A Literary Voyage Through Time

ਉਸ ਦਿਨ ਟਰੇਨ ਬਹੁਤ ਲੇਟ ਸੀ। ਉਹ ਬੱਸ ਸਟੈਂਡ 'ਤੇ ਗਿਆ, ਉਹਦੇ ਪਿੰਡ ਨੂੰ ਜਾਣ ਵਾਲੀ ਆਖ਼ਰੀ ਬੱਸ ਨਿੱਕਲ ਚੁੱਕੀ ਸੀ। ਮਨ ਹੀ ਮਨ ਉਸ ਰੇਲਵੇ ਵਾਲਿਆਂ ਨੂੰ ਗਾਲ੍ਹਾਂ ਕੱਢੀਆਂ। ਗੱਡੀ ਦਾ ਨਾਂ ਰੱਖ ਦਿੰਦੇ ਨੇ ਐਕਸਪ੍ਰੈਸ, ਪਰ ਪਸੰਜ਼ਰ ਗੱਡੀਆਂ ਤੋਂ ਵੀ ਭੈੜੀ ਹਾਲਤ ਹੈ, ਇਨ੍ਹਾਂ ਐਕਸਪ੍ਰੈਸ ਗੱਡੀਆਂ ਦੀ। ਉਹ ਦੁਚਿੱਤੀ ਜਿਹੀ ਵਿੱਚ ਚੌਰਾਹੇ ਉੱਤੇ ਆ ਖੜੋਤਾ। ਉਮੀਦ ਸੀ, ਉਧਰ ਨੂੰ ਜਾਣ ਵਾਲਾ ਕੋਈ ਟਰੱਕ ਮਿਲ ਜਾਵੇਗਾ। ਆਖ਼ਰੀ ਬੱਸਾਂ ਲੰਘੀਆਂ ਤੋਂ ਪਿੰਡਾਂ ਦੇ ਲੋਕ ਟਰੱਕਾਂ ਦਾ ਸਹਾਰਾ ਲੱਭ ਲੈਂਦੇ ਹਨ। ਉਹਨਾਂ ਨੂੰ ਤਾਂ ਇਹ ਮੁਫ਼ਤ ਦੀ ਕਮਾਈ ਹੁੰਦੀ ਹੈ। ਕਿਹੜਾ ਮਾਲਕ ਨੂੰ ਹਿਸਾਬ-ਕਿਤਾਬ ਦੇਣਾ ਹੁੰਦਾ। ਟਰੱਕਾਂ ਵਾਲੇ ਬੱਸ ਕਿਰਾਇਆ ਵਸੂਲ ਕਰਦੇ ਹਨ। ਉਹਨਾਂ ਦਾ ਚਾਹ-ਪਾਣੀ ਖਰਾ ਹੋ ਜਾਂਦਾ ਹੈ। ਬਿਗ਼ਾਨੇ ਥਾਂ ਰਾਤ ਕੱਟਣੀ ਮੁਸ਼ਕਲ ਹੈ। ਫਿਰ ਸ਼ਹਿਰਦਾਰੀ। ਚੌਰਾਹੇ ਉੱਤੇ ਕਈ ਟਰੱਕ ਆਏ ਸਨ। ਉਹਨਾਂ ਦੇ ਪਿੰਡਾਂ ਵੱਲ ਕੋਈ ਨਹੀਂ ਜਾ ਰਿਹਾ ਸੀ। ਟਰੱਕ ਆਉਂਦਾ, ਖੱਬੇ ਮੁੜ ਜਾਂਦਾ, ਹੋਰ ਆਉਂਦਾ, ਸੱਜੇ ਮੁੜ ਜਾਂਦਾ। ਉਹਨਾਂ ਦੇ ਪਿੰਡ ਵੱਲ ਜਾਂਦੀ ਸਿੱਧ ਸੜਕ 'ਤੇ ਕੋਈ ਵੀ ਟਰੱਕ ਨਹੀਂ ਗਿਆ। ਸਵਾਰੀਆਂ ਹੋਰ ਵੀ ਖੜ੍ਹੀਆਂ ਸਨ। ਦੋ ਘੰਟੇ ਗੁਜ਼ਰ ਗਏ। ਅੱਧੀਆਂ ਸਵਾਰੀਆਂ ਇੱਕ-ਇੱਕ ਕਰਕੇ ਕਿਰ ਗਈਆਂ ਤੇ ਫੇਰ ਉਹਨੇ ਵੀ ਸੋਚਿਆ, ਇੰਝ ਹੀ ਖੜ੍ਹਾ ਰਿਹਾ ਤਾਂ ਚੌਰਾਹੇ ਉੱਤੇ ਹੀ ਰਾਤ ਕੱਟਣੀ ਪਵੇਗੀ, ਪਰ ਸਿਆਲ ਦਾ ਮਹੀਨਾ ਹੈ। ਚੌਰਾਹੇ ਉੱਤੇ ਕਿਹੜਾ ਕੋਈ ਹੋਟਲ ਜਾਂ ਧਰਮਸ਼ਾਲਾ ਹੈ ਕਿ ਜਾ ਵੜੀਏ। ਐਵੇਂ ਟੁੱਟੀਆਂ ਜਿਹੀਆਂ ਪੰਜ-ਸੱਤ ਦੁਕਾਨਾਂ ਹਨ। ਚਾਹ-ਦੁੱਧ ਦੀਆਂ ਦੁਕਾਨਾਂ, ਨਿੱਕ-ਸੁੱਕ ਦੀਆਂ ਰੇੜ੍ਹੀਆਂ ਵਾਲੇ ਜਾਂ ਦੋ ਢਾਬੇ।

⁠ਗਾੜ੍ਹਾ ਹਨੇਰਾ ਉੱਤਰ ਆਇਆ ਸੀ। ਉਹਨੇ ਰਿਕਸ਼ਾ ਕੀਤਾ ਅਤੇ ਅਰਜਨ ਨਗਰ ਪਹੁੰਚ ਗਿਆ। ਮਕਾਨ ਲੱਭਣ ਵਿੱਚ ਕੋਈ ਔਖ ਨਹੀਂ ਹੋਈ। ਉਹ ਅਨੇਕਾਂ ਵਾਰ ਪਹਿਲਾਂ ਇੱਥੇ ਆਇਆ ਸੀ। ਪਰ ਹੁਣ ਤਾਂ ਪੰਦਰਾਂ ਸਾਲ ਹੋ ਚੁੱਕੇ ਸਨ, ਉਹ ਕਦੇ ਨਹੀਂ ਆਇਆ ਸੀ, ਜਿਵੇਂ ਸੰਬੰਧ ਹੀ ਨਾ ਹੋਣ। ਉਹਨਾਂ ਦਿਨਾਂ ਵਿੱਚ ਤਾਂ ਇੱਥੇ ਵਿਰਲੇ ਵਿਰਲੇ ਮਕਾਨ ਹੀ ਸਨ। ਕਿਧਰੇ ਕੋਈ-ਕੋਈ ਕੋਠੀ ਤੇ ਕੁਝ ਛੋਟੇ ਮਕਾਨ। ਪਰ ਹੁਣ ਕੋਈ ਅਜਿਹਾ ਪਲਾਟ ਨਹੀਂ ਸੀ, ਜਿਹੜਾ ਖ਼ਾਲੀ ਪਿਆ ਹੋਵੇ। ਸਮੁੰਦਰੀ ਜਹਾਜ਼ਾਂ ਵਾਂਗ ਕੋਠੀਆਂ ਸਿਰ ਕੱਢੀ ਖੜ੍ਹੀਆਂ ਸਨ। ਨਵੇਂ ਤੋਂ ਨਵੇਂ ਡਿਜ਼ਾਇਨ। ਜੱਸੋ ਦੇ ਮਕਾਨ ਦੀ ਪੱਕੀ ਨਿਸ਼ਾਨੀ ਸੀ, ਲੋਹੇ ਦੇ ਗੇਟ ਵਿੱਚ ਅੰਗਰੇਜ਼ੀ ਅੱਖਰਾਂ ਦਾ ਵੈਲਡਿੰਗ ਕੀਤਾ, 'ਬਰਾੜ ਹਾਊਸ'। ਗੇਟ ਦਾ ਰੰਗ ਗੇਰੂਆ ਸੀ ਅਤੇ ਅੱਖਰਾਂ ਦਾ ਰੰਗ ਕਾਲ਼ਾ। ਉਹ ਹਮੇਸ਼ਾ ਇਹੀ ਰੰਗ ਪੇਂਟ ਕਰਾਉਂਦੇ। ⁠ਉਹ ਕਾਲ-ਬੈੱਲ ਵਜਾ ਕੇ ਅੰਦਰ ਹੋਇਆ ਤਾਂ ਘਰ ਵਿੱਚ ਟੈਲੀਵਿਜ਼ਨ ਦਾ ਸ਼ੋਰ ਸੀ। ਚਿੱਤਰਹਾਰ ਚੱਲ ਰਿਹਾ ਸੀ। ਗੇਟ ਜੱਸੋ ਦੇ ਵੱਡੇ ਮੁੰਡੇ ਨੇ ਖੋਲ੍ਹਿਆ ਸੀ। ਉਹ ਗੁਰਦੇਵ ਨੂੰ ਨਹੀਂ ਜਾਣਦਾ ਸੀ। ਜਾਣਦਾ ਤਾਂ ਸੀ, ਪਰ ਹੁਣ ਪਹਿਚਾਣਿਆ ਨਹੀਂ ਹੋਵੇਗਾ। ਗੁਰਦੇਵ ਨੇ ਵੀ ਉਹਨੂੰ ਨਹੀਂ ਪਹਿਚਾਣਿਆ। ਪੰਦਰਾਂ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ ਸੀ। ਮੁੰਡੇ ਦੇ ਮੂੰਹ ਉੱਤੇ ਭਰਵੀਂ ਦਾੜ੍ਹੀ ਸੀ ਅਤੇ ਗੁਰਦੇਵ ਦੀ ਦਾੜ੍ਹੀ ਅੱਧੀ ਚਿੱਟੀ ਹੋ ਚੁੱਕੀ ਸੀ। ਗੁਰਦੇਵ ਨੇ ਉਹਦੇ ਬਾਪ ਦਾ ਨਾਂ ਲਿਆ ਤਾਂ ਮੁੰਡਾ ਸਮਝ ਗਿਆ ਕਿ ਇਹ ਕੋਈ ਉਹਨਾਂ ਦਾ ਆਪਣਾ ਹੀ ਹੈ।

⁠ਗੁਰਦੇਵ ਤੇ ਮੁੰਡੇ ਦੀ ਗੱਲ-ਬਾਤ ਸੁਣ ਕੇ ਪਹਿਲਾਂ ਜੱਸੋ ਹੀ ਉਹਨਾਂ ਕੋਲ ਆਈ। ਉਹਨੂੰ ਬੋਲਦਾ ਸੁਣ ਕੇ ਝੱਟ ਪਹਿਚਾਣ ਗਈ। ਸਤਿ ਸ੍ਰੀ ਅਕਾਲ ਆਖੀ ਤੇ ਉਹਦਾ ਹੱਥ ਫੜ ਕੇ ਲੈ ਜਾਣ ਵਾਂਗ ਉਹ ਉਹਨੂੰ ਅੰਦਰ ਬੈਠਕ ਵਿੱਚ ਲੈ ਗਈ। ਪਰਿਵਾਰ ਦਾ ਹਾਲ-ਚਾਲ ਪੁੱਛਿਆ। ਨਿਹੋਰਾ ਵੀ ਮਾਰਿਆ, "ਅੱਜ ਕਿੱਧਰੋਂ ਰਾਹ ਭੁੱਲ ਗਿਆ?"

⁠ਹੁਣ ਉਹ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵਾਲੇ ਹੋ ਚੁੱਕੇ ਸਨ। ਜੱਸੋ ਦੇ ਦੋ ਮੁੰਡੇ ਅਤੇ ਇੱਕ ਕੁੜੀ ਸੀ। ਤਿੰਨੇ ਵਿਆਹੇ-ਵਰ੍ਹੇ, ਅਗਾਂਹ ਤਿੰਨਾਂ ਦੇ ਜੁਆਕ ਸਨ। ਗੁਰਦੇਵ ਦੇ ਵੀ ਇੱਕ ਮੁੰਡਾ ਤੇ ਤਿੰਨ ਕੁੜੀਆਂ ਸਨ। ਉਹਨੇ ਵੀ ਚਾਰ ਬੱਚੇ ਵਿਆਹ ਲਏ ਸਨ। ਚਾਰਾਂ ਦੇ ਅਗਾਂਹ ਬੱਚੇ ਸਨ।

⁠ਜੱਸੋ ਉਹਨਾਂ ਦੇ ਪਿੰਡ ਦੀ ਕੁੜੀ ਸੀ। ਪਤਾ ਨਹੀਂ ਕਿਹੜੇ ਵੇਲੇ ਉਹਨਾਂ ਦਾ ਨਿਹੁੰ ਲੱਗਿਆ, ਗੱਲ ਖ਼ਾਸੀ ਵਧ ਗਈ ਸੀ। ਜੱਸੋ ਕਾਲਜ ਜਾਂਦੀ ਹੁੰਦੀ। ਗੁਰਦੇਵ ਬੀ.ਏ. ਕਰ ਚੁੱਕਿਆ ਸੀ। ਚੁੱਪ-ਚੁਪੀਤੇ ਹੀ ਜੱਸੋ ਦੇ ਪਿਓ ਨੇ ਮੁੰਡਾ ਲੱਭਿਆ ਸੀ ਤੇ ਉਹਨੂੰ ਭੰਵਾਲੀਆਂ ਦੇ ਦਿੱਤੀਆਂ ਸਨ, ਪਰ ਉਹ ਮਿਲਣੋਂ ਨਹੀਂ ਹਟੇ। ਗੁਰਦੇਵ ਜੱਸੋ ਦੇ ਸਹੁਰੇ ਵੀ ਜਾਂਦਾ। ਉਹ ਕਦੇ ਪੇਕੀਂ ਮਿਲਣ ਆਉਂਦੀ ਤਾਂ ਉਹ ਕਿਤੇ ਨਾ ਕਿਤੇ ਇਕੱਲੇ ਜ਼ਰੂਰ ਬੈਠਦੇ ਤੇ ਆਪਣਾ ਦੁੱਖ-ਸੁੱਖ ਕਰਦੇ।

⁠ਜੱਸੋ ਨੇ ਕੋਈ ਨੌਕਰੀ ਨਹੀਂ ਕੀਤੀ। ਨੌਕਰੀ ਦੀ ਉਹਨੂੰ ਲੋੜ ਹੀ ਨਹੀਂ ਸੀ। ਉਹਦਾ ਸਹੁਰਾ ਜ਼ਮੀਨ-ਜਾਹਿਦਾਦ ਵਾਲਾ ਬੰਦਾ ਸੀ। ਅਗਾਂਹ ਜੱਸੋ ਦਾ ਘਰਵਾਲਾ ਪਿਓ ਦਾ ਇਕੱਲਾ ਪੁੱਤ ਸੀ। ਸੁਭਾਓ ਦਾ ਬਹੁਤ ਸਾਊ ਅਤੇ ਵਪਾਰਕ ਰੁਚੀਆਂ ਦਾ ਮਾਲਕ ਸੀ। ਅਗਾਂਹ ਉਹਨੇ ਆਪਣੇ ਦੋਵੇਂ ਮੁੰਡੇ ਬਹੁਤੇ ਨਹੀਂ ਪੜ੍ਹਾਏ। ਦੋਵਾਂ ਨੂੰ ਦਸਵੀਂ ਦਸਵੀਂ ਕਰਵਾਈ ਅਤੇ ਕੰਮਾਂ ਵਿੱਚ ਪਾ ਦਿੱਤਾ। ਵੱਡੇ ਦਾ ਇਕ ਬਾਣੀਏ ਨਾਲ ਆੜ੍ਹਤ ਦੀ ਦੁਕਾਨ ਵਿੱਚ ਅੱਧ ਸੀ ਅਤੇ ਛੋਟਾ ਪੈਟਰੋਲ ਪੰਪ ਦਾ ਮਾਲਕ। ਗੁਰਦੇਵ ਨੇ ਬੀ.ਏ. ਤੋਂ ਬਾਅਦ ਕੁਝ ਨਹੀਂ ਕੀਤਾ, ਪਟਵਾਰੀ ਬਣ ਗਿਆ। ਦੁਨੀਆ ਲੁੱਟ-ਸੁੱਟ ਖਾਧੀ। ਉਹਦੀ ਘਰਵਾਲੀ ਅੱਠਵੀਂ ਪਾਸ ਸੀ। ਮੁੰਡੇ ਨੂੰ ਸਿਰੇ ਲਾਇਆ ਉਹਨਾਂ ਨੇ। ਮੁੰਡਾ ਹੁਣ ਡਾਕਟਰ ਸੀ। ਦੂਰ ਸ਼ਹਿਰ ਆਪਣਾ ਕਲੀਨਿਕ ਸੀ। ਸਰਕਾਰੀ ਨੌਕਰੀ ਮਿਲੀ ਸੀ, ਛੱਡ ਦਿੱਤੀ। ਆਪਣੇ ਕਲੀਨਿਕ ਦੀ ਅੰਨ੍ਹੀ ਆਮਦਨੀ ਸੀ ਉਹਨੂੰ। ਡਾਕਟਰ ਨਾਲ ਮਰੀਜ਼ ਭਾਅ ਨਹੀਂ ਕਰਦਾ। ਬਾਕੀ ਕੁੱਲ ਦੁਨੀਆ ਦਾ ਸੌਦਾ ਭਾਅ ਤੋੜ ਕੇ ਹੁੰਦਾ ਹੈ। ਡਾਕਟਰ ਦੇ ਮੂੰਹੋਂ ਨਿਕਲਿਆ ਬੋਲ ਰੱਬ ਦਾ ਬੋਲ ਹੈ।

⁠ਜੱਸੋ ਦਾ ਘਰਵਾਲਾ ਸ਼ੱਕੀ ਬੰਦਾ ਨਹੀਂ ਸੀ। ਜੱਸੋ ਦੇ ਵਿਆਹ ਵੇਲੇ ਗੁਰਦੇਵ ਸਾਰੇ ਕਾਰਾਂ-ਵਿਹਾਰਾਂ ਵਿੱਚ ਮੂਹਰੇ ਸੀ। ਜਿੱਥੇ ਮੂਹਰੇ ਨਹੀਂ ਸੀ, ਪਿੱਛੇ ਪਿੱਛੇ ਸੀ। ਉਹ ਜੱਸੋ ਦੇ ਘਰ ਦਾ ਆਪਣਾ ਬੰਦਾ ਸੀ। ਉਹਦੇ ਉੱਤੇ ਨਛੱਤਰ ਸਿੰਘ ਨੂੰ ਹੁਣ ਕੀ ਸ਼ੱਕ ਹੋ ਸਕਦਾ ਸੀ। ਗੁਰਦੇਵ ਮਿੱਠਾ ਬੋਲਦਾ। ਜਦੋਂ ਵੀ ਕਦੇ ਨਛੱਤਰ ਸਿੰਘ ਨਾਲ ਉਹਦਾ ਸਾਹਮਣਾ ਹੁੰਦਾ, ਉਹ ਝੱਟ ਬੋਲ ਉੱਠਦਾ, "ਜੀਜਾ ਜੀ, ਸਤਿ ਸ੍ਰੀ ਅਕਾਲ।" ਪਹਲਿਾਂ ਇੱਕ ਵਾਰ 'ਜੀਜਾ ਜੀ' ਕਹਿ ਕੇ ਜ਼ਰੂਰ ਬੁਲਾਉਂਦਾ, ਫੇਰ ਚਾਹੇ ‘ਨਛੱਤਰ ਸੂੰ, ਨਛੱਤਰ ਸੂੰ' ਆਖਦਾ ਰਹਿੰਦਾ। ਪਿੰਡਾਂ ਦੇ ਸਭਿਆਚਾਰ ਅਨੁਸਾਰ ਭੈਣਾਂ ਦੀਆਂ ਗਾਲ੍ਹਾਂ ਕੱਢੀ ਜਾਂਦਾ।

⁠ਉਸ ਦਿਨ ਸੁਲਤਾਨਪੁਰ ਉਹਨਾਂ ਦੀ ਬੈਠਕ ਵਿੱਚ ਜਾ ਕੇ ਅਜੇ ਉਹ ਬੈਠਾ ਹੀ ਸੀ ਕਿ ਨਛੱਤਰ ਸਿੰਘ ਝੱਟ ਅੰਦਰੋਂ ਕਿਧਰੋਂ ਉਹਦੇ ਕੋਲ ਆ ਖੜੋਤਾ। ਜੱਸੋ ਨਾਲ ਉੱਖੜੀਆਂ-ਉੱਖੜੀਆਂ ਗੱਲਾਂ ਉਹਨੇ ਅਜੇ ਸ਼ੁਰੂ ਹੀ ਕੀਤੀਆਂ ਸਨ। ਐਨੇ ਵਰ੍ਹਿਆਂ ਬਾਅਦ ਵੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਸੀ, ਉਹ ਕੋਈ ਸਾਬਤ-ਸਬੂਤੀ ਗੱਲ ਕਰ ਹੀ ਨਹੀਂ ਸਕਿਆ। ਪਹਿਲਾਂ ਵੀ ਇੰਝ ਹੁੰਦਾ ਰਿਹਾ ਸੀ। ਉਹ ਜਦੋਂ ਵੀ ਜੱਸੋ ਨੂੰ ਮਿਲਦਾ, ਉਹਦਾ ਮਾਨਸਿਕ ਤਣਾਓ ਉੱਖੜੇ ਦਾ ਉੱਖੜਿਆ ਰਹਿੰਦਾ। ਉਹਦੇ ਕੋਲੋਂ ਗੱਲ ਸਿਰੇ ਨਾ ਲੱਗਦੀ। ਇੱਕ ਗੱਲ ਪੂਰੀ ਵੀ ਨਾ ਹੋਈ ਹੁੰਦੀ, ਕੋਈ ਅਗਲਾ ਸਵਾਲ ਵਿੱਚੋਂ ਹੀ ਬੋਲ ਦਿੰਦਾ। ਜੱਸੋ ਦੀ ਵੀ ਤਾਂ ਇਹੀ ਹਾਲਤ ਹੁੰਦੀ ਸੀ।

⁠ਨਛੱਤਰ ਸਿੰਘ ਨਾਲ ਦੁਆ-ਸਲਾਮ ਹੋਈ। ਉਹਨਾਂ ਨੇ ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ। ਪਿੰਡਾਂ ਦੀਆਂ ਗੱਲਾਂ ਹੋਣ ਲੱਗੀਆਂ। ਚਾਹ ਆਈ ਤੇ ਫੇਰ ਜੁਆਕ ਆ ਗਏ। ਉਹ ਕਈ ਸਨ। ਪੰਦਰਾਂ ਸਾਲਾਂ ਬਾਅਦ ਉਹਨੂੰ ਕੀ ਪਤਾ ਸੀ, ਕਿਹੜਾ ਕੀਹਦਾ ਜੁਆਕ ਹੈ। ਨਛੱਤਰ ਸਿੰਘ ਨੇ ਖ਼ੁਦ ਹੀ ਦੱਸਿਆ ਕਿ ਔਹ ਕੁੜੀ ਦੋਹਤੀ ਹੈ। ਦੂਜੇ ਜੁਆਕ ਵੱਡੇ ਮੁੰਡੇ ਦੇ ਕਿਹੜੇ-ਕਿਹੜੇ ਹਨ ਅਤੇ ਛੋਟੇ ਮੁੰਡੇ ਦੇ ਕਿਹੜੇ-ਕਿਹੜੇ। ਉਹ ਕੁਝ ਚਿਰ ਹੀ ਉਹਨਾਂ ਕੋਲ ਬੈਠਕ ਵਿੱਚ ਟਿਕੇ, ਫੇਰ ਹੋ-ਹੋ ਕਰ ਕੇ ਸਾਰੇ ਬਾਹਰ ਨੂੰ ਭੱਜ ਗਏ।

⁠ਤੇ ਫੇਰ ਨਛੱਤਰ ਸਿੰਘ ਬੋਤਲ ਕੱਢ ਲਿਆਇਆ। ਇਹ ਖੋਲ੍ਹੀ ਹੋਈ ਬੋਤਲ ਸੀ। ਵਿੱਚੋਂ ਪਊਆ ਸ਼ਰਾਬ ਪੀਤੀ ਹੋਈ। ਨਛੱਤਰ ਸਿੰਘ ਆਖ ਰਿਹਾ ਸੀ, "ਮੈਂ ਤਾਂ ਕਦੇ ਇੱਕ ਅੱਧ ਪੈੱਗ ਈ ਲੈਨਾਂ, ਹੁਣ ਸਰੀਰ ਝੱਲਦਾ ਨ੍ਹੀਂ।"

⁠"ਮੇਰੀ ਵੀ ਛੱਡੀ ਵਾਂਗੂੰ ਈ ਐ। ਲਿਆ ਇੱਕ-ਇੱਕ ਲਾ ਲੈਨੇ ਆਂ।" ਗੁਰਦੇਵ ਨੇ ਕਿਹਾ।

⁠ਇੱਕ ਛੋਟਾ ਮੁੰਡਾ ਅੰਦਰੋਂ ਸਾਗ ਦੀ ਵੱਡੀ ਕੌਲੀ ਭਰ ਕੇ ਦੇ ਗਿਆ। ਵਿੱਚ ਦੋ ਚਮਚੇ, ਸਾਗ ਭਾਫਾਂ ਛੱਡ ਰਿਹਾ ਸੀ, ਉੱਤੇ ਮੱਖਣ ਤੈਰਦਾ ਸੀ। ਉਹਨਾਂ ਨੇ ਦੂਜਾ ਪੈੱਗ ਵੀ ਪਾ ਲਿਆ। ਗੁਰਦੇਵ ਦਾ ਜੀਅ ਕਰਦਾ ਸੀ, ਉਹ ਅੱਜ ਸੰਵਾਰ ਕੇ ਪੀਵੇ। ਪੀਣ ਵਾਂਗ ਪੀਵੇ। ਨਹੀਂ ਤਾਂ ਉਹਦਾ ਸਰੀਰ ਵੀ ਹੁਣ ਸ਼ਰਾਬ ਝੱਲਦਾ ਨਹੀਂ ਸੀ। ਕਦੇ ਬਹੁਤੀ ਪੀਤੀ ਜਾਂਦੀ ਤਾਂ ਤੜਕੇ ਨੂੰ ਬੁਰਾ ਹਾਲ ਹੁੰਦਾ। ਸਿਰ ਦੁਖਦਾ ਅਤੇ ਚੱਕਰ ਆਉਂਦੇ। ਤੁਰਨ ਵੇਲੇ ਪੈਰ ਥਿੜਕਦੇ, ਢਿੱਡ ਕੱਸਿਆ ਰਹਿੰਦਾ। ਪਰ ਅੱਜ ਉਹਦੇ ਅੰਦਰ ਪੁਰਾਣੀਆਂ ਸਾਰੀਆਂ ਤਰੰਗਾਂ ਜਾਗ ਉੱਠੀਆਂ ਸਨ, ਜੁਆਨੀ-ਪਹਿਰੇ ਏਦਾਂ ਹੀ ਕਦੇ ਜਦੋਂ ਉਹ ਸੁਲਤਾਨਪੁਰ ਆਉਂਦਾ ਹੁੰਦਾ ਤਾਂ ਨਛੱਤਰ ਸਿੰਘ ਤੇ ਉਹ ਡੱਕ ਕੇ ਸ਼ਰਾਬ ਪੀਂਦੇ। ਉਹਨਾਂ ਦਿਨਾਂ ਵਿੱਚ ਉਹਨਾਂ ਦੇ ਬੱਚੇ ਛੋਟੇ ਸਨ। ਦੋ ਬੱਚੇ ਹੀ ਸਨ। ਤੀਜਾ ਇੱਕ ਮੁੰਡਾ ਜਾਂ ਸ਼ਾਹਿਦ ਕੁੜੀ ਨਹੀਂ ਹੋਈ ਸੀ। ਗੋਦੀ ਵਾਲੇ ਜੁਆਕ ਨੂੰ ਜੱਸੋ ਨਛੱਤਰ ਸਿੰਘ ਨਾਲ ਪਾ ਦਿੰਦੀ। ਜਦੋਂ ਉਹਦੇ ਘੁਰਾੜੇ ਵੱਜਣ ਲੱਗਦੇ ਤੇ ਖ਼ਾਸੀ ਰਾਤ ਲੰਘ ਚੁੱਕੀ ਹੁੰਦੀ ਤਾਂ ਗੁਰਦੇਵ ਉੱਠ ਕੇ ਜੱਸੋ ਕੋਲ ਪਹੁੰਚ ਜਾਂਦਾ। ਚੋਰੀ ਦਾ ਗੁੜ ਉਹਨਾਂ ਨੂੰ ਬਹੁਤ ਸੁਆਦ ਲੱਗਦਾ।

⁠ਗੁਰਦੇਵ ਦੀ ਵੱਡੀ ਕੁੜੀ ਸੁਲਤਾਨਪੁਰ ਤੋਂ ਅਗਾਂਹ ਇੱਕ ਛੋਟੇ ਸ਼ਹਿਰ ਵਿੱਚ ਵਿਆਹੀ ਹੋਈ ਸੀ। ਇਸ ਛੋਟੇ ਸ਼ਹਿਰ ਨੂੰ ਰੇਲਵੇ ਸਟੇਸ਼ਨ ਲੱਗਦਾ ਸੀ। ਪਹਿਲ-ਪਲੇਠੀ ਦੀ ਕੁੜੀ ਅਠਾਰਾਂ ਸਾਲਾਂ ਦੀ ਹੀ ਵਿਆਹ ਦਿੱਤੀ ਸੀ। ਉਹਦਾ ਮੁੰਡਾ ਛੋਟਾ ਸੀ। ਵੱਡੀ ਭੈਣ ਕੋਲ ਉਹਦੇ ਸਹੁਰੀਂ ਮਿਲਣ ਨਹੀਂ ਜਾਂਦਾ ਸੀ। ਫੇਰ ਜਦੋਂ ਉਹ ਪੜ੍ਹ ਲਿਖ ਕੇ ਡਾਕਟਰ ਬਣ ਗਿਆ, ਫੇਰ ਵੀ ਉਹ ਨਾ ਜਾਂਦਾ। ਅਸਲ ਵਿੱਚ ਉਹਨੂੰ ਵੱਡੀ ਭੈਣ ਦੇ ਉਜੱਡ ਜਿਹੇ ਸਹੁਰੇ ਪਸੰਦ ਨਹੀਂ ਸਨ। ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਸੀ। ਕੁੜੀ ਨੂੰ ਨਿਰਾਦਰੀ ਕਿਵੇਂ ਰੱਖਿਆ ਜਾਂਦਾ, ਹਾਰ ਕੇ ਗੁਰਦੇਵ ਆਪ ਉਹਦੇ ਸਹੁਰੇ ਜਾਂਦਾ। ਝੱਗਾ-ਚੁੰਨੀ ਤੇ ਖਾਣ-ਪੀਣ ਦਾ ਨਿੱਕ-ਸੁੱਕ ਦੇ ਆਉਂਦਾ। ਕਦੇ ਉਹ ਆਪ ਵੀ ਪੇਕੀਂ ਗੇੜਾ ਮਾਰਦੀ। ਅੰਦਰ-ਖਾਤੇ ਗੱਲ ਇਹ ਸੀ ਕਿ ਗੁਰਦੇਵ ਦੇ ਪਿੰਡ ਤੋਂ ਵੱਡੀ ਕੁੜੀ ਦੇ ਸਹੁਰਿਆਂ ਵਿਚਕਾਰ ਸੁਲਤਾਨਪੁਰ ਸੀ, ਜਿੱਥੇ ਜੱਸੋ ਵਿਆਹੀ ਹੋਈ ਸੀ। ਕੁੜੀ ਕੋਲ ਜਾਣ ਦਾ ਬਹਾਨਾ ਕਰਦਾ, ਰਾਤ ਕੱਟਦਾ ਸੁਲਤਾਨਪੁਰ ਆ ਕੇ।

⁠ਹੁਣ ਪੰਦਰਾਂ ਸਾਲ ਦੌਰਾਨ ਕਾਫ਼ੀ ਬਦਲ ਚੁੱਕਿਆ ਸੀ। ਜੱਸੋ ਦੇ ਘਰ ਜੁਆਕਾਂ ਦੀ ਹੇੜ ਸੀ। ਬਹੂਆਂ ਆ ਚੁੱਕੀਆਂ ਸਨ। ਨਛੱਤਰ ਸਿੰਘ ਨੇ ਦੋ ਪੈੱਗ ਮਸਾਂ ਪੀਤੇ ਅਤੇ ਗਲਾਸ ਮੂਧਾ ਮਾਰ ਦਿੱਤਾ। ਕਹਿੰਦਾ, "ਤੂੰ ਜਿੰਨੀ ਮਰਜ਼ੀ ਪੀ, ਮੇਰੀ ਤਾਂ ਭਿਆਂ ਐ।" ਗੁਰਦੇਵ ਨੇ ਤੀਜਾ ਪੈੱਗ ਪੀਤਾ ਅਤੇ ਬੋਲਿਆ, "ਜੱਸੋ, ਲਿਆ ਬਈ ਖਾਈਏ ਰੋਟੀ।" ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਸੀ। ਜੱਸੋ ਦੋਵਾਂ ਨੂੰ ਰੋਟੀ ਖੁਆ ਗਈ। ਬੈਠਕ ਵਿੱਚ ਉਹਨਾਂ ਨੇ ਅੱਖਾਂ ਹੀ ਅੱਖਾਂ ਵਿੱਚ ਗੱਲਾਂ ਕੀਤੀਆਂ। ਜੱਸੋ ਹਰ ਵਾਰ ਮਜਬੂਰੀ ਦਾ ਨੱਕ ਵੱਟਦੀ। ਭਾਂਡੇ ਚੁੱਕਣ ਆਈ, ਉਹ ਮੂੰਹੋ ਵੀ ਬੋਲ ਪਈ, "ਉਮਰ ਉਮਰ ਦੀਆਂ ਗੱਲਾਂ ਹੁੰਦੀਆਂ ਨੇ ਕਮਲਿਆ।"

⁠ਨਛੱਤਰ ਸਿੰਘ ਨੇ ਰਜ਼ਾਈ ਖਿੱਚ ਲਈ ਸੀ, ਪਰ ਗੁਰਦੇਵ ਮੰਜੇ ਉੱਤੇ ਊਂਧਾ ਜਿਹਾ ਬੈਠਾ ਸੀ। ਗੋਡੇ ਇਕੱਠੇ ਕਰ ਕੇ ਉੱਤੋਂ ਦੀ ਹੱਥਾਂ ਦੀ ਕਰੰਘੜੀ ਮਾਰੀ ਹੋਈ। ਜਿਵੇਂ ਕੁਝ ਡੂੰਘਾ ਸੋਚ ਰਿਹਾ ਹੋਵੇ, ਜਿਵੇਂ ਕੁਝ ਉਡੀਕ ਰਿਹਾ ਹੋਵੇ। ਨਛੱਤਰ ਸਿੰਘ ਉੱਭੜਵਾਹਾ ਬੋਲਿਆ, "ਹੈਂ, ਮੈਨੂੰ ਆਖ ਕੇ ਗਈ ਐਂ ਕੁਛ?"

⁠ਬੈਠਕ ਵਿੱਚ ਉਹਨਾਂ ਕੋਲ ਦੋ-ਤਿੰਨ ਜੁਆਕ ਵੀ ਆਪਣੀਆਂ ਪਲੂੰਘੜੀਆਂ ਵਿਛਾ ਕੇ ਪਏ ਹੋਏ ਸਨ। ਅੱਧੀ ਰਾਤ ਤੋਂ ਉੱਤੇ ਦਾ ਸਮਾਂ ਸੀ, ਉਹ ਪਿਸ਼ਾਬ ਕਰਨ ਦੇ ਬਹਾਨੇ ਉੱਠਿਆ। ਲੰਮਾ ਚੌੜਾ ਵਿਹੜਾ ਸੀ ਘਰ ਦਾ। ਇੱਕ ਖੂੰਜੇ ਜਾ ਕੇ ਉਹਨੇ ਪਿਸ਼ਾਬ ਕੀਤਾ। ਵਿਹੜੇ ਵਿੱਚ ਹੀ ਨਲਕਾ ਸੀ। ਉਹਨੇ ਨਲਕਾ ਗੇੜ ਕੇ ਹੱਥ ਧੋਤੇ। ਚਾਹੇ ਘਰ ਵਿੱਚ ਵਾਟਰ ਵਰਕਸ ਦੀਆਂ ਟੂਟੀਆਂ ਵੀ ਸਨ, ਪਰ ਨਲਕਾ ਵੀ ਸੀ। ਉਹਨਾਂ ਨੂੰ ਨਲਕੇ ਬਗ਼ੈਰ ਸਰਦਾ ਨਹੀਂ ਸੀ। ਵਾਟਰ ਵਰਕਸ ਦੇ ਪਾਣੀ ਦਾ ਇਤਬਾਰ ਕੋਈ ਨਹੀਂ ਸੀ। ਘਰ ਵਿੱਚ ਮੱਝ ਰੱਖੀ ਹੋਈ ਸੀ। ਪਾਣੀ ਦੀ ਲੋੜ ਤਾਂ ਹਰ ਵੇਲੇ ਰਹਿੰਦੀ। ਉਹਨੇ ਚੱਲਵੀਂ ਜਿਹੀ ਨਿਗਾਹ ਮਾਰੀ। ਪਰ੍ਹਾਂ ਵਰਾਂਢੇ ਦੇ ਖੂੰਜੇ ਵਿੱਚ ਤਿੰਨ ਮੰਜੇ ਸਨ। ਵਰਾਂਡੇ ਦੇ ਦੋਵੇਂ ਪਾਸੀਂ ਕਮਰੇ ਸਨ। ਦੋਵਾਂ ਕਮਰਿਆਂ ਦੀਆਂ ਬੱਤੀਆਂ ਜਗ ਰਹੀਆਂ ਸਨ। ਰੌਸ਼ਨੀ ਮੱਧਮ ਸੀ, ਜ਼ੀਰੋ ਵਾਟ ਦੇ ਬਲਬ ਹੋਣਗੇ। ਉਹਨੇ ਅੰਦਾਜ਼ਾ ਲਾਇਆ ਕਿ ਦੋਵੇਂ ਕਮਰਿਆਂ ਵਿੱਚ ਮੁੰਡੇ ਤੇ ਬਹੂਆਂ ਸੁੱਤੇ ਹੋਏ ਹਨ। ਵਰਾਂਢੇ ਵਾਲੇ ਤਿੰਨਾਂ ਮੰਜਿਆਂ ਵਿੱਚੋਂ ਇੱਕ ਮੰਜਾ ਜ਼ਰੂਰ ਜੱਸੋ ਦਾ ਹੈ। ਉਹਨੇ ਮੰਜਿਆਂ ਵੱਲ ਵਧਣਾ ਚਾਹਿਆ, ਪਰ ਵਰਾਂਢੇ ਦੇ ਫ਼ਰਸ਼ ਉੱਤੇ ਪੈਰ ਰੱਖਦੇ ਹੀ ਉਹ ਖੜ੍ਹ ਗਿਆ। ਕੀ ਪਤਾ, ਕਿਹੜਾ ਮੰਜਾ ਜੱਸੋ ਦਾ ਹੈ? ਜੱਸੇ ਦਾ ਮੰਜਾ ਏਥੇ ਹੈ ਵੀ ਕਿ ਨਹੀਂ? ਰਜ਼ਾਈਆਂ ਨਾਲ ਮੂੰਹ ਢਕੇ ਹੋਏ ਹਨ। ਜਿਵੇਂ ਮੁਰਦੇ ਪਏ ਹੋਣ। ਕਿਤੇ ਉਹ ਹੋਰ ਕਿਸੇ ਨੂੰ ਹੀ ਨਾ ਜਗਾ ਲਵੇ। ਰਾਤ ਹੈ, ਰੌਲ਼ਾ ਪੈ ਜਾਵੇਗਾ। ਚੋਰ ਸਮਝ ਕੇ ਮੁੰਡੇ ਊਂ ਨਾ ਕੁੱਟ ਦੇਣ। ਉਹ ਵਾਪਸ ਬੈਠਕ ਵਿੱਚ ਆ ਕੇ ਆਪਣੇ ਮੰਜੇ ਉੱਤੇ ਪੈ ਗਿਆ। ਰਜ਼ਾਈ ਦਾ ਲੜ ਆਪਣੀ ਹਿੱਕ ਤੱਕ ਕਰ ਲਿਆ। ਨੀਂਦ ਨਾ ਉਹਨੂੰ ਪਹਿਲਾਂ ਆਈ ਸੀ ਅਤੇ ਨਾ ਹੁਣ ਆ ਰਹੀ ਸੀ। ਉਹਦੀ ਅੱਖ ਲੱਗਦੀ, ਫਿਰ ਖੁੱਲ੍ਹ ਜਾਂਦੀ। ਮੰਜੇ ਦੀਆਂ ਬਾਹੀਆਂ ਉਹਦੀਆਂ ਮੰਜ਼ਲਾਂ ਬਣ ਗਈਆਂ। ਰਾਤ ਦਾ ਸਫ਼ਰ ਜਿਵੇਂ ਇੱਕ ਬਾਹੀ ਤੋਂ ਦੂਜਾ ਬਾਹੀ ਤੱਕ ਦੀ ਭਟਕਣ ਹੋਵੇ। ਕਦੇ ਉਹਨੂੰ ਲੱਗਦਾ, ਉਹ ਆਪ ਉਹਦੇ ਕੋਲ ਆਵੇਗੀ। ਸੁਪਨਾ ਆਉਂਦਾ, ਜਿਵੇਂ ਉਹਦੇ ਸਿਰਹਾਣੇ ਖੜ੍ਹੀ ਹੋਵੇ। ਉਹਦੀ ਅੱਖ ਖੁੱਲ੍ਹ ਜਾਂਦੀ, ਕਮਰੇ ਵਿੱਚ ਕਿਧਰੇ ਕੁਝ ਨਹੀਂ ਹੁੰਦਾ ਸੀ। ਇਸੇ ਉਧੇੜ ਬੁਣ ਵਿੱਚ ਪਹੁ ਫੁੱਟਣ ਲੱਗੀ। ਉਹਦੀਆਂ ਅੱਖਾਂ ਵਿੱਚ ਸਾਰੀ ਰਾਤ ਦਾ ਜਗਰਾਤਾ ਬੈਠਾ ਹੋਇਆ ਸੀ। ਉਹ ਉੱਠ ਕੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਨਛੱਤਰ ਸਿੰਘ ਵੀ ਉੱਠ ਖੜ੍ਹਾ। ਅਗਵਾੜੀਆਂ ਭੰਨਣ ਲੱਗਿਆ। ਆਖ ਰਿਹਾ ਸੀ, "ਬੜੀ ਨੀਂਦ ਆਈ ਬਈ, ਜਿਵੇਂ ਘੋੜੇ ਵੇਚ ਕੇ ਸੁੱਤੇ ਹੋਈਏ। ਕਿਉਂ ਗੁਰਦੇਵ ਸਿਆਂ?"

⁠"ਹਾਂ ...।" ਗੁਰਦੇਵ ਢਿੱਲਾ ਜਿਹਾ ਬੋਲਿਆ।

⁠"ਚਾਹ ਲੈ ਕੇ ਆਉਨਾਂ ਮੈਂ।" ਨਛੱਤਰ ਸਿੰਘ ਨੇ ਕਿਹਾ ਅਤੇ ਖੰਘਦਾ ਥੁੱਕਦਾ ਬੈਠਕ ਤੋਂ ਬਾਹਰ ਹੋ ਗਿਆ।

⁠ਚਾਹ ਪੀ ਕੇ ਗੁਰਦੇਵ ਲੈਟਰਿਨ ਗਿਆ, ਫੇਰ ਨ੍ਹਾ ਲਿਆ। ਨਛੱਤਰ ਸਿੰਘ ਨ੍ਹਾਤਾ ਨਹੀਂ ਸੀ, ਪਰ ਉਹਨੇ ਗੁਰਦੇਵ ਦੇ ਨਾਲ ਹੀ ਨਾਸ਼ਤਾ ਕਰ ਲਿਆ। ਪਰੌਂਠੇ, ਮੱਖਣ, ਦਹੀਂ, ਅੰਬ ਦਾ ਆਚਾਰ, ਗੰਢੇ, ਚਾਹ। ਗੁਰਦੇਵ ਨੂੰ ਅੱਜ ਇਹ ਸਭ ਚੰਗਾ ਨਹੀਂ ਲੱਗਿਆ। ਨਛੱਤਰ ਸਿੰਘ ਹੀ ਸਭ ਸਮੇਟੀ ਜਾ ਰਿਹਾ ਸੀ।

⁠ਕਾਫ਼ੀ ਦਿਨ ਚੜ੍ਹ ਆਇਆ ਸੀ। ਬੈਠਕ ਵਿੱਚ ਸੁੱਤੇ ਬੱਚੇ ਉੱਠ ਕੇ ਚਲੇ ਗਏ ਸਨ। ਘਰ ਦਾ ਕਾਰੋਬਾਰ ਸ਼ੁਰੂ ਹੋ ਚੁੱਕਿਆ ਸੀ। ਨਛੱਤਰ ਨ੍ਹਾਉਣ ਲਈ ਬਾਥਰੂਮ ਵਿੱਚ ਵੜਿਆ ਤਾਂ ਜੱਸੋ ਕੋਈ ਬਹਾਨਾ ਜਿਹਾ ਬਣਾ ਕੇ ਬੈਠਕ ਵਿੱਚ ਆਈ। ਨਛੱਤਰ ਸਿੰਘ ਵਾਲੇ ਮੰਜੇ ਦੀ ਬਾਹੀ ਉੱਤੇ ਬੈਠ ਗਈ। ਉਹਨਾਂ ਨੇ ਰਸਮੀ ਜਿਹੀਆਂ ਗੱਲਾਂ ਕੀਤੀਆਂ ਅਤੇ ਫੇਰ ਚੁੱਪ ਹੋ ਗਏ। ਜਿਵੇਂ ਦੋਹਾਂ ਕੋਲ ਕੋਈ ਵੀ ਗੱਲ ਨਾ ਹੋਵੇ। ਵਕਤ ਬਹੁਤ ਥੋੜ੍ਹਾ ਸੀ। ਫੇਰ ਨਛੱਤਰ ਸਿੰਘ ਨੇ ਨ੍ਹਾ ਕੇ ਬੈਠਕ ਵਿੱਚ ਆ ਜਾਣਾ ਸੀ। ਗੁਰਦੇਵ ਬੋਲਿਆ-"ਮੈਂ ਤਾਂ ਸਾਰੀ ਰਾਤ ਨ੍ਹੀਂ ਸੁੱਤਾ।"

"ਮੈਨੂੰ ਪਤੈ।" ਜੱਸੋ ਨੇ ਕਿਹਾ। ⁠"ਤੈਨੂੰ ਕਿਵੇਂ ਪਤੈ? ਤੂੰ ਕਿੱਥੇ ਪਈ ਸੀ?"

⁠"ਮੈਂ ਵਰਾਂਢੇ ’ਚ ਸੀ। ਦੋਹਤੀ ਪਈ ਸੀ ਕੋਲ ਮੇਰੇ। ਵੱਡਾ ਮੁੰਡਾ ਸੀ ਪੋਤਾ।"

⁠"ਤੂੰ ਆ ਜਾਂਦੀ ਫੇਰ ਆਪ ਉੱਠ ਕੇ।" 

⁠"ਕਿਵੇਂ ਆ ਜਾਂਦੀ, ਆਲੇ-ਦੁਆਲੇ ਤਾਂ ਸਾਰਾ ਟੱਬਰ ਸੀ।"

⁠"ਤੈਨੂੰ ਕਿਵੇਂ ਪਤੈ ਫੇਰ ਬਈ ਮੈਂ ਸੁੱਤਾ ਨ੍ਹੀਂ?"

⁠"ਮੈਂ ਕਿਹੜਾ ਸੁੱਤੀ ਆਂ। ਦੋ ਵਾਰੀ ਉੱਠ ਕੇ ਤੈਨੂੰ ਦੇਖਣ ਆਈ। ਤੂੰ ਪਾਸੇ ਮਾਰੀ ਜਾਂਦਾ ਸੀ।"

⁠"ਮਾੜਾ ਜ੍ਹਾ ਖੜਕਾ ਕਰ ਦੇਣਾ ਸੀ, ਮੈਂ ਝੱਟ ਉੱਠ ਖੜ੍ਹਦਾ।"

⁠"ਔਖੈ ਕਮਲਿਆ।"

⁠ਨਛੱਤਰ ਸਿੰਘ ਖੰਘਦਾ ਥੁੱਕਦਾ ਏਧਰ ਹੀ ਆ ਰਿਹਾ ਸੀ। ਜੱਸੋ ਪਿੰਡ ਦੀਆਂ ਗੱਲਾਂ ਕਰਨ ਲੱਗੀ।

⁠ਪਿੰਡ ਨੂੰ ਬੱਸ ਵਿੱਚ ਬੈਠਾ ਗੁਰਦੇਵ ਝੋਰਾ ਕਰਦਾ ਆ ਰਿਹਾ ਸੀ, "ਕੀ ਲੈਣਾ ਸੀ, ਜੱਸੋ ਦੇ ਘਰ ਜਾ ਕੇ? ਏਦੂੰ ਤਾਂ ਕਿਸੇ ਧਰਮਸ਼ਾਲਾ 'ਚ ਜਾ ਕੇ ਰਾਤ ਕੱਟ ਲੈਂਦਾ।"

⁠ਪਰ ਫੇਰ ਇਕਦਮ ਅਚਾਨਕ ਉਹਦੇ ਕੰਨ ਖੁੱਲ੍ਹੇ। ਉਹਨੂੰ ਬੇਹੱਦ ਤਸੱਲੀ ਮਿਲੀ,

⁠"...ਉਹ ਕਿਹੜਾ ਸੁੱਤੀ ਐ ਸਾਰੀ ਰਾਤ। ਅੱਗ ਤਾਂ ਓਧਰ ਵੀ ਲੱਗੀ ਰਹੀ।"

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.