਪੈ ਜਾਂਦਾ, “ਉਏ ਤੈਂ ਕਮਰਿਆਂ ਤੋਂ ਛਿੱਕੂ ਲੈਣੈ? ਸਾਨੂੰ ਤਾਂ ਗੇਟ ਤਾਈਂ ਮਤਲਬ ਐ। ਕਮਰਿਆਂ ਵਿਚ ਜਾ ਕੇ ਕੀ ਕਰਨੈਂ ਤੂੰ?” ਜਾਂ ਕੋਈ ਆਉਂਦਾ ਤੇ ਮਕਾਨ ਦੱਸ ਕੇ ਖਿੜਕੀਆਂ ਦੀ ਗੱਲ ਕਰਦਾ ਤਾਂ ਚਰਨੀ ਪੁੱਛਦਾ, “ਕਿੰਨੇ ਹਜ਼ਾਰ ਖਰਚ ਆ ਗਿਆ ਮਕਾਨ ‘ਤੇ?” “ਤੂੰ ਆਵਦਾ ਕੰਮ ਕਰ ਓਏ,” ਬਾਬਾ ਖਿਝਦਾ। ਦੂਜੇ ਮਿਸਤਰੀ ਗੁੱਝਾ ਗੁੱਝਾ ਹਸਦੇ। ਬਾਬੇ ਉਤੇ ਵੀ ਅਤੇ ਚਰਨੀ ਉਤੇ ਵੀ। ਕਦੇ ਅੱਧਖੜ ਮਿਸਤਰੀ ਕੁੰਢਾ ਸਿੰਘ ਨੇ ਚਰਨੀ ਨੂੰ ਕੋਈ ਕੰਮ ਸਮਝਾਉਣਾ ਹੁੰਦਾ ਤਾਂ ਉਹਨੂੰ ਜੰਡੂ ਸਾਹਬ ਕਹਿ ਕੇ ਬੁਲਾਉਂਦਾ। ਕਦੇ ਆਖਦਾ, “ਮਿਸਤਰੀ ਗੁਰਚਰਨ ਸਿੰਘ ਜੀ।” ਕਦੇ ਉਹ ਖਿਝਿਆ ਹੁੰਦਾ ਲੋਹੇ ਦਾ ਗੇਟ ਤਾਂ ਬੋਲ ਬੈਠਦਾ, “ਪੱਤੀ ਘੁੱਟ ਕੇ ਫੜ ਓਏ, ਜੁੰਡਲਾ। ਮਾਰੂੰ ਸਾਲੇ ਦੇ ਚਾਂਟਾ।”
ਗੇਟ 8 ਫੁੱਟ ਚੌੜਾ ਸੀ, 7 ਫੁੱਟ ਉਚਾ। 5 ਫੁੱਟ ਚੌੜਾ ਸੱਜਾ ਪੱਲਾ ਤੇ 3 ਫੁੱਟ ਦਾ ਖੱਬਾ ਪੱਲਾ। 5 ਫੁੱਟ ਵਾਲੇ ਪੱਲੇ ਉਤੇ ਮੈਂ ਕਹਿ ਕੇ ਲੋਹੇ ਦੀ ਪਲੇਟ ਵੱਖਰੀ ਲਵਾਈ ਤਾਂ ਜੋ ਇਸ ਉਤੇ ਆਪਣਾ ਨਾਂ ਲਿਖਵਾਇਆ ਜਾ ਸਕੇ। ਇਹ ਵੱਡਾ ਪੱਲਾ ਆਮ ਤੌਰ ‘ਤੇ ਬੰਦ ਹੀ ਰਹਿਣਾ ਸੀ। ਦਰਵਾਜ਼ੇ ‘ਤੇ ਨੇਮ ਪਲੇਟ ਤਾਂ ਜ਼ਰੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਨਵੇਂ ਬੰਦੇ ਨੂੰ ਸ਼ਹਿਰ ਵਿਚ ਮਕਾਨ ਲੱਭਣਾ ਬਹੁਤ ਔਖਾ ਹੋ ਜਾਂਦੈ। ਨੇਮ ਪਲੇਟ ਦੋ ਪੇਚਾਂ ਨਾਲ ਪੱਲੇ ਉਤੇ ਕਸੀ ਹੋਈ ਸੀ। ਪੇਚ ਕੱਢ ਕੇ ਇਕੱਲੀ ਪਲੇਟ ਮੈਂ ਪੇਂਟਰ ਕੋਲ ਲੈ ਜਾਣੀ ਸੀ ਤੇ ਉਸ ‘ਤੇ ਆਪਣਾ ਨਾਂ ਲਿਖਾ ਕੇ ਪੇਚ ਓਵੇਂ ਫੇਰ ਕਸ ਦੇਣੇ ਸਨ। ਗੇਟ ਫਿੱਟ ਕਰਨ ਦੋ ਮਿਸਤਰੀ ਆਏ। ਕੁੰਢਾ ਸਿੰਘ ਤੇ ਉਹ ਚਰਨੀ। ਅੱਧਾ ਘੰਟਾ ਉਹ ਪੱਲਿਆਂ ਨੂੰ ਉਤੇ ਥੱਲੇ ਤੇ ਏਧਰ ਉਧਰ ਕਰਦੇ ਰਹੇ। ਜਦੋਂ ਐਨ ਸਭ ਟਿਚਨ ਹੋ ਗਿਆ ਤਾਂ ਮੇਰੇ ਘਰਵਾਲੀ ਦੁਕਾਨ ਉਤੇ ਲੱਡੂ ਲੈਣ ਚਲੀ ਗਈ। ਮਕਾਨ ਦੀ ਛੱਬ ਤਾਂ ਗੇਟ ਲੱਗੇ ਤੋਂ ਹੀ ਬਣੀ ਸੀ। ਉਹ ਸੀ ਵੀ ਬਹੁਤ ਭਾਰੀ ਤੇ ਦੇਖਣ ਨੂੰ ਪੂਰਾ ਸੋਹਣਾ। ਗੇਟ ਨੇ ਤਾਂ ਮਕਾਨ ਨੂੰ ਕੋਠੀ ਬਣਾ ਦਿੱਤਾ ਸੀ। ਖੁਸ਼ੀ ਸੀ, ਲੱਡੂ ਤਾਂ ਜ਼ਰੂਰੀ ਸਨ। ਲਡੂਆਂ ਦੀ ਉਡੀਕ ਵਿਚ ਅਸੀਂ ਤਿੰਨੇ ਦੋ ਮੰਜੇ ਡਾਹ ਕੇ ਵਿਹੜੇ ਵਿਚ ਬੈਠ ਗਏ। ਸਾਡੇ ਜੁਆਕ ਏਧਰ ਉਧਰ ਨੱਚਦੇ, ਟੱਪਦੇ ਫਿਰਦੇ ਸਨ। ਉਹ ਸਕੂਲੋਂ ਆਏ ਸਨ ਤੇ ਗੇਟ ਦੀ ਖੁਸ਼ੀ ਵਿਚ ਬਸਤੇ ਵਿਹੜੇ ਵਿਚ ਹੀ ਵਗਾਹ ਮਾਰੇ ਸਨ। ਕੁੰਢਾ ਸਿੰਘ ਚਰਨੀ ਨੂੰ ਨਿੱਕੇ ਨਿੱਕੇ ਮਖੌਲ ਕਰ ਰਿਹਾ ਸੀ। ਉਹਦੇ ਮਖੌਲਾਂ ਵਿਚ ਕਿਸੇ ਗੁੱਝੇ ਗੁੱਝੇ ਮੋਹ ਦਾ ਅੰਸ਼ ਹੀ ਹੁੰਦਾ।
ਚਰਨੀ ਇਧਰ ਉਧਰ ਕਮਰਿਆਂ ਵੱਲ ਝਾਕਦਾ ਅਤੇ ਅੱਖਾਂ ਅੱਖਾਂ ਵਿਚ ਹੀ ਕੋਈ ਨਿਰਖ ਪਰਖ ਜਿਹੀ ਕਰੀ ਜਾ ਰਿਹਾ ਸੀ। ਉਹਦਾ ਧਿਆਨ ਕੁੰਢਾ ਸਿੰਘ ਵੱਲ ਨਹੀਂ ਸੀ। ਫੇਰ ਉਹਨੇ ਮੈਨੂੰ ਪੁੱਛ ਹੀ ਲਿਆ, “ਕਦੋਂ ਬਣਾਇਆ ਸੀ ਇਹ ਮਕਾਨ?”
“ਮਕਾਨ ਬਣੇ ਨੂੰ ਤਾਂ ਦਸ ਸਾਲ ਹੋ’ਗੇ, ਗੁਰਚਰਨ ਸਿਆਂ, ਗੇਟ ਬੱਸ ਤੇਰੇ ਹੱਥੋਂ ਲੱਗਣਾ ਸੀ, ” ਜਿਵੇਂ ਮੈਂ ਵੀ ਉਹਨੂੰ ਮਿੱਠੀ ਮਸ਼ਕਰੀ ਕਰ ਦਿੱਤੀ ਹੋਵੇ।
“ਕਮਰੇ ਤਿੰਨ ਨੇ?” ਉਹਨੇ ਇਧਰ ਉਧਰ ਗਰਦਨ ਘੁਮਾਈ।
“ਹਾਂ, ਤਿੰਨ ਕਮਰੇ। ਨਾਲ ਵਰਾਂਡਾ, ਬਾਥ ਰੂਮ ਸਟੋਰ, ਰਸੋਈ ਤੇ ਸਕੂਟਰ ਸ਼ੈਡ ਵੀ।”
“ਮਕਾਨ ਐਨਾ ਕੁ ਤਾਂ ਚਾਹੀਦਾ ਈ ਐ, ” ਚਰਨੀ ਬੋਲਿਆ।
ਕੁੰਢਾ ਸਿੰਘ ਫੇਰ ਮੁਸਕਰਾਇਆ, ਮੁੱਛਾਂ ਵਿਚ ਹੀ। ਕਹਿੰਦਾ, “ਅਸਲ ਵਿਚ ਜੀ, ਜੰਡੂ ਸਾਹਬ ਨੇ ਆਪ ਬਣਾਉਣੈ ਹੁਣ ਇਕ ਮਕਾਨ।” ਉਹਦੀ ਗੱਲ ਤੇ ਚਰਨੀ ਦੀਆਂ ਅੱਖਾਂ ਦੇ ਚਿਰਾਗ ਲਟ ਲਟ ਬਲ ਉਠੇ। ਉਹਦੇ ਚਿਹਰੇ ਉਤੇ ਇਕ ਤਿੱਖੀ ਉਮੰਗ ਤੇ ਭਰਪੂਰ ਹਸਰਤ ਸੀ।
“ਕਿਉਂ, ਪਹਿਲਾਂ ਨ੍ਹੀ ਕੋਈ ਮਕਾਨ?” ਮੈਂ ਹੈਰਾਨੀ ਨਾਲ ਪੁੱਛਿਆ।
“ਪਹਿਲਾਂ ਕਿੱਥੇ ਜੀ, ਉਥੇ ਈ ਬੈਠਾ ਐ ਵਿਚਾਰਾ ਇਹ ਤਾਂ, ਖੋਲੇ ਵਿਚ।”
“ਕਿਉਂ, ਇਹ ਕੀ ਗੱਲ?”
ਚਰਨੀ ਨੇ ਆਪ ਦੱਸਣਾ ਸੁਰੂ ਕੀਤਾ, ਸਾਡਾ ਘਰ ਕਦੇ ਏਥੇ ਸਭ ਤੋਂ ਉਤੇ ਹੁੰਦਾ ਸੀ, ਹੁਣ ਥੱਲੇ ਲੱਗੇ ਪਏ ਆਂ, ਸਾਰਿਆਂ ਦੇ। ਮੈਂ ਕੱਲਾ ਈ ਆਂ। ਇਕ ਮੇਰੀ ਮਾਂ ਐ। ਸਾਡੇ ਕਾਰਖਾਨੇ ਅਸੀਂ ਵੀ ਏਸੇ ਤਰ੍ਹਾਂ ਮਿਸਤਰੀ ਰੱਖੇ ਹੁੰਦੇ ਸੀ।”
ਉਹਦੀ ਗੱਲ ਵਿਚਕਾਰ ਹੀ ਟੋਕ ਕੇ ਕੁੰਢਾ ਸਿੰਘ ਕਹਿੰਦਾ, “ਇਹਦਾ ਬਾਪ, ਭਾਈ ਸਾਅਬ, ਸਿਰੇ ਦਾ ਮਿਸਤਰੀ ਸੀ। ਉਹ ਲੋਹੇ ਦੇ ਹਲ ਬਣਾਉਂਦਾ ਹੁੰਦਾ। ਉਨ੍ਹਾਂ ਦਿਨਾਂ ਵਿਚ ਲੋਹੇ ਦਾ ਹਲ ਨਵਾਂ ਨਵਾਂ ਈ ਚੱਲਿਆ ਸੀ। ਟਰੈਕਟਰ ਤਾਂ ਕਿਸੇ ਕਿਸੇ ਘਰ ਹੀ ਹੁੰਦਾ। ਹੁਣ ਆਲੀ ਗੱਲ ਨ੍ਹੀਂ ਸੀ। ਲੱਕੜ ਦਾ ਹੱਲ, ਪਰ ਚਉ ਦੀ ਥਾਂ ਲੋਹੇ ਦਾ ਸਾਰਾ ਢਾਂਚਾ ਫਿੱਟ ਕਰ ਦਿਤਾ, ਇਹਦੇ ਬਾਪ ਵੱਲ ਟੁੱਟ ਕੇ ਪੈ ਗੇ ਪਿੰਡਾਂ ਦੇ ਪਿੰਡ। ਬੱਸ ਇਹ ਦੇਖ ਲੋ ਇਕ ਦਿਨ ਵਿਚ ਵੀਹ ਹਲ ਵੀ ਵਿਕ ਜਾਂਦੇ, ਤੀਹ ਵੀ। ਕਿਸੇ ਕਿਸੇ ਦਿਨ ਤਾਂ ਪੰਜਾਹ ਪੰਜਾਹ ਹਲ ਮੈਂ ਆਪ ਦੇਖੇ ਨੇ ਵਿਕਦੇ, ਆਪਣੇ ਅੱਖੀਂ। ਮੈਂ ਮਿਸਤਰੀ ਰਿਹਾਂ, ਇਨ੍ਹਾਂ ਦੇ ਕਾਰਖਾਨੇ। ਬਹੁਤ ਕਮਾਈ ਕੀਤੀ ਇਹਦੇ ਬਾਪ ਨੇ। ਪਰ ਜੀ ਸਭ ਖੇਹ ਖਰਾਬ ਗਈ।”
“ਕਿਉਂ, ਉਹ ਕਿਵੇਂ?”
“ਉਹਨੂੰ, ਜੀ, ਸ਼ਰਾਬ ਪੀਣ ਦੀ ਆਦਤ ਪੈ ਗੀ ਸੀ।” ਕੁੰਢਾ ਸਿੰਘ ਨੇ ਹੀ ਦੱਸਿਆ।
“ਅੱਛਾ?”
“ਸ਼ਰਾਬ ਵੀ ਢੰਗ ਸਿਰ ਹੁੰਦੀ ਐ, ਭਾਈ ਸਾਅਬ। ਪਰ ਉਹ ਤਾਂ ਤੜਕੇ ਈ ਲੱਗ ਜਾਂਦਾ। ਦਿਨੇ ਵੀ, ਆਥਣੇ ਵੀ। ਕੰਮ ਕੰਨੀ ਧਿਆਨ ਹਟ ਗਿਆ। ਫੇਰ ਮਾਲ ਓਨਾ ਤਿਆਰ ਨਾ ਹੋਇਆ ਕਰੇ। ਹੋਰ ਮਿਸਤਰੀਆਂ ਨੇ ਕਰ’ਤਾ ਸ਼ੁਰੂ ਇਹੀ ਕੰਮ।”
“ਫੇਰ?”
“ਫੇਰ ਜੀ, ਸਮਾਂ ਈ ਬਦਲ ਗਿਆ।
ਟਰੈਕਟਰ ਵਧਣ ਲੱਗ ਪੇ। ਲੋਹੇ ਦੇ ਹਲਾਂ ਦੀ ਪੁੱਛ ਥੋੜ੍ਹੀ ਹੋ ਗੀ। ਤੇ ਇਹਦੇ ਬਾਪ ਦਾ ਕਾਰਖਾਨ ਸਮਝੋ ਬੰਦ ਈ ਹੋ ਗਿਆ। ਪਰ ਉਹਦੀ ਸ਼ਰਾਬ ਓਵੇਂ ਦੀ ਓਵੇਂ। ਮਰ ਗੇ ਬੰਦੇ ਦੀ ਬਦਖੋਈ ਨ੍ਹੀਂ ਕਰਨੀ ਚਾਹੀਦੀ, ਪਰ ਉਹਨੇ, ਭਾਈ ਸਾਅਬ, ਘਰ ਦਾ ਕੱਖ ਨ੍ਹੀਂ ਛੱਡਿਆ। ਗੱਲ ਮੁਕਾਓ, ਸੰਦ ਵੀ ਵੇਚ’ਤੇ। ਚਰਨੀ ਦੀ ਮਾਂ ਚਰਨੀ ਨੂੰ ਲੈ ਕੇ ਪੇਕੀਂ ਜਾ ਬੈਠੀ। ਚਾਰ ਪੰਜ ਸਾਲ ਦਾ ਸੀ ਇਹ ਮਸਾਂ।”
ਚਰਨੀ ਸਾਡੇ ਮੁੰਡੇ ਦੇ ਬਸਤੇ ਵਿਚੋਂ ਇਕ ਸਲੇਟੀ ਲੈ ਕੇ ਵਿਹੜੇ ਦੇ ਫਰਸ਼ ਉਤੇ ਹਲ ਦੀ ਤਸਵੀਰ ਬਣਾ ਰਿਹਾ ਸੀ। ਐਨੈ ਨੂੰ ਘਰਵਾਲੀ ਲੱਡੂਆਂ ਦਾ ਲਫਾਫਾ ਲੈ ਕੇ ਆ ਖੜ੍ਹੀ। ਸਾਡੀਆਂ ਗੱਲਾਂ ਉਥੇ ਹੀ ਰਹਿ ਗਈਆਂ। ਸਾਨੂੰ ਦੋ ਦੋ ਲੱਡੂ ਦੇ ਕੇ ਉਹਨੇ ਇਕ ਇਕ ਲੱਡੂ ਘਰ ਦੇ ਜਵਾਕਾਂ ਨੂੰ ਦਿੱਤਾ ਤੇ ਫੇਰ ਗੁਆਂਢ ਦੇ ਘਰਾਂ ਵਿਚ ਲੱਡੂ ਵੰਡਣ ਚਲੀ ਗਈ।
ਮਿਸਤਰੀਆਂ ਨੇ ਆਪਣੇ ਸੰਦ ਚੁੱਕੇ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਏ।
ਕੁਝ ਦੇਰ ਮੈਂ ਵਿਹੜੇ ਵਿਚ ਬੈਠਾ ਰਿਹਾ।
ਫਿਰ ਬਾਹਰ ਗਲੀ ਵਿਚ ਖੜ੍ਹਾ, ਇਹ ਦੇਖਣ ਲਈ ਕਿ ਬਾਹਰੋਂ ਲੋਹੇ ਦਾ ਗੇਟ ਕਿਹੋ ਜਿਹਾ ਲਗਦਾ ਹੈ। ਮੈਂ ਦੇਖਿਆ, ਗੇਟ ਦੀ ਨੇਮ ਪਲੇਟ ਉਤੇ ਸਲੇਟੀ ਨਾਲ ਲਿਖਿਆ ਹੋਇਆ ਸੀ- 
ਗੁਰਚਰਨ ਸਿੰਘ ਜੰਡੂ

ਕੋਈ ਨਹੀਂ ਆਵੇਗਾ

ਉਹਦਾ ਜੀਅ ਕੀਤਾ, ਉਹ ਦੂਜੀ ਵਾਰ ਚਾਹ ਬਣਾ ਕੇ ਪੀਵੇ। ਪਰ ਸੋਚਿਆ, ਪਹਿਲਾਂ ਨਹਾ ਲਵਾਂ। ਐਤਵਾਰ ਦਾ ਦਿਨ ਹੈ। ਤੜਕੇ ਨਹਾ ਲਿਆ ਜਾਵੇ ਤਾਂ ਠੀਕ, ਨਹੀਂ ਤਾਂ ਫਿਰ ਸਾਰਾ ਦਿਨ ਨਿੱਕਲ ਜਾਂਦਾ ਹੈ, ਨਹਾਉਣ ਦਾ ਮੂਡ ਹੀ ਨਹੀਂ ਬਣਦਾ। ਉਹਨੇ ਤੌਲੀਆ ਚੁੱਕਿਆ ਤੇ ਗ਼ੁਸਲਖ਼ਾਨੇ ਵੱਲ ਤੁਰ ਪਿਆ ਸੀ। ਉਹਦਾ ਮੁੰਡਾ ਰਾਹੁਲ ਅਜੇ ਤੱਕ ਵੀ ਖੇਸ ਲਈ ਸੁੱਤਾ ਪਿਆ ਸੀ। ਸੀਲਿੰਗ-ਫ਼ੈਨ ਤੇਜ਼ੀ ਨਾਲ ਚੱਲ ਰਿਹਾ ਸੀ। ਅਜੀਬ ਆਦਤ ਸੀ, ਰਾਹੁਲ ਦੀ। ਪੱਖਾ ਚੱਲ ਰਿਹਾ ਹੋਵੇ ਤਾਂ ਸਾਰਾ ਦਿਨ ਨਹੀਂ ਉੱਠੇਗਾ।...

Sour Milk

Standing in front of the entrance, I called out. The dappled dog sitting in a hollow which it had dug for itself under the margosa, barked. The courtyard wall was shoulder high. Patches of plaster had peeled off at many places. At the plinth the bricks were bare. The wall, it appeared, had caved in and developed a hump. In the gate there was a window made of rough unhewn planks. Pushing my arm in through the window, I undid...

ਸੁਗੰਧਾਂ ਜਿਹੇ ਲੋਕ

ਉਹ ਮੈਨੂੰ ਸਿਰਫ਼ ਤਿੰਨ ਵਾਰ ਮਿਲਿਆ ਸੀ।⁠ਪਹਿਲੀ ਵਾਰ ਮਿਲਿਆ ਤਾਂ ਇੱਕ ਭੈਅ ਵਾਂਗ ਲੰਘ ਗਿਆ। ਉਹਨਾਂ ਦਿਨਾਂ ਵਿੱਚ ਮੈਂ ਜੇਠੂਕੇ ਪਿੰਡ ਵਿੱਚ ਸਕੂਲ ਮਾਸਟਰ ਸੀ। ਸਿਆਲਾਂ ਦੇ ਦਿਨ ਸਨ। ਸਕੂਲ ਦਸ ਵਜੇ ਸਵੇਰੇ ਲੱਗਦਾ ਤੇ ਛੁੱਟੀ ਸ਼ਾਮ ਨੂੰ ਚਾਰ ਵਜੇ ਹੁੰਦੀ। ਜੇਠੂਕੇ ਪਿੰਡ ਸਾਡੇ ਧੌਲੇ ਤੋਂ ਦਸ ਮੀਲ ਸੀ। ਧੌਲੇ ਤੋਂ ਘੁੰਨਸਾਂ ਦੇ ਬੱਸ ਅੱਡੇ ਤੱਕ ਟਿੱਬਿਆਂ ਦਾ ਰਾਹ ਸੀ। ਸਾਈਕਲ ਨਹੀਂ ਚੱਲ ਸਕਦਾ ਸੀ। ਸੋ ਮੈਂ ਪਿੰਡੋਂ ਘੁੰਨਸਾਂ ਦੇ ਬੱਸ ਅੱਡੇ ਤੱਕ ਪੈਰੀਂ ਤੁਰ ਕੇ ਜਾਂਦਾ। ਉੱਥੋਂ ਬੱਸ...