A Literary Voyage Through Time

ਮਲਵਈ ਜੱਟਾਂ ਬਾਰੇ ਮਸ਼ਹੂਰ ਹੈ ਕਿ ਉਹ ਆਪਣੇ ਖੇਤ ਦੀ ਚੱਪਾ ਮਿੱਟੀ ਖ਼ਾਤਰ ਵੀ ਗੁਆਂਢੀ ਦਾ ਕਤਲ ਕਰ ਦਿੰਦੇ ਹਨ। ਏਦਾਂ ਹੀ ਮਿਹਰ ਦੇ ਪਿਓ ਦਾ ਕਤਲ ਹੋ ਗਿਆ ਸੀ। ਉਹਨਾਂ ਦੇ ਖੇਤ ਦੀ ਵੱਟ ਉੱਤੇ ਕਿੱਕਰ ਦਾ ਵੱਡਾ ਦਰਖ਼ਤ ਸੀ। ਵੱਟ ਸਾਂਝੀ ਤੇ ਕਿੱਕਰ ਵੀ। ਗੁਆਂਢੀ ਜੱਟ ਆਪਣੇ ਵੱਲ ਵੱਟ ਦੀ ਉਂਗਲ-ਉਂਗਲ ਖੁਰਚਦਾ ਰਹਿੰਦਾ ਤੇ ਅਖ਼ੀਰ ਇੱਕ ਦਿਨ ਕਿੱਕਰ ਆਪਣੇ ਪਾਸੇ ਕਰ ਲਈ। ਮਿਹਰ ਦਾ ਪਿਓ ਜ਼ਹਿਰੀ ਬੰਦਾ ਸੀ। ਹਰਖ ਜਾਗਿਆ ਤਾਂ ਉਹਨੇ ਕਿੱਕਰ ਦੇ ਉੱਤੋਂ ਦੀ ਵੱਟ ਜਾ ਕੱਢੀ। ਝਗੜਾ ਹੋ ਗਿਆ। ਗੁਆਂਢੀ ਵੀ ਅੱਗ ਦੀ ਨਾਲ਼ ਸਨ। ਮਿਹਰ ਦੇ ਪਿਓ ਦਾ ਕਤਲ ਹੋ ਗਿਆ। ਗੁਆਂਢੀ ਜੱਟ ਨੂੰ ਉਮਰ ਕੈਦ ਹੋਈ।

⁠ਮਿਹਰ ਦੇ ਪਿਓ ਹੋਰੀਂ ਦੋ ਭਾਈ ਸਨ। ਮਿਹਰ ਦਾ ਪਿਓ ਵੱਡਾ ਸੀ। ਦੋਵੇਂ ਇੱਕੋ ਪਿੰਡ, ਇੱਕੋ ਘਰ ਵਿਆਹੇ ਹੋਏ ਸਨ। ਮਿਹਰ ਦੀ ਚਾਚੀ ਉਹਦੀ ਮਾਸੀ ਵੀ। ਚਾਚੀ ਕਿਉਂ ਮਾਸੀ ਸੀ। ਉਹ ਆਪਣੇ ਚਾਚੇ ਥੰਮਣ ਨੂੰ ਨੂੰ ਚਾਚਾ ਆਖਦਾ ਤੇ ਚਾਚੀ ਸੁਰਜੀਤ ਕੁਰ ਨੂੰ ਮਾਸੀ, ਥੰਮਣ ਸੁ ਦੇ ਚਾਰ ਮੁੰਡੇ ਹੋਏ।ਮਿਹਰ ਇਕੱਲਾ ਸੀ।ਨਾ ਕੋਈ ਭੈਣ ਤੇ ਨਾ ਭਾਈ। ਸਮਾਂ ਲੰਘਣ ਉੱਤੇ ਉਹਦੀ ਮਾਂ ਵੀ ਨਾ ਰਹੀ। ਮਿਹਰ ਬਿਲਕੁਲ ਇਕੱਲਾ ਰਹਿ ਗਿਆ। ਉਹ ਨੇੜੇ ਦੇ ਸ਼ਹਿਰ ਪੜ੍ਹਦਾ ਹੁੰਦਾ। ਜਿਹਨਾਂ ਮੁੰਡਿਆਂ ਨਾਲ ਦਸਵੀਂ ਪਾਸ ਕੀਤੀ, ਉਹਨਾਂ ਦੇ ਘਰਾਂ ਵਿੱਚ ਹੀ ਰਾਤਾਂ ਕੱਟਦਾ। ਲੋਕਾਂ ਦੇ ਘਰੀਂ ਟੁਕੜੇ ਖਾ ਕੇ ਤੇ ਮੋਟਾ ਟੁੱਲਾ ਪਹਿਨ ਕੇ ਉਹ ਕਾਲਜ ਦੀ ਬੀ. ਏ. ਤੱਕ ਪੜ੍ਹਾਈ ਕਰ ਗਿਆ। 

⁠ਉਹਨੂੰ ਹੋਰ ਕੋਈ ਐਬ ਨਹੀਂ ਸੀ, ਬਸ ਸ਼ਰਾਬ ਪੀਣ ਦੀ ਖੋਟੀ ਵਹਿਤ ਸੀ। ਸ਼ਹਿਰ ਦੀਆਂ ਚੰਗੀਆਂ-ਚੰਗੀਆਂ ਸ਼ਰਾਬ ਪਾਰਟੀਆਂ ਵਿੱਚ ਉਹ ਸ਼ਾਮਲ ਹੁੰਦਾ। ਗੱਭਰੂ ਟੋਲੀਆਂ ਦੇ ਰਾਮ ਮਿਹਰ ਬਗੈਰ ਅਧੂਰੇ ਸਮਝੇ ਜਾਂਦੇ। ਪ੍ਰਬੰਧ ਦੇ ਕੰਮਾਂ ਵਿੱਚ ਉਹਦਾ ਵੱਡਾ ਯੋਗਦਾਨ ਸੀ। ਜਿਹੜਾ ਕੰਮ ਹੋਰ ਕੋਈ ਨਾ ਸੰਭਾਲਦਾ, ਮਿਹਰ ਝੱਟ ਹੱਥ ਪਾ ਲੈਂਦਾ। ਸ਼ਹਿਰ ਦੇ ਅਨੇਕਾਂ ਘਰ ਸਨ, ਜਿੱਥੇ ਉਹ ਨੌਕਰਾਂ ਵਾਲੇ ਕੰਮ ਕਰਦਾ। ਔਰਤਾਂ ਉਹਨੂੰ ਪੁਚਕਾਰਦੀਆਂ- ‘ਵੇਮਿਹਰ’, ਮੈਂ ਤਾਂ ਤੈਨੂੰ ਕਿੱਦਣ ਦੀ ਉਡੀਕਦੀਆਂ। ਤੇਰੇ ਬਗੈਰ ਜਾਣੀਦੀ ਅਸੀਂ ਤਾਂ ਅੰਨ੍ਹੇ ਹੋਏ ਬੈਠੇ ਆਂ। ਜਾਈਂ ਕੇਰਾਂ ਭੱਜ ਕੇ ਬਿਜਲੀ ਆਲਿਆਂ ਦੇ ਦਫ਼ਤਰ। ਤੇਰੇ ਵੀਰ ਨੂੰ ਕਿੰਨੀ ਵਾਰ ਆਖ ਚੁੱਕੀ ਆਂ, ਪਰ ਵਿਹਲ ਵੀ ਮਿਲੇ ਦੁਕਾਨ ਦੇ ਕੰਮਾਂ ਤੋਂ।’ 

⁠ਕਿਸੇ ਘਰ ਇੱਕੋ ਨੌਜਵਾਨ ਮੁੰਡਾ ਹੁੰਦਾ ਤਾਂ ਉਹਦੀ ਮਾਂ ਮਿਹਰ ਨੂੰ ਆਪਣਾ ਦੂਜਾ ਪੁੱਤ ਸਮਝਦੀ। ਕਿਸੇ ਹੋਰ ਘਰ ਦੋ ਮੁੰਡੇ ਹੁੰਦੇ ਤਾਂ ਮਿਹਰ ਤੀਜਾ ਪੁੱਤ ਆਖਿਆ ਜਾਂਦਾ। ਦੋਸਤਾਂ ਦੀਆਂ ਮੁਟਿਆਰ ਭੈਣਾਂ ਦਾ ਉਹ ਲਾਡਲਾ ਵੀਰ ਸੀ। ਹਰ ਕੋਈ ਚਾਹੁੰਦਾ, ਮਿਹਰ ਵਿਆਹ ਕਰਵਾ ਲਵੇ, ਪਰ ਉਹ ਪਤਾ ਨਹੀਂ ਕਿ ਮਿੱਟੀ ਦਾ ਬਣਿਆ ਸੀ। ਬੱਤੀ ਤੇਤੀ ਸਾਲ ਦੀ ਉਮਰ ਹੋ ਚੁੱਕੀ ਸੀ, ਵਿਆਹ ਬਾਰੇ ਸੋਚਦਾ ਹੀ ਨਹੀਂ ਸੀ। ਉਹਦਾ ਕੋਈ ਦੋਸਤ ਉਹਦੇ ਨਾਲ ਵਿਆਹ ਦੀ ਗੱਲ ਕਰਦਾ ਤਾਂ ਉਹ ਹੱਸ ਕੇ ਜਵਾਬ ਦਿੰਦਾ, ‘ਹੁਣ ਤਾਂ ਯਾਰ ਏਵੇਂ ਜਿਵੇਂ ਰਹਿਣਾ ਸਿੱਖ ਲਿਆ।ਐਂ ਈ ਠੀਕ ਐ।’

⁠ਉਹ ਕੋਈ ਕੰਮ ਵੀ ਨਹੀਂ ਕਰਦਾ ਸੀ। ਕਮਾਈ ਦਾ ਸਾਧਨ ਕੋਈ ਨਹੀਂ ਸੀ ਉਹਦਾ, ਪਰ ਉਹ ਵਿਹਲਾ ਵੀ ਕਦੋਂ ਸੀ। ਉਹਨੂੰ ਤਾਂ ਲੋਕਾਂ ਦੇ ਘਰਾਂ ਦਾ ਫ਼ਿਕਰ ਹੀ ਮਾਰੀ ਜਾਂਦਾ ਰਹਿੰਦਾ। ਜਿਵੇਂ ਬਸ ਇਹੀ ਉਹਦੀ ਜ਼ਿੰਦਗੀ ਹੋਵੇ। ਇਹੀ ਇੱਕ ਰੁਝੇਵਾਂ ਰਹਿ ਗਿਆ ਹੋਵੇ ਉਹਦਾ। ਸ਼ਰੀਫ਼ ਤੇ ਨੇਕ ਐਨਾ, ਕਦੇ ਕਿਸੇ ਕੁੜੀ ਨੂੰ ਉਹਦੇ ਸਹੁਰੀਂ ਛੱਡਣ ਜਾ ਰਿਹਾ ਹੈ ਤੇ ਕਿਸੇ ਮੁੰਡੇ ਦੀ ਬਹੂ ਲੈਣ। ਯਾਰਾਂ ਨੇ ਉਹਦਾ ਨਾਉਂ ‘ਬੁੜ੍ਹਾ’ ਪਕਾ ਛੱਡਿਆ ਸੀ। ਅਖੇ ‘ਰਾਜੂ ਦੀ ਬਹੂ ਪੇਕੀਂ ਰੁੱਸੀਂ ਬੈਠੀ ਐ। ਉਹਦੇ ਨਾਲ ਆਉਂਦੀ ਨ੍ਹੀਂ। ਮਿਹਰ ਬੁੜ੍ਹੇ ਨੂੰ ਭੇਜੋ।ਉਹੀ ਮਨਾ ਕੇ ਲਿਆਉ ਉਹਨੂੰ।’

⁠ਉਹਦੇ ਹਿੱਸੇ ਦੀ ਪਿੰਡ ਵਾਲੀ ਜ਼ਮੀਨ ਉਹਦੇ ਚਾਚੇ ਦੇ ਪੁੱਤ ਵਾਹੁੰਦੇ ਬੀਜਦੇ। ਉਹ ਚਾਰੇ ਵਿਆਹੇ-ਵਰੇ ਗਏ ਸਨ। ਮਿਹਰ ਉਹਨਾਂ ਤੋਂ ਕੋਈ ਹਿੱਸਾ ਠੇਕਾ ਨਾ ਲੈ ਕੇ ਆਉਂਦਾ। ਚਾਚਾ ਥੰਮਣ ਜਿਉਂਦਾ ਸੀ ਤੇ ਮਾਸੀ ਸੁਰਜੀਤ ਕੁਰ ਵੀ। ਜਦੋਂ ਕਦੇ ਵਰ੍ਹੇ-ਛਿਮਾਹੀ ਮਿਹਰ ਪਿੰਡ ਜਾਂਦਾ ਤਾਂ ਚਾਚੇ ਦੇ ਪੁੱਤ ਉਹਦੀ ਪੁੱਜ ਕੇ ਸੇਵਾ ਕਰਦੇ। ਉਸ ਦਿਨ ਉਹਦੇ ਲਈ ਬੱਕਰੇ ਜਾਂ ਮੁਰਗੇ ਦਾ ਮੀਟ ਰਿੰਨਿਆ ਜਾਂਦਾ।ਦਾਰੂ ਦੀਆਂ ਬੋਤਲਾਂ ਆ ਟਿਕਦੀਆਂ। ਸਭ ਭਰਾ ਇਕੱਠੇ ਬੈਠ ਕੇ ਦਾਰੂ ਪੀਂਦੇ ਤੇ ਮੋਹ ਪਿਆਰ ਦੀਆਂ ਗੱਲਾਂ ਕਰਦੇ। ਸੁਰਜੀਤ ਕੁਰ ਮਿਹਰ ਨੂੰ ਪੁਚ-ਪੁਚ ਕਰਦੀ ਫਿਰਦੀ। ਭਰਜਾਈਆਂ ਉਹਨੂੰ ਮਿੱਠੀਆਂ ਚਹੇਡਾਂ ਕਰਦੀਆਂ। ਸ਼ਹਿਰ ਮੁੜਨ ਲੱਗਿਆਂ ਚਾਚਾ ਥੰਮਣ ਉਹਦੀ ਜੇਬ ਵਿੱਚ ਰੁਪਏ ਪਾ ਦਿੰਦਾ। ਆਖਦਾ- ‘ਮੇਰੇ ਸਿਰ ’ਤੇ ਐਸ਼ ਕਰ ਪੁੱਤਰਾ। ਕਿਸੇ ਚੀਜ਼ ਦੀ ਕਦੇ ਕਮੀ ਨਾ ਮੰਨੀਂ। ਚਿੜੀਆਂ ਦਾ ਦੁੱਧ ਹਾਜ਼ਰ ਕਰ ਸਕਦਾਂ ਮੈਂ ਤੈਨੂੰ।’ ਮਿਹਰ ਹੱਸਦਾ ਚਿਹਰਾ ਤੇ ਅੱਖਾਂ ਵਿੱਚ ਉਦਾਸੀ ਦਾ ਪਾਣੀ ਲੈ ਕੇ ਸ਼ਹਿਰ ਆ ਵੜਦਾ। ਆਪਣੇ ਉਸੇ ਸੰਸਾਰ ਵਿਚ, ਜਿੱਥੇ ਰਹਿ ਕੇ ਉਹਦਾ ਜੀਅ ਲੱਗਦਾ, ਜਿੱਥੇ ਉਹ ਖ਼ੁਸ਼ ਸੀ।

⁠ਮਿਹਰ ਦੀ ਉਮਰ ਅਠੱਤੀ ਸਾਲ ਹੋ ਗਈ। ਹੁਣ ਤਾਂ ਵਿਆਹ ਦੀ ਆਸ ਵੀ ਕੋਈ ਨਹੀਂ ਰਹਿ ਗਈ ਸੀ। ਦੋਸਤਾਂ ਦੀਆਂ ਵਹਟੀਆਂ ਤੇ ਦੋਸਤਾਂ ਦੀਆਂ ਭੈਣਾਂ ਮਿਹਰ ਉੱਤੇ ਤਰਸ ਕਰਦੀਆਂ। ਉਹ ਵਾਕਿਆ ਹੀ ਬੁੜ੍ਹਾ ਲੱਗਦਾ।

⁠ਕੋਈ ਉਹਦੇ ਉੱਤੇ ਸ਼ੱਕ ਕਰਦਾ- ‘ਇਹਦੇ ’ਚ ਮਰਦਾਂ ਵਾਲਾ ਕੋਈ ਕਣ ਹੈਗਾ ਵੀ ਕਿ ਨਹੀਂ? ਨਹੀਂ ਤਾਂ ਹੁਣ ਤੱਕ ਇਹਨੇ ਕੁਆਰਾ ਕਾਹਨੂੰ ਬੈਠਣਾ ਸੀ।’

⁠'ਘਰ ਨ੍ਹੀਂ, ਬਾਰ ਨ੍ਹੀਂ ਵਚਾਰੇ ਦਾ ਕੋਈ। ਨਾ ਕੋਈ ਰੋਜ਼ੀ ਰੋਟੀ ਦਾ ਸਾਧਨ ਐ। ਵਿਆਹ ਤਾਂ ਕਦੋਂ ਦਾ ਕਰ ਲੈਂਦਾ, ਬਗਾਨੀ ਧੀ ਨੂੰ ਬਠਾਊ ਕਿੱਥੇ, ਖਵਾਊ ਕੀ?’ ਕੋਈ ਹੋਰ ਉਹਦੇ ਅੰਦਰਲੇ ਰੋਗ ਦੀ ਗੱਲ ਕਰਦਾ।

⁠ਉਹ ਪਿੰਡ ਜਾਂਦਾ ਤਾਂ ਉਹਦੀ ਮਾਸੀ ਦੇ ਮੁੰਡੇ ਉਹਦੀ ਐਨੀ ਸੇਵਾ ਕਰਦੇ ਕਿ ਉਹਨੂੰ ਇਹ ਭੁੱਲ ਹੀ ਜਾਂਦਾ, ਉਹਨੇ ਕੀ ਆਖਣਾ ਸੀ ਤੇ ਕੀ ਮੰਗਣਾ ਸੀ। ਮਾਸੀ ਦੇ ਮੁੰਡੇ ਉਹਦੇ ਵਿਆਹ ਦੀ ਗੱਲ ਕਦੇ ਵੀ ਨਾ ਕਰਦੇ। ਉਹਦੀ ਜ਼ਮੀਨ ਦੇ ਹਿੱਸੇ ਦੀ ਗੱਲ ਛੇੜਦੇ ਹੀ ਨਾ। ਫ਼ਸਲ ਬਾੜੀ ਦੀ ਜਿਵੇਂ ਉਹਨੂੰ ਕੋਈ ਲੋੜ ਹੀ ਨਾ ਹੋਵੇ। ਉਹਦਾ ਕੀ ਸੀ, ਉਹਨੇ ਕੀ ਕਰਨੀ ਸੀ ਫ਼ਸਲ ਬਾੜੀ?

⁠ਉਹਨੂੰ ਲੱਗਦਾ, ਉਹਦੀ ਮਾਸੀ ਦੇ ਮੁੰਡੇ ਬਹੁਤ ਚੰਗੇ ਹਨ। ਉਹਦਾ ਕਿੰਨਾ ਮੋਹ ਕਰਦੇ ਹਨ। ਚਾਚਾ ਤੇ ਮਾਸੀ ਉਹਨੂੰ ਆਪਣਾ ਪੁੱਤ ਸਮਝਦੇ ਹਨ। ਚਾਚਾ ਆਖਦਾ ਹੁੰਦਾ- ‘ਤੂੰ ਤਾਂ ਮੇਰਾ ਪੰਜਵਾਂ ਪਾਂਡੋ ਐਂ।’ ਉਹਦੇ ਵਿਆਹ ਦੀ ਗੱਲ ਨਹੀਂ ਤੁਰਦੀ ਸੀ ਤਾਂ ਇਹ ਉਹਦਾ ਆਪਣਾ ਮਸਲਾ ਸੀ। ਉਹਦਾ ਆਪਣਾ ਕਸੂਰ ਸੀ। ਉਹਦੀ ਆਪਣੀ ਸੁਸਤੀ ਸੀ। ਜੇ ਉਹ ਵਿਆਹ ਕਰਾਉਣਾ ਚਾਹੇ ਤਾਂ ਕੌਣ ਰੋਕ ਸਕਦਾ ਹੈ। ਮਾਸੀ ਦੇ ਮੁੰਡੇ ਤਾਂ ਸਗੋਂ ਖ਼ੁਸ਼ ਹੋਣਗੇ। ਚਾਚਾ ਤੇ ਮਾਸੀ ਮਾਂ-ਬਾਪ ਵਾਲੇ ਕਾਰ-ਵਿਹਾਰ ਕਰਨਗੇ।

⁠ਮਿਹਰ ਦਾ ਦਾਦਾ ਗੱਲ ਸੁਣਾਉਂਦਾ ਹੁੰਦਾ-ਪੁਰਾਣੇ ਸਮਿਆਂ ਵਿੱਚ ਇੱਕ ਪਿੰਡ ਦੇ ਮੁੰਡੇ ਨੇ ਖੇਤ ਦੀ ਵੱਟ ਪਿੰਛੇ ਕਤਲ ਕਰ ਦਿੱਤਾ। ਅੰਗਰੇਜ਼ਾਂ ਦਾ ਰਾਜ ਸੀ। ਮੁਕੱਦਮਾ ਚਲਿਆ ਤਾਂ ਮੁੰਡੇ ਨੂੰ ਫਾਂਸੀ ਦਾ ਹੁਕਮ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਮੁਜਰਿਮ ਨੂੰ ਉਸੇ ਥਾਂ ਖੜ੍ਹਾ ਕੇ ਫਾਹਾ ਲਾਉਂਦੇ, ਜਿਸ ਥਾਂ ਬੰਦਾ ਮਰਿਆ ਹੁੰਦਾ।

⁠ਮੁੰਡਾ ਉਹ ਮਾਂ ਦਾ ਇਕੱਲਾ ਪੁੱਤ ਸੀ। ਬਾਪ ਨਹੀਂ ਸੀ। ਉਸੇ ਪਿੰਡ ਉਹਦੀ ਮਾਸੀ ਸੀ। ਮਾਸੀ ਦੇ ਛੇ ਪੁੱਤ ਸਨ। ਕਾਤਲ ਮੁੰਡਾ ਮਰਦਾ ਸੀ ਤਾਂ ਉਹਨਾਂ ਦਾ ਖ਼ਾਨਦਾਨ ਖ਼ਤਮ ਸੀ। ਜ਼ਮੀਨ ਸ਼ਰੀਕਾਂ ਨੇ ਸਾਂਭ ਲੈਣੀ ਸੀ। ਮੁੰਡੇ ਦੇ ਪਿਓ ਦਾ ਨਾਂ-ਨਿਸ਼ਾਨ ਹੀ ਮਿਟ ਜਾਣਾ ਸੀ, ਜਿਵੇਂ ਧਰਤੀ ਤੋਂ ਲਕੀਰ ਮਿਟ ਜਾਂਦੀ ਹੈ।

⁠ਮਾਸੀ ਦਾ ਘਰ ਦੂਜੇ ਅਗਵਾੜ ਸੀ। ਉਹਨੂੰ ਦਰਵ ਸੀ, ਜਿਵੇਂ ਉਹਦਾ ਭਾਣਜਾ ਉਹਦਾ ਆਪਣਾ ਪੁੱਤ ਹੋਵੇ ਤੇ ਉਹ ਉਹਤੋਂ ਖੋਹਿਆ ਜਾ ਰਿਹਾ ਹੋਵੇ। ਉਹਦਾ ਮੱਥਾ ਠੀਕਰੀਆਂ ਬਣ-ਬਣ ਡਿੱਗਦਾ। ਉਹ ਕੁਝ ਵੀ ਨਹੀਂ ਕਰ ਸਕਦੀ ਸੀ। ਭੈਣ ਦਾ ਘਰ ਤਬਾਹ ਹੋ ਕੇ ਰਹਿ ਜਾਣਾ ਸੀ। 

⁠ਫਾਂਸੀ ਲੱਗਣ ਵਾਲੇ ਦਿਨ ਉਹ ਜੱਜ ਅੱਗੇ ਹੱਥ ਬੰਨ੍ਹ ਕੇ ਜਾ ਖੜ੍ਹੀ। ਬੋਲੀ- ‘ਮੇਰੀ ਭੈਣ ਦਾ ਇਹ ਇੱਕ ਮੁੰਡਾ ਐ, ਮਾਪਿਓ। ਇਹਨਾਂ ਦਾ ਬੇੜਾ ਡੁੱਬ ਜੂ। ਇਹਨੂੰ ਛੱਡ ਦਿਓ, ਮੇਰੇ ਦੋ ਮੁੰਡਿਆਂ ਨੂੰ ਫਾਹਾ ਲਾ ਦਿਓ। ਭੈਣ ਦੀ ਧੂਣੀ ਧੁਖਦੀ ਰਹਿ ਜੂਗੀ।’

⁠ਬੁੜ੍ਹੀ ਦੀ ਗੱਲ ਕਿਸੇ ਕਾਨੂੰਨ ਵਿੱਚ ਨਹੀਂ ਆਉਂਦੀ ਸੀ। ਜੱਜ ਲਾਚਾਰ ਸੀ। ਸਿਰ ਮਾਰ ਦਿੱਤਾ। ਬੁੜ੍ਹੀ ਰੋ ਧਸਿਆ ਕੇ ਦੂਰ ਜਾ ਖੜ੍ਹੀ। ਦਿਲ ਕਰੜਾ ਕੀਤਾ, ਫੇਰ ਗਈ। ਆਖਣ ਲੱਗੀ, ‘ਤੁਸੀਂ ਮੇਰੇ ਤਿੰਨ ਮੁੰਡਿਆਂ ਨੂੰ ਫਾਹੇ ਲਾ ਦਿਓ। ਇਹਨੂੰ ਛੱਡ ਦਿਓ।’ ਜੱਜ ਮੁਸਕਰਾਇਆ ਤੇ ਫਿਰ ਸਿਰ ਮਾਰ ਦਿੱਤਾ। ਬੋਲਿਆ, ‘ਬੁੱਢੀ ਪਾਗ਼ਲ ਐ।’ 

⁠ਕਾਤਲ ਮੁੰਡੇ ਨੂੰ ਖੂਹ ਦੇ ਫੱਟਿਆਂ ਉੱਤੇ ਖੜ੍ਹਾ ਕਰ ਲਿਆ। ਦੋ ਸਿੱਧੀਆਂ ਲਟੈਣਾਂ ਗੱਡ ਕੇ। ਇੱਕ ਪੈਵੀਂ ਲਟੈਣ ਉੱਤੇ ਦੋਵਾਂ ਲਟੈਣਾਂ ਦੇ ਸਿਰਿਆਂ ਨਾਲ ਬੰਨ੍ਹੀ ਗਈ ਸੀ। ਪੈਰੀਂ ਲਟੈਣ ਤੋਂ ਫਾਂਸੀ ਦਾ ਰੱਸਾ ਲਮਕ ਰਿਹਾ ਸੀ। ਰੱਸਾ ਹਾਲੇ ਉਹਦੇ ਗਲ ਵਿੱਚ ਨਹੀਂ ਪਿਆ ਸੀ। ਸਮਾਂ ਰਹਿੰਦਾ ਹੋਵੇਗਾ। ਨਿਸ਼ਚਿਤ ਸਮੇਂ ਉੱਤੇ ਖੁਹ ਦੇ ਫੱਟੇ ਉਹਦੇ ਪੈਰਾਂ ਥੱਲਿਉਂ ਕੱਢ ਲਏ ਜਾਣੇ ਸਨ ਤੇ ਉਹਨੇ ਰੱਸੇ ਸਮੇਤ ਲਟਕ ਜਾਣਾ ਸੀ। ਉਹਦੀ ਗਰਦਨ ਊਠ ਦੀ ਗਰਦਨ ਵਾਂਗ ਲੰਮੀ ਹੋ ਜਾਣੀ ਸੀ। ਮਾਸੀ ਨੇ ਇਹ ਸਭ ਗੱਲਾਂ ਪਹਿਲਾਂ ਸੁਣੀਆਂ ਹੋਈਆਂ ਸਨ। ਉਹ ਇੱਕ ਵਾਰ ਫੇਰ ਪਾਗ਼ਲਾਂ ਵਾਂਗ ਭੱਜੀ ਗਈ ਤੇ ਜੱਜ ਸਾਹਮਣੇ ਹਾਏ-ਵਿਰਲਾਪ ਕਰਨ ਲੱਗੀ। ਆਖ ਰਹੀ ਸੀ- ‘ਮੇਰੇ ਜੀ ਛੀ ਪੁੱਤ ਨੇ। ਇੱਕ ਮੁੰਡਾ ਛੱਡ ਦਿਓ। ਪੰਜਾਂ ਨੂੰ ਲਾ ਦਿਓ ਫਾਹੇ ਬਸ਼ੱਕ। ਅਸੀਂ ਭੈਣਾਂ ਇਕੋ ਜ੍ਹੀਆਂ ਰਹਿ ਜਾਂ ਗੀਆਂ। ਭੈਣ ਦਾ ਦੀਵਾ ਨਾ ਬੁਝਾਓ।’

⁠ਜੱਜ ਨਹੀਂ ਮੰਨਿਆ। ਅਰਦਲੀ ਨੂੰ ਕਿਹਾ ਕਿ ਉਹ ਬੁੜ੍ਹੀ ਨੂੰ ਬਾਹੋਂ ਫੜ ਕੇ ਪਰ੍ਹੇ ਕਰ ਦੇਵੇ। ਫਾਂਸੀ ਦੀ ਕਾਰਵਾਈ ਸ਼ੁਰੂ ਹੈ ਤੇ ਫੇਰ ਬੁੜ੍ਹੀ ਨੂੰ ਘੜੀਸਿਆ ਜਾ ਰਿਹਾ ਸੀ। ਉਹ ਬੇਹੋਸ਼ ਹੋ ਗਈ। ਥੱਲੇ ਡਿੱਗ ਪਈ। ਮਾਸੀ ਦੇ ਛੀਏ ਮੁੰਡੇ ਚੁੱਪ ਕੀਤੇ ਖੜ੍ਹੇ ਸਨ। ਜਿਵੇਂ ਉਹਨਾਂ ਨੂੰ ਕੋਈ ਟੂਣਾ ਕਰ ਦਿੱਤਾ ਗਿਆ ਹੋਵੇ। ਕਾਤਲ ਮੁੰਡੇ ਦੀ ਮਾਂ-ਕਿਧਰੇ ਨਹੀਂ ਸੀ। ਉਹ ਤਾਂ ਕਦੋਂ ਦੀ ਘਰ ਵਿੱਚ ਹੀ ਕਿਧਰੇ ਜਿਵੇਂ ਮਰੀ-ਮੁੱਕੀ ਪਈ ਹੋਵੇ। ਫਾਂਸੀ ਲੱਗ ਰਿਹਾ ਪੁੱਤ ਉਹ ਆਪਣੇ ਅੱਖੀਂ ਕਿਵੇਂ ਦੇਖ ਸਕਦੀ ਸੀ।

⁠ਦਾਦਾ ਦੱਸਦਾ ਹੁੰਦਾ, ਉਹ ਸਤਿਜੁਗ ਸੀ।ਲਹੂ ਨੂੰ ਲਹੁ ਜਲਾਂਦਾ। ਭਲੇ ਵੇਲੇ ਸੀ। ਹੁਣ ਕਲਜੁਗ ਹੈ। ਇੱਕ ਪੁੱਤ ਦੇਣ ਨੂੰ ਤਿਆਰ ਨਹੀਂ ਕੋਈ, ਉਹ ਪੰਜਾਂ ਨੂੰ ਫਾਹੇ ਲਵਾਉਂਦੀ ਸੀ।

⁠ਇਕ ਦਿਨ ਮਿਹਰ ਨੂੰ ਉਹਦੇ ਦੋਸਤ ਘੇਰ ਕੇ ਬੈਠ ਗਏ। ਕਹਿੰਦੇ- ‘ਵਿਆਹ ਕਰਵਾ ਲੈ ਸਾਲ਼ਿਆ, ਨਹੀਂ ਕੁੱਟਾਂਗੇ।'

⁠ਦੋਸਤਾਂ ਦੀਆਂ ਘਰ ਵਾਲੀਆਂ ਆਖਦੀਆਂ ਸਨ- ‘ਵਿਆਹ ਨ੍ਹੀ ਕਰਾਉਣਾ ਤਾਂ ਸਾਡੇ ਘਰ ਨਾ ਵੜੀ।’

⁠ਫਸ ਗਿਆ ਮਿਹਰ। ਜਿੱਚ ਹੋ ਗਿਆ ਮਿਹਰ। ਹੱਸਦਾ, ‘ਇਹ ਅੱਕ ਵੀ ਚੱਬਣਾ ਪਊ ਹੁਣ।’

⁠ਇਕ ਮੁੰਡਾ ਆਪਣੀ ਭੂਆ ਦੀ ‘ਹਾਂ’ ਲੈ ਆਇਆ। ਭੂਆ ਦੀ ਕੁੜੀ ਓਥੇ ਆਉਂਦੀ ਜਾਂਦੀ ਸੀ। ਛੱਬੀ ਸਤਾਈ ਸਾਲ ਦੀ ਉਮਰ। ਸਰੀਰ ਛਾਂਟਵਾਂ। ਕੱਦ ਦੀ ਲੰਮੀ ਤੇ ਗੋਰੀ। ਮਿਹਰ ਨੇ ਉਹਨੂੰ ਦੇਖਿਆ ਹੋਇਆ ਸੀ। ਕੁੜੀ ਮਿਹਰ ਨੂੰ ਜਾਣਦੀ ਸੀ। ਮਿਹਰ ਉਮਰ ਲੁਕੋਅ ਸੀ। ਚਾਲੀ ਸਾਲ ਦਾ ਹੋ ਕੇ ਵੀ ਤੀਹ ਕੁ ਦਾ ਲੱਗਦਾ। ਉਹਦੀ ਉਮਰ ਤਾਂ ਕਿਸੇ ਨੇ ਪੁੱਛੀ ਹੀ ਨਹੀਂ। ਉਹਦਾ ਨਿੱਘਾ ਤੇ ਮਿੱਠਾ, ਕੁੜੀਆਂ ਜਿਹਾ ਨਰਮ ਸੁਭਾਓ ਹੀ ਉਹਦੀ ਉਮਰ ਸੀ। ਉਂਝ ਵੀ ਸਭ ਨੂੰ ਪਤਾ ਸੀ ਕਿ ਉਹ ਅੱਧ ਦਾ ਮਾਲਕ ਹੈ। ਵੀਹ ਕਿੱਲਿਆਂ ਦਾ ਮਾਲਕ। ਵੀਹ ਕਿੱਲੇ ਤਾਂ ਬਹੁਤ ਜ਼ਮੀਨ ਹੁੰਦੀ ਹੈ। ਫੇਰ ਨਹਿਰੀ ਜ਼ਮੀਨ, ਸਾਰੀ ਨੂੰ ਪਾਣੀ ਲੱਗਦਾ। ਕਣਕ ਤੇ ਜੀਰੀ ਅੰਤਾਂ ਦੀ ਹੁੰਦੀ।

⁠ਮਿਹਰ ਨਾਲ ਪੰਜ-ਸੱਤ ਮੁੰਡੇ ਗਏ ਤੇ ਕੁੜੀ ਨੂੰ ਵਿਆਹ ਲਿਆਏ। ਸਾਦਾ ਜਿਹਾ ਵਿਆਹ ਸੀ। ਕੁੜੀ ਵਾਲਿਆਂ ਨੇ ਸਾਮਾਨ ਕੋਈ ਨਹੀਂ ਦਿੱਤਾ। ਗ਼ਰੀਬ ਘਰ ਸੀ, ਏਸੇ ਕਰ ਕੇ ਉਹ ਛੱਬੀ ਸਤਾਈ ਸਾਲ ਦੀ ਬੈਠੀ ਸੀ। ਖੈਰ, ਮਿਹਰ ਨੂੰ ਤੇ ਉਹਦੇ ਦੋਸਤਾਂ ਨੂੰ ਕੁੜੀ ਚਾਹੀਦੀ ਸੀ, ਕੁੜੀ ਵਿੱਚ ਅਕਲੋਂ ਸ਼ਕਲੋਂ ਕੋਈ ਤਬਾ ਬਾਕੀ ਨਹੀਂ ਸੀ।

⁠ਮੁੰਡਿਆਂ ਨੇ ਵਿਆਹ ਦਾ ਜ਼ਸ਼ਨ ਮਨਾਉਣਾ ਚਾਹਿਆ। ਅਖੇ- ‘ਮਿਹਰ ਵਿਆਹਿਆ ਗਿਆ, ਸਮਝੋ ਦੁਨੀਆ ਦੇ ਕੁਲ ਛੜੇ ਵਿਆਹੇ ਗਏ। ਮਾਲਵਾ ਹੋਟਲ ਵਿੱਚ ਸ਼ਾਨਦਾਰ ਫੰਕਸ਼ਨ ਰੱਖਿਆ ਗਿਆ। ਖ਼ਰਚ ਦਾ ਸਾਰਾ ਪ੍ਰਬੰਧ ਮਿਹਰ ਦੇ ਜਿਗਰੀ ਮਿੱਤਰਾਂ ਨੇ ਕੀਤਾ। ਖੁੱਲ੍ਹਾ ਸੱਦਾ ਸੀ। ‘ਮਿਹਰ ਉਹਨੂੰ ਜਾਣਦਾ ਹੋਵੇ, ਕੋਈ ਆਓ।’ ਵੈਸ਼ਨੂੰ ਤੇ ਅਵੈਸ਼ਨੂੰ ਦੋਵੇਂ ਪ੍ਰਕਾਰ ਦਾ ਵਧੀਆ ਖਾਣਾ ਸੀ। ਇੱਕ ਕਮਰੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੀ ਅਲਮਾਰੀ ਭਰੀ ਹੋਈ ਸੀ। ਲੋਕ ਪੀਂਦੇ ਜਾਂਦੇ ਤੇ ਹੱਸਦੇ ਖੇਡਦੇ। ਟੋਲੀਆਂ ਖਾਣਾ ਖਾ ਕੇ ਤੁਰ ਰਹੀਆਂ ਸਨ। ਸਾਰਾ ਸ਼ਹਿਰ ਉੱਲਰ ਆਇਆ ਸੀ। ਕੁੜੀਆਂ ਤੇ ਬਹੂਆਂ ਵੀ। ਬੁੜ੍ਹੀਆਂ ਮਿਹਰ ਦਾ ਮੱਥਾ ਚੁੰਮ ਰਹੀਆਂ ਸਨ। ਬਹੂ ਨੂੰ ਹਿੱਕ ਨਾਲ ਲਾਉਂਦੀਆਂ ਤੇ ਸ਼ਗਨ ਦੇ ਰੁਪਏ ਦਿੰਦੀਆਂ।

⁠ਪਿੰਡਾਂ ਮਿਹਰ ਦੀ ਮਾਸੀ ਦੇ ਚਾਰੇ ਮੁੰਡੇ ਆਏ ਪਰ ਬੁੱਸਿਆ ਮੂੰਹ ਲੈ ਕੇ। ਚਾਚਾ ਥੰਮਣ ਤੇ ਮਾਸੀ ਸੁਰਜੀਤ ਕੁਰ ਚੁੱਪ ਬੈਠੇ ਹੋਏ ਸਨ, ਜਿਵੇਂ ਉਹਨਾਂ ਦਾ ਕੋਈ ਮਰ ਗਿਆ ਹੋਵੇ। ਉਤਲੇ ਮਨੋਂ ਖ਼ੁਸ਼ ਦਿਸਦੇ, ਦੰਦੀਆਂ ਜਿਹੀਆਂ ਕੱਢ ਕੇ ਗੱਲ ਕਰਦੇ। ਮਾਸੀ ਆਖਦੀ- ‘ਸ਼ੁਕਰ ਐ ਭਾਈ, ਅੱਜ ਦੇ ਦਿਨ ਨੂੰ।’ ਥੰਮਣ ਬੋਲਦਾ ਸੀ, ‘ਮੈਂ ਤਾਂ ਕਿੱਦਣ ਦਾ ਆਖਦਾ ਹੁੰਦਾ, ਭਾਈ ਮੁੰਡਿਆ ਵਿਆਹ ਕਰਾ ਲੈ। ਮੇਰੀ ਤਾਂ ਮੰਨੀ ਨ੍ਹੀਂ ਇਹਨੇ, ਹੁਣ ਕਰਾਇਆ ਈ ਆਖ਼ਰ ਨੂੰ।’

⁠ਮਾਸੀ ਦੇ ਮੁੰਡਿਆਂ ਨੂੰ ਦਾਰੂ ਚੜ੍ਹਦੀ ਨਹੀਂ ਸੀ। ਥੰਮਣ ਦਾਰੂ ਪੀ ਰਿਹਾ ਸੀ, ਜਿਵੇਂ ਕੋਈ ਗ਼ਮ ਗ਼ਲਤ ਕਰ ਰਿਹਾ ਹੋਵੇ। ਉਹ ਸਭ ਥੋੜ੍ਹਾ ਚਿਰ ਹੀ ਠਹਿਰੇ। ਰੋਟੀ ਖਾਧੀ ਤੇ ਪਿੰਡ ਨੂੰ ਚਲੇ ਗਏ। ਬਹੂਆਂ ਤੇ ਉਹਨਾਂ ਦਾ ਜੁਆਕ ਜੱਲਾ ਨਹੀਂ ਆਇਆ ਸੀ।

⁠ਮਿਹਰ ਇੱਕ ਮਿੱਤਰ ਦੇ ਸੁੰਨੇ ਮਕਾਨ ਵਿੱਚ ਰਹਿਣ ਲੱਗਿਆ। ਲੋੜੀਂਦਾ ਸਾਮਾਨ ਉਹਨੂੰ ਉਹਦੇ ਮਿੱਤਰਾਂ ਨੇ ਲੈ ਕੇ ਦੇ ਦਿੱਤਾ।

⁠ਇਕ ਦਿਨ ਉਹ ਬਹੂ ਲੈ ਕੇ ਪਿੰਡ ਗਿਆ। ਵਿਆਹ ਨੂੰ ਚਾਰ ਪੰਜ ਮਹੀਨੇ ਲੰਘ ਚੁੱਕੇ ਸਨ। ਭਰਜਾਈਆਂ ਨੇ ਤਾਂ ਆਦਰ ਮਾਣ ਬਹੁਤ ਕੀਤਾ। ਗੁਆਂਢੀ ਬੁੜ੍ਹੀਆਂ ਸ਼ਗਨ ਦੇ ਕੇ ਗਈਆਂ। ਮਿਹਰ ਦੀ ਮਾਂ ਨੂੰ ਯਾਦ ਕਰਦੀਆਂ ਤੇ ਆਖਦੀਆਂ- ‘ਜੀਊਂਦੀ ਹੁੰਦੀ ਤਾਂ ਸੌ ਸੌ ਸ਼ਗਨ ਮਨਾਉਂਦੀ। ਨੂੰਹ ਦਾ ਮੂੰਹ ਦੇਖਣਾ ਨਸੀਬ ਨਾ ਹੋਇਆ ਚੰਦਰੀ ਨੂੰ।

⁠ਥੰਮਣ ਸੂੰ ਤੇ ਸੁਰਜੀਤ ਕੁਰ ਲਈ ਜਿਵੇਂ ਉਹ ਸੱਤ ਬਿਗਾਨੇ ਹੋਣ। ਪਤਾ ਨਹੀਂ ਕਿੱਥੋਂ ਆ ਵੜੇ ਸਨ ਉਹਨਾਂ ਦੇ ਘਰ? ਰਾਤ ਉਹਨਾਂ ਨੇ ਓਥੇ ਹੀ ਕੱਟੀ। ਉਸ ਦਿਨ ਨਾ ਮੀਟ ਬਣਿਆ ਤੇ ਨਾ ਹੀ ਦਾਰੂ ਪੀਤੀ ਗਈ। ਚਾਚੇ ਦੇ ਮੁੰਡੇ ਉੱਖੜੀਆਂ-ਉੱਖੜੀਆਂ ਗੱਲਾਂ ਕਰ ਰਹੇ ਸਨ।

⁠ਤੜਕੇ ਆਉਣ ਵੇਲੇ ਸੰਗਦੇ-ਸੰਗਦੇ ਮਿਹਰ ਨੇ ਥੰਮਣ ਨੂੰ ਕਿਹਾ, ‘ਜ਼ਮੀਨ ਦਾ ਕਰੋ ਚਾਚਾ ਕੁਛ, ਹੁਣ ਤਾਂ ਮੈਂ ਵੀ ਘਰ ਜ੍ਹਾ ਬੰਨ੍ਹ ਲਿਆ।

⁠‘ਕੀਹ?’ ਥੰਮਣ ਨੂੰ ਜਿਵੇਂ ਉਹਦੀ ਗੱਲ ਸੁਣੀ ਨਾ ਹੋਵੇ।

⁠‘ਜ਼ਮੀਨ! 

⁠‘ਜ਼ਮੀਨ ਕੀ?’

⁠‘ਮੇਰੀ ਜਿੰਨੀ ਬਣਦੀ ਐ।’

⁠ਥੰਮਣ ਸਿੰਘ ਦੇ ਕੰਨ ਜਵਾਬ ਦੇਈ ਬੈਠੇ ਸਨ। ਜੀਭ ਪੱਥਰ ਦੀ ਬਣ ਗਈ। ਅੱਖਾਂ ਮੂਹਰੇ ਹਨੇਰਾ ਛਾ ਗਿਆ। ਖ਼ਾਸੇ ਚਿਰ ਬਾਅਦ ਉਹ ਬੋਲਿਆ, ‘ਹੁੰ!’ ⁠‘ਫੇਰ ਆਊਂ ਕਦੇ ਮੈਂ।’ ਮਿਹਰ ਨੇ ਗੱਲ ਨੂੰ ਹਵਾ ਵਿੱਚ ਛੱਡ ਦਿੱਤਾ।

⁠ਉਹ ਪਿੰਡੋਂ ਤੁਰਿਆ ਤਾਂ ਪਿੱਛੋਂ ਜਿਵੇਂ ਥੰਮਣ ਸੂੰ ਦੇ ਅੱਧੇ ਪੁੱਤ ਮਰ ਗਏ ਹੋਣ। ਸਾਰੇ ਟੱਬਰ ਦੇ ਮੂੰਹ ਉੱਤੇ ਸੋਗ ਸੀ।

⁠ਪੰਦਰਾਂ ਵੀਹਾਂ ਦਿਨਾਂ ਬਾਅਦ ਮਿਹਰ ਇਕੱਲਾ ਪਿੰਡ ਗਿਆ। ਥੰਮਣ ਨੂੰ ਪਹਿਲਾਂ ਹੀ ਤੀਰ ਸਿੰਨ੍ਹੀ ਬੈਠਾ ਸੀ। ਬੋਲਿਆ- ‘ਪੰਜਵਾਂ ਹਿੱਸਾ ਲੈ ਲੈ। ਐਨੇ ਦਾ ਈ ਹੱਕ ਐ ਤੇਰਾ। ਚਾਰ ਇਹ ਨੇ, ਪੰਜਵਾਂ ਤੂੰ। ਇਹ ਵੀ ਸਮਝ ਭਾਈਬੰਦੀ ਐ। ਲੋਕ ਲੱਜ ਮਾਰਦੀ ਐ ਮੈਨੂੰ, ਬਈ ਕੀ ਕਹੂਗਾ ਪਿੰਡ। ਤੇਰੇ ਪਿਓ ਦੇ ਕਤਲ ਪਿੱਛੋਂ ਜ਼ਮੀਨ ਸਾਰੀ ਮੇਰੇ ਨਾਉਂ ਚੜ੍ਹਗੀ ਸੀ। ਕਿਤੋਂ ਦਰਿਆਫ਼ਤ ਕਰ ਲੈ।’

⁠‘ਮੈਂ ਅੱਧ ਦਾ...’

⁠‘ਤੂੰ ਨਾਨਕੀ ਜੰਮਿਆ ਸੀ। ਐਥੇ ਤੇਰਾ ਕੋਈ ਰਕਾਡ ਨ੍ਹੀਂ। ਬੁੜ੍ਹੀਆਂ ਦੇ ਨਾਉਂ ਜ਼ਮੀਨ ਚੜ੍ਹਨ ਦਾ ਕਾਨੂੰਨ ਤਾਂ ਮਗਰੋਂ ਬਣਿਆ।’

⁠‘ਮੈਂ ਨਾਨਕਿਆਂ ਤੋਂ ਲੈ ਆਉਨਾਂ ਆਪਣੇ ਜਨਮ ਦਾ ਰਿਕਾਰਡ।’ ਮਿਹਰ ਘਾਬਰਿਆ ਹੋਇਆ ਬੋਲ ਰਿਹਾ ਸੀ।

⁠‘ਦਾਲਤਾਂ ’ਚ ਭੌਂਕਣ ਦਾ ਕੋਈ ਫ਼ੈਦਾ ਨ੍ਹੀਂ ਭਾਈ। ਮਾਰ ਖਾਏਂਗਾ। ਚੁੱਪ ਕਰ ਕੇ ਪੰਜਵਾਂ ਹਿੱਸਾ ਲੈ ਲੈ। ਇਹ ਦੇ ਦਿੰਨਾ ਤੈਨੂੰ ਮੈਂ ਖਰਾ ਦੁੱਧ ਅਰਗਾ।’ ਉਹਦਾ ਕੋਰਾ ਜਵਾਬ ਸੀ।

⁠ਮਾਸੀ ਮਿਹਰ ਦੇ ਮੂੰਹ ਵੱਲ ਝਾਕਦੀ ਤੇ ਥੰਮਣ ਦੀ ਗੱਲ ਦਾ ਹੁੰਗਾਰਾ ਭਰਦੀ। ਉਹਦੇ ਲਈ ਮਿਹਰ ਕੋਈ ਸੀ।

⁠ਭਰਿਆ ਪੀਤਾ ਮਿਹਰ ਉੱਥੋਂ ਉੱਠਿਆ ਤੇ ਅਗਵਾੜ ਵਿੱਚ ਲੋਕਾਂ ਦੇ ਘਰੀਂ ਜਾ ਵੜਿਆ। ਉਹਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ, ਕਿੱਧਰ ਜਾਵੇ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.