9.3 C
Los Angeles
Saturday, January 4, 2025

ਜਿੰਦਰੇ ਖੋਲ੍ਹ ਦਿਓ !

ਵੰਡ ਦੇ ਦੁੱਖੜੇ

ਕੁਝ ਕਹਾਣੀਆਂ ਕਲਮ ਦੀਆਂ ਮੁਥਾਜ ਨਹੀਂ ਹੁੰਦੀਆਂ। ਉਹ ਵਰਕਿਆਂ ’ਤੇ ਨਹੀਂ, ਵਕਤ ਦੀ ਹਿੱਕ ’ਤੇ ਲਿਖੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਲਿਖਣ ਵਾਲੇ ਆਮ ਜਿਹੇ ਲੋਕ ਜ਼ਿੰਦਗੀ ਦੇ ਨਿਰਣਾਇਕ ਮੋੜ ’ਤੇ ਕੁਝ ਅਜਿਹਾ ਕਰ ਜਾਂਦੇ ਹਨ ਕਿ ਸੁਣਨ ਵਾਲਾ ਹੈਰਾਨ ਰਹਿ ਜਾਂਦਾ। ਕੁਝ ਦਿਨ ਪਹਿਲਾਂ ਮੈਨੂੰ ਅਜਿਹੀ ਇਕ ਕਹਾਣੀ ਸੁਣਨ ਨੂੰ ਮਿਲੀ।

ਚੂੰਨੀ ਕਲਾਂ ਤੋਂ ਸਰਹੰਦ ਵੱਲ ਜਾਂਦਿਆਂ, ਮੈਂ ਨਿਆਮੂ ਮਾਜਰੇ ਪਿੰਡ ਦੇ ਇਕ ਢਾਬੇ ’ਤੇ ਰੁਕਿਆ। ਨਿੰਮ ਥੱਲੇ ਕੁਰਸੀ ’ਤੇ ਬੈਠੇ ਜਬ੍ਹੇਦਾਰ ਦਿੱਖ ਵਾਲੇ ਇਕ ਬਜ਼ੁਰਗ ਨੇ ਮੇਰਾ ਧਿਆਨ ਖਿੱਚਿਆ। ਉਹਦੇ ਝੁਰੜਾਏ ਚਿਹਰੇ ’ਤੇ ਪਸਰੀ ਸ਼ਾਂਤਮਈ ਮੁਸਕਾਨ ਇਸ ਗੱਲ ਦੀ ਗਵਾਹ ਸੀ ਕਿ ਉਹਨੇ ਦੁਨੀਆਂ ਦੇ ਸਾਰੇ ਰੰਗ ਵੇਖ-ਹੰਢਾ ਲਏ ਹਨ। ਮੈਂ ਉਹਦੇ ਚਿਹਰੇ ਤੋਂ ਉਮਰ ਦਾ ਅੰਦਾਜ਼ਾ ਲਗਾਇਆ ਤੇ ਗੋਡਿਆਂ ਨੂੰ ਹੱਥ ਛੁਹਾਉਂਦਿਆਂ ‘ਸਤਿ ਸ੍ਰੀ ਅਕਾਲ’ ਬੁਲਾਈ। ਜਵਾਬ ਦਿੰਦਿਆਂ, ਉਹਨੇ ਮੈਨੂੰ ਗਹੁ ਨਾਲ ਵੇਖਿਆ। ਮੈਂ ਬਾਬੇ ਅੰਦਰ ਰੀਂਗਦੇ ਸਵਾਲ ਨੂੰ ਪੜ੍ਹ ਲਿਆ।

“ਬਾਬਾ ਜੀ, ਮੈਂ ਇੱਥੇ ਪਹਿਲੀ ਵਾਰ ਆਇਆਂ। ਤੁਹਾਨੂੰ ਵੇਖ ਕੇ ਸੋਚਿਆ ਕਿ ਕੋਈ ਸੰਤਾਲੀ ਦੇ ਆਰ-ਪਾਰ ਦੀ ਗੱਲ ਸੁਣ ਲਵਾਂ।”

ਇਹ ਸੁਣਕੇ ਉਹ ਖ਼ੁਸ਼ ਹੋ ਗਿਆ।

“ਬੈਠ ਜਾ ਪੁੱਤਰਾ।” ਉਹਨੇ ਕੋਲ ਪਈ ਕੁਰਸੀ ਵੱਲ ਇਸ਼ਾਰਾ ਕਰਦਿਆਂ ਆਖਿਆ।

“ਉਹ ਤਾਂ ਚੰਗੀ ਗੱਲ ਆ ਕਿ ਕੋਈ ਸਾਡੀਆਂ ਵੀ ਗੱਲਾਂ ਸੁਣਨੀਆਂ ਚਾਹੁੰਦਾ, ਪਰ ਇਹਦਾ ਮਕਸਦ ਕੀ ਆ?” ਉਹਨੇ ਬੜੇ ਅਦਬ ਨਾਲ ਸਵਾਲ ਕੀਤਾ।

ਮੈਂ ਬਾਬੇ ਨੂੰ ਦੱਸਿਆ ਕਿ ਮੈਂ ਸੰਤਾਲੀ ਦੇ ਚਸ਼ਮਦੀਦ ਗਵਾਹਾਂ ਨੂੰ ਕਿਉਂ ਮਿਲਦਾ ਹਾਂ। ਮੇਰੀਆਂ ਗੱਲਾਂ ਸੁਣਕੇ ਉਹ ਬਾਬਾ ਵੀਡੀਓ ਬਣਵਾਉਣ ਲਈ ਮੰਨ ਗਿਆ। ਅਸੀਂ ਢਾਬੇ ਦੇ ਪਿਛਵਾੜੇ ਚਲੇ ਗਏ। ਉੱਥੇ, ਜਿੱਥੇ ਵਿਰਸੇ ਦੀ ਨੁਮਾਇਸ਼ ਵਜੋਂ ਗਾਹਕਾਂ ਲਈ ਪੁਰਾਣੇ ਗੱਡੇ ਖੜ੍ਹੇ ਕੀਤੇ ਹੋਏ ਸਨ। ਅਸੀਂ ਉਨ੍ਹਾਂ ਗੱਡਿਆਂ ਅੱਗੇ ਡੱਠੀਆਂ ਕੁਰਸੀਆਂ ’ਤੇ ਬੈਠ ਗਏ। ਕੈਮਰਾ ਲੱਗ ਗਿਆ ਤੇ ਰਿਕਾਰਡਿੰਗ ਸ਼ੁਰੂ ਹੋ ਗਈ।

“ਮੇਰਾ ਨਾਂ ਮਹਿੰਦਰ ਸਿੰਘ ਤੇ ਮੇਰੇ ਪਿਤਾ ਜੀ ਦਾ ਨਾਂ ਉਜਾਗਰ ਸਿੰਘ ਸੀ। ਮੇਰਾ ਪੜਦਾਦਾ ਦੇਵਾ ਸਿੰਘ ਅੰਬਾਲੇ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਤੋਂ ਉੱਠ ਕੇ ਓਧਰ ਗਿਆ ਸੀ। ਇਹ ਪਿੰਡ ਕੁਰਾਲੀ ਦੇ ਲਵੇ ਈ ਆ। ਰੋਪੜ ਜ਼ਿਲ੍ਹਾ ਤਾਂ ਬਾਅਦ ਵਿਚ ਬਣਿਆ। ਅਸੀਂ ਮੰਡੇਰ ਹੁੰਦੇ ਆਂ। ਬਾਰ ਵਿਚ ਸਾਡੇ ਚੱਕ ਦਾ ਨੰਬਰ ਚੌਂਤੀ ਸੀ। ਮੇਰੇ ਪੜਦਾਦੇ ਤੇ ਪਿਉ-ਦਾਦੇ ਨੇ ਓਧਰ ਜਾ ਕੇ ਮੁਰੱਬੇ ਅਬਾਦ ਕਰੇ। ਅਸੀਂ ਪੰਜ ਭਾਈ ਤੇ ਸਾਡੀਆਂ ਚਾਰ ਭੈਣਾਂ ਸੀ। ਸਭ ਨਾਲੋਂ ਬੜੇ ਭਾਈ ਦਾ ਨਾਮ ਸੀ ਸੁਰਮੁਖ, ਓਹਤੋਂ ਛੋਟੇ ਦਾ ਨਾਂ ਸਰਦੂਲ ਤੇ ਓਹਤੋਂਛੋਟੇ ਦਾ ਨਾਂ ਈਸਰ ਸੀ। ਮੈਂ ਮਹਿੰਦਰ ਆਂ ਤੇ ਮੈਥੋਂ ਛੋਟਾ ਸੁਵਿੰਦਰ। ਛੋਟਾ ਤਾਂ ਹੱਲਿਆਂ ਵਿਚ ਮਾਂ ਦੇ ਕੁੱਛੜ ਸੀ। ਉਹ ਹਾਲੇ ਹੈਗਾ, ਬੜੇ ਤਿੰਨੋਂ ਮਰ ਗਏ ਨੇ।” ਉਦਾਸ ਹੁੰਦਿਆ ਬਾਬਾ ਚੁੱਪ ਹੋ ਗਿਆ।

“ਕੋਈ ਬਾਰ ਦੀ ਗੱਲ ਸੁਣਾਓ?” ਉਹਨੂੰ ਉਦਾਸੀ ’ਚੋਂ ਕੱਢਣ ਲਈ ਮੈਂ ਨਵਾਂ ਸਵਾਲ ਕੀਤਾ।

“ਬਾਰ ਦੇ ਕਿਆ ਨਜ਼ਾਰੇ ਤੇ! ਸਾਡਾ ਚੱਕ ਤਾਂ ਵੈਸੇ ਵੀ ਮੰਨਿਆ-ਦੰਨਿਆ ਸੀ। ਸਾਰੇ ਰੱਜਵੀਂ ਰੋਟੀ ਖਾਂਦੇ ਸੀ। ਮੇਰੀਆਂ ਵੱਡੀਆਂ ਭੈਣਾਂ, ਜਗੀਰ ਕੌਰ ਤੇ ਗੁਰਦਿਆਲ ਕੌਰ, ਇੱਕੀ ਚੱਕ ਵਿਚ ਮੰਗੀਆਂ ਹੋਈਆਂ ਸੀ। ਉਹ ਵੀ ਅੰਬਾਲੀਏ ਸਨ। ਦੋਵਾਂ ਦੇ ਵਿਆਹ ਧਰੇ ਹੋਏ ਸੀ। ਘਰ ਵਿਚ ਸੱਤ ਪੀਪੇ ਘੇ ਦੇ ਜੋੜੇ ਹੋਏ ਸੀ ਤੇ ਕੱਪੜਿਆਂ ਨਾਲ ਦੋ ਪੇਟੀਆਂ ਭਰੀਆਂ ਹੋਈਆਂ ਸੀ। ਫਿਰ…।” ਬਾਬੇ ਨੇ ਨਿਰਾਸ਼ਾ ਵਿਚ ਸਿਰ ਘੁੰਮਾਇਆ।

“…ਸੰਤਾਲੀ ਆ ਗਿਆ। ਆਲੇ-ਦੁਆਲੇ ਦੇ ਚੱਕਾਂ ’ਤੇ ਹਮਲੇ ਹੋਣ ਲੱਗ ਪਏ। ਸਾਡਾ ਬਾਪੂ ਕਹਿੰਦਾ ਕਿ ਅਸੀਂ ਆਪਣਾ ਚੱਕ ਛੱਡ ਕੇ ਕਿਤੇ ਨਹੀਂ ਜਾਣਾ। ਪਿੰਡ ਵਾਲੇ ਆਖਦੇ ਕਿ ਜਦੋਂ ਸਰਕਾਰਾਂ ਨੇ ਹੀ ਰੱਦੋ ਬਦਲ ਕਰ ਦਿੱਤੀ, ਫਿਰ ਬੰਦਿਆਂ ਨੂੰ ਤਾਂ ਜਾਣਾ ਹੀ ਪੈਣਾ। ਬਾਪੂ ਉਨ੍ਹਾਂ ਨਾਲ ਪੂਰਾ ਬਹਿਸਦਾ। ਗੁੱਸੇ ਵਿਚ ਆਖਦਾ-ਸਰਕਾਰਾਂ ਕੌਣ ਹੁੰਦੀਆਂ ਨੇ ਸਾਡੀ ਹੋਣੀ ਦਾ ਫ਼ੈਸਲਾ ਕਰਨ ਵਾਲੀਆਂ? ਮੈਂ ਨਹੀਂ ਜਾਣਾ, ਮੈਂ ਤਾਂ ਉਰ੍ਹੇ ਰਹੂੰਗਾ।

ਥੋੜ੍ਹੇ ਦਿਨਾਂ ਬਾਅਦ, ਸਿੱਖਾਂ ਦੇ ਚੱਕਾਂ ਵਿਚ ਅੱਗਾਂ ਲੱਗਣ ਲੱਗ ਪਈਆਂ। ਸਾਡੇ ਪਿੰਡ ਵਿਚ ਅਸਲਾ ਬੜਾ ਸੀ। ਪੰਜ-ਸੱਤ ਬੰਦੇ ਗੱਡੀ ਵਿਚ, ਸਾਡੇ ਚੱਕ ਨੂੰ ਅੱਗ ਲਗਾਉਣ ਆ ਗਏ। ਉਨ੍ਹਾਂ ਦੀ ਗੱਡੀ ਖੇਤਾਂ ਵਿਚ ਫਸ ਗਈ। ਸਾਡੇ ਚੱਕ ਵਾਲਾ ਬੀਰ ਸਿੰਘ ਮੰਡੇਰ ਪਹਿਲਾਂ ਹੀ ਬੰਦੇ ਲੈ ਕੇ ਮੁਕਾਬਲੇ ਲਈ ਤਿਆਰ ਖੜ੍ਹਾ ਸੀ। ਹਮਲਾਵਰ ਭੱਜਣ ਲੱਗੇ ਤਾਂ ਸਾਡੇ ਚੱਕ ਵਾਲਿਆਂ ਨੇ ਘੇਰ ਲਏ। ਉਨ੍ਹਾਂ ਬੰਦਿਆਂ ਨੂੰ ਮਾਰ ਕੇ, ਉਸੀ ਗੱਡੀ ਵਿਚ ਸੁੱਟਿਆ ਤੇ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ, ਸਿਆਣਿਆਂ ਨੇ ਹੋਕਾ ਦੇ ਕੇ ਇਕੋ ਗੱਲ ਆਖੀ ਕਿ ਹੁਣ ਸਾਡੇ ਕੋਲ ਕੋਈ ਵਕਤ ਨਹੀਂ ਹੈਗਾ। ਲੋੜ ਜੋਗਾ ਰਾਸ਼ਣ-ਪਾਣੀ ਚੁੱਕੋ ਤੇ ਗੱਡੇ ਜੋੜ ਕੇ ਤੁਰਨ ਵਾਲੀ ਗੱਲ ਕਰੋ।

ਸਾਡਾ ਗੱਡਾ ਜਮ੍ਹਾਂ ਬੋਦਾ ਜਿਹਾ ਸੀ। ਅਸੀਂ ਵੀ ਆਪਣੇ ਜੋਗਾ ਆਟਾ ਤੇ ਬਲਦਾਂ ਜੋਗੇ ਦਾਣੇ ਗੱਡੇ ’ਤੇ ਧਰ ਲਏ। ਘਰ ’ਚੋਂ ਹੋਰ ਕੁਸ਼ ਨਹੀਂ ਚੁੱਕਿਆ। ਬਾਪੂ ਨੇ ਨੀਵੀਂ ਪਾਈ ਗੱਡਾ ਜੋੜਿਆ ਤੇ ਅਸੀਂ ਰੋਂਦੇ ਹੋਏ ਪਿੰਡੋਂ ਤੁਰ ਪਏ।

ਪਿੰਡੋਂ ਨਿਕਲੇ ਤਾਂ ਰਾਹ ਵਿਚ ਗੋਰਖਾ ਮਿਲਟਰੀ ਮਿਲ ਗਈ। ਸਿਪਾਹੀ ਕਹਿੰਦੇ ਕਿ ਸੜਕੋ-ਸੜਕ ਸਿੱਧੇ ਤੁਰੀ ਜਾਣਾ ਏ। ਅੰਦਰ ਤੁਹਾਨੂੰ ਕੋਈ ਛੇੜ ਨਹੀਂ ਸਕਦਾ, ਜਿਹੜਾ ਆਸੇ-ਪਾਸੇ ਨਿਕਲ ਗਿਆ, ਉਹਦੀ ਕੋਈ ਜ਼ਿੰਮੇਵਾਰੀ ਨਹੀਂ। ਅਗਲੇ ਦਿਨ ਉਨ੍ਹਾਂ ਸਾਨੂੰ ਵੱਡੇ ਕਾਫ਼ਲੇ ਨਾਲ ਮਿਲਾ ਦਿੱਤਾ।

ਗੱਡੇ ਉੱਤੇ ਕਦੇ ਮੇਰੀ ਮਾਂ ਬੈਠ ਜਾਂਦੀ, ਕਦੇ ਛੋਟੇ ਬੱਚੇ ਬੈਠ ਜਾਂਦੇ। ਘਰੋਂ ਲਿਆਂਦਾ ਆਟਾ ਤਾਂ ਚਾਰ ਦਿਨਾਂ ਵਿਚ ਮੁੱਕ ਗਿਆ ਸੀ। ਭੁੱਖ ਸਤਾਉਣ ਲੱਗੀ। ਰਾਹ ਵਿਚ ਤਿੰਨ ਕਿੱਲਿਆਂ ਵਿਚ ਖੀਰੇ ਲੱਗੇ ਹੋਏ ਸੀ। ਜਿਹੜਾ ਖੀਰਾ ਖਾ ਲੈਂਦਾ, ਉਹੀ ਕਿੱਲੇ ਦੀ ਵਾਟ ’ਤੇ ਜਾ ਕੇ ਖ਼ਤਮ ਹੋ ਜਾਂਦਾ। ਉਨ੍ਹਾਂ ਖੀਰਿਆਂ ਨੂੰ ਜ਼ਹਿਰ ਦੇ ਟੀਕੇ ਲਗਾਏ ਹੋਏ ਸੀ। ਲਓ ਜੀ, ਉੱਥੇ ਤਾਂ ਲਾਸ਼ਾਂ ਦੇ ਢੇਰ ਲੱਗ ਗਏ। ਇਕ ਬੱਚਾ ਦੁੱਧ ਚੁੰਘੇ, ਮਾਂ ਉਹਦੀ ਮਰੀ ਪਈ ਸੀ।

ਸਾਡੇ ਪਿੰਡ ਵਾਲਿਆਂ ਨੂੰ ਬਲੋਚ ਰਜਮੰਟ ਲੱਭਦੀ ਫਿਰਦੀ ਸੀ। ਇਨ੍ਹਾਂ ਉਨ੍ਹਾਂ ਦੀ ਗੱਡੀ ਫੂਕੀ ਸੀ ਤੇ ਪੰਜ-ਸੱਤ ਬੰਦੇ ਵੀ ਮਾਰੇ ਸਨ। ਇਸ ਵਜ੍ਹਾ ਤੋਂ ਉਹ ਕਹਿੰਦੇ ਸੀ ਕਿ ਚੌਂਤੀ ਚੱਕੀਆਂ ਨੂੰ ਬੱਲੋ ਕੀ ਹੈੱਡ ਤੋਂ ਦੀ ਲੰਘਣ ਨਹੀਂ ਦੇਣਾ। ਉੱਥੋਂ ਸਾਡੇ ਪਿੰਡ ਵਾਲੇ ਸੈਂਤੀ ਚੱਕੀਏ ਬਣ ਕੇ ਨਿਕਲੇ। ਉਹ ਪੁੱਛਣ ਲੱਗੇ-ਚੌਂਤੀ ਵਾਲਿਆਂ ਦਾ ਕਾਫ਼ਲਾ ਕਿੱਥੇ ਕੁ ਆਉਂਦਾ? ਸਾਡੇ ਬਜ਼ੁਰਗ ਕਹਿਣ ਲੱਗੇ-ਸਾਥੋਂ ਮੂਹਰੇ ਚੌਂਤੀ ਵਾਲਿਆਂ ਦੇ ਹੀ ਗੱਡੇ ਲੰਘੇ ਨੇ।” ਇਹ ਕਹਿੰਦਿਆਂ, ਉਹ ਮੁਸਕਰਾਇਆ।

“ਇੱਧਰ ਆ ਕੇ ਸਾਨੂੰ ਕਈ ਪਿੰਡਾਂ ਵਿਚ ਭਟਕਣਾ ਪਿਆ। ਆਖ਼ਰ ਸਾਨੂੰ ਬਸੀ ਪਠਾਣਾ ਜ਼ਮੀਨ ਪਈ। ਕਿਸੇ ਨਾਲ ਜ਼ਮੀਨ ਵਟਾ ਕੇ ਅਸੀਂ ਇਸ ਪਿੰਡ ਆ ਗਏ। ਇੱਥੇ ਸਿਆਲਕੋਟੀਏ ਸਾਥੋਂ ਪਹਿਲਾਂ ਆਏ ਹੋਏ ਸਨ। ਲੋਕ ਆਖਣ ਲੱਗੇ ਕਿ ਇਨ੍ਹਾਂ ਲੋਕਾਂ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਇਨ੍ਹਾਂ ਨਾਲ ਨਾ ਤੁਹਾਡੀਆਂ ਆਦਤਾਂ ਮਿਲਦੀਆਂ ਨੇ, ਨਾ ਰਹਿਣ-ਸਹਿਣ।

ਬਾਪੂ ਕਹਿੰਦਾ-ਮੈਂ ਸਾਰੇ ਫ਼ਰਕਾਂ ਨੂੰ ਸਹਿ ਲਊਂਗਾ।

ਹੁਣ ਤਾਂ ਨਿਜ਼ਾਮੂ ਕੋਟਲੇ ਵਿਚ ਸਿਆਲਕੋਟੀਆਂ ਦਾ ਬਸ ਇਕ ਟੱਬਰ ਰਹਿ ਗਿਆ ਏ। ਬਾਕੀ ਸਾਰੇ ਜ਼ਮੀਨ ਵੇਚ ਕੇ ਇੱਥੋਂ ਚਲੇ ਗਏ ਨੇ।

ਸਾਡੇ ਚੱਕ ਵਾਲੇ ਦਾਰਾ ਸਿੰਘ ਦਾ ਟੱਬਰ ਸੈਂਪਲੇ, ਗੁਰਬਚਨ ਸਿੰਘ ਦਾ ਸਰ ਕੱਪੜੇ, ਲਾਭ ਸਿੰਘ ਦਾ ਨਢਿਆੜੀ ਤੇ ਸਾਡਾ ਟੱਬਰ ਇਸ ਪਿੰਡ ਵਿਚ ਬੈਠ ਗਿਆ। ਹੁਣ ਤਾਂ ਅਸੀਂ ਇੱਥੋਂ ਦੇ ਵਾਸੀ ਹੋ ਗਏ ਆਂ। ਕਦੇ-ਕਦੇ ਉਹ ਚੌਂਤੀ ਚੱਕ ਯਾਦ ਜ਼ਰੂਰ ਆ ਜਾਂਦਾ। ਕੁਝ ਸਾਲ ਪਹਿਲਾਂ, ਸੈਂਪਲੇ ਵਾਲਾ ਦਾਰਾ ਸਿੰਘ ਚੌਂਤੀ ਚੱਕ ਵਿਚ ਗਿਆ ਸੀ। ਉਹ ਕਹਿੰਦਾ ਕਿ ਸਾਡੇ ਘਰਾਂ ਮੂਹਰੇ ਜਿਹੜੀਆਂ ਖਾਲੀ ਥਾਵਾਂ ਪਈਆਂ ਸੀ, ਹੁਣ ਉੱਥੇ ਵੀ ਮਕਾਨ ਬਣ ਗਏ ਨੇ। ਬਸ ਚਾਰ ਕੁ ਕਰਮਾ ਦਾ ਪਹਾ ਜਿਹਾ ਰਹਿ ਗਿਆ ਏ।” ਬਾਬੇ ਨੇ ਕੌੜਾ ਜਿਹਾ ਮੁਸਕਰਾਉਂਦਿਆਂ ਗੱਲ ਮੁਕਾਈ।

“ਤੁਸੀਂ ਨਹੀਂ ਜਾਣਾ, ਆਪਣਾ ਚੌਂਤੀ ਚੱਕ ਵੇਖਣ?” ਮੈਂ ਸਵਾਲ ਕੀਤਾ।

“ਹੁਣ ਕੀ ਜਾਣਾ! ਹੁਣ ਤਾਂ ਉੱਪਰ ਵਾਲੀ ਚਿੱਠੀ ਉਡੀਕਦੇ ਪਏ ਆਂ! ਜਦੋਂ ਆ ਗਈ, ਤਦੇ ਤੁਰ ਪੈਣਾ। ਬੜੇ ਰੰਗ ਵੇਖ ਲਏ ਨੇ ਜ਼ਿੰਦਗੀ ਦੇ। ਇੱਧਰ ਆ ਕੇ, ਨਵੇਂ ਸਿਰਿਓਂ ਜ਼ਿੰਦਗੀ ਦਾ ਪਹਾੜਾ ਪੜ੍ਹਨਾ ਪਿਆ। ਭੈਣਾਂ ਦੇ ਵਿਆਹ ਕੀਤੇ; ਬਸ ਸਾਧਾਰਨ ਜਿਹੇ। ਉਨ੍ਹਾਂ ਲਈ ਬਣਾਇਆ ਸਾਰਾ ਸਾਮਾਨ ਤਾਂ ਓਧਰ ਹੀ ਰਹਿ ਗਿਆ ਸੀ। ਦੋ ਪੇਟੀਆਂ…।” ਉਹਨੇ ਠੰਢਾ ਹਉਕਾ ਭਰਿਆ।

“…ਨੱਕੋ-ਨੱਕ ਭਰੀਆਂ ਹੋਈਆਂ ਸੀ। ਜਦੋਂ ਅਸੀਂ ਘਰੋਂ ਨਿਕਲਣ ਲੱਗੇ ਤਾਂ ਬਾਪੂ ਮੇਰੇ ਵੱਡੇ ਭਾਈ ਨੂੰ ਕਹਿੰਦਾ- ਸੁਰਮੁਖ ਸਿਆਂ, ਪੇਟੀਆਂ ਦੇ ਜਿੰਦਰੇ ਖੋਲ੍ਹ ਦੇ। ਅਸੀਂ ਸਾਰੇ ਹੈਰਾਨ ਹੋ ਕੇ ਬਾਪੂ ਵੱਲ ਵੇਖਣ ਲੱਗੇ। ਮਾਂ ਪੁੱਛਦੀ-ਭਲਾ ਕਾਹਤੋਂ? ਮੂਹਰਿਓਂ ਬਾਪੂ ਬੋਲਿਆ-ਜਿਹੜੇ ਇਸ ਘਰ ਨੂੰ ਲੁੱਟਣ ਆਉਣਗੇ, ਉਨ੍ਹਾਂ ਨੂੰ ਜਿੰਦਰੇ ਨਾ ਤੋੜਨੇ ਪੈਣ!”

ਗੱਲ ਮੁੱਕ ਗਈ ਸੀ ਤੇ ਬਾਬੇ ਦੀਆਂ ਅੱਖੀਆਂ ਵਿਚੋਂ ਅੱਥਰੂ ਵਹਿਣੇ ਸ਼ੁਰੂ ਹੋ ਗਏ ਸਨ।

ਮਲ੍ਹਮ

ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ਼ ਹੁੰਦੇ ਵਪਾਰ ਦਾ ਕੇਂਦਰ ਸੀ। ਉਨ੍ਹਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਾਜ਼ਾਰ 'ਚੋਂ ਉੱਠ ਕੇ ਫਿਜ਼ਾ 'ਚ ਘੁਲ-ਮਿਲ ਜਾਂਦੀ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵੱਸਿਆ ਤੇ ਬੁੱਢੇ ਪਿੱਪਲਾਂ, ਅੰਬਾਂ ਤੇ ਜਾਮਣਾਂ 'ਚ ਅੱਧਲੁਕਿਆ ਇਹ ਪਿੰਡ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਨੇ ਬੰਨ੍ਹਿਆਂ ਸੀ।ਜ਼ਮੀਨਾਂ ਦੇ ਮਾਲਕ ਰਾਜਪੂਤ ਪਰ੍ਹਿਆਂ ਤੇ ਹਵੇਲੀਆਂ 'ਚ ਬੈਠੇ ਹੁੱਕੇ ਗੁੜਗੁੜਾਂਦੇ, ਗੱਲਾਂ 'ਚ ਮਸਤ...

ਸੂਬੇਦਾਰਾ, ਮੈਨੂੰ ਮੁਆਫ ਕਰੀਂ

ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ।ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲ਼ੀਆਂ ’ਚ ਸ਼ੁਦੈਣਾ ਵਾਂਗ ਘੁੰਮਦੇ ਵੇਖਿਆ ਹੈ। ਛਿੰਦੋ ਸਾਡੇ ਪਿੰਡ ਦੀ ਧੀ ਸੀ। ਉਹ ਵਿਆਹੀ ਹੋਈ ਸੀ। ਉਹਦੇ ਬੱਚੇ ਸਨ। ਕਦੇ ਉਹ ਸਹੁਰਿਆਂ ਦੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੁੜ ਆਉਂਦੀ। ਬਾਪੂ ਵਾਲੇ ਘਰ ਦੇ ਬੂਹੇ ਖੋਲ੍ਹ ਲੈਂਦੀ। ਉਹਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ। ਉਹ ਸਵਰਨ ਕੌਰ ਦੇ ਪਾਕਿਸਤਾਨ ਤੁਰ ਜਾਣ ਤੋਂ ਛੇਤੀਂ...