13 C
Los Angeles
Thursday, December 26, 2024

ਜਸ਼ਨ

‘ਜਸ਼ਨ ਮੈਰਿਜ ਪੈਲੇਸ’ ਵਿੱਚ ਉਸ ਰਾਤ ਅੱਠ ਵਜੇ ਉਹਦੇ ਸਾਲ਼ੇ ਦੇ ਮੁੰਡੇ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ। ਮੁੰਡਾ ਪਿਛਲੇ ਦਿਨ ਵਿਆਹ ਕੇ ਲਿਆਂਦਾ ਸੀ। ਬਾਰਾਤ ਵਿੱਚ ਬਹੁਤੇ ਬੰਦੇ ਨਹੀਂ ਗਏ। ਸਿਰਫ਼ ਚਾਲੀ ਬੰਦੇ ਸਨ। ਅਗਲਿਆਂ ਨੇ ਵਿਆਹ ਬੜੀ ਠਾਠ-ਬਾਠ ਨਾਲ ਕੀਤਾ ਸੀ। ਪੂਰਾ ਦਾਜ-ਦਹੇਜ਼ ਦਿੱਤਾ। ਫਰਿੱਜ, ਟੈਲੀਵਿਜ਼ਨ, ਸੋਫ਼ਾ ਸੈੱਟ, ਮਹਿੰਗੀਆਂ-ਮਹਿੰਗੀਆਂ ਸਭ ਚੀਜ਼ਾਂ ਸਨ। ਕੱਪੜਿਆਂ ਦਾ ਅੰਤ ਨਹੀਂ ਸੀ। ਮੁੰਡੇ ਨੂੰ ਮਾਰੂਤੀ ਕਾਰ ਵੀ ਦਿੱਤੀ ਸੀ। ਐਕਟ੍ਰੇਸ ਵਰਗੀ ਕੁੜੀ ਸੀ ਫੇਰ। ਉਹਨਾਂ ਨੇ ਤਾਂ ਬਾਰਾਤ ਨੂੰ ਵੀ ਕਿਹਾ ਸੀ ਕਿ ਜਿੰਨੇ ਮਰਜ਼ੀ ਆ ਜਾਓ, ਪਰ ਉਹ ਸਿਰਫ਼ ਚਾਲੀ ਗਏ ਸਨ। ਨੌਜਵਾਨ ਮੁੰਡੇ ਤੇ ਨੌਜਵਾਨ ਕੁੜੀਆਂ ਬਾਰਾਤ ਵਿੱਚ ਸ਼ਾਮਲ ਸਨ। ਗਿੱਧੇ-ਭੰਗੜੇ ਪਾਉਂਦੇ, ਗੀਤ ਗਾਉਂਦੇ ਤੇ ਮਸਤੀਆਂ ਵਿੱਚ ਝੂਮਦੇ। ਉਹਦੇ ਸਾਲ਼ੇ ਜੋਗਿੰਦਰ ਪਾਲ ਦਾ ਵਿਚਾਰ ਸੀ ਕਿ ਬਾਰਾਤ ਥੋੜ੍ਹੀ ਹੀ ਠੀਕ ਹੈ। ਘਰਦਿਆਂ-ਘਰਦਿਆਂ ਨੂੰ ਲੈ ਕੇ ਜਾਵਾਂਗੇ ਪਰ ਰਿਸੈਪਸ਼ਨ ‘ਤੇ ਸਭ ਨੂੰ ਸੱਦਾਂਗੇ, ਰਿਸੈਪਸ਼ਨ ਵੇਲੇ ਹੀ ਲਾਵਾਂਗੇ ਪੂਰਾ ਜ਼ੋਰ। ਕੁੱਲ੍ਹ ਦੁਨੀਆ ਆਵੇਗੀ। ਮੁੰਡੇ ਦੇ ਸਹੁਰੀਂ ਵਿਆਹ ਵੇਲੇ ਤਾਂ ਕੁੜੀ ਵਾਲਿਆਂ ਦਾ ਫੰਕਸ਼ਨ ਹੈ ਓਥੇ, ਆਪਣਾ ਥੋੜ੍ਹਾ ਹੈ। ਆਪਾਂ ਤਾਂ ਜਾਣਾ ਹੈ ਤੇ ਕੁੜੀ ਲੈ ਆਉਣੀ ਹੈ। ਫੰਕਸ਼ਨ ਤਾਂ ਉਹਨਾਂ ਦਾ ਹੈ। ਆਪਾਂ ਨੇ ਕੀ ਕਰਨਾ ਹੈ ਬਹੁਤੇ ਬੰਦਿਆਂ ਨੇ ਜਾ ਕੇ। ਰਾਮ ਨਾਰਾਇਣ ਸੋਚਦਾ ਸੀ, ਜੇ ਬਾਰਾਤ ਵਿੱਚ ਘਰ ਦੇ ਬੰਦੇ ਹੀ ਗਏ ਸਨ ਤਾਂ ਉਹਨਾਂ ਵਿੱਚ ਉਹ ਕਿਉਂ ਨਹੀਂ ਸੀ? ਕੀ ਉਹ ਘਰ ਦਾ ਨਹੀਂ ਸੀ? ਸਵੇਰੇ-ਸਵੇਰੇ ਉੱਠ ਕੇ ਸਭ ਤਿਆਰ ਹੋਏ ਸਨ। ਘਰ ਵਿੱਚ ਸ਼ੋਰ ਪਿਆ ਹੋਇਆ ਸੀ। ਉਹਨੂੰ ਉੱਤੇ ਚੁਬਾਰੇ ਵਿੱਚ ਪਏ ਨੂੰ ਕਿਉ ਨਹੀਂ ਜਗਾਇਆ ਗਿਆ ਸੀ? ਉਹਨੂੰ ਤਾਂ ਸਵੇਰ ਦੀ ਚਾਹ ਵੀ ਨਹੀਂ ਦਿੱਤੀ ਗਈ ਸੀ। ਸਭ ਨੇ ਸੋਚਿਆ ਹੋਵੇਗਾ, ਉਹਨੂੰ ਜਗਾ ਕੇ ਕੀ ਕਰਨਾ ਹੈ। ਉਹਨੂੰ ਕਿਹੜਾ ਨਾਲ ਲੈ ਕੇ ਜਾਣਾ ਹੈ। ਹੋਰ ਤਾਂ ਹੋਰ ਉਹਦੀ ਆਪਣੀ ਘਰਵਾਲੀ ਵੀ ਉਹਨੂੰ ਜਗਾਉਣ ਨਹੀਂ ਆਈ। ਚਾਹ ਵੀ ਨਹੀਂ ਦੇ ਕੇ ਗਈ। ਬਾਰਾਤ ਵਿੱਚ ਸਾਂਢੂ ਗਿਆ ਸੀ ਮੁਹਰੀ ਬਣ ਕੇ। ਦੋਵੇਂ ਭੈਣਾਂ ਗਈਆਂ ਸਨ, ਘੋੜੀਆਂ ਵਾਂਗ ਤੰਗ-ਪੈੜਾ ਕੱਸ ਕੇ। ਸਾਂਢੂ ਨੇ ਤਾਂ ਕੀ ਸੋਚਿਆ ਹੋਵੇਗਾ, ਉਹਦੇ ਸਾਲ਼ੇ ਜੋਗਿੰਦਰ ਪਾਲ ਨੂੰ ਸੋਚਣਾ ਚਾਹੀਦਾ ਸੀ ਕਿ ਵੱਡਾ ਭਣੋਈਆ ਜਸਵੰਤ ਰਾਏ, ਜੋ ਬਾਰਾਤ ਜਾ ਰਿਹਾ ਹੈ ਤਾਂ ਛੋਟਾ ਰਾਮ ਨਾਰਾਇਣ ਵੀ ਜਾਵੇ। ਉਹਦੀ ਘਰਵਾਲੀ ਮੀਨਾਕਸ਼ੀ ਨੂੰ ਸ਼ਰਮ ਨਹੀਂ ਆਈ, ਇਕੱਲੀ ਉੱਠ ਕੇ ਤੁਰ ਗਈ। ਉਹ ਤਾਂ ਓਦੋਂ ਚੁਬਾਰੇ ਵਿੱਚੋਂ ਬਾਹਰ ਆਇਆ ਸੀ, ਜਦੋਂ ਬਾਰਾਤ ਜਾ ਚੁੱਕੀ ਸੀ। ਘਰ ਵਿੱਚ ਕੁਝ ਬਜ਼ੁਰਗ ਤੇ ਬੁੜ੍ਹੀਆਂ ਸਨ ਜਾਂ ਉਹ ਕੁਝ ਲੋਕ, ਜਿਹਨਾਂ ਨੂੰ ਘਰ ਦੀਆਂ ਕੋਈ ਜ਼ਿੰਮੇਵਾਰੀਆਂ ਸੌਂਪ ਕੇ ਉਹ ਛੱਡ ਗਏ ਸਨ। ਜਦੋਂ ਉਹ ਥੱਲੇ ਉੱਤਰਿਆ ਸੀ ਤਾਂ ਘਰ ਦੀ ਇੱਕ ਬਜ਼ੁਰਗ ਔਰਤ ਨੇ ਉਹਨੂੰ ਪਿਆਰ ਨਾਲ ਪੁੱਛਿਆ ਸੀ, “ਚਾਹ ਦੇਵਾਂ ਸਾਉ?” ਇਹ ਬਜ਼ੁਰਗ ਔਰਤ ਉਹਨਾਂ ਦੀ ਕਿਸੇ ਰਿਸ਼ਤੇਦਾਰੀ ਵਿੱਚੋਂ ਸੀ। 

⁠ਕੱਲ੍ਹ ਉਹਨੂੰ ਬਾਰਾਤ ਲੈ ਕੇ ਨਹੀਂ ਗਏ, ਚੱਲੋ ਕੋਈ ਗੱਲ ਨਹੀਂ, ਪਰ ਇਹ ਜੋ ਸਭ ਹੋ ਰਿਹਾ ਹੈ। ਉਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਜੋ ਕੀਤਾ ਜਾ ਰਿਹਾ ਹੈ। ਇਸ ਸਭ ਉਹਦੇ ਸਾਂਢੂ ਜਸਵੰਤ ਰਾਏ ਦੀ ਉਂਗਲ ਹੈ। ਉਹ ਵੱਡਾ ਜੁਆਈ ਹੈ ਤਾਂ ਕੀ। ਜੁਆਈ ਤਾਂ ਸਭ ਇਕੋ ਜਿਹਾ ਰੁਤਬਾ ਰੱਖਦੇ ਹਨ। ਮੈਂ ਵੀ ਤਾਂ ਜੁਆਈ ਹਾਂ ਇਸ ਘਰ ਦਾ। ਜਸਵੰਤ ਰਾਏ ਦੇ ਬਰਾਬਰ ਦਾ ਜੁਆਈ ਹਾਂ। ਮੇਰੀ ਐਨੀ ਦੱਸ-ਪੁੱਛ ਕਿਉਂ ਨਹੀਂ? ਜਸਵੰਤ ਰਾਏ ਹੀ ਹੈ ਬਸ ਇੱਕ, ਪੰਜ ਕਰੇ-ਪੰਜਾਹ ਕਰੇ। ਉਹਦੇ ਸਾਲ਼ੇ ਜੋਗਿੰਦਰ ਪਾਲ ਨੂੰ ਕੁਝ ਸਮਝਣਾ ਚਾਹੀਦਾ ਹੈ। ਜੋਗਿੰਦਰ ਪਾਲ ਨਹੀਂ ਸੋਚਦਾ ਤਾਂ ਮੀਨਾਕਸ਼ੀ ਕਿਉਂ ਨਹੀਂ ਸੋਚਦੀ? ਮੀਨਾਕਸ਼ੀ ਨੂੰ ਡੁੱਬ ਮਰਨਾ ਚਾਹੀਦਾ ਹੈ। ਉਹਦੇ ਘਰਵਾਲੇ ਦੀ ਇਸ ਵਿਆਹ ਵਿੱਚ ਕੌਡੀ ਜਿੰਨੀ ਵੀ ਕਿਧਰੇ ਕੋਈ ਕੀਮਤ ਨਹੀਂ ਹੈ। ਕੀ ਹੈ, ਜੋ ਜਸਵੰਤ ਰਾਏ ਡਾਕਟਰ ਹੈ। ਉਹਦੀ ਦੁਕਾਨ ਵਧੀਆ ਚੱਲਦੀ ਹੈ। ਉਹਦੇ ਕੋਲ ਪੈਸਾ ਹੈ ਤੇ ਸ਼ਾਨਦਾਰ ਕੋਠੀ ਵੀ ਹੈ। ਕੋਠੀ ਨਾਲ ਕਾਰ ਹੈ। ਕੀ ਹੋਇਆ, ਜੇ ਮੇਰੇ ਕੋਲ ਕੋਠੀ ਨਹੀਂ, ਕਾਰ ਨਹੀਂ, ਪਰ ਮੇਰੇ ਕੋਲ ਮਕਾਨ ਹੈ, ਆਪਣਾ ਮਕਾਨ ਹੈ। ਕੋਠੀ ਵਰਗਾ ਹੀ ਮਕਾਨ ਹੈ। ਮੈਂ ਕਿਧਰੇ ਕਿਰਾਏ ਦੇ ਮਕਾਨ ਵਿੱਚ ਤਾਂ ਨਹੀਂ ਰਹਿੰਦਾ। ਮੇਰੇ ਕੋਲ ਸਕੂਟਰ ਹੈ। ਮੈਨੂੰ ਕਾਰ ਦੀ ਲੋੜ ਹੀ ਨਹੀਂ। ਸਕੂਟਰ ਨਾਲ ਹੀ ਸਰ ਜਾਂਦਾ ਹੈ। ਮੈਂ ਚੰਗਾ ਖਾਂਦਾ-ਪੀਂਦਾ ਹਾਂ। ਮੀਨਾਕਸ਼ੀ ਨੂੰ ਕਿਸੇ ਗੱਲ ਦੀ ਕਮੀ ਨਹੀਂ। ਮੈਂ ਜੇ ਗੁੜ-ਚਾਹ ਦੀ ਦੁਕਾਨ ਕਰਦਾ ਹਾਂ ਤਾਂ ਕੀ। ਗਾਹਕ ਤਾਂ ਮੇਰੇ ਵੀ ਬਹੁਤ ਹਨ। ਵੀਹ ਪਿੰਡ ਮੇਰੀ ਦੁਕਾਨ ‘ਤੇ ਆਉਂਦੇ ਹਨ। ਪੂਰੀ ਕਮਾਈ ਹੈ। ਕੀ ਘਾਟਾ ਹੈ, ਮੇਰੇ ਘਰ? ਕੀ ਹੋਇਆ, ਜੇ ਮੈਂ ਜਸਵੰਤ ਰਾਏ ਵਾਂਗ ਖ਼ਾਸ ਅੰਦਾਜ਼ ਵਿੱਚ ਸਿਗਰਟ ਨਹੀਂ ਪੀਂਦਾ। ਸਾਲਾ ਵੱਡਾ ਧਨਾਢ, ਅੱਧੀ ਸਿਗਰਟ ਪੀਂਦਾ ਹੈ, ਅੱਧੀ ਸੁੱਟ ਦਿੰਦਾ ਹੈ। ਪੈਰ ਥੱਲੇ ਮਸਲ ਦਿੰਦਾ ਹੈ। ਵੱਡਾ ਡਾਕਟਰ ਆਇਆ ਹੈ, ਰੱਖੀ ਬੈਠਾ ਹੋਵੇਗਾ ਚਾਰ ਸ਼ੀਸ਼ੀਆਂ। ਕਿਹੜੇ ਆਉਂਦੇ ਹੋਣਗੇ ਇਹਦੇ ਕੋਲ ਮਰੀਜ਼, ਨਸ਼ੇ ਦੀਆਂ ਗੋਲੀਆਂ ਵੇਚਦਾ ਹੋਵੇਗਾ। ਏਸੇ ਕਰਕੇ ਬਣਿਆ ਬੈਠਾ ਹੈ ਵੱਡਾ ਅਮੀਰ। ਨਾਲੇ ਡਾਕਟਰ ਦਾ ਕੀ ਹੈ, ਜਿੰਨਾ ਮਰਜ਼ੀ ਲੁੱਟੀ ਜਾਵੇ ਲੋਕਾਂ ਨੂੰ। ਕਿਹੜਾ ਕਿਸੇ ਨੇ ਬੋਲਣਾ ਹੈ। ਮਰੀਜ਼ ਤੋਂ ਕਿੰਨੇ ਪੈਸੇ ਮੰਗ ਲਓ, ਉਹਨੇ ਕੱਢ ਕੇ ਫੜਾ ਦੇਣੇ ਹਨ। ਸਾਡੀ ਦੁਕਾਨ ਉੱਤੇ ਗਾਹਕ ਆਉਂਦਾ ਹੈ, ਭਾਅ ਤੋੜ ਕੇ ਸੌਦਾ ਲੈਂਦਾ ਹੈ। ਅਸੀਂ ਉਹਨੂੰ ਵੱਧ ਭਾਅ ਲਾਈਏ ਤਾਂ ਉਹ ਸਾਡੀ ਦੁਕਾਨ ਛੱਡ ਕੇ ਅਗਲੀ ਕਿਸੇ ਦੁਕਾਨ ‘ਤੇ ਤੁਰ ਜਾਵੇਗਾ। ਮੈਂ ਹੱਕ ਦੀ ਕਮਾਈ ਖਾਂਦਾ ਹਾਂ। ਜਸਵੰਤ ਰਾਏ ਦੀ ਦੁਕਾਨ ਸਭ ਠੱਗੀ-ਠੋਰੀ ਦਾ ਜਾਲ਼ ਹੈ।

⁠ਤੇ ਹੁਣ ਜਦੋਂ ਰਿਸੈਪਸ਼ਨ ਦਾ ਸਮਾਂ ਆ ਗਿਆ, ਅੱਠ ਵੱਜ ਗਏ ਤਾਂ ਮਹਿਮਾਨ ਆਉਣੇ ਸ਼ੁਰੂ ਹੋਏ। ਬਹੁਤ ਮਹਿਮਾਨ ਆ ਰਹੇ ਸਨ। ਅੰਤ-ਹਿਸਾਬ ਨਹੀਂ ਸੀ ਮਹਿਮਾਨਾਂ ਦਾ। ਔਰਤਾਂ ਸਨ, ਔਰਤਾਂ ਨਾਲ ਉਹਨਾਂ ਦੇ ਬੱਚੇ ਸਨ। ਵੱਡੀ ਉਮਰ ਦੇ ਬੰਦੇ ਸਨ, ਖੂੰਡੀਆਂ ਫੜ ਕੇ ਆਏ ਹੋਏ। ਅੱਧਖੜ ਬੰਦੇ ਸਨ, ਪੁਰਾਣੇ ਪੈਂਟ ਕੋਟ ਪਹਿਨੇ ਹੋਏ, ਜਿਹਨਾਂ ਦੇ ਕੱਪੜਿਆਂ ਵਿੱਚ ਪ੍ਰੈੱਸ ਦੀਆਂ ਕਰੀਜ਼ਾਂ ਦੇ ਨਾਲ ਤਹਿ ਮਾਰ ਕੇ ਰੱਖੇ ਪਿਛਲੇ ਸਾਲ ਦੇ ਪਏ ਵਲ਼ ਵੀ ਸਨ। ਨੌਜਵਾਨ ਮੁੰਡੇ ਐਕਟਰ ਬਣ ਕੇ ਆਏ ਸਨ। ਕੋਈ ਕਿਸੇ ਐਕਟਰ ਦੀ ਨਕਲ ਸੀ ਤੇ ਕੋਈ ਕਿਸੇ ਐਕਟਰ ਦੀ। ਨੱਚਦੇ-ਟੱਪਦੇ ਫਿਰਦੇ ਸਨ। ਇੱਕ ਦੂਜੇ ਨੂੰ ਛੇੜਦੇ ਤੇ ਏਧਰ-ਓਧਰ ਨੱਠੇ ਫਿਰਦੇ। ਜਸ਼ਨ ਪੈਲੇਸ ਵਿੱਚ ਦੋ ਵਿੰਗ ਸਨ। ਇੱਕ ਪਾਸਾ ‘ਵੈੱਜ’ ਦੂਜਾ ਪਾਸਾ ‘ਨਾਨਵੈੱਜ’। ਨਾਨਵੈੱਜ ਵੱਲ ਬਹੁਤਾ ਇਕੱਠ ਸੀ। ਔਰਤਾਂ, ਬੱਚਿਆਂ ਤੇ ਬੁੱਢਿਆਂ ਦਾ ਇਕੱਠ ਚਾਟਾਂ ਖਾ ਰਿਹਾ ਸੀ। ਕੋਕ ਪੀ ਰਹੇ ਸਨ ਉਹ ਅਤੇ ਕੌਫ਼ੀ ਦੇ ਝੱਗਦਾਰ ਪਿਆਲੇ। 

⁠ਕੱਲ੍ਹ ਰਾਤ ਬਾਰਾਤ ਤੋਂ ਮੁੜ ਕੇ ਸਭ ਸ਼ਰਾਬਾਂ ਪੀ ਰਹੇ ਸਨ। ਰਾਮ ਨਰਾਇਣ ਉੱਤੇ ਚੁਬਾਰੇ ਵਿੱਚ ਹੀ ਸੀ। ਕੁਝ ਲੋਕ ਉੱਥੇ ਵੀ ਬੋਤਲਾਂ ਲੈ ਕੇ ਆ ਗਏ ਸਨ। ਜਸਵੰਤ ਰਾਏ ਵੀ ਉਹਨਾਂ ਵਿੱਚ ਸੀ। ਪਹਿਲਾ ਪੈੱਗ ਜਦੋਂ ਉਹਨਾਂ ਨੇ ਪਾਇਆ ਸੀ, ਪੈੱਗ ਉਹਨੂੰ ਜਸਵੰਤ ਰਾਏ ਨੇ ਹੀ ਪੇਸ਼ ਕੀਤਾ। ਆਖਿਆ ਸੀ, “ਲੈ ਛੋਟੇ ਭਾਈ, ਪਹਿਲਾਂ ਤੂੰ ਪੀ।” ਜਸਵੰਤ ਰਾਏ ਨੇ ਪਿਆਰ ਨਾਲ ਇਹ ਸ਼ਬਦ ਕਹੇ ਸਨ। ਰਾਮ ਨਰਾਇਣ ਉਹਦੀਆਂ ਅੱਖਾਂ ਵੱਲ ਝਾਕਿਆ ਸੀ। ਉਹਦੀਆਂ ਅੱਖਾਂ ਚਮਕ ਰਹੀਆਂ ਸਨ। ਰਾਮ ਨਾਰਾਇਣ ਵਾਂਗ ਬੁਝੀਆਂ-ਬੁਝੀਆਂ ਨਹੀਂ ਸਨ। ਜਿਵੇਂ, ਜਸਵੰਤ ਰਾਏ ਦੀਆਂ ਅੱਖਾਂ ਵਿੱਚ ਕੋਈ ਸ਼ਰਾਰਤ ਹੋਵੇ। ਜਿਵੇਂ ‘ਛੋਟੇ ਭਾਈ’ ਆਖਦਾ ਉਹ ਮਜ਼ਾਕ ਕਰ ਰਿਹਾ ਹੋਵੇ। ਉਹਨੇ ਇਹ ਵੀ ਸੋਚਿਆ, ਹੋ ਸਕਦਾ ਹੈ ਅਜਿਹਾ ਨਾ ਹੋਵੇ। ਜਸਵੰਤ ਰਾਏ ਨੇ ਪਹਿਲਾਂ ਪੀਤੀ ਹੋਵੇਗੀ, ਇਸ ਕਰਕੇ ਉਹਦੀਆਂ ਅੱਖਾਂ ਵਿੱਚ ਚਮਕ ਹੈ। ਇਹ ਚਮਕ ਦਿਨ ਦੀ ਪੀਤੀ ਦੀ ਵੀ ਹੋ ਸਕਦੀ ਹੈ, ਪਰ ਜਦੋਂ ਉਹਨੇ ਛੋਟਾ ਭਾਈ ਕਿਹਾ ਸੀ ਤਾਂ ਰਾਮ ਨਰਾਇਣ ਨੂੰ ਬੁਰੀ ਤਰ੍ਹਾਂ ਮਹਿਸੂਸ ਹੋਇਆ ਸੀ, ਜਿਵੇਂ ਉਹ ਸੱਚਮੁੱਚ ਛੋਟਾ ਹੋਵੇ, ਜਿਵੇਂ ਸਮਾਜਕ ਪੱਖੋਂ ਵੀ ਛੋਟਾ ਸਮਝ ਕੇ ਜਸਵੰਤ ਰਾਏ ਨੇ ਉਹਨੂੰ ਛੋਟਾ ਕਿਹਾ ਹੋਵੇ। ਪੈੱਗ ਰਾਮ ਨਰਾਇਣ ਨੇ ਫ਼ੜ ਤਾਂ ਲਿਆ ਸੀ, ਪਰ ਉਹ ਜਸਵੰਤ ਰਾਏ ਦੇ ਮੂੰਹ ਵੱਲ ਚੁੱਪ ਕੀਤਾ ਹੀ ਝਾਕਿਆ। ਉਹਦੇ ਬੁੱਲ੍ਹਾਂ ਉੱਤੇ ਸ਼ੁਕਰੀਏ ਜਿਹਾ ਕੋਈ ਭਾਵ ਨਹੀਂ ਆਇਆ ਤੇ ਨਾ ਹੀ ਖ਼ੁਸ਼ੀ ਦਾ ਕੋਈ ਪ੍ਰਗਟਾਵਾ। ਉਹਨੇ ਸਾਂਢੂ ਨਾਲ ਜਾਮ ਟਕਰਾਇਆ ਵੀ ਨਹੀਂ। ਗਿਲਾਸ ਫੜਿਆ ਤੇ ਮੂੰਹ ਨੂੰ ਲਾ ਲਿਆ, ਚਾਹ ਦੇ ਗਿਲਾਸ ਵਾਂਗ।

⁠ ਤੇ ਹੁਣ ਮਹਿਮਾਨ ਜਸ਼ਨ ਪੈਲੇਸ ਦੇ ਗੇਟ ਉੱਤੇ ਆਉਂਦੇ। ਜੋਗਿੰਦਰ ਪਾਲ ਤੇ ਕੁਝ ਹੋਰ ਲੋਕ ਆਏ ਮਹਿਮਾਨਾਂ ਦਾ ਸੁਆਗਤ ਕਰਦੇ। ਸੁਆਗਤ ਕਰਨ ਲਈ ਜੋਗਿੰਦਰ ਪਾਲ ਨੇ ਜਸਵੰਤ ਰਾਏ ਦੇ ਨਾਲ ਰਾਮ ਨਰਾਇਣ ਨੂੰ ਵੀ ਖੜ੍ਹਾ ਕਰ ਲਿਆ ਸੀ। ਆਉਣ ਵਾਲੇ ਲੋਕਾਂ ਨਾਲ ਉਹ ਜਸਵੰਤ ਰਾਏ ਦੀ ਮੁਲਾਕਾਤ ਵੀ ਕਰਾਉਂਦਾ। ਆਖਦਾ, “ਇਹ ਸਾਡੇ ਬਹਿਨੋਈ ਸਾਹਬ ਨੇ ਜੀ, ਡਾ. ਜਸਵੰਤ ਰਾਏ, ਅਬੋਹਰ ਵਾਲੇ।” ਫੇਰ ਉਹ ਰਾਮ ਨਰਾਇਣ ਦਾ ਨਾਂ ਵੀ ਲੈਂਦਾ। ਆਖਦਾ, “ਇਹ ਸਾਡੇ ਛੋਟੇ ਬਹਿਨੋਈ ਸਾਹਬ ਰਾਮ ਨਾਰਾਇਣ, ਸੰਗਰੂਰ ਤੋਂ।”

⁠ਜਸਵੰਤ ਰਾਏ ਦੇ ਨਾਂ ਨਾਲ ਤਾਂ ਉਹ ਡਾਕਟਰ ਸਾਹਬ ਜੋੜਦਾ ਤੇ ਬੜੇ ਫ਼ਖ਼ਰ ਨਾਲ ਸ਼ਬਦਾਂ ਨੂੰ ਲਮਕਾ ਕੇ ਪੇਸ਼ ਕਰਦਾ, ਪਰ ਰਾਮ ਨਾਰਾਇਣ ਵੇਲੇ ਸਿਰਫ਼ ਰਾਮ ਨਾਰਾਇਣ ਆਖਦਾ। ਜਿਵੇਂ ਰਾਮ ਨਾਰਾਇਣ ਸਿਰਫ਼ ਰਾਮ ਨਾਰਾਇਣ ਹੋਵੇ, ਉਹ ਕੰਮ ਕੋਈ ਨਾ ਕਰਦਾ ਹੋਵੇ। ਕਦੇ ਅਜਿਹਾ ਵੀ ਹੁੰਦਾ ਕਿ ਉਹ ਉਹਦਾ ਨਾਂ ਲੈਂਦਾ ਹੀ ਨਾ। ਆਏ ਮਹਿਮਾਨਾਂ ਨਾਲ ਉਹਦੀ ਮੁਲਾਕਾਤ ਹੀ ਨਾ ਕਰਾਉਂਦਾ ਤੇ ਫੇਰ ਉਹਦੀ ਮੁਲਾਕਾਤ ਉਹਨੇ ਛੱਡ ਹੀ ਦਿੱਤੀ। ਜਸਵੰਤ ਰਾਏ ਨੂੰ ਹੀ ਮਿਲਾਉਂਦਾ ਸੀ। ਜਸਵੰਤ ਰਾਏ ਖ਼ੁਦ ਵੀ ਬੜਾ ਤਿੱਖਾ ਸੀ, ਜੋਗਿੰਦਰ ਪਾਲ ਉਹਦੇ ਬਾਰੇ ਇੱਕ ਗੱਲ ਕਰਦਾ ਤਾਂ ਜਸਵੰਤ ਰਾਏ ਆਪਣੇ ਬਾਰੇ ਆਪ ਹੀ ਦੱਸਣ ਲੱਗ ਪੈਂਦਾ, ਵਧਾ ਚੜ੍ਹਾਅ ਕੇ ਦੱਸਦਾ। ਜ਼ਬਾਨ ਵਿੱਚ ਗ਼ਰੂਰ ਜਿਹਾ ਭਰ ਕੇ ਬੋਲਦਾ, “ਬੱਸ ਸਟੈਂਡ ਦੇ ਉੱਤੇ ਹੀ ਹੈ ਜੀ ਆਪਣਾ ਕਲੀਨਿਕ, ਨਿਊ ਪੰਜਾਬ ਨਰਸਿੰਗ ਹੋਮ, ਆਇਓ ਕਦੇ, ਦਰਸ਼ਨ ਦੇਣਾ ਜੀ।”

⁠ਜਦੋਂ ਅੱਜ ਸ਼ਾਮ ਉਹ ਰਿਸੈਪਸ਼ਨ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਜਸ਼ਨ ਪੈਲੇਸ ਵਿੱਚ ਆਏ ਸਨ ਤਾਂ ਘਰੋਂ ਜਸਵੰਤ ਰਾਏ ਹੀ ਉਹਨੂੰ ਆਪਣੀ ਕਾਰ ਵਿੱਚ ਬਿਠਾ ਕੇ ਲਿਆਇਆ ਸੀ। ਅਦਬ ਜਿਹੇ ਨਾਲ ਕਿਹਾ ਸੀ, “ਆਓ ਜੀ, ਰਾਮ ਨਾਰਾਇਣ ਜੀ! ਚੱਲੀਏ ਆਪਾਂ ਤਾਂ। ਆਪਾਂ ਨੂੰ ਪਹਿਲਾਂ ਈ ਠੀਕ ਐ, ਲੋਕ ਆ ਰਹੇ ਹੋਣਗੇ।” ਅਮੀਰ ਸਾਂਢੂ ਦੀ ਕਾਰ ਵਿੱਚ ਬੈਠਦਿਆਂ ਉਹਨੂੰ ਆਪਣਾ ਆਪ ਛੋਟਾ-ਛੋਟਾ ਲੱਗਿਆ। ਇਹ ਨਹੀਂ ਕਿ ਉਹਦੇ ਆਪਣੇ ਕੋਲ ਕਾਰ ਨਹੀਂ ਹੈ, ਸਗੋਂ ਇਹ ਅਹਿਸਾਸ ਕਿ ਉਹਦੇ ਸਾਂਢੂ ਨੇ ਕਾਰ ਦੀ ਹੈਂਕੜ ਵਿੱਚ ਉਹਨੂੰ ਛੋਟਾ ਸਮਝ ਕੇ ਆਪਣੇ ਨਾਲ ਬਿਠਾਇਆ ਹੈ। ਉਸ ਵਕਤ ਉਹਦਾ ਜੀਅ ਕੀਤਾ ਸੀ ਕਿ ਉਹ ਹੋਰ ਬੰਦਿਆਂ ਨਾਲ ਕਿਸੇ ਸਕੂਟਰ ਉੱਤੇ ਬੈਠ ਕੇ ਓਥੇ ਪਹੁੰਚੇ। ਸਕੂਟਰ ਨੂੰ ਵੀ ਕੀ ਹੈ, ਤੁਰ ਕੇ ਹੀ ਜਸ਼ਨ ਪੈਲੇਸ ਵਿੱਚ ਚਲਿਆ ਜਾਵੇ। ਮਸਾਂ ਦਸ ਮਿੰਟ ਦਾ ਤਾਂ ਰਸਤਾ ਹੈ। 

⁠ਸੁਆਗਤ ਕਰਨ ਵਾਲੇ ਬੰਦਿਆਂ ਵਿੱਚੋਂ ਨਿਕਲ ਕੇ ਰਾਮ ਨਾਰਾਇਣ ਪਰ੍ਹਾਂ ਦੂਰ ਓਸ ਪਾਸੇ ਇੱਕ ਖੂੰਜੇ ਜਹੇ ਵਿੱਚ ਜਾ ਬੈਠਾ, ਜਿੱਧਰ ਔਰਤਾਂ, ਬੱਚੇ ਤੇ ਬੁੱਢੇ ਬੰਦੇ ਚਾਟ ਖਾ ਰਹੇ ਸਨ, ਕੋਕ ਪੀ ਰਹੇ ਸਨ ਜਾਂ ਉਹਨਾਂ ਦੇ ਹੱਥਾਂ ਵਿੱਚ ਕੌਫ਼ੀ ਦੇ ਕੱਪ ਸਨ। ਉਹਨਾਂ ਇੱਕ ਬੈਰੇ ਤੋਂ ਜੂਸ ਦਾ ਗਿਲਾਸ ਫੜਿਆ। ਮੀਨਾਕਸ਼ੀ ਕਿਧਰੇ ਨਹੀਂ ਦਿਖ ਰਹੀ ਸੀ। ਰਾਮ ਨਾਰਾਇਣ ਦਾ ਇਹ ਦੂਜਾ ਵਿਆਹ ਸੀ। ਪਹਿਲੀ ਪਤਨੀ ਇਕ ਐਕਸੀਡੈਂਟ ਵਿੱਚ ਮਰ ਗਈ ਸੀ। ਵਿਆਹ ਨੂੰ ਦੋ ਸਾਲ ਮਸਾਂ ਹੋਏ ਸਨ। ਉਹਦੀ ਘਰ ਵਾਲੀ ਨੂੰ ਨਿੱਕਾ ਨਿਆਣਾ ਹੋਣਾ ਸੀ। ਉਹ ਤੀਰਥ ਯਾਤਰਾ ‘ਤੇ ਗਏ ਸਨ। ਪਹਾੜਾਂ ਵਿੱਚ ਉਹਨਾਂ ਦੀ ਬੱਸ ਇੱਕ ਟਰੱਕ ਵਿੱਚ ਲੱਗੀ। ਪੰਦਰਾਂ ਬੰਦੇ ਥਾਂ ਦੀ ਥਾਂ ਮਰ ਗਏ ਸਨ। ਰਾਮ ਨਾਰਾਇਣ ਦੀ ਪਤਨੀ ਸਖ਼ਤ ਜ਼ਖ਼ਮੀ ਸੀ। ਉਹਦੇ ਅੰਦਰ ਤਿੰਨ ਮਹੀਨੇ ਦਾ ਬੱਚਾ ਸੀ। ਉਹ ਹਸਪਤਾਲ ਜਾ ਕੇ ਦਮ ਤੋੜ ਗਈ। ਉਸ ਵਕਤ ਰਾਮ ਨਾਰਾਇਣ ਦੀ ਉਮਰ ਸਤਾਈ-ਅਠਾਈ ਸਾਲ ਸੀ। ਫੇਰ ਦੂਜਾ ਵਿਆਹ ਇਸ ਮੀਨਾਕਸ਼ੀ ਨਾਲ ਹੋਇਆ।

⁠ਮੀਨਾਕਸ਼ੀ ਦਾ ਵੀ ਇਹ ਦੂਜਾ ਵਿਆਹ ਸੀ। ਉਹ ਦੋ ਹੀ ਭੈਣਾਂ ਸਨ। ਦੋਵੇਂ ਐੱਮ.ਏ.ਬੀ.ਐੱਡ. ਸਨ। ਉਹਨਾਂ ਦੇ ਬਾਪ ਮਾਸਟਰ ਮਿਲਖੀ ਰਾਮ ਨੇ ਦੋਵੇਂ ਜੁਆਈ ਡਾਕਟਰ ਮੁੰਡੇ ਲੱਭੇ, ਦੋਵਾਂ ਨੂੰ ਪੂਰਾ ਦਾਜ-ਦਹੇਜ਼ ਦਿੱਤਾ। ਮਿਲਖੀ ਰਾਮ ਸਕੂਲ ਮਾਸਟਰੀ ਦਾ ਕਿੱਤਾ ਤਾਂ ਸ਼ੌਕ ਨਾਲ ਹੀ ਕਰਦਾ ਸੀ, ਉਹਦਾ ਅਸਲੀ ਕੰਮ ਮੁਰਗੀਖਾਨਾ ਸੀ। ਮੁਰਗੀਖਾਨਾ ਵੀ ਛੋਟਾ ਨਹੀਂ ਸੀ। ਲੱਖਾਂ ਦੀ ਆਮਦਨ ਸੀ। ਟਰੱਕਾਂ ਦੇ ਟਰੱਕ ਅੰਡੇ ਦਿੱਲੀ ਨੂੰ ਜਾਂਦੇ। ਬਾਪ ਤੋਂ ਬਾਅਦ ਹੁਣ ਇਹੀ ਕੰਮ ਉਹਦਾ ਮੁੰਡਾ ਜੋਗਿੰਦਰ ਪਾਲ ਕਰਦਾ। ਜੋਗਿੰਦਰ ਪਾਲ ਨੇ ਤਾਂ ਕੰਮ ਬਾਪ ਨਾਲੋਂ ਵੀ ਦੁੱਗਣਾ ਵਧਾ ਲਿਆ ਸੀ।

⁠ਮੀਨਾਕਸ਼ੀ ਦੀ ਅੱਠ ਸਾਲ ਦੀ ਕੁੜੀ ਸੀ, ਜਦੋਂ ਉਹਦੇ ਪਤੀ ਦੀ ਮੌਤ ਹੋ ਗਈ। ਉਹਨੂੰ ਬਲੱਡ-ਕੈਂਸਰ ਸੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੇ ਆਪ ਨੂੰ ਬਚਾ ਨਾ ਸਕਿਆ। ਜੋਗਿੰਦਰ ਪਾਲ ਭੈਣ ਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਦੁਖੀ ਸੀ, ਉਹ ਕਿਵੇਂ ਵੀ ਉਹਦਾ ਕਿਧਰੇ ਟਿਕਾਣਾ ਕਰਨਾ ਚਾਹੁੰਦਾ ਸੀ। ਮੀਨਾਕਸ਼ੀ ਜੇ ਕੰਵਾਰੀ ਹੁੰਦੀ ਤਾਂ ਉਹ ਐਨੀ ਪੜ੍ਹੀ ਲਿਖੀ ਤੇ ਨੌਕਰੀ ਉੱਤੇ ਲੱਗੀ ਹੋਣ ਕਰਕੇ ਨਿਰਾ ਸੋਨਾ ਸੀ। ਹੁਣ ਵਿਧਵਾ ਹੋਣ ਕਰਕੇ ਤੇ ਮਗਰ ਇਕ ਕੁੜੀ ਨਾਲ ਮਿੱਟੀ ਸਮਾਨ ਸੀ। ਉਹਦਾ ਕਿਧਰੇ ਵੀ ਕੁਝ ਨਹੀਂ ਬਣ ਰਿਹਾ ਸੀ। ਉਹਦੇ ਇਸ ਤਰ੍ਹਾਂ ਹੀ ਬੈਠੇ ਰਹਿ ਜਾਣ ਦਾ ਕਾਰਨ ਇੱਕ ਹੋਰ ਵੀ ਸੀ ਕਿ ਜੋਗਿੰਦਰ ਪਾਲ ਉਹਦੇ ਲਈ ਪਹਿਲਾਂ ਵਾਂਗ ਹੀ ਵਧੀਆ ਘਰ ਭਾਲਦਾ ਸੀ। ਘਰ ਅਮੀਰ ਹੋਵੇ ਤੇ ਮੁੰਡਾ ਕਿਸੇ ਚੰਗੀ ਨੌਕਰੀ ਉੱਤੇ ਲੱਗਿਆ ਹੋਇਆ। ਜਿਹੋ ਜਿਹਾ ਮੁੰਡਾ ਉਹ ਚਾਹੁੰਦਾ ਸੀ, ਉਹੋ ਜਿਹਾ ਹੁਣ ਤੱਕ ਕਦੋਂ ਕੰਵਾਰਾ ਬੈਠਾ ਹੋਣਾ ਸੀ ਕਿਧਰੇ। ਸਾਲ ਲੰਘਦੇ ਗਏ, ਕੁੜੀ ਹੋਰ ਪੁਰਾਣੀ ਪੈਂਦੀ ਗਈ। ਕੁਝ ਹੋਰ ਸਾਲਾਂ ਨੂੰ ਤਾਂ ਮੀਨਾਕਸ਼ੀ ਦੀ ਆਪਣੀ ਕੁੜੀ ਵਿਆਹੁਣ ਵਾਲੀ ਹੋ ਜਾਣੀ ਸੀ। ਵਿਧਵਾ ਹੋਣ ਨਾਲ ਚਾਹੇ ਕੋਈ ਮੁੰਡਾ ਅੜ੍ਹਕ ਹੀ ਜਾਂਦਾ, ਕਿਉਂਕਿ ਉਹ ਕਮਾਊ ਕੁੜੀ ਸੀ, ਪਰ ਮਗਰ ਕੁੜੀ ਹੋਣ ਕਰਕੇ ਵੱਡਾ ਅੜਿੱਕਾ ਸੀ। ਅਖ਼ੀਰ ਇਹ ਰਾਮ ਨਾਰਾਇਣ ਲੱਭ ਪਿਆ। ਚਾਹੇ ਦੁਹਾਜੂ ਸੀ, ਪਰ ਘਰ ਪਰਿਵਾਰ ਚੰਗਾ ਸੀ। ਕੋਲ ਚਾਰ ਪੈਸੇ ਵੀ ਸਨ। ਦੁਕਾਨ ਵਧੀਆ ਚੱਲਦੀ ਸੀ। ਉਹ ਸਿਰਫ਼ ਚਾਰ ਜਮਾਤਾਂ ਪਾਸ ਸੀ। ਮੀਨਾਕਸ਼ੀ ਦਾ ਟਿਕਾਣਾ ਹੋ ਗਿਆ। ਰਾਮ ਨਾਰਾਇਣ ਦਾ ਬਾਪ ਦਹੇਜ ਦੇ ਲੋਭ ਵਿੱਚ ਆ ਗਿਆ। ਜੋਗਿੰਦਰ ਪਾਲ ਨੇ ਨਕਦ ਪੈਸਾ ਵੀ ਦਿੱਤਾ ਸੀ। ਪੈਸਾ ਜਿਹੜਾ ਉਹਨਾਂ ਨੇ ਦੁਕਾਨ ਵਿੱਚ ਪਾ ਲਿਆ। ਇਹ ਰਿਸ਼ਤਾ ਤਦ ਹੀ ਸਿਰੇ ਚੜ੍ਹ ਸਕਿਆ, ਕਿਉਂਕਿ ਜੋਗਿੰਦਰ ਪਾਲ ਨੇ ਮੀਨਾਕਸ਼ੀ ਦੀ ਕੁੜੀ ਆਪ ਰੱਖ ਲਈ। ਉਹਦਾ ਫ਼ੈਸਲਾ ਸੀ ਕਿ ਭਾਣਜੀ ਨੂੰ ਉਹ ਆਪ ਪੜ੍ਹਾਏ-ਲਿਖਾਏਗਾ ਤੇ ਧੀ ਬਣਾ ਕੇ ਆਪ ਉਹਦਾ ਵਿਆਹ ਕਰੇਗਾ।

⁠ਰਾਮ ਨਾਰਾਇਣ ਜੂਸ ਪੀ ਕੇ ਓਥੋਂ ਉੱਠਿਆ। ਬਾਹਾਂ ਖੜ੍ਹੀਆਂ ਕਰਕੇ ਅਗਵਾੜੀ ਲਈ। ਫੇਰ ਹੌਲ਼ੀ-ਹੌਲ਼ੀ ਕਦਮ ਰੱਖਦਾ ਨਾਨ-ਵੈੱਜ਼ ਵਾਲੇ ਪਾਸੇ ਨੂੰ ਤੁਰ ਪਿਆ। ਸ਼ਰਾਬ ਦੇ ਪੈੱਗ ਭਰ-ਭਰ ਵੱਡੇ ਟੇਬਲ ਉੱਤੇ ਧਰੇ ਹੋਏ ਸਨ। ਲੋਕ ਆਪਣੇ ਗਿਲਾਸ ਖ਼ਾਲੀ ਕਰਦੇ ਸਨ, ਕੁਝ ਖਾਂਦੇ ਸਨ ਤੇ ਤਲਬ ਲੱਗਦੀ ਤਾਂ ਟੇਬਲ ਉੱਤੋਂ ਹੋਰ ਗਿਲਾਸ ਚੁੱਕ ਲਿਜਾਂਦੇ। ਬੈਰ੍ਹੇ ਕਲੇਜੀ ਦੀਆਂ ਪਲੇਟਾਂ, ਭੁੰਨੇ ਹੋਏ ਮੁਰਗੇ ਦੀਆਂ ਲੱਤਾਂ, ਗਰਮ-ਗਰਮ ਅੰਡੇ ਦਿੰਦੇ ਫਿਰਦੇ ਸਨ। ਰਾਮ ਨਾਰਾਇਣ ਨੇ ਇੱਕ ਪੈੱਗ ਪੀਤਾ, ਨਾਲ ਦੀ ਨਾਲ ਦੂਜਾ ਪੈੱਗ ਵੀ ਚੁੱਕ ਲਿਆ। ਉਹਦਾ ਜੀਅ ਕਰਦਾ ਸੀ, ਸਾਰਾ ਟੇਬਲ ਖ਼ਾਲੀ ਕਰ ਦੇਵੇ। ਕਰੰਟ ਲੱਗਣ ਵਾਂਗ ਕੋਈ ਤਾਰ ਜਿਹੀ ਉਹਦੇ ਦਿਮਾਗ਼ ਨੂੰ ਚੀਰ ਕੇ ਲੰਘ ਜਾਂਦੀ, “ਏਥੇ ਬੰਦੇ ਦੀ ਕਦਰ ਈ ਕੋਈ ਨ੍ਹੀ ਭੈਣ ਚੋ, ਮੈਂ ਵੀ ਤਾਂ ਆਖਰ ਜੁਆਈ ਆਂ। ਪੁੱਛਦਾ ਈ ਕੋਈ ਨ੍ਹੀ। ਡਾਕਟਰ ਸਾਅਬ, ਡਾਕਟਰ ਸਾਅਬ।”

⁠ਦੋ ਪੈੱਗਾਂ ਬਾਅਦ ਉਹਨੇ ਇੱਕ ਅੰਡਾ ਛਿੱਲਿਆ। ਲੂਣ ਲਾ ਕੇ ਉਹਦਾ ਥੋੜ੍ਹਾ ਜਿਹਾ ਟੁਕੜਾ ਖਾ ਲਿਆ। ਤੀਜਾ ਪੈੱਗ ਚੁੱਕ ਕੇ ਉਹ ਏਧਰ ਓਧਰ ਦਾ ਨਜ਼ਾਰਾ ਲੈਣ ਲੱਗਿਆ। ਸੁਆਗਤੀ ਗੇਟ ਉੱਤੇ ਬੰਦੇ ਨਹੀਂ ਸਨ। ਪਤਾ ਨਹੀਂ ਕੋਈ ਕਿੱਥੇ ਸੀ। ਗਿਲਾਸ ਹੱਥ ਵਿੱਚ ਫ਼ੜ ਕੇ ਉਹ ਅੰਦਰ ਆ ਖੜ੍ਹਾ। ਦੂਰ ਸਾਰੇ ਸਟੇਜ਼ ਉੱਤੇ ਨੰਗੇ ਅੰਗਾਂ ਦਾ ਪ੍ਰਦਰਸ਼ਨ ਕਰਦੀ ਤੇ ਕਿਸੇ ਪ੍ਰਸਿੱਧ ਫ਼ਿਲਮੀ ਗਾਣੇ ਦੀ ਕੈਸੇਟ ਉੱਤੇ ਕੁੜੀ ਨੱਚ-ਟੱਪ ਰਹੀ ਸੀ। ਉਹਦੇ ਸਰੀਰ ਉੱਤੇ ਪੱਟਾਂ ਤੇ ਨਿਤੰਭਾਂ ਨਾਲ ਚਿਪਕੀ ਹੋਈ ਜੀਨ ਤੇ ਗਲ ਸਲੀਵ ਲੈੱਸ ਉੱਚੀ ਕੁੜਤੀ ਸੀ, ਜਿਸਦਾ ਗਲ ਬਹੁਤ ਖੁੱਲ੍ਹਾ ਤੇ ਥੱਲੇ ਨੂੰ ਢਿਲਕਿਆ ਹੋਇਆ ਸੀ। ਸਿਰ ਦੇ ਕੱਟੇ ਹੋਏ ਵਾਲ਼ ਪਾਣੀ ਦੀ ਲਹਿਰ ਵਾਂਗ ਏਧਰ-ਓਧਰ ਡਿੱਗਦੇ। ਸਟੇਜ਼ ਦੇ ਖੱਬੇ ਪਾਸੇ ਸੋਫ਼ਾ-ਕੁਰਸੀਆਂ ਉੱਤੇ ਮੁੰਡਾ ਬਹੂ ਆ ਬੈਠੇ ਸਨ। ਫੋਟੋਆਂ ਖਿੱਚੀਆਂ ਜਾ ਰਹੀਆਂ ਸਨ। ਮੂਵੀ ਬਣਾਈ ਜਾ ਰਹੀ ਸੀ। ਇੱਕ ਸ਼ਹਿਨਸ਼ਾਹੀ ਜਲੌ ਸੀ, ਜੋ ਚਾਰ ਚੁਫ਼ੇਰੇ ਫੈਲ ਗਿਆ ਸੀ। ਜਸ਼ਨ ਪੈਲੇਸ ਵਾਕਿਆ ਹੀ ਜਸ਼ਨਾਂ ਦਾ ਮਹੱਲ ਦਿਸਦਾ। 

⁠ਜਿਉਂ-ਜਿਉਂ ਪਾਰਟੀ ਦੇ ਜਸ਼ਨ ਸਿਖ਼ਰ ਵੱਲ ਜਾ ਰਹੇ ਸਨ, ਰਾਮ ਨਾਰਾਇਣ ਦੇ ਅੰਦਰਲਾ ਖ਼ਿਲਾਅ ਹੋਰ ਵਧਦਾ ਜਾਂਦਾ। ਆਰਕੈਸਟਰਾ ਦੇ ਸਾਹਮਣੇ ਸਟੇਜ਼ ਤੋਂ ਥੱਲੇ ਨੌਜਵਾਨ ਮੁੰਡੇ ਭੰਗੜਾ ਪਾ ਰਹੇ ਸਨ, ਕੁੜੀਆਂ ਨੱਚ ਰਹੀਆਂ ਸਨ। ਡਾਂਸਰ ਕੁੜੀਆਂ ਨੂੰ ਨੋਟ ਫੜਾਏ ਜਾਂਦੇ। ਗਾਣਾ ਖ਼ਤਮ ਹੋਣ ਤੋਂ ਬਾਅਦ ਅਨਾਊਂਸਰ ਮੁੰਡਾ ਪੈਸੇ ਦੇਣ ਵਾਲਿਆਂ ਦੇ ਨਾਂ ਬੋਲਦਾ, ਬੜੇ ਹੀ ਦਿਲਚਸਪ ਤੇ ਅਜੀਬ ਅੰਦਾਜ਼ ਵਿਚ। ਡਾਕਟਰ ਜਸਵੰਤ ਰਾਏ ਦਾ ਕਈ ਵਾਰ ਨਾਂ ਬੋਲਿਆ ਗਿਆ ਸੀ। ਉਹ ਮੁੰਡੇ-ਬਹੂ ਦੇ ਸਿਰਾਂ ਉੱਤੋਂ ਦੀ ਸੌ ਦਾ ਨੋਟ ਵਾਰਦਾ ਤੇ ਜਾ ਕੇ ਅਨਾਉਂਸਰ ਮੁੰਡੇ ਨੂੰ ਫੜਾ ਦਿੰਦਾ। ਫੇਰ ਤਾਂ ਅਨਾਊਂਸਰ ਮੁੰਡਾ ਖ਼ੁਦ ਹੀ ਉਹਦਾ ਨਾਂ ਜਾਣ ਗਿਆ ਸੀ ਕਿ ਉਹ ਮੁੰਡੇ ਦਾ ਫੁੱਫੜ ਹੈ। ਆਪੇ ਹੀ ਉਹਦਾ ਨਾਂ ਲਿਖ ਲੈਂਦਾ। ਰਾਮ ਨਾਰਾਇਣ ਨੂੰ ਕਿਸੇ ਨੇ ਬਾਂਹ ਫ਼ੜ ਕੇ ਨਹੀਂ ਆਖਿਆ ਸੀ ਕਿ ਆ, ਤੂੰ ਵੀ ਨੱਚ। ਉਹ ਵੀ ਤਾਂ ਮੁੰਡੇ ਦਾ ਫੁੱਫੜ ਹੈ।

⁠ਚੌਥਾ ਪੈੱਗ ਪੀ ਕੇ ਰਾਮ ਨਾਰਾਇਣ ਜਸ਼ਨ ਪੈਲੇਸ ‘ਚੋਂ ਬਾਹਰ ਹੋ ਗਿਆ। ਉਹਦਾ ਦਿਲ ਕਰਦਾ ਸੀ ਕਿ ਉਹ ਹੁਣੇ ਸੰਗਰੂਰ ਨੂੰ ਭੱਜ ਜਾਵੇ। ਏਥੇ ਕੌਣ ਹੈ, ਉਸਦਾ? ਮੀਨਾਕਸ਼ੀ ਉਹਨੂੰ ਕਿੱਧਰੇ ਦਿਸੀ ਹੀ ਨਹੀਂ। ਕਿਤੇ ਬੈਠੀ ਹੱਸ-ਟੱਪ ਰਹੀ ਹੋਵੇਗੀ। ਰਾਮ ਨਾਰਾਇਣ ਦਾ ਬੱਚਾ ਵੀ ਕੋਈ ਨਹੀਂ ਸੀ। ਜਿਵੇਂ ਮੀਨਾਕਸ਼ੀ ਨੇ ਇੱਕ ਕੁੜੀ ਜੰਮ ਕੇ ਤੋਬਾ ਕਰ ਦਿੱਤੀ ਹੋਵੇ। ਰਾਮ ਨਾਰਾਇਣ ਦਾ ਜ਼ਿੰਦਗੀ ਵਿੱਚ ਹੋਰ ਕਿੱਥੇ ਮੋਹ ਰਹਿ ਗਿਆ ਸੀ। ਮੀਨਾਕਸ਼ੀ ਵੀ ਆਪਣੇ ਆਪ ਨੂੰ ਵੱਡੇ ਘਰ ਦੀ ਧੀ ਸਮਝਦੀ। ਉਹਨੇ ਕਦੇ ਉਹਨੂੰ ਸੰਵਾਰ ਕੇ ਆਪਣਾ ਪਤੀ ਨਹੀਂ ਮੰਨਿਆ ਸੀ। ਦੂਰ-ਦੂਰ ਰਹਿੰਦੀ। ਜੋਗਿੰਦਰ ਪਾਲ ਦਾ ਪਰਿਵਾਰ ਉਹਨੂੰ ਘਰ ਦਾ ਜੁਆਈ ਨਹੀਂ ਮੰਨਦਾ ਸੀ। ਉਹਨਾਂ ਲਈ ਤਾਂ ਇਸ ਘਰ ਦੇ ਜੁਆਈ ਸਾਰੇ ਡਾਕਟਰ ਹੀ ਹੋਣ। ਸਾਂਢੂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਨੀਵਾਂ ਸੀ। ਬਸ ਇੱਕ ਦੁਕਾਨਦਾਰ, ਕੀ ਐ ਉਹਦਾ ਏਥੇ? ਕੋਈ ਤਿਉਹਾਰ ਦਾ ਦਿਨ ਹੋਣ ਕਰਕੇ ਬਾਜ਼ਾਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਾਲੇ ਤੱਕ ਖੁੱਲ੍ਹੀਆਂ ਸਨ। ਉਹਨੇ ਥੋੜ੍ਹੀ ਦੂਰ ਤੱਕ ਬਾਜ਼ਾਰ ਦਾ ਗੇੜਾ ਦਿੱਤਾ। ਰੌਸ਼ਨੀਆਂ ਧੁੰਦਲੀਆਂ ਸਨ। ਬੰਦੇ ਭੂਤ-ਪਰੇਤ ਲੱਗਦੇ ਸਨ। ਉਹ ਇਕ ਦੁਕਾਨ ‘ਤੇ ਗਿਆ। ਉਹ ਏਸੇ ਦੁਕਾਨ ਨੂੰ ਲੱਭਦਾ ਫਿਰਦਾ ਸੀ। ਉਹ ਛੇਤੀ ਮੁੜ ਕੇ ਹੀ ਜਸ਼ਨ ਪੈਲੇਸ ਵਿੱਚ ਆ ਗਿਆ। ਪਾਰਟੀ ਤੋਂ ਬਾਅਦ ਸਭ ਚਲੇ ਗਏ। ਪੈਲੇਸ ਵਾਲਿਆਂ ਨੇ ਦੇਖਿਆ, ਉਹ ਇਕ ਖੂੰਜੇ ਜਿਹੇ ਵਿੱਚ ਮਰਿਆ ਪਿਆ ਸੀ। ਅਗਲੇ ਦਿਨ ਉਹਦਾ ਪੋਸਟਮਾਰਟਮ ਹੋਇਆ, ਉਹਨੇ ਕਣਕ ਦੇ ਢੋਲ ਵਿੱਚ ਪਾਉਣ ਵਾਲੀਆਂ ਗੋਲੀਆਂ ਘੋਲ ਕੇ ਪੀਤੀਆਂ ਸਨ ਤੇ ਇੰਝ ਆਪਣੇ ਅੰਦਰਲੇ ਖ਼ਿਲਾਅ ਦਾ ਜਸ਼ਨ ਮਨਾਇਆ ਸੀ।

ਸ੍ਹਾਬੋ

ਇਹ ਜੋ ਮੁੰਨੇ ਸਿਰ ਵਾਲੀ ਬੁਢੀ ਔਰਤ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵੱਟ ਰਹੀ ਹੈ, ਸ੍ਹਾਬੋ ਹੈ-ਸਾਹਿਬ ਕੌਰ। ਬੈਠੀ ਦੇਖੋ, ਜਿਵੇਂ ਕੋਈ ਦੇਵੀ ਹੋਵੇ। ਜੁਆਨੀ ਦੀ ਉਮਰ ਵਿੱਚ ਕਿੰਨੀ ਚੜ੍ਹਤ ਸੀ ਸ੍ਹਾਬੋ ਦੀ। ਰੰਗ ਸਾਂਵਲਾ, ਤਿੱਖਾ ਨੱਕ, ਅੱਖਾਂ ਆਂਡੇ ਵਰਗੀਆਂ, ਕੱਦ ਲੰਮਾ ਤੇ ਭਰਵਾਂ। ਜਿੱਥੋਂ ਦੀ ਲੰਘਦੀ, ਕੰਧਾਂ ਕੰਬਦੀਆਂ ਤੇ ਧਰਤੀ ਨਿਉਂ-ਨਿਉਂ ਜਾਂਦੀ। ਕਮਜ਼ੋਰ ਦਿਲ ਬੰਦਾ ਸ੍ਹਾਬੋ ਦੇ ਸੇਕ ਤੋਂ ਡਰਦਾ ਉਹਦੇ ਨੇੜੇ ਨਹੀਂ ਢੁੱਕ ਸਕਦਾ ਸੀ, ਗੱਲ ਕਰਨ ਲੱਗੇ ਦੀ...

ਐਮਰਜੰਸੀ

ਸ਼ਾਮ ਦੇ ਪੰਜ ਵੱਜਣ ਵਾਲੇ ਹਨ। ਨਹਿਰੂ ਸੇਹਤ ਕੇਂਦਰ ਦੇ ਵੱਡੇ ਗੇਟ ਸਾਹਮਣੇ ਟੈਕਸੀ ਆ ਕੇ ਰੁਕੀ ਹੈ। ਟੈਕਸੀ ਵਿਚੋਂ ਉੱਤਰ ਕੇ ਸਾਗਰ ਨੇ ਸੰਤਰੀ ਤੋਂ ਐਮਰਜੰਸੀ ਵਾਰਡ ਦਾ ਰਾਹ ਪੁੱਛਿਆ ਹੈ।⁠'ਸਾਹਮਣੇ ਲਾਲ ਅੱਖਰਾਂ ਵਿਚ ਐਮਰਜੰਸੀ ਲਿਖਿਆ ਦੇਖੋ, ਭਾਈ ਸਾਹਬ। ਉੱਥੋਂ ਸੱਜੇ ਹੱਥ ਸੜਕ ਪੈ ਜਾਓ, ਐਮਰਜੰਸੀ ਵਾਰਡ ਦੇ ਦਰਵਾਜੇ 'ਤੇ ਪਹੁੰਚ ਜਾਓਗੇ।’ ਸੰਤਰੀ ਨੇ ਸਮਝਾਇਆ ਹੈ।⁠ਟੈਕਸੀ ਵਿਚ ਵਾਪਸ ਆ ਕੇ ਉਸ ਨੂੰ ਪਲ਼ ਭਰ ਦੀ ਰਾਹਤ ਮਿਲੀ ਹੈ। ਉਸ ਨੇ ਮਧੂ ਨੂੰ ਆਪਣੀ ਵੱਖੀ ਨਾਲ ਘੁੱਟ ਕੇ ਹੌਂਸਲਾ...

ਕਦੋਂ ਫਿਰਨਗੇ ਦਿਨ

ਪਿੰਡਾਂ ਦੇ ਅਜੋਕੇ ਜੀਵਨ ਸਬੰਧੀ ਮੈਂ ਇੱਕ ਲੇਖ ਤਿਆਰ ਕਰਨਾ ਸੀ। ਸੋਚਿਆ, ਅਖ਼ਬਾਰੀ ਤੇ ਕਿਤਾਬੀ ਅੰਕੜਿਆਂ ਨੂੰ ਲੈ ਕੇ ਗੱਲ ਨਹੀਂ ਬਣਨੀ। ਤੱਥ ਵੀ ਤਾਂ ਬਦਲਦੇ ਰਹਿੰਦੇ ਹਨ। ਕਿਉਂ ਨਾ ਕੁਝ ਪਿੰਡਾਂ ਵਿੱਚੋਂ ਘੁੰਮ ਫਿਰ ਕੇ ਸਰਵੇਖਣ ਕੀਤਾ ਜਾਵੇ। ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ। ਉਹਨਾਂ ਦੀ ਅੰਦਰਲੀ ਪੀੜ ਨੂੰ ਫੜਿਆ ਜਾਵੇ। ਫਿਰ ਕਿਤੇ ਜਾ ਕੇ ਹੀ ਲੇਖ ਵਿੱਚ ਜਾਨ ਪੈ ਸਕੇਗੀ।⁠ਆਪਣੇ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਵਿੱਚ ਮੈਂ ਚਲਿਆ ਗਿਆ। ਪ੍ਰੋਗਰਾਮ...