ਕੈਲੇ ਦੀ ਬਹੂ
ਗੱਜਣ, ਚੰਨਣ ਤੇ ਕੈਲਾ ਤਿੰਨ ਭਰਾ ਸਨ। ਮਾਂ ਦੀ ਉਮਰ ਅੱਸੀਆਂ ਦੇ ਨੇੜੇ ਹੋਣੀ ਹੈ। ਗੱਜਣ ਹੋਰੀਂ ਭੈਣ-ਭਾਈ ਤਾਂ ਅੱਠ ਨੌਂ ਸਨ, ਪਰ ਕੋਈ ਕਿਵੇਂ ਤੇ ਕੋਈ ਕਿਵੇਂ, ਬਾਕੀ ਹੁਣ ਉਹੀ ਸਨ ਤਿੰਨੇ। ਗੱਜਣ ਬੁਢਾਪੇ ਵਿੱਚ ਪੈਰ ਧਰ ਰਿਹਾ ਸੀ। ਚੰਨਣ ਚਾਲੀ ਤੋਂ ਉੱਤੇ ਤੇ ਕੈਲਾ ਪੈਂਤੀਆਂ ਤੋਂ ਉੱਤੇ ਸੀ। ਮਾਂ ਉਹਨਾਂ ਦੀ ਕਹਿੰਦੀ ਹੁੰਦੀ ਕਿ ਕੈਲਾ ਤਾਂ ਉਹਦੀ ਪਿਛਲੇ ਪਹਿਰੇ ਦੀ ਔਲਾਦ ਹੈ। ਪੇਟ ਘਰੋੜੀ ਦਾ।
ਪਿਓ ਉਹਨਾਂ ਦਾ ਅਮਲੀ ਸੀ, ਪੂਰੇ ਤੌਰ ਦਾ। ਪੰਜ ਤੋਲਿਆਂ ਦੀ ਭਰੀ ਡੱਬੀ ਨੂੰ ਅੱਠਵਾਂ ਦਿਨ ਨਹੀਂ ਸੀ ਖੁੰਝਣ ਦਿੰਦਾ। ਫ਼ੀਮ ਖਾਣ ਦਾ ਉਹਦਾ ਕੋਈ ਬੰਧੇਜ ਨਹੀਂ ਸੀ। ਹਾਨੀਸਾਰ-ਉਹਨਾਂ ਦੀ ਮਾਂ ਜਿੱਦਣ ਇਕੱਠੀ ਫ਼ੀਮ ਲਿਆਉਂਦੀ, ਇੱਕੋ ਜਿੰਨੇ ਭਾਰ ਦੇ ਮਾਵੇ ਕਰ ਕੇ ਰੱਖ ਲੈਂਦੀ, ਜਿਵੇਂ ਉਹਦੇ ਹੱਥ ਹਾੜੇ ਹੋਏ ਸਨ। ਇੱਕ ਮਾਵਾ ਤੜਕੇ, ਇੱਕ ਆਥਣੇ ਡਾਲੀ-ਬੰਨ੍ਹਵਾਂ ਉਹਨੂੰ ਦਿੰਦੀ ਰਹਿੰਦੀ।
ਪਿਓ ਫ਼ੀਮ ਖਾਂਦਾ ਸੀ ਤੇ ਗੱਜਣ ਨੇ ਸ਼ਰਾਬ ਮੂੰਹੋਂ ਮੁਸਲੀ ਅੰਨ੍ਹੀਂ ਕਰ ਰੱਖੀ ਸੀ। ਗੱਜਣ ਸ਼ਰਾਬ ਵਿੱਚ ਅੰਨ੍ਹਾ, ਸੋਤੇ, ਜਦ ਘਰ ਮੁੜ ਕੇ ਵਿਹੜਕੀਵਾਰ ਵੜਦਾ ਲਲਕਾਰ ਕੇ ਕਹਿੰਦਾ- "ਚੱਕ ਦੂੰ ਤੇਲ 'ਚੋਂ ਕੌਡੀ!" ਤਾਂ ਮਾਂ ਮੱਥੇ 'ਤੇ ਹੱਥ ਮਾਰ ਕੇ ਥਾਏਂ ਬੈਠ ਜਾਂਦੀ। ਬਾਹਰ ਖੇਤ ਵਿੱਚ ਜਾ ਕੇ ਪਿਓ ਪੁੱਤਾਂ ਨੇ ਕਦੇ ਫ਼ਲੀ ਨਹੀਂ ਸੀ ਭੰਨੀ। ਖੇਤੀ ਖਸਮਾਂ ਸੇਤੀ। ਹਿੱਸੇ ਠੇਕੇ ਵਾਲੇ ਤਾਂ ਕੱਖ ਵੀ ਪੱਲੇ ਨਹੀਂ ਪਾਉਂਦੇ। ਗਹਿਣੇ ਧਰ ਕੇ ਆਏ ਸਾਲ ਉਹ ਨਵਾਂ ਕਿਆਰ ਚੱਬ ਦਿੰਦੇ। ਪੂਰੀ ਸੱਠ ਘੁਮਾਂ ਜ਼ਮੀਨ ਸੀ। ਜਦ ਪਿਓ ਮਰਿਆ, ਵੀਹ ਘੁਮਾਂ ਹੀ ਬਾਕੀ ਰਹਿ ਗਈ। ਮਾਂ ਨੇ ਸੁੱਖ ਦਾ ਸਾਹ ਲਿਆ। ਪਤੀ ਕਾਹਦਾ ਸੀ, ਘਰ ਨੂੰ ਘੀਸ ਲੱਗੀ ਹੋਈ ਸੀ। ਚੰਗਾ ਹੋਇਆ ਮੁੱਕ ਗਿਆ।
ਗੱਜਣ ਦੇ ਪਿਓ ਨੂੰ ਸਾਰਾ ਪਵੇਹਾ ਜਾਣਦਾ ਸੀ। ਗੱਜਣ ਨੂੰ ਸਾਕ ਵਾਲੇ ਆਉਂਦੇ ਤੇ ਮੁੜ ਜਾਂਦੇ ਤੇ ਫਿਰ ਚੰਨਣ ਦੀ ਗੱਲ ਸ਼ਰੀਕੇ ਵਾਲਿਆਂ ਨੇ ਸਿਰੇ ਨਾ ਚੜ੍ਹਨ ਦਿੱਤੀ। ਘਰ ਵਿੱਚ ਭੁੱਖ ਵੱਸੀ ਹੋਈ ਸੀ। ਦਾਣੇ ਉਹ ਤੌੜਿਆਂ ਵਿੱਚ ਪਾ ਕੇ ਰੱਖਦੇ ਸਨ। ਪਟੜੀ ਫੇਰ ਉਹਨਾਂ ਦੇ ਅਮਲੀ ਘਰ ਦੀ ਬੂ ਮੱਚੀ ਹੋਈ ਸੀ।
ਚੰਨਣ ਨੇ ਇੱਕ ਦਿਨ ਮਾਂ ਨਾਲ ਸਲਾਹ ਕੀਤੀ-
"ਗੱਜਣ ਦੀ ਗੱਲ ਤਾਂ ਸੌ ਕੋਹੀਂ ਦੂਰ ਗਈ। ਮੇਰੀ ਵੀ ਛੱਡ। ਕੈਲੇ ਨੂੰ ਜੇ ਆਪਾਂ ਵਿਆਹ ਲੀਏ ਤਾਂ ਜਾਂਦੀ ਵਾਰ ਦਾ ਮਾਂ ਤੂੰ ਤਾਂ ਸੁਖ ਭੋਗ ਲੇਂ।"
ਦੋ ਵੱਡੇ ਅਜੇ ਮਲੰਗ ਬੈਠੇ ਸਨ। ਕੈਲੇ ਨੂੰ ਪੁੰਨ ਦਾ ਸਾਕ ਕਿੱਥੇ? "ਹੁਣ ਤਾਂ ਪੈਸਿਆਂ ਦਾ ਈ ਸਿਰੇ ਚੜੂ?" ਚੰਨਣ ਨੇ ਮਾਂ ਦੀ ਰਾਏ ਪੁੱਛੀ।
"ਆਦਮੀ ਦਾ ਬੱਚਾ ਤਾਂ ਭਾਈ ਲੱਖੀਂ ਤੇ ਕਰੋੜੀਂ ਮਸਾਂ ਜੁੜਦੈ। ਪੈਸਿਆਂ ਦੇ ਸਾਕ ਨੂੰ ਕੋਈ ਮਿਹਣਾ ਤਾਂ ਨ੍ਹੀਂ।" ਬੁੜ੍ਹੀ ਦੀ ਜ਼ਿੰਦਗੀ ਵਿੱਚ ਬਸ ਇੱਕ ਨੂੰਹ ਦੀ ਪਹੁੰਚ ਬਾਕੀ ਸੀ।
ਚੰਨਣ ਨੇ ਕਈ ਮੂੰਹ ਮੁਲ੍ਹਾਜ਼ਿਆਂ ਕੋਲ ਘਿਣਾਂ ਪਾਈਆਂ। ਜੇ ਕਿਤੋਂ ਪੈਸਿਆਂ ਦਾ ਸਾਕ ਹੋ ਜਾਵੇ। ਪੁੰਨ ਦੇ ਸਾਕ ਨੂੰ ਤਾਂ ਕੋਈ ਮੂੰਹ ਨਹੀਂ ਸੀ ਕਰਦਾ ਏਧਰ। ਮਹਿਲਾਂ ਵਾਲੇ ਸਿਰੀਏ ਨੰਬਰਦਾਰ ਦੇ ਇੱਕ ਦਿਨ ਉਸ ਨੇ ਪੈਰੀਂ ਪੱਗ ਵੀ ਰੱਖ ਦਿੱਤੀ, ਪਰ ਉਹ ਵੀ ਪੰਜ ਰੁਪਈਏ ਭਾੜੇ ਦੇ ਲੈ ਕੇ ਮੁੜ ਕੇ ਨਾ ਬਹੁੜਿਆ। ਕੈਲੇ ਦੇ ਵਿਆਹ ਖ਼ਾਤਰ ਚੰਨਣ ਚਾਰ ਪੰਜ ਸਾਲ ਛਿੱਤਰ ਤੋੜਦਾ ਰਿਹਾ।
ਆਖ਼ਰ ਸੁਲੱਖਣੀ ਘੜੀ ਆਈ। ਭੇਡਾਂ ਵਾਲੇ ਘੀਚਰ ਨੇ ਜੇਠੂਕਿਆਂ ਤੋਂ ਦੋ ਹਜ਼ਾਰ ਦਾ ਸਾਕ ਲਿਆ ਦਿੱਤਾ। ਸੱਤ ਸੌ ਮੰਗਣੇ ਤੋਂ ਪਹਿਲਾਂ ਦਿੱਤਾ ਗਿਆ। ਤੇਰਾਂ ਸੌ ਵਿਆਹ ਤੋਂ ਦਸ ਦਿਨ ਪਹਿਲਾਂ ਦੇਣਾ ਕੀਤਾ ਗਿਆ।
ਅੱਜ ਵਿਆਹ ਵਿੱਚ ਪੂਰੇ ਦਸ ਦਿਨ ਬਾਕੀ ਸਨ। ਤੇਰਾਂ ਸੌ ਰੁਪਈਆਂ ਦੀ ਤਾਂ ਗੱਲ ਛੱਡੋ, ਤੇਰਾਂ ਸੌ ਠੀਕਰੀਆਂ ਇਕੱਠੀਆਂ ਕਰਨੀਆਂ ਔਖੀਆਂ ਸਨ।
ਜ਼ਮੀਨ ਵੀ ਗਹਿਣੇ ਕਿਸੇ ਨੇ ਨਾ ਲਈ। ਦੋ ਦਿਨਾਂ ਤੋਂ ਵਿਚੋਲਾ ਘਰ ਵਿੱਚ ਮੂਸਲ ਵਾਂਗ ਗੱਡਿਆ ਬੈਠਾ ਸੀ। ਅੱਜ ਜੇ ਤੇਰਾਂ ਸੌ ਨਾ ਦਿੱਤਾ ਗਿਆ ਤਾਂ ਪਹਿਲਾ ਸੱਤ ਸੌ ਵੀ ਖੂਹ ਵਿੱਚ ਜਾਵੇਗਾ।
ਸੇਠ ਧੌਂਕਲ ਮੱਲ ਦਾ ਧੌਲੇ ਸਾਰੇ ਵਿੱਚ ਹੀ ਵਿਆਜੂ ਨਾਮਾ ਚੱਲਦਾ ਸੀ। ਨੱਬੇ ਦੇ ਕੇ ਉਹ ਸੌ ਉੱਤੇ ਅੰਗੂਠਾ ਲਵਾ ਲੈਂਦਾ। ਜੱਟ ਦਾ ਮੂੰਹ ਟੱਡਿਆ ਰਹਿ ਜਾਂਦਾ।
ਜੱਕਾਂ ਤੱਕਾਂ ਕਰਕੇ ਚੰਨਣ ਦੁਪਹਿਰੇ ਹੀ ਧੌਂਕਲ ਦੀ ਦੁਕਾਨ 'ਤੇ ਗਿਆ। ਇੱਕ ਦੋ ਵਾਰੀ ਸਿਰ ਮਾਰ ਕੇ ਧੌਂਕਲ ਮੰਨ ਗਿਆ- "ਜੀਹਦੇ ਨਾਲ ਬੁੱਕਲ ਫੁੱਟੀ ਹੋਵੇ, ਉਹਨੂੰ ਜਵਾਬ ਨ੍ਹੀਂ ਦਿੱਤਾ ਜਾਂਦਾ।" ਤੇ ਫਿਰ ਹੌਲ਼ੀ ਦੇ ਕੇ ਚੰਨਣ ਨੂੰ ਸੁਣਾਇਆ- "ਦਸ ਵਧਾਰਾ, ਤੇਰਾਂ ਸੌ ਦੇ ਕੇ ਚੌਦਾਂ ਸੌ ਦਾ ਲੇਖਾ, ਤੀਹ ਤੈਨੂੰ ਛੱਡੇ। ਦਿਨ ਦੇ ਛਿਪਾਅ ਨਾਲ ਆ ਜੀਂ। ਦੋ ਗਵਾਹ ਲਿਆਈਂ, ਜਾਹ!"
ਆਥਣ ਨੂੰ ਚਾਹਾਂ ਵੇਲੇ ਚੰਨਣ ਘਰ ਆਇਆ। ਗੱਜਣ ਤੇ ਮਾਂ ਸਿਰ ਜੋੜੀਂ ਗੱਲਾਂ ਕਰ ਰਹੇ ਸਨ। ਆਉਣ ਸਾਰ ਚੰਨਣ ਨੇ ਧੌਂਕਲ ਤੋਂ ਵਿਆਜੂ ਰੁਪਈਏ ਲੈਣ ਦੀ ਗੱਲ ਤੋਰ ਦਿੱਤੀ। ਮਾਂ ਦੀਆਂ ਅੱਖਾਂ ਵਿੱਚ ਚਾਨਣ ਨੱਚ ਉੱਠਿਆ। ਗੱਜਣ ਕੰਨ ਵਲ੍ਹੇਟ ਕੇ ਘਰੋਂ ਬਾਹਰ ਹੋ ਗਿਆ।
ਮਾਂ ਨਾਲ ਪੂਰੀ ਗੱਲ ਕਰ ਕੇ ਚੰਨਣ ਆਟੇ ਵਾਲੀ ਮਸ਼ੀਨ ’ਤੇ ਗਿਆ, ਹਥਾਈ ਵਿੱਚ ਦੇਖਿਆ, ਪਰ ਗੱਜਣ ਕਿਤੇ ਵੀ ਬੈਠਾ ਉਹਨੂੰ ਦਿਸਿਆ ਨਾ। ਭਾਰਥੀ ਦਾ ਡੇਰਾ ਉਹਦੀ ਪੱਕੀ ਠੋਹੀ ਸੀ। ਚੰਨਣ ਵੀ ਉੱਥੇ ਹੀ ਜਾ ਵੜਿਆ। ਨਿੰਮ ਦੀ ਢੂਹ ਲਾ ਕੇ ਗੱਜਣ ਮੁਟਕੜੀ ਮਾਰੀ ਬੈਠਾ ਸੀ। ਅਸੀਂ ਕਦੋਂ ਦੇ ਤੈਨੂੰ ਉੱਥੇ ਬੈਠੇ ਉਡੀਕੀਂ ਜਾਨੇ ਆਂ।" ਹੌਲ਼ੀ ਜਿਹਾ ਖੰਘ ਕੇ ਚੰਨਣ ਨੇ ਕਿਹਾ।
"ਕਿੱਥੇ?" ਜਿਵੇਂ ਗੱਜਣ ਨੂੰ ਪਤਾ ਨਾ ਹੋਵੇ। "ਧੌਂਕਲ ਦੀ ਹੱਟ 'ਤੇ।" ਚੰਨਣ ਨੇ ਨਿਸ਼ੰਗ ਹੋ ਕੇ ਬੋਲ ਕੱਢਿਆ।
"ਜਦੋਂ ਮੈਂ ਇੱਕ ਵਾਰੀ ਕਹਿ ਤਾ ਬਈ ਮੇਰੀ ਉਮਰ ਨ੍ਹੀਂ। ਮੈਂ ਦੱਸ ਕੀ ਇਹਦੇ 'ਚੋਂ ਖੱਟੀ ਖਾਣੀ ਐਂ?" ਗੱਜਣ ਦਾ ਚਿੱਟਾ ਜਵਾਬ ਸੀ।
"ਪਰ ਭਾਈ ਨਾਲੋਂ ਦੱਸ ਉੱਤੋਂ ਦੀ ਕਿਹੜੀ ਚੀਜ਼ ਐ?" ਚੰਨਣ ਨੇ ਨਰਮੀ ਧਾਰ ਲਈ।
"ਮੈਂ ਤਾਂ ਤੈਨੂੰ ਸਿਰੇ ਦੀ ਸੁਣਾ ’ਤੀ, ਬਈ ਤੁਸੀਂ ਦੋਵੇਂ ਜਿਵੇਂ ਮਰਜ਼ੀ ਕਰੋ। ਮੇਰਾ ਇਹਦੇ 'ਚ ਕੋਈ ਲਾਗਾ ਦੇਗਾ ਨ੍ਹੀਂ।" ਗੱਜਣ ਨੇ ਕੋਰੀ ਗੱਲ ਕਰ ਦਿੱਤੀ।
"ਗੱਜਣਾ, ਤੈਨੂੰ ਕੁਸ ਸੋਚਣੀ ਚਾਹੀਦੀ ਐ। ਮਾਂ ਦੇਖ ਆਪਣੀ ਦੇ ਹੁਣ ਹੱਥ ਕੰਬਦੇ ਤੇ ਸਿਰ ਹਿੱਲਦੈ। ਜੇ ਕੈਲੇ ਨੂੰ ਟੱਬਰ ਜੁੜ ਜੇ ਆਪਣਾ ਦੋਹਾਂ ਦਾ ਟੁੱਕ ਪੱਕਦਾ ਹੋ ਜੇ। ਏਵੇਂ ਜਿਵੇਂ ਕਿੰਨਾ ਕੁ ਚਿਰ ਕੱਟੀ ਜਾਵਾਂਗੇ?" ਚੰਨਣ ਜਿਵੇਂ ਉਹਨੂੰ ਮੱਤ ਦੇ ਰਿਹਾ ਸੀ।
"ਇਹ ਗੱਲਾਂ ਮੁੰਡਿਆਂ ਖੁੰਡਿਆਂ ਨੂੰ ਸੋਭਦੀਆਂ ਨੇ। ਮੈਂ ਤਾਂ ਸੱਠਾਂ ਦੇ ਨੇੜੇ ਪਹੁੰਚਿਆ ਹੋਇਆਂ। ਧੌਂਕਲ ਬਾਣੀਏ ਦਾ ਤੇਰ੍ਹਾਂ ਸੌ ਜੇ ਨਾ ਮੁੜਿਆ ਤਾਂ ਮੇਰੇ ਗਲ 'ਚ ਸਾਫਾ ਵਾਧੂ ਦਾ ਪੈਂਦਾ ਫਿਰੂ। ਤੁਸੀਂ ਆਪਣੀ ਬਣੀ ਨਬੇੜੋ। ਮੇਰੀ ਤਾਂ ਹੁਣ ਉਮਰ ਨ੍ਹੀਂ ਰਹੀ।" ਗੱਜਣ ਨੇ ਉਹ ਗੱਲ ਫਿਰ ਦੁਹਰਾ ਦਿੱਤੀ।
"ਮੈਂ ਕਿਹੜਾ ਬਾਈ ਸਾਲ ਦਾਂ। ਮੈਂ ਕਹਿਨਾ ਬਈ ਜੇ ਛੋਟਾ ਭਾਈ ਵਿਆਹਿਆ ਜਾਵੇ, ਵਿੱਚੇ ਆਪਣਾ ਟੁੱਕ ਪੱਕਦਾ ਹੋ ਜੇ। ਬੁੜ੍ਹੀ ਜੇ ਘਰ ਨਾ ਹੋਵੇ, ਹੁਣ ਤਾਂ ਗੁਆਂਢਣ ਵੀ ਕੋਈ ਅੱਗ ਲੈਣ ਨ੍ਹੀਂ ਔਂਦੀ।" ਚੰਨਣ ਨੇ ਤਰਲਾ ਕੀਤਾ।
ਗੱਜਣ ਨੀਵੀਂ ਪਾਈ ਡੱਕੇ ਨਾਲ ਲਕੀਰਾਂ ਕੱਢੀ ਗਿਆ। ਚੰਨਣ ਉਹਦੇ ਕੋਲ ਖੜੋਤਾ ਸੋਟੀ ਦੀ ਹੁੱਜ ਨਾਲ ਧਰਤੀ 'ਤੇ ਬਲਦ-ਮੂਤਣੇ ਬਣਾ ਰਿਹਾ ਸੀ। ਥੋੜ੍ਹਾ ਚਿਰ ਸੁਸਤਾ ਕੇ ਉਹ ਫਿਰ ਬੋਲਿਆ-
"ਕੈਲੇ ਦੀ ਬਹੂ ਜਦ ਬਾਹਰ ਕੰਨੀ ਜਾਇਆ ਕਰੂ ਤੇ ਫੁੱਲ ਸਤਾਰਿਆਂ ਵਾਲਾ ਘੱਗਰੇ ਦਾ ਨਾਲ਼ਾ ਜਦ ਉਹਦਾ ਗਿੱਟਿਆਂ ਤਾਈਂ ਲਮਕਦਾ ਹੋਇਆ ਤਾਂ ਦੇਖ ਕੇ ਗੱਜਣਾ ਤੇਰਾ ਕਾਲਜਾ ਨ੍ਹੀਂ ਮੱਚੂ?"
"ਫਿਰ ਤਾਂ ਸਾਲ਼ਿਓ ਦੋਹਾਂ ਨੇ ਸੋਥਾ ਕਰ ਲੈਣੈ। ਮੈਨੂੰ ਬੁੜ੍ਹੇ ਖੁੰਢ ਨੂੰ ਕੀਹਨੇ ਲਵੇ ਲੱਗਣ ਦੇਣੈ।" ਗੱਜਣ ਜਿਵੇਂ ਪੱਕੀ ਕਰਦਾ ਸੀ।
"ਤੂੰ ਵੱਡਾ ਭਾਈ ਐਂ, ਪੰਜ ਕਰੀਂ, ਚਾਹੇ ਪੰਜਾਹ ਕਰੀਂ।" ਚੰਨਣ ਨੇ ਬਾਹੋਂ ਫੜ ਕੇ ਗੱਜਣ ਨੂੰ ਖੜ੍ਹਾ ਕਰ ਲਿਆ।